ਨਵਕਿਰਨ ਸਿੰਘ ਪੱਤੀ
ਔਰਤਾਂ ਦੇ ਮਾਮਲੇ ਵਿਚ ਰਾਜਨੀਤਕ ਪਾਰਟੀਆਂ ਦੀ ਪਹੁੰਚ ਹਮੇਸ਼ਾ ਦੋਹਰੇ ਮਾਪਦੰਡਾਂ ਵਾਲੀ ਰਹੀ ਹੈ। ਨਿਰਭਯਾ, ਪਹਿਲਵਾਨ ਕੁੜੀਆਂ ਸਮੇਤ ਕਈ ਮਾਮਲਿਆਂ ਵਿਚ ਇਨਸਾਫ਼ ਦੀ ਮੰਗ ਕਰਨ ਵਾਲੀ ‘ਆਪ` ਹੁਣ ਬਗੈਰ ਕਿਸੇ ਠੋਸ ਜਾਂਚ ਪੜਤਾਲ ਦੇ ਪੀ.ਏ. ਵਿਭਵ ਦਾ ਪੱਖ ਪੂਰ ਰਹੀ ਹੈ। ਦੂਜੇ ਪਾਸੇ, ਚੋਣਾਂ ਦੇ ਇਸ ਭਖੇ ਮਾਹੌਲ ਵਿਚ ਭਾਜਪਾ ਵਰਗੀਆਂ ਸਿਰੇ ਦੀਆਂ ਪਿਛਾਖੜੀ ਪਾਰਟੀਆਂ ਵੀ ਔਰਤ ਹੱਕਾਂ ਦੀਆਂ ਅਲੰਬਰਦਾਰ ਹੋਣ ਦਾ ਦੰਭ ਰਚ ਰਹੀਆਂ ਹਨ। ਇਸ ਮਸਲੇ ਬਾਰੇ ਵਿਸਥਾਰ ਸਹਿਤ ਚਰਚਾ ਸਾਡੇ ਕਾਲਮਨਵੀਸ ਨਵਕਿਰਨ ਸਿੰਘ ਪੱਤੀ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।
ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ 13 ਮਈ ਨੂੰ ਵਾਪਰਿਆ ਘਟਨਾਕ੍ਰਮ ਸਭ ਤੋਂ ਚਰਚਿਤ ਮਾਮਲਾ ਬਣਿਆ ਹੋਇਆ ਹੈ। ਸਵਾਤੀ ਮਾਲੀਵਾਲ ਅਨੁਸਾਰ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਉੱਪਰ ਜਦ ਉਹ ਕੇਜਰੀਵਾਲ ਨੂੰ ਮਿਲਣ ਪਹੁੰਚੀ ਤਾਂ ਕੇਜਰੀਵਾਲ ਦੇ ਪੀ.ਏ. ਵਿਭਵ ਕੁਮਾਰ ਨੇ ਉਸ ਦੇ ਥੱਪੜ, ਠੁੱਡੇ ਮਾਰੇ ਅਤੇ ਅਪਸ਼ਬਦਾਂ ਦਾ ਇਸਤੇਮਾਲ ਕੀਤਾ। ਇਸ ਸਬੰਧੀ ਮਾਲੀਵਾਲ ਨੇ ਬਕਾਇਦਾ ਦਿੱਲੀ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬਣਦਾ ਤਾਂ ਇਹ ਸੀ ਕਿ ਸਵਾਤੀ ਮਾਲੀਵਾਲ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਦਿੱਲੀ ਸਰਕਾਰ/ਮੁੱਖ ਮੰਤਰੀ ਦੇ ਪੀ.ਏ. ਵਿਭਵ ਕੁਮਾਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਕੇ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕਰਵਾ ਕੇ ਹਕੀਕਤ ਸਾਹਮਣੇ ਲਿਆਉਂਦੇ ਪਰ ਹੋਇਆ ਇਹ ਕਿ ਅਰਵਿੰਦ ਕੇਜਰੀਵਾਲ ਨੇ ਇਸ ਮਾਮਲੇ ਉੱਪਰ ਖੁਦ ਚੁੱਪ ਵੱਟ ਲਈ ਅਤੇ ਪੂਰੀ ਪਾਰਟੀ ਪੀ.ਏ. ਵਿਭਵ ਦੇ ਪੱਖ ਵਿਚ ਝੋਕ ਦਿੱਤੀ।
