ਜੂਨ ਚੁਰਾਸੀ: ਹੱਡ ਬੀਤੀ

ਪ੍ਰੋ. ਹਰਪਾਲ ਸਿੰਘ ਪੰਨੂ
ਫੋਨ: +91-94642-51454
ਚਾਲੀ ਵਰ੍ਹੇ ਪਹਿਲਾਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਫੌਜ ਵੜਨ ਅਤੇ ਉਸ ਤੋਂ ਬਾਅਦ ਬਣੇ ਹਾਲਾਤ ਅੱਜ ਵੀ ਲੂ-ਕੰਡੇ ਖੜ੍ਹੇ ਕਰ ਦਿੰਦੇ ਹਨ। ਉਨ੍ਹਾਂ ਔਖੇ ਵੇਲਿਆਂ ਦੀਆਂ ਅਮੁੱਕ ਕਹਾਣੀਆਂ ਅੱਜ ਵੀ ਪੰਜਾਬ ਦੀ ਮਾਨਸਿਕਤਾ ਦਾ ਹਿੱਸਾ ਬਣੀਆਂ ਹੋਈਆਂ ਹਨ ਅਤੇ ਗਾਹੇ-ਬਗਾਹੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੇ ਹੀ ਕੁਝ ਵਾਕਿਆਤ ‘ਪੰਜਾਬ ਟਾਈਮਜ਼’ ਨਾਲ ਲੰਮੇ ਸਮੇਂ ਤੋਂ ਜੁੜੇ ਉਘੇ ਵਿਦਵਾਨ ਸ. ਹਰਪਾਲ ਸਿੰਘ ਪੰਨੂ ਨੇ ਆਪਣੇ ਇਸ ਲੇਖ ਵਿਚ ਸਾਂਝੇ ਕੀਤੇ ਹਨ। ਇਸ ਲੇਖ ਦਾ ਦੂਜਾ ਹਿੱਸਾ ਅਗਲੇ ਅੰਕ ਵਿਚ ਨਸ਼ਰ ਕੀਤਾ ਜਾਵੇਗਾ।

31 ਅਕਤੂਬਰ 1983 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਲੈਕਚਰਾਰ ਭਰਤੀ ਹੋਇਆ ਸਾਂ। ਅਜੇ ਪ੍ਰੋਬੇਸ਼ਨ ਦਾ ਸਮਾਂ ਲੰਘ ਰਿਹਾ ਸੀ। ਮਈ ਦੇ ਅਖੀਰਲੇ ਹਫਤੇ ਵਿਦਿਆਰਥੀ ਮੇਰੇ ਕੋਲ ਆਏ ਕਹਿੰਦੇ ਸਰ ਜੂਨ ਦਾ ਮਹੀਨਾ ਛੁੱਟੀਆਂ ਵਿਚ ਘਰ ਜਾਵਾਂਗੇ। ਅਸੀਂ ਤਾਂ ਛਬੀਲ ਲਾਉਣੀ ਸੀ। ਮੈਂ ਕਿਹਾ- ਸੇਵਾ ਹੀ ਕਰਨੀ ਹੈ ਪਹਿਲਾਂ ਕਰ ਲੈਨੇ ਆਂ। ਫੌਜੀ ਗੱਡੀਆਂ ਪੰਜਾਬ ਵੱਲ ਆ ਰਹੀਆਂ ਸਨ। ਅਸੀਂ ਰੋਕ ਰੋਕ ਫੌਜੀਆਂ ਨੂੰ ਸ਼ਰਬਤ ਪਿਲਾਉਂਦੇ।
ਇਕ ਜੂਨ 1984 ਤੋਂ ਲੋਕਾਂ ਨੇ ਰੇਡੀਓ ਸੁਣਨੇ, ਟੀਵੀ ਦੇਖਣੇ ਸ਼ੁਰੂ ਕਰ ਦਿੱਤੇ ਸਨ ਕਿ ਦਰਬਾਰ ਸਾਹਿਬ ਦੁਆਲੇ ਫੌਜ ਨੇ ਘੇਰਾ ਪਾ ਲਿਆ ਹੈ। ਪੰਜਾਬ ਵਿਚ ਕਰਫਿਊ। ਆਖਰ ਖ਼ਬਰ ਸੁਣੀ – ਫੌਜ ਨੇ ਮੁਕੰਮਲ ਸਫਾਇਆ ਕਰ ਦਿਤਾ। ਸੰਤ ਜਰਨੈਲ ਸਿੰਘ, ਜਨਰਲ ਸ਼ੁਬੇਗ ਸਿੰਘ, ਭਾਈ ਅਮਰੀਕ ਸਿੰਘ, ਭਾਈ ਰਛਪਾਲ ਸਿੰਘ ਦੀਆਂ ਲਾਸ਼ਾਂ ਦੀ ਸ਼ਨਾਖਤ ਹੋ ਗਈ ਹੈ।
ਸੁਖਦਿਆਲ ਦਾ ਫੋਨ ਆਇਆ– ਕੀ ਕੀਤਾ ਏਸ ਸਾਧ ਨੇ? ਨਾਲੇ ਆਪ ਮਰ ਗਿਆ, ਨਾਲੇ ਸਾਥੀਆਂ ਨੂੰ ਮਰਵਾ ਗਿਆ। ਹੁਣ ਆਪਣੀ ਵਾਰੀ ਆਈ ਸਮਝ। ਮੈਂ ਘਰੋਂ ਭੱਜ ਗਿਆ। ਕਿੱਥੇ ਜਾਣਾ ਹੈ, ਪਤਾ ਨਹੀਂ। ਇਕ ਦੋਸਤ ਦੇ ਪਿੰਡ ਵਿਚਲੇ ਘਰ ਗਿਆ। ਮੈਨੂੰ ਦੇਖ ਕੇ ਦੋਸਤ ਭੱਜ ਗਿਆ। ਉਸਦੀ ਮਾਂ ਨੇ ਕੇਵਲ ਇੰਨਾ ਕਿਹਾ – ਏਥੋਂ ਚਲਾ ਜਾਹ। ਕੰਧ ਨਾਲ ਟੇਢੀ ਕੀਤੀ ਮੰਜੀ ਮੈਂ ਆਪੇ ਰੁੱਖ ਦੀ ਛਾਂ ਹੇਠ ਡਾਹ ਕੇ ਬੈਠ ਗਿਆ ਤੇ ਕਿਹਾ, ਮਾਂ ਪਾਣੀ ਪਿਲਾ। ਉਹ ਫਟਾਫਟ ਪਾਣੀ ਦਾ ਗਿਲਾਸ ਲੈ ਆਈ। ਮੇਰੇ ਪੈਰੀਂ ਪਾਈਆਂ ਚੱਪਲਾਂ ਵਿਚ ਰੇਤ ਅਤੇ ਪਸੀਨੇ ਕਾਰਨ ਚਿੱਕੜ ਹੋ ਗਿਆ ਸੀ। ਮੈਂ ਕਿਹਾ – ਪੈਰ ਧੋਣੇ ਹਨ, ਪਾਣੀ? ਉਹ ਤੇਜ਼ੀ ਨਾਲ ਬਾਲਟੀ ਵਿਚ ਦੋ ਕੁ ਸੇਰ ਪਾਣੀ ਪਾ ਲਿਆਈ ਤੇ ਮੇਰੇ ਪੈਰ ਆਪੇ ਧੋ ਦਿੱਤੇ। ਚੱਪਲਾਂ ਧੋ ਦਿੱਤੀਆਂ। ਉਸਨੂੰ ਲੱਗਾ ਪੈਰ ਧੋਣ ਵਿਚ ਮੈਂ ਦੇਰ ਲਾ ਦੇਵਾਂਗਾ। ਫਿਰ ਕਹਿੰਦੀ– ਹੁਣ ਤੂੰ ਜਾਹ।
