ਨਵਕਿਰਨ ਸਿੰਘ ਪੱਤੀ
ਸਾਰੇ ਰਾਜਨੀਤਕ ਲੀਡਰਾਂ ਨੇ ਪੰਜਾਬ ਦਾ ਰੁਖ ਕੀਤਾ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ, ਪੁਸ਼ਕਰ ਧਾਮੀ, ਰਾਜਨਾਥ ਸਿੰਘ, ਪ੍ਰਿਯੰਕਾ ਗਾਂਧੀ, ਮਾਇਆਵਤੀ ਆਦਿ ਲੀਡਰ ਪੰਜਾਬ ਵਿਚ ਰੈਲੀਆਂ ਕਰ ਚੁੱਕੇ ਹਨ ਪਰ ਹਕੀਕਤ ਇਹ ਹੈ ਕਿ ਇਹਨਾਂ ਵਿਚੋਂ ਕੋਈ ਵੀ ਆਗੂ ਪੰਜਾਬ ਦੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਕਾਮਯਾਬ ਨਹੀਂ ਹੋ ਸਕਿਆ।
ਭਾਰਤ ਵਿਚ ਛੇ ਗੇੜ ਦੀਆਂ ਚੋਣਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਹੁਣ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਦੀ ਇਕ ਸੀਟ ਸਮੇਤ 57 ਸੀਟਾਂ ਲਈ ਆਖਰੀ ਗੇੜ ਦੀਆਂ ਚੋਣਾਂ ਲਈ ਪ੍ਰਚਾਰ ਸਿਖਰਾਂ ਉੱਪਰ ਹੈ। ਆਖਰੀ ਗੇੜ ਦੇ ਚੋਣ ਅਮਲ ਵਿਚ ਪੰਜਾਬ ਦੀ ਚਰਚਾ ਸਭ ਤੋਂ ਵੱਧ ਹੋ ਰਹੀ ਹੈ ਕਿਉਂਕਿ ਇਹਨਾਂ ਚੋਣਾਂ ਦੌਰਾਨ ਪੰਜਾਬ ਵਿਚ ਬਣਿਆ ਮਾਹੌਲ ਪੂਰੇ ਦੇਸ਼ ਨਾਲੋਂ ਵੱਖਰਾ ਦ੍ਰਿਸ਼ ਪੇਸ਼ ਕਰ ਰਿਹਾ ਹੈ। ਪੰਜਾਬ ਨੂੰ ਮਹਿਜ਼ 13 ਸੀਟਾਂ ਦੇ ਅੰਕੜੇ ਨਾਲ ਦੇਖਣ ਦੀ ਬਜਾਇ ਪੂਰਾ ਦੇਸ਼ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੇ ਅਜਿਹੇ ਸੂਬੇ ਵਜੋਂ ਦੇਖ ਰਿਹਾ ਹੈ ਜਿੱਥੇ ਲਗਾਤਾਰ ਤੀਸਰੀਆਂ ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਭਾਵ ਨਜ਼ਰ ਨਹੀਂ ਆ ਰਿਹਾ। ਦੇਸ਼ ਦੇ ਬਾਕੀ ਹਿੱਸਿਆਂ ਵਿਚ ਇਕੱਠੇ ਚੋਣ ਲੜਨ ਵਾਲੀ ਕਾਂਗਰਸ ਅਤੇ ‘ਆਪ` ਪੰਜਾਬ ਵਿਚ ਆਹਮੋ-ਸਾਹਮਣੇ ਹਨ। ਕਰੀਬ ਤਿੰਨ ਦਹਾਕੇ ਚੱਲੇ ਗੱਠਜੋੜ ਦੇ ਟੁੱਟਣ ਤੋਂ ਬਾਅਦ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਪਹਿਲੀ ਵਾਰ ਵੱਖੋ-ਵੱਖਰੇ ਲੋਕ ਸਭਾ ਚੋਣ ਲੜ ਰਹੇ ਹਨ। ਖਡੂਰ ਸਾਹਿਬ, ਸੰਗਰੂਰ ਤੇ ਫਰੀਦਕੋਟ ਵਿਚ ਚੱਲੀ ਧਾਰਮਿਕ ਹਵਾ ਨੇ ਰਾਜਨੀਤਕ ਲੀਡਰਾਂ ਨੂੰ ਸ਼ਸ਼ੋਪੰਜ ਵਿਚ ਪਾਇਆ ਹੋਇਆ ਹੈ।
ਦੇਸ਼ ਦੇ ਸਾਰੇ ਰਾਜਨੀਤਕ ਲੀਡਰਾਂ ਨੇ ਪੰਜਾਬ ਦਾ ਰੁਖ ਕੀਤਾ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ, ਪੁਸ਼ਕਰ ਧਾਮੀ, ਰਾਜਨਾਥ ਸਿੰਘ, ਪ੍ਰਿਯੰਕਾ ਗਾਂਧੀ, ਮਾਇਆਵਤੀ ਆਦਿ ਲੀਡਰ ਪੰਜਾਬ ਵਿਚ ਰੈਲੀਆਂ ਕਰ ਚੁੱਕੇ ਹਨ ਪਰ ਹਕੀਕਤ ਇਹ ਹੈ ਕਿ ਇਹਨਾਂ ਵਿਚੋਂ ਕੋਈ ਵੀ ਆਗੂ ਪੰਜਾਬ ਦੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਕਾਮਯਾਬ ਨਹੀਂ ਹੋ ਸਕਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਮਾਲਵਾ, ਦੁਆਬਾ ਅਤੇ ਮਾਝਾ ਖੇਤਰਾਂ ਵਿਚ ਕੀਤੀਆਂ ਤਿੰਨੇ ਚੋਣ ਰੈਲੀਆਂ ਦੌਰਾਨ ਆਪਣੇ ਕਾਰਜਕਾਲ ਦੌਰਾਨ ਸਿੱਖ ਭਾਈਚਾਰੇ ਲਈ ਕੀਤੇ ਕੰਮ ਤਾਂ ਗਿਣਾਏ ਗਏ ਪਰ ਉਹ ਪੰਜਾਬ ਦੇ ਕਿਸੇ ਵੀ ਬੁਨਿਆਦੀ ਮਸਲੇ ਨੂੰ ਸੰਬੋਧਨ ਨਹੀਂ ਹੋਏ। ਦੋ ਸਾਲ ਪਹਿਲਾਂ ਜਨਵਰੀ 2022 ਵਿਚ ਜਦ ਪੰਜਾਬ ਵਿਚ ਰੈਲੀ ਨੂੰ ਸੰਬੋਧਨ ਕੀਤੇ ਬਗੈਰ ਹੀ ਪ੍ਰਧਾਨ ਮੰਤਰੀ ਰਸਤੇ ਵਿਚੋਂ ਵਾਪਸ ਪਰਤ ਗਏ ਸਨ ਤਾਂ ਉਸ ਸਮੇਂ ਭਾਜਪਾ ਦੇ ਸੂਬਾਈ ਆਗੂ ਕਹਿੰਦੇ ਸਨ ਕਿ ਮੋਦੀ ਜੀ ਪੰਜਾਬ ਲਈ ਬਹੁਤ ਵੱਡਾ ਐਲਾਨ ਕਰਨ ਆ ਰਹੇ ਸਨ ਪਰ ਕਿਸਾਨਾਂ ਦੇ ਵਿਰੋਧ ਕਾਰਨ ਅਜਿਹਾ ਨਹੀਂ ਹੋ ਸਕਿਆ; ਲੇਕਿਨ ਇਸ ਵਾਰ ਤਾਂ ਭਾਜਪਾ ਦੇ ਹਿਸਾਬ ਨਾਲ ਮੋਦੀ ਜੀ ਦੀਆਂ ਤਿੰਨ ਰੈਲੀਆਂ ਸਫਲ ਹੋਈਆਂ ਹਨ, ਫਿਰ ਵੀ ਉਹਨਾਂ ਪੰਜਾਬ ਨਾਲ ਕੋਈ ਵੀ ਅਜਿਹਾ ਵਾਅਦਾ ਨਹੀਂ ਕੀਤਾ ਕਿ ਉਹ ਜੇ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਤਾਂ ਪੰਜਾਬ ਲਈ ਕੀ ਕਰਨਗੇ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ 2020 ਵਿਚ ਸ਼ੁਰੂ ਹੋਏ ਇਤਿਹਾਸਕ ਕਿਸਾਨ ਅੰਦੋਲਨ ਦੀ ਪੰਜਾਬੀਆਂ ਨੇ ਅਗਵਾਈ ਕੀਤੀ ਸੀ। ਕਿਸਾਨਾਂ ਦੇ ਸੰਘਰਸ਼ ਕਾਰਨ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਸੀ ਪਰ ਕਿਸਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਕਾਨੂੰਨੀ ਗਾਰੰਟੀ ਦੀ ਮੰਗ ਵੱਲ ਸਰਕਾਰ ਨੇ ਧਿਆਨ ਨਹੀਂ ਦਿੱਤਾ। ਲਖੀਮਪੁਰ ਖੀਰੀ ਮਾਮਲੇ ਵਿਚ ਇਨਸਾਫ ਨਹੀਂ ਦਿੱਤਾ ਹੈ। ਅਧੂਰੀਆਂ ਮੰਗਾਂ ਦੀ ਪੂਰਤੀ ਲਈ ਫਰਵਰੀ 2024 ਵਿਚ ਕਿਸਾਨ ਜਥੇਬੰਦੀਆਂ ਦੇ ਇਕ ਹਿੱਸੇ ਵੱਲੋਂ ਦਿੱਲੀ ਵੱਲ ਕੂਚ ਕੀਤਾ ਗਿਆ ਤਾਂ ਕੇਂਦਰ ਅਤੇ ਹਰਿਆਣਾ ਸਰਕਾਰ ਨੇ ਪਹਿਲਾਂ ਨਾਲੋਂ ਵੀ ਸਖ਼ਤ ਰੁਖ ਅਖਤਿਆਰ ਕਰਦੇ ਹੋਏ ਕਿਸਾਨਾਂ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ਉੱਪਰ ਰੋਕ ਕੇ ਤਸ਼ੱਦਦ ਕੀਤਾ। ਭਾਜਪਾ ਹਕੂਮਤ ਦੀ ਅਗਵਾਈ ਹੇਠਲੀ ਪੁਲਿਸ ਵੱਲੋਂ ਕਿਸਾਨਾਂ ਉੱਪਰ ਲਾਠੀਆਂ, ਗੋਲੀਆਂ, ਅੱਥਰੂ ਗੈਸ ਦੇ ਗੋਲੇ, ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਕਿਸਾਨਾਂ ਨੂੰ 100 ਦਿਨ ਤੋਂ ਵੱਧ ਸਮਾਂ ਹੋ ਗਿਆ ਹੈ ਬਾਰਡਰਾਂ ਉੱਪਰ ਡਟਿਆਂ ਹੋਇਆਂ ਲੇਕਿਨ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ। ਹੁਣ ਪੰਜਾਬ ਦੇ ਦੌਰੇ ਤੋਂ ਬਾਅਦ ਇਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਲਈ ਇੱਕ ਕਦਮ ਅੱਗੇ ਵਧਣ ਦੀ ਚਾਹਵਾਨ ਹੈ। ਹਕੀਕਤ ਇਹ ਹੈ ਕਿ ਹੁਣ ਪ੍ਰਧਾਨ ਮੰਤਰੀ ਦੀ ਇਹ ਗੱਲ ਕੋਈ ਮਾਇਨੇ ਨਹੀਂ ਰੱਖਦੀ ਹੈ ਕਿਉਂਕਿ ਮਹਿਜ਼ ਹਫਤੇ-ਦਸ ਦਿਨ ਬਾਅਦ ਨਵੀਂ ਸਰਕਾਰ ਚੁਣੀ ਜਾਣੀ ਹੈ। ਸਰਕਾਰ ਭਾਵੇਂ ਐੱਨ.ਡੀ.ਏ. ਦੀ ਆਵੇ ਜਾਂ ‘ਇੰਡੀਆ` ਦੀ; ਲੇਕਿਨ ਹੁਣ ਨਵੀਂ ਸਰਕਾਰ ਤੈਅ ਕਰੇਗੀ ਕਿ ਕਿਸਾਨਾਂ ਨਾਲ ਕਿਸ ਰੂਪ ਵਿਚ ਗੱਲ ਅੱਗੇ ਤੋਰਨੀ ਹੈ। ਦੂਜਾ ਉਨ੍ਹਾਂ ਦਾਅਵਾ ਕੀਤਾ ਹੈ ਕਿ ਐੱਨ.ਡੀ.ਏ. ਦੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਐੱਮ.ਐੱਸ.ਪੀ. ਅਧੀਨ ਆਉਂਦੀਆਂ ਫ਼ਸਲਾਂ ਦਾ ਭਾਅ ਤੇ ਝਾੜ ਵਧਿਆ ਹੈ। ਪਹਿਲੀ ਗੱਲ ਤਾਂ ਭਾਅ ਤੇ ਝਾੜ ਪਿਛਲੇ ਕਈ ਦਹਾਕਿਆਂ ਤੋਂ ਲੱਗਭੱਗ ਹਰ ਸਾਲ ਵਧ ਰਿਹਾ ਹੈ; ਦੂਜਾ ਇਹ ਕਿ ਭਾਜਪਾ ਨੇ ਤਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ, ਉਸ ਦਾ ਪਿਛਲੇ 10 ਸਾਲਾਂ ਵਿਚ ਕੀ ਬਣਿਆ, ਉਹ ਦੱਸਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਪੰਜਾਬ ਵਿਚ ਕੀਤੀਆਂ ਰੈਲੀਆਂ ਦੌਰਾਨ ਪੰਜਾਬ ਦੇ ਕੁਝ ਮੁੱਦਿਆਂ ਦਾ ਜ਼ਿਕਰ ਜ਼ਰੂਰ ਕੀਤਾ; ਜਿਵੇਂ ਉਨ੍ਹਾਂ ਕਿਹਾ, “ਇੱਥੇ ਰੇਤ ਮਾਫ਼ੀਆ, ਡਰੱਗ ਮਾਫ਼ੀਆ ਤੇ ਸ਼ੂਟਰ ਗੈਂਗ ਦੀ ਮਨਮਰਜ਼ੀ ਚੱਲਦੀ ਹੈ। ਪੂਰੀ ਸਰਕਾਰ ਕਰਜ਼ੇ ਉੱਤੇ ਚੱਲ ਰਹੀ ਹੈ” ਲੇਕਿਨ ਉਹਨਾਂ ਕਿਸੇ ਵੀ ਮਾਮਲੇ ਦੇ ਹੱਲ ਲਈ ਆਪਣੀ ਪਾਰਟੀ ਦੀ ਪਹੁੰਚ ਨਹੀਂ ਰੱਖੀ। ਪ੍ਰਧਾਨ ਮੰਤਰੀ ਨੇ ਪੰਜਾਬ ਦੌਰਿਆਂ ਦੌਰਾਨ ਸੂਬੇ ਸਿਰ ਚੜ੍ਹੇ ਕਰਜ਼ੇ, ਬੇਰੁਜ਼ਗਾਰੀ, ਨਸ਼ਿਆਂ, ਬੇਲੋੜੇ ਪਰਵਾਸ, ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਦੇ ਕਾਰਨਾਂ ਜਾਂ ਹੱਲ ਸਬੰਧੀ ਗੱਲ ਕਰਨ ਦੀ ਬਜਾਇ ਧਾਰਮਿਕ ਪੱਤਾ ਖੇਡਣ ਦਾ ਰਾਹ ਚੁਣਿਆ। ਪੂਰੇ ਦੇਸ਼ ਵਿਚ ਘੱਟ ਗਿਣਤੀਆਂ ਖਿਲਾਫ ਬੋਲ-ਬੋਲ ਚੋਣ ਮੁਹਿੰਮ ਮਘਾਉਣ ਵਾਲੇ ਮੋਦੀ ਜੀ ਨੇ ਪੰਜਾਬ ਵਿਚ ਆ ਕੇ ਘੱਟ ਗਿਣਤੀ ਸਿੱਖ ਭਾਈਚਾਰੇ ਲਈ ਕੀਤੇ ਆਪਣੇ ਕੰਮ ਗਿਣਾਏ। ਪੱਗ ਬੰਨ੍ਹ ਕੇ ਪੰਜਾਬ ਦੀਆਂ ਰੈਲੀਆਂ ਵਿਚ ਪਹੁੰਚੇ ਪ੍ਰਧਾਨ ਮੰਤਰੀ ਜੀ ਨੇ 2019 ਵਿਚ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਸਿਹਰਾ ਖੁਦ ਆਪਣੇ ਸਿਰ ਲਿਆ।
ਪੰਜਾਬ ਆ ਕੇ ਮੋਦੀ ਜੀ ਜਿੰਨੀਆਂ ਮਰਜ਼ੀ ਟਾਹਰਾਂ ਮਾਰਨ ਲੇਕਿਨ ਪਿਛਲੇ 10 ਸਾਲਾਂ ਵਿਚ ਭਾਜਪਾ ਦੀ ਸੱਤਾ ਦੌਰਾਨ ਘੱਟ-ਗਿਣਤੀਆਂ ‘ਤੇ ਜਬਰ ਦਾ ਮੁੱਦਾ ਪੂਰੀ ਦੁਨੀਆ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਮਰੀਕਾ ਸਮੇਤ ਦੁਨੀਆਂ ਭਰ ਦੇ ਇਸਾਈ ਧਾਰਮਿਕ ਗਰੁੱਪਾਂ ਦੀ ਪ੍ਰਤੀਨਿਧ ਸੰਸਥਾ ਯੂਨਾਈਟਿਡ ਮੈਥੋਡਿਸਟ ਚਰਚ (ਯੂ.ਐੱਮ.ਸੀ.) ਦੀ ਜਨਰਲ ਕੌਂਸਲ ਵੱਲੋਂ ਭਾਰਤ ਵਿਚ ਇਸਾਈ ਭਾਈਚਾਰੇ ਉੱਤੇ ਢਾਹੇ ਜਾ ਰਹੇ ਜ਼ੁਲਮਾਂ ਦੀ ਸਖ਼ਤ ਨਿੰਦਾ ਦਾ ਮਤਾ ਪਾਸ ਕੀਤਾ ਹੈ। ਯੂ.ਐੱਮ.ਸੀ. ਵੱਲੋਂ ਆਪਣੇ ਇਸ ਮਤੇ ਵਿਚ ਮਨੀਪੁਰ ਅੰਦਰ ਇਸਾਈਆਂ ਉੱਤੇ ਹੋ ਰਹੇ ਹਮਲਿਆਂ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ।