ਘਟਨਾ ਦੇ ਅਗਲੇ ਹੀ ਦਿਨ ਉੱਤਰ ਪ੍ਰਦੇਸ਼ ਵਿਚ ਅਖਿਲੇਸ਼ ਯਾਦਵ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਵੱਲੋਂ ਇਸ ਸਬੰਧੀ ਸਵਾਲ ਪੁੱਛਣ ’ਤੇ ਵੀ ਕੇਜਰੀਵਾਲ ਟੱਸ ਤੋਂ ਮੱਸ ਨਹੀਂ ਹੋਏ। ‘ਆਪ` ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਪਹਿਲੇ ਦਿਨ ਸਵਾਤੀ ਮਾਲੀਵਾਲ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਪੀ.ਏ. ਵਿਭਵ ਕੁਮਾਰ ਖਿਲਾਫ ਕਾਰਵਾਈ ਦੀ ਹਾਮੀ ਭਰੀ ਪਰ ਅਗਲੇ ਹੀ ਦਿਨ ਮਾਮਲੇ ਦੀ ਕਿਸੇ ਵੀ ਤਰ੍ਹਾਂ ਦੀ ਜਾਂਚ ਤੋਂ ਬਗੈਰ ਹੀ ‘ਆਪ` ਜਿਸ ਤਰ੍ਹਾਂ ਪੀ.ਏ. ਵਿਭਵ ਕੁਮਾਰ ਦੇ ਪੱਖ ਵਿਚ ਨਿੱਤਰੀ, ਉਸ ਉੱਪਰ ਸਵਾਲ ਉੱਠਣੇ ਸੁਭਾਵਿਕ ਹਨ। ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਘਟਨਾ ਬਾਰੇ ਦਿੱਤੇ ਬਿਆਨ ਤੋਂ ਯੂ-ਟਰਨ ਮਾਰਦਿਆਂ ਆਮ ਆਦਮੀ ਪਾਰਟੀ ਦੀ ਆਗੂ ਅਤੇ ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਨੇ ਸਵਾਤੀ ਮਾਲੀਵਾਲ ਦੇ ਇਲਜ਼ਾਮਾਂ ਨੂੰ ਰੱਦ ਕਰਦਿਆਂ ਕਿਹਾ ਕਿ ‘ਉਹ ਭਾਜਪਾ ਦੀ ਸਾਜ਼ਿਸ਼ ਦਾ ਚਿਹਰਾ` ਹੈ। ਆਤਿਸ਼ੀ ਨੇ ਇਹ ਵੀ ਕਿਹਾ ਕਿ ਵਿਭਵ ਕੁਮਾਰ ਨੇ ਵੀ ਮਾਲੀਵਾਲ ਦੇ ਖਿਲਾਫ਼ ਐੱਫ.ਆਈ.ਆਰ. ਦਰਜ ਕਰਵਾਈ ਹੈ। ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਦਾ ਹਵਾਲਾ ਦਿੰਦਿਆਂ ਆਤਿਸ਼ੀ ਨੇ ਕਿਹਾ ਕਿ ਇਹ ਸਾਰਾ ਘਟਨਾਕ੍ਰਮ ਮੁੱਖ ਮੰਤਰੀ ਕੇਜਰੀਵਾਲ ਨੂੰ ਫਸਾਉਣ ਲਈ ਭਾਜਪਾ ਦੀ ਸਾਜ਼ਿਸ਼ ਸੀ, ਮਾਲੀਵਾਲ ਨੂੰ ਇਸ ਦਾ ਚਿਹਰਾ ਬਣਾਇਆ ਗਿਆ ਸੀ।
