ਹੈਲੀਕਾਪਟਰ ਹਾਦਸਾ: ਇਰਾਨ ਦੇ ਰਾਸ਼ਟਰਪਤੀ ਦੀ ਮੌਤ

ਦੁਬਈ: ਉੱਤਰੀ-ਪੱਛਮੀ ਇਰਾਨ ਦੇ ਪਹਾੜੀ ਖੇਤਰ ਵਿਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਏ ਰਾਸ਼ਟਰਪਤੀ ਇਬਰਾਹਿਮ ਰਈਸੀ, ਵਿਦੇਸ਼ ਮੰਤਰੀ ਅਤੇ ਹੋਰ ਵਿਅਕਤੀਆਂ ਦੀਆਂ ਹਾਦਸੇ ਵਾਲੀ ਥਾਂ ਉਤੇ ਲਾਸ਼ਾਂ ਮਿਲੀਆਂ ਹਨ। ਰਈਸੀ 63 ਸਾਲ ਦੇ ਸਨ। ਘਟਨਾ ਅਜਿਹੇ ਸਮੇਂ ‘ਚ ਹੋਈ ਹੈ, ਜਦੋਂ ਇਰਾਨ ਨੇ ਆਪਣੇ ਸੁਪਰੀਮ ਨੇਤਾ ਆਯਤੁੱਲਾ ਅਲੀ ਖਮੇਨੀ ਦੀ ਅਗਵਾਈ ਵਿਚ ਪਿਛਲੇ ਮਹੀਨੇ ਇਜ਼ਰਾਈਲ ਉਤੇ ਵੱਡਾ ਡਰੋਨ ਅਤੇ ਮਿਜ਼ਾਈਲ ਹਮਲਾ ਕੀਤਾ ਸੀ। ਇਸ ਤੋਂ ਇਲਾਵਾ ਇਰਾਨ ਦਾ ਯੂਰੇਨੀਅਮ ਸੋਧ ਵੀ ਹਥਿਆਰ ਬਣਾਉਣ ਲਈ ਲੋੜੀਂਦੇ ਪੱਧਰ ਦੇ ਨੇੜੇ ਪਹੁੰਚ ਗਈ ਹੈ।

ਰਈਸੀ ਇਰਾਨ ਦੇ ਪੂਰਬੀ ਅਜ਼ਰਬਾਈਜਾਨ ਸੂਬੇ ਦੀ ਯਾਤਰਾ ਕਰ ਰਹੇ ਸਨ। ਸਰਕਾਰੀ ਟੀਵੀ ਨੇ ਹਾਲੇ ਤੱਕ ਪੂਰਬੀ ਅਜ਼ਰਬਾਈਜਾਨ ਸੂਬੇ ਵਿਚ ਹੋਏ ਹਾਦਸੇ ਦਾ ਕੋਈ ਕਾਰਨ ਨਹੀਂ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ ਰਈਸੀ ਨਾਲ ਜਿਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਹਨ, ਉਨ੍ਹਾਂ ‘ਚ ਇਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰਬਦੁੱਲਾਹੀਨ (60) ਵੀ ਸ਼ਾਮਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਭਾਰਤ-ਇਰਾਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ‘ਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।