ਅੰਮ੍ਰਿਤਸਰ: ਖਡੂਰ ਸਾਹਿਬ ਲੋਕ ਸਭਾ ਹਲਕੇ ਦਾ ਪੰਥਕ ਮੈਦਾਨ ਵੋਟ ਜੰਗ ਵਾਸਤੇ ਪੂਰੀ ਤਰ੍ਹਾਂ ਤਿਆਰ ਹੈ।
ਹਲਕੇ ਵਿਚ ਕੁੱਲ 27 ਉਮੀਦਵਾਰ ਮੈਦਾਨ ਵਿਚ ਹਨ ਪਰ ਮੁੱਖ ਮੁਕਾਬਲਾ ਪੰਜ ਉਮੀਦਵਾਰਾਂ ਵਿਚਾਲੇ ਹੈ। ਇਸ ਵੇਲੇ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ, ‘ਆਪ` ਉਮੀਦਵਾਰ ਲਾਲਜੀਤ ਸਿੰਘ ਭੁੱਲਰ, ਸ਼੍ਰੋਮਣੀ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ, ਭਾਜਪਾ ਦੇ ਮਨਜੀਤ ਸਿੰਘ ਮੰਨਾ ਮੀਆਂਵਿੰਡ, ਬਸਪਾ ਵੱਲੋਂ ਸਤਨਾਮ ਸਿੰਘ ਅਤੇ ਆਜ਼ਾਦ ਉਮੀਦਵਾਰਾਂ ਵਿਚੋਂ ‘ਵਾਰਿਸ ਪੰਜਾਬ ਦੇ` ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਨਾਂ ਜ਼ਿਕਰਯੋਗ ਹਨ। ਇਨ੍ਹਾਂ ਤੋਂ ਇਲਾਵਾ ਸੀ.ਪੀ.ਆਈ. ਦੇ ਗੁਰਦਿaਆਲ ਸਿੰਘ, ‘ਆਸ ਪੰਜਾਬ ਦੀ` ਪਾਰਟੀ ਤੋਂ ਜੈ ਸਿੰਘ, ਆਲ ਇੰਡੀਆ ਮਜ਼ਦੂਰ ਪਾਰਟੀ (ਰੰਗਰੇਟਾ) ਵੱਲੋਂ ਦਿਲਬਾਗ ਸਿੰਘ ਅਤੇ ਸਾਂਝੀ ਵਿਰਾਸਤ ਪਾਰਟੀ ਵੱਲੋਂ ਨਵੀਨ ਕੁਮਾਰ ਮੈਦਾਨ ਵਿਚ ਹਨ। ਕੁੱਲ 27 ਉਮੀਦਵਾਰਾਂ ਵਿਚੋਂ 18 ਉਮੀਦਵਾਰ ਆਜ਼ਾਦ ਚੋਣ ਲੜ ਰਹੇ ਹਨ। ਇਸ ਵੇਲੇ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਜ਼ਾਦ ਉਮੀਦਵਾਰ ਵਜੋਂ ‘ਵਾਰਿਸ ਪੰਜਾਬ ਦੇ` ਅੰਮ੍ਰਿਤਪਾਲ ਸਿੰਘ ਵਿਚਾਲੇ ਸਖਤ ਮੁਕਾਬਲਾ ਬਣਿਆ ਹੋਇਆ। ਅੰਮ੍ਰਿਤਪਾਲ ਸਿੰਘ ਦੀ ਆਮਦ ਨੇ ਇਸ ਪੰਥਕ ਹਲਕੇ ਦੇ ਸਿਆਸੀ ਸਮੀਕਰਨ ਬਦਲ ਦਿੱਤੇ ਹਨ। ਹਲਕੇ ਦੇ ਸਿਆਸੀ ਮਾਹਿਰਾਂ ਅਨੁਸਾਰ ਹੁਣ ਤੱਕ ਅੰਮ੍ਰਿਤਪਾਲ ਸਿੰਘ ਨੂੰ ਵਧੇਰੇ ਸਮਰਥਨ ਮਿਲ ਰਿਹਾ ਸੀ ਪਰ ਹੁਣ ਇਨ੍ਹਾਂ ਵਿਚਾਲੇ ਇਕ ਨਵੀਂ ਸਫਬੰਦੀ ਉੱਭਰ ਰਹੀ ਹੈ, ਜਿਸ ਨਾਲ ਸਮਰਥਨ ਦੇ ਰਹੀਆਂ ਧਿਰਾਂ ਆਪਣੇ-ਆਪ ਨੂੰ ਨਜ਼ਰਅੰਦਾਜ਼ ਮਹਿਸੂਸ ਕਰ ਰਹੀਆਂ ਹਨ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਵਿਚ ਆਪਣੇ ਉਮੀਦਵਾਰ ਹਰਪਾਲ ਸਿੰਘ ਬਲੇਰ ਦਾ ਨਾਂ ਵਾਪਸ ਲੈ ਲਿਆ ਸੀ। ਇਸ ਨਵੀਂ ਸਫਬੰਦੀ ਵਿਚ ਸਮਰਥਕਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣਾ ਆਜ਼ਾਦ ਉਮੀਦਵਾਰ ਲਈ ਨੁਕਸਾਨਦੇਹ ਹੋ ਸਕਦਾ ਹੈ। ਹਲਕੇ ਦੇ ਬਹੁਤੇ ਉਮੀਦਵਾਰ ਖ਼ੁਦ ਨੂੰ ਪੰਥਕ ਜਾਂ ਪੰਥਕ ਪਰਿਵਾਰ ਦਾ ਹਿੱਸਾ ਦੱਸ ਰਹੇ ਹਨ। ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਚੋਣ ਪ੍ਰਚਾਰ ਦੌਰਾਨ ਪੰਥ ਲਈ ਕੱਟੀ ਜੇਲ੍ਹ ਦਾ ਹਵਾਲਾ ਦਿੰਦੇ ਹਨ। ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਆਪਣੇ ਦਾਦਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਰਹੇ ਗੁਰਦੀਪ ਸਿੰਘ ਦਾ ਜ਼ਿਕਰ ਕਰਦੇ ਹਨ। ‘ਆਪ` ਉਮੀਦਵਾਰ ਲਾਲਜੀਤ ਸਿੰਘ ਭੁੱਲਰ ਸੂਬਾ ਸਰਕਾਰ ਦੀਆਂ ਵਿਕਾਸ ਯੋਜਨਾਵਾਂ ਦੇ ਆਧਾਰ `ਤੇ ਵੋਟ ਮੰਗ ਰਹੇ ਹਨ। ਪਹਿਲਾਂ ਅਕਾਲੀ ਦਲ ਨਾਲ ਸਬੰਧਤ ਰਹੇ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਮੀਆਂਵਿੰਡ ਮੋਦੀ ਦੇ ਨਾਂ `ਤੇ ਹਲਕੇ ਦੇ ਵਿਕਾਸ ਲਈ ਵੋਟ ਮੰਗ ਰਹੇ ਹਨ।