ਸ਼ੁਰੂਆਤੀ ਫਿਲਮਾਂ ‘ਸ਼ੀਸ਼ਾ’ ਤੇ ‘ਜੂਲੀ’ ਵਿਚ ਨੇਹਾ ਧੂਪੀਆ ਨੂੰ ‘ਕਾਮੁਕ ਪਰੀ’ ਦਾ ਖਿਤਾਬ ਮਿਲਿਆ ਤਾਂ ਉਹ ਖੁਸ਼ ਸੀ ਪਰ ਉਸ ਨੇ ਫਿਲਮ ‘ਰਸ਼’ ਤੇ ‘ਆਈæ ਐਮæ 24’ ਵਿਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਅਭਿਨੈ ਵੀ ਜਾਣਦੀ ਹੈ। ਦਸ ਸਾਲ ਤੋਂ ਚਮਕੀਲੀ ਦੁਨੀਆ ਦਾ ਹਿੱਸਾ ਬਣੀ ਨੇਹਾ ਹਾਲੇ ਵੀ ਵੱਡੇ-ਵੱਡੇ ਸੁਪਨੇ ਤੱਕਦੀ ਹੈ। ਕੁਝ ਹੱਦ ਤੱਕ ਉਸ ਨੂੰ ਕਾਮਯਾਬੀ ਵੀ ਮਿਲਦੀ ਹੈ।
ਫ਼ਿਲਮੀ ਚੋਣ ਪ੍ਰਤੀ ਵੀ ਮਿਸ ਧੂਪੀਆ ਅੱਗੇ ਨਾਲੋਂ ਗੰਭੀਰ ਹੈ। ਇਸੇ ਕਰਕੇ ‘ਜੂਲੀ’ ਦੇ ਦੂਸਰੇ ਹਿੱਸੇ ਵਿਚ ਕੰਮ ਕਰਨ ਤੋਂ ਉਸ ਨੇ ਕੋਰਾ ਜਵਾਬ ਦਿੱਤਾ। ਨੇਹਾ ਕੋਲ ਵੱਡੇ ਬੈਨਰਜ਼ ਦੀ ਘਾਟ ਹੈ। ਨੇਹਾ ਇਸ ਮਾਮਲੇ ਵਿਚ ਕਾਫ਼ੀ ਪਛੜ ਚੁੱਕੀ ਹੈ। ਸ਼ਾਇਦ ਰੁੱਝੀ ਰਹਿਣ ਲਈ ਨੇਹਾ ਧੂਪੀਆ ਨੇ ਖੇਤਰੀ ਫ਼ਿਲਮਾਂ ਵੱਲ ਰੁਖ਼ ਕਰ ਲਿਆ ਹੈ ਤੇ ਜਿੰਮੀ ਸ਼ੇਰਗਿੱਲ ਦੀ ਪੰਜਾਬੀ ਫ਼ਿਲਮ ਦੀ ਨਾਇਕਾ ਬਣਨਾ ਇਸੇ ਗੱਲ ਦਾ ਸੰਕੇਤ ਹੈ। ਸਰਦਾਰਾਂ ਦੀ ਧੀ ਨੇਹਾ ਧੂਪੀਆ ਲੰਮੇ ਸਮੇਂ ਤੋਂ ਬਾਲੀਵੁੱਡ ਵਿਚ ਹੈ। ਸ਼ਮੀਮ ਡੇਸਾਈ ਦੀ ਫ਼ਿਲਮ ‘ਰਸ਼’ ਦੀ ਚਰਚਾ ਨੇ ਨੇਹਾ ਨੂੰ ਮੁੜ ਬਾਲੀਵੁੱਡ ਵਿਚ ਚਰਚਿਤ ਕਰਨ ਦੇ ਨਾਲ-ਨਾਲ ਨਿਰਮਾਤਾਵਾਂ ਲਈ ਇਕ ਹੋਰ ਬਦਲ ਵਜੋਂ ਪੇਸ਼ ਕੀਤਾ ਹੈ। ਨੇਹਾ ਆਪਣੀ ਮੰਮੀ ਮਨਪਿੰਦਰ ਕੌਰ ਨੂੰ ਸਭ ਤੋਂ ਜ਼ਿਆਦਾ ਚਾਹੁੰਦੀ ਹੈ ।