‘ਫਿਰਿ ਬਾਬਾ ਆਇਆ ਕਰਤਾਰ ਪੁਰਿ’- (2)

ਵਰਿਆਮ ਸਿੰਘ ਸੰਧੂ
ਫੋਨ: 647-535-1539 (ਕਨੇਡਾ)
98726-02296 (ਭਾਰਤ)
ਕਰਤਾਰਪੁਰ ਦਾ ਸਿੱਖ ਇਤਿਹਾਸ ਵਿਚ ਬਹੁਤ ਮਹੱਤਵ ਹੈ। ਇਸਤੋਂ ਪਹਿਲਾਂ ਗੁਰੂ ਸਾਹਿਬ ਉਦਾਸੀਆਂ ਦੌਰਾਨ ਸਾਰੇ ਜਗਤ ਵਿਚ ਘੁੰਮ ਚੁੱਕੇ ਸਨ। ਗੁਰੂ ਪਾਤਸ਼ਾਹ ਪਹਿਲੀ ਧਾਰਮਿਕ ਹਸਤੀ ਸਨ ਜਿਹੜੇ ਆਪਣੇ ਵਿਚਾਰਾਂ ਦੇ ਪ੍ਰਚਾਰ ਲਈ ਦੂਰ ਅਰਬ ਤੱਕ ਵੱਖ-ਵੱਖ ਦੇਸ਼ਾਂ ਵਿਚ ਗਏ। ਨਾ ਮਹਾਤਮਾ ਬੁੱਧ ਤੇ ਨਾ ਮਹਾਂਵੀਰ ਭਾਰਤ ਤੋਂ ਬਾਹਰ ਗਏ। ਸ਼ਾਇਦ ਉਹ ਆਪਣੇ ਰਾਜ ਬਿਹਾਰ ਤੋਂ ਵੀ ਬਾਹਰ ਨਹੀਂ ਸਨ ਗਏ। ਕੇਵਲ ਸ਼ੰਕਰਾਚਾਰੀਆ ਬਾਰੇ ਕਿਹਾ ਜਾਂਦਾ ਹੈ ਕਿ ਉਹਨੇ ਭਾਰਤ ਭਰ ਵਿਚ ਭ੍ਰਮਣ ਕੀਤਾ।

ਗੁਰੂ ਜੀ ਨਾਲ ਜੁੜੀਆਂ ਯਾਦਗਾਰਾਂ ਅੱਜ ਵੀ ਕਈ ਮੁਲਕਾਂ ਵਿਚ ਮੌਜੂਦ ਹਨ। ਖ਼ਾਸ ਤੌਰ `ਤੇ ਉਹ ਭਾਰਤ ਵਿਚ ਤਾਂ ਅਨੇਕਾਂ ਥਾਵਾਂ `ਤੇ ਧਰਮਸਾਲਾਵਾਂ ਕਾਇਮ ਕਰ ਆਏ ਸਨ ਜਿੱਥੇ ਨਾਨਕ ਨਾਮ-ਲੇਵਾ ਸੰਗਤ ਇਕੱਠੀ ਹੋ ਕੇ ਗੁਰੂ ਜਸ ਗਾਉਂਦੀ, ਗੁਰ ਸਿੱਖਿਆ ਦਾ ਪ੍ਰਚਾਰ ਕਰਦੀ। ਹੁਣ ਕਰਤਾਰਪੁਰ ਸਭਨਾਂ ਥਾਵਾਂ `ਤੇ ਬਣੀਆਂ ਧਰਮਸਾਲਾਵਾਂ ਤੇ ਵੱਖ ਵੱਖ ਖਿੱਤਿਆਂ ਵਿਚ ਵੱਸਣ ਵਾਲੀ ਸਿੱਖ ਸੰਗਤ ਲਈ ਕੇਂਦਰੀ ਸਥਾਨ ਬਣ ਗਿਆ। ਇੱਕ ਤਰ੍ਹਾਂ ਦਾ ਰੌਸ਼ਨ-ਮਿਨਾਰ! ਕਰਤਾਰਪੁਰ ਪਹੁੰਚ ਕੇ ਗੁਰੂ ਜੀ ਨੇ ਉਦਾਸੀ ਪਹਿਰਾਵਾ ਤਿਆਗ ਦਿੱਤਾ ਤੇ ਆਮ ਸੰਸਾਰੀ ਕੱਪੜੇ ਪਹਿਨ ਕੇ ਸਾਧਾਰਨ ਸਿੱਖ ਦਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ। ਖੇਤੀ ਕਰਨੀ ਸ਼ੁਰੂ ਕੀਤੀ। ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦਾ ਸਿਧਾਂਤ ਅਮਲੀ ਰੂਪ ਵਿਚ ਦ੍ਰਿੜ੍ਹ ਕਰਵਾਇਆ।
ਭਾਈ ਗੁਰਦਾਸ ਗਵਾਹੀ ਦਿੰਦੇ ਹਨ:-
ਫਿਰਿ ਬਾਬਾ ਆਇਆ ਕਰਤਾਰ ਪੁਰਿ ਭੇਖ ਉਦਾਸੀ ਸਗਲ ਉਤਾਰਾ॥
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ॥
ਉਲਟੀ ਗੰਗ ਵਹਾਈਓਨਿ ਗੁਰ ਅੰਗਦੁ ਸਿਰਿ ਉਪਰਿ ਧਾਰਾ॥
ਪੁਤਰੀ ਕਉਲੁ ਨ ਪਾਲਿਆ ਮਨਿ ਖੋਟੇ ਆਕੀ ਨਸਿਆਰਾ॥
ਬਾਣੀ ਮੁਖਹੁ ਉਚਾਰੀਐ ਹੁਇ ਰੁਸਨਾਈ ਮਿਟੈ ਅੰਧਾਰਾ॥
ਗਿਆਨ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧੁਨਕਾਰਾ॥
ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ॥
ਗੁਰਮੁਖਿ ਭਾਰ ਅਥਰਬਣ ਧਾਰਾ॥ ੩੮॥

ਪਹਿਲਾਂ ਅਸੀਂ ਮਜ਼ਾਰ ਦੇ ਦਰਸ਼ਨ ਕੀਤੇ। ਗੁਰਦੁਆਰੇ ਦੇ ਦਰਵਾਜ਼ੇ ਦੇ ਸੱਜੇ ਹੱਥ ਵੱਡੇ ਬੋਰਡ `ਤੇ ਇਸ ਸਥਾਨ ਬਾਰੇ ਜਾਣਕਾਰੀ ਲਿਖੀ ਹੋਈ ਸੀ, ਜਿਸਦੀ ਗੁਰਮੁਖੀ ਵਿਚ ਲਿਖੀ ਇਬਾਰਤ ਇਸ ਪ੍ਰਕਾਰ ਹੈ:-
ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪਰ ਸਾਹਿਬ
ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪਰ ਸਾਹਿਬ ਜ਼ਿਲ੍ਹਾ ਨਾਰੋਵਾਲ (ਪਾਕਿਸਤਾਨ) ਵਿਖੇ ਸ਼ਕਰਗੜ੍ਹ-ਨਾਰੋਵਾਲ ਸੜਕ `ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਸੁਭਾਇਮਾਨ ਹੈ। ਲਾਹੌਰ ਤੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ 120 ਕਿਲੋਮੀਟਰ, ਭਾਰਤ-ਪਾਕਿਸਤਾਨ ਸੀਮਾ ਤੋਂ ਰਾਵੀ ਪਾਰ ਤਕਰੀਬਨ ਸਾਢੇ ਤਿੰਨ ਕਿਲੋਮੀਟਰ ਅਤੇ ਦਰਬਾਰ ਸਾਹਿਬ ਸ੍ਰੀ ਡੇਰਾ ਬਾਬਾ ਨਾਨਕ ਸਾਹਿਬ ਤੋਂ ਪੰਜ ਕਿਲੋਮੀਟਰ ਦੀ ਦੂਰੀ `ਤੇ ਸੁਸ਼ੋਭਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਜਦੋਂ ਪਰਿਵਾਰ ਨੂੰ ਮਿਲਣ ਲਈ ਤਲਵੰਡੀ ਰਾਇ-ਭੋਇ ਵਿਖੇ ਆਏ, ਪਰਿਵਾਰ ਨੂੰ ਮਿਲਣ ਉਪਰੰਤ ਤਲਵੰਡੀ ਤੋਂ ਦਰਿਆ ਰਾਵੀ ਵੱਲ ਚੱਲਦਿਆਂ ਗੁਰੂ ਜੀ ਨੇ ਰਾਵੀ ਦੇ ਸੱਜੇ ਕੰਢੇ ਪੱਖੋਕੇ ਨਗਰ ਨਜ਼ਦੀਕ ਇਸ ਰਮਣੀਕ ਅਸਥਾਨ `ਤੇ ਨਿਵਾਸ ਕੀਤਾ ਤੇ 1521 ਨੂੰ ਇਸ ਅਸਥਾਨ ਦੀ ਨੀਂਹ ਰੱਖਦਿਆਂ ਇਸਦਾ ਨਾਮ ਕਰਤਾਰਪੁਰ ਰੱਖਿਆ। ਇਸ ਸਮੇਂ ਗੁਰੂ ਜੀ ਰਾਵੀ ਦੇ ਉਰਾਰ ਅਤੇ ਪਾਰ ਅਕਸਰ ਵਿਚਰਦੇ ਰਹਿੰਦੇ ਸਨ।
