ਭੁੰਜੇ ਪਿਆ ਚਰਖਾ ਖੜ੍ਹੇ ਹੋ ਕੇ ਕੱਤਣ ਦੀ ਕੋਸ਼ਿਸ਼ ਕਰੋਗੇ ਤਾਂ ਲੋਕ ਤੁਹਾਡੀ ਮੂਰਖਤਾ ‘ਤੇ ਤਾੜੀ ਮਾਰ ਕੇ ਹੱਸਣਗੇ। ਸੱਠ ਸਾਲ ਦੀ ਉਮਰ ਵਿਚ ਵਿਆਹ ਕਰਾਉਗੇ ਤਾਂ ਆਪ ਭਾਵੇਂ ਤੁਸੀਂ ਅੰਦਰ ਚਲੇ ਜਾਵੋ, ਮੁਕਲਾਵਾ ਬਾਹਰ ਹੀ ਰਹਿ ਜਾਵੇਗਾ। ਖੁਸਰਿਆਂ ਦੇ ਘਰ ਲੋਹੜੀ ਮੰਗਣ ਜਾਣ ਦੀ ਗਲਤੀ ਹਾਲੇ ਤੀਕਰ ਕਿਸੇ ਨੇ ਵੀ ਨਹੀਂ ਕੀਤੀ। ਸ਼ੇਰ ਦੇ ਮੁੱਛਾਂ ਨਾ ਹੁੰਦੀਆਂ ਤਾਂ ਸਿੰਘਾਸਣ ਜੰਗਲ ਵਿਚ ਟੁੱਟੇ ਪਲੰਘ ਵਰਗਾ ਹੋਣਾ ਸੀ। ਬਾਂਦਰ ਅੱਗ ਲਾਉਣ ਤੋਂ ਡਰਦਾ ਨਹੀਂ ਸਗੋਂ ਉਹ ਜਾਣਦਾ ਹੈ ਕਿ ਮੇਰੇ ਹੀ ਕਬੀਲੇ ‘ਚੋਂ ਗਿਆ ਬੰਦਾ ਇਹ ਕੰਮ ਸਹੀ ਢੰਗ ਨਾਲ ਕਰ ਰਿਹਾ ਹੈ। ਹਕੂਮਤਾਂ ਕਰਨ ਵਾਲੇ ਸੋਚਦੇ ਨੇ, ਪਰਜਾ ਮੂਰਖ ਹੈ, ਹੋਰ ਬਣਾਈ ਚੱਲੋ ਪਰ ਉਨ੍ਹਾਂ ਨੂੰ ਜਿਸ ਦਿਨ ਪਤਾ ਲੱਗਾ ਕਿ ਤੱਕਲਾ ਤਾਂ ਸਿੱਧਾ ਸੀ, ਗਲੋਟਾ ਹੀ ਉਧੜਦਾ ਰਿਹਾ; ਫਿਰ ਗੋਡਿਆਂ ਹੇਠਾਂ ਦੀ ਮੂੰਹ ਕੱਢ ਕੇ ਭੂਆ ਨੂੰ ਪੁੱਛਣਗੇ, “ਭਲਾ ਫੁੱਫੜ ਵੀ ਨਾਲ ਈ ਰਹਿੰਦੈ?” ਜਦੋਂ ਤੱਕ ਘੜੀ ਆਮ ਲੋਕਾਂ ਤੱਕ ਨਹੀਂ ਪਹੁੰਚੀ ਸੀ, ਉਨ੍ਹਾਂ ਨੂੰ ਪਤਾ ਸੀ ਕਿ ਪਹਿਰ ਕਿਹੜਾ ਹੈ ਤੇ ਵਕਤ ਦੀ ਕਦਰ ਕਰੀਦੀ ਐ ਪਰ ਜਦੋਂ ਦੀਆਂ ਘੜੀਆਂ ਕੰਧਾਂ ਨਾਲ ਲਟਕਣ ਲੱਗੀਆਂ ਹਨ, ਮਨੁੱਖ ਲੰਘੀ ਜਾ ਰਿਹਾ ਹੈ ਤੇ ਵਕਤ ਖਲੋ ਗਿਆ ਹੈ। ਬਹੁਤ ਸਾਰੇ ਮਾਪਿਆਂ ਨੇ ਪੁੱਤਰਾਂ ਦੇ ਨਾਂ ਊਧਮ ਸਿੰਘ ਤਾਂ ਰੱਖ ਲਏ ਹਨ ਪਰ ਉਨ੍ਹਾਂ ਨੂੰ ਪਤਾ ਨਹੀਂ ਕਿ ਸੂਰਮੇ ਬਣਨ ਲਈ ਜਨਮ ਸੁਨਾਮ ‘ਚ ਲੈਣ ਦੀ ਵੀ ਜ਼ਰੂਰਤ ਹੁੰਦੀ ਐ। ਸਮੇਂ ਦੀਆਂ ਸੂਈਆਂ ਰੌਲਾ ਪਾ ਕੇ ਦੱਸਣ ਲੱਗ ਪਈਆਂ ਹਨ ਕਿ ਰਾਜ ਕਰਨਾ ਹੈ ਤਾਂ ਲਿਆਕਤ ਫੂਕ ਦਿਓ, ਚਲਾਕੀ ਦੀ ਅਗਰਬੱਤੀ ਝੂਠ ਦੀ ਡੱਬੀ ਨਾਲ ਬਾਲੋ। ਆਪਣੀ ਅੱਖ ਨਾਲ ਤਾਂ ਸਿਰਫ਼ ਪਰਿਵਾਰ ਹੀ ਦਿਸਦਾ ਹੈ, ਦੁਨੀਆਂ ਵੇਖਣ ਲਈ ਤਾਂ ਕਿਸੇ ਤੋਂ ਉਧਾਰ ਮੰਗਣਾ ਪਵੇਗਾ ਕਿ ਤੂੰ ਮੇਰੀ ਅੱਖ ਨਾਲ ਵੇਖ, ਤੇਰੀ ਅੱਖ ਵੇਖਣ ਵਾਲੀ ਨਹੀਂ। ਕੋਟ ‘ਤੇ ਫੁੱਲ ਤਾਂ ਜਵਾਹਰ ਲਾਲ ਵੀ ਟੰਗ ਸਕਦਾ ਹੈ ਪਰ ਨਹਿਰੂ ਬਣਨ ਦਾ ਰਾਹ ਹੋਰ ਲੱਭਣਾ ਪਵੇਗਾ। ਜੇ ਸਿਰਫ਼ ਬੋਲਣ ਵਾਲੇ ਹੀ ਲਿਖਣ ਲੱਗ ਪੈਂਦੇ ਤਾਂ ਫਿਰ ਕਿਸੇ ਨੇ ਵੀ ਰਾਜਨੀਤੀ ਵਿਗਿਆਨ ਦਾ ਵਿਸ਼ਾ ਨਹੀਂ ਪੜ੍ਹਨਾ ਸੀ। ਵੇਖਿਓ! ਚਰਖਾ ਭਾਵੇਂ ਪੁੱਠਾ ਹੀ ਚਲਦਾ ਲੱਗੇਗਾ ਪਰ ਉਹ ਦਿਨ ਲਗਦੈ ਆਉਣ ਹੀ ਵਾਲਾ ਹੈ ਜਦੋਂ ਬੰਦੇ ਗੁੰਗੇ ਹੋ ਜਾਣਗੇ ਤੇ ਜਾਨਵਰ ਬੋਲਿਆ ਕਰਨਗੇ æææ।
ਐਸ਼ ਅਸ਼ੋਕ ਭੌਰਾ
ਮੇਰੇ ਪਿਆਰੇ ਹਮਰੁਤਬਾ ਪ੍ਰਧਾਨ ਮੰਤਰੀ ਜੀਓ,
ਸਲਾਮ ਕਬੂਲ ਕਰਨੀ!
