(ਨਗਰ ਕੀਰਤਨਾਂ ਵਿੱਚੋਂ ਅਲੋਪ ਹੋ ਰਹੀ ਧਾਰਮਿਕਤਾ ਅਤੇ ਹਾਵੀ ਹੋ ਰਹੀ ਧੌਂਸਵਾਦੀ ਸੌੜੀ ਰਾਜਨੀਤੀ)
-ਹਰਚਰਨ ਸਿੰਘ ਪ੍ਰਹਾਰ-
ਸਿੱਖ ਕਮਿਉਨਿਟੀ ਵਿੱਚ ਚੱਲ ਰਹੀ ਚਰਚਾ ਅਨੁਸਾਰ ਕੈਲਗਰੀ ਦੇ ਵੈਸਾਖੀ ਨਗਰ ਕੀਰਤਨ ਤੋਂ 3-4 ਦਿਨ ਪਹਿਲਾਂ ਸੜਕਾਂ ‘ਤੇ ਵੱਡੇ-ਵੱਡੇ ਬੇਨਾਮ ਸਾਈਨ ਬੋਰਡ ਲਗਾ ਦਿੱਤੇ ਗਏ, ਜਿਨ੍ਹਾਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਨੇਡਾ ਦੀ ਆਪੋਜ਼ੀਸ਼ਨ ਪਾਰਟੀ ਕੰਜ਼ਰਵੇਟਿਵ ਦੇ ਨੈਸ਼ਨਲ ਲੀਡਰ ਪੀ. ਆਰ. ਪੌਲੀਅਰ ਦੀਆਂ ਫੋਟੋਆਂ ਲਗਾ ਕੇ ਲਿਖਿਆ ਹੋਇਆ ਸੀ ਕਿ ਇਹ ‘ਸਿੱਖ ਕੌਮ ਦੇ ਗਦਾਰ’ ਹਨ, ‘ਇਨ੍ਹਾਂ ਦਾ ਬਾਈਕਾਟ ਕਰੋ’।
ਕੁਝ ਅਜਿਹੇ ਸਾਈਨ ਬੋਰਡ ਵੀ ਸਨ, ਜਿਨ੍ਹਾਂ ਵਿੱਚ ਭਾਰਤੀ ਅੰਬੈਸੀ ਦੇ ਅਹੁਦੇਦਾਰਾਂ ਨੂੰ ਹਰਦੀਪ ਸਿੰਘ ਨਿੱਝਰ ਦੇ ਕਾਤਲ ਦਰਸਾਇਆ ਗਿਆ ਸੀ।ਬੇਸ਼ੱਕ ਮੀਡੀਆ ਵਿੱਚ ਤਾਂ ਇਸ ਬਾਰੇ ਖ਼ਬਰਾਂ ਨਹੀਂ ਆਈਆਂ, ਪਰ ਸੁਣਨ ਵਿੱਚ ਆਇਆ ਸੀ ਕਿ ਅਲਬਰਟਾ ਦੀ ਕੰਜ਼ਰਵੇਟਿਵ ਪਾਰਟੀ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਅਤੇ ਉਨ੍ਹਾਂ ਦੀ ਪਾਰਟੀ ਵਲੋਂ ਨਗਰ ਕੀਰਤਨ ਵਿੱਚ ਸ਼ਾਮਿਲ ਨਾ ਹੋਣ ਦਾ ਸੁਨੇਹਾ ਪ੍ਰਬੰਧਕਾਂ ਨੂੰ ਪਹੁੰਚਾ ਦਿੱਤਾ ਸੀ।ਜਿਸ ਤੋਂ ਬਾਅਦ ਪ੍ਰਬੰਧਕਾਂ ਵਲੋਂ ਪੁਲਿਸ ਅਤੇ ਸਿਟੀ ਆਫ ਕੈਲਗਰੀ ਦੇ ਪ੍ਰਸ਼ਾਸਨ ਦੀ ਮੱਦਦ ਨਾਲ਼ ਗੈਰ-ਕਨੂੰਨੀ ਢੰਗ ਨਾਲ਼ ਰੱਖੇ, ਉਹ ਸਾਈਨ ਬੋਰਡ ਚੁੱਕਾ ਦਿੱਤੇ ਸਨ।ਫਿਰ ਵੀ ਕੰਜ਼ਰਵੇਟਿਵ ਪਾਰਟੀ ਦਾ ਕੋਈ ਵੀ ਲੀਡਰ ਨਗਰ ਕੀਰਤਨ ਵਿੱਚ ਸ਼ਾਮਿਲ ਨਹੀਂ ਹੋਇਆ।ਵੈਸੇ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਆਪਣੀ ਕਮਿਉਨਿਟੀ ਦੇ ਕੁਝ ਰਾਜਸੀ ਲੀਡਰਾਂ ਤੋਂ ਇਲਾਵਾ ਕਿਸੇ ਵੀ ਹੋਰ ਪਾਰਟੀ ਦਾ ਕੋਈ ਗੋਰਾ ਲੀਡਰ ਨਗਰ ਕੀਰਤਨ ਵਿੱਚ ਦੇਖਣ ਨੂੰ ਘੱਟ ਹੀ ਮਿiਲ਼ਆ।ਇੱਕ ਸਥਾਨਕ ਰੇਡੀਓ ‘ਤੇ ਨਗਰ ਕੀਰਤਨ ਦੇ ਮਾਹੌਲ ਬਾਰੇ ਚੱਲੀ ਚਰਚਾ ਦੌਰਾਨ, ਤਕਰੀਬਨ ਸਾਰੇ ਸ੍ਰੋਤਿਆਂ ਨੇ ਇਸ ਵਰਤਾਰੇ ਨੂੰ ਮੰਦਭਾਗਾ ਦੱਸਿਆ।ਪਰ ਹੈਰਾਨੀ ਦੀ ਗੱਲ ਹੈ ਕਿ ਨਗਰ ਕੀਰਤਨ ਤੋਂ 2-3 ਦਿਨ ਪਹਿਲਾਂ ਵਾਪਰ ਚੁੱਕੀ ਘਟਨਾ ਦੇ ਬਾਵਜੂਦ, ਅਜਿਹੇ ਪ੍ਰਬੰਧ ਨਹੀਂ ਕੀਤੇ ਗਏ ਕਿ ਨਗਰ ਕੀਰਤਨ ਦਾ ਮਾਹੌਲ ਖਰਾਬ ਨਾ ਹੋਵੇ, ਪਰ ਜੋ ਕੁਝ ਨਗਰ ਕੀਰਤਨ ਦੌਰਾਨ ਵਾਪਰਿਆ, ਉਹ ਕਿਸੇ ਵੀ ਢੰਗ ਨਾਲ਼ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਧਾਰਮਿਕ ਨਗਰ ਕੀਰਤਨ ਵਿੱਚ ਨਹੀਂ ਵਾਪਰਨਾ ਚਾਹੀਦਾ ਸੀ।ਗੁਰਦੁਆਰੇ ਦੇ ਪ੍ਰਬੰਧਕਾਂ ਵਲੋਂ ਬੇਨਾਮ ਸਾਈਨ ਰੱਖਣ ਵਾiਲ਼ਆਂ ਬਾਰੇ ਵੀ ਸੰਗਤ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਨਾ ਹੀ ਅਜਿਹੇ ਸਾਈਨ ਰੱਖਣ ਵਾਲ਼ਾ ਕੋਈ ਵਿਅਕਤੀ ਜਾਂ ਸੰਸਥਾ ਹੀ ਸਾਹਮਣੇ ਆਈ, ਜੋ ਦਾਅਵਾ ਕਰਦੀ ਕਿ ਸਾਡੇ ਸਾਈਨ ਕਿਉਂ ਚੁਕਾਏ ਗਏ ਹਨ? ਫਿਰ ਇਹ ਕਿਸਦੀ ਸ਼ਰਾਰਤ ਹੋ ਸਕਦੀ ਹੈ, ਕੀ ਇਸ ਬਾਰੇ ਪ੍ਰਬੰਧਕਾਂ ਨੂੰ ਤਫਤੀਸ਼ ਨਹੀਂ ਕਰਾਉਣੀ ਚਾਹੀਦੀ ਸੀ?
ਦੁਨੀਆਂ ਭਰ ਵਿੱਚ ਸਿੱਖ ਕਮਿਉਨਿਟੀ ਵਲੋਂ ਗੁਰੂ ਸਾਹਿਬਾਨ ਜਾਂ ਵੈਸਾਖੀ ਨਾਲ਼ ਸਬੰਧਤ ‘ਨਗਰ ਕੀਰਤਨ’ ਕੱਢਣ ਦੀ ਪ੍ਰੰਪਰਾ ਆਮ ਹੀ ਪ੍ਰਚਲਤ ਹੈ।ਪਰ ਵਿਦੇਸ਼ਾਂ ਵਿੱਚ ਗੁਰੂ ਸਾਹਿਬਾਨ ਦੀ ਥਾਂ ‘ਤੇ 90-95% ਸਿਰਫ ‘ਖਾਲਸਾ ਸਾਜਨਾ ਦਿਵਸ’ (ਪੁਰਾਣਾ ਨਾਮ ਵੈਸਾਖੀ) ਨਾਲ਼ ਸਬੰਧਤ ਨਗਰ ਕੀਰਤਨ ਹੀ ਆਯੋਜਿਤ ਕੀਤੇ ਜਾਂਦੇ ਹਨ।ਤਕਰੀਬਨ 25-30 ਸਾਲ ਪਹਿਲਾਂ ਵਿਦੇਸ਼ਾਂ ਵਿੱਚ 2-4 ਥਾਵਾਂ ‘ਤੇ ਹੀ ਨਗਰ ਕੀਰਤਨ ਹੁੰਦੇ ਸਨ, ਪਰ ਹੁਣ ਦੇਖੋ-ਦੇਖੀ ਪਿਛਲੇ 10-15 ਸਾਲ ਤੋਂ ਹਰ ਵੱਡੇ-ਛੋਟੇ ਸ਼ਹਿਰ ਵਿੱਚ ਨਗਰ ਕੀਰਤਨ ਹੁੰਦੇ ਹਨ।ਸ਼ੁਰੂ ਵਿੱਚ ਲੋਕ ਬੜੀ ਸ਼ਰਧਾ ਨਾਲ਼ ਸ਼ਾਮਿਲ ਹੁੰਦੇ ਸਨ ਅਤੇ ਇਨ੍ਹਾਂ ਵਿੱਚ ਸ਼ਬਦ ਕੀਰਤਨ ਕਰਦੀ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਮਗਰ ਚੱਲਦੀ ਸੀ।ਹੁਣ ਨਗਰ ਕੀਰਤਨ ਸਮਾਜਿਕ, ਰਾਜਨੀਤਕ ਅਤੇ ਬਿਜਨੈਸ ਮੇਲਿਆਂ ਦਾ ਰੂਪ ਧਾਰਨ ਕਰ ਚੁੱਕੇ ਹਨ।ਫਿਰ ਇਨ੍ਹਾਂ ਨਗਰ ਕੀਰਤਨਾਂ ਵਿੱਚ ਰਾਜਸੀ ਲੀਡਰਾਂ ਨੂੰ ਸੱਦਣ ਦਾ ਰੁਝਾਨ ਸ਼ੁਰੂ ਹੋਇਆ ਅਤੇ ਹੌਲ਼ੀ-ਹੌਲ਼ੀ ਇਹ ਰੁਝਾਨ ਵਧਦਾ-ਵਧਦਾ, ਲੋਕਲ, ਸੁਬਾਈ ਅਤੇ ਫੈਡਰਲ ਲੀਡਰਾਂ ਤੱਕ ਪਹੁੰਚ ਗਿਆ।ਹੁਣ ਹਰ ਦੇਸੀ ਰਾਜਨੀਤਕ ਲੀਡਰ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੀ ਪਾਰਟੀ ਦੇ ਵੱਧ ਤੋਂ ਵੱਧ ਲੀਡਰ ਸੱਦ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰੇ।ਬੇਸ਼ਕ ਗੋਰਿਆਂ ਵਿੱਚ ਧਰਮ ਨੂੰ ਰਾਜਨੀਤੀ ਲਈ ਵਰਤਣ ਦਾ ਰੁਝਾਨ ਹੁਣ ਨਾ-ਮਾਤਰ ਹੀ ਹੈ, ਪਰ ਸਾਡੇ ਲੋਕਾਂ ਨੇ ਉਨ੍ਹਾਂ ਨੂੰ ਧਰਮ ਨੂੰ ਰਾਜਨੀਤੀ ਲਈ ਵਰਤਣ ਦਾ ਅਜਿਹਾ ਚਸਕਾ ਪਾਇਆ ਹੈ ਕਿ ਦੇਖੋ-ਦੇਖੀ, ਹੁਣ ਹਿੰਦੂ, ਮੁਸਲਮਾਨ ਜਾਂ ਹੋਰ ਫਿਰਕਿਆਂ ਦੇ ਲੋਕ ਵੀ ਇਸੇ ਰਾਹ ਤੁਰਨ ਲੱਗੇ ਹਨ।ਬੇਸ਼ੱਕ ਅਜੇ ਗੁਰਦੁਆਰਿਆਂ ਵਾਂਗ ਰਾਜਸੀ ਲੀਡਰਾਂ ਨੂੰ ਮੰਦਰਾਂ, ਮਸਜਿਦਾਂ, ਚਰਚਾਂ ਵਿੱਚ ਬੋਲਣ ਨਹੀਂ ਦਿੱਤਾ ਜਾਂਦਾ।ਪਰ ਗੁਰਦੁਆਰਿਆਂ ਵਿੱਚ ਅਜਿਹਾ ਰੁਝਾਨ ਆਮ ਹੀ ਹੈ, ਜਿਸ ਕਾਰਨ ਗੁਰਦੁਆਰੇ ਆਪਣੀ ਮੌਲਿਕ ਧਾਰਮਿਕਤਾ ਗੁਆ ਕੇ ਰਾਜਨੀਤੀ ਦੇ ਅੱਡੇ ਬਣਦੇ ਜਾ ਰਹੇ ਹਨ।ਹੁਣ ਰਾਜਨੀਤੀ ਵਿੱਚ ਆਉਣ ਦੇ ਚਾਹਵਾਨ ਗੁਰਦੁਆਰਿਆਂ ਦੇ ਪਲੈਟਫਾਰਮ ਨੂੰ ਰਾਜਨੀਤੀ ਵਿੱਚ ਆਉਣ ਲਈ ਪੌੜੀ ਵਾਂਗ ਵਰਤਣ ਲੱਗੇ ਹਨ।30-40 ਸਾਲ ਪਹਿਲਾਂ ਭਾਰਤ ਵਿੱਚ ਗੈਰ-ਅਕਾਲੀ ਪਾਰਟੀਆਂ ਨਾਲ਼ ਸਬੰਧਤ ਸਿੱਖ, ਇਹ ਇਲਜਾਮ ਅਕਾਲੀਆਂ ‘ਤੇ ਲਗਾਉਂਦੇ ਹੁੰਦੇ ਸਨ ਕਿ ਉਹ ‘ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ’, ਸਿੱਖ ਧਰਮ ਅਤੇ ਗੁਰਦੁਆਰਿਆਂ ਨੂੰ ਆਪਣੀ ਫਿਰਕੂ ਰਾਜਨੀਤੀ ਲਈ ਵਰਤਦੇ ਹਨ। ਹੁਣ ਇਹ ਰੁਝਾਨ ਵਿਦੇਸ਼ਾਂ ਵਿੱਚ ਆਮ ਹੀ ਚੱਲ ਪਿਆ ਹੈ।ਸਿਟੀ ਕੌਂਸਲਰਾਂ ਤੋਂ ਲੈ ਕੇ ਐਮ. ਐਲ. ਏ., ਐਮ. ਪੀ. ਬਣਨ ਵਾਲ਼ੇ ਵੱਖ-ਵੱਖ ਪਾਰਟੀਆਂ ਦੇ ਬਹੁਤੇ ਦੇਸੀ ਲੀਡਰ ਸਿੱਧੇ-ਅਸਿੱਧੇ ਢੰਗ ਨਾਲ਼ ਗੁਰਦੁਆਰਾ ਸਿਆਸਤ ਨਾਲ਼ ਸਬੰਧਤ ਹੀ ਆ ਰਹੇ ਹਨ। ਗੁਰਦੁਆਰਾ ਸਿਆਸਤ ਹੁਣ ਸਿੱਖ ਸਮਾਜ ‘ਤੇ ਇਤਨੀ ਹਾਵੀ ਹੋ ਚੁੱਕੀ ਹੈ ਕਿ ਇਸਨੇ ਵਿਦੇਸ਼ਾਂ ਵਿੱਚ ਕੋਈ ਹੋਰ ਸਿੱਖ ਸੰਸਥਾ ਉਠਣ ਨਹੀਂ ਦਿੱਤੀ ਅਤੇ ਹੁਣ ਤਾਂ ਗੁਰਦੁਆਰਾ ਲੀਡਰਸ਼ਿਪ ਦੇ ਅਸ਼ੀਰਵਾਦ ਤੋਂ ਬਿਨਾਂ ਕੋਈ ਰਾਜਨੀਤੀ ਵਿੱਚ ਆਉਣ ਬਾਰੇ ਸੋਚ ਵੀ ਨਹੀਂ ਸਕਦਾ।ਗੁਰਬਾਣੀ ਦੇ ਸ਼ਬਦ ‘ਸਿਧ ਛਪਿ ਬੈਠੇ ਪਰਬਤੀ, ਕਉਣੁ ਜਗਤ੍ਰਿ ਕਉ ਪਾਰਿ ਉਤਾਰਾ..’ ਵਾਂਗ ਸਿੱਖ ਸਮਾਜ ਦਾ ਪੜ੍ਹਿਆ-ਲਿਖਿਆ ਤੇ ਸੂਝਵਾਨ ਤਬਕਾ ਸਿੱਖੀ ਤੇ ਗੁਰਦੁਆਰਾ ਸਿਆਸਤ ਤੋਂ ਦਿਨੋ-ਦਿਨ ਦੂਰ ਹੁੰਦਾ ਜਾ ਰਿਹਾ ਹੈ।ਬਹੁ-ਗਿਣਤੀ ਵਿਦੇਸ਼ੀਂ ਜੰਮਪਲ ਬੱਚਿਆਂ ਦਾ ਵੈਸੇ ਹੀ ਧਰਮ ਵਿੱਚ ਕੋਈ ਵਿਸ਼ਵਾਸ ਨਹੀਂ ਰਿਹਾ।ਮੌਜੂਦਾ ਗੁਰਦੁਆਰਾ ਸਿਆਸਤ ਨੇ ਸਿੱਖੀ ਦਾ ਦਾਇਰਾ ਇਤਨਾ ਤੰਗ ਕਰ ਦਿੱਤਾ ਹੈ ਕਿ ਕਿਸੇ ਵੱਖਰੇ ਵਿਚਾਰ ਨੂੰ ਕੋਈ ਥਾਂ ਨਹੀਂ ਦਿੱਤੀ ਜਾ ਰਹੀ।ਜੇ ਕੋਈ ਸੋਸ਼ਲ ਮੀਡੀਆ ਵਰਗੇ ਅਜ਼ਾਦ ਪਲੈਟਫਾਰਮਾਂ ‘ਤੇ ਕੋਈ ਗੱਲ ਕਰਨੀ ਚਾਹੇ ਤਾਂ ਉਥੇ ਵੀ ਹਰ ਪੱਧਰ ‘ਤੇ ਅਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਸਦੇ ਨਤੀਜੇ ਵਜੋਂ ਪੰਜਾਬ ਵਾਂਗ ਇੱਕ ਉਜੱਡ ਅਤੇ ਮਾਰ-ਧਾੜ ਵਾਲ਼ੀ ਸਿਆਸਤ ਵਿਦੇਸ਼ਾਂ ਵਿੱਚ ਹਾਵੀ ਹੋ ਗਈ ਹੈ। ਜੋ ਕਿ ਸਿੱਖ ਸਮਾਜ ਦੇ ਭਵਿੱਖ ਲਈ ਖਤਰੇ ਦੀ ਨਿਸ਼ਾਨੀ ਬਣਦੀ ਜਾ ਰਹੀ ਹੈ।ਜਿਸ ਵੱਲ ਅਜੇ ਬਹੁ-ਗਿਣਤੀ ਸਿੱਖ ਭਾਈਚਾਰਾ ਡਾਲਰਾਂ ਦੀ ਦੌੜ ਵਿੱਚ ਧਿਆਨ ਨਹੀਂ ਦੇ ਰਿਹਾ।
ਵਿਦੇਸ਼ਾਂ ਵਿੱਚ ਨਗਰ-ਕੀਰਤਨ ਅਕਸਰ ਅਪਰੈਲ-ਮਈ ਵਿੱਚ ਹੁੰਦੇ ਹਨ।ਥੋੜੇ-ਬਹੁਤੇ ਫਰਕ ਨਾਲ਼ ਸਾਰੇ ਸ਼ਹਿਰਾਂ ਵਿੱਚ ਪ੍ਰਬੰਧਕਾਂ ਅਤੇ ਸੰਗਤ ਦਾ ਇੱਕੋ ਪੈਟਰਨ ਹੈ।ਹਰ ਪਾਸੇ ਧਾਰਮਿਕਤਾ ਅਲੋਪ ਹੋ ਰਹੀ ਹੈ ਅਤੇ ਇੱਕ ਖਾਸ ਤਰ੍ਹਾਂ ਦੀ ਧਾਕੜ ਰਾਜਨੀਤੀ ਨੂੰ ਪ੍ਰਨਾਏ ਹੋਏ ਕੁਝ ਲੋਕ ਹੀ ਸਭ ਪਾਸੇ ਹਾਵੀ ਹੋ ਰਹੇ ਹਨ।ਹੁਣ ਤਾਂ ਸੰਗਤੀ ਗੁਰਦੁਆਰਿਆਂ ਦਾ ਕੰਨਸੈਪਟ ਵੀ ਖਤਮ ਕੀਤਾ ਜਾ ਰਿਹਾ ਹੈ ਅਤੇ ਗੁਰਦੁਆਰੇ ਪ੍ਰਾਈਵੇਟ ਟਰੱਸਟ ਬਣਦੇ ਜਾ ਰਹੇ ਹਨ।ਅਜਿਹੀ ਰਾਜਨੀਤੀ ਨਾਲ਼ ਸਬੰਧਤ ਲੀਡਰ ਆਪਣੇ ਆਰਥਿਕ ਤੇ ਰਾਜਸੀ ਹਿੱਤਾਂ ਅਨੁਸਾਰ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਗੁਰਦੁਆਰਾ ਸਟੇਜ ਵਰਤਣ ਲਈ ਖੁੱਲ੍ਹਾ ਸੱਦਾ ਦਿੰਦੇ ਹਨ।
ਪਿਛਲੇ ਦਿਨੀਂ ਸਾਡੇ ਸ਼ਹਿਰ ਦੇ ਸਲਾਨਾ ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਸ਼ਾਮਿਲ ਹੋਈ।ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਫਲੋਟ ਮਗਰ, ਨਗਰ ਕੀਰਤਨ ਦੇ ਰੂਟ ਦੇ ਅੱਧ ਤੱਕ ਪਹੁੰਚਦੇ-ਪਹੁੰਚਦੇ ਮਸਾਂ 5-7 ਸੌ ਦੀ ਗਿਣਤੀ ਹੀ ਰਹਿ ਗਈ ਸੀ, ਜਦਕਿ ਪ੍ਰਚਾਰ ਇਹ ਹੋ ਰਿਹਾ ਸੀ ਕਿ ਡੇਢ ਦੋ ਲੱਖ ਦਾ ਇਕੱਠ ਸੀ।ਬਹੁਤ ਸਾਰੀ ਸੰਗਤ ਫਲੋਟ ਮਗਰ ਚੱਲਣ ਦੀ ਥਾਂ ਆਸੇ-ਪਾਸੇ ਸੜਕਾਂ ਕਿਨਾਰੇ ਲੱਗੇ ਸਟਾਲਾਂ ‘ਤੇ ਖਾਣ-ਪੀਣ ਵਿੱਚ ਬਿਜ਼ੀ ਸੀ।70-80% ਸੰਗਤ ਨੂੰ ਕੋਈ ਪਤਾ ਨਹੀਂ ਸੀ ਕਿ ਨਗਰ ਕੀਰਤਨ ਕਿੱਥੇ ਹੈ, ਉਹ ਪਾਰਕ ਵਿੱਚ ਖਾਣ-ਪੀਣ ਦੇ ਇੱਕ ਸਟਾਲ ਤੋਂ ਦੂਜੇ ਵੱਲ਼ ਭੱਜ ਰਹੀ ਸੀ।ਸੰਗਤ ਵਿੱਚੋਂ ਬਹੁਤ ਸਾਰੇ ਲੋਕਾਂ ਨਾਲ਼ ਹੋਈ ਗੱਲਬਾਤ ਅਨੁਸਾਰ ਹੁਣ ਇਹ ਧਾਰਮਿਕ ਨਗਰ ਕੀਰਤਨ ਨਾ ਹੋ ਕੇ ਸਮਾਜਿਕ, ਰਾਜਨੀਤਕ ਤੇ ਬਿਜਨੈਸ ਮੇਲਾ ਬਣ ਚੁੱਕਾ ਹੈ।