ਗੁਰੂ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਪੱਕੀ ਰਿਹਾਇਸ਼ ਉਦਾਸੀਆਂ ਤੋਂ ਬਾਅਦ ਰੱਖੀ ਤੇ ਇਸ ਪਵਿੱਤਰ ਸਥਾਨ ਨੂੰ ਆਬਾਦ ਕਰ ਕੇ ਇੱਥੇ ਧਰਮਸਾਲ ਬਣਵਾਈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੀਵਨ ਦਾ ਅੰਤਮ ਸਮਾਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬਤੀਤ ਕੀਤਾ। ਉਨ੍ਹਾਂ ਨੇ ਪਰਿਵਾਰ ਸਮੇਤ 1521 ਤੋਂ 1539 ਤੱਕ ਏਥੇ ਰਿਹਾਇਸ਼ ਰੱਖੀ ਅਤੇ ਸੰਗਤ ਨੂੰ ਹੱਥੀਂ ਕਿਰਤ ਕਮਾਈ ਵੱਲ ਤੋਰਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸਥਾਨ ਨੂੰ ਧਰਮ ਪ੍ਰਚਾਰ ਤੇ ਵਿਦਿਆ ਦੇ ਕੇਂਦਰ ਵਜੋਂ ਸਥਾਪਤ ਕੀਤਾ ਅਤੇ ਰੱਬੀ ਬਾਣੀ ਦਾ ਪ੍ਰਵਾਹ ਚਲਾਇਆ। ਇੱਥੇ ਰਹਿੰਦਿਆਂ ਗੁਰੂ ਜੀ ਨੇ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦਾ ਉਪਦੇਸ਼ ਵੀ ਸੰਗਤ ਨੂੰ ਦਿੱਤਾ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਉੱਤਰ ਅਧਿਕਾਰੀ ਚੁਣਨ ਲਈ ਇਸ ਪਵਿੱਤਰ ਸਥਾਨ `ਤੇ ਹੀ ਆਪਣੇ ਪੁੱਤਰਾਂ ਤੇ ਸਿੱਖਾਂ ਦੀ ਪ੍ਰੀਖਿਆ ਲਈ ਤੇ ਭਾਈ ਲਹਿਣਾ ਜੀ ਨੂੰ ਪ੍ਰੀਖਿਆ ਅਨੁਸਾਰ ਯੋਗ ਪਾਇਆ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੀ ਭਾਈ ਲਹਿਣਾ ਜੀ ਨੂੰ ਗੁਰਿਆਈ ਦੀ ਦਾਤ ਬਖ਼ਸ਼ੀ ਗਈ ਅਤੇ ਆਪ ਭਾਈ ਲਹਿਣਾ ਤੋਂ ਗੁਰੂ ਅੰਗਦ ਦੇਵ ਜੀ ਅਖਵਾਏ।
ਸ੍ਰੀ ਗੁਰੂ ਨਾਨਕ ਦੇਵ ਜੀ 22 ਸਤੰਬਰ 1539 ਨੂੰ ਜਦੋਂ ਜੋਤੀ ਜੋਤਿ ਸਮਾਏ ਤਾਂ ਗੁਰੂ ਜੀ ਦੇ ਮੁਸਲਿਮ ਸ਼ਰਧਾਲੂਆਂ ਨੇ ਗੁਰੂ ਜੀ ਨੂੰ ਅਕੀਦਤ ਪੇਸ਼ ਕਰਦਿਆਂ ਜਿਸ ਅਸਥਾਨ `ਤੇ ਗੁਰੂ ਜੀ ਦੀ ਚਾਦਰ ਨੂੰ ਸਪੁਰਦ-ਏ-ਖ਼ਾਕ ਕੀਤਾ, ਉਥੇ ਉਨ੍ਹਾਂ ਆਪਣੀ ਮਰਿਆਦਾ ਅਨੁਸਾਰ ਮਜ਼ਾਰ ਬਣਾਇਆ ਅਤੇ ਗੁਰੂ ਜੀ ਦੇ ਸਿੱਖ ਸ਼ਰਧਾਲੂਆਂ ਤੇ ਹਿੰਦੂ ਸ਼ਾਗਿਰਦਾਂ ਜਿਸ ਸਥਾਨ `ਤੇ ਚਾਦਰ ਦਾ ਸਸਕਾਰ ਕੀਤਾ ਉਥੇ ਉਨ੍ਹਾਂ ਨੇ ਗੁਰੂ ਜੀ ਦੀ ਯਾਦ ਵਿਚ ਆਪਣੀ ਸ਼ਰਧਾ ਅਨੁਸਾਰ ਸਮਾਧ ਤਿਆਰ ਕਰਵਾਈ। ਇਹ ਦੋਵੇਂ ਯਾਦਗਾਰਾਂ ਅੱਜ ਵੀ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਹਨ। ਇਸ ਅਸਥਾਨ `ਤੇ ਸ੍ਰੀ ਗੁਰੂ ਨਾਨਕ ਦੇਵ ਜੀ ਯਾਦ ਨਾਲ ਸੰਬੰਧਿਤ ਖੂਹ ਸਾਹਿਬ (ਜਿਸ ਦੀ ਵਰਤੋਂ ਗੁਰੂ ਜੀ ਖੇਤਾਂ ਨੂੰ ਪਾਣੀ ਲਾਉਣ ਲਈ ਕਰਦੇ ਸਨ) ਅਤੇ ਬਉਲੀ ਸਾਹਿਬ ਵੀ ਸੁਸ਼ੋਭਿਤ ਹਨ।
ਮਹਾਰਾਜਾ ਭੁਪਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸੇਵਾ ਕਰਵਾਈ।
1947 ਦੀ ਵੰਡ ਸਮੇਂ ਜਿਨ੍ਹਾਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਸੀ, ਸ੍ਰੀ ਕਰਤਾਰਪੁਰ ਸਾਹਿਬ ਉਨ੍ਹਾਂ ਵਿਚੋਂ ਇੱਕ ਹੋਣ ਨਾਤੇ ਇਸ ਪਵਿੱਤਰ ਸਥਾਨ ਦੇ ਦਰ ਸੰਗਤ ਲਈ 2000 ਈ. ਤੱਕ ਬੰਦ ਰਹੇ। 1998 ਵਿਚ ਪਾਕਿਸਤਾਨ ਸਰਕਾਰ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਦੁਬਾਰਾ ਸੇਵਾ ਆਰੰਭ ਕਰਵਾਈ ਅਤੇ 2000 ਈ. ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਦੇਸ਼ ਦੀ ਵੰਡ ਤੋਂ 53 ਸਾਲ ਬਾਅਦ ਸੰਗਤ ਲਈ ਗੁਰਦੁਆਰਾ ਸਾਹਿਬ ਦੇ ਦਰ ਫਿਰ ਤੋਂ ਖੋਲ੍ਹੇ ਗਏ।
ਸੰਨ 1947 ਦੀ ਵੰਡ ਉਪਰੰਤ ਪਿਛਲੇ 72 ਸਾਲ ਤੋਂ ਖ਼ਾਲਸਾ ਪੰਥ ਅਰਦਾਸ ਕਰਦਾ ਹੋਇਆ ਵਾਹਿਗੁਰੂ ਅੱਗੇ ਜੋਦੜੀ ਕਰਦਾ ਹੈ, ‘ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਉ! ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ-ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ!’ ਸਮੂਹ ਖ਼ਾਲਸਾ ਪੰਥ ਵੱਲੋਂ ਕੀਤੀ ਜਾਂਦੀ ਅਰਦਾਸ ਦੇ ਪੂਰੇ ਹੋਣ ਦੇ ਆਸਾਰ 9 ਨਵੰਬਰ 2019 ਨੂੰ ਬਣੇ ਜਦੋਂ ਪਾਕਿਸਤਾਨੀ ਸਰਕਾਰ ਤੇ ਪਾਕਿਸਤਾਨੀ ਫੌਜ ਵੱਲੋਂ 11 ਮਹੀਨਿਆਂ ਅੰਦਰ ਸ੍ਰੀ ਕਰਤਾਰਪਰ ਸਾਹਿਬ ਦੇ ਚੌਗਿਰਦੇ ਨੂੰ ਹੋਰ ਖ਼ੂਬਸੂਰਤ ਬਣਾਉਂਦਿਆਂ ਉਸਾਰੀ ਅਧੀਨ ਸਭ ਕਾਰਜ ਮੁਕੰਮਲ ਕਰਦਿਆਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿ੍ਹਆ ਗਿਆ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰੂ ਜੀ ਦੀ ਬਖ਼ਸ਼ਿਸ਼ ਰਾਹੀਂ ਪ੍ਰਾਪਤ ਖਾਸ ਸੌਗਾਤ ਹੈ।
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ
*****
ਰਾਗੀ ਸਿੰਘਾਂ ਦੀ ਆਵਾਜ਼ ਨੇ ਹਵਾਵਾਂ ਵਿਚ ਅੰਮ੍ਰਿਤ ਘੋਲਿਆ ਹੋਇਆ ਸੀ। ਬੋਰਡ `ਤੇ ਲਿਖੀ ਜਾਣਕਾਰੀ ਪੜ੍ਹਨ ਤੋਂ ਬਾਅਦ ਗੁਰਦੁਆਰੇ ਦੇ ਦਰਵਾਜ਼ੇ ਵਿਚੋਂ ਅੰਦਰ ਦਾਖ਼ਲ ਹੋਏ। ਸੋਚਿਆ ਸੀ ਕਿ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੋਵੇਗੀ ਤੇ ਨੇੜੇ ਬੈਠੇ ਰਾਗੀ ਸਿੰਘ ਕੀਰਤਨ ਕਰ ਰਹੇ ਹੋਣਗੇ। ਆਸੇ ਪਾਸੇ ਸੰਗਤ ਸਜੀ ਹੋਵੇਗੀ। ਪਰ ਅਜਿਹਾ ਕੁੱਝ ਵੀ ਨਹੀਂ ਸੀ। ਦਰਵਾਜ਼ਾ ਲੰਘਣ ਸਾਰ ਹਾਲ ਵਿਚ ਕੇਵਲ ਇੱਕ ਸਮਾਧ-ਰੂਪੀ ਥੜ੍ਹਾ ਸੀ। ਥੜ੍ਹੇ ਦੇ ਸਿਰ ਉੱਤੇ ਚਹੁੰ ਸੰਗਮਰਮਰੀ ਸਤੰਭਾਂ ਦੇ ਸਿਰ ਉੱਤੇ ਸੰਗਮਰਮਰੀ ਪਾਲਕੀ ਦਾ ਗੁੰਬਦ ਸੋਹ ਰਿਹਾ ਸੀ, ਜਿਸ ਨੂੰ ਆਸੇ-ਪਾਸੇ ਫੁੱਲ ਰੱਖ ਕੇ ਸ਼ਿੰਗਾਰਿਆ ਹੋਇਆ ਸੀ। ਜ਼ਾਹਿਰ ਹੈ ਕਿ ਇਹ ਉਹੋ ਅਨੁਮਾਨਿਤ ਥਾਂ ਸੀ ਜਿਸ ਥਾਂ `ਤੇ ਗੁਰੂ ਜੀ ਦਾ ਅੰਤਮ-ਸੰਸਕਾਰ ਕੀਤਾ ਗਿਆ ਸੀ। ਗੁਰੂ ਜੀ ਪ੍ਰਤੀ ਆਪਣੀ ਅਪਾਰ ਮੁਹੱਬਤ ਦੇ ਵੇਗ ਵਿਚ ਮੇਰਾ ਮਨ ਵੈਰਾਗ਼ਿਆ ਗਿਆ। ਮੈਂ ਥੜ੍ਹੇ ਦੇ ਨੇੜੇ ਬਹਿ ਕੇ ਉਹਨੂੰ ਆਪਣੇ ਕਲਾਵੇ ਵਿਚ ਘੁੱਟ ਲਿਆ। ਮਹਿਸੂਸ ਹੋਇਆ ਜਿਵੇਂ ਮੈਂ ਗੁਰੂ ਜੀ ਦੇ ਗਲ਼ ਨੂੰ ਜੱਫ਼ੀ ਪਾ ਲਈ ਹੋਵੇ। ਆਪਣਾ ਆਪ ਗੁਰੂ ਜੀ ਦੇ ਸੀਨੇ ਨਾਲ ਘੁੱਟ ਲਿਆ ਹੋਵੇ।
ਪੜ੍ਹਨ ਵਾਲਿਆਂ ਨੂੰ ਲੱਗ ਰਿਹਾ ਹੋਵੇਗਾ ਕਿ ਮੈਂ ਭਾਵੁਕ ਹੋ ਗਿਆ ਹਾਂ। ਤਰਕ ਵਾਲੇ ਸੋਚਣਗੇ ਕਿ ਮੇਰੀ ਅੰਨ੍ਹੀ ਸ਼ਰਧਾ ਮੇਰੇ `ਤੇ ਭਾਰੂ ਹੋ ਗਈ ਹੈ! ਨਹੀਂ, ਬਿਲਕੁਲ ਨਹੀਂ। ਮੈਨੂੰ ਗੁਰੂ ਸਾਹਿਬ ਨੇ ਅੱਖਾਂ ਮੀਟ ਕੇ ਅੰਨ੍ਹੀ ਸ਼ਰਧਾ ਕਰਨੀ ਨਹੀਂ ਸਿਖਾਈ। ਉਨ੍ਹਾਂ ਨੇ ਸਿਖਾਇਆ ਹੈ ਕਿ ਮੈਂ ਦੁਨਿਆਵੀ ਵਰਤਾਰਿਆਂ ਨੂੰ ਅੱਖਾਂ ‘ਖੋਲ੍ਹ’ ਕੇ ਵੇਖਾਂ। ਮੇਰੇ ਭਾਵੁਕ ਹੋਣ ਦਾ ਕਾਰਨ ‘ਅੰਨ੍ਹੀ ਸ਼ਰਧਾ’ ਨਹੀਂ ਸਗੋਂ ਗੁਰੂ ਸਾਹਿਬ ਲਈ ਮੇਰੀ ਅਪਾਰ ਮੁਹੱਬਤ ਹੈ। ਮੇਰੀ ਇਹ ਮੁਹੱਬਤ ਉਨ੍ਹਾਂ ਦੀ ਸੋਚ ਨਾਲ, ਉਨ੍ਹਾਂ ਦੇ ਅਮਲ ਨਾਲ, ਉਨ੍ਹਾਂ ਦੇ ਕਿਰਦਾਰ ਨਾਲ ਸੀ। ਮੇਰੇ ਭਾਵੁਕ ਹੋਣ ਦਾ ਕਾਰਨ ਤਾਂ ਇੰਞ ਹੈ ਜਿਵੇਂ ਕੋਈ ਚਿਰਾਂ ਦਾ ਵਿਛੜਿਆ ਬਾਲ ਆਪਣੇ ਬਾਪ ਦੇ ਮਿਲਣ `ਤੇ ਉਹਦੇ ਗਲ ਨਾਲ ਲੱਗ ਕੇ ਆਨੰਦ-ਵਿਭੋਰ ਹੋ ਉੱਠਦਾ ਹੈ। ਉਹਦਾ ਚਾਅ ਉਹਦੇ ਆਪੇ `ਚ ਮਿਉਂਦਾ ਨਹੀਂ। ਉਹਦੀ ਖ਼ੁਸ਼ੀ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਮੈਂ ਏਸੇ ਮਾਨਸਿਕ ਅਵਸਥਾ ਵਿਚ ਸਾਂ। ਮੇਰੇ ਲਈ ਸਾਰੇ ਚੌਗਿਰਦੇ ਵਿਚ ਗੁਰੂ ਜੀ ਦੇ ਬੋਲਾਂ ਦੀ ਮਹਿਕ ਘੁਲੀ ਮਹਿਸੂਸ ਹੋ ਰਹੀ ਸੀ। ਮੈਨੂੰ ਤਾਂ ਇਹੋ ਅਹਿਸਾਸ ਸਰਸ਼ਾਰ ਕਰ ਰਿਹਾ ਸੀ ਕਿ ਇਸ ਧਰਤੀ `ਤੇ ਮੇਰੇ ਗੁਰਾਂ ਦੇ ਚਰਨ ਲੱਗੇ ਸਨ।
ਮੈਂ ਪਤਨੀ ਨੂੰ ਗੁਰੂ ਜੀ ਨਾਲ ਪਾਈ ਗਲਵੱਕੜੀ ਦੀ ਤਸਵੀਰ ਖਿੱਚਣ ਲਈ ਕਿਹਾ। ਫਿਰ ਅਸੀਂ ਦੋਵਾਂ ਨੇ ਇਕੱਠਿਆਂ ਬਹਿ ਕੇ ਕਿਸੇ ਸ਼ਰਧਾਲੂ ਨੂੰ ਬੇਨਤੀ ਕਰ ਕੇ ਆਪਣੀ ਤਸਵੀਰ ਬਣਵਾਈ। ਉੱਠ ਕੇ ਸਮਾਧ ਦੀ ਪਰਿਕਰਮਾ ਕੀਤੀ। ਹਾਲ ਵਿਚ ਦੋ ਚਾਰ ਸ਼ਰਧਾਲੂ ਹੀ ਬੈਠੇ ਸਨ। ਅਸੀਂ ਸੋਚਿਆ ਕਿ ਕਿਸੇ ਹੋਰ ਥਾਂ `ਤੇ ਕੀਰਤਨ ਦੀ ਟੇਪ ਚੱਲ ਰਹੀ ਹੋਵੇਗੀ। ਮੱਥਾ ਟੇਕ ਕੇ ਅਸੀਂ ਬਾਹਰ ਨਿਕਲੇ ਤੇ ਕੰਪਲੈਕਸ ਦੇ ਚੜ੍ਹਦੇ ਪਾਸੇ ਬਣੀ ਉਸ ਯਾਦਗਾਰ ਵੱਲ ਚੱਲ ਪਏ ਜਿਥੇ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤ੍ਰੀ ਇਮਰਾਨ ਖ਼ਾਨ ਨੇ ਇਸ ਕੰਪਲੈਕਸ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ ਸੀ। ਇੱਕ ਵੱਡੀ ਸੁਨਹਿਰੀ ਕਿਰਪਾਨ ਦੀ ਸ਼ਕਲ ਵਿਚ ਇਹ ਯਾਦਗਾਰ ਚੜ੍ਹਦੇ ਪਾਸੇ ਕੰਪਲੈਕਸ ਦੇ ਅਖ਼ੀਰ `ਤੇ ਬਣੀ ਹੋਈ ਹੈ। ਉਸਤੋਂ ਅੱਗੇ ਥੋੜ੍ਹੀ ਜਿਹੀ ਢਲਵਾਣ `ਤੇ ਬਣੇ ਸੰਗਮਰਮਰੀ ਥੜ੍ਹੇ ਤੋਂ ਅੱਗੇ ਗੁਰੂ ਸਾਹਿਬ ਦੇ ਖੇਤਾਂ ਵਾਲੀ ਜ਼ਮੀਨ ਹੈ, ਜਿਸ ਵਿਚ ਧਰਤੀ ਦੀ ਸਤਹ ਤੋਂ ਉੱਚਾ ਚੁੱਕ ਕੇ ਵੱਡ-ਅਕਾਰੀ ਖੰਡਾ ਬਣਾਇਆ ਗਿਆ ਹੈ। ਆਸੇ ਪਾਸੇ ਦੀ ਜ਼ਮੀਨ ਵਿਚ ਗੁਰਦੁਆਰੇ ਦੇ ਲੰਗਰ ਵਿਚ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ ਦੀ ਕਾਸ਼ਤ ਕੀਤੀ ਹੋਈ ਸੀ। ਵਿਚ ਵਿਚ ਖਜੂਰਾਂ ਦੇ ਪੌਦੇ ਲੱਗੇ ਹੋਏ ਸਨ।
ਇਸ ਯਾਦਗਾਰ ਅੱਗੇ ਖਲੋ ਕੇ ਵੀ ਬਹੁਤ ਸਾਰੇ ਲੋਕ ਤਸਵੀਰਾਂ ਖਿੱਚ/ਖਿਚਵਾ ਰਹੇ ਸਨ।
ਓਥੇ ਹੀ ਅਸੀਂ ਕਿਸੇ ਸ਼ਰਧਾਲੂ ਨੂੰ ਪੁੱਛਿਆ ਕਿ ਕੀਰਤਨ ਕਿਸ ਜਗ੍ਹਾ `ਤੇ ਹੋ ਰਿਹਾ ਹੈ ਤਾਂ ਉਹਨੇ ਦੱਸਿਆ ਕਿ ਗੁਰਦੁਆਰੇ ਦੀ ਉਤਲੀ ਮੰਜ਼ਿਲ `ਤੇ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਰਾਗੀ ਸਿੰਘ ਓਥੇ ਹੀ ਕੀਰਤਨ ਕਰ ਰਹੇ ਹਨ।
ਅਸੀਂ ਸ਼ਰਮਿੰਦੇ ਜਿਹੇ ਹੋ ਗਏ। ਦੋ-ਚਾਰ ਜਣਿਆਂ ਨੂੰ ਅੰਦਰ ਵੜ ਕੇ ਹਾਲ ਦੀ ਇੱਕ ਨੁੱਕਰ ਵੱਲ ਜਾਂਦਿਆਂ ਵੇਖਿਆ ਤਾਂ ਸੀ, ਪਰ ਮੁੜ ਕੇ ਉਹ ਦਿਸੇ ਨਹੀਂ ਸਨ। ਅਸਲ ਵਿਚ ਉਹ ਹਾਲ ਦੇ ਕੋਨੇ ਵਿਚ ਬਣੀਆਂ ਪੌੜੀਆਂ ਰਾਹੀਂ ਉੱਪਰ ਮੱਥਾ ਟੇਕਣ ਚਲੇ ਗਏ ਸਨ।
ਵਾਪਸ ਪਰਤ ਕੇ ਅਸੀਂ ਜਦੋਂ ਗੁਰਦੁਆਰੇ ਦੇ ਹਾਲ ਵਿਚ ਪਹੁੰਚੇ ਤਾਂ ਨੁੱਕਰ ਵਿਚ ਪੌੜੀਆਂ ਦਿਸ ਪਈਆਂ। ਸ਼ਰਧਾਲੂ ਉੱਪਰ ਹੇਠਾਂ ਜਾ ਆ ਰਹੇ ਸਨ। ਉੱਤੇ ਗਏ ਤਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਤੇ ਨੇੜੇ ਹੀ ਰਾਗੀ ਸਿੰਘ ਕੀਰਤਨ ਕਰ ਰਹੇ ਸਨ। ਲੋਕ ਵੱਡੀ ਗਿਣਤੀ ਵਿਚ ਹਾਜ਼ਰੀ ਭਰ ਰਹੇ ਸਨ, ਪ੍ਰਸ਼ਾਦ ਲੈ ਕੇ ਪਰਿਕਰਮਾ ਕਰ ਰਹੇ ਸਨ।
ਅਸੀਂ ਹੈਰਾਨ ਕਿ ਪਹਿਲਾਂ ਸਾਨੂੰ ਇਹ ਸੋਝੀ ਕਿਉਂ ਨਾ ਆਈ? ਮਿੱਥ ਕਥਾ ਯਾਦ ਆਈ। ਸ਼ਿਵ ਜੀ ਤੇ ਪਾਰਵਤੀ ਜਾ ਰਹੇ ਸਨ ਕਿ ਇੱਕ ਬਹੁਤ ਗ਼ਰੀਬ ਬੰਦਾ ਵੇਖ ਕੇ ਪਾਰਵਤੀ ਨੇ ਪਸੀਜ ਕੇ ਕਿਹਾ, “ਇਸ ਗ਼ਰੀਬ ਬੰਦੇ `ਤੇ ‘ਬਖ਼ਸ਼ਿਸ ਕਰ ਕੇ ਇਹਦੀ ਗ਼ਰੀਬੀ ਕੱਟ ਦਿਉ।” ਸ਼ਿਵ ਜੀ ਕਹਿੰਦੇ, “ਮਾਇਆ ਇਹਦੇ ਕਰਮਾਂ ਵਿਚ ਨਹੀਂ।” ਪਾਰਵਤੀ ਨੇ ਜ਼ਿਦ ਕੀਤੀ ਤਾਂ ਸ਼ਿਵ ਜੀ ਨੇ ਉਸ ਬੰਦੇ ਦੇ ਰਾਹ ਵਿਚ ਮੁਹਰਾਂ ਵਿਛਾ ਦਿੱਤੀਆਂ। ਜਦੋਂ ਉਹ ਬੰਦਾ ਮੁਹਰਾਂ ਤੋਂ ਕੁੱਝ ਹੀ ਕਦਮ ਪਿੱਛੇ ਸੀ ਤਾਂ ਸੋਚਣ ਲੱਗਾ, ‘ਰੱਬ ਨੇ ਕੋਈ ਐਸੀ ਮੁਸ਼ਕਿਲ ਜਾਂ ਦੁੱਖ ਨਹੀਂ, ਜਿਹੜਾ ਮੈਨੂੰ ਦਿੱਤਾ ਨਾ ਹੋਵੇ, ਸਿਰਫ਼ ਅੰਨ੍ਹਾ ਹੀ ਨਹੀਂ ਕੀਤਾ। ਚਲੋ! ਹੁਣ ਅੰਨ੍ਹਾ ਬਣ ਕੇ ਹੀ ਵੇਖ ਲੈਂਦੇ ਹਾਂ!” ਤੇ ਉਹਨੇ ਅੱਖਾਂ ਮੀਟ ਲਈਆਂ ਤੇ ਜਿਸ ਥਾਂ `ਤੇ ਮੁਹਰਾਂ ਵਿਛੀਆਂ ਹੋਈਆਂ ਸਨ, ਉਸ ਥਾਂ ਨੂੰ ਅਣਵੇਖੇ ਹੀ ਅੱਗੇ ਲੰਘ ਗਿਆ।
ਸਾਨੂੰ ਲੱਗਾ ਕਿ ਕੀ ਅਸੀਂ ਉਦੋਂ ਅੱਖਾਂ ਕਿਉਂ ਬੰਦ ਕਰ ਲਈਆਂ ਸਨ ਜਦ ਕਿ ਮੁਹਰਾਂ ਦਾ ਮੀਂਹ ਸਾਡੇ ਸਿਰਾਂ `ਤੇ ਪੈ ਰਿਹਾ ਸੀ। ਸ਼ੁਕਰ ਸੀ ਕਿ ਅੱਖਾਂ ਛੇਤੀ ਖੁੱਲ੍ਹ ਗਈਆਂ।
ਜਦੋਂ ਵੀ ਅਸੀਂ ਕਦੀ ਕਿਸੇ ਵੀ ਗੁਰਦੁਆਰੇ ਜਾਈਏ ਤਾਂ ਮੇਰੀ ਪਤਨੀ ਆਖੇਗੀ, “ਤੁਸੀਂ ਵੀ ਅਰਦਾਸ ਕਰੋ। ਤੁਹਾਡੇ ਬੱਤੀ ਦੰਦ ਨੇ। ਕਹਿੰਦੇ ਬੱਤੀ ਦੰਦਾਂ ਵਾਲਿਆਂ ਦੀ ਅਰਦਾਸ ਛੇਤੀ ਸੁਣੀ ਜਾਂਦੀ ਹੈ।”
ਮੈਂ ਹੱਸਦਾ ਹੋਇਆ ਉਹਨੂੰ ਸੁਣਾ ਕੇ ਆਖ ਦਿੰਦਾ ਹਾਂ, “ਸੱਚੇ ਪਾਤਸ਼ਾਹ! ਮੇਰੀ ਘਰਵਾਲੀ ਦੀ ਅਰਦਾਸ ਸੁਣ ਲੈ ਤੇ ਮੰਨ ਲੈ। ਮੇਰੀ ਅਰਦਾਸ ਵਿਚੇ ਆ ਜਾਊਗੀ।”
ਉਹ ਗੁੱਸੇ ਨਾਲ ਘੂਰ ਕੇ ਮੇਰੇ ਵੱਲ ਵੇਖੇਗੀ ਤੇ ਅੱਖਾਂ ਮੁੰਦ ਕੇ ਅਰਦਾਸ ਵਿਚ ਜੁੜ ਜਾਏਗੀ। ਅੱਜ ਵੀ ਸਾਡਾ ਇਹੋ ਵਾਰਤਾਲਾਪ ਹੋਇਆ।
ਅਸੀਂ ਇਸ ਤਰ੍ਹਾਂ ਹੀ ਅਰਦਾਸ ਕੀਤੀ। ਮੱਥਾ ਟੇਕਿਆ, ਪ੍ਰਸ਼ਾਦ ਲਿਆ ਤੇ ਪਰਿਕਰਮਾ ਕੀਤੀ। ਸੱਚੀ ਗੱਲ ਤਾਂ ਇਹ ਹੈ ਕਿ ਦਹਾਕੇ ਬੀਤ ਗਏ ਹੋਣਗੇ ਜਦੋਂ ਮੈਂ ਕਿਸੇ ਧਾਰਮਿਕ ਸਥਾਨ `ਤੇ ਮੱਥਾ ਟੇਕ ਕੇ ਅਰਦਾਸ ਕਰ ਕੇ ਕੋਈ ਸੁੱਖਣਾ ਸੁੱਖੀ ਹੋਵੇ ਜਾਂ ਕਿਸੇ ਰੱਬ ਅੱਗੇ ਕੋਈ ਮੰਗ ਰੱਖੀ ਹੋਵੇ। ਮੈਂ ਨਹੀਂ ਸਮਝਦਾ ਕਿ ਅਰਦਾਸ ਕੀਤਿਆਂ ਕੋਈ ਰੱਬ ਮੇਰੇ ‘ਬਿਗੜੇ ਕਾਜ ਸਵਾਰ ਦੇਵੇਗਾ।’ ਕਿਉਂਕਿ ਮੇਰੇ ਗੁਰੂ ਨੇ ਹੀ ਮੈਨੂੰ ਦੱਸਿਆ ਹੋਇਆ ਹੈ, “ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ”
ਅਰਦਾਸ ਬਾਰੇ ਵੀ ਗੁਰੂ ਜੀ ਨੇ ਹੀ ਦੱਸਿਆ ਹੈ:-
ਜੀਉ ਪਿੰਡੁ ਸਭੁ ਤਿਸ ਕਾ ਸਭੁ ਕਿਛੁ ਤਿਸ ਕੈ ਪਾਸਿ॥
ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ॥
ਮੇਰਾ ਮੰਨਣਾ ਹੈ ਕਿ ਅੱਵਲ ਤਾਂ ਕੋਈ ਅਜਿਹੀ ਸ਼ਕਤੀ ਹੈ ਨਹੀਂ, ਜੋ ਦਰਬਾਰ ਲਾ ਕੇ ਅਰਦਾਸਾਂ ਸੁਣ ਰਹੀ ਹੋਵੇਗੀ ਤੇ ਉਨ੍ਹਾਂ ਅਰਦਾਸਾਂ `ਤੇ ਅਮਲ-ਦਰਾਮਦ ਕਰ ਰਹੀ ਹੋਵੇਗੀ। ਤੇ ਜੇ ਹੋਵੇ ਵੀ ਤਾਂ ‘ਉਹ ਸਭ ਜਾਣੀ-ਜਾਣ ਹੈ’; ‘ਘਟ ਘਟ ਕੇ ਅੰਤਰ ਦੀ ਜਾਣਦਾ ਹੈ’। ਉਸ ਅੱਗੇ ਬੋਲ ਕੇ ਅਰਦਾਸ ਕਿਉਂ ਕਰਨੀ ਹੋਈ!
ਉਤਲੀ ਮੰਜ਼ਿਲ ਤੋਂ ਅਸੀਂ ਦੂਰ ਤੱਕ ਚਾਰ-ਚੁਫ਼ੇਰੇ ਝਾਤ ਮਾਰ ਕੇ ਫ਼ੈਲੀ ਹਰਿਆਵਲ ਨੂੰ ਵੇਖਿਆ। ਦਿਲ ਤੇ ਅੱਖਾਂ ਨੂੰ ਠੰਢ ਪੈ ਗਈ। ਰੱਜੀ ਹੋਈ ਰੂਹ ਨਾਲ ਅਸੀਂ ਪੌੜੀਆਂ ਉੱਤਰ ਆਏ।
ਹੇਠਾਂ ਆ ਕੇ ਵੇਖਿਆ ਮਜ਼ਾਰ ਸਾਹਿਬ ਦੇ ਨਾਲ ਹੀ ਉਹ ‘ਖ਼ੂਹ ਸਾਹਿਬ’ ਹੈ ਜਿਸ ਬਾਰੇ ਜਾਣਕਾਰੀ ਦਿੰਦੇ ਬੋਰਡ `ਤੇ ਲਿਖਿਆ ਹੋਇਆ ਸੀ, ‘ਇਸ ਅਸਥਾਨ `ਤੇ ਸ੍ਰੀ ਗੁਰੂ ਨਾਨਕ ਦੇਵ ਜੀ ਯਾਦ ਨਾਲ ਸੰਬੰਧਿਤ ਖੂਹ ਸਾਹਿਬ (ਜਿਸ ਦੀ ਵਰਤੋਂ ਗੁਰੂ ਜੀ ਖੇਤਾਂ ਨੂੰ ਪਾਣੀ ਲਾਉਣ ਲਈ ਕਰਦੇ ਸਨ) ਅਤੇ ਬਉਲੀ ਸਾਹਿਬ ਵੀ ਸੁਸ਼ੋਭਿਤ ਹਨ।
ਅਸੀਂ ਉਸ ਲੋਹੇ ਦੀਆਂ ਟਿੰਡਾਂ ਵਾਲੇ ਖੂਹ ਦੇ ਦਰਸ਼ਨ ਕੀਤੇ, ਜਿਸਦੇ ਜੰਗਾਲੇ ਹੋਏ ਪਾੜਛੇ ਵਿਚ ਸ਼ਰਧਾਲੂਆਂ ਵੱਲੋਂ ਸ਼ਰਧਾ ਵੱਸ ਮੱਥਾ ਟੇਕਣ ਲਈ ਸੁੱਟੇ ਸਿੱਕਿਆਂ ਦਾ ਢੇਰ ਲੱਗਾ ਹੋਇਆ ਸੀ। ਜ਼ਾਹਿਰ ਹੈ, ਪੁਰਾਣੇ ਖੂਹ ਦੀ ਇਮਾਰਤ ਨੂੰ ਨਵਿਆ ਕੇ ਪੱਕੀ ਮੌਣ, ਲੋਹੇ ਦੀਆਂ ਟਿੰਡਾਂ ਤੇ ਬੇੜ ਪਾਏ ਗਏ ਹੋਣਗੇ ਕਿਉਂਕਿ ਸੌ ਕੁ ਸਾਲ ਪਹਿਲਾਂ ਖੂਹਾਂ ਦੀਆਂ ਟਿੰਡਾਂ ਮਿੱਟੀ ਦੀਆਂ ਹੁੰਦੀਆਂ ਸਨ। ਜਗਿਆਸੂ ਮਨ ਮੁੜ ਸਵਾਲ ਕਰਦਾ ਹੈ, ‘ਜੇ ਸਮਾਧ ਅਤੇ ਮਜ਼ਾਰ ਕਾਇਮ ਹਨ, ਖੂਹ ਵੀ ਮੌਜੂਦ ਹੈ ਤਾਂ ਨਗਰ ਦੀਆਂ ਬਾਕੀ ਨਿਸ਼ਾਨੀਆਂ ਕਿਥੇ ਅਲੋਪ ਹੋ ਗਈਆਂ?