ਪ੍ਰਧਾਨ ਮੰਤਰੀ ਜੀ ਵੱਲੋਂ ਦੇਸ਼ ਵਿਚ ਕੀਤੇ ਗਏ ਚੋਣ ਪ੍ਰਚਾਰ ਦੌਰਾਨ ਧਾਰਮਿਕ ਤੌਰ ‘ਤੇ ਵੋਟਾਂ ਦਾ ਧਰੁਵੀਕਰਨ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਉਨ੍ਹਾਂ ਰਾਜਸਥਾਨ, ਉੱਤਰ ਪ੍ਰਦੇਸ਼ ਸਮੇਤ ਕਈ ਹਿੰਦੀ ਭਾਸ਼ਾਈ ਸੂਬਿਆਂ ਵਿਚ ਕੀਤੀਆਂ ਰੈਲੀਆਂ ਦੌਰਾਨ ਕਿਹਾ ਸੀ ਕਿ ਕਾਂਗਰਸ ਲੋਕਾਂ ਦੀਆਂ ਜਾਇਦਾਦਾਂ ਅਤੇ ਔਰਤਾਂ ਦੇ ਮੰਗਲ ਸੂਤਰ ਖੋਹ ਕੇ ਮੁਸਲਮਾਨਾਂ ਵਿਚ ਵੰਡਣ ਦੀ ਯੋਜਨਾ ਬਣਾ ਰਹੀ ਹੈ। ਰਾਜਸਥਾਨ ਦੇ ਟੋਂਕ ਵਿਚ ਤਾਂ ਭਾਸ਼ਣ ਦੌਰਾਨ ਤਾਂ ਉਹਨਾਂ ਇੱਥੋਂ ਤੱਕ ਕਿਹਾ ਸੀ ਕਿ ਜੇਕਰ ਕਾਂਗਰਸ ਸੱਤਾ ਵਿਚ ਆ ਗਈ ਤਾਂ ਤੁਹਾਡੀਆਂ ਜਾਇਦਾਦਾਂ ਖੋਹ ਕੇ ਮੁਸਲਮਾਨਾਂ ਨੂੰ ਦੇ ਦਿੱਤੀਆਂ ਜਾਣਗੀਆਂ।
‘ਆਪ’ ਮੁਖੀ ਅਰਵਿੰਦ ਕੇਜਰੀਵਾਲ ਆਪਣੇ ਪੰਜ ਦਿਨਾਂ ਦੌਰੇ ‘ਤੇ ਪੰਜਾਬ ਪਹੁੰਚੇ ਪਰ ਇਸ ਵਾਰ ਉਹ ਪੰਜਾਬ ਦੇ ਵੋਟਰਾਂ ਦਾ ਧਿਆਨ ਖਿੱਚਣ ਵਿਚ ਕਾਮਯਾਬ ਨਹੀਂ ਹੋਏ। ਲੋਕ ਪਹਿਲਾਂ ਦੋ ਵਾਰ ਉਹਨਾਂ ਦੀਆਂ ਗੱਲਾਂ ਵਿਚ ਆ ਚੁੱਕੇ ਹਨ ਪਰ ਹੁਣ ਅਜਿਹਾ ਨਹੀਂ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ‘ਆਪ` ਸੂਬੇ ਦੀਆਂ ਲੱਗਭੱਗ ਅੱਧੀਆਂ ਸੀਟਾਂ ਜਿੱਤ ਸਕਦੀ ਹੈ ਪਰ ਇਸ ਪਿੱਛੇ ਕੇਜਰੀਵਾਲ ਜਾਂ ‘ਆਪ` ਨਹੀਂ ਹੈ। ਇਹੋ ਸਥਿਤੀ ਕਾਂਗਰਸ ਦੀ ਨਜ਼ਰ ਆ ਰਹੀ ਹੈ।
ਲੰਘੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਇਹ ਸਿੱਧ ਕੀਤਾ ਸੀ ਕਿ ਪੰਜਾਬ ਦੇ ਲੋਕ ਅਕਾਲੀ ਦਲ (ਬਾਦਲ), ਭਾਜਪਾ ਤੇ ਕਾਂਗਰਸ ਤੋਂ ਅੱਕੇ ਹੋਏ ਹਨ ਪਰ ‘ਆਪ` ਵੱਲੋਂ ਸੱਤਾ ਸੰਭਾਲਣ ਦੇ ਮਹਿਜ਼ ਕੁਝ ਮਹੀਨਿਆਂ ਬਾਅਦ ਹੋਈ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੇ ਦਰਸਾਇਆ ਸੀ ਕਿ ਲੋਕ ਹੁਣ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਵਾਂਗ ‘ਆਪ` ਤੋਂ ਵੀ ਨਿਰਾਸ਼ ਹੋ ਗਏ ਹਨ।
ਇਸ ਸਮੇਂ ਹਕੀਕਤ ਇਹ ਹੈ ਕਿ ਪੰਜਾਬ ਵਿਚ ਕਿਸੇ ਇਕ ਪਾਰਟੀ ਦੇ ਪੱਖ ਵਿਚ ਲਹਿਰ ਨਜ਼ਰ ਨਹੀਂ ਆ ਰਹੀ ਹੈ। ਸੂਬੇ ਦੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਬਠਿੰਡਾ ਲੋਕ ਸਭਾ ਹਲਕੇ ਤੋਂ ਇਲਾਵਾ ਕਿਤੇ ਮੁੱਖ ਮੁਕਾਬਲੇ ਵਿਚ ਨਜ਼ਰ ਨਹੀਂ ਆ ਰਹੀ। ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਭਾਜਪਾ ਪੰਜਾਬ ਦੀਆਂ ਜ਼ਿਆਦਾਤਰ ਸੀਟਾਂ ਉੱਪਰ ਮੁਕਾਬਲੇ ‘ਚੋਂ ਹੀ ਬਾਹਰ ਹੈ। ਮੋਦੀ ਜੀ ਵੱਲੋਂ ਦੇਸ਼ ਭਰ ਵਿਚ ਸਿਰਜਿਆ ਬਿਰਤਾਂਤ ਪੰਜਾਬ ਵਿਚ ਨਜ਼ਰ ਨਹੀਂ ਪੈ ਰਿਹਾ ਹੈ। ਕੁਝ ਸੀਟਾਂ ਉੱਪਰ ਮੁਕਾਬਲਾ ‘ਆਪ` ਅਤੇ ਕਾਂਗਰਸ ਵਿਚ ਨਜ਼ਰ ਆ ਰਿਹਾ ਹੈ ਜਦਕਿ ਪੰਜਾਬ ਦੀਆਂ ਤਿੰਨ ਸੀਟਾਂ ਸੰਗਰੂਰ, ਖਡੂਰ ਸਾਹਿਬ ਤੇ ਫਰੀਦਕੋਟ ਉੱਪਰ ਪੰਥਕ ਉਮੀਦਵਾਰਾਂ ਦਾ ਪ੍ਰਭਾਵ ਲਗਾਤਾਰ ਵਧ ਰਿਹਾ ਹੈ। ਪੰਜਾਬ ਦਾ ਇਕ ਪਹਿਲੂ ਪੂਰੇ ਦੇਸ਼ ਨਾਲ ਮੇਲ ਖਾਂਦਾ ਹੈ; ਉਹ ਇਹ ਕਿ ਦੇਸ਼ ਵਿਚ ਪਿਛਲੇ ਛੇ ਗੇੜਾਂ ਦੀਆਂ ਚੋਣਾਂ ਦੌਰਾਨ ਪੋਲ ਹੋਈਆਂ ਵੋਟਾਂ ਦਾ ਅੰਕੜਾ ਦੱਸਦਾ ਹੈ ਕਿ ਪੂਰੇ ਦੇਸ਼ ਵਿਚ ਲੋਕ ਰਾਜਨੀਤਕ ਪਾਰਟੀਆਂ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ ਤੇ ਇਹੋ ਹਾਲ ਪੰਜਾਬ ਦਾ ਹੈ।