ਲੋਕ ਸਭਾ ਚੋਣਾਂ: ਸਿਆਸੀ ਧਿਰਾਂ ਲਈ ਚੁਣੌਤੀ ਬਣਿਆ ਮਾਝਾ ਖੇਤਰ

ਅੰਮ੍ਰਿਤਸਰ: ਲੋਕ ਸਭਾ ਚੋਣਾਂ ਵਿਚ ਗਰਮੀ ਦੇ ਪਾਰੇ ਨਾਲ ਸਿਆਸੀ ਪਾਰਾ ਵੀ ਚੜ੍ਹ ਗਿਆ ਹੈ। ਲੋਕ ਸਭਾ ਚੋਣਾਂ ਲਈ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਮਾਝੇ ਦੇ ਲੋਕਾਂ ਨੇ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਨਾਖੁਸ਼ੀ ਪ੍ਰਗਟਾਈ ਹੈ, ਪਰ ਵੋਟ ਕਿਸ ਪਾਰਟੀ ਨੂੰ ਪਾਉਣੀ ਹੈ, ਫਿਲਹਾਲ ਇਸ ਮਾਮਲੇ ਨੂੰ ਲੈ ਕੇ ਵੋਟਰ ਚੁੱਪ ਹਨ।

ਮਾਝੇ ਵਿਚ ਅੰਮ੍ਰਿਤਸਰ, ਖਡੂਰ ਸਾਹਿਬ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਵਿਚ ਇਸ ਵਾਰ ਬਹੁਕੋਨੀ ਮੁਕਾਬਲੇ ਹੋ ਰਹੇ ਹਨ। ਇਹ ਪਹਿਲੀ ਵਾਰ ਹੈ ਕਿ ਵੱਖ-ਵੱਖ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਚਾਰ ਤੋਂ ਵੱਧ ਉਮੀਦਵਾਰ ਮੈਦਾਨ ਵਿਚ ਹਨ। ਮਾਝੇ ਵਿਚ ਅੰਮ੍ਰਿਤਸਰ ਅਤੇ ਗੁਰਦਾਸਪੁਰ ਸੰਸਦੀ ਹਲਕੇ ਕਾਂਗਰਸ ਦਾ ਗੜ੍ਹ ਰਹੇ ਹਨ। ਜਦੋਂ ਕਿ ਖਡੂਰ ਸਾਹਿਬ ਹਲਕਾ ਪੰਥਕ ਰਿਹਾ ਹੈ। ਇਸ ਹਲਕੇ ਨੂੰ ਪਹਿਲਾਂ ਤਰਨ ਤਾਰਨ ਲੋਕ ਸਭਾ ਹਲਕੇ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪਰ 2009 ਵਿਚ ਇਸ ਨੂੰ ਖਡੂਰ ਸਾਹਿਬ ਹਲਕੇ ਦਾ ਨਾਂ ਦਿੱਤਾ ਗਿਆ।
ਇਸ ਤੋਂ ਪਹਿਲਾਂ ਮਾਝੇ ਵਿਚ ਵਧੇਰੇ ਤੌਰ ‘ਤੇ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ਵਿਚਾਲੇ ਹੀ ਮੁੱਖ ਮੁਕਾਬਲਾ ਹੁੰਦਾ ਰਿਹਾ ਪਰ ਹੁਣ ਆਮ ਆਦਮੀ ਪਾਰਟੀ ਵੀ ਮੁੱਖ ਪਾਰਟੀ ਬਣ ਗਈ ਹੈ। ਇਸ ਵੇਲੇ ਮਾਝੇ ਦੇ ਤਿੰਨ ਹਲਕਿਆਂ ਵਿਚ ਵੋਟਰ ਇਸ ਮੁੱਦੇ ਨੂੰ ਲੈ ਕੇ ਚੁੱਪ ਹਨ ਕਿ ਉਹ ਵੋਟ ਕਿਸ ਸਿਆਸੀ ਧਿਰ ਦੇ ਉਮੀਦਵਾਰ ਨੂੰ ਪਾਉਣਗੇ ਪਰ ਇਕ ਗੱਲ ਸਪਸ਼ਟ ਹੈ ਕਿ ਉਹ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹਨ। ਲੋਕ ਇਹ ਗੱਲ ਖੁੱਲ੍ਹ ਕੇ ਆਖ ਰਹੇ ਹਨ ਕਿ ਮੌਜੂਦਾ ਅਤੇ ਪਿਛਲੀ ਸਰਕਾਰ ਨੇ ਲੋਕ ਹਿੱਤਾਂ ਅਤੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਾਸਤੇ ਕੁਝ ਵਿਸ਼ੇਸ਼ ਨਹੀਂ ਕੀਤਾ। ਮਜੀਠਾ ਹਲਕੇ ਦੇ ਸ਼ਹਿਰ ਵਿਚ ਜਸਬੀਰ ਸਿੰਘ ਦਾ ਕਹਿਣਾ ਹੈ ਕੇ ਸ਼ਹਿਰ ਵਿਚ ਸਾਫ ਸਫਾਈ ਦਾ ਮੁੱਦਾ ਅੱਜ ਵੀ ਵੱਡਾ ਹੈ। ਸ਼ਹਿਰ ਦੀਆਂ 13 ਵਾਰਡਾਂ ਦਾ ਕੂੜਾ ਕਰਕਟ ਸੁੱਟਣ ਵਾਸਤੇ ਕੋਈ ਡੰਪ ਨਹੀਂ ਹੈ।
ਅਟਾਰੀ ਹਲਕੇ ਵਿਚ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਅਟਾਰੀ-ਵਾਹਗਾ ਸਰਹੱਦ ਨੂੰ ਦੁਵੱਲੇ ਵਪਾਰ ਵਾਸਤੇ ਬੰਦ ਕੀਤੇ ਜਾਣ ਕਾਰਨ ਲੋਕ ਬੇਰੁਜ਼ਗਾਰ ਹੋ ਗਏ ਹਨ ਪਰ ਸਰਕਾਰਾਂ ਦਾ ਇਸ ਪਾਸੇ ਧਿਆਨ ਹੀ ਨਹੀਂ ਹੈ। ਕੰਡਿਆਲੀ ਤਾਰ ਤੋਂ ਪਾਰਲੀ ਜ਼ਮੀਨ ਵਾਲੇ ਕਿਸਾਨ ਅੱਜ ਵੀ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ। ਭਾਵੇਂ ਲੋਕ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹਨ ਪਰ ਇਸ ਦੇ ਬਾਵਜੂਦ ਬਿਜਲੀ ਦੇ 300 ਯੂਨਿਟ ਮੁਫਤ ਕਰਨ ਅਤੇ ਮੁਹੱਲਾ ਕਲੀਨਿਕਾਂ ਦਾ ਲਾਭ ਹਾਕਮ ਧਿਰ ਨੂੰ ਮਿਲੇਗਾ। ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਵਧੇਰੇ ਪੰਥਕ ਖੇਤਰ ਵਿਚ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੀ ਚਰਚਾ ਹੈ ਪਰ ਇਸ ਹਲਕੇ ਵਿਚ ਹਿੰਦੂ ਵੋਟ ਅਤੇ ਸ਼ਹਿਰੀ ਵੋਟ ਇਸ ਵਿਚਾਰਧਾਰਾ ਤੋਂ ਵੱਖ ਹੈ।
ਇਧਰ, ਜੇਕਰ ਗੱਲ ਫਿਰੋਜ਼ਪੁਰ ਲੋਕ ਸਭਾ ਹਲਕਾ ਦੀ ਕਰੀਏ ਤਾਂ ਇੱਥੋਂ ਦਾ ਚੁਣਾਵੀ ਮੌਸਮ ਕੁਝ ਹੋਰ ਹੀ ਰੰਗ ਦਿਖਾ ਰਿਹਾ ਹੈ। ਇਕ ਪਾਸੇ ਇਸ ਖਿੱਤੇ ਵਿਚ ਕਿਸਾਨ ਜਥੇਬੰਦੀਆਂ ਦਾ ਪੂਰਾ ਦਬਦਬਾ ਹੈ, ਜਿਸ ਨੇ ਭਾਜਪਾ ਦੀ ਪੂਰੀ ਜ਼ੋਰ ਅਜ਼ਮਾਇਸ਼ ਕਾਰਵਾਈ ਹੋਈ ਹੈ, ਦੂਜੇ ਪਾਸੇ ਮਾਲਬਰੋਜ਼ ਸ਼ਰਾਬ ਫੈਕਟਰੀ ਵਿਚ ਲੱਗੇ ਪੱਕੇ ਮੋਰਚੇ ਨੇ ਮੌਜੂਦਾ ‘ਆਪ` ਸਰਕਾਰ ਨੂੰ ਵੀ ਵਖ਼ਤ ਪਾਇਆ ਹੋਇਆ ਹੈ।
ਬੇਸ਼ੱਕ ਇਹ ਖਡੂਰ ਸਾਹਿਬ ਹਲਕੇ ਨਾਲ ਸਬੰਧਤ ਹੈ ਪਰ ਇਸ ਮੋਰਚੇ ਦਾ ਸੇਕ ਫ਼ਿਰੋਜ਼ਪੁਰ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਨੂੰ ਝੱਲਣਾ ਪੈ ਰਿਹਾ ਹੈ। ਲੋਕ ਸਭਾ ਹਲਕਾ ਫਿਰੋਜ਼ਪੁਰ ‘ਚ ਕੁੱਲ ਅੱਠ ਵਿਧਾਨ ਸਭਾ ਹਲਕੇ, ਫਿਰੋਜ਼ਪੁਰ ਸ਼ਹਿਰੀ, ਫਿਰੋਜ਼ਪੁਰ ਦਿਹਾਤੀ, ਗੁਰੂਹਰਸਹਾਏ, ਫਾਜ਼ਿਲਕਾ, ਅਬੋਹਰ, ਬੱਲੂਆਣਾ, ਮਲੋਟ ਤੇ ਮੁਕਤਸਰ ਸਾਹਿਬ ਸ਼ਾਮਲ ਹਨ। ਅੱਠਾਂ ‘ਚੋਂ ਸੱਤ ਵਿਧਾਨ ਸਭਾ ਸੀਟਾਂ ਮੌਜੂਦਾ ‘ਆਪ‘ ਸਰਕਾਰ ਦੇ ਖੇਮੇ ‘ਚ ਹਨ ਜਦੋਂ ਕਿ ਸਿਰਫ਼ ਇਕੋ ਅਬੋਹਰ ਵਿਧਾਨ ਸਭਾ ਤੋਂ ਸੰਦੀਪ ਜਾਖੜ ਕਾਂਗਰਸ ਪਾਰਟੀ ਤੋਂ ਜੇਤੂ ਹਨ।
ਜਾਣਕਾਰੀ ਅਨੁਸਾਰ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਤੋਂ ਜਗਦੀਪ ਸਿੰਘ ਕਾਕਾ ਬਰਾੜ, ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ, ਸ਼੍ਰੋਮਣੀ ਅਕਾਲੀ ਦਲ ਦੇ ਨਰਦੇਵ ਸਿੰਘ ਬੌਬੀ ਮਾਨ, ਭਾਜਪਾ ਵੱਲੋਂ ਰਾਣਾ ਗੁਰਮੀਤ ਸਿੰਘ, ਅਕਾਲੀ ਦਲ (ਅੰਮ੍ਰਿਤਸਰ) ਦੇ ਭੁਪਿੰਦਰ ਸਿੰਘ ਭੁੱਲਰ ਚੋਣ ਮੈਦਾਨ ਵਿਚ ਨਿੱਤਰੇ ਹੋਏ ਹਨ। ਇੱਥੇ ਸ਼੍ਰੋਮਣੀ ਅਕਾਲੀ ਦਲ ਲਈ ਕਰੋ ਜਾਂ ਮਾਰੋ ਵਾਲੀ ਸਥਿਤੀ ਪੈਦਾ ਹੋ ਗਈ ਹੈ ਅਤੇ ਆਮ ਆਦਮੀ ਪਾਰਟੀ ਵੀ ਜਿੱਤਣ ਲਈ ਹਰ ਹੀਲਾ ਵਰਤ ਰਹੀ ਹੈ। ਭਾਜਪਾ ਨਾਲੋਂ ਤੋੜ ਵਿਛੋੜਾ ਹੋਣ ਮਗਰੋਂ ਸ਼ਹਿਰੀ ਵੋਟ ਹਾਸਲ ਕਰਨਾ ਅਕਾਲੀ ਦਲ ਲਈ ਔਖਾ ਕੰਮ ਹੈ। ਇਸੇ ਤਰ੍ਹਾਂ ਭਾਜਪਾ ਲਈ ਪੇਂਡੂ ਅਤੇ ਪੰਥਕ ਵੋਟ ਲੈਣਾ ਚੁਣੌਤੀ ਬਣਿਆ ਹੋਇਆ ਹੈ। ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਪਾਰਟੀ ਨੂੰ ਪੁਰਾਣੀ ਲੀਡਰਸ਼ਿਪ ਦੀ ਘਾਟ ਰੜਕੇਗੀ, ਕਿਉਂਕਿ ਦੋ ਵੱਡੇ ਸਿਆਸੀ ਚਿਹਰੇ ਰਾਣਾ ਗੁਰਮੀਤ ਸਿੰਘ ਅਤੇ ਸੁਨੀਲ ਜਾਖੜ ਭਾਜਪਾ ਦੀ ਕਮਾਨ ਸੰਭਾਲੀ ਬੈਠੇ ਹਨ।
ਬਾਹਰੀ ਉਮੀਦਵਾਰਾਂ ਦਾ ਮੁੱਦਾ ਭਖਿਆ
ਬੰਗਾ: ਇਸ ਵਾਰ ਚੋਣ ਪ੍ਰਚਾਰ ਦੌਰਾਨ ਆਨੰਦਪੁਰ ਸਾਹਿਬ ਹਲਕੇ ਅੰਦਰ ਬਾਹਰੀ ਉਮੀਦਵਾਰਾਂ ਦੀ ਚਰਚਾ ਹੋ ਰਹੀ ਹੈ। ਬਸਪਾ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਅਤੇ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਵੱਲੋਂ ਖੁਦ ਨੂੰ ਹਲਕੇ ਦਾ ਉਮੀਦਵਾਰ ਦੱਸਿਆ ਜਾ ਰਿਹਾ ਹੈ ਤੇ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਬਾਹਰਲੇ ਦੱਸਦਿਆਂ ਆਲੋਚਨਾ ਕੀਤੀ ਜਾ ਰਹੀ ਹੈ। ਸ੍ਰੀ ਗੜ੍ਹੀ ਨੇ ਕਿਹਾ ਕਿ ਕਾਂਗਰਸ ਵਲੋਂ ਵਿਜੈਇੰਦਰ ਸਿੰਗਲਾ ਹਲਕਾ ਸੰਗਰੂਰ ਤੋਂ ਲਿਆਂਦੇ ਗਏ ਹਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਹਲਕਾ ਪਟਿਆਲਾ ਤੋਂ ਲਿਆ ਕੇ ਉਮੀਦਵਾਰ ਬਣਾਇਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰੇਮ ਸਿੰਘ ਚੰਦੂਮਾਜਰਾ ਨੇ 2014 ‘ਚ ਇੱਥੋਂ ਚੋਣ ਜਿੱਤ ਕੇ ਆਪਣੇ ਅਖਤਿਆਰੀ ਫੰਡ ‘ਚੋਂ ਬਹੁਤੀਆਂ ਗਰਾਂਟਾਂ ਦੀ ਵੰਡ ਆਪਣੇ ਜੱਦੀ ਹਲਕਾ ਘਨੌਰ ‘ਚ ਕੀਤੀ ਸੀ। ਉਨ੍ਹਾਂ ‘ਆਪ‘ ਦੇ ਮਲਵਿੰਦਰ ਸਿੰਘ ਕੰਗ ਨੂੰ ਵੀ ਮਹਾਰਾਸ਼ਟਰ ਸੂਬੇ ਦੇ ਪਿਛੋਕੜ ਵਾਲਾ ਦੱਸਿਆ।