ਪਟਿਆਲਾ: ਸੰਸਦੀ ਚੋਣਾਂ ਦੌਰਾਨ ਕਿਸਾਨੀ ਮਸਲੇ ਮੁੱਖ ਮੁੱਦੇ ਵਜੋਂ ਉੱਭਰੇ ਹੋਏ ਹਨ। ਪੰਜਾਬ ਭਰ ਦੀਆਂ ਤਕਰੀਬਨ ਸਾਰੀਆਂ ਚੋਣ ਸਭਾਵਾਂ ‘ਚ ਕਿਸਾਨਾਂ ਦੀ ਗੱਲ ਹੋ ਰਹੀ ਹੈ। ਇੱਥੋਂ ਤੱਕ ਕਿ ਕਿਸਾਨਾਂ ਦੇ ਭਾਰੀ ਰੋਹ ਦਾ ਸਾਹਮਣਾ ਕਰਨ ਵਾਲੇ ਬਹੁਤੇ ਭਾਜਪਾ ਉਮੀਦਵਾਰ ਕਿਸਾਨਾਂ ਦੀਆਂ ਮੁਸ਼ਕਲਾਂ ਤੇ ਮੰਗਾਂ ਦੀ ਬਾਤ ਪਾਉਂਦੇ ਨਜ਼ਰ ਆਉਂਦੇ ਹਨ।
ਸ਼ੰਭੂ ਅਤੇ ਢਾਬੀ ਗੁੱਜਰਾਂ ਬਾਰਡਰ ਉਤੇ ਜਾਰੀ ਪੱਕੇ ਕਿਸਾਨ ਮੋਰਚਿਆਂ ਕਾਰਨ ਪਟਿਆਲਾ ਜ਼ਿਲ੍ਹਾ ਕਿਸਾਨੀ ਮਸਲਿਆਂ ਦਾ ਮੁੱਖ ਕੇਂਦਰ ਬਿੰਦੂ ਬਣਿਆ ਹੋਣ ਕਰਕੇ ਕੋਈ ਵੀ ਉਮੀਦਵਾਰ ਇਨ੍ਹਾਂ ਮੋਰਚਿਆਂ ਵੱਲ ਮੂੰਹ ਨਹੀਂ ਕਰ ਰਿਹਾ। ਹਾਲਾਂ ਕਿ ਸਾਰੇ ਹੀ ਉਮੀਦਵਾਰ ਇਨ੍ਹਾਂ ਮੋਰਚਿਆਂ ਦੇ ਆਸੇ-ਪਾਸੇ ਦੇ ਪਿੰਡਾਂ ‘ਚ ਚੋਣ ਮੀਟਿੰਗਾਂ ਵੀ ਕਰ ਚੁੱਕੇ ਹਨ।
ਸ਼ੰਭੂ ਮੋਰਚਾ ਘਨੌਰ ਹਲਕੇ ‘ਚ ਲੱਗਾ ਹੋਇਆ ਹੈ ਤੇ ਘਨੌਰ ਦੇ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ, ਇਸੇ ਖੇਤਰ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਤੇ ਅਕਾਲੀ ਆਗੂ ਸੁਰਜੀਤ ਸਿੰਘ ਗੜ੍ਹੀ ਸਮੇਤ ਦੋ ਹੋਰ ਮੈਂਬਰ ਜਸਮੇਰ ਲਾਛੜੂ ਤੇ ਜਰਨੈਲ ਕਰਤਾਰਪੁਰ ਤਾਂ ਸ਼ੰਭੂ ਮੋਰਚੇ ‘ਚ ਫੇਰੀਆਂ ਪਾ ਚੁੱਕੇ ਹਨ, ਪਰ ਉਨ੍ਹਾਂ ਨੂੰ ਕਿਸੇ ਵੀ ਕਿਸਾਨ ਨੇ ਕੁਝ ਨਹੀਂ ਕਿਹਾ। ਸ਼੍ਰੋਮਣੀ ਕਮੇਟੀ ਦਾ ਇੱਥੇ ਸ਼ੁਰੂ ਤੋਂ ਲੰਗਰ ਵੀ ਜਾਰੀ ਹੈ। ਮੰਨਿਆ ਕਿ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਦਾ ਤਾਂ ਕਿਸਾਨ ਰਾਹ ਵੀ ਰੋਕਣ ਤੱਕ ਜਾਂਦੇ ਹਨ ਪਰ ਕੋਈ ਹੋਰ ਉਮੀਦਵਾਰ ਵੀ ਹੁਣ ਤੱਕ ਇੱਥੇ ਨਹੀਂ ਬਹੁੜਿਆ। ਇੱਥੋਂ ਤੱਕ ਕਿ ਸਮਾਜ ਸੇਵਾ ਤੋਂ ਰਾਜਨੀਤੀ ‘ਚ ਆਏ ‘ਆਪ‘ ਉਮੀਦਵਾਰ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤਾਂ ਪਿਛਲੇ ਕਿਸਾਨ ਅੰਦੋਲਨ ਦੌਰਾਨ ਸਾਲ ਭਰ ਦਿੱਲੀ ਰਹਿ ਕੇ ਇਕ ਡਾਕਟਰ ਵਜੋਂ ਕੈਂਪਾਂ ਜ਼ਰੀਏ ਕਿਸਾਨਾਂ ਦੀ ਸੇਵਾ ਵੀ ਕਰਦੇ ਰਹੇ ਹਨ ਪਰ ਆਪਣੇ ਹਲਕੇ ਵਿਚਲੇ ਇਨ੍ਹਾਂ ਮੋਰਚਿਆਂ ‘ਚ ਉਨ੍ਹਾਂ ਦਸਤਕ ਹੀ ਨਹੀਂ ਦਿੱਤੀ।
ਕਾਂਗਰਸ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਤਾਂ ਸ਼ੰਭੂ ਪਿੰਡ ‘ਚ ਚੋਣ ਮੀਟਿੰਗ ਵੀ ਕੀਤੀ ਪਰ ਸ਼ੰਭੂ ਮੋਰਚੇ ਤੱਕ ਅੱਪੜਨ ਦੀ ਹਿੰਮਤ ਉਨ੍ਹਾਂ ਦੀ ਵੀ ਨਹੀਂ ਪਈ। ਅਕਾਲੀ ਉਮੀਦਵਾਰ ਐਨ.ਕੇ. ਸ਼ਰਮਾ ਵੀ ਕਿਸਾਨਾਂ ਨਾਲ ਵਧੇਰੇ ਸਾਂਝ ਰੱਖਣ ਦੇ ਬਾਵਜੂਦ ਹੁਣ ਤੱਕ ਕਿਸਾਨ ਮੋਰਚੇ ਤੱਕ ਨਹੀਂ ਅੱਪੜੇ। ‘ਪੰਜਾਬ ਬਚਾਓ ਯਾਤਰਾ‘ ਤਾਂ ਸ਼ੰਭੂ ਤੋਂ ਪਿਛਾਂਹ ਹੀ ਸਮੇਟ ਦਿੱਤੀ ਗਈ ਸੀ।
ਇਹ ਗੱਲ ਲੋਕਾਂ ‘ਚ ਚਰਚਾ ਦਾ ਵਿਸ਼ਾ ਹੈ ਕਿ ਭਾਸ਼ਣਾਂ ‘ਚ ਕਿਸਾਨਾਂ ਦੇ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੇ ਇਹ ਉਮੀਦਵਾਰ ਆਖਰ ਕਿਸਾਨਾਂ ਦਾ ਦੁੱਖ ਦਰਦ ਸੁਣਨ ਲਈ ਉਨ੍ਹਾਂ ਤੱਕ ਪਹੁੰਚ ਕਿਉਂ ਨਹੀਂ ਬਣਾ ਪਾ ਰਹੇ। ਸ਼ਾਇਦ ਉਨ੍ਹਾਂ ਨੂੰ ਉੱਥੇ ਜਾ ਕੇ ਘਿਰ ਜਾਣ ਦਾ ਖਦਸ਼ਾ ਹੋਵੇ।
ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਵਿਰੋਧ
ਅਜੀਤਵਾਲ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਭਾਜਪਾ ਦੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਹੰਸ ਰਾਜ ਹੰਸ ਦਾ ਪਿੰਡ ਕੋਕਰੀ ਕਲਾਂ ਤੇ ਮੱਦੋਕੇ ਪੁੱਜਣ ‘ਤੇ ਵਿਰੋਧ ਕੀਤਾ ਗਿਆ। ਇਸ ਮੌਕੇ ਹੰਸ ਨੂੰ ਕਿਸਾਨਾਂ ਤੇ ਮਜ਼ਦੂਰਾਂ ਨੇ ਸਵਾਲ ਕੀਤੇ। ਉਨ੍ਹਾਂ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ‘ਤੇ ਤਸ਼ੱਦਦ ਕਰਨ, ਲਖੀਮਪੁਰ ਖੀਰੀ ਵਿਚ ਕਿਸਾਨਾਂ ਨੂੰ ਨਿਆਂ ਨਾ ਦੇਣ, ਕੇਂਦਰ ਸਰਕਾਰ ਦੇ ਸਾਰੀਆਂ ਫ਼ਸਲਾਂ ‘ਤੇ ਐਮ.ਐਸ.ਪੀ. ਕਾਨੂੰਨ ਗਾਰੰਟੀ ਤੋਂ ਮੁੱਕਰਨ ਆਦਿ ਬਾਰੇ ਸਵਾਲ ਕੀਤੇ ਪਰ ਹੰਸ ਰਾਜ ਹੰਸ ਵਲੋਂ ਕੋਈ ਜਵਾਬ ਨਾ ਦੇਣ ‘ਤੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਗਿਆ।