ਚੋਣਾਂ ਦਾ ਬਿਖੜਾ ਪੈਂਡਾ

ਐਤਕੀਂ ਭਾਰਤ ਦੀਆਂ ਲੋਕ ਸਭਾ ਦਾ ਸਫਰ ਬਹੁਤ ਦਿਲਚਸਪ ਰਿਹਾ ਹੈ। ਪਿਛਲੇ ਦਸਾਂ ਸਾਲਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਨੇ ਮੁਲਕ ਵਿਚ ਇੰਨਾ ਦਬਦਬਾ ਕਾਇਮ ਕਰ ਲਿਆ ਸੀ ਕਿ ਸਾਲ 2023 ਵਿਚ ਕੁਝ ਸਿਆਸੀ ਮਾਹਿਰਾਂ ਨੇ ਕਿਆਸਆਰਾਈ ਲਾਈ ਸੀ ਕਿ ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਕਰਵਾ ਸਕਦੀ ਹੈ।

ਇਸ ਦਾ ਸਿੱਧਾ ਜਿਹਾ ਮਤਲਬ ਇਹ ਸੀ ਕਿ ਸੱਤਾ ਧਿਰ ਲੋਕ ਸਭਾ ਚੋਣਾਂ ਵਿਚ ਆਪਣੀ ਜਿੱਤ ਲਈ ਪੂਰੇ ਭਰੋਸੇ ਵਿਚ ਸੀ ਪਰ ਜਿਉਂ-ਜਿਉਂ ਲੋਕ ਸਭਾ ਦੀਆਂ ਤਾਰੀਕਾਂ ਨੇੜੇ ਆਉਂਦੀਆਂ ਗਈਆਂ, ਇਹ ਭਰਮ ਟੁੱਟਣ ਲੱਗ ਪਿਆ। ਜਦੋਂ ਪਹਿਲਾਂ-ਪਹਿਲ ਵਿਰੋਧੀ ਧਿਰ ਦੀਆਂ ਮੀਟਿੰਗਾਂ ਆਰੰਭ ਹੋਈਆਂ ਤਾਂ ਕਿਸੇ ਦੇ ਚਿਤ-ਚੇਤੇ ਵੀ ਨਹੀਂ ਸੀ ਕਿ ਭਾਰਤੀ ਜਨਤਾ ਪਾਰਟੀ ਦਾ ਇਉਂ ਡਟ ਕੇ ਮੁਕਾਬਲਾ ਕੀਤਾ ਜਾ ਸਕੇਗਾ। ਫਿਰ ਵਿਰੋਧੀ ਧਿਰ ਦੇ ਏਕੇ ਦਾ ਮੂੰਹ-ਮੱਥਾ ਬਣਨ ਲੱਗ ਪਿਆ। ਇਹ ਗੱਲ ਵੱਖਰੀ ਹੈ ਕਿ ਬਾਅਦ ਵਿਚ ਜਾ ਕੇ ਇਸ ਏਕੇ ਨੂੰ ਕੁਝ ਪਛਾੜ ਵੀ ਵੱਜੀ ਪਰ ਜਦੋਂ ਤੱਕ ਚੋਣਾਂ ਦਾ ਐਲਾਨ ਹੋਇਆ ਅਤੇ ਚੋਣ ਜ਼ਾਬਤਾ ਲਾਗੂ ਹੋਇਆ ਤਾਂ ਸਪਸ਼ਟ ਹੋ ਚੁੱਕਾ ਸੀ ਕਿ ਭਾਰਤੀ ਜਨਤਾ ਪਾਰਟੀ ਦੀ ਜਿੱਤ ਇੰਨੀ ਵੀ ਆਸਾਨ ਨਹੀਂ ਹੋਵੇਗੀ। ਭਾਰਤੀ ਜਨਤਾ ਪਾਰਟੀ ਚਿਰਾਂ ਤੋਂ ਐਤਕੀਂ ਇਕੱਲਿਆਂ 370 ਅਤੇ ਐੱਨ.ਡੀ.