ਤੁਹਾਨੂੰ ਰੋਜ਼ਾਨਾ ਬੜੇ ਖ਼ਤ ਆਉਂਦੇ ਹੋਣਗੇ ਪਰ ਇਹ ਸ਼ਾਇਦ ਪਹਿਲਾ ਮੌਕਾ ਹੈ ਕਿ ਕੋਈ ਖ਼ਤ ਤੁਹਾਨੂੰ ਜੰਗਲ ‘ਚੋਂ ਲਿਖਿਆ ਜਾ ਰਿਹਾ ਹੋਵੇ। ਤੁਸੀਂ ਵੀ ਬਾਦਸ਼ਾਹ ਹੋ ਤੇ ਮੈਂ ਵੀ ਬਾਦਸ਼ਾਹ ਹਾਂ ਪਰ ਫ਼ਰਕ ਇੰਨਾ ਹੀ ਹੈ ਕਿ ਮੈਂ ਜਾਨਵਰਾਂ ਦਾ ਬਾਦਸ਼ਾਹ ਹਾਂ ਤੇ ਤੁਸੀਂ ਬੰਦਿਆਂ ਦੇ ਬਾਦਸ਼ਾਹ ਹੋ ਜਿਨ੍ਹਾਂ ਨੂੰ ਬੰਦੇ ਕਹਿਣ ਨੂੰ ਜੀਅ ਨਹੀਂ ਕਰਦਾ। ਤੁਸੀਂ ਹਕਮੂਤਾਂ ਵੈਸਾਖੀਆਂ ਦੇ ਸਹਾਰੇ ਕਰਦੇ ਹੋ ਪਰ ਮੈਂ ਠਾਠ-ਬਾਠ ਨਾਲ ਰਹਿੰਦਾ ਹਾਂ। ਤੁਸੀਂ ਵਿਰੋਧੀਆਂ ਦੇ ਅਗਨ-ਬਾਣ ਝੱਲਦੇ ਹੋ ਪਰ ਮੈਂ ਨਿਰਵਿਰੋਧ ਸ਼ਾਸਨ ਚਲਾ ਰਿਹਾ ਹਾਂ। ਤੁਹਾਨੂੰ ਪੰਜ ਸਾਲ ਦਾ ਸਮਾਂ ਰਾਜ ਭਾਗ ਲਈ ਮਿਲਦਾ ਹੈ, ਮੈਂ ਜੰਗਲ ਦਾ ਸਦਾ-ਬਹਾਰ ਰਾਜਾ ਹਾਂ।
ਖ਼ੈਰ! ਅੱਜ ਮੇਰਾ ਖ਼ਤ ਲਿਖਣ ਦਾ ਮਕਸਦ ਕੁਝ ਹੋਰ ਹੈ। ਇਸ ਲਈ ਇਸ ਗੁੰਝਲਦਾਰ ਜਿਰਿਆ ਵਿਚ ਕਦੇ ਫੇਰ ਉਲਝ ਲਵਾਂਗੇ। ਤੁਸੀਂ ਸੋਚਦੇ ਹੋਵੇਗੇ ਕਿ ਕਿਸੇ ਹੋਰ ਦੇਸ਼ ਦਾ ਬਾਦਸ਼ਾਹ ਮੈਨੂੰ ਖ਼ਤ ਲਿਖਣ ਵੇਲੇ ਹਮਰੁਤਬਾ ਲਿਖੇ ਤਾਂ ਗੱਲ ਬਣਦੀ ਹੈ, ਇਹ ਜੰਗਲ ਦੇ ਰਾਜੇ ਦਾ ਕੱਦ ਮੇਰੇ ਬਰਾਬਰ ਕਿਵੇਂ ਹੋ ਗਿਆ? ਮੈਂ ਤਾਂ ਤੁਹਾਡਾ ਇਹ ਭਰਮ-ਭੁਲੇਖਾ ਇਹ ਕਹਿ ਕੇ ਕੱਢ ਦੇਣਾ ਚਾਹੁੰਦਾ ਹਾਂ ਕਿ ਮੈਂ ਉਹ ਬਾਦਸ਼ਾਹ ਹਾਂ ਜਿਸ ਦੇ ਰਾਜ ਵਿਚ ਸਾਰੀ ਪਰਜਾ ਸੁੱਖ ਨਾਲ ਸੌਂਦੀ ਹੈ, ਜਿਥੇ ਸ਼ਾਂਤੀ ਹੀ ਸ਼ਾਂਤੀ ਹੈ ਤੇ ਤੁਸੀਂ ਆਪਣੇ ਦਿਲ ‘ਤੇ ਹੱਥ ਰੱਖ ਕੇ ਇਹ ਗੱਲ ਹਰਗਿਜ਼ ਨਹੀਂ ਕਹਿ ਸਕਦੇ ਕਿ ਜਦੋਂ ਦੇ ਤੁਸੀਂ ਵੋਟਾਂ ਦੇ ਸਹਾਰੇ, ਚੋਰਾਂ, ਲੁਟੇਰਿਆਂ ਤੇ ਭ੍ਰਿਸ਼ਟ ਲੋਕਾਂ ਦੇ ਸਹਾਰੇ ਇਸ ਗੱਦੀ ‘ਤੇ ਬੈਠੋ ਹੋ, ਤੁਸੀਂ ਇਕ ਦਿਨ ਵੀ ਰੱਜ ਕੇ ਘੋੜੇ ਵੇਚ ਕੇ ਸੌਂ ਕੇ ਨਹੀਂ ਵੇਖਿਆ ਹੋਣਾ ਤੇ ਤੁਹਾਡੀ ਪਤਨੀ ਮੰਨੇ ਭਾਵੇਂ ਨਾ, ਉਹ ਦਿਲ ਵਿਚ ਕਹਿੰਦੀ ਜ਼ਰੂਰ ਹੋਵੇਗੀ ਕਿ ਹੁਣ ਮੈਂ ਪਤੀ ਨਾਲ ਨਹੀਂ, ਪ੍ਰਧਾਨ ਮੰਤਰੀ ਨਾਲ ਰਹਿੰਦੀ ਹਾਂ। ਤੇ ਮੇਰੀ ਸ਼ੇਰਨੀ ਨੂੰ ਸਹੁੰ ਖਵਾਉਣ ਦੀ ਲੋੜ ਨਹੀਂ; ਉਹ ਦਾਅਵੇ ਨਾਲ ਕਹੇਗੀ, ਪਤੀ ਹੋਵੇ ਤਾਂ ਇੱਦਾਂ ਦਾ।