ਗੁਰੂ ਗ੍ਰੰਥ ਸਾਹਿਬ ਵਾਲ਼ੇ ਫਲੋਟ ‘ਤੇ ਹੋ ਰਿਹਾ ਕੀਰਤਨ, ਕਿਸੇ ਨੂੰ ਸੁਣਾਈ ਨਹੀਂ ਦੇ ਰਿਹਾ ਸੀ ਕਿਉਂਕਿ ਪਿੱਛੇ ਚੱਲ ਰਹੇ ਇੱਕ ਫਲੋਟ ‘ਤੇ ਬਹੁਤ ਉਚੀ ਆਵਾਜ ਵਿੱਚ ‘ਫਲਾਨਾ ਕੁੱਤਾ’, ‘ਧਮਕਾਨਾ ਕੁੱਤਾ’… ਦਾ ਰਾਗ ਉਚੀ ਸੁਰ ਵਿੱਚ ਅਲਾਪਿਆ ਜਾ ਰਿਹਾ ਸੀ।ਵੈਸੇ ਤਾਂ ਅਜਿਹੀ ਸ਼ਬਦਾਵਲ਼ੀ ਵਰਤਣੀ ਕਿਤੇ ਵੀ ਮਾੜੀ ਹੈ, ਪਰ ਇੱਕ ਧਾਰਮਿਕ ਸਮਾਗਮ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਹੋ ਰਹੇ ਨਗਰ ਕੀਰਤਨ ਵਿੱਚ ਵਰਤੀ ਜਾਣੀ ਕਿਤਨੀ ਕੁ ਜਾਇਜ ਕਹੀ ਜਾ ਸਕਦੀ? ਅਜਿਹਾ ਮਾਹੌਲ ਸਿਰਜ ਕੇ ਅਸੀਂ ਸਾਬਿਤ ਕੀ ਕਰਨਾ ਚਾਹੁੰਦੇ ਹਾਂ? ਸਿੱਖ ਲੀਡਰਸ਼ਿਪ ਲਈ ਇਹ ਇੱਕ ਵੱਡਾ ਸਵਾਲ ਹੈ? ਸੰਗਤ ਵਲੋਂ ਇਹ ਸ਼ਿਕਾਇਤ ਵੀ ਕੀਤੀ ਜਾ ਰਹੀ ਸੀ ਕਿ ਨਗਰ ਕੀਰਤਨ ਦਾ ਮਾਹੌਲ ਧਾਰਮਿਕ ਬਣਾਉਣ ਲਈ ਅਗਰ ਫਲੋਟਾਂ ‘ਤੇ ਫੋਟੋਆਂ ਲਗਾਉਣ ਦੀ ਬਹੁਤ ਜਰੂਰਤ ਸੀ ਤਾਂ ਉਹ ਗੁਰੂ ਸਾਹਿਬਾਨ, ਸਿੱਖ ਇਤਿਹਾਸ ਜਾਂ ਗੁਰਬਾਣੀ ਦੇ ਸ਼ਬਦਾਂ ਨਾਲ਼ ਸਬੰਧਤ ਹੋ ਸਕਦੀਆਂ ਸਨ। ਪਰ ਇਸਦੀ ਜਗ੍ਹਾ ‘ਤੇ ਸਿਰਫ ਪਿਛਲੀ ਸਦੀ ਦੇ 80ਵਿਆਂ ਵਿੱਚ ਚੱਲੀ ਖਾੜਕੂ ਲਹਿਰ ਨਾਲ਼ ਸਬੰਧਤ ਹੀ ਫੋਟੋਆਂ ਕਿਉਂ ਸਨ? ਕੀ ਪਿਛਲੇ 500 ਸਾਲ ਦੇ ਸਿੱਖ ਇਤਿਹਾਸ ਵਿੱਚ ਹੋਰ ਕਿਸੇ ਸਿੱਖ ਦਾ ਕੋਈ ਰੋਲ਼ ਨਹੀਂ? ਆਮ ਲੋਕ ਮਹਿਸੂਸ ਕਰ ਰਹੇ ਸਨ ਕਿ ਜਿਵੇਂ ਨਗਰ ਕੀਰਤਨ ਵਿੱਚ ਪ੍ਰਬੰਧਕਾਂ ਦਾ ਕੋਈ ਕੰਟਰੋਲ ਨਹੀਂ ਸੀ? ਇਸੇ ਤਰ੍ਹਾਂ ਇੱਕ ਹੋਰ ਫਲੋਟ ‘ਤੇ ਢਾਡੀ ਸਿੰਘ ਅਜਿਹੀਆਂ ਵਾਰਾਂ ਹੀ ਵਾਰ-ਵਾਰ ਗਾ ਰਹੇ ਸਨ ਕਿ ਸਿੰਘ ਆਪਣੇ ਦੁਸ਼ਮਣਾਂ ਤੋਂ ਬਦਲਾ ਜਰੂਰ ਲੈਂਦੇ ਹਨ, ਸਿੰਘਾਂ ਨੇ ਫਲਾਨਾ ਸੋਧਤਾ, ਫਲਾਨਾ ਗੱਡੀ ਚਾੜ੍ਹਤਾ.. ਆਦਿ।ਕੀ ਅਜਿਹੇ ਪ੍ਰਚਾਰਕਾਂ ਤੋਂ ਪ੍ਰਬੰਧਕਾਂ ਨੂੰ ਸਵਾਲ ਨਹੀਂ ਪੁੱਛਣਾ ਬਣਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਕਿਹੜੇ ਸ਼ਬਦ ਅਨੁਸਾਰ ਬਦਲੇ ਲੈਣੇ, ਵੈਰ ਭਾਵ ਰੱਖਣੇ, ਸੋਧੇ ਲਾਉਣੇ ਸਿੱਖੀ ਸਿਧਾਂਤ ਹੈ? ਇਤਿਹਾਸ ਦੀ ਕਿਸੇ ਘਟਨਾ ਨੂੰ ਸਿੱਖੀ ਜਾਂ ਸਿੱਖਾਂ ਦਾ ਕੌਮੀ ਸਿਧਾਂਤ ਕਿਵੇਂ ਬਣਾਇਆ ਜਾ ਸਕਦਾ ਹੈ? ਇੱਕ ਧਾਰਮਿਕ ਸਮਾਗਮ ਵਿੱਚ, ਜਿੱਥੇ ਹੋਰ ਕਮਿਉਨਿਟੀਆਂ ਦੇ ਲੋਕ ਵੀ ਕਾਫੀ ਗਿਣਤੀ ਵਿੱਚ ਸ਼ਾਮਿਲ ਹੁੰਦੇ ਹਨ, ਉਥੇ ਅਜਿਹੇ ਹਿੰਸਾ ਉਕਸਾਊ ਪ੍ਰਚਾਰ ਨਾਲ਼ ਸਿੱਖ ਕਮਿਉਨਿਟੀ ਦਾ ਕਿਹੋ-ਜਿਹਾ ਅਕਸ ਪੇਸ਼ ਹੋ ਰਿਹਾ ਹੈ, ਕੀ ਇਸ ਬਾਰੇ ਸਾਡੀ ਲੀਡਰਸ਼ਿਪ ਕਦੇ ਗੰਭੀਰਤਾ ਨਾਲ਼ ਵਿਚਾਰ ਕਰੇਗੀ?
ਕੀ ਸਾਡੇ ਲੀਡਰਾਂ ਨੂੰ ਪਤਾ ਨਹੀਂ ਕਿ ਕਿਵੇਂ ਸਾਡੇ ਨੌਜਵਾਨ ਫੁਕਰੇਪਨ ਅਤੇ ਡਾਲਰਾਂ ਦੀ ਦੌੜ ਅਧੀਨ ਵੱਡੀ ਗਿਣਤੀ ਵਿੱਚ ਗੈਂਗਸਟਰ ਅਤੇ ਡਰੱਗ ਡੀਲਰ ਬਣ ਰਹੇ ਹਨ? ਅਜਿਹਾ ਕੋਈ ਹਫਤਾ ਨਹੀਂ ਲੰਘਦਾ, ਜਦੋਂ ਸਾਡੇ ਨੌਜਵਾਨ ਡਰੱਗ ਸਮੱਗਲਿੰਗ, ਡਰੱਗ ਓਵਰਡੋਜ਼, ਗੈਂਗਵਾਰ, ਚੋਰੀਆਂ, ਫਿਰੌਤੀਆਂ ਆਦਿ ਵਿੱਚ ਗ੍ਰਿਫਤਾਰ ਨਾ ਹੁੰਦੇ ਹੋਣ ਜਾਂ ਮਰਦੇ ਨਾ ਹੋਣ? ਬੇਸ਼ੱਕ ਸਾਡੇ ਕੋਲ਼ ਪੂਰਾ ਡੈਟਾ ਨਹੀਂ, ਪਰ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਨੌਜਵਾਨ ਜੁਰਮ ਕਰਕੇ ਕਨੇਡਾ-ਅਮਰੀਕਾ ਦੀਆਂ ਜੇਲ੍ਹਾਂ ਵਿੱਚ ਨਜ਼ਰਬੰਦ ਹਨ।ਕੀ ਸਾਡੇ ਲੀਡਰਾਂ ਨੇ ਇਸ ਮਸਲੇ ਨੂੰ ਕਦੇ ਗੰਭੀਰਤਾ ਨਾਲ਼ ਵਿਚਾਰਿਆ ਹੈ? ਜੇ ਗੁਰਦੁਆਰਾ ਸਟੇਜਾਂ ਨੂੰ ਰਾਜਨੀਤੀ ਲਈ ਵਰਤਿਆ ਜਾ ਸਕਦਾ ਹੈ ਤਾਂ ਕੀ ਡਰੱਗ ਸਮਗਲਿੰਗ, ਗੈਂਗਵਾਰ, ਹਿੰਸਾ ਆਦਿ ਵਰਗੇ ਗੰਭੀਰ ਮੁੱਦਿਆਂ ‘ਤੇ ਗੁਰਦੁਆਰਿਆਂ ਵਿੱਚ ਚਰਚਾ ਨਹੀਂ ਹੋਣੀ ਚਾਹੀਦੀ? ਹਿੰਸਾ ਨਾ ਕਿਸੇ ਸਮੱਸਿਆ ਦਾ ਹੱਲ ਹੈ ਅਤੇ ਨਾ ਹੀ ਮਾਡਰਨ ਵਰਲਡ ਦੇ ਲੋਕਤੰਤਰੀ ਸਿਸਟਮ ਅੰਦਰ ਹਿੰਸਾ ਨੂੰ ਕੋਈ ਪ੍ਰਵਾਨ ਕਰਦਾ ਹੈ ਅਤੇ ਨਾ ਹੀ ਹਿੰਸਾ ਸਿੱਖਾਂ ਵਰਗੀ ਸਾਰੀ ਦੁਨੀਆਂ ਵਿੱਚ ਵਸਦੀ ਘੱਟ ਗਿਣਤੀ ਦੇ ਹਿੱਤ ਵਿੱਚ ਹੈ।ਕੀ ਅਸੀਂ ਪਿਛਲੀ ਸਦੀ ਦੇ ਆਖਰੀ ਦੋ ਦਹਾਕਿਆਂ ਵਿੱਚ, ਸਾਡੇ ਸਿਰ ਮੜੀ ਗਈ ਹਿੰਸਾ ਤੋਂ ਨਿਕਲ਼ੇ ਨਤੀਜਿਆਂ ਨੂੰ ਭੁੱਲ ਗਏ ਹਾਂ? ਇੱਕ ਪਾਸੇ ਅਸੀਂ ਸ਼ਿਕਾਇਤ ਕਰਦੇ ਹਾਂ ਕਿ ਅਸੀਂ ਬੜੇ ਸ਼ਾਂਤੀਪਸੰਦ ਤੇ ਮਿਹਨਤੀ ਲੋਕ ਹਾਂ, ਸਾਡੇ ‘ਤੇ ਅੱਤਵਾਦੀ ਤੇ ਵੱਖਵਾਦੀ ਹੋਣ ਦੇ ਠੱਪੇ ਲਾਏ ਜਾਂਦੇ ਹਨ, ਪਰ ਜੋ ਕੁਝ ਹੁਣ ਹੋ ਰਿਹਾ ਹੈ, ਉਸ ਬਾਰੇ ਅਸੀਂ ਕਦੋਂ ਸੋਚਾਂਗੇ? ਸਾਡੇ ਗੁਰਦੁਆਰਿਆਂ ਵਿੱਚ ਗੁਰਬਾਣੀ ਨੂੰ ਛੱਡ ਕੇ 18ਵੀਂ ਸਦੀ ਦੇ ਇਤਿਹਾਸ ਅਧਾਰਿਤ ਹਿੰਸਾ ਨੂੰ ਹੀ ਕਿਉਂ ਸਿੱਖੀ ਦਾ ਸਿਧਾਂਤ ਬਣਾਇਆ ਜਾਂਦਾ ਹੈ? ਉਹ ਵੀ ਵਿਦੇਸ਼ਾਂ ਵਿੱਚ, ਜਿੱਥੇ ਦੇ ਸਮਾਜ ਵਿੱਚ ਸਾਨੂੰ ਸਭ ਪਾਸੇ ਕਾਫੀ ਹੱਦ ਤੱਕ ਬਰਾਬਰ ਦੇ ਹੱਕ ਹਨ, ਲੋਕ ਸ਼ਾਂਤੀ ਤੇ ਸਹਿਹੋਂਦ ਨਾਲ ਰਹਿ ਰਹੇ ਹਨ।ਕੀ ਸਾਡੇ ਪ੍ਰਚਾਰ ਅਧਾਰ ਗੁਰਬਾਣੀ ਨਹੀਂ ਹੋਣਾ ਚਾਹੀਦਾ?
ਜਦੋਂ ਸਿੱਖ ਸਮਾਜ ਵਿੱਚ ‘ਧਰਮ ਤੇ ਰਾਜਨੀਤੀ’ ਬਾਰੇ ਕਦੇ ਕੋਈ ਚਰਚਾ ਚੱਲਦੀ ਹੈ, ਤਾਂ ਇਹ ਕਹਿ ਕੇ ਅਜਿਹੀ ਗੰਭੀਰ ਬਹਿਸ ਨੂੰ ਬੰਦ ਕਰਾ ਦਿੱਤਾ ਜਾਂਦਾ ਹੈ ਕਿ ਸਾਡੇ ਧਰਮ ਵਿੱਚ ‘ਧਰਮ ਤੇ ਰਾਜਨੀਤੀ’ ਇਕੱਠੇ ਹਨ।ਜਦਕਿ ਸਾਡੇ ਕੋਲ਼ ਅਜਿਹੇ ਕੋਈ ਠੋਸ ਇਤਿਹਾਸਕ ਪ੍ਰਮਾਣ ਨਹੀਂ ਹਨ, ਜਿਸ ਨਾਲ਼ ‘ਧਰਮ ਤੇ ਰਾਜਨੀਤੀ’ ਦੇ ਇਸ ਗੱਠਜੋੜ ਨੂੰ ਸਿੱਖੀ ਦਾ ਬੁਨਿਆਦੀ ਸਿਧਾਂਤ ਬਣਾਇਆ ਜਾ ਸਕੇ।‘ਗੁਰੂ ਗ੍ਰੰਥ ਸਾਹਿਬ’, ਜੋ ਕਿ ਸਿੱਖੀ ਦਾ ਸਰਬ ਪ੍ਰਵਾਨਤ ਧੁਰਾ ਹੈ, ਉਸ ਅਨੁਸਾਰ ਨਾ ‘ਮਾਡਰਨ ਸਿੱਖੀ’ ਅਤੇ ਨਾ ‘ਮਾਡਰਨ ਸਿੱਖ ਰਾਜਨੀਤੀ’ ਨੂੰ ਕਿਸੇ ਵੀ ਢੰਗ ਨਾਲ ‘ਸਿੱਖ ਸਿਧਾਂਤਾਂ’ ਅਨੁਸਾਰੀ ਮੰਨਿਆ ਜਾ ਸਕਦਾ ਹੈ।‘ਧਰਮ ਤੇ ਰਾਜਨੀਤੀ’ ਦੇ ਇਸ ਮਾਡਰਨ ਗੱਠਜੋੜ ਨਾਲ਼ ਕੁਝ ਕੁ ਸਵਾਰਥੀ ਤੇ ਮੌਕਾਪ੍ਰਸਤ ਲੀਡਰਾਂ ਨੂੰ ਤਾਂ ਦੇਸ਼-ਵਿਦੇਸ਼ ਵਿੱਚ ਲਾਭ ਹੋ ਰਿਹਾ ਹੈ, ਪਰ ਸਿੱਖਾਂ ਤੇ ਸਿੱਖੀ ਨੂੰ ਇਸ ਨਾਲ਼ ਪਿਛਲੇ 100-150 ਸਾਲ ਤੋਂ ਲਗਾਤਾਰ ਨੁਕਸਾਨ ਹੀ ਹੋ ਰਿਹਾ ਹੈ।‘ਧਰਮ ਤੇ ਰਾਜਨੀਤੀ’ ਦੇ ਜੋੜ ਦੀ ਅਜਿਹੀ ਚਰਚਾ ਸਿਰਫ ਸਿੱਖਾਂ ਵਿੱਚ ਹੀ ਨਹੀਂ, ਇਸਾਈਆਂ, ਮੁਸਲਮਾਨਾਂ ਤੇ ਹੋਰ ਧਾਰਮਿਕ ਫਿਰਕਿਆਂ ਵਿੱਚ ਸਦੀਆਂ ਪੁਰਾਣੀ ਹੈ।ਪਰ ਬਾਕੀ ਕੌਮਾਂ ਨੇ ਆਪਣੇ ਇਤਿਹਾਸਕ ਤਜਰਬਿਆਂ ਤੋਂ ਸਿੱਖ ਕੇ ਨਵੇਂ ਰਾਹ ਅਪਨਾ ਲਏ ਹਨ, ਸਿੱਖ ਇਸ ਬਾਰੇ ਕਦੋਂ ਸੋਚਣਗੇ?
‘ਧਰਮ ਤੇ ਰਾਜਨੀਤੀ’ ਦੇ ਸੈਂਕੜੇ ਸਾਲਾਂ ਦੇ ਤਜ਼ੱਰਬਿਆਂ ਜਾਣੀਕਿ 11ਵੀਂ ਸਦੀ ਤੋਂ ਲੈ ਕੇ 14ਵੀਂ ਸਦੀ ਤੱਕ ਚੱਲੇ ਨਾਮ-ਨਿਹਾਦ ਧਾਰਮਿਕ ਕਰੂਸੇਡਾਂ (ਧਰਮ ਯੁੱਧਾਂ) ਤੱਕ, ਫਿਰ ਮਾਰਟਿਨ ਲੂਥਰ ਵਲੋਂ ਰੋਮਨ ਚਰਚ ਵਿਰੁੱਧ ਪ੍ਰੋਟੈਸਟੈਂਟਵਾਦ ਦਾ ਝੰਡਾ ਗੱਡ ਦੇਣ ਤੋਂ ਬਾਅਦ 1618 ਤੋਂ 1648 ਤੱਕ ਚੱਲੇ ਜ਼ਿਹਾਦ (ਜਿਸਨੂੰ ਇਤਿਹਾਸ ਵਿੱਚ ਇਸਾਈ ਧਰਮ ਸੁਧਾਰ ਦੇ 30 ਸਾਲਾ ਧਾਰਮਿਕ ਯੁੱਧ ਦਾ ਨਾਮ ਦਿੱਤਾ ਜਾਂਦਾ ਹੈ) ਵਿੱਚ ਦੁਨੀਆਂ ਨੂੰ ਸਵਰਗ ਬਣਾਉਂਦਿਆਂ-ਬਣਾਉਂਦਿਆਂ ਈਸਾਈਆਂ ਨੇ ਸਾਰੇ ਯੂਰਪ ਨੂੰ ਕਬਰਸਤਾਨ ਵਿੱਚ ਬਦਲ ਦਿੱਤਾ ਸੀ, ਜਿਸ ਨਾਲ਼ ਯੂਰਪ ਦੀ ਅੱਧੀ ਤੋਂ ਵੱਧ ਵਸੋਂ ਤਬਾਹ ਹੋ ਗਈ ਸੀ। ਇਸ ਲੰਬੀ ਖੂਨੀ ਖਾਨਾਜੰਗੀ ਤੋਂ ਬਾਅਦ ਹੋਏ ‘ਪੀਸ ਆਫ ਵੈਸਟਫੇਲੀਆ ਸਮਝੌਤੇ’ ਤੱਕ ਪਹੁੰਚਦੇ, ਪੱਛਮ ਵਿੱਚ ਧਰਮ ਨੂੰ ਰਾਜਨੀਤੀ ਤੋਂ ਵੱਖ ਕਰਨ ਦਾ ਰੁਝਾਨ ਵੱਡੀ ਪੱਧਰ ‘ਤੇ ਚੱਲ ਪਿਆ ਸੀ।ਇਸੇ ਦੌਰਾਨ 1644 ਈਸਵੀ ਵਿੱਚ ਅਮਰੀਕਨ ਬੈਪਟਿਸਟ ਚਰਚ ਦੇ ਮਨਿਸਟਰ ਰੌਜਰ ਵਿਲੀਅਮ ਨੇ ਇਹ ਸਿਧਾਂਤ ਪੇਸ਼ ਕੀਤਾ ਕਿ ‘ਧਰਮ ਅਤੇ ਸਿਆਸਤ’ ਵਿੱਚ ਇੱਕ ਦੀਵਾਰ ਹੋਣੀ ਚਾਹੀਦੀ ਹੈ, ਜੋ ਇਨ੍ਹਾਂ ਨੂੰ ਵੱਖ ਕਰ ਸਕੇ।ਜਿਸ ‘ਤੇ ਵੱਖ-ਵੱਖ ਢੰਗਾਂ ਨਾਲ਼ ਸੈਂਕੜੇ ਸਾਲ ਵਿਚਾਰ ਚੱਲਦੀ ਰਹੀ ਤਾਂ 1801 ਵਿੱਚ ਫਰਾਂਸ ਦੇ ਬਾਦਸ਼ਾਹ ਨੇਪੋਲੀਅਨ ਬੋਨਾਪਰਟ ਅਤੇ ਪੋਪ ਪੀਅਸ ਸੱਤਵੇਂ ਵਿੱਚ ਧਰਮ ਨੂੰ ਰਾਜ ਤੋਂ ਵੱਖ ਕਰਨ ਦਾ ਪੈਰਿਸ ਵਿੱਚ ਸਮਝੌਤਾ ਹੋਇਆ।ਇਸ ਤੋਂ ਇੱਕ ਸਾਲ ਬਾਅਦ ਤੀਜੇ ਅਮਰੀਕਨ ਰਾਸ਼ਟਰਪਤੀ ਥੌਮਸ ਜੈਫਰਸਨ ਨੇ 1802 ਵਿੱਚ ਅਮਰੀਕਨ ਪਾਰਲੀਮੈਂਟ ਵਿੱਚ ‘ਚਰਚ ਤੇ ਸਟੇਟ’ ਨੂੰ ਵੱਖ ਕਰਨਾ ਬਿੱਲ ਪਾਸ ਕੀਤਾ।ਫਿਰ 20ਵੀਂ ਸਦੀ ਦੇ ਸ਼ੁਰੂ ਵਿੱਚ ਸੈਕੂਲਰ ਸਟੇਟ (ਧਰਮ ਨਿਰਪੱਖ ਰਾਜ) ਦਾ ਸਿਧਾਂਤ ਪ੍ਰਚਲਤ ਹੋਇਆ ਤਾਂ 1905 ਵਿੱਚ ‘ਸਟੇਟ ਤੇ ਚਰਚ’ ਨੂੰ ਪੂਰੀ ਤਰ੍ਹਾਂ ਵੱਖ ਕਰ ਦਿੱਤਾ ਗਿਆ। ਜਿਸਨੂੰ ਪਿਛਲੀ ਸਦੀ ਵਿੱਚ ਤਕਰੀਬਨ ਸਾਰੇ ਪੱਛਮੀ ਦੇਸ਼ਾਂ ਨੇ ਸਵੀਕਾਰ ਲਿਆ, ਬੇਸ਼ੱਕ ਅਜੇ ਵੀ ਦੁਨੀਆਂ ਵਿੱਚ ਮੁਸਲਮਾਨਾਂ ਦੀਆਂ ਇਸਲਾਮਿਕ ਸਟੇਟਸ ਹਨ।ਜਿਨ੍ਹਾਂ ਨੂੰ ਉਥੇ ਰਹਿਣ ਵਾਲ਼ੇ ਲੋਕਾਂ ਸਮੇਤ ਕੋਈ ਵੀ ਪਸੰਦ ਨਹੀਂ ਕਰਦਾ। ‘ਧਰਮ ਤੇ ਰਾਜਨੀਤੀ’ ਦੇ ਗੱਠਜੋੜ ਨਾਲ਼ ਮਨੁੱਖਤਾ ਦੀ ਹੋਈ ਤਬਾਹੀ ਤੋਂ ਸਬਕ ਲੈਂਦੇ ਹੋਏ, ਦੁਨੀਆਂ ਵਿੱਚ ਅੱਜ ਧਰਮ ਨਿਰਪੱਖ, ਲੋਕਤੰਤਰੀ ਰਾਜ ਸਰਬ ਪ੍ਰਵਾਨਤ ਹਨ।ਪਰ ਸਾਡੀ ਦੇਸ਼-ਵਿਦੇਸ਼ ਵਿਚਲੀ ਸਿੱਖ ਲੀਡਰਸ਼ਿਪ ਆਪ ਤਾਂ ਕੋਈ ਫੈਸਲਾ ਕਰਨ ਦੇ ਸਮਰੱਥ ਨਹੀਂ, ਪਰ ਦੁਨੀਆਂ ਦੇ ਤਜ਼ਰਬੇ ਤੋਂ ਲਾਭ ਉਠਾ ਕੇ ਧਰਮ ਨੂੰ ਰਾਜਨੀਤੀ ਨੂੰ ਵੱਖ ਕਰਨ ਦੀ ਥਾਂ ‘ਰਾਜਨੀਤੀ’ ਨੂੰ ‘ਧਰਮ’ ਵਿੱਚ ਬੜੇ ਜ਼ੋਰ-ਸ਼ੋਰ ਨਾਲ਼ ਵਾੜ ਰਹੀ ਹੈ।ਬੇਸ਼ੱਕ ਸਿੱਖ ਸਮਾਜ ਵਿੱਚ ਵੀ ਪਿਛਲੇ 100 ਸਾਲ ਦੇ ਧਰਮ ਤੇ ਰਾਜਨੀਤੀ ਦੇ ਸੁਮੇਲ ਨਾਲ਼ ਨਤੀਜੇ ਸਭ ਦੇ ਸਾਹਮਣੇ ਹਨ, ਪਰ ਫਿਰ ਵੀ ਸਾਡੀ ਦੇਸ਼-ਵਿਦੇਸ਼ ਦੀ ਧਾਰਮਿਕ ਤੇ ਸਿਆਸੀ ਲੀਡਰਸ਼ਿਪ ਆਪਣੇ ਸੌੜੇ ਹਿੱਤਾਂ ਲਈ ਧਰਮ ਦੀ, ਰਾਜਨੀਤੀ ਲਈ ਦੁਰਵਰਤੋਂ ਨੂੰ ਜਾਇਜ ਦੱਸ ਰਹੀ ਹੈ।
ਸਿੱਖ ਸਮਾਜ ਵਿੱਚ ਵੀ ਪਿਛਲ਼ੇ 50-60 ਸਾਲਾਂ ਤੋਂ ਹਰ 5-7 ਸਾਲ ਬਾਅਦ ‘ਧਰਮ ਅਤੇ ਰਾਜਨੀਤੀ’ (ਮੀਰੀ-ਪੀਰੀ) ਦੇ ਸੁਮੇਲ ਅਤੇ ਅਕਾਲ ਤਖਤ ਸਾਹਿਬ ਦੀ ਪ੍ਰਭੂ ਸਤ੍ਹਾ ਬਾਰੇ ਬਹਿਸ ਚੱਲਦੀ ਰਹਿੰਦੀ ਹੈ, ਪਰ ਹਕੀਕਤ ਵਿੱਚ ਇਸਨੂੰ ਲਾਗੂ ਕਿਵੇਂ ਕੀਤਾ ਜਾਵੇ, ਇਸ ਬਾਰੇ ਕਿਸੇ ਕੋਲ਼ ਕੋਈ ਸੰਜੀਦਾ ਪ੍ਰੋਗਰਾਮ ਨਹੀਂ ਹੈ? ਮੇਰੀ ਸਮਝ ਅਨੁਸਾਰ ਜਿਸਦਾ ਵੱਡਾ ਕਾਰਨ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮੌਜੂਦਾ ਸੰਸਥਾ ਅਤੇ ‘ਮੀਰੀ-ਪੀਰੀ’ ਦੇ ਸਿਧਾਂਤ ਬਾਰੇ ਸਾਡੇ ਕੋਲ਼ ਕੋਈ ਗੁਰੂ ਸਾਹਿਬ ਦੀਆਂ ਕੋਈ ਸਮਕਾਲੀ ਪੁਖਤਾ ਲਿਖਤਾਂ ਨਹੀਂ ਹਨ, ਜਿਨ੍ਹਾਂ ਨੂੰ ਅਧਾਰ ਬਣਾ ਕੇ ਇਨ੍ਹਾਂ ਦੋਨਾਂ ਵਿਸ਼ਿਆਂ ‘ਤੇ ਪੰਥ ਕੋਈ ਗੁਰੂ ਸਿਧਾਂਤ ਅਨੁਸਾਰ ਸਾਂਝੀ ਰਾਏ ਬਣਾ ਸਕੇ।ਇਸ ਸਬੰਧੀ ਡਾ. ਸਰਦਾਰਾ ਸਿੰਘ ਜੌਹਲ਼ ਵਲੋਂ ਆਪਣੇ ਵਿਚਾਰ ਇਵੇਂ ਪੇਸ਼ ਕੀਤੇ ਸਨ:
