ਗੁਲਜ਼ਾਰ ਸਿੰਘ ਸੰਧੂ
ਮੁਕਤਸਰ ਦੇ ਇਲਾਕੇ ਤੋਂ ਕੈਲੀਫੋਰਨੀਆਂ ਜਾ ਵਸੇ ਪੰਜਾਬੀ ਕਵੀ ਅਵਤਾਰ ਸਿੰਘ ਪਰੇਮ ਨੇ 1986 ਵਿਚ ‘ਮਰਸੀਏ’ ਨਾਂ ਦਾ ਕਾਵਿ-ਸੰਗ੍ਰਹਿ ਛਾਪਿਆ ਸੀ| ਇਹਦੇ ਵਿਚਲੇ ‘ਮਹਾਰਾਣੀ ਜਿੰਦਾਂ’ ਦੇ ਬੋਲਾਂ ਨੂੰ ਯੂਨੀਵਰਸਿਟੀ ਆਫ ਕੈਲੀਫੋਰਨੀਆ ਨੇ ਆਪਣੇ ਫਾਊਲਰ ਅਜਾਇਬ ਘਰ ਦੀ ਇੱਕ ਕੰਧ ਦਾ ਸ਼ਿੰਗਾਰ ਬਣਾਇਆ ਹੈ|
ਯਾਦ ਉਹਨੂੰ ਪੰਜਾਬ ਦੀ ਸੀ ਪਿਆਰੀ,
ਮੋਤੀ ਹੰਝੂਆਂ ਨਾਲ ਸ਼ਿੰਗਾਰਦੀ ਰਹੀ|
ਬਹਿ ਕੇ ਕੋਲ ਦਲੀਪ ਦੇ ਸੁਬ੍ਹਾ ਸ਼ਾਮੀ,
ਸਿੱਖੀ ਜਜ਼ਬੇ ਨੂੰ ਉਹਦੇ ਉਭਾਰਦੀ ਰਹੀ|
ਇਹ ਹੋਰ ਵੀ ਖ਼ੁਸ਼ੀ ਵਾਲੀ ਗੱਲ ਹੈ ਕਿ ਮਹਾਰਾਣੀ ਜਿੰਦਾਂ ਵਾਲੇ ਮਰਸੀਏ ਦਾ ਅੰਗਰੇਜ਼ੀ ਅਨੁਵਾਦ ਇੰਟਰਨੈੱਟ ’ਤੇ ਪਾ ਦਿੱਤਾ ਗਿਆ ਹੈ|
ਉੱਚੀ ਕੁਰਸੀ ਨੀਵੀਂ ਸੋਚ
ਅਗਾਮੀ ਲੋਕ ਸਭਾ ਚੋਣਾਂ ਦੇ ਸਨਮੁਖ ਪ੍ਰਧਾਨ ਮੰਤਰੀ ਨਰੇਂਦਰ ਮੋਟੀ ਦੀ ਤਾਜ਼ਾ ਟਿੱਪਣੀ ਹੈਰਾਨੀਜਨਕ ਹੈ| ਉਨ੍ਹਾਂ ਦਾ ਇਹ ਕਹਿਣਾ ਕਿ ਬੀ ਆਰ ਅਬੰਦੇਕਰ ਨਾ ਹੁੰਦੇ ਤਾਂ ਪ੍ਰਧਾਨ ਮੰਤਰੀ ਨਹਿਰੂ ਨੇ ਪਛੜੀਆਂ ਸ਼੍ਰੇਣੀਆਂ ਦੀ ਰਿਜ਼ਰਵੇਸ਼ਨ ਦਾ ਕਾਨੂੰਨ ਪਾਸ ਨਹੀਂ ਸੀ ਕਰਨਾ, ਅਤਿਅੰਤ ਹਾਸੋਹੀਣਾ ਹੈ| ਕੀ ਅੰਬੇਦਕਰ ਨੂੰ ਕਾਨੂੰਨ ਮੰਤਰੀ ਤੇ ਕਾਂਸਟੀਚੂਐਂਟ ਅਸੰਬਲੀ ਦਾ ਚੇਅਰਮੈਨ ਪੰਡਤ ਨਹਿਰੂ ਦੀ ਸਰਕਾਰ ਨੇ ਨਹੀਂ ਸੀ ਬਣਾਇਆ? ਰਾਖਵੇਂਕਰਨ ਦਾ ਬਿੱਲ ਪੇਸ਼ ਕਰਨਾ ਅੰਬੇਦਕਰ ਦੇ ਕੰਮਾਂ ਵਿਚ ਸ਼ਾਮਲ ਸੀ ਤੇ ਇਸਨੂੰ ਪ੍ਰਵਾਨ ਕਰਨਾ ਨਹਿਰੂ ਦੇ ਕੰਮ ਵਿਚ| ਜਾਪਦਾ ਹੈ ਮੋਦੀ ਸਾਹਬ ਨੂੰ ਪੈਰਾਂ ਥੱਲਿਓਂ ਜ਼ਮੀਨ ਖਿਸਕਦੀ ਜਾਪਦੀ ਹੈ| ਭਾਰਤ ਵਾਸੀਆਂ ਨੇ ਸੱਤ ਸਾਲਾਂ ਦੇ ਰਾਜ ਨੂੰ ਸੱਤਰ ਸਾਲ ਤੋਂ ਵੱਧ ਪ੍ਰਾਪਤੀਆਂ ਵਾਲਾ ਹੋਣ ਦੀ ਟਿੱਪਣੀ ਤਾਂ ਸੁਣ ਲਈ ਸੀ, ਕੱਚਾਥੀਵੂ ਟਾਪੂ ਵਾਲੀ ਵੀ; ਪਰ ਕਾਨੂੰਨੀ ਸੱਚ `ਤੇ ਪੋਚਾ ਫਿਰਦਾ ਵੇਖਣਾ ਅਸੰਭਵ ਹੈ ਵੇਖੋ ਕੀ ਬਣਦਾ ਹੈ|
ਸ੍ਰੀਮਤੀ ਸੁੰਦਰ ਦਿੱਲ ਬਣੀ ਸਿਮਰ ਢਿੱਲੋਂ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਪੜ੍ਹਨ ਗਈ ਮੇਰੀ ਭਾਣਜੀ ਸਿਮਰ ਢਿੱਲੋਂ ਦੀ ਝੋਲੀ ਵਿਚ ਪਿਛਲੇ ਹਫ਼ਤੇ ਮਿਸਿਜ਼ ਬੀਊਟੀਫੁੱਲ ਹਾਰਟ ਦਾ ਟਾਈਟਲ ਆ ਪਿਆ ਹੈ| ਮਿਸਿਜ਼ ਇੰਡੀਆ ਵਰਲਡਵਾਈਡ ਨਾਂ ਦੀ ਸੰਸਥਾ ਨੇ ਏਸ ਵਾਰੀ ਦਾ ਮੁਕਾਬਲਾ ਡੁਬਈ ਵਿਚ ਰਖਿਆ ਸੀ| ਕੈਨੇਡਾ ਤੋਂ ਭਾਗ ਲੈਣ ਆਈਆਂ ਮੁਟਿਆਰਾਂ ਵਿਚੋਂ ਸਿਮਰ ਦੂਜੇ ਨੰਬਰ ’ਤੇ ਆਈ ਹੈ| ਖੂਬੀ ਇਹ ਕਿ ਇਸ ਫੇਰੀ ਵਿਚੋਂ ਸਮਾਂ ਕੱਢ ਕੇ ਉਹ ਆਪਣੀ ਮਾਂ ਨੂੰ ਕੋਟ ਫਤੂਹੀ (ਜ਼ਿਲ੍ਹਾ ਹੁਸ਼ਿਆਰਪੁਰ) ਵੀ ਮਿਲਣ ਆਈ ਤੇ ਚੰਡੀਗੜ੍ਹ ਵਿਖੇ ਮੈਨੂੰ ਤੇ ਮੇਰੀ ਪਤਨੀ ਨੂੰ ਵੀ|
ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਉਸਦੇ ਪਿਤਾ ਪਰਮਜੀਤ ਸਿੰਘ ਲਾਲੀ ਦੀ ਸਿਮਰ ਦੇ ਬਚਪਨ ਵਿਚ ਹੀ ਮੌਤ ਹੋ ਗਈ ਸੀ, ਪਰ ਉਸਦੀ ਮਾਂ ਪ੍ਰੋ. ਬਲਵਿੰਦਰ ਕੌਰ, (ਬੀ ਐਡ ਕਾਲਜ, ਨਵਾਂ ਸ਼ਹਿਰ) ਨੇ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਚੰਗੇਰੇ ਜੀਵਨ ਦੇ ਯੋਗ ਬਣਾਇਆ| ਐੱਸ ਸਿਮਰ ਦੀ ਛੋਟੀ ਭੈਣ ਕਿਰਨਦੀਪ ਵੀ ਵੈਨਕੂਵਰ ਹੈ ਤੇ ਦੋਨਾਂ ਦਾ ਭਰਾ ਅਮਰਪ੍ਰੀਤ ਸਿੰਘ ਲਾਲੀ ਰਾਜਨੀਤੀ ਵਿਚ ਕੁੱਦ ਪਿਆ ਹੈ| ਸਿਮਰ ਦੇ ਦੁਬਈ ਤੋਂ ਕੋਟ ਫਤੂਹੀ ਆਉਣ ਸਮੇਂ ਉਹ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੀ ਪ੍ਰਚਾਰ ਮੁਹਿੰਮ ਵਿਚ ਏਨਾ ਰੁੱਝਿਆ ਹੋਇਆ ਸੀ ਕਿ ਦੂਰੋਂ ਆਈ ਭੈਣ ਲਈ ਚੋਣਵੇਂ ਪਲ ਹੀ ਕੱਢ ਸਕਿਆ|
ਰੋਜ਼ੀ ਰੋਟੀ ਲਈ ਸਿਮਰ ਨੇ ਕੈਨੇਡਾ ਜਾ ਕੇ ਕੈਨੇਡੀਅਨ ਇੰਪੀਰੀਅਲ ਬੈਂਕ ਆਫ ਕਾਮਰਸ ਵਿਚ ਨੌਕਰੀ ਸ਼ੁਰੂ ਕੀਤੀ ਸੀ| ਤੇ ਅੱਜ ਦੇ ਦਿਨ ਉਹ ਇਕ ਸ਼ਾਖਾ ਦੀ ਬਰਾਂਚ ਮੈਨੇਜਰ ਹੈ| ਫੈਸ਼ਨ ਤੇ ਬੀਊਟੀ ਉਸਦਾ ਸ਼ੁਗਲ ਹੈ| ਮਿਸਿਜ਼ ਇੰਡੀਆ ਵਰਲਡਵਾਈਡ ਦੀ ਸੱਜਰੀ ਫੇਰੀ ਵੀ ਉਸਦੇ ਸ਼ੁਗਲ ਦੀ ਪਾਲਣਾ ਦਾ ਹਿੱਸਾ ਸੀ| ਪਰ ਇਸ ਫੇਰੀ ਵਿਚ ਉਸਨੇ ਸਵਾ ਚਾਰ ਲੱਖ ਰੁਪਏ ਦੀ ਮਾਇਆ ਵੀ ਇਕੱਠੀ ਕੀਤੀ ਜਿਸਨੂੰ ਉਹ ਸ਼ਾਂਤੀ ਸੱਜਲ ਰਿਸਰਚ ਐਂਡ ਚੈਰੀਟੇਬਲ ਟਰੱਸਟ ਰਾਹੀਂ ਲੋੜਵੰਦ ਬੱਚਿਆਂ ਦੀ ਵਿਦਿਆ ਤੇ ਡਾਕਟਰੀ ਸਹਾਇਤਾ ਲਈ ਵਰਤੇਗੀ|
ਸਿਮਰ ਦੀ ਅਜੋਕੀ ਭਾਵਨਾ ਦੀਆਂ ਜੜ੍ਹਾਂ ਉਸਦੇ ਪਿਤਾ ਦੀ ਮੌਤ ਉਪਰੰਤ ਉਸਦੀ ਮਾਤਾ ਦੀ ਉਦਾਸੀ ਵਿਚ ਹਨ ਤੇ ਅੱਜ ਦੇ ਦਿਨ ਇਹ ਭਾਵਨਾ ਪੂਰੀ ਦੁਨੀਆਂ ਦੇ ਲੋੜਵੰਦਾਂ ਵਿਚ ਦਸਤਕ ਦੇ ਚੁੱਕੀ ਹੈ| ਮੂਲ ਮਨੋਰਥ ਇਸਤ੍ਰੀ ਜਾਤੀ ਨੂੰ ਉਸਦੇ ਹੱਕਾਂ ਤੋਂ ਜਾਣੂ ਕਰਵਾ ਕੇ ਉਨ੍ਹਾਂ ਨੂੰ ਸਵੈਨਿਰਭਰ ਤੇ ਸ਼ਕਤੀਵਾਨ ਕਰਨਾ ਹੈ| ਆਪਣੀ ਨੌਕਰੀ ’ਚੋਂ ਸਮਾ ਕੱਢ ਕੇ ਦੁਬਈ ਤੱਕ ਦੀ ਯਾਤਰਾ ਉਸਦੇ ਸ਼ੁਗਲ ਦਾ ਹਿੱਸਾ ਸੀ| ਸਜੱਲ ਟਰੱਸਟ ਲਈ ਮਾਇਆ ਇਕੱਠੀ ਕਰ ਕੇ ਸ੍ਰੀਮਤੀ ਸੁੰਦਰ ਦਿੱਲ ਦਾ ਟਾਈਟਲ ਜਿੱਤਣ ਸਮੇਤ|