ਏ. ਵੱਲੋਂ 400 ਤੋਂ ਉਪਰ ਸੀਟਾਂ ਜਿੱਤਣ ਦੇ ਹੋਕਰੇ ਮਾਰ ਰਹੀ ਸੀ ਪਰ ਪਹਿਲੇ ਗੇੜ ਤੋਂ ਬਾਅਦ ਹੀ ਸਾਫ ਹੋ ਗਿਆ ਕਿ 400 ਵਾਲਾ ਅੰਕੜਾ ਕਾਫੀ ਔਖਾ ਕਾਰਜ ਹੈ। ਇਸ ਤੋਂ ਬਾਅਦ ਜਿਉਂ-ਜਿਉਂ ਅਗਲੇ ਗੇੜ ਲੰਘਦੇ ਰਹੇ, ਇਹੀ ਰਿਪੋਰਟਾਂ ਆਈਆਂ ਕਿ ਵਿਰੋਧੀ ਧਿਰ ਕਾਫੀ ਸੂਬਿਆਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਤਕੜੀ ਟੱਕਰ ਦੇ ਰਹੀ ਹੈ। ਇਹ ਸਭ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਵਰਗੇ ਲੀਡਰ ਵੀ ਸ਼ਾਮਿਲ ਹਨ, ਦੇ ਭਾਸ਼ਣਾਂ ਤੋਂ ਵੀ ਸਪਸ਼ਟ ਹੋਣ ਲੱਗ ਪਿਆ ਕਿ ਭਾਰਤੀ ਜਨਤਾ ਪਾਰਟੀ ਨੂੰ ਹੁਣ 400 ਵਾਲਾ ਅੰਕੜਾ ਪਾਰ ਕਰਨ ਬਾਰੇ ਫਿਕਰ ਪੈ ਗਿਆ ਹੈ। ਇਹੀ ਉਹ ਵਕਤ ਸੀ ਜਦੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਨੰਗੇ-ਚਿੱਟੇ ਰੂਪ ਵਿਚ ਫਿਰਕੂ ਸਿਆਸਤ ’ਤੇ ਉਤਰ ਆਏ; ਹਾਲਾਂਕਿ ਪਹਿਲਾਂ ਇਹ ਦਾਅਵੇਸਨ ਕਿ ਵੋਟਾਂ ਮੋਦੀ ਸਰਕਾਰ ਦੇ ਦਸ ਸਾਲਾਂ ਦੇ ਕੰਮਾਂ-ਕਾਰਾਂ ਨੂੰ ਆਧਾਰ ਬਣਾ ਕੇ ਮੰਗੀਆਂ ਜਾ ਰਹੀਆਂ ਹਨ।
ਅਸਲ ਵਿਚ, ਮੋਦੀ ਅਤੇ ਉਸ ਦੇ ਜੋਟੀਦਾਰਾਂ ਦੀ ਗਿਣਤੀ-ਮਿਣਤੀ ਅਯੁੱਧਿਆ ਵਿਚ ਉਸਾਰੇ ਜਾ ਰਹੇ ਰਾਮ ਅੰਦਰ ‘ਤੇ ਟਿਕੀ ਹੋਈ ਸੀ। ਭਾਰਤੀ ਜਨਤਾ ਪਾਰਟੀ ਨੂੰ ਵੀ ਲਗਦਾ ਹੈ ਕਿ ਮੰਦਰ ਦਾ ਮੁੱਦਾ ਉਭਾਰ ਕੇ ਧਰੁਵੀਕਰਨ ਕੀਤਾ ਜਾ ਸਕਦਾ ਹੈ। ਇਸੇ ਕਰ ਕੇ ਅੱਧੇ-ਅਧੂਰੇ ਮੰਦਰ ਦਾ ਉਦਘਾਟਨ ਜਨਵਰੀ ਵਿਚ ਹੀ ਕਰ ਲਿਆ ਗਿਆ। ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਲੋਕਾਂ ਨੂੰ ਅਯੁੱਧਿਆ ਯਾਤਰਾ ਦੇ ਲਾਲਚ ਵੀ ਦਿੱਤੇ ਪਰ ਇਹ ਮਸਲਾ ਛੇਤੀ ਹੀ ਪਿਛੋਕੜ ਵਿਚ ਚਲਾ ਗਿਆ। ਅਸਲ ਵਿਚ ਬੇਰੁਜ਼ਗਾਰੀ ਅਤੇ ਮਹਿੰਗਾਈ ਵਰਗੇ ਕੁਝ ਖਾਸ ਮੁੱਦੇ ਉਭਰ ਕੇ ਸਾਹਮਣੇ ਆਉਣੇ ਸ਼ੁਰੂ ਹੋ ਗਏ। ਪਹਿਲਾਂ ਇਹ ਮੁੱਦੇ ਸਿਆਸਤ ਦੀ ਧੂੜ ਵਿਚ ਓਹਲੇ ਹੋਏ ਪਏ ਸਨ। ਇਹ ਮੁੱਦੇ ਉਭਰਨ ਤੋਂ ਬਾਅਦ ਹੀ ‘ਮੋਦੀ ਕੀ ਗਾਰੰਟੀ’ ਵਾਲਾ ਰਾਗ ਅਲਾਪਿਆ ਗਿਆ। ਮੋਦੀ ਦੇ ਇਸ ਰਾਗ ਨੇ ਲੋਕਾਂ ਨੂੰ ਕੁਝ ਕੁ ਤਾਂ ਪ੍ਰਭਾਵਿਤ ਕੀਤਾ ਪਰ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਉਭਰਨ ਕਾਰਨ ਭਾਰਤੀ ਜਨਤਾ ਪਾਰਟੀ ਜਾਂ ਰਾਮ ਮੰਦਰ ਦੇ ਹੱਕ ਵਿਚ ਕੋਈ ਲਹਿਰ ਨਹੀਂ ਬਣ ਸਕੀ।
ਐਤਕੀਂ ਪੰਜਾਬ ਦੀਆਂ ਚੋਣਾਂ ਦਾ ਰੰਗ ਵੀ ਨਿਰਾਲਾ ਹੀ ਰਿਹਾ। ਮੁਲਕ ਦੇ ਕੁਝ ਹੋਰ ਹਿੱਸਿਆਂ ਵਾਂਗ ਪੰਜਾਬ ਵਿਚ ਮੋਦੀ ਦਾ ਰੰਗ ਕਿਤੇ ਦੇਖਣ ਨੂੰ ਨਹੀਂ ਮਿਲਿਆ; ਪੰਜਾਬ ਵਿਚ ਤਾਂ ਸਗੋਂ ਪਾਰਟੀ ਦੇ ਆਗੂਆਂ ਨੂੰ ਪ੍ਰਚਾਰ ਕਰਨਾ ਵੀ ਔਖਾ ਹੋਇਆ ਪਿਆ ਸੀ; ਖਾਸ ਕਰ ਕੇ ਮਾਲਵਾ ਖਿੱਤੇ ਵਿਚ ਲੋਕ ਥਾਂ-ਥਾਂ ਉਮੀਦਵਾਰਾਂ ਅਤੇ ਪਾਰਟੀ ਆਗੂਆਂ ਨੂੰ ਘੇਰਨ ਲੱਗ ਪਏ। ਇਹ ਪਹਿਲੀ ਵਾਰ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਚ ਇਕੱਲਿਆਂ ਅਤੇ ਸਾਰੀਆਂ ਸੀਟਾਂ ‘ਤੇ ਚੋਣ ਲੜੀ ਹੈ। ਕੁਝ ਲੋਕ ਤਾਂ ਇਨ੍ਹਾਂ ਚੋਣਾਂ ਨੂੰ 2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦਾ ਟ੍ਰੇਲਰ ਦੱਸ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਮੁੱਖ ਮਕਸਦ ਕਿਵੇਂ ਨਾ ਕਿਵੇਂ 2027 ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੱਧ ਤੋਂ ਵੱਧ ਸੀਟਾਂ ਉਤੇ ਕਬਜ਼ਾ ਕਰਨਾ ਹੈ। ਇਸ ਕਾਰਜ ਲਈ ਹੋਰ ਪਾਰਟੀਆਂ ਦੇ ਆਗੂ ਧੜਾ-ਧੜ ਪਾਰਟੀ ਵਿਚ ਸ਼ਾਮਿਲ ਕੀਤੇ ਜਾ ਰਹੇ ਹਨ। ਇਸ ਗੱਲੋਂ ਪਾਰਟੀ ਦੇ ਪੁਰਾਣੇ ਲੀਡਰ ਅਤੇ ਕਾਰਕੁਨ ਨਾਰਾਜ਼ ਵੀ ਹੋ ਰਹੇ ਹਨ ਪਰ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਇਸ ਪਾਸੇ ਪੂਰੇ ਜ਼ੋਰ-ਸ਼ੋਰ ਨਾਲ ਡਟੀ ਹੋਈ ਹੈ। ਜਦੋਂ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਸੀ ਤਾਂ ਪਾਰਟੀ ਦੀ ਪੰਜਾਬ ਇਕਾਈ ਦਾ ਇਕ ਹਿੱਸਾ ਵਾਰ-ਵਾਰ ਜ਼ੋਰ ਦਿੰਦਾ ਸੀ ਕਿ ਪਾਰਟੀ ਨੂੰ ਹੁਣ ਇਕੱਲਿਆਂ ਵਿਚਰਨਾ ਚਾਹੀਦਾ ਹੈ ਪਰ ਕੇਂਦਰੀ ਲੀਡਰਸ਼ਿਪ ਨੇ ਇਸ ਮੰਗ ਨੂੰ ਬਹੁਤਾ ਗੌਲਿਆ ਨਹੀਂ ਸੀ। ਉਂਝ, ਜਿਉਂ-ਜਿਉਂ ਅਕਾਲੀ ਦਲ ਕਮਜ਼ੋਰ ਪੈਂਦਾ ਗਿਆ, ਭਾਰਤੀ ਜਨਤਾ ਪਾਰਟੀ ਨੇ ਆਪਣੇ ਹਿਸਾਬ ਨਾਲ ਗਿਣਤੀ-ਮਿਣਤੀ ਸ਼ੁਰੂ ਕਰ ਦਿੱਤੀ। ਇਸ ਗਿਣਤੀ-ਮਿਣਤੀ ਵਿਚ ਸੁਖਦੇਵ ਸਿੰਘ ਢੀਂਡਸਾ ਵਰਗੇ ਕੁਝ ਅਕਾਲੀ ਆਗੂਆਂ ਨਾਲ ਲਗਾਤਾਰ ਰਾਬਤਾ ਕਾਇਮ ਕਰਨ ਵੀ ਸ਼ਾਮਿਲ ਸੀ। ਫਿਰ ਵੀ ਅਜੇ ਤੱਕ ਪਾਰਟੀ ਪੰਜਾਬ ਵਿਚ ਉਹ ਆਧਾਰ ਕਾਇਮ ਨਹੀਂ ਕਰ ਸਕੀ ਜਿੰਨਾ ਇਹ ਚਾਹੁੰਦੀ ਸੀ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਚੋਣਾਂ ਵਿਚ ਇਸ ਦੀ ਅਸਲ ਅਜ਼ਮਾਇਸ਼ ਹੋ ਰਹੀ ਹੈ। ਰਿਪੋਰਟਾਂ ਇਹ ਵੀ ਹਨ ਕਿ ਐਤਕੀਂ ਪਾਰਟੀ ਦੀ ਵੋਟ ਫੀਸਦ ਵਿਚ ਵਾਧਾ ਹੋ ਸਕਦਾ ਹੈ। ਕੁਝ ਵੀ ਹੈ, ਐਤਕੀਂ ਚੋਣ ਨਤੀਜੇ ਪੂਰੇ ਮੁਲਕ ਅਤੇ ਪੰਜਾਬ ਲਈ ਨਵੀਂ ਸਿਆਸਤ ਦੀ ਸ਼ੁਰੂਆਤ ਹੋ ਸਕਦੇ ਹਨ।