ਉਂਜ ਖੁਸ਼ੀ ਦੀ ਗੱਲ ਹੈ ਕਿ ਆਪਣੀ ਮਾਂ-ਬੋਲੀ ਦੀ ਫ਼ਿਲਮ ਵੀ ਉਹ ਜਿੰਮੀ ਸ਼ੇਰਗਿੱਲ ਨਾਲ ਕਰ ਰਹੀ ਹੈ। ਫੈਮਿਨਾ ਮਿਸ ਇੰਡੀਆ ਰਹਿ ਚੁੱਕੀ ਨੇਹਾ ਦੀ ਦਲੀਲ ਵਿਚ ਦਮ ਹੈ ਕਿ ਇਕ ਵੀ ਖੇਤਰੀ ਫ਼ਿਲਮ ਹਿੱਟ ਹੋ ਜਾਏ ਤਾਂ ਖੇਤਰੀ ਫ਼ਿਲਮਾਂ ਦਾ ‘ਰਸ਼’ ਪੈ ਹੀ ਜਾਂਦਾ ਹੈ। ਨੇਹਾ ਜਲਦੀ ਪਾਲੀਵੁੱਡ ਵਿਚ ਆਪਣਾ ਖਾਤਾ ਖੋਲ੍ਹੇ ਤਾਂ ਉਸ ਕੋਲ ਪੰਜਾਬੀ ਫ਼ਿਲਮਾਂ ਦਾ ‘ਰਸ਼’ ਐਨਾ ਪੈ ਜਾਏਗਾ ਕਿ ਉਹ ਬਾਲੀਵੁੱਡ ਨੂੰ ਹੀ ਭੁੱਲ ਜਾਏਗੀ ਕਿਉਂਕਿ ‘ਪਾਲੀਵੁੱਡ’ ਵਿਚ ਮਿਲਣ ਵਾਲਾ ਸਤਿਕਾਰ ਨੇਹਾ ਨੂੰ ਪੂਰਨ ਸੰਤੁਸ਼ਟ ਕਰ ਦੇਵੇਗਾ।
________________
ਅਜੇ 10 ਸਾਲ ਵਿਆਹ ਨਹੀਂ: ਪਰਿਣੀਤੀ
ਫਿਲਮ ‘ਇਸ਼ਕਜ਼ਾਦੇ’ ਵਿਚ ਬਤੌਰ ਲੀਡ ਅਦਾਕਾਰਾ, ਸਫਲ ਸ਼ੁਰੂਆਤ ਕਰਨ ਵਾਲੀ ਪਰਿਣੀਤੀ ਚੋਪੜਾ ਦਾ ਕਹਿਣਾ ਹੈ ਕਿ ਉਸ ਨੂੰ ਵਿਆਹ ਦੀ ਬਿਲਕੁੱਲ ਵੀ ਕਾਹਲ ਨਹੀਂ ਹੈ। ਉਸ ਮੁਤਾਬਕ ਅਜੇ 10 ਸਾਲਾਂ ਤੱਕ ਉਸ ਨੇ ਵਿਆਹ ਨਹੀਂ ਕਰਨਾ। ਅਜੇ ਤਾਂ ਉਸ ਦੇ ਕਰੀਅਰ ਦਾ ਆਰੰਭ ਹੀ ਹੋਇਆ ਹੈ ਅਤੇ ਉਸ ਨੇ ਫਿਲਮੀ ਦੁਨੀਆ ਵਿਚ ਲੰਮੀ ਪਾਰੀ ਖੇਡਣੀ ਹੈ, ਰੱਜ ਕੇ ਕੰਮ ਕਰਨਾ ਹੈ। ਅਦਾਕਾਰੀ ਦੇ ਨਾਲ-ਨਾਲ ਮਾਡਲਿੰਗ ਵਿਚ ਵੀ ਹੱਥ ਅਜ਼ਮਾ ਚੁੱਕੀ ਪਰਿਣੀਤੀ ਕਹਿੰਦੀ ਹੈ ਕਿ ਉਸ ਲਈ ਮਾਡਲਿੰਗ ਦੇ ਮੁਕਾਬਲੇ ਅਦਾਕਾਰੀ ਕਿਤੇ ਜ਼ਿਆਦਾ ਦਿਲਚਸਪ ਹੈ। ਮਾਡਲਿੰਗ ਤਾਂ ਸਿਰਫ ਸੁੰਦਰ ਨਜ਼ਰ ਆਉਣ ਦਾ ਮੌਕਾ ਦਿੰਦੀ ਹੈ।
