ਸੰਸਾਰ ਸਿਨੇਮਾ ਦੀਆਂ ਵਿਲੱਖਣ ਹਸਤੀਆਂ: ਫਰੈਂਚ ਨਿਊ ਵੇਵ ਸਿਨੇਮਾ, ਗੋਦਾਦ ਤੇ ਫਿਲਮ ‘ਬਰੈੱਥਲੈਸ’

ਡਾ. ਕੁਲਦੀਪ ਕੌਰ
ਫੋਨ: +91-98554-04330
ਡਾ. ਕੁਲਦੀਪ ਕੌਰ ਮਾਸ ਕਮਿਊਨੀਕੇਸ਼ਨ ਅਤੇ ਪੱਤਰਕਾਰੀ ਦੀ ਪ੍ਰੋਫੈਸਰ ਹੈ। ਇਸ ਅੰਕ ਤੋਂ ਉਹ ਸੰਸਾਰ ਸਿਨੇਮਾ ਵਿਚ ਨਵੀਆਂ ਲੀਹਾਂ ਪਾਉਣ ਵਾਲੀਆਂ ਲਹਿਰਾਂ, ਫਿਲਮਾਂ ਅਤੇ ਫਿਲਮਸਾਜ਼ਾਂ ਬਾਰੇ ਚਰਚਾ ਆਪਣੇ ਪੰਦਰਾਰੋਜ਼ਾ ਕਾਲਮ ‘ਸੰਸਾਰ ਸਿਨੇਮਾ ਦੀਆਂ ਵਿਲੱਖਣ ਹਸਤੀਆਂ’ ਤਹਿਤ ਕਰਨਗੇ। ਇਸ ਵਾਰ ਸੰਸਾਰ ਪ੍ਰਸਿੱਧ ਫਿਲਮ ਨਿਰਦੇਸ਼ਕ ਜਾਂ ਲਾਕ ਗੋਦਾਦ ਅਤੇ 1960 ਵਿਚ ਬਣਾਈ ਉਸ ਦੀ ਅਹਿਮ ਫਿਲਮ ‘ਬਰੈੱਥਲੈਸ’ ਬਾਰੇ ਚਰਚਾ ਕੀਤੀ ਗਈ ਹੈ।

ਗੋਦਾਦ ਆਪਣੀ ਫਿਲਮਸਾਜ਼ੀ ਦੌਰਾਨ ਤਾਉਮਰ ਤਜਰਬੇ ਕਰਦਾ ਰਿਹਾ। ਇਸ ਦੌਰਾਨ ਬਹੁਤ ਵਾਰ ਉਸ ਦਾ ਟਕਰਾਓ ਉਸ ਦੇ ਸਮਕਾਲੀ ਸਿਆਸੀ ਵਰਤਾਰਿਆਂ ਅਤੇ ਕਲਾ ਦੇ ਪੁਰਾਣੇ ਮੱਠਾਂ ਨਾਲ ਹੁੰਦਾ ਰਿਹਾ ਪਰ ਉਸ ਅੰਦਰਲਾ ਸਿਰਜਕ ਸਿਨੇਮਾ ਦੀ ਸਕਰੀਨ ’ਤੇ ਬਹੁ-ਪਰਤੀ ਕੋਲਾਜਾਂ ਦੀ ਟੁੱਟਦੀ ਬਣਦੀ ਦੁਨੀਆ ਲਗਾਤਾਰ ਸਿਰਜਦਾ ਰਿਹਾ। ਉਸ ਨੇ ਫਿਲਮਾਂ ਬਣਾਉਣ ਅਤੇ ਸਿਆਸੀ ਸਰਗਰਮੀਆਂ ਵਿਚ ਸ਼ਮੂਲੀਅਤ ਦਾ ਸੰਤੁਲਨ ਪੂਰੀ ਉਮਰ ਬਰਕਰਾਰ ਰੱਖਿਆ।
ਸੰਸਾਰ ਪ੍ਰਸਿੱਧ ਫਿਲਮ ਨਿਰਦੇਸ਼ਕ ਜਾਂ ਲਾਕ ਗੋਦਾਦ ਆਪਣੀ ਪਹਿਲੀ ਹੀ ਫਿਲਮ ‘ਬਰੈੱਥਲੈਸ` (1960) ਰਾਹੀਂ ਫਰੈਂਚ ਨਿਊ ਵੇਵ ਸਿਨੇਮਾ ਦੀ ਸ਼ੁਰੂਆਤੀ ਸੁਰ ਤੈਅ ਕਰਦਿਆਂ ਸਿਨੇਮਾ ਬਣਾਉਣ ਦੇ ਰਵਾਇਤੀ, ਸਟੂਡੀਓ ਆਧਾਰਿਤ ਅਤੇ ਵੇਲਾ ਵਿਹਾ ਚੁੱਕੇ ਹਾਲੀਵੁੱਡ ਫਾਰਮੂਲੇ ਰੱਦ ਕਰਦਾ ਹੈ। 2018 ਵਿਚ ਨਿਰਦੇਸ਼ਿਤ ਆਪਣੀ ਆਖਰੀ ਫਿਲਮ ‘ਦਿ ਇਮੇਜ ਬੁੱਕ` ਰਾਹੀਂ ਉਹ ਅਰਬ ਮੁਲਕਾਂ ਨੂੰ ਸਿਨੇਮਾ ਵਰਗੀ ਕਲਾ ਦੇ ਵਿਚਾਰਧਾਰਕ ਚੌਖਟੇ ਵਿਚ ਬਣਦੀ ਜਗ੍ਹਾ ਨਾ ਮਿਲਣ ਦਾ ਅਣਗੌਲਿਆ ਤੇ ਹਾਸ਼ੀਏ ’ਤੇ ਪਿਆ ਬਿਰਤਾਂਤ ਸ਼ਿੱਦਤ ਨਾਲ ਸਿਰਜਦਾ ਹੈ।
ਗੋਦਾਦ ਦੀਆਂ ਫਿਲਮਾਂ ਉਸ ਦੀ ਵਿਚਾਰਧਾਰਕ ਪਾਕੀਜ਼ਗੀ ਵਾਂਗ ‘ਨਿੱਜੀ ਵੀ ਸਿਆਸੀ ਹੈ` ਨੂੰ ਪਰਦੇ ਉਤੇ ਪੇਸ਼ ਕਰਨ ਦੇ ਨਾਲ-ਨਾਲ ਕਲਾਤਮਿਕ ਸੁਹਜ ਅਤੇ ਸੰਦਰਤਾ ਬੋਧ ਦੇ ਨਵੇਂ ਦਿਸਹੱਦੇ ਸਿਰਜਦੀਆਂ ਹਨ। ਉਹ ਮਾਰਕਸਵਾਦੀ ਤਾਂ ਹੈ ਹੀ ਪਰ ਉਹ ਜਾਂ ਪਾਲ ਸਾਰਤਰ ਵਾਂਗ ਅਸਤਿਤਵਵਾਦ ਅਤੇ ਮਨੱਖਤਾਵਾਦ ਦੇ ਆਲੇ-ਦੁਆਲੇ ਆਪਣੀਆਂ ਸਿਨੇਮਈ ਕਹਾਣੀਆਂ ਬੁਣਦਾ ਹੈ। ਉਸ ਦੀਆਂ ਫਿਲਮਾਂ ਵਿਚ ਫਲਸਫੇ, ਕਵਿਤਾ ਅਤੇ ਸਿਆਸਤ ਦਾ ਸੁਮੇਲ ਹੁੰਦਾ ਹੈ ਪਰ ਇਨ੍ਹਾਂ ਦੀ ਜੁਗਲਬੰਦੀ ਉਸ ਦੇ ਪ੍ਰੇਰਨਾ ਸਰੋਤ ਰਹੇ ਬਰਤੋਲਤ ਬ੍ਰੈਖਤ ਦੇ ਸਿਰਜੇ ਥੀਏਟਰ ਨਾਲ ਜਾ ਮਿਲਦੀ ਹੈ। ਉਸ ਦੀਆਂ ਫਿਲਮਾਂ ਦੀ ਬੁਣਤਰ ਅਤੇ ਫਿਲਮਸਾਜ਼ੀ ਦਾ ਹੁਨਰ ਇਸ ਹੱਦ ਤੱਕ ਵੱਖਰਾ ਸੀ ਕਿ ਇਸ ਨੇ ਕਲਾ ਦੇ ਮਾਧਿਅਮ ਦੇ ਤੌਰ ’ਤੇ ਫਿਲਮ ਬਾਰੇ ਸਾਡੀਆਂ ਧਾਰਨਾਵਾਂ, ਮਿੱਥਾਂ ਅਤੇ ਫਾਰਮੂਲੇ ਨਵੇਂ ਸਿਰਿਉਂ ਘੜੇ। ਉਸ ਦਾ ਪ੍ਰਭਾਵ ਉਸ ਦੇ ਸਮਕਾਲੀ ਫਿਲਮਸਾਜ਼ਾਂ ਉੱਪਰ ਤਾਂ ਹੋਇਆ ਹੀ, ਹੁਣ ਤੱਕ ਵੀ ਫਿਲਮ ਬਣਾਉਣ ਵਿਚ ਉਸ ਦੀ ਕਲਾਤਮਿਕ ਸੂਝ ਦਾ ਕੋਈ ਸਾਨੀ ਨਹੀਂ।
ਗੋਦਾਦ ਦਾ ਸਿਨੇਮਾ ਵਿਰੋਧਾਭਾਸਾਂ ਦਾ ਸਿਨੇਮਾ ਹੈ। ਉੱਚ ਵਰਗੀ ਪਰਿਵਾਰ ਵਿਚ ਜਨਮ ਲੈਣ ਵਾਲਾ ਗੋਦਾਦ ਪੂਰੀ ਉਮਰ ਆਪਣੀ ਫਿਲਮਸਾਜ਼ੀ ਵਿਚ ਤਜਰਬੇ ਕਰਦਾ ਰਿਹਾ। ਉਸ ਦਾ ਬਹੁਤ ਵਾਰ ਸਮਕਾਲੀ ਸਿਆਸੀ ਵਰਤਾਰਿਆਂ ਅਤੇ ਕਲਾ ਦੇ ਪੁਰਾਣੇ ਮੱਠਾਂ ਨਾਲ ਟਕਰਾਉ ਹੁੰਦਾ ਰਿਹਾ ਪਰ ਉਸ ਅੰਦਰਲਾ ਸਿਰਜਕ ਸਿਨੇਮਾ ਦੀ ਸਕਰੀਨ ’ਤੇ ਬਹੁ-ਪਰਤੀ ਕੋਲਾਜਾਂ ਦੀ ਟੁੱਟਦੀ ਬਣਦੀ ਦੁਨੀਆ ਸਿਰਜਦਾ ਰਿਹਾ। ਉਸ ਨੇ ਫਿਲਮਾਂ ਬਣਾਉਣ ਅਤੇ ਸਿਆਸੀ ਸਰਗਰਮੀਆਂ ਵਿਚ ਸ਼ਮੂਲੀਅਤ ਦਾ ਸੰਤੁਲਨ ਪੂਰੀ ਉਮਰ ਬਰਕਰਾਰ ਰੱਖਿਆ। ਇਸੇ ਕਾਰਨ ਉਸ ਦੀਆਂ ਫਿਲਮਾਂ ਆਪਣੇ ਦੌਰ ਦੀ ਉਥਲ-ਪੁਥਲ, ਦੂਜੀ ਸੰਸਾਰ ਜੰਗ ਤੋਂ ਬਾਅਦ ਬਣ ਰਹੀ ਨਵੀ ਦੁਨੀਆ ਦੇ ਹਜ਼ਾਰਾਂ ਦ੍ਰਿਸ਼ਾਂ ਅਤੇ ਉਸ ਦੇ ਦੌਰ ਵਿਚ ਵਾਪਰ ਰਹੀਆਂ ਘਟਨਾਵਾਂ ਦੀ ਆਲੋਚਨਾਤਮਿਕ ਛਾਣ-ਬੀਨ ਨਾਲ ਭਰੀਆਂ ਹੋਈਆਂ ਹਨ। ਉਸ ਦੀ ਇਸ ਆਲੋਚਨਾਤਮਿਕ ਤੇ ਸੂਖਮ ਦ੍ਰਿਸ਼ਟੀ ਦਾ ਕਾਰਨ ਸ਼ਾਇਦ ਇਹ ਹੈ ਕਿ ਉਸ ਨੇ ਆਪਣਾ ਕਰੀਅਰ 1951 ਵਿਚ ਫਿਲਮ ਆਲੋਚਕ ਵਜੋਂ ਫਿਲਮ ਮੈਗਜ਼ੀਨ ‘ਕਾਹੀਏਸ ਡੂ ਸਿਨੇਮਾ` (ਚਅਹਇਰਸ ਦੁ ਚਨਿੲਮਅ) ਨਾਲ ਸ਼ੁਰੂ ਕੀਤਾ। ਉਸ ਨੇ ਆਪਣੇ ਸਮਕਾਲੀਆਂ ਜਾਕ ਰੀਵੈੱਟ ਅਤੇ ਫਰਾਂਸਵਾ ਟਰੂਫੋ ਨਾਲ ਮਿਲ ਕੇ ਸਿਨੇਮਾ, ਸਮਾਜ ਅਤੇ ਸਿਆਸਤ ਦੇ ਆਪਸੀ ਸਬੰਧਾਂ ਅਤੇ ਅੰਤਰ-ਦਵੰਦਾਂ ਨੂੰ ਨਾ ਸਿਰਫ ਨਵੇਂ ਸਿਰਿਉਂ ਪਰਿਭਾਸ਼ਿਤ ਕੀਤਾ ਬਲਕਿ ਫਿਲਮਾਂ ਦੀ ਆਲੋਚਨਾ ਨੂੰ ਸਾਹਿਤਕ ਆਲੋਚਨਾ ਦੇ ਬਰਾਬਰ ਲਿਆ ਖੜ੍ਹਾ ਕੀਤਾ। ਇਸ ਦੇ ਨਾਲ ਹੀ ਇਨ੍ਹਾਂ ਨੇ ਫਿਲਮ ਅਧਿਐਨ ਵਿਚ ਵਰਤੇ ਜਾਣ ਵਾਲੀਆਂ ਆਲੋਚਨਾਤਮਿਕ ਵਿਧੀਆਂ ਅਤੇ ਢੰਗਾਂ ਦੀ ਵਿਉਂਤਕਾਰੀ ਕਰਦਿਆਂ ਇਸ ਨੂੰ ਕਿਸੇ ‘ਲਿਖਤ` ਦੀ ਆਲੋਚਨਾ ਦੀਆਂ ਵਿਧੀਆਂ ਅਤੇ ਢੰਗਾਂ ਤੋਂ ਵਖਰੇਵੇਂ ਦਾ ਇਤਿਹਾਸਕ ਕਾਰਜ ਕੀਤਾ। ਮਾਰਕਸਵਾਦ ਦਾ ਗਹਿਰਾ ਪ੍ਰਭਾਵ ਹੋਣ ਕਾਰਨ ਉਸ ਦੀ ਫਿਲਮਾਂ ਦੀ ਚੀਰ-ਫਾੜ ਕਰਨ ਦੀ ਵਿਧੀ ਸੰਪੂਰਨ ਰੂਪ ਵਿਚ ਵਿਗਿਆਨਕ ਅਤੇ ਤਰਕਵਾਦੀ ਨਤੀਜਿਆਂ ’ਤੇ ਆਧਾਰਿਤ ਸੀ। ਇਉਂ ਗੋਦਾਦ ਦਾ ਸਿਨੇਮਾ ਵੱਖ-ਵੱਖ ਐਬਸਟੈਕਟ ਅਤੇ ਇੱਕ-ਦੂਜੀ ਨਾਲ ਸਬੰਧ ਨਾ ਰੱਖਦਿਆਂ ਵੀ ਇੱਕ-ਦੂਜੀ ਦੀ ਵਿਆਖਿਆ ਕਰਨ ਵਾਲੀਆਂ ਲੱਖਾਂ ਤਸਵੀਰਾਂ ਅਤੇ ਦ੍ਰਿਸ਼ਾਂ ਦਾ ਖੂਬਸੂਰਤ ਕੋਲਾਜ ਹੈ।