ਮੰਤਰੀ ਆਤਿਸ਼ੀ ਦਾ ਇਹ ਬਿਆਨ ਮਾਲੀਵਾਲ ਮਾਮਲੇ ਉੱਪਰ ਸੰਜੇ ਸਿੰਘ ਵਾਲੇ ਸਟੈਂਡ ਅਤੇ ਬਿਆਨ ਤੋਂ ਐਨ ਉਲਟ ਹੈ। ਸੰਜੇ ਸਿੰਘ ਨੇ ਤਾਂ ਕਿਹਾ ਸੀ ਕਿ ਮਾਲੀਵਾਲ ਨਾਲ ਹੋਈ ਬਦਸਲੂਕੀ ਦਾ ਮੁੱਖ ਮੰਤਰੀ ਨੇ ਨੋਟਿਸ ਲਿਆ ਹੈ ਅਤੇ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਰ ਇਸ ਬਿਆਨ ਦੇ ਕੁਝ ਘੰਟੇ ਬਾਅਦ ਹੀ ਆਤਿਸ਼ੀ ਨੇ ਮਾਮਲੇ ਦਾ ਪ੍ਰਸੰਗ ਹੀ ਬਦਲ ਦਿੱਤਾ। ਇਸ ਤਰ੍ਹਾਂ ‘ਆਪ` ਦੇ ਔਰਤਾਂ ਦੀ ਸੁਰੱਖਿਆ ਅਤੇ ਨਿਆਂ ਪ੍ਰਤੀ ਸਰੋਕਾਰ ਸਵਾਲਾਂ ਦੇ ਘੇਰੇ ਹੇਠ ਆ ਗਏ ਹਨ।
ਜਿਸ ਵਾਇਰਲ ਵੀਡੀਓ ਦਾ ਜ਼ਿਕਰ ਮੰਤਰੀ ਆਤਿਸ਼ੀ ਨੇ ਕੀਤਾ, ਉਸ ਉੱਪਰ ਵੀ ਸਵਾਲ ਉੱਠਦਾ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਤਿ ਸੁਰੱਖਿਆ ਵਾਲੀ ਰਿਹਾਇਸ਼ ਤੋਂ ਉਕਤ ਦਿਨ ਦੀਆਂ ਮਾਲੀਵਾਲ ਨਾਲ ਸਬੰਧਿਤ ਵੀਡੀਓਜ਼ ਦਾ ਕਿਸੇ ਜਾਂਚ ਟੀਮ ਕੋਲ ਪਹੁੰਚਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ਉੱਪਰ ਵਾਇਰਲ ਕਿਵੇਂ ਹੋ ਗਈਆਂ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿਚ ਵਿਭਵ ਕੁਮਾਰ ਦਾ ਅਦਾਲਤ ਤੋਂ ਪੰਜ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਦਿੱਲੀ ਪੁਲਿਸ ਨੇ ਰਿਮਾਂਡ ਦੀ ਮੰਗ ਸਮੇਂ ਅਦਾਲਤ ਨੂੰ ਦੱਸਿਆ ਕਿ ਵਿਭਵ ਨੇ ਮਾਲੀਵਾਲ ਉੱਪਰ ‘ਬੇਰਹਿਮੀ ਨਾਲ ਹਮਲਾ` ਕੀਤਾ ਹੈ।
‘ਆਪ` ਆਗੂ ਇਹ ਦਲੀਲ ਵੀ ਦੇ ਰਹੇ ਹਨ ਕਿ ਸਵਾਤੀ ਮਾਲੀਵਾਲ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਸਮਾਂ ਨਹੀਂ ਲਿਆ ਸੀ। ਜੇਕਰ ਮੁੱਖ ਮੰਤਰੀ ਦੀ ਰਿਹਾਇਸ਼ ਉੱਪਰ ਪਹੁੰਚੀ ਪਾਰਟੀ ਦੀ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਉਸ ਨੇ ਸਮਾਂ ਨਹੀਂ ਲਿਆ ਸੀ ਤਾਂ ਫਿਰ ਆਮ ਲੋਕਾਂ ਦੀ ਸਰਕਾਰ ਹੋਣ ਦੰਭ ਕਿਉਂ ਰਚਿਆ ਜਾ ਰਿਹਾ ਹੈ? ਫਿਰ ‘ਅਸੀਂ ਰਾਜਨੀਤੀ ਕਰਨ ਨਹੀਂ, ਰਾਜਨੀਤੀ ਬਦਲਣ ਆਏੇ ਹਾਂ` ਵਰਗੇ ਨਾਅਰਿਆ ਦਾ ਕੀ ਮੰਤਵ ਰਹਿ ਗਿਆ ਹੈ?
ਅਰਵਿੰਦ ਕੇਜਰੀਵਾਲ ਨੇ ਇਸ ਮੁੱਦੇ ‘ਤੇ ਅਜੇ ਤੱਕ ਕੁਝ ਵੀ ਖੁੱਲ੍ਹ ਕੇ ਨਹੀਂ ਬੋਲਿਆ ਹਾਲਾਂਕਿ ਸਵਾਤੀ ਮਾਲੀਵਾਲ ਕੇਜਰੀਵਾਲ ਦੇ ਸਭ ਤੋਂ ਭਰੋਸੇਯੋਗ ਆਗੂਆਂ ਵਿਚੋਂ ਰਹੀ ਹੈ। ਕੇਜਰੀਵਾਲ ਨਾਲ ਸਵਾਤੀ ਦਾ ਵਾਹ ਬਹੁਤ ਪੁਰਾਣਾ ਹੈ; ਸੂਚਨਾ ਤਕਨਾਲੋਜੀ ਵਿਚ ਗਰੈਜੂਏਟ ਸਵਾਤੀ ਬਹੁ-ਕੌਮੀ ਕੰਪਨੀ ਦੀ ਨੌਕਰੀ ਛੱਡ ਕੇ ਕੇਜਰੀਵਾਲ ਦੀ ਐਨ.ਜੀ.ਓ. ਨਾਲ ਜੁੜੀ ਸੀ। ਕੇਜਰੀਵਾਲ ਨਾਲ ਹੀ ਉਨ੍ਹਾਂ ਨੇ ਅੰਨਾ ਹਜ਼ਾਰੇ ਦੀ ਅਗਵਾਈ ਹੇਠਲੇ ਅੰਦੋਲਨ ‘ਇੰਡੀਆ ਅਗੇਂਸਟ ਕੁਰੱਪਸ਼ਨ‘ ਵਿਚ ਹਿੱਸਾ ਲਿਆ ਸੀ। ਅੰਦੋਲਨ ਤੋਂ ਬਾਅਦ ਆਮ ਆਦਮੀ ਪਾਰਟੀ ਖੜ੍ਹੀ ਕਰਨ ਵਿਚ ਉਸ ਦਾ ਅਹਿਮ ਯੋਗਦਾਨ ਰਿਹਾ ਹੈ। ਇਸੇ ਕਰ ਕੇ ਦਿੱਲੀ ਵਿਚ ਸੱਤਾ ਹਾਸਲ ਕਰਨ ਤੋਂ ਬਾਅਦ ‘ਆਪ‘ ਨੇ ਮਾਲੀਵਾਲ ਨੂੰ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨਿਯੁਕਤ ਕੀਤਾ ਸੀ। ਦੋ ਵਾਰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਰਾਜ ਸਭਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ।
ਜਿਸ ਤਰ੍ਹਾਂ ਹੁਣ ਸਵਾਤੀ ਮਾਲੀਵਾਲ ਨੂੰ ਭਾਜਪਾ ਨਾਲ ਜੋੜਿਆ ਜਾ ਰਿਹਾ ਹੈ, ਇਸ ਤਰ੍ਹਾਂ ‘ਆਪ` ਨੇ ਪਹਿਲਾਂ ਵੀ ਬਹੁਤ ਵਾਰ ਪਾਰਟੀ ਆਗੂਆਂ ਦੀ ਕਿਰਦਾਰਕੁਸ਼ੀ ਕਰ ਕੇ ਉਹਨਾਂ ਨੂੰ ਪਾਰਟੀ ਵਿਚੋਂ ਬਾਹਰ ਧੱਕਿਆ ਹੈ। ‘ਆਪ` ਦੀ ਪੰਜਾਬ ਇਕਾਈ ਦੇ ਮੁਖੀ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਸਮੇਂ ਜੋ ਕਥਿਤ ਇਲਜ਼ਾਮ ਲਗਾਏ ਸਨ, ਉਸ ਮਾਮਲੇ ਦੀ ਹਕੀਕਤ ਅੱਜ ਤੱਕ ਲੋਕਾਂ ਸਾਹਮਣੇ ਨਹੀਂ ਲਿਆਂਦੀ ਗਈ। ਹੁਣ ਸਵਾਤੀ ਮਾਲੀਵਾਲ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਪਾਰਟੀ ਮੁਖੀ ’ਤੇ ਸਵਾਲ ਉਠਾ ਰਹੀ ਹੈ,ਉਸ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕੇ ਕਿਹਾ ਕਿ ‘ਸਿਆਸੀ ਹਿੱਟਮੈਨ ਨੇ ਆਪਣੇ ਆਪ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ`। ਵਾਇਰਲ ਵੀਡੀਓ ਬਾਰੇ ਕਿਹਾ ਸੀ ਕਿ ‘ਕੋਈ ਕੁੱਟਮਾਰ ਕਰਨ ਦੀ ਵੀ ਵੀਡੀਓ ਬਣਾਉਂਦਾ ਹੈ` ਲੇਕਿਨ ਇਹ ਵੀ ਸੱਚ ਹੈ ਕਿ ਜਦ ਪਾਰਟੀ ਅੰਦਰ ਜਮਹੂਰੀਅਤ, ਅਨੁਸ਼ਾਸਨ ਵਰਗੇ ਮੁੱਦੇ ਉਠਾਉਂਦਿਆਂ ਪ੍ਰਸ਼ਾਂਤ ਭੂਸ਼ਨ, ਡਾ. ਧਰਮਵੀਰ ਗਾਂਧੀ, ਯੋਗੇਂਦਰ ਯਾਦਵ, ਪੱਤਰਕਾਰ ਆਸ਼ੂਤੋਸ਼, ਕਪਿਲ ਮਿਸ਼ਰਾ, ਅਸ਼ੀਸ਼ ਖੇਤਾਨ ਵਰਗੇ ਵੱਡੇ ਆਗੂਆਂ ਨੇ ਪਾਰਟੀ ਛੱਡੀ ਤਾਂ ਸਵਾਤੀ ਮਾਲੀਵਾਲ ਕੇਜਰੀਵਾਲ ਦੇ ਨਾਲ ਖੜ੍ਹੀ ਸੀ। ਹੁਣ ਵੀ ਸਵਾਤੀ ਨੇ ਅਜੇ ਤੱਕ ਪਾਰਟੀ ਦੇ ਸਿਧਾਤਾਂ ਬਾਰੇ ਕੁਝ ਨਹੀਂ ਬੋਲਿਆ ਹੈ।
ਵੈਸੇ ਔਰਤਾਂ ਦੇ ਮਾਮਲੇ ਵਿਚ ਰਾਜਨੀਤਕ ਪਾਰਟੀਆਂ ਦੀ ਪਹੁੰਚ ਹਮੇਸ਼ਾ ਦੋਹਰੇ ਮਾਪਦੰਡਾਂ ਵਾਲੀ ਰਹੀ ਹੈ। ਨਿਰਭਯਾ, ਪਹਿਲਵਾਨ ਕੁੜੀਆਂ ਸਮੇਤ ਕਈ ਮਾਮਲਿਆਂ ਵਿਚ ਇਨਸਾਫ਼ ਦੀ ਮੰਗ ਕਰਨ ਵਾਲੀ ‘ਆਪ` ਹੁਣ ਬਗੈਰ ਕਿਸੇ ਠੋਸ ਜਾਂਚ ਪੜਤਾਲ ਦੇ ਪੀ.ਏ. ਵਿਭਵ ਦਾ ਪੱਖ ਪੂਰ ਰਹੀ ਹੈ। ਦੂਜੇ ਪਾਸੇ, ਚੋਣਾਂ ਦੇ ਇਸ ਭਖੇ ਮਾਹੌਲ ਵਿਚ ਭਾਜਪਾ ਵਰਗੀਆਂ ਸਿਰੇ ਦੀਆਂ ਪਿਛਾਖੜੀ ਪਾਰਟੀਆਂ ਵੀ ਔਰਤ ਹੱਕਾਂ ਦੀਆਂ ਅਲੰਬਰਦਾਰ ਹੋਣ ਦਾ ਦੰਭ ਰਚ ਰਹੀਆਂ ਹਨ। ਭਾਜਪਾ ਦੀ ਸਿਆਸੀ ਮੌਕਾਪ੍ਰਸਤੀ ਇਸ ਤੋਂ ਵੀ ਜ਼ਾਹਿਰ ਹੁੰਦੀ ਹੈ ਕਿ ਇਨ੍ਹੀਂ ਦਿਨੀਂ ਹੀ ਕਰਨਾਟਕ ਵਿਚ ਭਾਜਪਾ ਦੇ ਸਹਿਯੋਗੀ ਜਨਤਾ ਦਲ (ਐੱਸ) ਦੇ ਉਮੀਦਵਾਰ ਪ੍ਰਜਵਲ ਰੇਵੰਨਾ ਨਾਲ ਜੁੜੇ ਕਾਂਡ ਦੀ ਯਾਦ ਦਿਵਾ ਦਿੱਤੀ ਹੈ। ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਦੇ ਪੋਤਰੇ ਪ੍ਰਜਵਲ ਰੇਵੰਨਾ ਖ਼ਿਲਾਫ ਕਈ ਔਰਤਾਂ ਨਾਲ ਦੇ ਸ਼ੋਸ਼ਣ ਦੀਆਂ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਵੀ ਭਾਜਪਾ ਨੇ ਉਸ ਖਿਲਾਫ ਰੋਸ ਪ੍ਰਦਰਸ਼ਨ ਨਹੀਂ ਕੀਤੇ ਹਨ।
ਇਸੇ ਤਰ੍ਹਾਂ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਮੁਖੀ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਮਹਿਲਾ ਭਲਵਾਨਾਂ ਵੱਲੋਂ ਗੰਭੀਰ ਦੋਸ਼ ਲਾਉਣ ਦੇ ਬਾਵਜੂਦ ਭਾਜਪਾ ਨੇ ਉਸ ਖਿਲਾਫ ਕਾਰਵਾਈ ਕਰਨ ਤੋਂ ਟਾਲਾ ਵੱਟੀ ਰੱਖਿਆ ਸੀ। ਜਦੋਂ ਪਹਿਲਵਾਨ ਕੁੜੀਆਂ ਜੰਤਰ-ਮੰਤਰ ’ਤੇ ਇਨਸਾਫ਼ ਦੀ ਮੰਗ ਕਰ ਰਹੀਆਂ ਸਨ ਤਾਂ ਭਾਜਪਾ ਹਕੂਮਤ ਵੱਲੋਂ ਉਹਨਾਂ ’ਤੇ ਕੀਤਾ ਪੁਲਿਸ ਤਸ਼ੱਦਦ ਕਿਸੇ ਤੋਂ ਭੁੱਲਿਆ ਨਹੀਂ ਹੈ। ਮਨੀਪੁਰ ਵਿਚ ਔਰਤਾਂ ਦੀ ਨਗਨ ਪਰੇਡ ਅਤੇ ਮਨੀਪੁਰ ਦੀਆਂ ਹਜ਼ਾਰਾਂ ਔਰਤਾਂ ’ਤੇ ਹੋਏ ਤਸ਼ੱਦਦ ਦੇ ਮਾਮਲੇ ਵਿਚ ਦੜ ਵੱਟ ਕੇ ਚੁੱਪ ਬੈਠਣ ਵਾਲੀ ਭਾਜਪਾ ਹੁਣ ਰੋਸ ਪ੍ਰਦਰਸ਼ਨ ਕਰ ਰਹੀ ਹੈ।
ਅਸਲ ਵਿਚ, ਸਵਾਤੀ ਮਾਲੀਵਾਲ ਨਾਲ ਵਾਪਰੇ ਘਟਨਾਕ੍ਰਮ ਜਾਂ ਇਸ ਤਰ੍ਹਾਂ ਦੇ ਹੋਰ ਮਾਮਲਿਆਂ ਪ੍ਰਤੀ ‘ਆਪ`, ਭਾਜਪਾ, ਕਾਂਗਰਸ ਵਰਗੀਆਂ ਰਾਜਨੀਤਕ ਪਾਰਟੀਆਂ ਦੀ ਪਹੁੰਚ ਰਾਜਨੀਤੀ ਤੋਂ ਪ੍ਰੇਰਿਤ ਹੁੰਦੀ ਹੈ। ਇਹ ਪਾਰਟੀਆਂ ਰਾਜਨੀਤਕ ਨਫਾ ਨੁਕਸਾਨ ਦੇਖ ਕੇ ਕੋਈ ਪੈਂਤੜਾ ਮੱਲਦੀਆਂ ਹਨ। ਇਸ ਕਰ ਕੇ ਇਹਨਾਂ ਪਾਰਟੀਆਂ ਤੋਂ ਇਨਸਾਫ ਦੀ ਆਸ ਕੀਤੀ ਹੀ ਨਹੀਂ ਜਾ ਸਕਦੀ।