ਖੂਹ ਦੇ ਨਜ਼ਦੀਕ ਹੀ ਇੱਕ ਪੰਦਰਾਂ-ਵੀਹ ਫੁੱਟ ਉੱਚਾ ਸਤੰਭ ਹੈ, ਜਿਸ ਦੇ ਸਿਰੇ `ਤੇ ਬਣਾਏ ਸ਼ੀਸ਼ੇ ਦੇ ਗੁੰਬਦ ਜਿਹੇ ਵਿਚ 1971 ਵਿਚ ਹੋਈ ਭਾਰਤ-ਪਾਕਿ ਜੰਗ ਵਿਚ ਭਾਰਤੀ ਹਵਾਈ ਫੌਜ ਵੱਲੋਂ ਸੁੱਟੇ ਬੰਬ ਨੂੰ ਯਾਦ-ਨਿਸ਼ਾਨੀ ਵਜੋਂ ਰੱਖਿਆ ਹੋਇਆ ਹੈ। ਇਸ ਬੰਬ ਬਾਰੇ ਉਥੇ ਲੱਗੇ ਬੋਰਡ `ਤੇ ਗੁਰਮੁਖੀ, ਉਰਦੂ ਅਤੇ ਅੰਗਰੇਜ਼ੀ ਵਿਚ ਹੇਠ ਲਿਖੀ ਇਬਾਰਤ ਮੌਜੂਦ ਹੈ:-

ਆਕਾਲ ਪੁਰਖ਼ ਵਾਹਿਗੁਰੂ ਜੀ ਦੀ ਸੱਚੀ ਕਰਾਮਾਤ
ਇਹ ਗੋਲਾ (ਬੰਬ) ਭਾਰਤੀ ਹਵਾਈ ਸੈਨਾ ਨੇ 1971 ਵਿਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਨੂੰ ਨਸ਼ਟ ਕਰਨ ਲਈ ਸੁੱਟਿਆ ਸੀ। ਅਕਾਲ ਪੁਰਖ ਵਾਹਿਗੁਰੂ ਜੀ ਦੀ ਖਾਸ ਰਹਿਮਤ ਸਦਕਾ ਇਹ ਗੋਲਾ ਸ੍ਰੀ ਖੂਹ ਸਾਹਿਬ ਨੇ ਆਪਣੀ ਪਵਿੱਤਰ ਗੋਦ ਵਿਚ ਲੈ ਲਿਆ ਸੀ ਅਤੇ ਗੁਰਦੁਆਰਾ, ਸਮਾਧ, ਮਜ਼ਾਰ ਸਾਹਿਬ ਨੂੰ ਨਸ਼ਟ ਹੋਣ ਤੋਂ ਬਚਾ ਲਿਆ।
ਦੱਸਣ ਯੋਗ ਇਹ ਗੱਲ ਹੈ ਕਿ ਇਹ ਉਹ ਪਵਿੱਤਰ ਖੂਹ ਹੈ, ਜਿਸ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਖੇਤਾਂ ਨੂੰ ਪਾਣੀ ਲਾਇਆ ਕਰਦੇ ਸਨ।

ਗੁਰੂ ਨਾਨਕ ਪਾਤਸ਼ਾਹ ਦੀ ਸਿੱਖਿਆ ਵਿਚ ਕਿਸੇ ਕਿਸਮ ਦੀ ਕਰਾਮਾਤ ਲਈ ਕੋਈ ਥਾਂ ਨਹੀਂ। ਅਜਿਹੀਆਂ ਸਾਖੀਆਂ ਲੋਕ ਆਪਣੇ ਆਪ ਜੋੜ ਲੈਂਦੇ ਹਨ। ਜੇ ਅਜਿਹਾ ਹੋਣਾ ਸੰਭਵ ਹੁੰਦਾ ਤਾਂ ਅਕਾਲ ਤਖ਼ਤ ਜਿਹੀ ਇਮਾਰਤ ਗੋਲਿਆਂ ਦੀ ਮਾਰ ਨਾਲ ਕਦੀ ਢਹਿ-ਢੇਰੀ ਨਾ ਹੁੰਦੀ।

ਜਦੋਂ ਗੁਰਦੁਆਰੇ ਤੇ ਬਾਕੀ ਕੰਪਲੈਕਸ ਦੀ ਯਾਤਰਾ ਮੁਕੰਮਲ ਹੋ ਗਈ ਤਾਂ ਭੁੱਖ ਵੀ ਚਮਕ ਪਈ। ਸੋਚਿਆ, ਹੁਣ ਲੰਗਰ ਦਾ ਰੁਖ਼ ਕਰੀਏ। ਲੱਗੇ ਹੋਏ ਨਿਸ਼ਾਨਾਂ ਦੀ ਸੇਧ ਵਿਚ ਲੰਗਰ ਹਾਲ ਵਿਚ ਪਹੁੰਚੇ ਤਾਂ ਵੇਖਿਆ ਸੰਗਤ ਪੰਗਤਾਂ ਵਿਚ ਬੈਠੀ ਲੰਗਰ ਛਕ ਰਹੀ ਸੀ। ਅਸੀਂ ਵੀ ਮੁਨਾਸਬ ਜਿਹਾ ਥਾਂ ਵੇਖ ਕੇ ਕਤਾਰ ਵਿਚ ਬੈਠ ਗਏ। ਵਰਤਾਵੇ ਲੰਗਰ ਵਰਤਾ ਰਹੇ ਸਨ। ਚੌਲ, ਦਾਲ, ਸਬਜ਼ੀ ਤੇ ਦਹੀਂ। ਅਸੀਂ ਲੋੜ ਜੋਗਾ ਭੋਜਨ ਥਾਲੀਆਂ ਵਿਚ ਪਵਾ ਲਿਆ। ਜਿਹੜੇ ਨੌਜਵਾਨ ਲੰਗਰ ਵਰਤਾ ਰਹੇ ਸਨ, ਉਨ੍ਹਾਂ ਦੇ ਸਿਰਾਂ `ਤੇ ਰੁਮਾਲੇ ਬੰਨ੍ਹੇ ਹੋਏ ਸਨ। ਜ਼ਾਹਿਰ ਸੀ ਕਿ ਉਹ ਪਾਕਿਸਤਾਨ ਦੇ ਸ਼ਹਿਰੀ ਹੀ ਸਨ। ਇੱਕ ਜਣਾ ਕੋਲ ਆਇਆ ਤਾਂ ਮੈਂ ਉਹਦਾ ਨਾਂ ਪੁੱਛਿਆ ਤਾਂ ਕਹਿੰਦਾ, “ਕਪਿਲ ਸ਼ਰਮਾ”
“ਇੰਡੀਆ ਤੋਂ ਏਂ?”
“ਨਹੀਂ ਜੀ, ਪਾਕਿਸਤਾਨ ਤੋਂ ਆਂ। ਨਾਰੋਵਾਲ ਤੋਂ।”
ਮੈਂ ਹੱਸ ਪਿਆ, “ਸਾਡੇ ਵਾਲੇ ਕਪਿਲ ਸ਼ਰਮਾ ਦਾ ਨਾਂ ਸੁਣਿਐਂ?”
ਉਹ ਵੀ ਹੱਸ ਪਿਆ, “ਹਾਂ ਜੀ, ਸੁਣਿਐਂ!”
ਉਹਦੀ ਡਿਊਟੀ ਲੰਗਰ ਵਰਤਾਉਣ ਦੀ ਸੀ ਤੇ ਅਸੀਂ ਲੰਗਰ ਛਕ ਰਹੇ ਸਾਂ। ਦੋਵਾਂ ਕੋਲ ਲੰਮੀ ਗੱਲ ਬਾਤ ਕਰਨ ਦੀ ਗੁੰਜਾਇਸ਼ ਨਹੀਂ ਸੀ। ਉਹ ਲੰਗਰ ਵਰਤਾਉਂਦਾ ਅੱਗੇ ਤੁਰ ਗਿਆ। ਤਾਂ ਦੂਜਾ ਜਵਾਨ ਦਾਲ ਦੀ ਬਾਲਟੀ ਲੈ ਕੇ ਦਾਲ ਵਰਤਾਉਂਦਾ ਕੋਲ ਆਇਆ ਤਾਂ ਮੈਂ ਉਹਨੂੰ ਵੀ ਉਹਦਾ ਨਾਂ ਪੁੱਛਿਆ, “ਤੇਰਾ ਕੀ ਨਾਂ ਹੈ ਗੱਭਰੂਆ!”
“ਜੀ ਰਾਮ ਲਾਲ!”
ਮੈਂ ਫੇਰ ਹੱਸ ਪਿਆ। ਹੌਲੀ ਜਿਹੀ ਆਪਣੇ ਆਪ ਨੂੰ ਸੁਣਾ ਕੇ ਕਿਹਾ, “’ਰਾਮ’ ਦਾ ਕੀ ਕੰਮ ਹੈ ਪਾਕਿਸਤਾਨ ਵਿਚ!”
ਪਰ ਇਸ ਵਿਚ ਵੀ ਸ਼ੱਕ ਨਹੀਂ ਸੀ ਕਿ ਉਥੇ ਕਪਿਲ ਸ਼ਰਮਾ ਵੀ ਸੀ ਤੇ ਰਾਮ ਲਾਲ ਵੀ। ਲੱਗਦਾ ਹੈ ਕਿ ਪਾਕਿਸਤਾਨੀ ਇੰਤਜ਼ਾਮੀਆਂ ਨੇ ਸਿੱਖ ਸੰਗਤਾਂ ਵਿਚ ਵਰਤਾਏ ਜਾਣ ਵਾਲੇ ਲੰਗਰ ਲਈ ਹਿੰਦੂ ਵਰਤਾਵੇ ਉਚੇਚੇ ਤੌਰ `ਤੇ ਮੁਲਾਜ਼ਮ ਰੱਖੇ ਹੋਏ ਸਨ। ਮੈਂ ਅਨੁਮਾਨ ਲਾਉਣ ਲੱਗਾ ਕਿ ਕੀ ਇਸ ਪਿੱਛੇ ਉਹੋ ਰਵਾਇਤੀ ਸੰਕੀਰਨ ਸੋਚ ਤਾਂ ਨਹੀਂ ਕੰਮ ਕਰ ਰਹੀ, ਜਿਸ ਮੁਤਾਬਕ ਹਿੰਦੂ-ਸਿੱਖਾਂ ਨੂੰ ਮੁਸਲਮਾਨਾਂ ਦੇ ਹੱਥੋਂ, ਖਾਣਾ ਖਾਣਾ ਵਰਜਿਤ ਸੀ। ਮੈਨੂੰ ਵੰਡ ਤੋਂ ਪਹਿਲਾਂ ਦੀਆਂ ਉਹ ਕਹਾਣੀਆਂ ਚੇਤੇ ਆਈਆਂ, ਜਦੋਂ ਰੇਲਵੇ ਸਟੇਸ਼ਨਾਂ `ਤੇ ਹਿੰਦੂ-ਮੁਸਲਮਾਨਾਂ ਦੇ ਪਾਣੀ ਪੀਣ ਲਈ ਵੱਖ-ਵੱਖ ਘੜੇ ਰੱਖੇ ਹੁੰਦੇ ਸਨ, ਜਿਨ੍ਹਾਂ `ਤੇ ‘ਹਿੰਦੂ ਪਾਣੀ’, ‘ਮੁਸਲਿਮ ਪਾਣੀ’ ਲਿਖਿਆ ਹੁੰਦਾ ਸੀ।
ਜੇ ਏਥੇ ਹਿੰਦੂ ਮੁਲਾਜ਼ਮ ਰੱਖਣ ਪਿੱਛੇ ਇਹੋ ਸੋਚ ਹੀ ਕੰਮ ਕਰ ਰਹੀ ਸੀ ਤਾਂ ਬੜੀ ਹੈਰਾਨੀ ਤੇ ਦੁੱਖ ਦੇਣ ਵਾਲੀ ਗੱਲ ਸੀ। ਗੁਰੂ ਬਾਬੇ ਦੇ ਸਥਾਨ `ਤੇ ਹੀ ਇਹ ਕੀ ਵਾਪਰ ਰਿਹਾ ਸੀ! ਕਿੱਥੇ ਗਿਆ, “ਏਕ ਪਿਤਾ, ਏਕਿਸ ਹਮ ਬਾਰਿਕ’ ਵਾਲਾ ਸਿਧਾਂਤ। ਗੁਰੂ ਦੇ ਘਰ ਵਿਚ ਗੁਰੂ ਦੇ ਸਿਧਾਂਤ ਦੀ ਅਵੱਗਿਆ?
ਪਰ ਦੂਜੇ ਪੱਖ ਤੋਂ ਇਹ ਗੱਲ ਚੰਗੀ ਵੀ ਲੱਗੀ ਕਿ ਪਾਕਿਸਤਾਨੀ ਇਤਜ਼ਾਮੀਆਂ ਨੇ ਹਿੰਦੂ-ਸਿੱਖ ਯਾਤਰੀਆਂ ਦੀ ਭਾਵਨਾ ਦਾ ਖ਼ਿਆਲ ਰੱਖਿਆ ਸੀ, ਭਾਵੇਂ ਕਿ ਇਹ ਭਾਵਨਾ ਗੁਰੂ ਜੀ ਦੇ ਫ਼ਲਸਫ਼ੇ ਦੀ ਵਿਰੋਧੀ ਹੈ। ਸਾਡੀ ਇਹੋ ਹੀ ਤਾਂ ਵਿਡੰਬਨਾਂ ਹੈ ਕਿ ਅਸੀਂ ਗੁਰੂ ਜੀ ਨੂੰ ਅੱਖਾਂ ਖੋਲ੍ਹ ਕੇ ਨਹੀਂ ਮਿਲਦੇ, ਅੱਖਾਂ ਮੁੰਦ ਕੇ ਮਿਲਦੇ ਹਾਂ। ਏਸੇ ਕਰਕੇ ਸਾਨੂੰ ਸੱਚੇ ਸਤਿਗੁਰ ਦੇ ਦੀਦਾਰ ਨਹੀਂ ਹੁੰਦੇ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਰਤਾਰਪੁਰ ਵਿਚ ਹੋ, ਨਨਕਾਣੇ ਹੋ ਜਾਂ ਦਰਬਾਰ ਸਾਹਿਬ ਅੰਬਰਸਰ ਵਿਚ।
ਲੰਗਰ ਛਕਣ ਤੋਂ ਬਾਅਦ ਅਸੀਂ ਦੋਵੇਂ ਜੀਅ ਉਧਰ ਗਏ ਜਿੱਥੇ ਲੰਗਰ ਤਿਆਰ ਹੋ ਰਿਹਾ ਸੀ। ਚਾਰ-ਪੰਜ ਬੀਬੀਆਂ ਵੱਡੀ ਲੋਹ `ਤੇ ਰੋਟੀਆਂ ਪਕਾ ਰਹੀਆਂ ਸਨ। ਇੱਕ ਬੀਬੀ ਨੇ ਬੜੇ ਉਤਸ਼ਾਹ ਨਾਲ ‘ਸਤਿ ਸ੍ਰੀ ਅਕਾਲ’ ਕਿਹਾ। ਦੂਜੀਆਂ ਨੇ ਭਰਵੀਂ ਮੁਸਕਰਾਹਟ ਨਾਲ ਪਹਿਲੀ ਬੀਬੀ ਦੀ ਸ਼ੁਭ-ਇੱਛਾ ਨਾਲ ਹਾਮੀ ਭਰੀ। ਉਹੋ ਬੀਬੀ ਬੋਲੀ, “ਸੇਵਾ ਕਰਨੀ ਏਂ? ਕਰ ਲੌ!”
ਮੇਰੀ ਪਤਨੀ ਨੂੰ ਜਿਵੇਂ ਚਾਅ ਚੜ੍ਹ ਗਿਆ। ਆਪਣੇ ਗੁਰੂ ਦੇ ਲੰਗਰ ਵਿਚ ਸੇਵਾ ਕਰਨ ਦਾ ਪਵਿੱਤਰ ਫ਼ਰਜ਼ ਅਦਾ ਕਰਨ ਦਾ ਉਹਨੂੰ ਵਧੀਆ ਸਬੱਬ ਮਿਲ ਰਿਹਾ ਸੀ। ਉਸਨੇ ਆਪਣਾ ਪਰਸ ਮੈਨੂੰ ਫੜਾ ਕੇ ਹੱਥ ਧੋਤੇ ਤੇ ਆਟੇ ਦੀ ਤੌਣ ਵਿਚ ਹੱਥ ਪਾ ਕੇ ਪੇੜੇ ਕਰਨੇ ਸ਼ੁਰੂ ਕੀਤੇ। ਬਣਾਏ ਪੇੜਿਆਂ ਨੂੰ ਵਾਰੀ-ਵਾਰੀ ਫੜ ਕੇ ਰੋਟੀਆਂ ਵੇਲਣ ਲੱਗੀ। ਫਿਰ ਰੋਟੀਆਂ ਵੇਲ ਕੇ ਲੋਹ `ਤੇ ਪਾਉਣ ਲੱਗੀ।
ਬੀਬੀ ਨੇ ਫਿਰ ਗੱਲ-ਬਾਤ ਦੀ ਵਾਗ-ਡੋਰ ਸੰਭਾਲੀ, “ਤੁਹਾਡੇ ਵਰਗੇ ਹੋਰ ਸਰਦਾਰ ਵੀ ‘ਸੇਵਾ’ ਕਰ ਕੇ ਜਾਂਦੇ ਨੇ। ਤੁਸੀਂ ਵੀ ਕਰ ਲੌ ਸੇਵਾ!”
‘ਉਹ ਤੇਰੀ!’ ਮੇਰੇ ਖ਼ਾਨੇ ਹੁਣ ਗੱਲ ਪਈ। ਮੈਂ ਆਪਣਾ ਬਟੂਆਂ ਖੋਲਿ੍ਹਆ ਤੇ ਪੰਜ ਸੌ ਦਾ ਨੋਟ ਕੱਢ ਕੇ ਆਪਣੇ ਨੇੜੇ ਬੈਠੀ ਬੀਬੀ ਵੱਲ ਵਧਾਇਆ ਤਾਂ ਉਹ ਕਹਿੰਦੀ, “ਓਸੇ ਨੂੰ ਫੜਾ ਦਿਉ। ਉਹੋ ਸਾਡੀ ਲੀਡਰ ਹੈ। ਤ੍ਰਿਕਾਲਾਂ ਨੂੰ ਅਸੀਂ ਵੰਡ-ਵੰਡਾਈ ਕਰ ਲੈਂਦੀਆਂ।”
ਜ਼ਾਹਿਰ ਸੀ, ਉਹ ਇੰਞ ਹੀ ਮੰਗ ਕੇ ‘ਸੇਵਾ’ ਲੈ ਲੈਂਦੀਆਂ ਸਨ।
ਸਾਡੀ ਅਗਲੀ ਗੱਲ-ਬਾਤ ਤੋਂ ਪਤਾ ਲੱਗਾ ਕਿ ਉਹ ਡਿਊਟੀ ਦੇਣ ਲਾਗਲੇ ਪਿੰਡਾਂ ਤੋਂ ਆਉਂਦੀਆਂ ਸਨ। ਲੰਗਰ ਵਰਤਾਉਣ ਵਾਲੇ ਮੁੰਡਿਆਂ ਵਾਂਗ ਲੰਗਰ ਪਕਾਉਣ ਲਈ ਇੰਤਜ਼ਾਮੀਆਂ ਨੇ ਉਨ੍ਹਾਂ ਨੂੰ ਮੁਲਾਜ਼ਮ ਰੱਖਿਆ ਹੋਇਆ ਸੀ ਤੇ ਉਹ ਇਸ ਸੇਵਾ ਦੀ ਬਾਕਾਇਦਾ ਤਨਖ਼ਾਹ ਲੈਂਦੀਆਂ ਸਨ।
“ਭਾਈ ਸਾਹਿਬ ਕੀ ਦੱਸੀਏ! ਮਹਿੰਗਾਈ ਹੀ ਏਨੀ ਹੈ ਕਿ ਟੱਬਰਾਂ ਦੇ ਗੁਜ਼ਾਰੇ ਬੜੇ ਮੁਸ਼ਕਿਲ ਚੱਲਦੇ ਨੇ! ਮਸਾਂ ਦੋ ਡੰਗ ਦੀ ਰੋਟੀ ਚੱਲਦੀ ਹੈ। ਤਨਖ਼ਾਹ ਬੜੀ ਥੋੜ੍ਹੀ ਮਿਲਦੀ ਹੈ। ਕੀ ਕਰੀਏ?”
ਉਹ ਸਪਸ਼ਟੀਕਰਣ ਦੇਣ ਲੱਗੀ।
ਮੈਂ ਸੋਚ ਰਿਹਾ ਸਾਂ, “ਬਾਬਾ! ਤੇਰੇ ਘਰ ਵਿਚ ‘ਸੇਵਾ’ ਕਰਨ ਵਾਲਿਆਂ ਦੇ ਟੱਬਰ ਭੁੱਖੇ ਕਿਉਂ ਸੌਂਦੇ ਨੇ! ਕਦੋਂ ਆਵੇਗਾ ਉਹ ਦਿਨ ਜਦੋਂ ਤੇਰੇ ਘਰ ਵਿਚ ਸੇਵਾ ਕਰਨ ਵਾਲਿਆਂ ਦੇ ਜਿਸਮ ਤੇ ਰੂਹ ਏਨੀ ਰੱਜ ਜਾਊ ਕਿ ਬੇਫ਼ਿਕਰੀ ਨਾਲ ਤੇਰੇ ਲੰਗਰਾਂ ਵਿਚ ਸੇਵਾ ਕਰਨ ਦੇ ਸਮਰੱਥ ਹੋ ਸਕਣਗੇ!”