ਗੋਦਾਦ ਦੀ ਫਿਲਮ ‘ਬਰੈੱਥਲੈਸ` ਫਰਾਂਸ ਦੇ ਨਿਊ ਵੇਵ ਸਿਨੇਮਾ ਅੰਦੋਲਨ ਦੀ ਪਹਿਲੀ ਅਹਿਮ ਫਿਲਮ ਹੈ। ਇਸ ਫਿਲਮ ਵਿਚ ਮੁੱਖ ਕਿਰਦਾਰ ਜਾਂ ਪਾਲ ਬੈਲਮੌਂਡੋ ਨੇ ਅਦਾ ਕੀਤਾ ਜਿਸ ਨੇ ਉਦੋਂ ਤੱਕ ਸਿਨੇਮਾ ਦੇ ਇਤਿਹਾਸ ਵਿਚ ਦਰਜ ਹੋ ਚੁੱਕੀ ਹਾਲੀਵੁੱਡ ਸਟਾਈਲ ਹੀਰੋਗਿਰੀ ਅਤੇ ਹੀਰੋ ਦੀ ਮਿੱਥ ਨੂੰ ਉੱਕਾ ਹੀ ਭੰਨ ਦਿੱਤਾ। ਉਹ ਉਥਲ-ਪੁਥਲ ਨਾਲ ਭਰੀਆਂ ਸੜਕਾਂ ਅਤੇ ਵਿਚਾਰਧਾਰਕ ਤੌਰ ’ਤੇ ਨਵੇਂ ਵਿਚਾਰਾਂ ਦੀ ਤਲਾਸ਼ ਦਾ ਹੀਰੋ ਹੈ। ਉਹ ਅਮਰੀਕੀ ਹੀਰੋ ਦੀ ਨਕਲ ਕਰਨ ਦੀ ਕੋਸ਼ਿਸ਼ ਵਿਚ ਉਸ ਦਾ ਕੈਰੀਕੇਚਰ ਬਣ ਕੇ ਰਹਿ ਜਾਂਦਾ ਹੈ। ਉਹ ਸ਼ਹਿਰ ਵਿਚ ਪੜ੍ਹ ਰਹੀ ਵਿਦਿਆਰਥਣ ਜਾਂ ਸੀਬਰਗ ਨੂੰ ਪਸੰਦ ਕਰਨ ਲੱਗਦਾ ਹੈ। ਫਿਲਮ ਵਿਚ ਅਮਰੀਕਨ ਸਿਨੇਮਾ ਦੁਆਰਾ ਸਿਰਜੀਆਂ ਕਹਾਣੀਆਂ ਅਤੇ ਮਿੱਥਾਂ ਉੱਤੇ ਗਹਿਰੇ ਵਿਅੰਗ ਹਨ ਪਰ ਨਾਲ ਹੀ ਪ੍ਰਸਿੱਧ ਸਾਹਿਤਕਾਰਾਂ ਜਿਵੇਂ ਰਿਲਕੇ ਅਤੇ ਫਾਕਨਰ ਦੀਆਂ ਕਹਾਣੀਆਂ ਦਾ ਰੰਗ ਵੀ ਚੜ੍ਹਿਆ ਹੋਇਆ ਹੈ।
ਗੋਦਾਦ ਦੀ ਫਿਲਮਸਾਜ਼ੀ ਦਾ ਸਭ ਤੋਂ ਉੱਘੜਵਾਂ ਸੰਦ ਸੰਪਾਦਨ ਸੀ। ਸੰਪਾਦਨ ਦੀ ਵਿਲੱਖਣ ਵਰਤੋਂ ਦੁਆਰਾ ਉਸ ਨੇ ਸਿਨੇਮਾ ਦੀ ਭਾਸ਼ਾ ਹੀ ਬਦਲ ਦਿੱਤੀ। ਉਸ ਦੀਆਂ ਫਿਲਮਾਂ ਵਿਚਲੇ ਲੰਮੇ ਕੱਟਾਂ ਨੂੰ ਜੰਪ-ਕੱਟ ਉਲਟੇ ਦਾਅ ਕੱਟਦੇ ਹਨ। ਵਾਰ-ਵਾਰ ਅਜਿਹਾ ਕਰਨ ਨਾਲ ਫਿਲਮ ਦੀ ਗਤੀ ਅਤੇ ਸੁਰ ਅਸਾਧਾਰਨ ਰੂਪ ਨਾਲ ਚੁਸਤ ਅਤੇ ਅਰਥ ਭਰਪੂਰ ਹੋ ਜਾਂਦੀ ਹੈ। ਇਸ ਤੋਂ ਬਿਨਾ ਜਿਸ ਤਰ੍ਹਾਂ ਉਸ ਨੇ ਫਿਲਮਾਂ ਵਿਚ ਹੱਥ ਵਾਲੇ ਸਾਧਾਰਨ ਕੈਮਰਿਆਂ ਦੀ ਵਰਤੋਂ ਕਰਨੀ ਸ਼ੁਰੂ ਕੀਤੀ, ਇਸ ਨਾਲ ਕੈਮਰੇ ਦਾ ਕਿਰਦਾਰਾਂ ਅਤੇ ਦਰਸ਼ਕਾਂ ਨਾਲ ਬੇਹੱਦ ਕਰੀਬੀ ਰਿਸ਼ਤਾ ਬਣ ਜਾਂਦਾ ਹੈ ਜਿਸ ਨਾਲ ਦਰਸ਼ਕ ਫਿਲਮ ਦੀ ਪਟਕਥਾ ਦਾ ਹੀ ਹਿੱਸਾ ਬਣ ਜਾਂਦਾ ਹੈ। ਉਸ ਦੇ ਇੱਕ ਆਲੋਚਕ ਦਾ ਕਹਿਣਾ ਹੈ, “ਗੋਦਾਦ ਦੀਆਂ ਫਿਲਮਾਂ ਨੂੰ ਪਤਾ ਹੈ ਕਿ ਉਹ ਫਿਲਮਾਂ ਹਨ।” ਕਿਰਦਾਰਾਂ ਦੇ ਮਸਲੇ ਵਿਚ ਵੀ ਉਸ ਨੇ ਨਾਟਕੀ ਜੁਗਤਾਂ ਤੋਂ ਕਿਨਾਰਾ ਕਰਦਿਆਂ ਉਨ੍ਹਾਂ ਨੂੰ ਇੱਕ-ਦੂਜੇ ਵੱਲ ਝਾਕਣ ਤੋਂ ਵਰਜਿਆ। ਉਸ ਦੀਆਂ ਫਿਲਮਾਂ ਦੇ ਕਿਰਦਾਰ ਰਵਾਇਤੀ ਥੀਏਟਰ ਤੇ ਫਿਲਮਾਂ ਵਾਂਗ ਨਹੀਂ ਸਗੋਂ ਆਪਣੇ ਰੋਜ਼ਮੱਰਾ ਕੰਮਾਂ-ਕਾਰਾਂ ਵਿਚ ਉਲਝੇ ਹੀ ਇੱਕ-ਦੂਜੇ ਨਾਲ ਸੰਵਾਦ ਕਰਦੇ ਹਨ। ਇਸੇ ਕਾਰਨ ਉਸ ਦੀਆਂ ਫਿਲਮਾਂ ਵਿਚ ਖਾਸ ਕਿਸਮ ਦੀ ਅਲਹਿਦਗੀ ਤੇ ਬੇਤੁਕਾਪਣ ਹੈ ਜਿਸ ਤੋਂ ਉਸ ਦੇ ਸਮਕਾਲੀ ਫਿਲਮ ਆਲੋਚਕ ਨਾਰਾਜ਼ ਵੀ ਹੁੰਦੇ ਰਹੇ ਪਰ ਉਦੋਂ ਇਸ ਤੱਥ ਦੀ ਕਲਪਨਾ ਕੌਣ ਕਰ ਸਕਦਾ ਸੀ ਕਿ ਫਿਲਮਾਂਕਣ ਦਾ ਇਹ ਗੁਰੀਲਾ ਅੰਦਾਜ਼ ਹੀ ਇੱਕੀਵੀਂ ਸਦੀ ਵਿਚ ਜਾ ਕੇ ਸੋਸ਼ਲ ਮੀਡੀਆ ਤੇ ਮੌਜੂਦ ਮੀਡੀਆ ਸਮੱਗਰੀ ਦਾ ਧੁਰਾ ਬਣ ਜਾਏਗਾ।
