ਜਲੰਧਰ: ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਲਈ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਪਾਰਟੀ ਨੂੰ ਮੁੜ ਰਵਾਇਤੀ, ਪੰਥਕ ਤੇ ਖੇਤਰੀ ਬਣਾਉਣ ‘ਤੇ ਜ਼ੋਰ ਦਿੱਤਾ। ਅਕਾਲੀ ਦਲ ਜਿਹੜੀਆਂ ਮੰਗਾਂ ਨੂੰ ਬਿਲਕੁਲ ਹੀ ਵਿਸਾਰ ਚੁੱਕਾ ਸੀ, ਉਸ ਨੂੰ ਵੀ ਇਸ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਦੌਰਾਨ ਵਾਅਦਾ ਕੀਤਾ ਗਿਆ ਕਿ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਾਸਤੇ ਲੈਣ ਲਈ ਸੰਘਰਸ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਸੀ, ਹੈ ਅਤੇ ਰਹੇਗਾ। ਇਸ ਨੂੰ ਸਿਰਫ ਪੰਜ ਸਾਲਾਂ ਵਾਸਤੇ ਯੂਟੀ ਬਣਾਇਆ ਗਿਆ ਸੀ। ਉਹ ਇਸ ਮਾਮਲੇ ਵਿਚ ਪੰਜਾਬ ਨਾਲ ਕੇਂਦਰ ਵੱਲੋਂ ਕੀਤੀ ਗੱਦਾਰੀ ਦੇ ਖਿਲਾਫ ਡਟ ਕੇ ਸੰਘਰਸ਼ ਕਰਨਗੇ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿਚ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਵਿਚ ਪਾਰਟੀ ਦੇ ਸੰਘਰਸ਼ ਦੇ ਅਮੀਰ ਵਿਰਸੇ ਅਤੇ ਯੋਧਿਆਂ ਤੇ ਜਰਨੈਲਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਦਾ ਜ਼ਿਕਰ ਕੀਤਾ ਗਿਆ।
ਜਾਣਕਾਰੀ ਅਨੁਸਾਰ ਚੋਣ ਮਨੋਰਥ ਪੱਤਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਲਈ ‘ਐਲਾਨਨਾਮੇ` ਦਾ ਨਾਂ ਦਿੱਤਾ ਹੈ। ਇਸ ਵਿਚ ਸੱਤਾ ਅਤੇ ਕੈਬਨਿਟ ਦੇ ਅਹੁਦਿਆਂ ਦੀ ਪੇਸ਼ਕਸ਼ ਠੁਕਰਾ ਕੇ ਦਿੱਤੀਆਂ ਕੁਰਬਾਨੀਆਂ ਅਤੇ ਆਪਣੇ ਪੰਥਕ ਸਿਧਾਂਤਾਂ `ਤੇ ਡਟੇ ਰਹਿਣ ਦਾ ਹਵਾਲਾ ਦਿੱਤਾ ਗਿਆ ਹੈ। ਇਸ ਦੌਰਾਨ ਅਕਾਲੀ ਦਲ ਨੇ ਲੋਕਾਂ ਨੂੰ ਪੰਜਾਬ ਨੂੰ ਮੁੜ ਕਾਲੇ ਦੌਰ ਵਿਚ ਧੱਕਣ ਤੇ ਹੁੱਲੜਬਾਜ਼ ਸਿਆਸਤ ਨਾਲ ਸਰਕਾਰੀ ਜਬਰ ਕਰਨ ਤੋਂ ਸੁਚੇਤ ਕੀਤਾ ਹੈ। ਅਕਾਲੀ ਦਲ ਨੇ ਪੰਥਕ ਤੇ ਪੰਜਾਬ ਪੱਖੀ ਮਜ਼ਬੂਤੀ ਦੀ ਲੋੜ `ਤੇ ਵੀ ਜ਼ੋਰ ਦਿੱਤਾ।
ਸੁਖਬੀਰ ਸਿੰਘ ਬਾਦਲ ਨੇ ਐਲਾਨਨਾਮਾ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿਚ ਪੁਲਿਸ ਜਬਰ ਦਾ ਦੌਰ ਪਰਤ ਰਿਹਾ ਹੈ। ਪੰਜਾਬ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੂੰ ਲਾਂਬੂ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਸ਼ਾਂਤੀ ਤੇ ਭਾਈਚਾਰਕ ਸਾਂਝ ਬਚਾਉਣ ਦੀ ਵੱਡੀ ਜ਼ਰੂਰਤ ਹੈ। ਲੋਕਾਂ ਦੇ ਫਤਵੇ ਨਾਲ ਇਹ ਪੰਜਾਬ ਦੀ ਸਹਿਮਤੀ ਤੋਂ ਬਗੈਰ ਦਰਿਆਈ ਪਾਣੀਆਂ ਬਾਰੇ ਕੀਤੇ ਸਾਰੇ ਸਮਝੌਤਿਆਂ ਤੇ ਫੈਸਲਿਆਂ ਨੂੰ ਰੱਦ ਕੀਤਾ ਜਾਵੇਗਾ। ਸੁਖਬੀਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਪਾਰਟੀ ਗੈਰ ਰੀਪੇਰੀਅਨ ਰਾਜਾਂ ਤੋਂ ਆਪਣੇ ਦਰਿਆਈ ਪਾਣੀਆਂ ਦੀ ਰਾਇਲਟੀ ਵੀ ਮੰਗੇਗੀ। ਚੋਣ ਮਨੋਰਥ ਪੱਤਰ ਵਿਚ ਕਿਹਾ ਗਿਆ ਕਿ ਅਕਾਲੀ ਦਲ ਹਰ ਵਰਗ ਲਈ ਡਟੇਗਾ ਤੇ ਹਰ ਹਾਲ ਵਿਚ ਇਕਸਾਰ ਸਾਂਝਾ ਸਿਵਲ ਕੋਡ ਲਾਉਣ ਦਾ ਵਿਰੋਧ ਕਰੇਗਾ। ਇਸ ਦੌਰਾਨ ਪੰਜਾਬ ਲਈ ਵਿਸ਼ੇਸ਼ ਐੱਸਸੀ ਰੁਤਬੇ ਦੀ ਮੰਗ ਕੀਤੀ ਗਈ। ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਵਾਸਤੇ ਇਕ ਵਾਰ ਪੂਰਨ ਕਰਜ਼ਾ ਮੁਆਫ਼ੀ ਦੀ ਵਕਾਲਤ ਕਰੇਗਾ। ਇਸ ਦੇ ਨਾਲ ਪਾਰਟੀ ਨੇ ਛੋਟੇ ਕਿਸਾਨਾਂ ਨੂੰ ਡੀਜ਼ਲ ‘ਤੇ 20 ਫੀਸਦੀ ਸਬਸਿਡੀ ਦੇਣ ਦਾ ਵਾਅਦਾ ਕੀਤਾ। ਐਲਾਨਨਾਮੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਾਰਟੀ ਲੋਕਾਂ ਦੇ ਫਤਵੇ ਦੀ ਵਰਤੋਂ ਕਰਦਿਆਂ ਕਰਤਾਰਪੁਰ ਸਾਹਿਬ ਨੂੰ ਪਾਕਿਸਤਾਨ ਤੋਂ ਭਾਰਤ ਵਾਲੇ ਪਾਸੇ ਪੂਰਬੀ ਪੰਜਾਬ ‘ਚ ਸ਼ਾਮਲ ਕਰਨ ਵਾਸਤੇ ਦੋਵਾਂ ਦੇਸ਼ਾਂ ਵਿਚ ਆਪਸੀ ਸਮਝੌਤੇ ਦੇ ਆਧਾਰ ‘ਤੇ ਕੰਮ ਕਰੇਗੀ ਜਿਵੇਂ ਕਿ ਪਹਿਲਾਂ ਹੁਸੈਨੀਵਾਲਾ ਬਾਰਡਰ ਅਤੇ ਬੰਗਲਾਦੇਸ਼ ਦੇ ਮਾਮਲੇ ਵਿੱਚ ਕੀਤਾ ਗਿਆ। ਪਾਰਟੀ ਨੇ ਵਾਅਦਾ ਕੀਤਾ ਕਿ ਉਹ ਭਾਰਤ ਸਰਕਾਰ ਰਾਹੀਂ ਕੰਮ ਕਰਦਿਆਂ ਇਹ ਯਕੀਨੀ ਬਣਾਵੇਗੀ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਪਾਸਪੋਰਟ ਦੀ ਸ਼ਰਤ ਖਤਮ ਕੀਤੀ ਜਾਵੇ ਤੇ ਇਸ ਦੀ ਥਾਂ ਇਕ ਸਾਧਾਰਣ ਪਰਮਿਟ ਸਿਸਟਮ ਲਾਗੂ ਕੀਤਾ ਜਾਵੇ।
ਅਕਾਲੀ ਦਲ ਕਿਸ ਤੋਂ ਪੰਜਾਬ ਨੂੰ ਬਚਾਉਣਾ ਚਾਹੁੰਦੈ: ਭਗਵੰਤ
ਕਾਦੀਆਂ: ਮੁੱਖ ਮੰਤਰੀ ਭਗਵੰਤ ਮਾਨ ਨੇ ਕਾਦੀਆਂ ਵਿਚ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿਚ ਚੋਣ ਰੈਲੀ ਕੀਤੀ। ਉਨ੍ਹਾਂ ਕਿਹਾ ਕਿ ਪਿਛਲੀਆਂ ਜਿੰਨੀਆਂ ਵੀ ਸਰਕਾਰਾਂ ਹੁਣ ਤੱਕ ਆਈਆਂ ਹਨ, ਉਨ੍ਹਾਂ ਨੇ ਲੋਕਾਂ ਦਾ ਕੋਈ ਭਲਾ ਨਹੀਂ ਕੀਤਾ। ਉਨ੍ਹਾਂ ਸੁਖਬੀਰ ਸਿੰਘ ਬਾਦਲ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਦੀ ਗੱਲ ਕਰ ਰਿਹਾ ਹੈ ਪਰ ਉਹ ਕਿਸ ਤੋਂ ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ ਹੈ, ਅੱਜ ਅਕਾਲੀ ਦਲ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ ਅਤੇ ਇਸ ਦੇ ਆਗੂ ਪਾਰਟੀ ਛੱਡ ਕੇ ਜਾ ਰਹੇ ਹਨ।