ਕਾਨ ਫਿਲਮ ਮੇਲੇ ਵਿਚ ਭਾਰਤ ਦੀ ਬੱਲੇ-ਬੱਲੇ

ਕਾਨ (ਫਰਾਂਸ): ਫਰਾਂਸ ਦੇ ਵੱਕਾਰੀ ਕਾਨ ਫਿਲਮ ਮੇਲੇ ਵਿਚ ਐਤਕੀਂ ਭਾਰਤ ਦੀ ਬੱਲੇ-ਬੱਲੇ ਹੋ ਗਈ। ਇਸ ਸਾਲ ਕਈ ਪੁਰਸਕਾਰ ਭਾਰਤ ਨੂੰ ਪਹਿਲੀ ਵਾਰ ਮਿਲੇ। ਪਾਇਲ ਕਪਾਡੀਆ ਦੀ ਫਿਲਮ ‘ਆਲ ਵੀ ਇਮੈਜਿਨ ਐਜ਼ ਲਾਈਟ` ਨੇ ਵੱਕਾਰੀ ਗ੍ਰਾਂ ਪ੍ਰੀ ਸਨਮਾਨ ਜਿੱਤਿਆ ਹੈ

ਜੋ ਮੇਲੇ ਦਾ ਦੂਜਾ ਸਭ ਤੋਂ ਵੱਡਾ ਪੁਰਸਕਾਰ ਹੈ। ਪਿਛਲੇ 30 ਸਾਲਾਂ ਵਿਚ ਮੁੱਖ ਵਰਗ `ਚ ਨਾਮਜ਼ਦ ਹੋਣ ਵਾਲੀ ਇਹ ਪਹਿਲੀ ਭਾਰਤੀ ਫਿਲਮ ਹੈ। ਕਪਾਡੀਆ ਦੀ ਫਿਲਮ ਦਾ ਸੂਖ਼ਮ ਦ੍ਰਿਸ਼ਟੀਕੋਣ ਰਵਾਇਤੀ ਬਿਰਤਾਂਤਾਂ ਨੂੰ ਚੁਣੌਤੀ ਦਿੰਦਾ ਹੈ। ਇਸ ਦੇ ਨਾਲ ਹੀ ਫਿਲਮ ‘ਆਲ ਵੀ ਇਮੈਜਿਨ ਐਜ਼ ਲਾਈਟ` ਦੀ ਮੁੱਖ ਅਦਾਕਾਰਾ ਕਾਨੀ ਕੁਸਰੁਤੀ ਨੇ ਗਾਜ਼ਾ ਦੇ ਹੱਕ ਵਿਚ ਜੋ ‘ਹਾਅ ਦਾ ਨਾਅਰਾ` ਮਾਰਿਆ ਹੈ, ਉਸ ਦੀ ਚਰਚਾ ਦੁਨੀਆ ਭਰ ਵਿਚ ਹੋ ਰਹੀ ਹੈ। ਕਾਨੀ ਦੇ ਤਰਬੂਜ਼ ਰੰਗੇ ਪਰਸ ਨੇ ਗਾਜ਼ਾ ਵਿਚ ਕੀਤੀ ਜਾ ਰਹੀ ਤਬਾਹੀ ਖਿਲਾਫ ਖ਼ਾਮੋਸ਼ ਆਵਾਜ਼ ਬੁਲੰਦ ਕੀਤੀ ਹੈ।
‘ਦਿ ਸ਼ੇਮਲੈੱਸ` ਵਿਚਲੀ ਭੂਮਿਕਾ ਲਈ ਅਨਸੂਈਆ ਸੇਨਗੁਪਤਾ ਨੂੰ ਬਿਹਤਰੀਨ ਅਦਾਕਾਰਾ ਦਾ ਇਨਾਮ ਦਿਵਾਇਆ। ਸੇਨਗੁਪਤਾ ਨੂੰ ਇਹ ਸਨਮਾਨ ਮੇਲੇ ਦੇ ‘ਅਨਸਰਟੇਨ ਰਿਗਾਰਡ` ਵਰਗ ਵਿਚ ਮਿਲਿਆ ਹੈ। ਇਸੇ ਤਰ੍ਹਾਂ ਚਿਦਾਨੰਦਾ ਐੱਸ. ਨਾਇਕ ਦੀ ਲਘੂ ਫਿਲਮ ‘ਸਨਫਲਾਵਰਜ਼ ਵਰ ਦਿ ਫਸਟ ਵਨਜ਼ ਟੂ ਨੋਅ` ਨੂੰ ਬਿਹਤਰੀਨ ਲਘੂ ਫਿਲਮ ਲਈ ‘ਲਾ ਸਿਨੇਫ` ਪੁਰਸਕਾਰ ਮਿਲਿਆ। ਭਾਰਤੀਆਂ ਨੇ ਇਸ ਮੇਲੇ ਵਿਚ ਤਕਨੀਕੀ ਪੱਖ ਤੋਂ ਵੀ ਉਪਲਬਧੀਆਂ ਹਾਸਲ ਕੀਤੀਆਂ ਹਨ। ਸਿਨੇਮੈਟੋਗ੍ਰਾਫਰ ਸੰਤੋਸ਼ ਸਿਵਾਨ ਨੂੰ ਇਸੇ ਵਰਗ `ਚ ਵੱਕਾਰੀ ਪੁਰਸਕਾਰ ‘ਪਿਅਰੇ ਏਂਜਨਿਕਸ ਐਕਸੇਲੈਂਸ` ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਹਾਸਲ ਕਰਨ ਵਾਲੇ ਉਹ ਪਹਿਲੇ ਏਸ਼ਿਆਈ ਹਨ।