ਲੰਗਰ ਛਕਣ ਤੋਂ ਬਾਅਦ ਬਾਹਰ ਨਿਕਲ ਕੇ ਵਾਸ਼ਰੂਮਾਂ ਦਾ ਰੁਖ਼ ਕੀਤਾ। ਮੈਂ ਫ਼ਾਰਗ ਹੋ ਕੇ ਬਾਹਰ ਆਇਆ ਤੇ ਰਜਵੰਤ ਆਪਣਾ ਪਰਸ ਮੈਨੂੰ ਫੜਾ ਕੇ ਵਾਸ਼ਰੂਮ ਚਲੀ ਗਈ। ਬਾਹਰ ਲੱਗੇ ਬੈਂਚਾਂ `ਚੋਂ ਇੱਕ ਬੈਂਚ `ਤੇ ਇੱਕ ਅਧਖੜ ਸਰਦਾਰ ਬੈਠਾ ਸੀ। ਉਹਦੇ ਸਾਹਮਣੇ ਉਹਦਾ ਹੀ ਹਾਣੀ, ਪਰ ਵੇਖਣ ਤੋਂ ਸਾਂਭੀ-ਸਿਕਰੀ ਸੋਹਣੀ ਸ਼ਖ਼ਸੀਅਤ ਦਾ ਮਾਲਕ ਇੱਕ ਲੰਮਾ-ਲੰਝਾ ਮੁਸਲਮਾਨ ਖਲੋਤਾ ਉਸ ਨਾਲ ਗੁਫ਼ਤਗੂ ਕਰਨ ਵਿਚ ਰੁੱਝਾ ਹੋਇਆ ਸੀ। ਦੁੱਧ ਚਿੱਟੀ ਸਲਵਾਰ ਕਮੀਜ਼ ਤੇ ਗੋਰਾ ਚਿੱਟਾ ਰੰਗ। ਉਸ ਮੁਸਲਮਾਨ ਨਾਲ ਉਹਦੇ ਕੁੱਝ ਹੋਰ ਸਾਥੀ ਵੀ ਖਲੋਤੇ ਸਨ। ਕੁੱਝ ਉਹਦੀ ਉਮਰ ਦੇ, ਕੁੱਝ ਨੌਜਵਾਨ, ਕੁੱਝ ਸੱਤ-ਅੱਠ ਸਾਲ ਦੇ ਬੱਚੇ। ਕਿਸੇ ਚੰਗੇ ਤੇ ਵੱਡੇ ਅਮੀਰ ਖ਼ਾਨਦਾਨ ਦੇ ਲੋਕ ਲੱਗਦੇ ਸਨ।
ਮੈਂ ਚੁੱਪ ਕਰ ਕੇ ਨਾਲ ਦੇ ਬੈਂਚ `ਤੇ ਬਹਿ ਕੇ ਉਨ੍ਹਾਂ ਦੀਆਂ ਗੱਲਾਂ ਸੁਣਨ ਲੱਗਾ। ਮੁਸਲਮਾਨ ਬੈਂਚ `ਤੇ ਬੈਠੇ ਸਰਦਾਰ ਨੂੰ ਕਹਿ ਰਿਹਾ ਸੀ, “ਸਰਦਾਰ ਜੀ, ਆਹ ਬਹੁਤ ਚੰਗਾ ਹੋਇਆ ਜੇ ਜੋ ਦੋਵਾਂ ਸਰਕਾਰਾਂ ਨੇ ਅਕਲ ਕਰ ਕੇ ਲਾਂਘਾ ਖੋਲ੍ਹ ਛੱਡਿਆ ਏ ਤੇ ਵਿਛੜੇ ਭਰਾਵਾਂ ਨੂੰ ਮਿਲਣ ਦਾ ਸਬੱਬ ਬਣਾ ਦਿੱਤਾ ਏ। ਆਪਾਂ ਕੋਈ ਅਲੱਗ ਥੋੜੇ ਸਾਂ। ਇੱਕੋ ਰਹਿਤਲ, ਇੱਕੋ ਜ਼ਬਾਨ, ਇੱਕੋ-ਜਿਹੇ ਸੁਭਾਅ। ‘ਕੱਠੇ ਰਹਿੰਦੇ ਤਾਂ ਕਿੰਨੀਆਂ ਬਰਕਤਾਂ ਹੋਣੀਆਂ ਸਨ। ਬਾਬਾ ਗੁਰੂ ਨਾਨਕ ਤਾਂ ਆਖਦਾ ਸੀ ਕਿ ਸਾਰੇ ਇੱਕੋ ਰੱਬ ਦੇ ਬੰਦੇ ਨੇ। ਵੰਡੀਆਂ ਤਾਂ ਅਸੀਂ ਪਾ ਛੱਡੀਆਂ ਨੇ ਨਾ ਭਰਾਵਾਂ ਵਿਚ। ਕਦੀ ਭਰਾ ਲੜ ਵੀ ਪੈਂਦੇ ਨੇ, ਪਰ ਹੁੰਦੇ ਤਾਂ ਭਰਾ ਈ ਨੇ ਨਾ। ਭੱਜੀਆਂ ਬਾਹੀਂ ਗਲ਼ ਨੂੰ ਈ ਆਉਂਦੀਆਂ ਨੇ। …”
ਸਰਦਾਰ ਉਹਦੇ ਬੋਲਾਂ ਦੀ ਹਾਮੀ ਵਿਚ ਸਿਰ ਹਿਲਾ ਰਿਹਾ ਸੀ, “ਸੱਚੇ ਪਾਤਸ਼ਾਹ ਨੇ ਮਿਹਰਾਂ ਕੀਤੀਆਂ ਨੇ ਜੀ। ਭਰਾਵਾਂ ਨੂੰ ਮਿਲਾ ਦਿੱਤਾ ਹੈ।”
ਉਸ ਪਰਿਵਾਰ ਦੀਆਂ ਪੰਜ-ਚਾਰ ਔਰਤਾਂ ਤੇ ਦੋ ਤਿੰਨ ਮੁਟਿਆਰ ਕੁੜੀਆਂ ਉਨ੍ਹਾਂ ਬੰਦਿਆਂ ਕੋਲ ਆ ਖਲੋਤੀਆਂ। ਉਹ ਵਾਸ਼ਰੂਮ ਹੋ ਕੇ ਮੁੜੀਆਂ ਸਨ। ਉਨ੍ਹਾਂ ਦੀ ਗ਼ੈਰ-ਹਾਜ਼ਰੀ ਕਾਰਨ ਮਿਲੀ ਸਮੇਂ ਦੀ ਵਿਰਲ ਨੇ ਮੁਸਲਮਾਨ ਨੂੰ ਸਰਦਾਰ ਨਾਲ ਆਪਣੇ ਜਜ਼ਬਾਤ ਸਾਂਝੇ ਕਰਨ ਦਾ ਮੌਕਾ ਦੇ ਦਿੱਤਾ ਸੀ।
ਔਰਤਾਂ ਨੂੰ ਆਇਆ ਵੇਖ ਆਗੂ ਮੁਸਲਮਾਨ ਨੇ ਸਰਦਾਰ ਨੂੰ, “ਖ਼ੁਦਾ ਹਾਫ਼ਿਜ਼” ਕਿਹਾ ਤੇ ਉਹ ਸਾਰਾ ਪਰਿਵਾਰ ਅੱਗੇ ਨੂੰ ਤੁਰ ਪਏ। ਏਨੇ ਚਿਰ ਵਿਚ ਰਜਵੰਤ ਵੀ ਵਾਪਸ ਆ ਗਈ। ਉਹਨੇ ਆਪਣਾ ਪਰਸ ਸੰਭਾਲਿਆ ਤੇ ਅਸੀਂ ਵੀ ਦਸ-ਪੰਦਰਾਂ ਕਦਮਾਂ ਦੀ ਵਿੱਥ `ਤੇ ਉਸ ਪਰਿਵਾਰ ਦੇ ਮਗਰ ਤੁਰ ਪਏ। ਬਰਾਂਡੇ ਦਾ ਮੋੜ ਮੁੜ ਕੇ ਉਹ ਪਰਿਵਾਰ ਖਲੋ ਗਿਆ ਤੇ ਸਾਰੇ ਜੀਆਂ ਦੀ ਇੱਕ ਸਾਂਝੀ ਤਸਵੀਰ ਬਣਾਉਣ ਲੱਗਾ। ਤਸਵੀਰ ਖਿੱਚੀ ਗਈ ਤਾਂ ਅਸੀਂ ਉਨ੍ਹਾਂ ਦੇ ਕੋਲ ਪਹੁੰਚ ਗਏ। ਮੇਰਾ ਉਸ ਬੰਦੇ ਨਾਲ ਕੁੱਝ ਗੱਲਾਂ ਕਰਨ ਨੂੰ ਦਿਲ ਕਰ ਆਇਆ। ਉਹਨੂੰ ‘ਸਲਾਮ’ ਆਖੀ ਤੇ ਕਿਹਾ, “ਭਾਈ ਜਾਨ! ਮੈਂ ਪਿੱਛੇ ਬੈਂਚ `ਤੇ ਬੈਠੇ ਸਰਦਾਰ ਨਾਲ ਕੀਤੀਆਂ ਤੁਹਾਡੀਆਂ ਗੱਲਾਂ ਸੁਣੀਆਂ ਤਾਂ ਮੈਨੂੰ ਲੱਗਾ ਜਿਵੇਂ ਮੈਂ ਹੀ ਬੋਲ ਰਿਹਾ ਹੋਵਾਂ। ਤੁਸੀਂ ਤਾਂ ਮੇਰੇ ਦਿਲ ਦੀ ਗੱਲ ਹੀ ਕਰ ਰਹੇ ਸੋ। ਤੁਸੀਂ ਬਿਲਕੁਲ ਠੀਕ ਫੁਰਮਾ ਰਹੇ ਸਾਉ ਕਿ ‘ਭੱਜੀਆਂ ਬਾਹੀਂ ਗਲ਼ ਨੂੰ ਹੀ ਆਉਂਦੀਆਂ ਨੇ!” -ਮੈਂ ਵੀ ਇਹੋ ਕਹਿੰਦਾ ਆ ਰਿਹਾਂ ਕਿ ਅਸੀਂ ਇੱਕ ਦੂਜੇ ਦੀ ਬਾਹਵਾਂ ਭੰਨਣ ਦਾ ‘ਸਵਾਦ’ ਤਾਂ ਬੜੀ ਵਾਰ ‘ਚੱਖ’ ਲਿਆ ਹੈ, ਹੁਣ ਬਾਹਵਾਂ ਇੱਕ ਦੂਜੇ ਦੇ ਗਲ਼ ਵਿਚ ਪਾ ਕੇ ਵੀ ਵੇਖੀਏ ਕਿ ਇਸ ਜਜ਼ਬੇ ਦਾ ਕਿਆ ਇਲਾਹੀ ਸਵਾਦ ਹੈ! ਬਾਰੂਦ ਦੀ ਬੋਅ ਦੀ ਥਾਂ ਮੁਹੱਬਤ ਦੀ ਖ਼ੁਸ਼ਬੋ ਨਾਲ ਮਾਹੌਲ ਨੂੰ ਮੁਅੱਤਰ ਕਰ ਦੇਈਏ। ਰੂਹਾਂ ਵਿਚ ਅੱਲ੍ਹਾ ਪਾਕ-ਪਰਵਰਦਗਾਰ ਆਪ ਖ਼ੁਸ਼ਬੂਆਂ ਭਰ ਦਵੇਗਾ!”
ਉਨ੍ਹਾਂ ਨੂੰ ਆਪਣੀਆਂ ਗੱਲਾਂ ਬੜੇ ਧਿਆਨ ਨਾਲ ਸੁਣਦਿਆਂ ਵੇਖ ਕੇ ਮੈਂ ਮਿੰਟ ਕੁ ਹੋਰ ਆਪਣੀ ‘ਭਾਸ਼ਾਈ ਕੌਸ਼ਲਤਾ’ ਦਾ ਮੁਜ਼ਾਹਰਾ ਕੀਤਾ। ਮੇਰੀਆਂ ਗੱਲਾਂ ਦਾ ਉਨ੍ਹਾਂ `ਤੇ ਚੰਗਾ ਅਸਰ ਪਿਆ ਤੇ ਮੁਸਲਮਾਨ ਨੇ ਮੇਰੇ ਵੱਲ ਹੱਥ ਅੱਗੇ ਕਰ ਕੇ ਮੇਰਾ ਹੱਥ ਘੁੱਟ ਲਿਆ, “ਸਰਦਾਰ ਜੀ, ਬੜੀਆਂ ਸੋਹਣੀਆਂ ਗੱਲਾਂ ਕਰਦੇ ਜੇ। ਇੰਜ ਲੱਗਦਾ ਏ ਜਿਵੇਂ ਕੋਈ ਸੁਲਝਿਆ ਹੋਇਆ ਵੱਡਾ ਅਦੀਬ ਬੋਲ ਰਿਹਾ ਹੋਵੇ!”
ਆਪਣੀ ਲੇਖਕੀ ਪਛਾਣ ਕਰਾਉਣ ਦਾ ਮੌਕਾ ਤਾਂ ਉਹਨੇ ਮੈਨੂੰ ਆਪ ਹੀ ਦੇ ਦਿੱਤਾ ਸੀ। ਜਦ ਮੈਂ ਆਪਣੇ ‘ਅਦੀਬ’ ਹੋਣ ਬਾਰੇ ਦੱਸਿਆ ਤਾਂ ਸਾਰੇ ਬਹੁਤ ਖ਼ੁਸ਼ ਹੋਏ ਤੇ ਮੁਸਲਮਾਨ ਇੱਕ ਨੌਜਵਾਨ ਨੂੰ ਕਹਿਣ ਲੱਗਾ, “ਉਏ ਰਸ਼ੀਦ! ਸਰਦਾਰ ਹੁਰਾਂ ਨਾਲ ਇੱਕ ਯਾਦਗਾਰੀ ਜਿਹੀ ਤਸਵੀਰ ਬਣਾ। ਕਿਆ ਸੋਹਣਾ ਮੇਲ ਕਰਾਇਆ ਸੋਹਣੇ ਰੱਬ ਨੇ।”
ਨੌਜਵਾਨ ਤਸਵੀਰ ਬਣਾਉਣ ਲਈ ਸਾਹਮਣੇ ਹੋਇਆ। ਅਸੀਂ ਇੱਕ ਕਤਾਰ ਵਿਚ ਖਲੋਣ ਲੱਗੇ ਤਾਂ ਉਨ੍ਹਾਂ ਨਾਲ ਦੀਆਂ ਔਰਤਾਂ ਸਾਥੋਂ ਥੋੜੀ ਵਿੱਥ `ਤੇ ਖਲੋ ਗਈਆਂ। ਜ਼ਾਹਿਰ ਹੈ, ਉਹ ਤਸਵੀਰ ਦੇ ਫਰੇਮ ਵਿਚੋਂ ਆਪ ਹੀ ਬਾਹਰ ਹੋ ਗਈਆਂ ਸਨ ਜਾਂ ਕਿਸੇ ਮਰਦ ਨੇ ਇਸ਼ਾਰਾ ਕਰ ਦਿੱਤਾ ਹੋਵੇ। ਉਨ੍ਹਾਂ ਵਿਚ ‘ਪਰਾਏ ਮਰਦ’ ਨਾਲ ਤਸਵੀਰ ਖਿਚਵਾਉਣ ਦੀ ਰਵਾਇਤ ਨਹੀਂ।
ਨੌਜਵਾਨ ਨੇ ਇੱਕ ਤਸਵੀਰ ਬਣਾਈ ਤੇ ਦੂਜੀ ਬਣਾਉਣ ਲਈ ਸਾਨੂੰ ‘ਸਾਵਧਾਨ’ ਹੋਣ ਲਈ ਕਹਿਣ ਲੱਗਾ ਤਾਂ ਰਜਵੰਤ ਦੂਰ ਹਟ ਕੇ ਖਲੋਤੀਆਂ ਔਰਤਾਂ ਨੂੰ ਕਹਿਣ ਲੱਗੀ, “ਭੈਣ ਜੀ! ਤੁਸੀਂ ਵੀ ਆਓ ਨਾ ਸਾਡੇ ਨਾਲ!”