ਚਲੋ ਇਹ ਗੱਲਾਂ ਤਾਂ ਰਾਮ ਕਹਾਣੀਆਂ ਵਾਂਗ ਬਹੁਤ ਲੰਬੀਆਂ ਹਨ। ਕਦੇ ਵਕਤ ਮਿਲਿਆ ਤਾਂ ਇਨ੍ਹਾਂ ਦਾ ‘ਕੱਠੇ ਬਹਿ ਕੇ ਖੁਲਾਸਾ ਕਰਾਂਗੇ। ਅੱਜ ਮੈਂ ਜਿਸ ਕੋਇਲੇ ਵਾਂਗ ਭਖਦੇ ਮਸਲੇ ਦੀ ਵਿਆਖਿਆ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ, ਉਹ ਮੈਂ ਜਾਣਦਾ ਤਾਂ ਹਾਂ ਕਿ ਫਿਰ ਕਈ ਦਿਨਾਂ ਤੱਕ ਤੁਹਾਡੀ ਨੀਂਦ ਦੇ ਲੱਤਾਂ ਮਾਰੇਗਾ; ਕਿਉਂਕਿ ਤੁਸੀਂ ਸਿਆਣੇ ਵੀ ਹੋ, ਸਮਝਦਾਰ ਵੀ; ਇਸ ਲਈ ਤੁਸੀਂ ਇਕ ਬਾਦਸ਼ਾਹ ਦੇ ਦਰਦ ਦੀ ਚੀਸ ਨੂੰ ਸਮਝੋਗੇ ਵੀ; ਪਰ ਇਸ ਗੱਲ ਦੀ ਮੈਨੂੰ ਆਸ ਬਹੁਤ ਫਿੱਕੀ ਲਗਦੀ ਹੈ ਕਿ ਤੁਸੀਂ ਇਸ ਦੇ ਚੰਗੇ ਨਤੀਜੇ ਕੱਢੇ ਸਕੋਗੇ। ਫਿਰ ਵੀ ਇਸ ਆਸ ਨਾਲ ਤੁਹਾਨੂੰ ਮੁਖਾਤਿਬ ਹੋਣ ਲੱਗਾ ਹਾਂ ਜਿਵੇਂ ਬਦਸੂਰਤ ਪਤੀ ਦੀ ਪਤਨੀ ਖੂਬਸੂਰਤ ਬੱਚੇ ਨੂੰ ਜਨਮ ਦੇਣ ਤੱਕ ਇਸੇ ਆਸ ‘ਤੇ ਬੈਠੀ ਹੁੰਦੀ ਹੈ ਕਿ ਇਹ ਮੇਰੇ ਵਰਗਾ ਹੋਵੇਗਾ।
ਬੜੇ ਲੰਬੇ ਸਮੇਂ ਤੋਂ ਮੈਂ ਜੰਗਲ ਦੇ ਹਰ ਜਾਨਵਰ ਨਾਲ ਸਲਾਹ ਕੀਤੀ ਹੈ ਕਿ ਗਲਤੀਆਂ ਬੰਦੇ ਕਰ ਰਹੇ ਹਨ, ਜੁਰਮ ਮਨੁੱਖ ਕਰ ਰਹੇ ਹਨ ਤੇ ਜਦੋਂ ਇਹ ਕਾਬੂ ਨਹੀਂ ਹੁੰਦੇ ਤਾਂ ਲੋਕ ਰੌਲਾ ਪਾਉਂਦੇ ਹਨ ਕਿ ਇਹ ਤਾਂ ਨਿਰਾ ਜੰਗਲ ਦਾ ਰਾਜ ਐ। ਲੋਕ ਸਭਾ ਜਾਂ ਵਿਧਾਨ ਸਭਾ ਵਿਚ ਉਹ ਲੋਕ ਜਿਨ੍ਹਾਂ ਨੂੰ ਜਨਤਾ ਸਿਆਣੇ ਸਮਝ ਕੇ ਚੁਣ ਕੇ ਭੇਜਦੀ ਹੈ, ਮੂਰਖਾਂ ਵਾਂਗ ਸਿੰਗ ਫਸਾਉਂਦੇ ਹਨ ਤਾਂ ਤੁਸੀਂ ਇਕ ਵਾਰ ਖੁਦ ਵੀ ਟਿੱਪਣੀ ਕੀਤੀ ਸੀ, ‘ਇਥੇ ਜੰਗਲ ਦਾ ਰਾਜ ਨਹੀਂ।’ ਦਿੱਲੀ ‘ਚ ਬਲਾਤਕਾਰ ਹੋਵੇ, ਧਰਮ ਦੇ ਨਾਂ ‘ਤੇ ਦੰਗਿਆਂ ‘ਚ ਲੋਕ ਮਰਨ ਤਾਂ ਆਵਾਜ਼ਾਂ ਉਠਦੀਆਂ ਨੇ, ‘ਇਥੇ ਤਾਂ ਜੰਗਲ ਦਾ ਰਾਜ ਹੈ।’ ਮੈਂ ਇਸ ਖ਼ਤ ਰਾਹੀਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਸਾਨੂੰ ਕਿਉਂ ਬਦਨਾਮ ਕਰ ਰਹੇ ਹੋ? ਸਵਾਲਾਂ ਦੀ ਜਿਹੜੀ ਵਿਥਿਆ ਮੈਂ ਹੇਠਾਂ ਸੁਣਾਉਣ ਲੱਗਾ ਹਾਂ, ਤੁਸੀਂ ਮੰਨਿਓ ਭਾਵੇਂ ਨਾ ਪਰ ਇਹ ਸੱਚ ਹੈ ਕਿ ਜੰਗਲ ਵਿਚ ਉਹ ਕੁਝ ਨਾ ਕਦੇ ਹੋਇਆ ਹੈ, ਨਾ ਹੋ ਰਿਹਾ ਹੈ, ਨਾ ਹੋਵੇਗਾ। ਜੋ ਤੁਹਾਡੇ ਰਾਜ ਵਿਚ ਹੋ ਰਿਹਾ ਹੈ, ਉਹ ਕੁਝ ਜਾਨਵਰਾਂ ਦੇ ਰਾਜ ਵਿਚ ਨਹੀਂ ਹੋ ਸਕਦਾ। ਜੇ ਤੁਸੀਂ ਬੰਦਿਆਂ ਨੂੰ ਜਾਨਵਰਾਂ ਤੋਂ ਸਿਆਣੇ ਸਮਝ ਰਹੇ ਹੋ ਤਾਂ ਇਹ ਸਿਰਫ਼ ਤੁਹਾਡਾ ਭਰਮ ਹੋ ਸਕਦਾ ਹੈ।