ਹਰ ਪਾਸਿਉਂ ਅਜਿਹਾ ਸਲੂਕ ਦੇਖ ਕੇ ਮੈਂ ਥੱਕ ਗਿਆ ਤੇ 24 ਜੂਨ ਨੂੰ ਘਰ ਆ ਗਿਆ। ਮੇਰੀ ਬੀਵੀ ਨੇ ਦੱਸਿਆ– ਸੁਖਦਿਆਲ ਆਇਆ ਸੀ। ਕਹਿੰਦਾ ਮੈਨੂੰ ਫੜ ਕੇ ਲੈ ਗਏ ਸਨ ਫੌਜੀ। ਦੋ ਕੁ ਘੰਟੇ ਪੁੱਛ-ਗਿੱਛ ਕਰ ਕੇ ਛੱਡ ਦਿੱਤਾ। ਮੈਂ ਪੰਨੂੰ ਦੀ ਗੱਲ ਕਰ ਆਇਆ ਹਾਂ। ਕਹਿੰਦੇ ਭੇਜ ਦੇਹ, ਕੁਝ ਨਹੀਂ ਕਹਿੰਦੇ। ਦੂਖ ਨਿਵਾਰਨ ਸਾਹਿਬ ਲਾਗੇ ਮਾਡਲ ਸਕੂਲ ਵਿਚ ਬ੍ਰਿਗੇਡੀਅਰ ਚੌਧਰੀ ਦਾ ਕੈਂਪ ਹੈ।
ਮੈਂ ਚਲਾ ਗਿਆ। ਸਖ਼ਤ ਪਹਿਰਿਆਂ ਵਿਚੋਂ ਲੰਘਦਾ ਹੋਇਆ ਚੌਧਰੀ ਕੋਲ ਪੁੱਜਾ। ਉਸਨੇ ਡਾਇਰੀ ਫਰੋਲੀ। ਕਿਧਰੇ ਫੋਨ ਮਿਲਾਏ। ਮੇਰਾ ਹੁਲੀਆ ਨੋਟ ਕੀਤਾ। ਘਰ ਦਾ ਸਿਰਨਾਵਾਂ ਲਿਖਿਆ ਤੇ ਘੰਟੇ ਕੁ ਬਾਅਦ ਕਹਿੰਦਾ– ਮੇਰੇ ਕੋਲ ਤੁਹਾਡੇ ਖ਼ਿਲਾਫ਼ ਕੋਈ ਸੂਚਨਾ ਨਹੀਂ ਹੈ। ਪਰ ਘਰ ਰਹਿਓ। ਲੋੜ ਪੈਣ ‘ਤੇ ਬੁਲਾ ਸਕਦੇ ਹਾਂ।
ਮੈਂ ਕਿੱਥੇ ਜਾਣਾ ਸੀ? ਘਰ ਆ ਗਿਆ। ਪੱਚੀ-ਛੱਬੀ ਜੂਨ ਦੀ ਵਿਚਕਾਰਲੀ ਅੱਧੀ ਰਾਤ ਨੂੰ ਘੰਟੀ ਵੱਜੀ। ਬਾਹਰ ਸਰਚ ਲਾਈਟਾਂ। ਬਖਤਰਬੰਦ ਗੱਡੀਆਂ। ਮੈਂ ਦਰਵਾਜ਼ਾ ਖੋਲ੍ਹ ਦਿੱਤਾ। ਕਿਸੇ ਅਫ਼ਸਰ ਨੇ ਪੁੱਛਿਆ– ਪ੍ਰੋਫੈਸਰ ਪੰਨੂੰ? ਮੈਂ ਕਿਹਾ– ਹਾਂ। ਮੇਰੇ ਦੁਆਲੇ ਚਾਰ ਫੌਜੀਆਂ ਨੇ ਘੇਰਾ ਪਾ ਲਿਆ, ਬਾਕੀ ਤਲਾਸ਼ੀ ਲੈਣ ਲੱਗੇ। ਮੈਂ ਪੀਐਚ. ਡੀ, ਕਰ ਰਿਹਾ ਸਾਂ। ਹਜ਼ਾਰ ਕੁ ਹੱਥ ਲਿਖਤ ਪੰਨੇ ਚੁੱਕੇ, ਸ਼ਾਇਦ ਖਾਲਿਸਤਾਨ ਦੀ ਵਿਉਂਤਬੰਦੀ ਲਿਖੀ ਹੋਵੇ। ਛਪੀ ਕਿਤਾਬ ਨਹੀਂ ਚੁੱਕੀ। ਟੇਪ ਰਿਕਾਰਡ ਅਤੇ ਸਾਰੀਆਂ ਕੈਸਟਾਂ ਲੈ ਗਏ।
ਮੈਨੂੰ ਕਹਿੰਦੇ- ਇਸ ਗੱਡੀ ਵਿਚ ਬੈਠ। ਮੈਂ ਥ੍ਰੀਟੱਨਰ ਗੱਡੀ ਦੇ ਅਗਲੇ ਪਾਸੇ ਨੂੰ ਹੋਇਆ ਤਾਂ ਫੌਜੀ ਕਹਿੰਦਾ– ਉਧਰ। ਮੈਂ ਪਿਛਲੇ ਪਾਸਿਉਂ ਚੜ੍ਹ ਕੇ ਸਾਈਡ ਵਾਲੇ ਬੈਂਚ ਉੱਤੇ ਬੈਠ ਗਿਆ ਤਾਂ ਇਕ ਫੌਜੀ ਨੇ ਧੱਕਾ ਮਾਰ ਕੇ ਕਿਹਾ – ਬਹਿਨ ਚੋ… ਨਿਚੇ ਬੈਠ। ਹਮਾਰੇ ਬਰਾਬਰ ਬੈਠੇਗਾ?
ਮੈਂ ਹੇਠ ਫਰਸ਼ ‘ਤੇ ਬੈਠ ਗਿਆ। ਰਾਜਪੁਰਾ ਰੋਡ ਚੜ੍ਹ ਗਏ ਤਾਂ ਇਕ ਫੌਜੀ ਨੇ ਪਹਿਲਾਂ ਮੇਰੇ ਹੱਥ ਪਿੱਠ ਪਿੱਛੇ ਕਰ ਕੇ ਬੰਨ੍ਹ ਦਿੱਤੇ, ਫਿਰ ਅੱਖਾਂ ਉੱਪਰ ਗੰਦਾ ਤੌਲੀਆ ਲਪੇਟ ਕੇ ਬੰਨ੍ਹ ਦਿੱਤਾ ਜਿਸ ਵਿਚੋਂ ਪਸੀਨੇ ਦੀ ਬੂ ਆ ਰਹੀ ਸੀ। ਮੈਂ ਕਿਹਾ– ਨੱਕ ਉਪਰੋਂ ਕੱਪੜਾ ਉੱਪਰ ਕਰ ਦਿਓ? ਇਹ ਸੁਣਦਿਆਂ ਫੌਜੀਆਂ ਨੇ ਘਸੁੰਨ ਅਤੇ ਠੁੱਡੇ ਮਾਰਨੇ ਸ਼ੁਰੂ ਕਰ ਦਿੱਤੇ। ਗਾਲਾਂ ਦੀ ਵਾਛੜ।