‘‘ਸਿੱਖ ਸਮਾਜ ਵਿੱਚ ਪ੍ਰਚੱਲਤ ਵਿਚਾਰ ਅਨੁਸਾਰ ਸਿੱਖ ਧਰਮ ਵਿੱਚ ‘ਧਰਮ ਤੇ ਰਾਜਨੀਤੀ’ ਦਾ ਗੱਠਜੋੜ ਹੈ, ਜਿਸ ਅਨੁਸਾਰ ਰਾਜਨੀਤੀ, ਧਰਮ ਦੇ ਕੁੰਡੇ ਹੇਠ ਚੱਲਦੀ ਹੈ।ਪਰ ਹਕੀਕਤ ਵਿੱਚ ‘ਸ਼੍ਰੋਮਣੀ ਅਕਾਲ ਦਲ’ ਅਤੇ ‘ਸ਼੍ਰੋਮਣੀ ਕਮੇਟੀ’ ਦੀ ਲੀਡਰਸ਼ਿਪ ਨੇ ਪੰਜਾਬ ਵਿੱਚ ਮਿਲ਼ੀ ਸਤ੍ਹਾ ਦੌਰਾਨ ਇਹ ਸਿਧਾਂਤ ਉਲਟਾ ਕੇ ਧਾਰਮਿਕ ਸਿੱਖ ਸੰਸਥਾਵਾਂ ਵਿੱਚ ਬਹੁਤ ਬੁਰ੍ਹੀ ਤਰ੍ਹਾਂ ਕੁਰੱਪਟ ਸਿਆਸਤ ਵਾੜ ਦਿੱਤੀ ਹੈ।ਅਕਾਲੀ ਲੀਡਰਸ਼ਿਪ ਦੀ ਸੌੜੀ ਸਿਆਸਤ ਨੇ ਸਿਰਫ ਸਿੱਖ ਸੰਸਥਾਵਾਂ ਹੀ ਨਹੀਂ, ਸਗੋਂ ਸਿੱਖ ਧਰਮ ‘ਤੇ ਵੀ ਸਵਾਲੀਆ ਚਿੰਨ੍ਹ ਲਗਾ ਦਿੱਤੇ ਹਨ।’’ (ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਸਾਬਕਾ ਵਾਈਸ ਚਾਂਸਲਰ ਤੇ ਉਘੇ ਅਰਥ ਸ਼ਾਸਤਰੀ, ਸਰਦਾਰਾ ਸਿੰਘ ਜੌਹਲ਼ ਦੇ 2019 ਵਿੱਚ ਛਪੇ ਇੱਕ ਲੇਖ ‘ਸਿੱਖ ਧਰਮ, ਸਿਆਸਤ ਅਤੇ ਅਕਾਲ ਤਖਤ’ ਵਿੱਚੋਂ ਕੁਝ ਲਾਈਨਾਂ)।
ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ 1999 ਦੀ ‘ਖਾਲਸਾ ਸਾਜਨਾ’ ਦੀ 300 ਸਾਲਾ ਸ਼ਤਾਬਦੀ ਦੇ ਦੌਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਬੀਂਡੀ ਜੁੱਪ ਕੇ ਉਸ ਸਮੇਂ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰੇਆਮ ਠਿੱਬੀ ਲਾਉਣ ਦੀ ਅਸਫਲ ਕੋਸ਼ਿਸ਼ ਸੀ।ਇਸਦੇ ਉਲਟ ਬਾਦਲ ਸਾਹਿਬ ਨੇ ਜਥੇਦਾਰ ਰਣਜੀਤ ਸਿੰਘ ਅਤੇ ਜਥੇਦਾਰ ਟੌਹੜਾ ਨੂੰ ਬਹੁਤ ਹੀ ਬੇਅਸੂਲੇ ਤਰੀਕੇ ਨਾਲ਼ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਜਿਸ ਤੋਂ ਬਾਅਦ ਅਕਾਲੀ ਦਲ ਬਾਦਲ ਨੇ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਅਜਿਹਾ ਕਬਜ਼ਾ ਕੀਤਾ ਕਿ ਅੱਜ ਤੱਕ ਕੋਈ ਛੁਡਵਾ ਨਹੀਂ ਸਕਿਆ।
ਛੇਵੇਂ ਗੁਰੂ ਹਰਿਗੋੋਬਿੰਦ ਸਿੰਘ ਵਲੋਂ ਸਿਰਜੇ ਅਕਾਲ ਤਖਤ ਸਾਹਿਬ ਅਤੇ ਮੀਰੀ-ਪੀਰੀ ਦੇ ਸਿਧਾਂਤ ਬਾਰੇ ਪੰਥ ਵਿੱਚ ਕਦੇ ਕੋਈ ਸਪੱਸ਼ਟਤਾ ਨਹੀਂ ਰਹੀ।ਇਸ ਵਿਸ਼ੇ ‘ਤੇ ਪਏ ਰੋਲ਼-ਘਚੋਲ਼ੇ ਬਾਰੇ ਗੱਲ ਕਰਨ ਵਾਲ਼ੀ ਹਰ ਆਵਾਜ਼ ਦਬਾ ਦਿੱਤੀ ਜਾਂਦੀ ਰਹੀ ਹੈ।ਦੋ ਕੁ ਦਹਾਕੇ ਪਹਿਲਾਂ ਉਸ ਵਕਤ ਦੇ ਜਥੇਦਾਰ ਜੁਗਿੰਦਰ ਸਿੰਘ ਵੇਦਾਂਤੀ ਵਲੋਂ ਵੀ ਸ਼੍ਰੋਮਣੀ ਕਮੇਟੀ ਨੂੰ ਚਿੱਠੀ ਲਿਖ ਕੇ ਸ੍ਰੀ ਅਕਾਲ ਤਕਤ ਸਾਹਿਬ ਦੀ ਸੰਸਥਾ ਦੇ ਰੋਲ ਅਤੇ ਜਥੇਦਾਰਾਂ ਦੀਆਂ ਨਿਯੁਕਤੀਆਂ, ਉਨ੍ਹਾਂ ਦੇ ਕਾਰਜ ਖੇਤਰ ਬਾਰੇ ਪੰਥ ਦੀਆਂ ਸੰਸਥਾਵਾਂ ਅਤੇ ਵਿਦਵਾਨਾਂ ਨਾਲ਼ ਸਲਾਹ ਕਰਕੇ ਕੋਈ ਠੋਸ ਨੀਤੀ ਤਹਿ ਕਰਨ ਬਾਰੇ ਮੰਗ ਕੀਤੀ ਸੀ।ਇਸ ਬਾਰੇ ਇੱਕ ਕਮੇਟੀ ਵੀ ਬਣੀ ਸੀ, ਪਰ ਹੋਰ ਮਸਲਿਆਂ ਵਾਂਗ ਇਸ ਬਾਰੇ ਵੀ ਪੰਥ ਅੱਟ ਤੱਕ ਕੋਈ ਨਿਰਣਾ ਨਹੀਂ ਕਰ ਸਕਿਆ।ਜਿਸਦਾ ਮੁੱਖ ਕਾਰਨ ਇਹੀ ਹੈ ਕਿ ਜਿਨ੍ਹਾਂ ਦੇ ਹੱਥ ਤਾਕਤ ਹੈ, ਉਹ ਇਸਨੂੰ ਛੱਡਣਾ ਨਹੀਂ ਚਾਹੁੰਦੇ।ਹਰ ਪੰਥਕ ਕਹਾਉਂਦੀ ਧਿਰ ਵਲੋਂ ਸਮੇਂ-ਸਮੇਂ ਅਕਾਲ ਤਖਤ ਅਤੇ ਉਸਦੇ ਜਥੇਦਾਰ ਨੂੰ ਆਪਣੇ-ਆਪਣੇ ਹਿੱਤਾਂ ਅਨੁਸਾਰ ਵਰਤਣ ਦੀਆਂ ਕੋਸ਼ਿਸ਼ਾਂ ਚੱਲਦੀਆਂ ਰਹਿੰਦੀਆਂ ਹਨ।ਹੋਰ ਧਰਮਾਂ ਵਿੱਚ ਵੀ ਅਜਿਹੇ ਵਿਵਾਦ ਕੋਈ ਨਵੇਂ ਨਹੀਂ, ਪਰ ਹੋਰ ਕੌਮਾਂ ਅਜਿਹੇ ਮਸਲਿਆਂ ‘ਤੇ ਆਪਣੇ ਇਤਿਹਾਸਕ ਤਜ਼ੁਰਬਿਆਂ ਅਨੁਸਾਰ ਹੱਲ ਕਰ ਲੈਂਦੀਆਂ ਹਨ।ਪਰ ਸਿੱਖ ਕੌਮੀ ਤੌਰ ‘ਤੇ ਕਦੇ ਕੋਈ ਮਸਲਾ ਹੱਲ ਨਹੀਂ ਕਰ ਸਕੇ।ਸਗੋਂ ਇੱਕ ਮਸਲਾ ਹੱਲ ਕਰਦੇ-ਕਰਦੇ 2-4 ਹੋਰ ਮਸਲੇ ਖੜੇ ਕਰ ਲੈਂਦੇ ਹਨ।ਅਜਿਹੀ ਸਥਿਤੀ ਬਾਰੇ ਲੇਖਕ ਹਾਕਮ ਸਿੰਘ ਵਲੋਂ ਆਪਣੇ ਵਿਚਾਰ ਇੱਕ ਲੇਖ ਵਿੱਚ ਇਸਾਈਅਤ ਦੇ ਇਤਿਹਾਸਕ ਸੰਦਰਭ ਨਾਲ਼ ਇਸ ਤਰ੍ਹਾਂ ਪ੍ਰਗਟ ਕੀਤੇ ਸਨ:
‘‘ਸਭ ਤੋਂ ਪਹਿਲਾਂ (ਸਿੱਖੀ ਦੇ ਆਗਮਨ ਤੋਂ ਹਜ਼ਾਰ ਸਾਲ ਪਹਿਲਾਂ) ਪੋਪ ਗੇਲਾਸੀਅਸ ਪਹਿਲੇ (ਘੲਲੳਸiੁਸ 1) ਨੇ 494 ਈਸਵੀ ਵਿੱਚ ਬਾਦਸ਼ਾਹ ਐਨਸਤੇਸੀਅਸ (ਖਨਿਗ ਅਨੳਸਟੲਸiੁਸ) ਨੂੰ ਲਿਖੇ ਇੱਕ ਪੱਤਰ ਵਿੱਚ ‘ਧਰਮ ਤੇ ਰਾਜਨੀਤੀ’ ਬਾਰੇ ਸਿਧਾਂਤਕ ਵਿਚਾਰ ਪੇਸ਼ ਕੀਤਾ ਸੀ।ਗੇਲਾਸੀਅਸ ਲਿਖਦਾ ਹੈ, ‘ਦੋ ਸ਼ਕਤੀਆਂ ਹਨ, ਜੋ ਵਿਸ਼ਵ ‘ਤੇ ਰਾਜ ਕਰਦੀਆਂ ਹਨ: ਪੁਜਾਰੀਆਂ (ਫਰੲਸਿਟਸ) ਦੀ ਪਵਿੱਤਰ ਪ੍ਰਭੂ ਸਤ੍ਹਾ ਅਤੇ ਰਾਜ ਕੁਮਾਰਾਂ ਦੀ ਪ੍ਰਬੰਧਕੀ ਰਾਜ ਸ਼ਕਤੀ।ਇਹ ਦੋਨੋਂ ਹੀ, ਪ੍ਰਭੂ ਵਲੋਂ ਦੋਨਾਂ (ਬਾਦਸ਼ਾਹ ਤੇ ਪੁਜਾਰੀ) ਨੂੰ ਬਖਸ਼ੀਆਂ ਹੋਈਆਂ ਹਨ।’’ ਇਸਨੂੰ ਪੋਪ ਗੇਲਾਸੀਅਸ ਦਾ ਸਿਧਾਂਤ ਵੀ ਕਿਹਾ ਜਾਂਦਾ ਹੈ।ਜਿਸਨੂੰ 1302 ਈਸਵੀ ਵਿੱਚ ਪੋਪ ਬੋਨੀਫੇਸ ਅੱਠਵੇਂ ਨੇ ‘ਦੋ ਤਲਵਾਰਾਂ’ ਦੇ ਸਿਧਾਂਤ ਦੇ ਰੂਪ ਵਿੱਚ ਪੇਸ਼ ਕੀਤਾ ਸੀ, ਜਿਸ ਅਨੁਸਾਰ ਸੰਸਾਰ ਵਿੱਚ ਦੋ ਮੁੱਖ ਸ਼ਕਤੀਆਂ ਹਨ, ‘ਇੱਕ ਚਰਚ’ (ਧਰਮ ਦੀ ਤਲਵਾਰ) ਅਤੇ ‘ਦੂਜੀ ਸਟੇਟ’ (ਰਾਜਨੀਤੀ ਦੀ ਤਲਵਾਰ), ਦੋਨੋਂ ਰਲ਼ ਕੇ ਚੱਲਦੀਆਂ ਹਨ, ਪਰ ‘ਧਰਮ ਦੀ ਤਲਵਾਰ’, ‘ਰਾਜ ਦੀ ਤਲਵਾਰ’ ਤੋਂ ਉਪਰ ਹੈ।(ਸਾਡੇ ਵਿੱਚ ਵੀ ਮੀਰੀ-ਪੀਰੀ ਦੀ ਦੋ ਤਲਵਾਰਾਂ ਦੀ ਗੱਲ ਚੱਲਦੀ ਹੈ, ਭਾਵ ਇੱਕ ਰਾਜਨੀਤੀ ਤੇ ਧਰਮ ਦੀ ਤਲਵਾਰ)।ਪਰ ਇਸਾਈਅਤ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ‘ਪੁਜਾਰੀ’ (ਧਰਮ) ਹਮੇਸ਼ਾਂ ‘ਬਾਦਸ਼ਾਹ’ ਦੇ ਅਧੀਨ ਹੀ ਰਿਹਾ ਹੈ।ਜਿਸ ਅਧੀਨ ਇਸਾਈਅਤ ਦੇ ਨਾਮ ‘ਤੇ ਬਾਦਸ਼ਾਹਾਂ ਨੇ ਸਾਰੀ ਦੁਨੀਆਂ ਵਿੱਚ ਆਪਣੇ ਨਿੱਜੀ ਰਾਜ ਸਥਾਪਿਤ ਕੀਤੇ।’’ (ਪੰਜਾਬੀ ਯੂਨੀਵਰਸਿਟੀ ਵਿੱਚ ਡਾ. ਜੌਹਲ਼ ਦੇ ਸਮਕਾਲੀ ਰਹੇ ਅਤੇ ਅੱਜ-ਕਲ੍ਹ ਕਨੇਡਾ ਰਹਿੰਦੇ ਲੇਖਕ ਸ. ਹਾਕਮ ਸਿੰਘ ਨੇ ਸਰਦਾਰਾ ਸਿੰਘ ਜੌਹਲ਼ ਦੇ ਉਪਰਲੇ ਲੇਖ ਦੇ ਜਵਾਬ ਵਿੱਚ ‘ਪੰਜਾਬ ਟਾਈਮਜ਼, ਅਮਰੀਕਾ’ ਅਖ਼ਬਾਰ ਦੇ ਫਰਵਰੀ 23, 2019 ਨੂੰ ਛਪੇ ਇੱੱਕ ਲੇਖ ‘ਸਿੱਖ ਧਰਮ ਅਤੇ ਸਿਅਸਾਤ’ ਰਾਹੀਂ ਜਵਾਬ ਦਿੱਤਾ ਸੀ, ਜਿਸ ਵਿਚੋਂ ਇਹ ਕੁਝ ਲਾਈਨਾਂ ਹਨ)।
ਇਸੇ ਵਿਸ਼ੇ ‘ਤੇ ਡਾ. ਜਸਬੀਰ ਸਿੰਘ ਆਹਲੂਵਾਲ਼ੀਆ ਦਾ ਇੱਕ ਲੇਖ ਵੀ ਵਿਚਾਰਨਯੋਗ ਹੈ, ਜਿਸ ਵਿੱਚ ਉਹ ਲਿਖਦੇ ਹਨ:
‘‘ਪਰ ਅੱਜਕਲ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਭ੍ਰਿਸ਼ਟਾਚਾਰ ਦਾ ਮੁੱਖ ਕਾਰਨ ਸ਼੍ਰੋਮਣੀ ਕਮੇਟੀ ਦਾ ਅਕਾਲੀ ਦਲ ਵਲੋਂ ਸਿਆਸੀਕਰਨ ਕਰਨਾ, ਭਾਵ ਸਿੱਖਾਂ ਦੀ ਸੰਗਠਿਤ ਸ਼ਕਤੀ ਨੂੰ ਅਕਾਲੀ ਦਲ ਵਲੋਂ ਅਮਲੀ ਰੂਪ ਵਿੱਚ ਗੁਰਦੁਆਰਿਆਂ ਦੀ ਸਾਂਭ ਸੰਭਾਲ਼ ਲਈ ਬਣੀ ਸ਼੍ਰੋਮਣੀ ਕਮੇਟੀ ਵਿੱਚ ਭ੍ਰਿਸ਼ਾਟਾਚਾਰ ਵਾੜਨਾ ਹੈ, ਉਸਨੂੰ ਆਪਣੇ ਰਾਜਨੀਤਕ ਹਿੱਤਾਂ ਲਈ ਵਰਤਣਾ।ਇਸਦੇ ਮਾਇਕ ਵਸੀਲਿਆਂ ਸਮੇਤ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ, ਮੁਲਾਜ਼ਮਾਂ, ਜਥੇਦਾਰਾਂ ਆਦਿ ਨੂੰ ਆਪਣੀ ਵੋਟ ਸਿਆਸਤ ਲਈ ਵਰਤਣਾ।ਗੁਰਦੁਆਰਾ ਸਟੇਜਾਂ ਨੂੰ ਪੰਥਕ ਕਾਨਫਰੰਸਾਂ ਦਾ ਨਾਮ ਦੇ ਕੇ ਸਿਆਸੀ ਲਾਹੇ ਲੈਣ ਲਈ ਵਰਤਣਾ।ਅਕਾਲੀ ਦਲ ਵਲੋਂ ਸ਼੍ਰੋਮਣੀ ਕਮੇਟੀ ਦੇ ਫੰਡ ਵਰਤ ਕੇ ਆਪਣੇ ਸਿਆਸੀ ਲਾਭਾਂ ਲਈ ਖਾਲਸਾ ਮਾਰਚਾਂ, ਸ਼ਤਾਬਦੀਆਂ, ਨਗਰ ਕੀਰਤਨਾਂ ਨੂੰ ਵਰਤਣਾ।’’ (ਸਿੱਖ ਵਿਵਾਨ ਤੇ ਲੇਖਕ ਡਾ. ਜਸਬੀਰ ਸਿੰਘ ਆਹਲੂਵਾਲੀਆ ਦਾ ਇੱਕ ਲੇਖ: ‘ਦੂਸਰੀ ਸਿੱਖ ਜਾਗ੍ਰਿਤੀ ਲਹਿਰ ਦੀ ਲੋੜ’ ਜੋ, 1999 ਦੀ ਖਾਲਸਾ ਸ਼ਤਾਬਦੀ ਤੋਂ ਕੁਝ ਸਮਾਂ ਪਹਿਲਾਂ ਲਿਖਿਆ ਸੀ, ਵਿੱਚੋਂ ਉਪਰਲੀਆਂ ਕੁਝ ਲਾਈਨਾਂ)
ਮਾਡਰਨ ਵਰਲਡ ਦੇ ਲੋਕਤੰਤਰੀ ਸਿਸਟਮ ਵਿੱਚ ਹਰ ਇੱਕ ਵਿਅਕਤੀ, ਸੰਸਥਾ ਜਾਂ ਕਮਿਉਨਿਟੀ ਨੂੰ ਆਪਣੀ ਗੱਲ ਆਪਣੇ ਢੰਗ ਨਾਲ਼ ਕਰਨ ਦਾ ਕਨੂੰਨੀ ਤੌਰ ‘ਤੇ ਪੂਰਨ ਅਧਿਕਾਰ ਹੈ।ਪਰ ਕੀ ਅਸੀਂ ਅਜਿਹੀਆਂ ਘਟਨਾਵਾਂ ਮੌਕੇ ਚੁੱਪ ਰਹਿ ਕੇ, ਆਪਣੀ ਮਨ-ਮਾਨੀ ਕਰਨ ਦੇ ਸਾਰੇ ਅਧਿਕਾਰ ਕੁਝ ਲੋਕਾਂ ਨੂੰ ਹੀ ਨਹੀਂ ਦੇ ਰਹੇ? ਕੀ ਸਾਡਾ ਸਮਾਜ ਭੀੜਤੰਤਰ ਵੱਲ ਨਹੀਂ ਵਧ ਰਿਹਾ, ਜਿੱਥੇ ਸੋਚ-ਵਿਚਾਰ, ਸੰਵਾਦ ਨੂੰ ਕੋਈ ਥਾਂ ਨਹੀਂ ਹੋਵੇਗੀ? ਅੱਜ ਸਿੱਖ ਸਮਾਜ ਵੱਡੇ ਪੱਧਰ ‘ਤੇ ਬੌਧਿਕ ਕੰਗਾਲੀ ਹੰਢਾ ਰਿਹਾ ਹੈ? ਆਮ ਲੋਕਾਂ ਦੀ ਗੱਲ ਤਾਂ ਹੁਣ ਬਹੁਤ ਦੂਰ ਲੰਘ ਚੁੱਕੀ ਹੈ, ਚੰਗੇ ਸੂਝਵਾਨ, ਪੜ੍ਹੇ-ਲਿਖੇ, ਸੰਜੀਦਾ ਅਤੇ ਲੋਕ ਸਰੋਕਾਰਾਂ ਨੂੰ ਸਮਰਪਿਤ ਵਿਅਕਤੀ ਵੀ ਆਪਣੇ ਦਿਲ ਦੀ ਗੱਲ ਪਬਲੀਕਲੀ ਕਰਨ ਤੋਂ ਡਰਦੇ ਹਨ ਜਾਂ ਕੰਨੀ ਕਤਰਾਉਂਦੇ ਹਨ?
ਸਿੱਖ ਪੰਥ ਲਈ ਦੇਸ਼-ਵਿਦੇਸ਼ ਵਿੱਚ ਇਹ ਮਸਲਾ, ਵਿਰਾਟ ਰੂਪ ਧਾਰ ਚੁੱਕਾ ਹੈ ਕਿ ਧਰਮ ਨੂੰ ਰਾਜਨੀਤੀ ਲਈ ਵਰਤਣਾ ਕਿਤਨਾ ਕੁ ਜਾਇਜ ਮੰਨਿਆ ਜਾ ਸਕਦਾ ਹੈ? ਕੀ 17ਵੀਂ-18ਵੀਂ ਸਦੀ ਦੇ ਇਤਿਹਾਸਕ ਫੈਸਲਿਆਂ ਨੂੰ 21ਵੀਂ ਵੀ ਸਦੀ ਵਿੱਚ ਉਵੇਂ ਹੀ ਲਾਗੂ ਕੀਤਾ ਜਾ ਸਕਦਾ ਹੈ ਜਾਂ ਕੀਤਾ ਜਾਣਾ ਚਾਹੀਦਾ ਹੈ? ਕੀ ਗੁਰਦੁਆਰੇ ਦੇ ਸਰਬ ਸਾਂਝੇ ਧਾਰਮਿਕ ਪਲੈਟਫਾਰਮ ਨੂੰ ਵੋਟ ਰਾਜਨੀਤੀ ਲਈ ਵਰਤਣਾ ਸਿੱਖ ਪੰਥ ਦੇ ਵਡੇਰੇ ਹਿੱਤਾਂ ਵਿੱਚ ਹੋ ਸਕਦਾ ਹੈ? ਇਸ ‘ਤੇ ਪੰਥ ਵਿੱਚ ਸੰਜੀਦਾ ਵਿਚਾਰ ਕਦੋਂ ਸ਼ੁਰੂ ਹੋਵੇਗੀ? ਆਮ ਸੰਗਤ ਨਗਰ ਕੀਰਤਨ ਨੂੰ ਧਾਰਮਿਕ ਘੱਟ ‘ਤੇ ਮੇਲੇ ਵਾਂਗ ਵੱਧ ਲੈਂਦੀ ਹੈ, ਉਨ੍ਹਾਂ ਦਾ ਧਿਆਨ ਖਾਣ-ਪੀਣ, ਆਪਣੇ ਜਾਣਕਾਰਾਂ ਨੂੰ ਮਿਲਣ-ਗਿਲਣ ਵੱਲ ਵੱਧ ਹੁੰਦਾ ਹੈ।ਆਮ ਬਿਜਨੈਸਮੈਨਾਂ ਅਤੇ ਸਿਆਸੀ ਲੀਡਰਾਂ ਨੂੰ ਵੀ ਇਸ ਵੱਡੇ ਇਕੱਠ ਵਿੱਚ ਆਪਣੀ ਪ੍ਰਮੋਸ਼ਨ ਕਰਨ ਦਾ ਮੌਕਾ ਮਿਲਦਾ ਹੈ।ਫਿਰ ਕਿਉਂ ਨਾ ਸੜਕਾਂ ਰੋਕ ਕੇ, ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਸਕਿਉਰਿਟੀ ਅਤੇ ਟਰੈਫਿਕ ਕੰਟਰੋਲ ਲਈ ਲੱਖਾਂ ਡਾਲਰ ਦੇਣ ਨਾਲ਼ੋਂ ਲੋਕਾਂ ਦੀ ਮਾਨਿਸਕਿਤਾ ਅਨੁਸਾਰ ਇਸਨੂੰ ਕਿਸੇ ਪਾਰਕ ਜਾਂ ਗਰਾਊਂਡ ਵਿੱਚ ਮੇਲੇ ਦਾ ਰੂਪ ਦੇ ਦਿੱਤਾ ਜਾਵੇ? ਜਿੱਥੇ ਲੋਕ ਖਾਣ-ਪੀਣ, ਬਿਜਨੈਸ ਵਾਲ਼ੇ ਆਪਣੀ ਪ੍ਰਮੋਸ਼ਨ ਕਰਨ, ਦੋ ਵੱਖਰੀਆਂ ਧਾਰਮਿਕ ਤੇ ਰਾਜਸੀ ਸਟੇਜਾਂ ਲਗਾ ਦਿੱਤੀਆਂ ਜਾਣ।ਜਿੱਥੇ ਲੋਕ ਆਪਣੀ ਸੋਚ ਅਨੁਸਾਰ ਮੇਲੇ ਦਾ ਆਨੰਦ ਮਾਨਣ।ਜਿਸ ਤਰ੍ਹਾਂ ਪੰਜਾਬ ਵਿੱਚ ਵੈਸਾਖੀ ਮੇਲਿਆਂ ‘ਤੇ ਧਾਰਮਿਕ, ਸਮਾਜਿਕ, ਰਾਜਸੀ ਅਤੇ ਸਭਿਆਚਾਰਕ ਸਟੇਜਾਂ ਹੁੰਦੀਆਂ ਹਨ, ਇੱਥੇ ਵੀ ਇਵੇਂ ਹੀ ਕੀਤਾ ਜਾ ਸਕਦਾ ਹੈ।ਜਿਸ ਨਾਲ਼ ਆਮ ਲੋਕਾਂ ਦੀ ਸੜਕਾਂ ਰੋਕਣ ਨਾਲ਼ ਹੁੰਦੀ ਪ੍ਰੇਸ਼ਾਨੀ ਤੋਂ ਵੀ ਬਚਿਆ ਜਾ ਸਕਦਾ ਹੈ ਅਤੇ ਖਰਚਾ ਵੀ ਕਾਫੀ ਘਟ ਸਕਦਾ ਹੈ।ਪਰ ਹੋਵੇਗਾ ਤਾਂ ਹੀ ਜੇ ਗੁਰਦੁਆਰਿਆਂ ਦੇ ਪ੍ਰਬੰਧਕ ਲੋਕ-ਹਿੱਤ ਵਿੱਚ ਸੋਚਣ ਅਤੇ ਦ੍ਰਿੜਤਾ ਨਾਲ਼ ਫੈਸਲੇ ਲੈਣ ਦੇ ਸਮਰੱਥ ਹੋਣ।ਪਰ ਊਠ ਦੇ ਗਲ਼ ਟੱਲੀ ਬੰਨ੍ਹਣ ਤੋਂ ਹਰ ਕੋਈ ਡਰਦਾ ਹੈ, ਜਦਕਿ ਤਬਦੀਲੀ ਹਰ ਕੋਈ ਚਾਹੁੰਦਾ ਹੈ।ਮੇਰੀ ਬਜ਼ੁਰਗਾਂ ਦੀਆਂ ਸੁਸਾਇਟੀਆਂ ਦੇ ਕਈ ਮੈਂਬਰਾਂ ਨਾਲ਼ ਗੱਲ ਹੋਈ, ਸਭ ਦੀ ਅਜਿਹੀ ਹੀ ਰਾਏ ਹੈ।ਮੇਰੀ ਸਮਝ ਅਨੁਸਾਰ ਸਭ ਜਗ੍ਹਾ ਸੰਗਤ ਨੇ ਆਪਣਾ ਫੈਸਲਾ ਸਪੱਸ਼ਟ ਰੂਪ ਵਿੱਚ ਦੇ ਦਿੱਤਾ ਹੈ ਕਿ ਬਹੁ-ਗਿਣਤੀ ਸੰਗਤ ਨੂੰ ਸੜਕਾਂ ‘ਤੇ ਤੁਰਨ ਵਿੱਚ ਕੋਈ ਦਿਲਚਸਪੀ ਨਹੀਂ, ਸਭ ਨੂੰ ਸਿੱਧਾ ਪਾਰਕ ਵਿੱਚ ਜਾਣਾ ਹੀ ਠੀਕ ਲੱਗ ਰਿਹਾ ਹੈ। ਕੀ ਪ੍ਰਬੰਧਕ ਸੰਗਤ ਦੀ ਇੱਛਾ ਅਨੁਸਾਰ ਫੈਸਲਾ ਕਰ ਸਕਣਗੇ ਜਾਂ ਕੁਝ ਲੋਕਾਂ ਦੇ ਰਾਜਸੀ ਹਿੱਤਾਂ ਦੀ ਹੀ ਪੂਰਤੀ ਕਰਦੇ ਰਹਿਣਗੇ?
