ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਆਪਣੇ ਜੀਜੇ ਅਤੇ ਸੀਨੀਅਰ ਆਗੂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿਚੋਂ ਕੱਢਣ ਪਿੱਛੋਂ ਜਿਥੇ ਬਾਦਲ ਪਰਿਵਾਰ ਦਾ ਆਪਸੀ ਕਲੇਸ਼ ਖੁੱਲ੍ਹ ਕੇ ਸਾਹਮਣੇ ਆਇਆ ਹੈ, ਉਥੇ ਲੋਕ ਸਭਾ ਚੋਣਾਂ ਵਿਚਾਲੇ ਇਸ ਫੈਸਲੇ ਨੂੰ ਪੰਥਕ ਅਖਵਾਉਣ ਵਾਲੀ ਇਸ ਧਿਰ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਪਾਰਟੀ ਦੇ ਵੱਡੀ ਗਿਣਤੀ ਟਕਸਾਲੀ ਆਗੂ ਇਸ ਫੈਸਲੇ ਦੇ ਖ਼ਿਲਾਫ਼ ਆਣ ਖੜ੍ਹੇ ਹੋਏ ਹਨ।
ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਅਤੇ ਸੀਨੀਅਰ ਆਗੂ ਬੀਬੀ ਜਗੀਰ ਕੌਰ ਨੇ ਤਾਂ ਇਸ ਫੈਸਲੇ ਦੀ ਖੁੱਲ੍ਹ ਕੇ ਅਲੋਚਨਾ ਕੀਤੀ ਹੈ ਅਤੇ ਪਾਰਟੀ ਪ੍ਰਧਾਨ ਨੂੰ ਤਿੱਖੇ ਸਵਾਲ ਕੀਤੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਆਦੇਸ਼ ਪ੍ਰਤਾਪ ਕੈਰੋਂ ਦੇ ਖਡੂਰ ਸਾਹਿਬ ਤੋਂ ਪਾਰਟੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨਾਲ ਮਤਭੇਦ ਤੇ ਉਨ੍ਹਾਂ ਵੱਲੋਂ ਕੀਤੀ ਸ਼ਿਕਾਇਤ ਪਿੱਛੋਂ ਇਹ ਫੈਸਲਾ ਕੀਤਾ ਗਿਆ ਹੈ; ਹਾਲਾਂਕਿ ਸੂਤਰਾਂ ਮੁਤਾਬਕ, ਖਬਰਾਂ ਇਹ ਵੀ ਆ ਰਹੀਆਂ ਹਨ ਕਿ ਸੁਖਬੀਰ ਬਾਦਲ ਵੱਲੋਂ ਇਹ ਫੈਸਲਾ ਕਰਨ ਪਿੱਛੇ ਉਨ੍ਹਾਂ ਦੇ ਸਾਲਾ ਬਿਕਰਮ ਸਿੰਘ ਮਜੀਠੀਆ ਅਤੇ ਪਤਨੀ ਹਰਸਿਮਰਤ ਕੌਰ ਬਾਦਲ ਵੱਲੋਂ ਪਾਇਆ ਜਾ ਰਿਹਾ ਕਥਿਤ ਦਬਾਅ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਦੋਵਾਂ ਆਗੂਆਂ (ਮਜੀਠੀਆ-ਹਰਸਿਮਰਤ) ਦਾ ਦਬਦਬਾ ਵਧਿਆ ਹੈ। ਮਜੀਠੀਆ ਪਰਿਵਾਰ ਖਾਸ ਕਰ ਕੇ ਮਾਝੇ ਵਿਚ ਆਪਣੇ ਕਿਸੇ ਹਾਣ ਦੇ ਆਗੂ ਦੇ ਪੈਰ ਲੱਗਣ ਦੇਣ ਦੇ ਹੱਕ ਵਿਚ ਨਹੀਂ ਹੈ ਹਾਲਾਂਕਿ ਜਦੋਂ ਬਿਕਰਮ ਮਜੀਠੀਆ ਨੂੰ ਸੁਖਬੀਰ ਵੱਲੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਅਕਾਲੀ ਦਲ ਵਿਚੋਂ ਕੱਢਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, “ਇਹ ਸਾਡੇ ਪਰਿਵਾਰ ਦਾ ਅੰਦਰੂਨੀ ਮਸਲਾ ਹੈ, ਤੁਸੀਂ ਇਸ ਵਿਚ ਨਾ ਪਵੋ। ਕੈਰੋਂ ਮੇਰੇ ਭਾਈਏ ਦਾ ਭਾਈਆ ਹੈ। ਮੈਂ ਤਾਂ ਆਪਣੇ ਭਾਈਏ ਬਾਰੇ ਕੁਝ ਨਹੀਂ ਕਹਿਣਾ, ਉਸ ਦੇ ਭਾਈਏ ਬਾਰੇ ਕਿਵੇਂ ਕੁਝ ਕਹਾਂਗਾ? ਇਹ ਪਰਿਵਾਰਕ ਮਾਮਲਾ ਹੈ, ਇਸ ਨੂੰ ਪਰਿਵਾਰਕ ਹੀ ਰਹਿਣ ਦਿਓ।”