ਜ਼ਰਾ ਸੋਚ ਕੇ ਦੱਸੋਗੇ ਕਿ ਨਾ ਤਾਂ ਮੇਰੇ ਕੋਲ ਗੰਨਮੈਨ ਹਨ, ਨਾ ਮੇਰੇ ਕੋਲ ਮਹਿੰਗੀਆਂ ਕਾਰਾਂ ਹਨ, ਨਾ ਸਲਾਹਕਾਰਾਂ/ਚਮਚਿਆਂ ਦੀ ਭੀੜ ਹੈ, ਨਾ ਸ਼ਾਹੀ ਮਹਿਲ ਹੈ, ਨਾ ਮੈਨੂੰ ਤਨਖਾਹ ਮਿਲਦੀ ਹੈ, ਨਾ ਖਾਣਾ ਪਕਾਉਣ ਵਾਲਾ, ਨਾ ਜਹਾਜ਼ ਤੇ ਨਾ ਕੋਈ ਮਹਿਕਮਾ। ਫਿਰ ਵੀ ਮੈਨੂੰ ਨਾ ਕਿਸੇ ਤੋਂ ਖਤਰਾ ਹੈ, ਨਾ ਭੁੱਖ ਦਾ ਫਿਕਰ ਹੈ, ਨਾ ਬਿਮਾਰ ਹੋਣ ਦਾ ਫਿਕਰ ਹੈ, ਨਾ ਸ਼ੇਰਨੀ ਮੇਰੇ ਨਾਲ ਸਰਕਾਰੀ ਦੌਰਿਆਂ ‘ਤੇ ਜਾਂਦੀ ਐ। ਨਾ ਕਿਤੇ ਚੈਕਿੰਗ, ਨਾ ਅਸਲਾ ਲੱਭਣ ਵਾਲੇ ਕੁੱਤੇ। ਮੇਰਾ ਰਾਜ ਭਾਗ ਸ਼ਾਨੋ-ਸੌਕਤ ਨਾਲ ਚੱਲ ਰਿਹਾ ਹੈ। ਇਹ ਸਾਰੀਆਂ ਮਾੜੀਆਂ ਅਲਾਮਤਾਂ ਸਿਰਫ ਤੁਹਾਨੂੰ ਚਿੰਬੜੀਆਂ ਹੋਈਆਂ ਹਨ। ਜੰਗਲ ਦੀ ਪਰਜਾ ਇੰਨੀ ਸਿਆਣੀ ਰਹੀ ਹੈ ਕਿ ਉਨ੍ਹਾਂ ਕਦੇ ਸੋਚਿਆ ਹੀ ਨਹੀਂ ਕਿ ਬਾਦਸ਼ਾਹ ਵੋਟਾਂ ਪਾ ਕੇ ਚੁਣ ਲਈਦੇ ਹਨ। ਮੈਂ ‘ਕੱਲਾ ਵੀ ਤੁਰਿਆ ਜਾ ਰਿਹਾ ਹੋਵਾਂ, ਤਦ ਵੀ ਹਰ ਜਾਨਵਰ ਸਲੂਟ ਮਾਰ ਕੇ ਲੰਘਦਾ ਹੈ। ਤੁਸੀਂ ਜੰਗਲ ਦੇ ਰਾਜੇ ਦੀ ਰੀਸ ਕਦੇ ਵੀ ਨਹੀਂ ਕਰ ਸਕਦੇ। ਕਿਤੇ ਮੈਨੂੰ ਦੋ ਪੈਰ ਇਨ੍ਹਾਂ ਕਾਲੇ ਕੱਪੜਿਆਂ ਵਾਲੇ ਜਮਾਂ ਤੇ ਰਫਲਾਂ, ਬੰਦੂਕਾਂ ਤੋਂ ਬਿਨਾਂ ਤੁਰ ਕੇ ਤਾਂ ਵਿਖਾਇਓ। ਆਪਣੀ ਪੀੜ੍ਹੀ ਹੇਠ ਸੋਟਾ ਨਹੀਂ, ਡਾਂਗ ਫੇਰੋ। ਭੰਡੀ ਖਾਹ-ਮਖਾਹ ਸਾਨੂੰ ਜਾਨੇ ਓ æææ।
ਤੁਹਾਡੇ ਥਾਂ-ਥਾਂ ‘ਤੇ ਬਾਲੜੀਆਂ ਨਾਲ, ਧੀਆਂ ਨਾਲ, ਬਜ਼ੁਰਗ ਔਰਤਾਂ ਨਾਲ ਨਿੱਤ ਬਲਾਤਕਾਰ ਹੋ ਰਹੇ ਹਨ। ਜੰਗਲ ਦੀ ਖ਼ਬਰ ਕਦੇ ਸੁਣੀ ਐ ਕਿ ਕਿਸੇ ਨਿਹੱਥੇ ਜਾਂ ਬੇਸਹਾਰਾ ਜਾਨਵਰ ਨਾਲ ਕਿਸੇ ਨੇ ਇੱਦਾਂ ਕੀਤਾ ਹੋਵੇ। ਜੰਗਲ ਦੇ ਬਘਿਆੜ ਗਊਆਂ ਵਰਗੇ ਆ, ਤੇ ਬੰਦੇ ਬਘਿਆੜਾਂ ਤੋਂ ਹਜ਼ਾਰਾਂ ਗੁਣਾਂ ਦਰਿੰਦੇ ਜ਼ਾਲਮ। ਇਥੇ ਕਦੇ ਕਿਸੇ ਨੇ, ਕਿਸੇ ਵੀ ਜਾਨਵਰ ਨੂੰ ਰੰਗ-ਰਲੀਆਂ ਮਨਾਉਂਦੇ ਨਹੀਂ ਦੇਖਿਆ। ਤੇ ਤੁਹਾਡੇ ਹੋਟਲਾਂ ‘ਚ ਰੋਜ਼ ਵੱਗ ਫੜੇ ਜਾ ਰਹੇ ਹਨ। ਤੁਹਾਡੇ ਮੰਤਰੀਆਂ ‘ਤੇ ਬਲਾਤਕਾਰ ਦੇ ਕੇਸ ਚੱਲ ਰਹੇ ਹਨ। ਜੰਗਲ ਦੀ ਕੋਈ ਇਕ ਵੀ ਉਦਾਹਰਨ ਪੇਸ਼ ਕਰ ਦਿਓ ਖਾਂ! ਦਿੱਲੀ ਵਿਚ ਅਬਲਾ ਨਾਲ ਜੋ ਹੋਇਆ, ਸਾਰਾ ਜੱਗ ਜਾਣਦੈ ਤੇ ‘ਜੰਗਲ ਦਾ ਰਾਜ’ ਕਹਿ ਕੇ ਦਫਾ ਸਾਡੀ ਪੁੱਟ ਰਹੇ ਹੋ! ਸੰਗ ਆਉਣੀ ਚਾਹੀਦੀ ਐ ਇੱਦਾਂ ਦੇ ਰਾਜ ‘ਤੇ!!
