ਕਿਸਾਨਾਂ ਦੇ ਰੋਹ ਨੇ ਭਾਜਪਾ ਦੇ ਹੱਥ ਖੜ੍ਹੇ ਕਰਵਾਏ

ਚੰਡੀਗੜ੍ਹ: ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਵੋਟਿੰਗ ਵਿਚ ਹੁਣ ਗਿਣਵੇਂ ਦਿਨ ਬਚੇ ਹਨ। ਸੂਬੇ ਵਿਚ ਪਹਿਲੀ ਜੂਨ ਨੂੰ ਵੋਟਾਂ ਪੈਣਗੀਆਂ। ਸਿਆਸੀ ਧਿਰਾਂ ਨੇ ਸਰਗਰਮੀਆਂ ਵਧਾ ਦਿੱਤੀਆਂ ਹਨ ਪਰ ਭਾਜਪਾ ਦੀ ਹਾਲਤ ਅਜੇ ਵੀ ‘ਵਿਚਾਰੀ` ਵਾਲੀ ਹੈ।

ਇਸੇ ਦੌਰਾਨ ਕਿਸਾਨ ਜਥੇਬੰਦੀਆਂ ਨੇ ਭਾਜਪਾ ਆਗੂਆਂ ਦੀ ਘੇਰਾਬੰਦੀ ਹੋਰ ਤਿੱਖੀ ਕਰਨ ਦੇ ਐਲਾਨ ਨੇ ਭਗਵਾ ਧਿਰ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਪੰਜਾਬ ਹੀ ਨਹੀਂ, ਹਰਿਆਣਾ ਵਿਚ ਵੀ ਕਿਸਾਨ ਜਥੇਬੰਦੀਆਂ ਨੇ ਭਾਜਪਾ ਆਗੂਆਂ ਦਾ ਘਰੋਂ ਨਿਕਲਣਾ ਮੁਸ਼ਕਿਲ ਕੀਤਾ ਹੋਇਆ ਹੈ। ਸੰਯੁਕਤ ਕਿਸਾਨ ਮੋਰਚੇ ਨੇ ਜਗਰਾਉਂ ‘ਚ ਕਿਸਾਨ ਮਹਾਂ ਪੰਚਾਇਤ ਕਰ ਕੇ ਭਾਜਪਾ ਨੂੰ ਘੇਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਪੰਜਾਬ ਵਿਚ ਆਏ ਕਿਸੇ ਵੀ ਕੇਂਦਰੀ ਆਗੂ ਦੀ ਘੇਰਾਬੰਦੀ ਕਰ ਕੇ ਤਿੱਖੇ ਸਵਾਲ ਪੁੱਛੇ ਜਾਣਗੇ।
ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਦੋ-ਟੁੱਕ ਆਖ ਦਿੱਤਾ ਹੈ ਕਿ ਪੰਜਾਬ ਦੀ ਧਰਤੀ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਨਹੀਂ ਹੋ ਸਕਦਾ। ਉਧਰ, ਹਰਿਆਣਾ ਪੁਲਿਸ ਵੱਲੋਂ ਗ੍ਰਿਫ਼ਤਾਰ ਕਿਸਾਨਾਂ ਦੀ ਰਿਹਾਈ ਲਈ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ 17 ਅਪਰੈਲ ਤੋਂ ਸ਼ੰਭੂ ਰੇਲਵੇ ਸਟੇਸ਼ਨ ਕੋਲ ਰੇਲਵੇ ਟਰੈਕ ‘ਤੇ ਲਾਇਆ ਪੱਕਾ ਧਰਨਾ ਸਮਾਪਤ ਕਰ ਕੇ ਭਾਜਪਾ ਆਗੂਆਂ ਦੀ ਘੇਰਾਬੰਦੀ ਉਤੇ ਸਾਰਾ ਜ਼ੋਰ ਲਾਉਣ ਲਈ ਰਣਨੀਤੀ ਬਣਾਈ ਹੈ। ਭਾਜਪਾ ਆਗੂਆਂ ਦੇ ਘਰਾਂ ਅੱਗੇ ਵੀ ਮੋਰਚੇ ਲਾਏ ਜਾਣਗੇ।
