ਗਰਮੀ ਕਾਰਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਆਮਦ ਘਟੀ

ਅੰਮ੍ਰਿਤਸਰ: ਪੰਜਾਬ ਤੇ ਹਰਿਆਣਾ ਵਿਚ ਜੇਠ ਮਹੀਨੇ ਦੀ ਗਰਮੀ ਨੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਇਕ ਹਫ਼ਤੇ ਤੋਂ ਚੱਲ ਰਹੀ ਲੂ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਗਰਮੀ ਕਰਕੇ ਲੋਕ ਘਰਾਂ ਵਿਚ ਤੜੇ ਰਹਿਣ ਲਈ ਮਜਬੂਰ ਹਨ। ਅੰਮ੍ਰਿਤਸਰ ਵਿਚ 40 ਡਿਗਰੀ ਸੈਲਸੀਅਸ ਤੋਂ ਵੱਧ ਚੱਲ ਰਹੇ ਤਾਪਮਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਆਮਦ ਨੂੰ ਵੀ ਪ੍ਰਭਾਵਿਤ ਕੀਤਾ ਹੈ।

ਆਮ ਦਿਨਾਂ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਰੋਜ਼ਾਨਾ ਲਗਭਗ ਇਕ ਲੱਖ ਸੈਲਾਨੀ ਮੱਥਾ ਟੇਕਣ ਆਉਂਦੇ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਇਹ ਗਿਣਤੀ ਕਾਫੀ ਘਟ ਗਈ ਹੈ।
ਦੂਜੇ ਪਾਸੇ ਗਰਮੀ ਤੋਂ ਬਚਣ ਲਈ ਸ਼੍ਰੋਮਣੀ ਕਮੇਟੀ ਨੇ ਸੰਗਤ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ (ਪਰਿਕਰਮਾ) ਨਰਿੰਦਰ ਸਿੰਘ ਨੇ ਕਿਹਾ ਕਿ ਐਤਵਾਰ ਨੂੰ ਛੱਡ ਕੇ ਬਾਕੀ ਦਿਨਾਂ ਵਿਚ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਕਮੀ ਆਈ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸਿਰਫ ਅਤਿ ਦੀ ਗਰਮੀ ਵਾਲੀ ਸਥਿਤੀ ਕਾਰਨ ਹੈ। ਉਨ੍ਹਾਂ ਕਿਹਾ ਕਿ ਪਰਿਕਰਮਾ ਦੇ ਪੱਥਰ ਨੂੰ ਠੰਢਾ ਰੱਖਣ ਵਾਸਤੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਅਤੇ ਸ਼ਰਧਾਲੂਆਂ ਵੱਲੋਂ ਜਲ ਨਾਲ ਇੱਥੇ ਵਿਛਾਏ ਹੋਏ ਗਲੀਚੇ ਠੰਢੇ ਰੱਖਣ ਦਾ ਯਤਨ ਕੀਤਾ ਜਾਂਦਾ ਹੈ।