ਮੇਰੇ ਹਮਰੁਤਬਾ ਪ੍ਰਧਾਨ ਮੰਤਰੀ ਜੀਓ! ਤੁਹਾਡੇ ਕੋਲ ਪੁਲਿਸ, ਫੌਜਾਂ ਦਾ ਲਾਮ-ਲਸ਼ਕਰ, ਬਰੂਦ, ਤੋਪਾਂ, ਰਾਕਟ, ਮਿਜ਼ਾਇਲਾਂææææਇਹ ਹੇੜ੍ਹ ਫਿਰ ਵੀ ਲੋਕਾਂ ਨੂੰ ਕਾਬੂ ਨਹੀਂ ਰੱਖ ਸਕੀ। ਜੰਗਲ ਦੁਆਲੇ ਨਾ ਬੀæਐਸ਼ਐਫ਼ ਨਾ, ਕੰਡਿਆਲੀ ਤਾਰ; ਕੀਹਦੀ ਮਜਾਲ ਅੰਦਰ ਆ ਜਾਵੇ। ਬੰਦਿਆਂ ਦਾ ਪੈਂਟ-ਪਜਾਮਾ ਗਿੱਲਾ ਨਾ ਕਰ ਦੇਈਏ ਵੜਦਿਆਂ ਦਾæææ। ਤੁਸੀਂ ਇੰਨੇ ਵੱਗ ਨਾਲ ਵੀ ਸ਼ਾਂਤੀ ਨਹੀਂ ਰੱਖ ਸਕੇ। ਕਿਤੇ ਬੰਬ ਫਟ ਰਹੇ ਨੇ, ਕਿਤੇ ਸਰਹੱਦ ਪਾਰੋਂ ਦੁਸ਼ਮਣ ਨੇ ਤੁਹਾਡੀਆਂ ਪੂਛਾਂ ਚੁਕਾਈਆਂ ਹੋਈਆਂ ਨੇ। ਕਿਤੇ ਦੰਗੇ-ਫਸਾਦ ਹੋ ਰਹੇ ਨੇ, ਜੇਲ੍ਹਾਂ ਖੁੰਖਾਰ ਅਤਿਵਾਦੀਆਂ ਨਾਲ ਭਰੀਆਂ ਪਈਆਂ ਨੇ। ਸੱਚ ਪੁੱਛੋ ਤਾਂ ਮੁਲਕ ਦੇ ਹਰ ਹਿੱਸੇ ਵਿਚ ਹਾਹਾਕਾਰ ਮਚੀ ਹੋਈ ਐ ਤੇ ਮੇਰੇ ਜੰਗਲ ਦੇ ਲਾਅ ਐਂਡ ਆਰਡਰ ਦੀ ਸਥਿਤੀ ਕਿਸੇ ਤੋਂ ਲੁਕੀ ਹੋਈ ਨਹੀਂ। ਜਾਨਵਰ ਜ਼ਿੰਦਗੀ ਮਾਣ ਰਹੇ ਨੇ, ਤੁਸੀਂ ਭੋਗ ਰਹੇ ਹੋ। ਨਾ ਕਿਤੇ ਰੋਸ ਮੁਜ਼ਾਹਰਾ, ਨਾ ਹੜਤਾਲ; ਤੇ ਨਾ ਤਨਖ਼ਾਹਾਂ ਦਾ ਰੌਲਾ, ਨਾ ਤਰੱਕੀਆਂ ਦੀ ਲੜਾਈ। ਸਭ ਜਾਨਵਰਾਂ ਕੋਲ ਸਬਰ ਵੀ ਹੈ ਤੇ ਸੰਜਮ ਵੀ। ਤੁਸੀਂ ਤੀਏ ਦਿਨ ਬੇਨਿਆਈਂ ਮੌਤ ਮਰਨ ਵਾਲਿਆਂ ‘ਤੇ ਹਾਅ ਦੇ ਨਾਅਰੇ ਮਾਰਦੇ ਹੋ, ਪਰਿਵਾਰਾਂ ਨੂੰ ਨੌਕਰੀਆਂ ਪੈਸੇ ਵੰਡਦੇ ਹੋ। ਕਿਹੜਾ ਜੰਗਲ ਐ ਜਿਥੇ ਬੰਬਾਂ ਗੋਲੀਆਂ ਨਾਲ ਜਾਨਵਰ ਮਰਦੇ ਹੋਣ? ਪ੍ਰਧਾਨ ਮੰਤਰੀ ਜੀਓ! ਐਵੇਂ ਪਰਦਾ ਈ ਐ। ਚਾਰ ਜਮਾਤਾਂ ਪੜ੍ਹ ਕੇ ਬੰਦੇ, ਬੰਦੇ ਹੋਣ ਦੀ ਰਾਗਣੀ ਛੇੜੀ ਬੈਠੇ ਜੇæææ ਇਹ ਤਾਂ ਜਾਨਵਰਾਂ ਦੇ ਬਰਾਬਰ ਬਹਿਣ ਜੋਗੇ ਵੀ ਨਹੀਂ ਰਹੇ।
ਜੰਗਲ ‘ਚ ਜਾਨਵਰਾਂ ਦਾ ਧਰਮ ਸਿਰਫ ਨੇਕ ਬਣੇ ਰਹਿਣਾ ਤੇ ਪਾਪ ਨਾ ਕਰਨਾ ਹੈ। ਅਸੀਂ ਘੁਰਨਿਆਂ ਵਿਚ ਨਹੀਂ ਰਹਿੰਦੇ, ਉਹਦੀ ਰਜ਼ਾ ਵਿਚ ਸਬਰ ਨਾਲ ਵੀ ਰਹਿੰਦੇ ਹਾਂ। ਤੁਸੀਂ ਧਰਮ ਕੋਲ ਮੁਲਕ ਗਿਰਵੀ ਰੱਖ ਦਿੱਤਾ ਹੈ। ਮੰਦਰਾਂ ਮਸੀਤਾਂ ਦੇ ਰੌਲੇ ਪਾ ਕੇ ਮਨੁੱਖਤਾ ਵਿਚ ਵੰਡੀਆਂ ਪਾ ਦਿੱਤੀਆਂ ਹਨ। ਧਰਮ ਦਾ ਵਾਸਤਾ ਪਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ। ਕਿਤੇ ਟੋਪੀ ਦਾ ਰੌਲਾ, ਕਿਤੇ ਨਿੱਕਰ ਦਾ। ਕਿਤੇ ਧਰਮ ਦੇ ਨਾਂ ‘ਤੇ ਪਾਰਟੀਆਂ, ਕਿਤੇ ਧਰਮ ਦੇ ਨਾਂ ‘ਤੇ ਕਤਲ। ਰੱਬ ਜਿਵੇਂ ਤੁਹਾਡਾ ਸਿੱਧਾ ਰਿਸ਼ਤੇਦਾਰ ਹੋਵੇ। ਚੰਦਰਾ ਸਵਾਮੀ ਤੋਂ ਲੈ ਕੇ ਆਸਾ ਰਾਮ ਤੱਕ ਧਰਮ ਦਾ ਚੋਲਾ ਪਹਿਨ ਕੇ ਤੁਹਾਡੀ ਸ਼ਹਿ ਤੋਂ ਬਿਨਾਂ ਬੱਚੀਆਂ ਦੀਆਂ ਇੱਜ਼ਤਾਂ ਨਾਲ ਖੇਡ ਸਕਦੇ ਹਨ? ਕਿਤੇ ਭਨਿਆਰਾਵਾਲੇ ਨੇ ਅੱਤ ਚੱਕੀ ਪਈ ਐ, ਕਿਤੇ ਸੌਦਾ ਸਾਧ ਸਾਨ੍ਹ ਬਣੀ ਫਿਰਦੈ। ਕੋਈ ਚਿਮਟੇ ਵਜਾ ਕੇ ਲੁੱਟ ਰਿਹੈ, ਕੋਈ ਖੜਤਾਲਾਂ ਨਾਲ। ਜੰਗਲ ‘ਚ ਕਿਥੇ ਹੈ ਇਹ ਸਭ? ਮੰਦਿਰ ਕਿਥੇ ਹੈ? ਤੇ ਮਸਜਿਦ ਕਿੱਥੇ? ਕਿਥੇ ਹੈ ਗਿਰਜਾਘਰ ਤੇ ਕਿਥੇ ਹੈ ਗੁਰਦੁਆਰਾ? ਅਧਰਮੀ ਬੰਦੇ ਧਰਮ ਦੀਆਂ ਕੂਕਾਂ ਮਾਰ ਕੇ ਭੋਲੀ ਜਨਤਾ ਨੂੰ ਦੋਹਾਂ ਹੱਥਾਂ ਨਾਲ ਲੁੱਟ ਰਹੇ ਹਨ। ਜੇ ਸੱਚੀਂ ਰੱਬ ਵਸਦਾ ਵੇਖਣੈ, ਤਾਂ ਜੰਗਲ ਦਾ ਗੇੜਾ ਮਾਰ ਕੇ ਦੇਖੋ। ਜ਼ਰੂਰੀ ਨਹੀਂ, ਰੱਬ ਦੇ ਰਹਿਣ ਲਈ ਇਮਾਰਤਾਂ ਦੀ ਲੋੜ ਐ! æææ ਤੇ ਤੁਸੀਂ ਜੰਗਲ ਰਾਜ ਦੀਆਂ ਵੱਖੀਆਂ ਭੰਨ ਰਹੇ ਹੋ। ਰੱਬ ਦੇ ਵਾਸਤੇ ਚੋਰਾਂ ਦੀ ਸਾਧਾਂ ਨਾਲ ਤੁਲਨਾ ਨਾ ਕਰੋ।
ਪਰਮ ਸਤਿਕਾਰਯੋਗ ਪ੍ਰਧਾਨ ਮੰਤਰੀ ਜੀਓ! ਅੱਖਾਂ ਤੋਂ ਪੱਟੀ ਥੋੜ੍ਹੀ ਜਿਹੀ ਹੇਠਾਂ ਕਰੋ। ਕਿਸੇ ਜਾਨਵਰ ‘ਤੇ ਦੁਨੀਆਂ ‘ਚ ਹਾਲੇ ਤੀਕ ਭ੍ਰਿਸ਼ਟ ਹੋਣ ਦਾ ਦੋਸ਼ ਨਹੀਂ ਲੱਗਾ। ਤੁਹਾਡੇ ਮੰਤਰੀ ਅਰਬਾਂ ‘ਚ ਰਿਸ਼ਵਤ ਲੈਂਦੇ ਹਨ। ਕਾਮਨਵੈਲਥ ਦੀਆਂ ਖੇਡਾਂ ‘ਚ ਕਲਮਾਡੀ ਜੁੰਡਲੀ ਨੇ ਕੀ ਕੀਤਾ? ਮੰਤਰੀ ਏæ ਰਾਜਾ ਨੇ ਟੈਲੀਫੂਨ ਘੁਟਾਲੇ ‘ਚ ਛੱਡਿਆ ਕੀ ਐ? ਆਹ ਹੁਣ ਆ ਕੇ ਤੁਸੀਂ ਛਲਾਰੂ ਜਿਹਾ ਡੱਕਿਆ ਜੇਲ੍ਹ ‘ਚ ਲੋਕ ਲੱਜ ਨੂੰ ਜਿਹੜਾ ਸਾਡਾ ਪਸ਼ੂਆਂ ਦਾ ਚਾਰਾ ਵੀ ਖਾ ਗਿਆ। ਬੰਦੇ ਜਾਨਵਰਾਂ ਦੀ ਖੁਰਾਕ ਖਾਣ ਲੱਗ ਪਏ! ਹੱਦ ਈ ਕਰ’ਤੀ ਤੁਸੀਂ ਤਾਂ!! æææ ਤੇ ਉਲਾਂਭਿਆਂ ਦੇ ਠੀਕਰੇ ਸਾਡੇ ਸ਼ਰੀਫਾਂ ਦੇ ਸਿਰਾਂ ‘ਚ ਭੰਨਦੇ ਓ! ਉਧਰ ਪੰਜਾਬ ਦੀਆਂ ਖ਼ਬਰਾਂ ਸੁਣੀਆਂ ਸੀ- ਇਕ ਟੱਬਰ ਈ ਸਭ ਕੁਝ ਕਰੀ ਜਾਂਦੈ। ਉਥੇ ਤਾਂ ਜਮਾਂ ਗੱਲ ਸਿਰੇ ਲੱਗੀ ਪਈ ਐ। ਜਿਹੜੀਆਂ ਵਸਤਾਂ ਕਿਸੇ ਤੋਂ ਵੀ ਖਾ ਨਹੀਂ ਹੋਈਆਂ, ਉਥੇ ਹਕੂਮਤਾਂ ਕਰਨ ਵਾਲੇ ਉਹ ਵੀ ਛੱਕ ਗਏ। ਰੇਤੇ ਬਜਰੀ ਦੇ ਰੌਲੇ ਦਾ ਤੁਹਾਨੂੰ ਕਿਹੜਾ ਪਤਾ ਨਹੀਂ ਹੋਣਾ। ਜੰਗਲ ਵਿਚ ਕੋਈ ਪੈਸੇ ਟਕੇ ਦਾ ਲੈਣ-ਦੇਣ ਨਹੀਂ ਚੱਲਦਾ। ਮੇਰੇ ਕੋਲ ਕੋਈ ਖ਼ਜ਼ਾਨਾ ਨਹੀਂ ਪਰ ਭੁੱਖੇ ਅਸੀਂ ਫਿਰ ਵੀ ਨਹੀਂ ਮਰਦੇ। ਇਥੇ ਕਿਸੇ ਅਨਾਜ ਸੁਰੱਖਿਆ ਬਿੱਲ ਦੀ ਚਰਚਾ ਨਹੀਂ। ਇਥੇ ਸਭ ਰਾਤ ਨੂੰ ਢਿੱਡ ਭਰ ਕੇ ਖਾਂਦੇ ਆ, ਢੋਲੇ ਦੀਆਂ ਲਾਉਂਦੇ ਆ, ਤੇ ਤੜਕੇ ਤੱਕ ਖਰਾਟੇ ਵੱਜਦੇ ਨੇ।
ਇਹ ਸੱਚ ਹੈ ਕਿ ਨਹੀਂ, ਕਿ ਤੁਹਾਡੇ ਮੁਲਕ ਵਿਚ ਘੱਟ-ਗਿਣਤੀ ਲੋਕਾਂ ਦਾ ਜਿਉਣਾ ਹਰਾਮ ਹੋਇਆ ਪਿਐ। ਮੁਸਲਮਾਨਾਂ, ਸਿੱਖਾਂ, ਇਸਾਈਆਂ ਨਾਲ ਕੀ ਹੋ ਰਿਹੈ? ਮੈਥੋਂ ਪੁੱਛਣਾ ਚਾਹੁੰਨੇ ਹੋ! ਇਹ ਸੱਚਾਈ ਜੱਗ ਜ਼ਾਹਿਰ ਹੈ। ਜੰਗਲ ‘ਚ ਕੋਈ ਘੱਟ-ਗਿਣਤੀ ਵਿਚ ਹੋਏ, ਚਾਹੇ ਵੱਧ ‘ਚ; ਮਜਾਲ ਹੈ ਕਿ ਮੇਰੇ ਰਾਜ ‘ਚ ਕਿਸੇ ਵੱਲ ਕੋਈ ਅੱਖ ਭਰ ਕੇ ਵੀ ਤੱਕ ਸਕੇ। ਮੈਂ ਸੰਗਤ ਦਰਸ਼ਨ ਨਹੀਂ ਕਰਦਾ, ਕੰਮ ਪ੍ਰਦਰਸ਼ਨ ਕਰਦਾ ਹਾਂ। ਹਾਅ ਜਿਹੜਾ ਥੋਡੇ ਥਾਂ ਧਰਮ ਦੀ ਫੱਟੀ ਪਾ ਕੇ ਬਹਿਣ ਨੂੰ ਕਾਹਲਾ ਹੋਇਆ ਪਿਐ, ਉਨ੍ਹਾਂ ਨੂੰ ਰਤਾ ਕੋਲ ਬਿਠਾ ਕੇ ਪੁੱਛੋ ਤਾਂ ਸਹੀ, ਕਿ ਘੱਟ-ਗਿਣਤੀਆਂ ਵਾਲੇ ਦੁਹਾਈਆਂ ਕੀ ਦੇ ਰਹੇ ਹਨ? ਨਿਹੋਰਿਆਂ ਦੀ ਵਾਛੜ ਸਾਡੇ ਉਤੇ ਕਰ ਰਹੇ ਨੇ ਕਿ ‘ਅਸੀਂ ਜੰਗਲ ਦਾ ਰਾਜ ਮੁਕਾ ਦਿਆਂਗੇ।’
ਤੁਹਾਡੇ ਰਾਜ ਵਿਚ ਲੀਡਰ ਘੱਟ ਐ, ਪਾਰਟੀਆਂ ਬਹੁਤ ਨੇ। ਹਰ ਕੋਈ ਆਪੋ ਆਪਣੀ ਟਿੰਡ ਵਜਾਈ ਫਿਰਦੈ। ਜੰਗਲ ‘ਚ ਕਿਸੇ ਨੇ ਵੀ ਕਦੇ ਕਿਸੇ ਪਾਰਟੀ ਦਾ ਨਾਂ ਸੁਣਿਐ? ਇਹ ਧੜੇਬੰਦੀਆਂ, ਦੁਸ਼ਮਣੀਆਂ, ਵਿਰੋਧ; ਸਭ ਮਨੁੱਖ ਕਰ ਰਿਹੈ। ਕਿਸੇ ਦਾ ਕੋਈ ਦੀਨ-ਮਜ਼ਹਬ ਨਹੀਂ। ਕੱਲ੍ਹ ਅਲਾਦੀਨ ਨਾਲ ਹੁੰਦੇ ਨੇ, ਤੇ ਅੱਜ ਚਿਰਾਗਦੀਨ ਨਾਲ। ਜਿਥੋਂ ਖਾਣ ਨੂੰ ਮਿਲਦਾ, ਉਧਰ ਭੱਜੀ ਫਿਰਦੇ ਨੇ। ਇਹ ਭੋਲੇ ਲੋਕਾਂ ਨੂੰ ਲੜਾ ਕੇ ਆਪ ਕੰਧ ‘ਤੇ ਬੈਠ ਕੇ ਤਮਾਸ਼ਾ ਵੇਖ ਰਹੇ ਨੇ। ਤੁਹਾਡੇ ਮੂਹਰੇ ਬਚੜਾ ਜਿਹਾ ਬੋਲੀ ਜਾਂਦਾ। ਟਿਚ ਕਰ ਕੇ ਨਹੀਂ ਜਾਣਦਾ ਤੁਹਾਨੂੰ! ਕਾਹਦੇ ਪ੍ਰਧਾਨ ਮੰਤਰੀ ਹੋ ਤੁਸੀਂ? ਮੈਂ ਜੰਗਲ ਵਿਚ ਕਿਸੇ ਨੂੰ ਘੂਰਦਾ ਵੀ ਨਹੀਂ, ਮਜਾਲ ਐ ਕਿ ਕੋਈ ਮੂਹਰੇ ਅੱਖ ਵੀ ਚੁੱਕ ਲਵੇ। ਤੁਹਾਡੇ ਤੋਂ ਟਟਿਹਣੇ ਜਿਹੇ ਕਾਬੂ ਨਹੀਂ ਆਉਂਦੇ, ਤੇ ਮੈਂ ਹਾਥੀ ਕੁੱਜੇ ‘ਚ ਨਹੀਂ ਪਾਇਆ, ਕੁੱਜੀ ‘ਚ ਬੰਦ ਕੀਤਾ ਹੋਇਐ! ਘੋੜੇ ਗੈਂਡੇ ਸਭ ਮੇਰੇ ਕਹਿਣ ‘ਚ ਨੇ। æææ ਤੇ ਜਿਹੜੀ ਹਾਲਤ ਥੋਡੀ ਹੈ, ਭਲਾ ਦੱਸਣ ਦੀ ਲੋੜ ਹੈਗੀ ਆ ਮੇਰੀ?
ਜੰਗਲ ਦੇ ਰਾਜ ਨੂੰ ਭੰਡਣ ਤੋਂ ਪਹਿਲਾਂ ਦਿਮਾਗ ਦੇ ਟੈਸਟ ਕਰਵਾਓ। ਸ਼ਰਾਬ ਵੇਚ ਕੇ ਤੁਸੀਂ ਮੁਲਕ ਚਲਾ ਰਹੇ ਹੋ। ਪੰਜਾਬ ‘ਚ ਇਕ ਸਾਲ ਸ਼ਰਾਬ ਬੰਦ ਕਰ ਕੇ ਵੇਖ ਲਵੋæææ ਜੇ ਮੰਤਰੀ, ਮੁੱਖ ਮੰਤਰੀ ਸਾਇਕਲਾਂ ‘ਤੇ ਨਾ ਘੁੰਮਣ ਲੱਗ ਪਏ! ਚਲੋ ਸ਼ਰਾਬ ਵੇਚੀ ਜਾਂਦੇ, ਕੋਈ ਗੱਲ ਨਹੀਂ ਸੀ; ਜਵਾਨੀ ਨੂੰ ਨਸ਼ਿਆਂ ‘ਚ ਕੌਣ ਗਾਲ ਰਿਹਾ ਹੈ? ਸਰਹੱਦਾਂ ਤੋਂ ਨਸ਼ੇ ਦੀ ਤਸਕਰੀ ਮੇਰੇ ਜੰਗਲ ਦੇ ਬਾਂਦਰ ਨਹੀਂ, ਤੁਹਾਡੇ ਰਾਜ ਦੇ ਬੰਦੇ ਕਰਵਾ ਰਹੇ ਹਨ। ਹਰ ਚੌਥਾ ਬੰਦਾ ਨਸ਼ਈ ਹੋਇਆ ਫਿਰਦੈ। ਮਾੜੇ ਦਾ ਜਿਉਣਾ ਹਰਾਮ ਹੋਇਆ ਪਿਐ। ਲੀਡਰ ਚਿੱਟੇ ਕੱਪੜੇ ਪਾ ਕੇ ਲੁੱਟੀ ਜਾਂਦੇ ਨੇ। ਲੁਟੇਰਿਆਂ ਨੇ ਅੱਜਕੱਲ੍ਹ ਕਾਲੇ ਕੱਛੇ ਸੁਆ ਲਏ ਆ। ਕਦੇ ਕਿਸੇ ਨੇ ਜੰਗਲ ‘ਚ ਸ਼ਰਾਬ ਦਾ ਠੇਕਾ ਦੇਖਿਆ? ਕਿਸੇ ਜਾਨਵਰ ਨੂੰ ਕਦੇ ਨਸ਼ਾ ਕਰਦਿਆਂ ਫੜਿਆ ਕਿਸੇ ਨੇ? ਸਹੁੰ ਖਾ ਕੇ ਕਹੋ ਕਿ ਇਹ ਧੰਦਾ ਭਲਾ ਹਕੂਮਤ ਦੇ ਹਿੱਸੇਦਾਰ ਲੋਕ ਨਹੀਂ ਕਰ ਰਹੇ? ਫਿਰ ਰਾਜ ਥੋਡਾ ਚੰਗਾ ਕਿ ਜੰਗਲ ਦਾ?