ਔਰਤਾਂ ਦੇ ਚਿਹਰੇ `ਤੇ ਹਿਚਕਚਾਹਟ ਸਾਫ਼ ਦਿਸ ਰਹੀ ਸੀ। ਉਹ ਆਪਣੇ ਮਰਦ ਸਾਥੀਆਂ ਵੱਲ ਇੰਞ ਵੇਖ ਰਹੀਆਂ ਸਨ ਜਿਵੇਂ ਪੁੱਛ ਰਹੀਆਂ ਹੋਣ, “ਕੀ ਕਹੀਏ ਹੁਣ!”
ਉਨ੍ਹਾਂ ਦੀ ਝਿਜਕ ਵੇਖ ਕੇ ਰਜਵੰਤ ਮੁਖੀ ਮੁਸਲਮਾਨ ਨੂੰ ਕਹਿਣ ਲੱਗੀ, “ਭਾ ਜੀ! ਨਾਲੇ ਕਹਿੰਦੇ ਓ ਕਿ ਆਪਾਂ ਭਰਾ ਆਂ। ਜੇ ਮੈਂ ਤੁਹਾਡੇ ਨਾਲ, ਆਪਣੇ ਭਰਾਵਾਂ ਨਾਲ ਫੋਟੋ ਖਿਚਵਾ ਸਕਦੀ ਆਂ ਤਾਂ ਇਹ ਸਾਡੀਆਂ ਭੈਣਾਂ ‘ਇਸ’ ਭਰਾ ਨਾਲ ਸਾਂਝੀ ਫੋਟੋ ਕਿਉਂ ਨਹੀਂ ਕਰਵਾ ਸਕਦੀਆਂ! ਜੇ ਮੈਂ ਤੁਹਾਡੇ ਨਾਲ ਖਲੋਤੀ ਆਂ ਤੇ ਮੈਨੂੰ ਕੁੱਝ ਨਹੀਂ ਹੋਇਆ ਤਾਂ ਇਨ੍ਹਾਂ ਨੂੰ ਵੀ ਕੁੱਝ ਨਹੀਂ ਹੋਣ ਲੱਗਾ!”
ਰਜਵੰਤ ਨੇ ਬਹੁਤੀ ਹੀ ਕੋਰੀ-ਕਰਾਰੀ ਗੱਲ ਕਰ ਦਿੱਤੀ ਸੀ।
“ਆਓ ਭੈਣ ਜੀ ਤੁਸੀਂ। ਕੁੱਝ ਨਹੀਂ ਕਹਿਣ ਲੱਗੇ ਭਾ ਜੀ ਤੁਹਾਨੂੰ। ਮੇਰਾ ਘਰਵਾਲਾ ਵੀ ਤੁਹਾਡਾ ਆਪਣਾ ਹੀ ਭਰਾ ਹੈ। ਆਓ! ਆਓ!!”
ਰਜਵੰਤ ਦੀ ਗੱਲ ਸੁਣ ਕੇ ਔਰਤਾਂ ਮੁਸਕਰਾ ਰਹੀਆਂ ਸਨ। ਮਰਦਾਂ ਵਿਚ ਵੀ ਨਿੱਕਾ ਜਿਹਾ ਹਾਸਾ ਛਣਕਿਆ।
“ਆ ਜਾਓ! ਕੋਈ ਗੱਲ ਨਹੀਂ। ਆਪਣੀ ਭੈਣ ਦੀ ਗੱਲ ਮੰਨ ਲੈਂਦੇ ਆਂ!” ਆਗੂ ਮੁਸਲਮਾਨ ਨੇ ਕਿਹਾ ਤਾਂ ਔਰਤਾਂ ਮੁਸਕਰਾਉਂਦੀਆਂ ਹੋਈਆਂ ਤੁਰਤ ‘ਫਰੇਮ’ ਵਿਚ ਆ ਕੇ ਸਾਡੇ ਨਾਲ ਖਲੋਣ ਲੱਗੀਆਂ ਪਰ ਤਿੰਨ ਕੁ ਮੁਟਿਆਰਾਂ ਉਨ੍ਹਾਂ ਤੋਂ ਵੀ ਪਹਿਲਾਂ ਭੱਜ ਕੇ ਅੱਗੇ ਆ ਖਲੋਤੀਆਂ, ਜਿਵੇਂ ਪਹਿਲਾਂ ਹੀ ਆਉਣ ਲਈ ਡਾਢੀਆਂ ਉਤਾਵਲੀਆਂ ਹੋਣ। ਉਨ੍ਹਾਂ ਦਾ ਭੱਜ ਕੇ ਤੇਜ਼ੀ ਨਾਲ ਅੱਗੇ ਆਉਣਾ ਇੰਞ ਲੱਗਾ ਜਿਵੇਂ ਡੱਕੇ ਹੋਏ ਪਾਣੀ ਦਾ ਬੰਨ੍ਹ ਖੋਲ੍ਹ ਦਿੱਤਾ ਜਾਵੇ। ਪਾਣੀ ਨਾਲ ਪਾਣੀ ਆ ਮਿਲਿਆ ਸੀ।
ਹੱਦਾਂ-ਸਰਹੱਦਾਂ ਵੀ ਤਾਂ ਸਾਡੇ ਇੱਕ ਦੂਜੇ ਲਈ ਮੁਹੱਬਤ ਨਾਲ ਨੱਕੋ-ਨੱਕ ਭਰੇ ਮਨਾਂ ਅੱਗੇ ਲੱਗੇ ਵੱਡੇ ਬੰਨ੍ਹ ਹੀ ਤਾਂ ਹਨ। ਸਰਕਾਰਾਂ ਥੋੜੀ ਖੁੱਲ੍ਹ ਦੇ ਕੇ ਤਾਂ ਵੇਖਣ ਕਿਵੇਂ ਵਿਛੜੇ ਵੀਰ-ਭੈਣਾਂ ਦੀ ਵਹਿੰਦੀ ਹੋਈ ਮੁਹੱਬਤ ਇੱਕ ਦੂਜੇ ਨਾਲ ਇੰਞ ਆਣ ਮਿਲਦੀ ਹੈ ਜਿਵੇਂ ਦੋ ਦਰਿਆਵਾਂ ਦਾ ਪਾਣੀ ਸੰਗਮ ਦੇ ਮੁਹਾਣ `ਤੇ ਇੱਕ-ਦੂਜੇ ਦੇ ਨਾਲ ਆਣ ਮਿਲਦਾ ਹੈ।
ਫੋਟੋ ਖਿੱਚੀ ਗਈ ਤਾਂ ਰਜਵੰਤ ਨੇ ਤੋੜਾ ਝਾੜਿਆ, “ਹੁਣ ਬਣੀ ਨਾ ਅਸਲੀ ਭੈਣ-ਭਰਾਵਾਂ ਵਾਲੀ ਗੱਲ!”
ਰਜਵੰਤ ਦੀਆਂ ਖੁੱਲ੍ਹੀਆਂ ਤੇ ਖਰੀਆਂ ਗੱਲਾਂ ਸੁਣ ਕੇ ਸਾਰੇ ਜਣੇ ਬਹੁਤ ਖ਼ੁਸ਼ ਹੋਏ!
ਗੁਰਦੁਆਰੇ ਦੇ ਪਿਛਲੇ ਪਾਸੇ ਮਾਰਕੀਟ ਹੈ, ਜਿੱਥੇ ਜੁੱਤੀਆਂ, ਕੱਪੜੇ, ਬਣਾਉਟੀ ਗਹਿਣਿਆਂ, ਮਠਿਆਈ ਤੇ ਹੋਰ ਖਾਣ-ਪੀਣ ਦੇ ਸਾਮਾਨ ਦੀਆਂ ਦੁਕਾਨਾਂ ਸਨ। ਅਸੀਂ ਉਥੋਂ ਦਾ ਇੱਕ ਗੇੜਾ ਕੱਢਿਆ। ਸਾਡੇ ਖ਼ਰੀਦਣ ਵਾਲੀ ਉਥੇ ਕੋਈ ਸ਼ੈਅ ਨਹੀਂ ਸੀ।
ਚਾਰ ਵੱਜਣ ਵਾਲੇ ਸਨ। ਵਾਪਸੀ ਦੀ ਤਿਆਰੀ ਹੋਣ ਵਾਲੀ ਸੀ। ਅਸੀਂ ਪਹੁੰਚੇ ਤਾਂ ਬੱਸ ਤਿਆਰ ਖੜੀ ਸੀ। ਯਾਤਰਾ ਮੁਕੰਮਲ ਕਰ ਕੇ ਅਸੀਂ ਬਾਹਰ ਆ ਰਹੇ ਸਾਂ ਤਾਂ ਮੈਂ ਵੇਖਿਆ, ਸਵੇਰ ਵਾਲੇ ‘ਹਮਦਰਦ’ ਮੁਲਾਜ਼ਮਾਂ ਦੀ ਡਿਊਟੀ ਬਦਲ ਚੁੱਕੀ ਸੀ, ਪਰ ਜਦੋਂ ਮੈਂ, ਮੇਰੇ ਕੋਲੋਂ ਵਾਸ਼-ਰੂਮ ਵਿਚ ਪੈਸੇ ਫੜਨ ਵਾਲੇ ਮੁਲਾਜ਼ਮ ਨੂੰ ਵੇਖਿਆ ਤਾਂ ਪੁੱਛਿਆ, “ਸਵੇਰ ਵਾਲੀ ਪਾਕਿਸਤਾਨੀ ਕਰੰਸੀ ਦਾ ਕੀ ਬਣਿਆ?”
ਉਹਨੇ ਬੜੇ ਭਰੋਸੇ ਨਾਲ ਕਿਹਾ, “ਉਹ ਤਾਂ ਮੈਂ ਉਦੋਂ ਹੀ ‘ਫਲੱਸ਼’ ਕਰ ਦਿੱਤੇ ਸਨ।”
ਮੇਰਾ ਹਾਸਾ ਨਿਕਲ ਗਿਆ।
ਕਿਆ ਇਤਫ਼ਾਕ ਸੀ ਜਿਹੜੇ ਬਿੰਦੂ ਤੋਂ ‘ਦੁਨੀਆ’ ਵਿਚੋਂ ਨਿਕਲ ਕੇ ਗੁਰੂ ਸਾਹਿਬ ਦੀ ‘ਦੁਨੀਆ’ ਵਿਚ ਪ੍ਰਵੇਸ਼ ਕਰਨ ਗਏ ਸਾਂ, ਹੁਣ ਵਾਪਸ ਓਸੇ ਬਿੰਦੂ `ਤੇ ‘ਦੁਨੀਆ’ ਵਿਚ ਆਣ ਪਹੁੰਚੇ ਸਾਂ!