ਕਿਸਾਨਾਂ ਦੀ ਇਸ ਮੁਹਿੰਮ ਤੋਂ ਅੱਕ ਕੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪਿਛਲੇ ਹਫ਼ਤੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਕੋਲ ਸ਼ਿਕਾਇਤ ਕੀਤੀ ਸੀ ਅਤੇ ਦੋਸ਼ ਲਾਇਆ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਵਾਸਤੇ ਬਰਾਬਰ ਦਾ ਮਾਹੌਲ ਮੁਹੱਈਆ ਕਰਵਾਉਣ ਵਿਚ ਨਾਕਾਮ ਰਹੀ ਹੈ। ਯਾਦ ਰਹੇ ਕਿ ਕਿਸਾਨ ਜਥੇਬੰਦੀਆਂ ਨੇ ਫਰਵਰੀ ਮਹੀਨੇ ‘ਦਿੱਲੀ ਚਲੋ` ਦਾ ਪ੍ਰੋਗਰਾਮ ਉਲੀਕਿਆ ਸੀ ਪਰ ਹਰਿਆਣਾ ਦੀ ਭਾਜਪਾ ਸਰਕਾਰ ਨੇ ਸ਼ੰਭੂ ਅਤੇ ਖਨੌਰੀ ਲਾਂਘਿਆਂ ਉੱਪਰ ਕਿਸਾਨਾਂ ਨੂੰ ਰੋਕ ਲਿਆ। ਹੁਣ ਭਾਜਪਾ ਦੀ ਹਾਲਾਤ ਇਹ ਹੈ ਕਿ ਪਟਿਆਲਾ ਤੋਂ ਪਾਰਟੀ ਉਮੀਦਵਾਰ ਪ੍ਰਨੀਤ ਕੌਰ ਦੇ ਬਰਾਬਰ ਕਿਸਾਨ ਆਗੂਆਂ ਨੇ ਆਪਣਾ ਮੰਚ ਲਗਾ ਕੇ ਭਾਸ਼ਣ ਦਿੱਤੇ।
ਡੇਢ ਘੰਟੇ ਤੋਂ ਵੱਧ ਸਮਾਂ ਚੱਲੇ ਭਾਸ਼ਣ ਵਿਚ ਕਿਸਾਨ ਆਗੂਆਂ ਨੇ ਨੋਟਬੰਦੀ, ਕਰੋਨਾ ਮੌਕੇ ਲੋੜ ਨਾਲੋਂ ਸਖ਼ਤ ਤਾਲਾਬੰਦੀ, ਫਿਰ ਕਿਸਾਨ ਅੰਦੋਲਨ ਸਮੇਂ ਲਖੀਮਪੁਰ ਖੀਰੀ, ਬਿਲਕੀਸ ਬਾਨੋ ਦੇ ਦੋਸ਼ੀਆਂ ਦੀ ਰਿਹਾਈ, ਪਹਿਲਵਾਨ ਮਹਿਲਾਵਾਂ ਦੇ ਸੰਘਰਸ਼, ਫਿਰਕਾਪ੍ਰਸਤੀ, ਕਿਸਾਨਾਂ ਨੂੰ ਦਿੱਲੀ, ਹਰਿਆਣਾ ਵਿਚ ਜਾਣ ਤੋਂ ਰੋਕਣ ਆਦਿ ਘਟਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਹੇਠ ਹੁਣ ਛੋਟੇ ਵਪਾਰ ਵੀ ਦਮ ਤੋੜ ਰਹੇ ਹਨ ਕਿਉਂਕਿ ਕਾਰਪੋਰੇਟ ਸਰਕਾਰ ਤੋਂ ਗੱਫੇ ਲੈ ਕੇ ਪ੍ਰਚੂਨ ਦੁਕਾਨਦਾਰਾਂ ਖ਼ਿਲਾਫ਼ ਵੱਡੇ ਮਾਲ ਖੋਲ੍ਹ ਰਿਹਾ ਹੈ। ਭਾਜਪਾ ਦੇ ਸੂਬਾ ਆਗੂਆਂ ਨੇ ਹਾਈ ਕਮਾਨ ਕੋਲ ਪਹੁੰਚ ਕਰ ਕੇ ਪੰਜਾਬ ਤੇ ਹਰਿਆਣਾ ਵਿਚ ਆਪਣੀ ਹੋਣੀ ਬਾਰੇ ਸਪਸ਼ਟ ਕੀਤਾ ਹੈ ਪਰ ਕੇਂਦਰੀ ਲੀਡਰਸ਼ਿਪ ਵੀ ਇਸ ਔਖੇ ਸਮੇਂ ਵਿਚ ਦੜ ਵੱਟਣ ਦੀ ਸਲਾਹ ਦੇ ਰਹੀ ਹੈ।
ਇਸੇ ਦੌਰਾਨ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦਾ ਕਹਿਣਾ ਸੀ ਕਿ ਆਪਣੀ ਹਾਰ ਤੋਂ ਬੁਖਲਾਈ ਆਮ ਆਦਮੀ ਪਾਰਟੀ ਦੇ ਵਰਕਰ ਭੇਸ ਬਦਲ ਕੇ ਕਿਸਾਨਾਂ ਦੇ ਧਰਨਿਆਂ ਵਿਚ ਸ਼ਾਮਲ ਹੋ ਰਹੇ ਹਨ।