ਬਰਗਾੜੀ: ਫਰੀਦਕੋਟ ਸੰਸਦੀ ਹਲਕੇ ਦਾ ਕਸਬਾ ਬਰਗਾੜੀ ਅੱਜ ਵੀ ਬੇਅਦਬੀ ਦੀ ਚੀਸ ਝੱਲ ਰਿਹਾ ਹੈ। ਜਦੋਂ ਕੋਈ ਛੋਟੀ ਵੱਡੀ ਚੋਣ ਆਉਂਦੀ ਹੈ ਤਾਂ ਬਰਗਾੜੀ ਦੇ ਜ਼ਖ਼ਮ ਮੁੜ ਅੱਲ੍ਹੇ ਹੋ ਜਾਂਦੇ ਹਨ।
ਦੁਨੀਆਂ ਭਰ ‘ਚ ਬਰਗਾੜੀ ਉਸ ਵੇਲੇ ਚਰਚਾ ‘ਚ ਆਇਆ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ।
ਬਰਗਾੜੀ ਦੇ ਗੁਰੂ ਘਰ ਨੇੜੇ 12 ਅਕਤੂਬਰ, 2015 ਨੂੰ ਗੁਰੂ ਗ੍ਰੰਥ ਸਾਹਿਬ ਦੇ 110 ਅੰਗ ਖਿੱਲਰੇ ਹੋਏ ਮਿਲੇ ਸਨ। ਇਸ ਤੋਂ ਪਹਿਲਾਂ ਨੇੜਲੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਵਿਚੋਂ ਪਹਿਲੀ ਜੂਨ, 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋ ਗਏ ਸਨ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਸਰਕਾਰ ਸਮੇਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਜਿਸ ਕਰ ਕੇ ਉਨ੍ਹਾਂ ਦੇ ਹੱਥੋਂ ਸਰਕਾਰ ਹੀ ਨਿਕਲ ਗਈ। ਬੇਅਦਬੀ ਮਾਮਲਿਆਂ ਵਿਚ ਇਨਸਾਫ਼ ਦਿਵਾਉਣ ਦੇ ਭਰੋਸੇ ਨਾਲ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਕੂਮਤ ਦਿੱਤੀ ਸੀ ਪਰ ਕਾਂਗਰਸ ਸਰਕਾਰ ਨੇ ਵੀ ਲੋਕਾਂ ਦਾ ਵਿਸ਼ਵਾਸ ਤੋੜ ਦਿੱਤਾ। ਹਾਲੇ ਵੀ ਬੇਅਦਬੀ ਮਾਮਲਿਆਂ ਦਾ ਨਿਆਂ ਕਿਸੇ ਤਣ-ਪੱਤਣ ਨਹੀਂ ਲੱਗਿਆ ਹੈ। ਬਰਗਾੜੀ ਦੇ ਲੋਕ ਜਿਹੜੇ ਪਹਿਲਾਂ ਅਕਾਲੀ ਦਲ ਨੂੰ ਹੀ ਕਟਹਿਰੇ ਵਿਚ ਖੜ੍ਹਾ ਕਰਦੇ ਸਨ, ਉਨ੍ਹਾਂ ਦੀ ਨਜ਼ਰਾਂ ‘ਚ ਹੁਣ ਸਭ ਇਕ ਹਨ। ਉਨ੍ਹਾਂ ਦੀ ਮੌਜੂਦਾ ਹਕੂਮਤ ਤੋਂ ਵੀ ਤਸੱਲੀ ਨਹੀਂ ਹੈ।
ਜਿਸ ਜਗ੍ਹਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿੱਲਰੇ ਮਿਲੇ ਸਨ, ਉਸ ਦੇ ਨੇੜੇ ਹੀ ਸੱਥ ਵਿਚ ਬੈਠੇ ਲੋਕਾਂ ਨੇ ਹਰ ਸਿਆਸੀ ਪਾਰਟੀ ‘ਤੇ ਨਿਸ਼ਾਨਾ ਸੇਧਿਆ। ਬਰਗਾੜੀ ਦਾ ਜਗਸੀਰ ਸਿੰਘ ਕਹਿੰਦਾ ਹੈ ਕਿ ਅਕਾਲੀਆਂ ਨੇ ਸਿਰਸੇ ਵਾਲੇ ਨੂੰ ਮੁਆਫ਼ੀ ਦਿੱਤੀ ਅਤੇ ਅਮਰਿੰਦਰ ਸਰਕਾਰ ਨੇ ਨਿਆਂ ਦਾ ਵਾਅਦਾ ਕਰ ਕੇ ਧੋਖਾ ਕੀਤਾ। ਉਹ ਆਖਦਾ ਹੈ ਕਿ ਹਾਲੇ ਵੀ ਕੋਈ ਪਤਾ ਨਹੀਂ ਕਿ ਇਨਸਾਫ਼ ਮਿਲੇਗਾ ਜਾਂ ਨਹੀਂ। ਲੋਕ ਸਭਾ ਚੋਣਾਂ 2019 ‘ਚ ਬਰਗਾੜੀ ‘ਚੋਂ ਕਾਂਗਰਸ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ, ਜੋ 2437 ਸਨ। ਉਦੋਂ ਅਕਾਲੀ ਦਲ ਨੂੰ 1597 ਅਤੇ ਆਮ ਆਦਮੀ ਪਾਰਟੀ ਨੂੰ 435 ਵੋਟਾਂ ਹੀ ਮਿਲੀਆਂ ਸਨ। ਮੌਜੂਦਾ ਚੋਣਾਂ ਵਿਚ ਬਰਗਾੜੀ ਦੇ ਲੋਕਾਂ ਦਾ ਕਿਸੇ ਸਿਆਸੀ ਪਾਰਟੀ ਵੱਲ ਬਹੁਤਾ ਝੁਕਾਅ ਨਹੀਂ ਹੈ। ਬੇਸ਼ੱਕ ਪੰਜਾਬ ਦੇ ਦੂਜੇ ਹਿੱਸਿਆਂ ਵਿਚ ਬੇਅਦਬੀ ਦਾ ਮੁੱਦਾ ਉੱਭਰ ਨਹੀਂ ਰਿਹਾ ਹੈ ਪਰ ਬਰਗਾੜੀ ਦੇ ਲੋਕਾਂ ਦੇ ਮਨਾਂ ‘ਤੇ ਲੱਗੀ ਸੱਟ ਅੱਜ ਵੀ ਰੜਕਦੀ ਹੈ। ਬਰਗਾੜੀ ਦਾ ਅਮਰਜੀਤ ਸਿੰਘ ਆਖਦਾ ਹੈ ਕਿ ਬੇਅਦਬੀ ਦਾ ਮੁੱਦਾ ਉਦੋਂ ਤੱਕ ਜੀਵਿਤ ਰਹੇਗਾ ਜਦੋਂ ਤੱਕ ਸਿੱਖ ਭਾਈਚਾਰੇ ਨੂੰ ਇਨਸਾਫ਼ ਨਹੀਂ ਮਿਲ ਜਾਂਦਾ। ਇਸੇ ਤਰ੍ਹਾਂ ਦਰਸ਼ਨ ਸਿੰਘ ਨੇ ਕਿਹਾ ਕਿ ਨਿਆਂ ਤਾਂ ਕੀ ਮਿਲਣਾ ਸੀ, ਉਲਟਾ ਬਰਗਾੜੀ ਦੇ ਕਿਸਾਨਾਂ ਤੋਂ ਸਰਕਾਰ ਨੇ ਅਨਾਜ ਮੰਡੀ ਖੋਹ ਲਈ ਹੈ। ਚੇਤੇ ਰਹੇ ਕਿ ਬਰਗਾੜੀ ਦੀ ਦਾਣਾ ਮੰਡੀ ਵਿਚ ਪੰਥਕ ਧਿਰਾਂ ਵੱਲੋਂ ਮੋਰਚਾ ਲਗਾਇਆ ਹੋਇਆ ਸੀ।
ਕਿਸਾਨ ਗੁਰਦਿੱਤ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਪੱਕੀ ਸੀ ਅਤੇ ਪੰਜ ਹਜ਼ਾਰ ਏਕੜ ਰਕਬੇ ਦੀ ਫ਼ਸਲ ਮੰਡੀ ਵਿੱਚ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਧਰਨਾ ਚੁਕਾਉਣ ਮਗਰੋਂ ਸਰਕਾਰ ਨੇ ਮੰਡੀ ਖ਼ਾਲੀ ਕਰਾ ਕੇ ਤਾਰ ਲਾ ਦਿੱਤੀ ਅਤੇ ਫਿਰ ਇੱਥੇ ਕਮਿਊਨਿਟੀ ਸੈਂਟਰ ਵਗੈਰਾ ਬਣਾ ਦਿੱਤਾ। ਕਿਸਾਨ ਤੇਜਾ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਨਵੀਂ ਅਨਾਜ ਮੰਡੀ ਬਣਾ ਕੇ ਦਿੱਤੀ ਜਾਵੇਗੀ ਪਰ ਕੌਮੀ ਸੜਕ ਮਾਰਗ ਦੇ ਇੱਕ ਪਾਸੇ ਆਰਜ਼ੀ ਖ਼ਰੀਦ ਕੇਂਦਰ ਬਣਾ ਕੇ ਬੁੱਤਾ ਸਾਰ ਦਿੱਤਾ ਗਿਆ ਜਿੱਥੇ ਫ਼ਸਲ ਰੁਲਦੀ ਰਹਿੰਦੀ ਹੈ।