ਆਬਾਦੀ ਵਧਾ ਕੇ ਸ਼ਰਮਿੰਦਾ ਕੀਹਨੇ ਕੀਤਾ ਏ ਮੁਲਕ ਨੂੰ? ਰੋਜ਼ ਜਿਹੜੀ ਇੰਨੀ ਆਬਾਦੀ ਵਧੀ ਜਾਂਦੀ ਆ, ਇਹ ਨਿਆਣਿਆਂ ਦੀਆਂ ਢੇਰੀਆਂ ਕੌਣ ਲਾ ਰਿਹੈ? ਬੰਦੇ ਤੀਵੀਂ ‘ਚ ਫਰਕ ਪਾ ਕੇ ਕੁੱਖ ‘ਚ ਧੀਆਂ ਕੌਣ ਮਰਵਾ ਰਿਹੈ? ਅਦਾਲਤਾਂ ਸਹੀ ਹਨ ਪਰ ਸਬੂਤ ਫੂਕੇ ਜਾ ਰਹੇ ਨੇ। ਜੰਗਲ ‘ਚ ਵੰਸ਼ ਚਲਾਉਣ ਲਈ ਜਾਨਵਰ ਬੱਚੇ ਪੈਦਾ ਕਰ ਰਹੇ ਹਨ ਤੇ ਤੁਸੀਂ ਰੌਣਕਾਂ ਲਾਉਣ ਲਈ। ਜੰਗਲ ‘ਚ ਨਾ ਕੋਈ ਸੁਪਰੀਮ ਕੋਰਟ ਹੈ, ਨਾ ਹਾਈ ਕੋਰਟ। ਇਨਸਾਫ਼ ਦਾ ਉਲਾਂਭਾ ਫਿਰ ਵੀ ਕੋਈ ਨਹੀਂ ਦੇ ਰਿਹਾ। ਫਿਰ ਰਾਮ ਰਾਜ ਜੰਗਲ ‘ਚ ਹੈ, ਕਿ ਤੁਹਾਡੇ ਕੋਲ?
ਜੰਗਲ ‘ਚ ਕੋਈ ਸਕੂਲ, ਕਾਲਜ ਨਹੀਂ; ਥਾਣਾ ਨਹੀਂ, ਹਸਪਤਾਲ ਨਹੀਂ। ਫਿਰ ਦੱਸੋ, ਪੜ੍ਹੇ-ਲਿਖੇ ਬੰਦਿਆਂ ਨਾਲੋਂ ਜਾਨਵਰ ਵਿਚ ਲਿਆਕਤ ਕਿਥੇ ਘੱਟ ਐ? ਜਾਨਵਰ ਜਿਹੜੇ ਤੁਸੀਂ ਘਰਾਂ ‘ਚ ਪਾਲਦੇ ਹੋ, ਉਹੀ ਬਿਮਾਰ ਹੁੰਦੇ ਹਨ। ਇਸੇ ਕਰ ਕੇ ਡੰਗਰਾਂ, ਬਿੱਲੀਆਂ, ਕੁੱਤਿਆਂ ਦੇ ਹਸਪਤਾਲ ਅਤੇ ਡਾਕਟਰ ਤੁਸੀਂ ਬਣਾਏ ਹਨ, ਜੰਗਲ ‘ਚੋਂ ਕਦੇ ਕਿਸੇ ਜਾਨਵਰ ਦੇ ਬਿਮਾਰ ਹੋਣ ਦੀ ਕਦੇ ਖ਼ਬਰ ਆਈ ਹੈ? ਫਿਰ ਸੰਗ ਕਰੋ, ਸ਼ਰਮ ਕਰੋ ਆਪਣੇ ਘਟੀਆ ਰਾਜ ਦੀ ਜੰਗਲ ਦੇ ਰਾਜ ਨਾਲ ਤੁਲਨਾ ਕਰਨ ਵੇਲੇ!
ਜੰਗਲ ‘ਚ ਨਾ ਟੈਲੀਫੂਨ ਹੈ, ਨਾ ਟੈਲੀਵਿਜ਼ਨ ਹੈ। ਨਾ ਫਿਲਮਾਂ ਨੇ, ਨਾ ਕੋਈ ਕੋਇਲ ਤੋਂ ਸਿਵਾ ਗਾਉਂਦਾ ਹੈ। ਕੋਇਲ ਜੰਗਲ ਦੀ ਹਰ ਸਵੇਰ ਸੰਗੀਤਮਈ ਬਣਾ ਦਿੰਦੀ ਹੈ ਤੇ ਤੁਸੀਂ ਲੁੱਚ-ਗੜੁੱਚ ਤੇ ਨੰਗੇ-ਅੱਧਨੰਗੇ ਗੀਤਾਂ ਦੀ ਖੱਪ ਪਾਈ ਹੋਈ ਹੈ। ਜੰਗਲ ਵਿਚ ਨਾ ਬਿਜਲੀ ਦੀ ਸਮੱਸਿਆ ਹੈ, ਨਾ ਰੇਲਾਂ ਜਾਂ ਬੱਸਾਂ ਦੀ। ਨਾ ਟੈਲੀਫੋਨ ਨੇ ਤੇ ਨਾ ਹੀ ਅੜੇ ਇੰਟਰਨੈਟ! ਨਾ ਹੀ ਸਾਨੂੰ ਇਨ੍ਹਾਂ ਬੇਲੋੜੀਆਂ ਚੀਜ਼ਾਂ ਦੀ ਲੋੜ ਹੈ। ਜੰਗਲ ‘ਚ ਪਖੰਡ ਤੇ ਝੂਠ ਦੀ ਕੋਈ ਦੁਕਾਨ ਵੀ ਨਹੀਂ।
ਪ੍ਰਧਾਨ ਮੰਤਰੀ ਜੀ! ਸਿਰਫ਼ ਹੈਲੋ ਕਹਿ ਕੇ ਗੱਲ ਨਾ ਮੁਕਾ ਦਿਓ। ਇਹਦੇ ‘ਤੇ ਅਮਲ ਕਰਿਓ। ਹੁਕਮ ਕਰ ਦਿਓ ਕਿ ਤੁਹਾਡੇ ਰਾਜ ਵਿਚ ਹੁਣ ਕੋਈ ਭੈੜੀ ਹਰਕਤ ਜੰਗਲ ਦੇ ਰਾਜ ਨਾਲ ਨਾ ਜੋੜੇ। ਜੇ ਕੰਨ ਇਕ ਵਾਰ ਨਾ ਖੁੱਲ੍ਹੇ ਤਾਂ ਇਸ ਖਤ ਨੂੰ ਤਿੰਨ-ਚਾਰ ਵਾਰ ਪੜ੍ਹ ਲਿਓ। ਲਗਦੈ, ਭਲਾਮਾਣਸ ਪ੍ਰਧਾਨ ਮੰਤਰੀ ਸਾਡੀ ਬੇਨਤੀ ਸਵੀਕਾਰ ਕਰੇਗਾ।
ਜੰਗਲ ‘ਚ ਨਾ ਈ-ਮੇਲ ਹੈ, ਨਾ ਡਾਕ ਸੇਵਾਵਾਂ।
ਉਂਜ ਹਮਰੁਤਬਾ ਲੋਕਾਂ ਤੱਕ ਦਿਲ ਦੀ ਗੱਲ ਪੁੱਜ ਹੀ ਜਾਂਦੀ ਹੈ।
ਆਸ ਤੇ ਉਦੀਮ ਨਾਲ਼ææ
ਜੰਗਲ ਦਾ ਬਾਦਸ਼ਾਹ।
Leave a Reply