ਉਧਰ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਜੀਜੇ ਨੂੰ ਪਾਰਟੀ ਵਿਚੋਂ ਕੱਢਣ ਤੋਂ ਬਾਅਦ ਅਗਲੀ ਵਾਰੀ ਮਜੀਠੀਆ ਵੱਲੋਂ ਆਪਣੇ ਜੀਜੇ (ਸੁਖਬੀਰ) ਨੂੰ ਪਾਰਟੀ ‘ਚੋਂ ਕੱਢਣ ਦੀ ਹੈ। ਧਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਵਿਚ ਜੀਜਾ ਸਾਲਿਆਂ ਦੀ ਖੇਡ ਚੱਲ ਰਹੀ ਹੈ ਅਤੇ ਇਹ ਸਭ ਕੁਰਸੀ ਦੇ ਮੋਹ ਕਰ ਕੇ ਹੈ। ਹੁਣ ਅਗਲਾ ਨੰਬਰ ਮਜੀਠੀਆ ਵੱਲੋਂ ਸੁਖਬੀਰ ਬਾਦਲ ਦਾ ਲਗਾਇਆ ਜਾਵੇਗਾ।
ਸਵਾਲ ਇਹ ਵੀ ਕੀਤੇ ਜਾ ਰਹੇ ਹਨ ਕਿ ਹੁਣ ਤੱਕ ਕਿਸੇ ਵੀ ਵਿਵਾਦ ਤੋਂ ਦੂਰ ਰਹੇ ਆਦੇਸ਼ ਪ੍ਰਤਾਪ ਕੈਰੋਂ ਉਤੇ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ ਤਾਂ ਸਿਕੰਦਰ ਸਿੰਘ ਮਲੂਕਾ ਬਾਰੇ ਚੁੱਪ ਕਿਉਂ ਧਾਰੀ ਹੋਈ ਹੈ ਜਿਨ੍ਹਾਂ ਦਾ ਸਾਰਾ ਪਰਿਵਾਰ (ਨੂੰਹ-ਪੁੱਤ) ਭਾਜਪਾ ਵਿਚ ਸ਼ਾਮਲ ਹੋ ਗਿਆ ਹੈ। ਮਲੂਕਾ ਇਨ੍ਹੀਂ ਦਿਨੀਂ ਖੁੱਲ੍ਹ ਕੇ ਭਾਜਪਾ, ਖਾਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਰੀਫਾਂ ਦੇ ਪੁਲ ਬੰਨ੍ਹ ਰਹੇ ਹਨ, ਦੂਜੇ ਬੰਨ੍ਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਾਜਪਾ ਨੂੰ ਰਗੜੇ ਲਗਾ ਰਹੇ ਹਨ। ਇਹ ਵੀ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਪੂਰੇ ਅਕਾਲੀ ਦਲ ਵਿਚੋਂ ਸਿਰਫ ਸੁਖਬੀਰ ਬਾਦਲ ਹੀ ਖੁੱਲ੍ਹ ਕੇ ਭਾਜਪਾ ਅਤੇ ਪ੍ਰਧਾਨ ਮੰਤਰੀ ਨੂੰ ਵੰਗਾਰ ਰਹੇ ਹਨ ਅਤੇ ਸਿੱਖ ਸੰਸਥਾਵਾਂ ਉਤੇ ਕਬਜ਼ੇ ਦੇ ਮੁੱਦੇ ਨੂੰ ਉਭਾਰ ਰਹੇ ਹਨ ਜਦ ਕਿ ਉਨ੍ਹਾਂ ਦੀ ਪਤਨੀ ਅਤੇ ਬਠਿੰਡਾ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰ ਸਰਕਾਰ ਪ੍ਰਤੀ ਨਰਮੀ ਵਾਲੀ ਰਵੱਈਆ ਅਪਣਾਇਆ ਹੋਇਆ ਹੈ।
ਸਿਆਸੀ ਹਲਕੇ ਆਖਦੇ ਹਨ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਜਨਤਕ ਤੌਰ ‘ਤੇ ਤਾਂ ਪਾਰਟੀ ਵਿਰੁੱਧ ਕੋਈ ਬਿਆਨ ਜਾਰੀ ਨਹੀਂ ਕੀਤਾ ਸੀ ਜਦੋਂ ਕਿ ਮਲੂਕਾ ਤਾਂ ਭਾਜਪਾ ਦੀ ਹਮਾਇਤ ਵਿਚ ਬੋਲ ਰਹੇ ਹਨ। ਸਿਆਸੀ ਹਲਕੇ ਆਖਦੇ ਹਨ ਕਿ ਸਾਬਕਾ ਮੰਤਰੀ ਮਲੂਕਾ ਨੇ ਤਾਂ ਫ਼ਰੀਦਕੋਟ ਹਲਕੇ ਤੋਂ ਪਾਰਟੀ ਉਮੀਦਵਾਰ ਰਾਜਵਿੰਦਰ ਸਿੰਘ ਲਈ ਵੀ ਕੋਈ ਚੋਣ ਜਲਸਾ ਨਹੀਂ ਕੀਤਾ ਹੈ। ਇਥੋਂ ਤੱਕ ਕਿ ਪਾਰਟੀ ਉਮੀਦਵਾਰ ਨੇ ਪਿੰਡ ਮਲੂਕਾ ਵਿਚ ਹੋਏ ਚੋਣ ਪ੍ਰੋਗਰਾਮ ‘ਚੋਂ ਵੀ ਮਲੂਕਾ ਗ਼ੈਰ-ਹਾਜ਼ਰ ਰਹੇ ਹਨ।