ਹੁਣੇ ਜਿਹੇ ਉਸ ਨੇ ਇਕ ਮਿਊਜ਼ਿਕ ਈਵੈਂਟ ਹੋਸਟ ਕਰਨ ਦਾ ਅਨੁਭਵ ਵੀ ਹਾਸਲ ਕੀਤਾ। ਇਸ ਤਰ੍ਹਾਂ ਦਾ ਇਹ ਉਸ ਦਾ ਪਹਿਲਾ ਤਜਰਬਾ ਹੈ ਤੇ ਇਸੇ ਲਈ ਉਹ ਇਸ ਨੂੰ ਲੈ ਕੇ ਕਾਫੀ ਉਤਸ਼ਾਹਤ ਤੇ ਨਰਵਸ ਵੀ ਨਜ਼ਰ ਆਈ। ਪਰਿਣੀਤੀ ਨੇ ਆਪਣੀ ਪਹਿਲੀ ਹੀ ਫਿਲਮ ‘ਇਸ਼ਕਜ਼ਾਦੇ’ ਨਾਲ ਸਭ ਦਾ ਧਿਆਨ ਖਿੱਚ ਲਿਆ ਸੀ। ਉਸ ਦੀ ਅਦਾਕਾਰੀ ਦੀ ਖੂਬ ਪ੍ਰਸੰਸਾ ਹੋਈ ਸੀ। ਫਿਲਮ ਆਲੋਚਕਾਂ ਨੇ ਵੀ ਇਹ ਗੱਲ ਨੋਟ ਕੀਤੀ ਸੀ ਕਿ ਉਸ ਦੀ ਅਦਾਕਾਰੀ ਵਿਚ ਕੋਈ ਉਚੇਚ ਨਹੀਂ ਹੁੰਦਾ। ਉਹ ਕੁਦਰਤੀ ਜਿਹੇ ਢੰਗ ਨਾਲ ਅਤੇ ਬਹੁਤ ਸਹਿਜ ਹੋ ਕੇ ਅਦਾ ਦੇ ਜਲਵੇ ਦਿਖਾ ਜਾਂਦੀ ਹੈ। ਪਰਿਣੀਤੀ ਦੀ ਕਜ਼ਨ ਪ੍ਰਿਯੰਕਾ ਚੋਪੜਾ ਵੀ ਉਸ ਦੀ ਬਹੁਤ ਪ੍ਰਸੰਸਕ ਹੈ। ਉਸ ਨੂੰ ਖੁਸ਼ੀ ਹੈ ਕਿ ਪਰਿਣੀਤੀ ਆਪਣੇ ਰਾਹ ਆਪ ਬਣਾ ਰਹੀ ਹੈ ਅਤੇ ਫਿਲਮ ਜਗਤ ਵਿਚ ਆਪਣੀਆਂ ਪੈੜਾਂ ਪਾ ਰਹੀ ਹੈ। ਉਸ ਮੁਤਾਬਕ ਪਰਿਣੀਤੀ ਪ੍ਰਤਿਭਾਸ਼ਾਲੀ ਕੁੜੀ ਹੈ। ਆਪਣੀ ਇਸ ਪ੍ਰਤਿਭਾ ਦੇ ਸਿਰ ‘ਤੇ ਹੀ ਉਸ ਨੇ ਆਪਣੀ ਥਾਂ ਬਣਾਈ ਹੈ।
__________________________________
ਦੀਪਿਕਾ ਦੀ ਅੱਵਲ ਨੰਬਰ ਦੌੜ