ਅੱਧੇ ਕੁ ਘੰਟੇ ਬਾਅਦ ਗੱਡੀ ਕਿਤੇ ਰੁਕੀ। ਡਾਲਾ ਖੁੱਲਿ੍ਹਆ, ਚੁੱਕ ਕੇ ਹੇਠਾਂ ਪਟਕ ਦਿੱਤਾ। ਕੁਝ ਹੋਰ ਲੋਕ ਵੀ ਹੌਲੀ-ਹੌਲੀ ਪੰਜਾਬੀ ਬੋਲ ਰਹੇ ਸਨ। ਪਤਾ ਲੱਗਾ ਤਿੰਨ ਜੂਨ ਨੂੰ ਦੂਖ ਨਿਵਾਰਨ ਸਾਹਿਬ ਦੀ ਸਰਾਂ ਵਿਚੋਂ ਫੜੇ ਮੁੰਡੇ ਸਨ। ਫੌਜੀ ਆਪਸ ਵਿਚ ਗੱਲਾਂ ਕਰ ਰਹੇ ਸਨ – ਬੜੀ ਮਛਲੀ ਪਕੜੀ ਹੈ। ਖੂਬ ਭੇਦ ਖੁਲੇਂਗੇ। ਮੈਂ ਮੁੰਡਿਆਂ ਨੂੰ ਪੁੱਛਿਆ – ਕੌਣ ਫੜਿਆ ਗਿਆ ਹੈ? ਉਹ ਕਹਿੰਦੇ – ਤੁਸੀਂ, ਹੋਰ ਕੌਣ? ਤੁਹਾਨੂੰ ਖੂੰਖਾਰ ਸਮਝ ਰਹੇ ਹਨ।
ਤਨ ‘ਤੇ ਕੋਈ ਕੱਪੜਾ ਨਹੀਂ, ਅਲਫ ਨੰਗੇ। ਹੱਥ ਪਿੱਛੇ ਹਥਕੜੀ ਨਾਲ ਬੰਨ੍ਹੇ। ਅੱਖਾਂ ‘ਤੇ ਕੱਪੜਾ। ਸਾਰਾ ਦਿਨ ਇੰਟੈਰੋਗੇਸ਼ਨ। ਰਾਤ ਨੂੰ ਹਰ ਅੱਧੇ ਘੰਟੇ ਬਾਅਦ ਵਿਸਲ ਵੱਜਣ ‘ਤੇ ਸਾਰੇ ਖਲੋ ਜਾਣਗੇ, ਫਿਰ ਬੈਠ ਜਾਣ। ਹੱਥ, ਪਿੱਛੇ ਬੰਨ੍ਹੇ ਹੋਣ, ਬੰਦਾ ਲੇਟ ਨਹੀਂ ਸਕਦਾ। ਕਰੰਟ ਲਾਉਂਦੇ, ਫਰਸ਼ ‘ਤੇ ਬਜਰੀ ਖਲਾਰ ਕੇ ਗੋਡਣੀਆਂ ਭਾਰ ਰਿੜ੍ਹਨ ਲਈ ਆਖਦੇ। ਜਖ਼ਮ ਹੋਏ, ਮੱਖੀਆਂ ਨਾ ਉਡਾ ਸਕਦੇ, ਕਈਆਂ ਦੇ ਜ਼ਖ਼ਮਾਂ ਵਿਚ ਕੀੜੇ ਪੈ ਗਏ। ਮੈਨੂੰ ਵਧੀਕ ਟਾਰਚਰ ਇਸ ਲਈ ਕਰਦੇ ਰਹੇ ਕਿ ਹੰਢਿਆ ਹੋਇਆ ਅਪਰਾਧੀ ਹੈ, ਭੇਦ ਨਹੀਂ ਖੋਲ੍ਹਦਾ। ਮਿੰਨਤ ਕਰਦੇ ਜ਼ਖਮ ਉਤੇ ਰੇਤ ਦੀ ਮੁੱਠੀ ਪਾ ਦਿਓ ਮੱਖੀਆਂ ਨਾ ਖਾਣ। ਜ਼ਖਮ ‘ਤੇ ਠੁੱਡਾ ਮਾਰਦੇ।
ਕੋਈ ਕੈਪਟਨ ਮਹਿਰਾ ਇਸ ਤਸੀਹਾ ਕੇਂਦਰ ਦਾ ਇੰਚਾਰਜ ਸੀ ਜੋ ਅਕਸਰ ਫੌਜੀਆਂ ਨੂੰ ਹਦਾਇਤ ਦਿੰਦਾ – ਇਨ ਹਰਾਮਜ਼ਾਦੋਂ ਸੇ ਬਾਤ ਮਤ ਕਰੋ। ਤੁਮ੍ਹਾਰੀ ਆਵਾਜ਼ ਇਨ ਕੇ ਕਾਨੋਂ ਮੇਂ ਰਜਿਸਟਰ ਹੋ ਗਈ ਤੋ ਆਵਾਜ਼ ਸੇ ਤੁਮੇ ਪਹਿਚਾਨ ਕੇ ਕਤਲ ਕਰ ਦੇਂਗੇ। ਬਹੁਤ ਸਾਰੀਆਂ ਵਾਰਦਾਤਾਂ ਹੱਲ ਹੋ ਗਈਆਂ ਪਰ ਪਤਾ ਨਹੀਂ ਲੱਗਦਾ ਸੀ ਪ੍ਰੋ. ਵਿਸ਼ਵਨਾਥ ਤਿਵਾੜੀ ਦਾ ਕਤਲ ਕਿਸ ਨੇ ਕੀਤਾ ਹੈ। ਮੈਥੋਂ ਪੁੱਛਣ ਲੱਗੇ– ਉਏ ਪ੍ਰੋਫੈਸਰ, ਤੂ ਬਤਾ। ਮੈਂ ਕਿਹਾ– ਮੈਂ ਕੀਤਾ ਸੀ। ਪੁੱਛਿਆ ਬੰਦੂਕ ਕਹਾਂ ਸੇ ਲਾਇਆ ਥਾ? ਮੈਂ ਕਿਹਾ– ਅੰਬਰਸਰੋਂ ਭਾਈ ਅਮਰੀਕ ਸਿੰਘ ਕੋਲੋਂ। ਕਤਲ ਕਰ ਕੇ ਫਿਰ ਬੰਦੂਕ ਕਹਾਂ ਛਿਪਾਈ? ਮੈਂ ਕਿਹਾ – ਭਾਈ ਅਮਰੀਕ ਸਿੰਘ ਨੂੰ ਵਾਪਸ ਫੜਾ ਆਇਆ ਸਾਂ। ਦਰਾਮਦਗੀ ਤੋਂ ਖਹਿੜਾ ਛੁੱਟਿਆ। ਸਮਾਣੇ ਤੋਂ ਤਿੰਨ ਭੈਣਾਂ ਫੜੀਆਂ, ਕਹਿਰ ਦੇ ਤਸੀਹੇ ਦਿੱਤੇ। ਉਨ੍ਹਾਂ ਵਿਚੋਂ ਦੋ ਹੁਣ ਪ੍ਰੋਫੈਸਰ ਰਿਟਾਇਰ ਹੋ ਚੁੱਕੀਆਂ ਹਨ। ਤਸੀਹਿਆਂ ਤੋਂ ਨਹੀਂ, ਇਸ ਗੱਲੋਂ ਡਰ ਰਿਹਾ ਸਾਂ ਕਿ ਪ੍ਰੋਬੇਸ਼ਨ ‘ਤੇ ਹਾਂ। ਕਾਂਗਰਸ ਦਾ ਲਾਇਆ ਵੀਸੀ ਜੌਹਲ ਬਿਨਾ ਨੋਟਿਸ ਨੌਕਰੀ ਵਿਚੋਂ ਕੱਢ ਕੇ ਅਹੁ ਮਾਰੇਗਾ।
ਖੁੱਲ੍ਹੀ ਛੱਤ ਵਾਲੀਆਂ ਗੱਡੀਆਂ ਧੁੱਪੇ ਖਲਾਰ ਕੇ 12 ਕੁ ਵਜੇ ਦੁਪਹਿਰ ਉਨ੍ਹਾਂ ਵਿਚ ਸੁੱਟ ਦਿੰਦੇ। ਨੰਗੇ ਜਿਸਮ ਭੱਠੀ ਵਿਚਲੇ ਦਾਣਿਆਂ ਵਾਂਗ ਭੁੱਜਦੇ।