ਧਰਮ ਦੀ ਰਾਜਨੀਤੀ ਲਈ ਵਰਤੋਂ ਦੀ ਚਿੰਤਾ ਸਿੱਖਾਂ ਵਿੱਚ ਕੋਈ ਨਵੀਂ ਗੱਲ ਨਹੀਂ, ਭਾਰਤ ਦੀ 1947 ਵਿੱਚ ਅਜ਼ਾਦੀ ਤੋਂ ਤੁਰੰਤ ਬਾਅਦ ਹੀ, ਅਜਿਹੀ ਚਿੰਤਾ ਇੱਕ ਬਹੁਤ ਹੀ ਸੁਹਿਰਦ ਸਿੱਖ ਚਿੰਤਕ ਗਿਆਨੀ ਹੀਰਾ ਸਿੰਘ ਦਰਦ ਵਲੋਂ ਇਨ੍ਹਾਂ ਲਫਜ਼ਾਂ ਵਿੱਚ ਪ੍ਰਗਟਾਈ ਗਈ ਸੀ:
‘‘ਸਿੱਖ ਫਲਸਫੇ ਵਿੱਚੋਂ ਪੈਦਾ ਹੋ ਰਹੇ ਨਿਆਂਇਕ ਅਤੇ ਸਰਬੱਤ ਦੇ ਭਲੇ ਦੇ ਸਿਧਾਂਤ ਅਧਾਰਿਤ, ਜਿਸ ਸਿੱਖ ਰਾਜਨੀਤੀ ਦੀ ਮਾਸਟਰ ਤਾਰਾ ਸਿੰਘ ਸਮੇਤ ਸਿੱਖ ਲੀਡਰਸ਼ਿਪ ਕਲਪਨਾ ਕਰਦੀ ਹੈ, ਅਜਿਹੀ ਰਾਜਨੀਤੀ ਇਤਿਹਾਸ ਵਿੱਚ ਨਾ ਕਦੇ ਸੀ ਤੇ ਨਾ ਹੀ ਹੋਵੇਗੀ।ਅਜਿਹੀ ਰਾਜਨੀਤੀ ਕਿਸੇ ਸਮੇਂ ਦੇ ਹਾਲਾਤਾਂ ਅਨੁਸਾਰ ਹੁੰਦੀ ਹੈ ਅਤੇ ਸਮਾਂ ਪਾ ਕੇ ਖਤਮ ਹੋ ਜਾਂਦੀ ਹੈ।ਇਸਦਾ ਧਰਮ ਦੇ ਕਿਸੇ ਬੁਨਿਆਦੀ ਸਦੀਵ-ਕਾਲੀ ਸਿਧਾਂਤ ਨਾਲ਼ ਕੋਈ ਸਬੰਧ ਨਹੀਂ ਹੁੰਦਾ, ਜਿਸ ਤਰ੍ਹਾਂ ਸਿੱਖ ਲੀਡਰਸ਼ਿਪ ਸੋਚਦੀ ਹੈ…।‘ਸਰਬੱਤ ਦਾ ਭਲਾ’ ਰਾਜਸੀ ਤਾਕਤ ਨਾਲ਼ ਨਹੀਂ ਹੁੰਦਾ, ਉਦੋਂ ਹੁੰਦਾ ਹੈ, ਜਦੋਂ ਸਮਾਜਵਾਦੀ ਨਿਜ਼ਾਮ ਨਾਲ਼, ਸਮਾਜ, ਵਰਗ ਰਹਿਤ ਹੋ ਜਾਂਦਾ ਹੈ…।ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ, ਸਿੱਖਾਂ ਦੀ ਮੱਧ ਵਰਗ ਸ਼ਰੇਣੀ ਦੀ ਗੁਰਦੁਆਰਾ ਸੁਧਾਰ ਮੂਵਮਮੈਂਟ ਨਾਲ਼ ਬਣੇ ਸਨ।ਜਲਦੀ ਹੀ ਇਸ ਉਪਰ ਜਗੀਰਦਾਰੀ ਵਰਗ ਕਾਬਿਜ ਹੋ ਗਿਆ।ਹੁਣ ਇਸਦੇ ਸੰਘਰਸ਼, ਹਾਰੀ ਟੁੱਟੀ ਜਗੀਰਦਾਰੀ ਦੀ ਸਿਆਸਤ ਹੈ।ਹੁਣ ਇਸਨੂੰ ਜੋ ਮਰਜੀ ਨਾਮ (ਸਿੱਖ ਪੰਥ, ਸਿੱਖ ਕੌਮ, ਸਰਬੱਤ ਦਾ ਭਲਾ ਆਦਿ) ਦੇ ਲਉ, ਇਸਦੀ ਸਿਅਸਾਤ ਉਨ੍ਹਾਂ ਦੀ ਹੋਵੇਗੀ, ਜਿਨ੍ਹਾਂ ਦਾ ਇਨ੍ਹਾਂ ਸੰਸਥਾਵਾਂ ‘ਤੇ ਕਬਜਾ ਹੋਵੇਗਾ।ਸਮੇ-ਸਮੇਂ ਇਸਦੇ ਆਦਰਸ਼ ਇਹ ਰਹੇ ਹਨ: ਗੁਰਦੁਆਰਿਆਂ ਦੀ ਅਜ਼ਾਦੀ, ਸਿੱਖ ਹੱਕਾਂ ਦੀ ਰਾਖੀ, ਅਜ਼ਾਦ ਪੰਜਾਬ, ਸਿੱਖ ਸਟੇਟ, ਸਿੱਖਾਂ ਲਈ ਵੱਖਰਾ ਖਿੱਤਾ, ਖਾਲਿਸਤਾਨ, ਸਿੱਖ ਸੂਬਾ, ਅਜ਼ਾਦ ਸਿੱਖ ਰਾਜ, ਪੂਰਨ ਅਜ਼ਾਦੀ, ਪੰਜਾਬੀ ਸੂਬਾ, ਆਨੰਦਪੁਰ ਦਾ ਮਤਾ ਆਦਿ।ਹੁਣ ਜੇ ਸਰਬੱਤ ਦੇ ਭਲੇ ਦਾ ਆਦਰਸ਼ ਰੱਖ ਕੇ ਵੀ ਪੰਥ ਨੂੰ ਕੋਈ ਪ੍ਰੋਗਰਾਮ ਦੇ ਲਿਆ ਜਾਵੇ, ਇਸਦਾ ਖਾਸਾ ਨਹੀਂ ਬਦਲੇਗਾ ਕਿਉਂਕਿ ਇਸਨੂੰ ਚਲਾਉਣ ਵਾਲ਼ੀ ਸ਼ਕਤੀ ਜਗੀਰਦਾਰੀ (ਸਰਮਾਏਦਾਰੀ) ਹੈ।ਇਸਦਾ ਮੁੱਖ ਕੰਮ ਸਿੱਖਾਂ ਵਿਚਲੀ ਹੇਠਲੀ ਮਿਹਨਤਕਸ਼ ਅਤੇ ਮੱਧ ਵਰਗੀ ਜਮਾਤ ਨੂੰ ਸਿੱਖੀ ਜਾਂ ਪੰਥ ਦੇ ਨਾਮ ‘ਤੇ ਗੁੰਮਰਾਹ ਕਰਕੇ ਜਮਾਤੀ ਜਥੇਬੰਦੀਆਂ ਅਤੇ ਜਨਤਕ ਘੋਲ਼ਾਂ ਤੋਂ ਦੂਰ ਰੱਖਣਾ ਹੈ।ਜੇ ਤੁਸੀਂ ਸਿੱਖਾਂ ਜਾਂ ਸਿੱਖੀ ਦੇ ਹਿੱਤ ਵਿੱਚ ਹੋ ਤਾਂ ਇਹ ਭੁਲੇਖਾ ਕੱਢ ਦੇਵੋ ਕਿ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ (ਜਾਂ ਹੁਣ ਦੇਸ਼-ਵਿਦੇਸ਼ ਦੀ ਪੰਥਕ ਲੀਡਰਸ਼ਿਪ), ਸਿੱਖਾਂ ਦਾ ਕਦੇ ਕੋਈ ਭਲਾ ਕਰ ਸਕੇਗੀ।ਇਸਦੇ ਸਾਰੇ ਨਾਅਰੇ, ਮੋਰਚੇ, ਪ੍ਰੋਗਰਾਮ, ਉਨ੍ਹਾਂ ਲਈ ਹੀ ਹੁੰਦੇ ਹਨ, ਜਿਨ੍ਹਾਂ ਜਗੀਰੂ ਤਾਕਤਾਂ ਦੀ ਇਹ ਨੁਮਾਇੰਦਗੀ ਕਰਦੇ ਹਨ।’’ (ਉਘੇ ਸਿੱਖ ਵਿਦਵਾਨ ਗਿਆਨੀ ਹੀਰਾ ਸਿੰਘ ਦਰਦ ਦੀ 1949 ਵਿੱਚ ਛਪੀ ਕਿਤਾਬ ‘ਪੰਥ, ਧਰਮ ਤੇ ਰਾਜਨੀਤੀ’ ਦੇ ਲੇਖ ‘ਜੇ ਸ਼੍ਰੋਮਣੀ ਅਕਾਲੀ ਦਲ ਆਪਣਾ ਪ੍ਰੋਗਰਾਮ ਸਮਾਜਵਾਦੀ ਵੀ ਬਣਾ ਲਵੇ?’ ਵਿੱਚੋਂ ਕੁਝ ਲਾਈਨਾਂ)
ਹੈਰਾਨੀ ਦੀ ਗੱਲ ਹੈ ਕਿ ਗਿਆਨੀ ਹੀਰਾ ਸਿੰਘ ਦੀਆਂ ਦੂਰ-ਅਮਦੇਸ਼ੀ ਵਾਲ਼ੀਆਂ ਗੱਲਾਂ ਵੱਲ ਸਿੱਖ ਜਗਤ ਨੇ ਕਦੇ ਵੀ ਕੋਈ ਧਿਆਨ ਨਹੀਂ ਦਿੱਤਾ।ਵੈਸੇ ਵੀ ਸਿੱਖ ਪੰਥ ਵਿੱਚ ਅਕਲ, ਸਮਝ ਜਾਂ ਦੂਰ-ਅਮਦੇਸ਼ੀ ਨਾਲ਼ ਗੱਲ ਕਰਨ ਵਾਲ਼ੇ ਵੈਸੇ ਹੀ ਬਹੁਤ ਘੱਟ ਲੋਕ ਹਨ।ਜੇ ਕੋਈ ਅਕਲ ਦੀ ਗੱਲ ਕਰਦਾ ਵੀ ਹੈ, ਉਸਨੂੰ ਮੂਰਖ ਸਮਝਿਆ ਜਾਂਦਾ ਹੈ।ਇਸੇ ਕਰਕੇ ਸਿੱਖ ਪੰਥ ਵਿੱਚ ਸਿੱਖ ਚਿੰਤਕ, ਸਿੱਖ ਵਿਦਵਾਨ ਆਦਿ ਉਹ ਹੀ ਮਾਨਤਾ ਪ੍ਰਾਪਤ ਕਰਦੇ ਹਨ, ਜੋ ਝੱਲੇ ਜਿਹੇ ਬਣ ਕੇ ਇਨ੍ਹਾਂ ਦੀ ਹਾਂ ਵਿੱਚ ਮਿਲਾਉਂਦੇ ਰਹਿਣ ਅਤੇ ਆਪਣੇ ਨਿੱਜੀ ਸਵਾਰਥ ਪੂਰੇ ਕਰੀ ਜਾਣ।ਗਿਆਨੀ ਹੀਰਾ ਸਿੰਘ ਦਰਦ ਵਰਗੀ ਸਿੱਖ ਦਰਦੀ ਵਰਗੀ ਹੀ ਗੱਲ, ਉਸ ਤੋਂ ਪੌਣੀ ਸਦੀ ਬਾਅਦ ਸਿੱਖ ਚਿੰਤਕ ਅਮਰਜੀਤ ਸਿੰਘ ਗਰੇਵਾਲ਼ ਇਸ ਤਰ੍ਹਾਂ ਕਰ ਰਹੇ ਹਨ:
‘‘1947 ਤੋਂ ਬਾਅਦ ਸਿੱਖ ਲੀਡਰਸ਼ਿਪ ਕੋਲ਼ ਪੰਜਾਬ ਵਿੱਚ ਆਪਣੀ ਚੌਧਰ ਸਥਾਪਿਤ ਕਰਨ ਲਈ ਦੋ ਬਦਲ ਮੌਜੂਦ ਸਨ।ਇੱਕ ਪ੍ਰੋ ਪੂਰਨ ਸਿੰਘ ਵਲੋਂ ਸੁਝਾਇਆ, ਸਿੱਖ ਸਿਧਾਂਤਾਂ ਅਧਾਰਿਤ, ਸਿੱਖ ਸਪਿਰਟ ਵਾਲ਼ਾ ਬਹੁ-ਭਾਸ਼ਾਈ, ਬਹੁ-ਕੌਮੀ, ਬਹੁ-ਜਾਤੀ, ਬਹੁ-ਧਰਮੀ, ਬਹੁ-ਸਭਿਆਚਾਰੀ, ‘ਗੁਰਾਂ ਦੇ ਨਾਮ ‘ਤੇ ਵਸਦਾ ਪੰਜਾਬ’ ਅਤੇ ਦੂਜਾ ਸੀ, ਸਿੱਖ ਬਹੁ-ਗਿਣਤੀ ਵਾਲ਼ੇ ਖਿੱਤੇ ਦੀ ਸਥਾਪਨਾ, ਜਿੱਥੇ ਜਗੀਰੂ ਸਿੱਖ ਲੀਡਰਸ਼ਿਪ ਰਾਜ ਕਰ ਸਕਦੀ।ਸਿੱਖ ਲੀਡਰਸ਼ਿਪ ਨੇ ‘ਸਿੱਖ ਸਪਿਰਟ’ ਦੀ ਥਾਂ ‘ਸਿੱਖ ਬਹੁ-ਗਿਣਤੀ ਦੀ ਧੌਂਸ’ ਵਾਲ਼ੇ ਖਿੱਤੇ ‘ਤੇ ਰਾਜ ਦਾ ਰਾਹ ਚੁਣਿਆ…।ਜੋ ਕਿ ਆਤਮਘਾਤੀ ਰਾਹ ਸੀ।ਕੀ 1966 ਵਿੱਚ ਸਿੱਖਾਂ ਦੀ ਚੌਧਰ ਵਾਲ਼ੇ ‘ਪੰਜਾਬੀ ਸੂਬੇ’ ਨੂੰ ਅੱਜ 50-55 ਸਾਲ ਬਾਅਦ ‘ਗੁਰਾਂ ਦੇ ਨਾਮ ‘ਤੇ ਵਸਦਾ ਪੰਜਾਬ’ ਕਿਹਾ ਜਾ ਸਕਦਾ ਹੈ…? ਬੇਸ਼ਕ ‘ਖਾਲਸਾ ਰਾਜ’ ਦੇ ਮੁਦੱਈ ਸਿੱਖ ਵਿਦਵਾਨ ਵੀ ਹੁਣ ਪ੍ਰੋ ਪੂਰਨ ਸਿੰਘ ਦੀਆਂ ਲਾਈਨਾਂ ‘ਪੰਜਾਬ ਵਸਦਾ ਗੁਰਾਂ ਦੇ ਨਾਮ..’ ਨੂੰ ਤਾਂ ਵਰਤ ਰਹੇ ਹਨ, ਪਰ ਕੀ ਉਨ੍ਹਾਂ ਵਲੋਂ ਸਿਰਜਿਆ ਜਾਣ ਵਾਲਾ ‘ਖਾਲਸਾ ਰਾਜ’ ਪ੍ਰੋ ਪੂਰਨ ਸਿੰਘ ਦੇ ਸੁਪਨਿਆਂ ਵਾਲ਼ੇ ਪੰਜਾਬ ਵਰਗਾ ‘ਬਹੁ-ਭਾਸ਼ਾਈ, ਬਹੁ-ਧਰਮੀ’, ‘ਬਹੁ-ਜਾਤੀ’ ਹੋਵੇਗਾ? ਅਕਾਲੀਆਂ ਤੇ ਖਾਲਿਸਤਾਨੀਆਂ ਦੇ ਸਿੱਖ ਬਹੁ-ਗਿਣਤੀ ਦੇ ਚੌਧਰ ਵਾਲ਼ਾ ਪੰਜਾਬ, ਨਾ ਪ੍ਰੋ ਪੂਰਨ ਸਿੰਘ ਦੇ ਸੁਪਨਿਆਂ ਦਾ ਅਤੇ ਨਾ ਹੀ ਗੁਰੂਆਂ ਦੇ ਆਸ਼ੇ ਵਾਲ਼ਾ ਪੰਜਾਬ ਹੋਵੇਗਾ…।ਪ੍ਰੋ ਪੂਰਨ ਸਿੰਘ ਜਾਣਦੇ ਸਨ ਕਿ ਪੰਜਾਬ ਦੇ ਨਿਰਮਤ ਹੋ ਰਹੇ ਅਧੁਨਿਕਵਾਦੀ ਸਮਾਜ ਵਿੱਚ ਘੱਟ-ਗਿਣਤੀ ਸਿੱਖ ਭਾਈਚਾਰੇ ਦੀ ਚੌਧਰ, ਉਦੋਂ ਤੱਕ ਸਥਾਪਿਤ ਨਹੀਂ ਹੋ ਸਕਦੀ, ਜਿਤਨੀ ਦੇਰ ਤੱਕ ਉਹ, ਬਹੁ-ਧਰਮੀ, ਬਹੁ-ਜਾਤੀ, ਬਹੁ-ਭਾਸ਼ਾਈ, ਬਹੁ-ਸਭਿਆਚਾਰੀ ਪੰਜਾਬੀਆਂ ਨੂੰ ਸਰਬੱਤ ਦੇ ਭਲੇ ਵਾਲ਼ੇ ਸਿੱਖ ਸਿਧਾਂਤਾਂ ਅਤੇ ਸਿੱਖ ਸਪਿਰਟ ਨਾਲ਼ ਜਿੱਤ ਨਹੀਂ ਲੈਂਦੇ…।’’ (ਸਿੱਖ ਚਿੰਤਕ ਤੇ ਲੇਖਕ, ਸ. ਅਮਰਜੀਤ ਸਿੰਘ ਗਰੇਵਾਲ਼ ਦੇ ਇੱਕ ਲੇਖ ‘ਪੰਜਾਬ ਜੀਂਦਾ ਗੁਰਾਂ ਦੇ ਨਾਮ ‘ਤੇ ਵਿਚੋਂ ਕੁਝ ਲਾਈਨਾਂ)।
ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਤੁਸੀਂ ਚਲੇ ਜਾਉ, ਹਰੇਕ ਸਮਾਜ, ਦੇਸ਼, ਕੌਮ, ਧਰਮ ਦੀਆਂ ਆਪਣੀਆਂ ਸਮੱਸਿਆਵਾਂ ਹਨ।ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਸਿੱਖਾਂ ਦੀਆਂ ਪੰਜਾਬ, ਭਾਰਤ ਜਾਂ ਵਿਦੇਸ਼ਾਂ ਵਿੱਚ ਬਾਕੀ ਦੁਨੀਆਂ ਵਾਂਗ ਸਮੱਸਿਆਵਾਂ ਹਨ।ਪਰ ਕੀ ਉਨ੍ਹਾਂ ਸਮੱਸਿਆਵਾਂ ਨੂੰ ਉਸ ਖਿੱਤੇ ਦੇ ਸਾਰੇ ਲੋਕਾਂ ਦੇ ਹਿੱਤਾਂ ਨੂੰ ਨਜ਼ਰ-ਅੰਦਾਜ ਕਰਕੇ ਮੰਨਿਆ ਜਾਂ ਮਨਾਇਆ ਜਾ ਸਕਦਾ ਹੈ? ਕੀ ਉਸ ਖਿੱਤੇ ਦੇ ਬਾਕੀ ਭਾਈਚਾਰਿਆਂ ਨੂੰ ਨਾਲ਼ ਲਏ ਬਿਨਾਂ ਇਹ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ? ਕੀ ਆਪਣੇ ਹਿੱਤਾਂ ਨੂੰ ਮੁੱਖ ਰੱਖ ਕੇ ਬਾਕੀ ਪੰਜਾਬੀਆਂ ਉਪਰ ਸਿਰਫ ਸਿੱਖਾਂ ਦੀ ਚੌਧਰ ਵਾਲ਼ਾ ਰਾਜ ਥੋਪਿਆ ਜਾ ਸਕਦਾ ਹੈ? ਇਸ ਤਰ੍ਹਾਂ ਦੇ ਅਨੇਕਾਂ ਸਵਾਲ ਹਨ, ਜਿਸ ਬਾਰੇ ਸਿੱਖ ਜਗਤ ਵਿੱਚ ਗੰਭੀਰ ਚਿੰਤਨ ਕਰਨ ਦੀ ਦੇਸ਼-ਵਿਦੇਸ਼ ਵਿੱਚ ਲੋੜ ਹੈ।ਨਰਮ-ਖਿਆਲੀ ਜਾਂ ਗਰਮ-ਖਿਆਲੀ ਸਿੱਖ ਲੀਡਰਸ਼ਿਪ ਵਲੋਂ ਦੇਸ਼-ਵਿਦੇਸ਼ ਵਿੱਚ ਆਪਣੀਆਂ ਮੰਗਾਂ ਲਈ ਜੋ ਢੰਗ ਤਰੀਕੇ ਅਪਨਾਏ ਜਾ ਰਹੇ ਹਨ, ਕੀ ਉਸ ਨਾਲ਼ ਸਿੱਖਾਂ ਦਾ ਕੁਝ ਸੰਵਰ ਰਿਹਾ ਹੈ? ਸਗੋਂ ਇਨ੍ਹਾਂ ਦੀ ਹਿੰਸਾ ਤੇ ਨਫਰਤ ਅਧਾਰਿਤ ਰਾਜਨੀਤੀ ਨਾਲ਼ ਸਿੱਖ ਪੰਥ ਅਤੇ ਖਾਸਕਰ ਸਿੱਖ ਨੌਜਵਾਨ ਨਿੱਤ ਨਵੇਂ ਦਿਨ ਨਵੀਆਂ ਮੁਸੀਬਤਾਂ ਵਿੱਚ ਘਿਰਦੇ ਜਾ ਰਹੇ ਹਨ? ਜੇ ਸਿੱਖ ਪੰਜਾਬ ਛੱਡ ਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ ‘ਤੇ ਵਿਦੇਸ਼ੀ ਸਰਕਾਰਾਂ ਸਾਨੂੰ ਖੁਸ਼ੀ-ਖੁਸ਼ੀ ਪਨਾਹ ਵੀ ਦੇ ਰਹੀਆਂ ਹਨ ਤਾਂ ਕਿਤੇ ਸਵਾਰਥੀ ਅਤੇ ਮੌਕਾਪ੍ਰਸਤ ਲੋਕਾਂ ਦੀਆਂ ਹਰਕਤਾਂ ਨਾਲ਼ ਸਭ ਲਈ ਰਾਹ ‘ਤੇ ਬੰਦ ਨਹੀਂ ਹੋ ਜਾਣਗੇ? ਇਸ ਤੋਂ ਪਹਿਲਾਂ ਕਿ ਅਜਿਹਾ ਕੋਈ ਭਾਣਾ ਵਾਪਰੇ, ਕੀ ਕਦੇ ਸਿੱਖ ਪੰਥ ਇਸ ਪਾਸੇ ਵੀ ਗੰਭੀਰਤਾ ਨਾਲ਼ ਵਿਚਾਰ ਕਰੇਗਾ?