ਦੱਸ ਦਈਏ ਕਿ ਸੀਨੀਅਰਤਾ ਦੇ ਲਿਹਾਜ਼ ਨਾਲ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਕੱਦ ਕਾਫੀ ਉਚਾ ਹੈ। ਆਦੇਸ਼ ਪ੍ਰਤਾਪ ਦੇ ਦਾਦਾ ਪ੍ਰਤਾਪ ਸਿੰਘ ਕੈਰੋਂ ਨੂੰ ਪੰਜਾਬ ਸੂਬੇ ਦਾ ਤੀਜਾ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ। ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਬੇਟੀ ਪ੍ਰਨੀਤ ਕੌਰ ਦਾ ਵਿਆਹ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਾਲ ਕੀਤਾ ਸੀ। ਕੈਰੋਂ ਨੇ 1997 ਤੋਂ 2017 ਤੱਕ 20 ਸਾਲ ਪੰਜਾਬ ਵਿਧਾਨ ਸਭਾ ਵਿਚ ਪੱਟੀ ਦੀ ਨੁਮਾਇੰਦਗੀ ਕੀਤੀ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਵਿਚ ਉਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਸੀ। ਇਹ ਪੱਟੀ ਖੇਮਕਰਨ ਦੇ ਨਾਲ ਲੱਗਦੀ ਹੈ ਜਿਸ ਦੀ ਨੁਮਾਇੰਦਗੀ ਵਿਰਸਾ ਸਿੰਘ ਵਲਟੋਹਾ ਨੇ 2007 ਤੋਂ 2017 ਤੱਕ ਕੀਤੀ ਸੀ। ਮਾਝੇ ਵਿਚ ਮਜੀਠੀਆ ਅਤੇ ਕੈਰੋਂ ਪਰਿਵਾਰ ਦਾ ਦਬਦਬਾ ਰਿਹਾ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿਚੋਂ ਕੱਢਣ ਦੇ ਫੈਸਲੇ ਪਿੱਛੋਂ ਸਵਾਲ ਉੱਠਣੇ ਸੁਭਾਵਿਕ ਹੀ ਹਨ। ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਅਤੇ ਬੀਬੀ ਜਗੀਰ ਕੌਰ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਹੈ। ਦੋਵਾਂ ਆਗੂਆਂ ਨੇ ਕੈਰੋਂ ਨੂੰ ਕੱਢਣ ਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਆਦੇਸ਼ ਪ੍ਰਤਾਪ ਕੈਰੋਂ ਦੇ ਪਾਰਟੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨਾਲ ਮਤਭੇਦ ਹੋ ਸਕਦੇ ਹਨ ਪਰ ਉਹ ਪਾਰਟੀ ਦੇ ਹੱਕ ਵਿਚ ਹਨ। ਜਦੋਂ ਉਹ 2019 ਵਿਚ ਅਕਾਲੀ ਦਲ ਦੀ ਉਮੀਦਵਾਰ ਬਣੀ ਤਾਂ ਕੈਰੋਂ ਪਰਿਵਾਰ ਨੇ ਉਨ੍ਹਾਂ ਨੂੰ ਪੂਰਾ ਸਮਰਥਨ ਦਿੱਤਾ। ਲੋਕਾਂ ਨੂੰ ਘਰ ਬੁਲਾ ਕੇ ਵੋਟ ਪਾਉਣ ਦੇ ਮੁੱਦੇ ‘ਤੇ ਕੁਝ ਗਲਤਫਹਿਮੀ ਹੋ ਸਕਦੀ ਹੈ, ਪਰ ਚੋਣਾਂ ਦੇ ਵਿਚਕਾਰ ਅਜਿਹਾ ਫੈਸਲਾ ਲੈਣਾ ਠੀਕ ਨਹੀਂ ਹੈ।