ਜਲੰਧਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਲਈ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਤਤਕਾਲੀ ਕਾਂਗਰਸ ਸਰਕਾਰ ਨੇ ਜਿੱਥੇ ਦੰਗਾਕਾਰੀਆਂ ਨੂੰ ‘ਬਚਾਇਆ` ਉਥੇ ਉਨ੍ਹਾਂ (ਮੋਦੀ) ਦੋਸ਼ੀਆਂ ਨੂੰ ਸਜ਼ਾਵਾਂ ਯਕੀਨੀ ਬਣਾਈਆਂ। ਸ੍ਰੀ ਮੋਦੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਕੋਈ ਫੈਸਲਾ ਨਹੀਂ ਲੈ ਸਕਦੇ ਤੇ ਉਨ੍ਹਾਂ ਨੂੰ ਸੇਧ ਲੈਣ ਲਈ ਤਿਹਾੜ ਜੇਲ੍ਹ ਜਾਣਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ‘ਦਿੱਲੀ ਦੇ ਦਰਬਾਰੀ` ਚਲਾ ਰਹੇ ਹਨ। ਸ੍ਰੀ ਮੋਦੀ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ‘ਇੰਡੀਆ` ਗੱਠਜੋੜ ਦਾ ‘ਗੁਬਾਰਾ` ਫਟ ਗਿਆ ਹੈ ਤੇ ਕੋਈ ਵੀ ਉਨ੍ਹਾਂ ਨੂੰ ਆਪਣਾ ਵੋਟ ਨਹੀਂ ਦੇਣਾ ਚਾਹੁੰਦਾ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿਚ ਗੁਰਦਾਸਪੁਰ ਤੋਂ ਚਾਰ ਵਾਰ ਐਮ.ਪੀ. ਰਹੇ ਮਰਹੂਮ ਵਿਨੋਦ ਖੰਨਾ ਦਾ ਜ਼ਿਕਰ ਕੀਤਾ, ਪਰ ਮੌਜੂਦਾ ਸੰਸਦ ਮੈਂਬਰ ਸੰਨੀ ਦਿਓਲ ਨੂੰ ਲੈ ਕੇ ਚੁੱਪ ਵੱਟ ਗਏ। ਸ੍ਰੀ ਮੋਦੀ ਦੀਨਾਨਗਰ ਬਾਈਪਾਸ ਤੇ ਜਲੰਧਰ ਵਿਚ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।
ਜਲੰਧਰ ਦੇ ਪੀ.ਏ.ਪੀ. ਗਰਾਊਂਡ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਾਂਗਰਸ ਤੇ ‘ਆਪ` `ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਵਿਚੋਂ ਕਿਸੇ ਇਕ ਨੂੰ ਵੀ ਵੋਟ ਦੇਣਾ ਪੰਜਾਬ ਦੇ ਵਿਰੁੱਧ ਵੋਟ ਦੇਣਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਸ਼ਿਆਂ ਨਾਲ ਪੰਜਾਬ ਦੀ ਹੋਈ ਬਰਬਾਦੀ ਦੋਵਾਂ ਪਾਰਟੀਆਂ ਦੀ ਸਾਂਝੀ ਫਸਲ ਹੈ। ਸ੍ਰੀ ਮੋਦੀ ਨੇ ਚੇਤੇ ਕਰਵਾਇਆ ਕਿ ‘ਆਪ` ਨੇ ਇਹ ਵਾਅਦਾ ਕੀਤਾ ਸੀ ਕਿ ਦੋ ਮਹੀਨਿਆਂ ਵਿਚ ਨਸ਼ਿਆਂ ਦੇ ਕਾਰੋਬਾਰ ਬੰਦ ਕਰਵਾ ਦੇਣਗੇ ਪਰ ਅੱਜ ਨਸ਼ੇ ਦੇ ਡੀਲਰਾਂ ਨੂੰ ਪੰਜਾਬ ਵਿਚ ਮੁਫਤ ਲਾਇਸੈਂਸ ਦਿੱਤੇ ਹੋਏ ਹਨ। ਨਸ਼ਿਆਂ ਕਾਰਨ ਪੰਜਾਬ ਵਿਚ ਪਰਿਵਾਰਾਂ ਦੇ ਪਰਿਵਾਰ ਬਰਬਾਦ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵੀ ਹੁਣ ਸਮਝ ਗਏ ਹਨ ਕਿ ਝਾੜੂ ਪਾਰਟੀ ਵਾਲੇ ਨਸ਼ਿਆਂ ਦੇ ਥੋਕ ਵਾਪਰੀ ਹਨ। ਸ੍ਰੀ ਮੋਦੀ ਨੇ ਆਪਣੇ ਭਾਸ਼ਣ ਵਿਚ ਆਮ ਆਦਮੀ ਪਾਰਟੀ ਨੂੰ ਵਾਰ-ਵਾਰ ਝਾੜੂ ਪਾਰਟੀ ਕਹਿ ਕੇ ਸੰਬੋਧਨ ਕੀਤਾ। ਉਨ੍ਹਾਂ ਜਲੰਧਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਖੇਡਾਂ ਦੇ ਕਾਰੋਬਾਰ ਦਾ ਵੱਡਾ ਕੇਂਦਰ ਰਿਹਾ ਹੈ। ਇੱਥੋਂ ਦੀ ਪਾਈਪਫਿਟਿੰਗ ਇੰਡਸਟਰੀ ਅਤੇ ਹੈਂਡਟੂਲ ਇੰਡਸਟਰੀ ਦਾ ਵੱਡਾ ਆਧਾਰ ਰਿਹਾ ਹੈ ਪਰ ਕਾਂਗਰਸ ਤੇ ਇੰਡੀਆ ਗੱਠਜੋੜ ਕਾਰਨ ਇੰਡਸਟਰੀ ਵੀ ਪਰੇਸ਼ਾਨ ਹੈ। ਆਪਣੇ 23 ਮਿੰਟਾਂ ਦੇ ਭਾਸ਼ਣ ਵਿਚ ਉਨ੍ਹਾਂ ਸਭ ਤੋਂ ਵੱਧ ਰਗੜੇ ਕਾਂਗਰਸ ਨੂੰ ਲਾਏ ਤੇ ਇੰਡੀਆ ਗੱਠਜੋੜ ਨੂੰ ਵਾਰ-ਵਾਰ ਇੰਡੀ ਗੱਠਜੋੜ ਕਿਹਾ। ਪ੍ਰਧਾਨ ਮੰਤਰੀ ਨੇ ਭਾਸ਼ਣ ਵਿਚ ਪਾਕਿਸਤਾਨ ਦਾ ਵਾਰ-ਵਾਰ ਜ਼ਿਕਰ ਵੀ ਕੀਤਾ। ਪ੍ਰਧਾਨ ਮੰਤਰੀ ਨੇ ਸੀ.ਏ.ਏ. ਕਾਨੂੰਨ ਦੇ ਹਵਾਲੇ ਨਾਲ ਕਿਹਾ ਕਿ ਵੰਡ ਵੇਲੇ ਜਿਹੜੇ ਹਿੰਦੂ-ਸਿੱਖ ਭੈਣ ਭਰਾ ਉਧਰ (ਪਾਕਿਸਤਾਨ `ਚ) ਰਹੇ ਗਏ ਸਨ ਉਨ੍ਹਾਂ ਨੂੰ ਨਾਗਰਿਕਤਾ ਦੇਣ ਲਈ ਕਾਨੂੰਨ ਬਣਾਇਆ ਹੈ, ਪਰ ਕਾਂਗਰਸ ਨੂੰ ਉਸ ਤੋਂ ਵੀ ਪਰੇਸ਼ਾਨੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ ਇਸ ਨੂੰ ਦੁਬਾਰਾ ਸੰਕਟ ਵਿਚ ਨਹੀਂ ਜਾਣ ਦੇਣਗੇ। ਸ੍ਰੀ ਮੋਦੀ ਨੇ ਆਪਣਾ ਭਾਸ਼ਣ ਵਾਹਿਗੂਰੂ ਜੀ ਦਾ ਖਾਲਸਾ ਕਹਿ ਕੇ ਸ਼ੁਰੂ ਕੀਤਾ। ਭਾਸ਼ਣ ਦੇ ਅੰਤ ਵਿਚ ਉਨ੍ਹਾਂ ਦੋ ਵਾਰ ‘ਬੋਲੇ ਸੋ ਨਿਹਾਲ` ਦਾ ਜੈਕਾਰਾ ਵੀ ਲਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਝਾੜੂ ਵਾਲੇ (ਆਪ) ਲੋਕਾਂ ਨੂੰ ਮੂਰਖ ਬਣਾਉਣ ਲਈ ਤਰ੍ਹਾਂ ਤਰ੍ਹਾਂ ਦੇ ਡਰਾਮੇ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਦੀ ਸੱਤਾ ਵਿਚ ਸੀ ਤਾਂ ਰਿਮੋਟ ਰਾਹੀਂ ਸਰਕਾਰ ਚਲਾਉਣਾ ਚਾਹੁੰਦੀ ਸੀ ਪਰ ਜਾਂਬਾਜ਼ ਕੈਪਟਨ ਅਮਰਿੰਦਰ ਸਿੰਘ ਨੇ ਰਾਸ਼ਟਰ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਅਤੇ ਦਿੱਲੀ ਦੇ ਹੁਕਮ ਮੰਨਣੇ ਬੰਦ ਕਰ ਦਿੱਤੇ। ਉਨ੍ਹਾਂ ਕਿਹਾ ਕਿ ਅੱਜ ਵੀ ਪੰਜਾਬ ਨੂੰ ਰਿਮੋਟ ਰਾਹੀਂ ਚਲਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਦਿੱਲੀ ਦੇ ਦਰਬਾਰੀ ਪੰਜਾਬ ਚਲਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਖ਼ੁਦ ਇਕ ਫ਼ੈਸਲਾ ਨਹੀਂ ਲੈ ਸਕਦੇ ਅਤੇ ਪੰਜਾਬ ਸਰਕਾਰ ਚਲਾਉਣ ਲਈ ਉਨ੍ਹਾਂ ਨੂੰ ਤਿਹਾੜ ਜੇਲ੍ਹ ਵਿਚ ਬੈਠੇ ਆਪਣੇ ਮਾਲਕ ਕੋਲੋਂ ਨਵੇਂ ਹੁਕਮ ਲੈਣ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਸ਼ਹਿਜ਼ਾਦਾ(ਰਾਹੁਲ ਗਾਂਧੀ) ਵਿਦੇਸ਼ ਜਾ ਕੇ ਦੇਸ਼ ਨੂੰ ਬਦਨਾਮ ਕਰਦਾ ਹੈ।
‘ਆਪ` ਨੂੰ ਕਾਂਗਰਸ ਦੀ ਫੋਟੋ ਕਾਪੀ ਦੱਸਿਆ
ਜਲੰਧਰ: ‘ਆਪ` ਨੂੰ ਕਾਂਗਰਸ ਦੀ ਫੋਟੋਕਾਪੀ ਦੱਸਦਿਆਂ ਨਰਿੰਦਰ ਮੋਦੀ ਨੇ ਕਿਹਾ ਕਿ ਜਿਹੜਾ ਮੀਡੀਆ ਹਾਊਸ ਇਨ੍ਹਾਂ ਦੀਆਂ ਧਮਕੀਆਂ ਅੱਗੇ ਨਹੀਂ ਝੁਕ ਰਿਹਾ, ਉਨ੍ਹਾਂ `ਤੇ ਮੁਕੱਦਮੇ ਕਰਵਾ ਰਹੇ ਹਨ। ਉਨ੍ਹਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਇਹ ਬੀੜਾ ਚੁੱਕਿਆ ਹੈ ਕਿ ਭਾਜਪਾ ਪ੍ਰੈੱਸ ਦੀ ਆਜ਼ਾਦੀ ਵਿਰੁੱਧ ਝਾੜੂ ਵਾਲਿਆਂ ਦੀ ਕੋਈ ਬੇਈਮਾਨੀ ਨਹੀਂ ਚੱਲਣ ਦੇਵੇਗੀ। ਆਦਮਪੁਰ ਹਵਾਈ ਅੱਡੇ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਉਨ੍ਹਾਂ ਦੀ ਸਰਕਾਰ ਇਸ ਹਵਾਈ ਅੱਡੇ ਤੋਂ ਉਡਾਣਾਂ ਦੀ ਗਿਣਤੀ ਵਧਾਉਣ ਲਈ ਕੰਮ ਕਰੇਗੀ। ਉਨ੍ਹਾਂ ਦੇ ਤੀਜੇ ਕਾਰਜਕਾਲ ਵਿਚ ਦੇਸ਼ ਨਵੀਆਂ ਬੁਲੰਦੀਆਂ ਛੂਹੇਗਾ।
ਭਾਜਪਾ ਦੀ ਹਾਰ ਦੇਖ ਕੇ ਬੁਖਲਾਏ ਪ੍ਰਧਾਨ ਮੰਤਰੀ: ਸੁਖਬੀਰ
ਦੀਨਾਨਗਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਮੂਹ ਸਿੱਖ ਸੰਗਤ ਨੂੰ ਕਾਂਗਰਸ ਖ਼ਿਲਾਫ਼ ਵੋਟ ਪਾ ਕੇ 1984 ਦੇ ਹਮਲੇ ਦਾ ਬਦਲਾ ਲੈਣ ਦਾ ਸੁਨੇਹਾ ਦਿੱਤਾ। ਉਨ੍ਹਾਂ ਭਾਜਪਾ ਵੱਲੋਂ 400 ਤੋਂ ਵੱਧ ਸੀਟਾਂ ਜਿੱਤਣ ਦੇ ਦਾਅਵੇ ‘ਤੇ ਤਨਜ਼ ਕੱਸਦਿਆਂ ਕਿਹਾ ਕਿ ਭਾਜਪਾ ਦੇ ਪੈਰਾਂ ਹੇਠੋਂ ਸਿਆਸੀ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ ਅਤੇ ਇਹ ਅੰਕੜਾ 200 ਤੋਂ ਪਾਰ ਹੁੰਦਾ ਵੀ ਦਿਖਾਈ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਭਾਜਪਾ ਹੁਣ ਇਕ ਧਰਮ ਨੂੰ ਦੂਜੇ ਧਰਮਾਂ ਦੇ ਲੋਕਾਂ ਨਾਲ ਲੜਾ ਕੇ ਵੋਟਾਂ ਹਥਿਆਉਣ ਦੀਆਂ ਚਾਲਾਂ ਖੇਡ ਰਹੀ ਹੈ। ਇਸ ਵਾਰ ਉਸ ਦੀਆਂ ਸਾਰੀਆਂ ਸਕੀਮਾਂ ਫ਼ੇਲ੍ਹ ਹੋਣਗੀਆਂ। ਉਨ੍ਹਾਂ ਕਿਹਾ ਕਿ ਆਪਣੀ ਹਾਰ ਹੁੰਦੀ ਵੇਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁਖ਼ਲਾ ਗਏ ਹਨ ਅਤੇ ਚੋਣ ਰੈਲੀਆਂ ਦੌਰਾਨ ਬੇਤੁਕੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਨ੍ਹਾਂ ਦਾ ਖ਼ਾਤਾ ਵੀ ਨਹੀਂ ਖੁੱਲ੍ਹੇਗਾ।