ਸੁਰਿੰਦਰ ਗਿੱਲ ਨੂੰ ਕਲਮ ਪੁਰਸਕਾਰ
ਕੌਮਾਂਤਰੀ ਲੇਖਕ ਮੰਚ ਕਲਮ ਦੇ ਕਰਤੇ ਧਰਤਿਆਂ ਨੇ 20ਵੇਂ ਕਲਮ ਪੁਰਸਕਾਰਾਂ ਦਾ ਫੈਸਲਾ ਸੁਣਾ ਦਿੱਤਾ ਹੈ| ਬਾਪੂ ਜਗੀਰ ਸਿੰਘ ਕੰਬੋਜ ਪੁਰਸਕਾਰ ਲਈ ਉੱਚ ਕੋਟੀ ਦੇ ਕਵੀ ਸੁਰਿੰਦਰ ਗਿੱਲ ਤੇ ਦੂਜੇ ਪੁਰਸਕਾਰਾਂ ਲਈ ਡਾ. ਨਾਹਰ ਸਿੰਘ, ਗ਼ਜ਼ਲਗੋ ਅਮਰੀਕ ਡੋਗਰਾ ਤੇ ਅਤਰਜੀਤ ਦਾ ਚੁਣਿਆ ਜਾਣਾ ਚੋਣ ਕਮੇਟੀ ਦੀ ਸਹੀ ਤੇ ਨਿਰਪੱਖ ਸੋਚ ਦੀ ਪੁਸ਼ਟੀ ਕਰਦਾ ਹੈ| ਸੁਰਿੰਦਰ ਗਿੱਲ ਦੇ ਪੁਰਸਕਾਰ ਦੀ ਰਾਸ਼ੀ 31 ਹਜ਼ਾਰ ਹੈ ਤੇ ਬਾਕੀਆਂ ਦੀ ਥੋੜ੍ਹੀ ਘੱਟ| ਰਾਸ਼ੀ ਵਲੋਂ ਚੋਣ ਕਮੇਟੀ ਦੀ ਸੋਚ ਤੇ ਧਾਰਨਾ ਵਧਾਈ ਦੀ ਹੱਕਦਾਰ ਹੈ| ਪ੍ਰਬੰਧਕਾਂ ਤੇ ਜੇਤੂਆਂ ਦੇ ਮਿੱਤਰ ਪਿਆਰੇ ਆਉਣ ਵਾਲੇ ਸਾਲਾਨਾ ਸਮਾਗਮ ਦੀ ਉਡੀਕ ਵਿਚ ਹਨ ਜਦੋਂ ਇਹ ਵਾਲੇ ਸਨਮਾਨ ਅਰਪਿਤ ਕੀਤੇ ਜਾਣੇ ਹਨ|
ਅੰਤਿਕਾ
ਸੁਰਜੀਤ ਪਾਤਰ॥
ਯਾਰ ਮੇਰੇ ਜੁ ਇਸ ਆਸ ਤੇ ਮਰ ਗਏ
ਕਿ ਮੈਂ ਉਨ੍ਹਾਂ ਦੇ ਦੁੱਖ ਦਾ ਬਣਾਵਾਂਗਾ ਗੀਤ
ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਝ ਨਾ ਕਿਹਾ
ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ
ਇਹ ਵੀ ਸ਼ਾਇਦ ਮੇਰਾ ਅਪਣਾ ਵਹਿਮ ਹੈ
ਕੋਈ ਦੀਵਾ ਜਗੇਗਾ ਮੇਰੀ ਕਬਰ ’ਤੇ
ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ
ਸਭ ਘਰਾਂ ’ਚ ਵੀ ਦੀਵੇ ਬੁਝੇ ਰਹਿਣਗੇ।