‘ਕਾਕਟੇਲ’ ਦੀ ਕਾਮਯਾਬੀ ਨੇ ਦੀਪਿਕਾ ਪਾਦੂਕੋਨ ਦੀ ਟੌਹਰ ਵਧਾ ਦਿੱਤੀ ਹੈ। ਪ੍ਰਿਯੰਕਾ ਚੋਪੜਾ ਨੂੰ ਨੁੱਕਰੇ ਲਾ ਕੇ ਦੀਪਿਕਾ ਤੇਜ਼ੀ ਨਾਲ ਨੰਬਰ ਇਕ ਦੇ ਅੰਕੜੇ ਨੂੰ ਛੂਹਣ ਵੱਲ ਵਧ ਰਹੀ ਹੈ। ਹਰ ਕੋਈ ਉਸ ਦੇ ਸੁਹੱਪਣ, ਪਹਿਰਾਵੇ ਤੇ ਅਭਿਨੈ ਦੀ ਮਹਿਮਾ ਗਾ ਰਿਹਾ ਹੈ। ਹਿੰਦੀ ਹੀ ਨਹੀਂ, ਤਾਮਿਲ ਤੇ ਤੇਲਗੂ ਫ਼ਿਲਮਾਂ ਦੀ ਵੀ ਉਸ ਕੋਲ ਭਰਮਾਰ ਹੈ। ਇਕ ਪਾਸੇ ਰਣਬੀਰ ਕਪੂਰ ਨਾਲ ‘ਯੇਹ ਜਵਾਨੀ ਹੈ ਦੀਵਾਨੀ’ ਜੇ ਉਹ ਕਰਦੀ ਹੈ ਤਾਂ ਦੂਜੇ ਪਾਸੇ ਰਜਨੀ ਕਾਂਤ ਨਾਲ ਦੱਖਣ ਵਿਚ ਵੀ ਧਮਾਕੇ ਕਰਦੀ ਹੈ। ਨਿੱਜੀ ਜ਼ਿੰਦਗੀ ਵਿਚ ਮੀਡੀਆ ਦੀ ਦਖਲਅੰਦਾਜ਼ੀ ਨੂੰ ਫਿਕਰ ਦਾ ਵਿਸ਼ਾ ਦੱਸਣ ਵਾਲੀ ਦੀਪਿਕਾ ਮੰਨਦੀ ਹੈ ਕਿ ਰਣਬੀਰ ਪ੍ਰਤੀ ਉਸ ਦੇ ਦਿਲ ਵਿਚ ਕੁਝ-ਕੁਝ ਹੁੰਦਾ ਹੈ। 2008 ਵਿਚ ਫਿਲਮ ‘ਬਚਨਾ ਐ ਹਸੀਨੋ’ ਦੀ ਸ਼ੂਟਿੰਗ ਦੌਰਾਨ ਉਸ ਦਾ ਰਣਬੀਰ ਕਪੂਰ ਨਾਲ ਪਿਆਰ ਪਿਆ ਸੀ ਪਰ ਅਗਲੇ ਹੀ ਸਾਲ ਇਹ ਪਿਆਰ ਵਿਚਾਲੇ ਟੁੱਟ ਗਿਆ। 2010 ਵਿਚ ਉਸ ਦਾ ਨਾਂ ਪ੍ਰਸਿੱਧ ਕਾਰੋਬਾਰੀ ਵਿਜੈ ਮਾਲਿਆ ਦੇ ਮੁੰਡੇ ਸਿਧਾਰਥ ਨਾਲ ਜੁੜ ਗਿਆ ਪਰ ਇਹ ਪਿਆਰ ਵੀ ਬਹੁਤੀ ਦੇਰ ਨਹੀਂ ਚੱਲਿਆ। ਅੱਜਕੱਲ੍ਹ ਉਸ ਦੇ ਰਣਬੀਰ ਨਾਲ ਪਿਆਰ ਦੇ ਫਿਰ ਚਰਚੇ ਹਨ। ਅਗਲੇ ਸਾਲ ਉਸ ਦੀਆਂ ਚਾਰ ਫਿਲਮਾਂ ਆ ਰਹੀਆਂ ਹਨ। ਇਨ੍ਹਾਂ ਵਿਚ ‘ਯੇਹ ਜਵਾਨੀ ਹੈ ਦੀਵਾਨੀ’ ਤੋਂ ਇਲਾਵਾ ‘ਰੇਸ 2’, ‘ਚੇਨਈ ਐਕਸਪ੍ਰੈੱਸ’ ਅਤੇ ‘ਰਾਮ ਲੀਲ੍ਹਾ’ ਸ਼ਾਮਲ ਹਨ।
Leave a Reply