ਲਗਦਾ ਸੀ ਜਿਉਂਦੇ ਨਹੀਂ ਛੱਡਣਗੇ। ਇਸ ਲਈ ਦਰਦ ਹੋਣੋਂ ਹਟ ਗਿਆ ਸੀ। ਜਦ ਪਤਾ ਲੱਗਾ ਅਦਾਲਤ ਵਿਚ ਪੇਸ਼ ਕਰ ਕੇ ਜੇਲ੍ਹ ਭੇਜਣਗੇ, ਮਰਾਂਗੇ ਨਹੀਂ, ਪੋਟਾ ਪੋਟਾ ਦਰਦ ਕਰਨ ਲੱਗਾ। ਜੁਲਾਈ ਦੇ ਅਖੀਰਲੇ ਦਿਨੀਂ ਜਦੋਂ ਅਦਾਲਤ ਵਿਚ ਪੇਸ਼ ਕੀਤੇ, ਸਾਡੇ ਜਿਸਮਾਂ ਵਿਚੋਂ ਬਦਬੂ ਆ ਰਹੀ ਸੀ। ਇੰਨੇ ਦਿਨ ਨਾ ਨਹਾਤੇ ਨਾ ਦਾਤਣ ਕੀਤੀ। ਸੌ ਵਕੀਲ ਸਾਡੇ ਮੁਕੱਦਮੇ ਫਰੀ ਲੜਨ ਲਈ ਅਦਾਲਤ ਵਿਚ ਹਾਜ਼ਰ ਹੋਏ। ਜਦੋਂ ਸੈਂਟਰਲ ਜੇਲ੍ਹ ਪਟਿਆਲਾ ਵਿਚ ਲੈ ਕੇ ਗਏ, ਜੇਲ੍ਹ ਸੁਪਰਡੰਟ ਨੇ ਇਹ ਕਹਿ ਕੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਜ਼ਖ਼ਮੀ ਹਨ, ਦੂਜੇ ਇਹੋ ਜਿਹੇ ਖਤਰਨਾਕ ਮੁਜਰਿਮਾਂ ਵਾਸਤੇ ਇਹ ਜੇਲ੍ਹ ਠੀਕ ਨਹੀਂ। ਫਿਰ ਸਖ਼ਤ ਸੁਰੱਖਿਆ ਜੇਲ੍ਹ ਨਾਭੇ ਵਿਚ ਛੱਡ ਆਏ ਜਿੱਥੇ ਹਰੇਕ ਨੂੰ ਕੱਲਿਆਂ ਕੱਲਿਆਂ ਕਾਲ ਕੋਠੜੀ ਵਿਚ ਬੰਦ ਕਰ ਦਿੱਤਾ। ਕਿਤੇ ਜ਼ਮਾਨਤਾਂ ਨਾ ਕਰਾ ਲੈਣ, ਨੈਸ਼ਨਲ ਸਕਿਉਰਟੀ ਐਕਟ ਤਹਿਤ ਬੰਦੀ ਬਣਾ ਦਿੱਤੇ।
ਹਰਵਿੰਦਰ ਸਿੰਘ ਖਾਲਸਾ ਦਾ ਐਮ.ਫਿਲ. ਦਾ ਵਾਈਵਾ ਲੈਣ ਵਾਸਤੇ ਪੰਜਾਬੀ ਵਿਭਾਗ ਦੇ ਤਿੰਨ ਪ੍ਰੋਫੈਸਰ ਜੇਲ੍ਹ ਵਿਚ ਆ ਗਏ। ਡਾ. ਤ੍ਰਲੋਕ ਸਿੰਘ ਅਨੰਦ, ਡਾ. ਕਰਤਾਰ ਸਿੰਘ ਸੂਰੀ ਅਤੇ ਡਾ. ਦਲੀਪ ਕੌਰ ਟਿਵਾਣਾ। ਡਾ. ਟਿਵਾਣਾ ਨੇ ਕਿਹਾ – ਪੰਨੂੰ ਨੂੰ ਵੀ ਸੱਦੋ। ਮੇਰੀ ਕੋਠੜੀ ਦਾ ਦਰਵਾਜ਼ਾ ਖੁੱਲਿ੍ਹਆ। ਮੈਂ ਵੀ ਸੁਪਰਡੰਟ ਦੇ ਕਮਰੇ ਵਿਚ ਚਲਾ ਗਿਆ। ਡਾ. ਟਿਵਾਣਾ ਨੇ ਮੈਨੂੰ ਦੱਸਿਆ– ਪੰਨੂੰ, ਵੀ.ਸੀ. ਡਾ. ਜੌਹਲ ਤਿੰਨ ਗਵਰਨਰਾਂ ਨੂੰ ਮਿਲੇ, ਪਾਂਡੇ ਨੂੰ, ਸਤਾਰਾਵਾਲਾ ਨੂੰ ਤੇ ਅਰਜਣ ਸਿੰਘ ਨੂੰ ਕਿ ਤੇਰੀ ਰਿਹਾਈ ਹੋਵੇ, ਸਭ ਨੇ ਕਿਹਾ ਸਾਡੇ ਵਸ ਵਿਚ ਨਹੀਂ। ਫਿਰ ਸਿੱਖ ਵਿਸ਼ਵਕੋਸ਼ ਦੀ ਪਹਿਲੀ ਜਿਲਦ ਰਿਲੀਜ਼ ਕਰਵਾਉਣ ਲਈ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਨੂੰ ਮਿਲੇ ਤੇ ਕਿਹਾ ਸਾਡਾ ਇਕ ਪ੍ਰੋਫੈਸਰ ਨਾਜਾਇਜ਼ ਨਜ਼ਰਬੰਦ ਹੈ, ਰਿਹਾਅ ਕਰੋ। ਗਿਆਨੀ ਜੀ ਹੱਥ ਖੜ੍ਹੇ ਕਰ ਗਏ, ਕਹਿੰਦੇ ਮੈਂ ਪੰਜਾਬ ਬਾਰੇ ਕੋਈ ਫੈਸਲਾ ਨਹੀਂ ਲੈ ਸਕਦਾ। ਮੇਰੇ ਤਾਂ ਟੈਲੀਫੋਨ ਕੱਟ ਦਿੱਤੇ ਹਨ।
ਇੰਨੇ ਨੂੰ ਚਾਹ ਆ ਗਈ। ਡਾ. ਸੂਰੀ ਕਹਿੰਦੇ – ਕਮਾਲ ਐ, ਜੇਲ੍ਹ ਵਿਚ ਇੰਨੀ ਸੋਹਣੀ ਕਰਾਕਰੀ? ਕਮਾਲ ਐ, ਏ.ਸੀ. ਚੱਲ ਰਿਹਾ। ਮੈਂ ਪਹਿਲੀ ਵਾਰ ਜੇਲ੍ਹ ਆਇਆ, ਮੈਨੂੰ ਪਤਾ ਨਹੀਂ ਸੀ ਜੇਲ੍ਹ ਇੰਨੀ ਸੋਹਣੀ ਹੋਇਆ ਕਰਦੀ ਐ। ਮੈਂ ਕਿਹਾ– ਜਿੱਥੇ ਤੁਸੀਂ ਬੈਠੇ ਹੋ ਸੂਰੀ ਸਾਹਿਬ ਇਹ ਜੇਲ੍ਹ ਨਹੀਂ, ਜੇਲ੍ਹ ਸੁਪਰਡੰਟ ਦਾ ਦਫ਼ਤਰ ਹੈ। ਜੇਲ੍ਹ ਨਾ ਤੁਸੀਂ ਕਦੀ ਦੇਖੀ, ਰੱਬ ਕਰੇ ਨਾ ਦੇਖੋ।