ਪ੍ਰਬੰਧਕ ਇਹ ਯਤਨ ਕਰਦੇ ਹਨ ਕਿ ਇਹ ਮੈਟ ਪਾਣੀ ਨਾਲ ਭਿੱਜੇ ਰਹਿਣ ਅਤੇ ਠੰਢੇ ਰਹਿਣ। ਦਰਸ਼ਨੀ ਡਿਓਢੀ ਵਾਲੇ ਹਿੱਸੇ ਵਿਚ ਸੰਗਤ ‘ਤੇ ਛੱਤ ਵਾਲੇ ਪੱਖਿਆਂ ਤੋਂ ਇਲਾਵਾ ਪਾਣੀ ਦੇ ਛਿੜਕਾਅ ਦੀ ਇਕ ਵਿਸ਼ੇਸ਼ ਵਿਧੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਵਿਧੀ ਹਾਲ ਹੀ ਵਿਚ ਸ਼ੁਰੂ ਕੀਤੀ ਗਈ ਹੈ, ਜਿਸ ਲਈ ਪਾਣੀ ਨੂੰ ਉੱਪਰੋਂ ਫਿੱਟ ਕੀਤੀਆਂ ਵਿਸ਼ੇਸ਼ ਪਾਈਪਾਂ ਰਾਹੀਂ ਸੰਚਾਰਿਤ ਕੀਤਾ ਜਾਂਦਾ ਹੈ।
ਉਧਰ, ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਲੇ 4-5 ਦਿਨਾਂ ਵਿਚ ਸੂਬੇ ਦਾ ਤਾਪਮਾਨ 46 ਤੋਂ 47 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਗਰਮ ਹਵਾਵਾਂ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਇਸ ਦੇ ਨਾਲ ਹੀ ਕਿਸਾਨਾਂ ਦੇ ਸਾਹ ਵੀ ਸੁੱਕਣੇ ਪਏ ਹੋਏ ਹਨ। ਅਤਿ ਦੀ ਗਰਮੀ ਪੈਣ ਕਰਕੇ ਪੰਜਾਬ ਵਿਚ ਬਿਜਲੀ ਦੀ ਮੰਗ ਵੀ ਵਧੀ ਹੈ। ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਪੰਜਾਬ ਵਿਚ ਬਿਜਲੀ ਦੀ ਮੰਗ 11 ਹਜ਼ਾਰ ਮੈਗਾਵਾਟ ਦੇ ਕਰੀਬ ਪਹੁੰਚ ਗਈ ਸੀ, ਜੋ ਸ਼ਾਮ ਹੁੰਦਿਆਂ ਘੱਟ ਕੇ 9200 ਮੈਗਾਵਾਟ ਰਹਿ ਗਈ। ਮੌਸਮ ਵਿਗਿਆਨੀਆਂ ਵੱਲੋਂ ਵੀ ਲੋਕਾਂ ਨੂੰ ਲੋੜ ਅਨੁਸਾਰ ਹੀ ਘਰੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਹੈ।
ਪੰਜਾਬ `ਚ ਭਿਆਨਕ ਗਰਮੀ ਕਾਰਨ ਸਕੂਲਾਂ ਵਿਚ ਛੁੱਟੀਆਂ
ਮਾਨਸਾ: ਪੰਜਾਬ ਵਿਚ ਪੈ ਰਹੀ ਭਿਆਨਕ ਗਰਮੀ ਕਾਰਨ ਸਰਕਾਰ ਵੱਲੋਂ ਰਾਜ ਸਾਰੇ ਸਕੂਲਾਂ ਵਿਚ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਰਾਜ ਦੀਆਂ ਅਧਿਆਪਕ ਜਥੇਬੰਦੀਆਂ ਅਤੇ ਮਾਪਿਆਂ ਵੱਲੋਂ ਇਸ ਮੰਗ ਨੂੰ ਕਈ ਦਿਨਾਂ ਤੋਂ ਕੀਤਾ ਜਾ ਰਿਹਾ ਸੀ। ਸਰਕਾਰੀ ਫੈਸਲੇ ਅਨੁਸਾਰ ਇਹ ਛੁੱਟੀਆਂ ਸੂਬੇ ਦੇ ਸਾਰੇ ਸਰਕਾਰੀ, ਅਰਧ ਸਰਕਾਰੀ, ਮਾਨਤਾ ਪ੍ਰਾਪਤ, ਪ੍ਰਾਈਵੇਟ ਸਕੂਲਾਂ ਵਿਚ ਲਾਗੂ ਹੋਣਗੀਆਂ। ਇਸ ਤੋਂ ਪਹਿਲਾਂ ਸਕੂਲਾਂ ਦਾ ਸਮਾਂ ਬਦਲ ਕੇ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਕਰ ਦਿੱਤਾ ਗਿਆ ਸੀ।