ਗੋਦਾਦ ਦੀ ਪਹਿਲੀ ਫਿਲਮ ‘ਬਰੈੱਥਲੈਸ` ਰਿਲੀਜ਼ ਹੁੰਦਿਆਂ ਹੀ ਆਲੋਚਕਾਂ ਵਿਚ ਚਰਚਾ ਦਾ ਵਿਸ਼ਾ ਬਣ ਗਈ। ਇਸ ਫਿਲਮ ਦਾ ਪਹਿਲਾ ਹੀ ਦ੍ਰਿਸ਼ ਦਰਸ਼ਕਾਂ ਨੂੰ ਅਚੰਭਿਤ ਕਰ ਦਿੰਦਾ ਹੈ। ਫਿਲਮ ਦੇ ਅੰਤ ਤੱਕ ਦਰਸ਼ਕ ਨੂੰ ਇਹ ਸਮਝ ਨਹੀਂ ਪੈਂਦੀ ਕਿ ਆਖਿਰ ਫਿਲਮ ਦਾ ਮੁੱਖ ਕਿਰਦਾਰ ਮਿਸ਼ੇਲ ਪਾਇਕਾਡ ਫਰਾਂਸ ਦੇ ਉਸ ਖਾਸ ਚੌਕ ’ਤੇ ਕਿਸ ਤਰ੍ਹਾਂ ਪਹੁੰਚਿਆ। ਫਿਲਮ ਉਸ ਸਮੇਂ ਦੇ ਸਿਨੇਮਾ ਦੇ ਹਿਸਾਬ ਨਾਲ ਬੇਤੁਕੀ ਹੈ। ਇਸ ਦੇ ਬਾਵਜੂਦ ਫਿਲਮ ਫਰਾਂਸ ਵਿਚ ‘ਲਾ-ਐਕਸਪ੍ਰੈੱਸ` ਵਰਗੇ ਅਖਬਾਰਾਂ ਦੁਆਰਾ ਫੈਲਾਏ ਨਵੇਂ ਵਿਚਾਰਾਂ ਅਤੇ ਨਵੀਂ ਜੀਵਨ ਜਾਚ ਦੇ ਵਾਰ-ਵਾਰ ਦ੍ਰਿਸ਼ ਸਿਰਜਦੀ ਹੈ। ਬਹੁਤ ਸਾਰੇ ਦ੍ਰਿਸ਼ਾਂ ਵਿਚ ਅਖਬਾਰ ਹੀਰੋ ਦੁਆਰਾ ਪੁਲਿਸ ਦੀ ਨਿਗ੍ਹਾ ਵਿਚ ਆਉਣ ਤੋਂ ਬਚਣ ਲਈ ਵਰਤੇ ਜਾਂਦੇ ਹਨ। ਇਸ ਤੋਂ ਇਲਾਵਾ ਫਿਲਮ ਵਿਚ ਸਿਆਸੀ ਕਵਿਤਾ ਦੀਆਂ ਟੂਕਾਂ ਅਤੇ ਦਾਰਸ਼ਨਿਕਤਾ ਦੀ ਭਰਮਾਰ ਹੈ। ਇਸੇ ਲਈ ਫਿਲਮ ਸਮੇਂ ਦੀ ਵਿਚਾਰਧਾਰਾ ਦੇ ਹਾਣ ਦੀ ਹੋ ਨਿਬੜਦੀ ਹੈ। ਫਰਾਂਸ ਦੇ ਪ੍ਰਸਿੱਧ ਅਖਬਾਰਾਂ ਨੇ ਇਸ ਫਿਲਮ ਨੂੰ ਸਮੇਂ ਦੀ ਨਬਜ਼ ਫੜਨ ਵਾਲੀ ਫਿਲਮ ਲਿਖਿਆ। ਗੋਦਾਦ ਖੁਦ ਉਸ ਸਮੇਂ ‘ਕਾਹੀਏਸ ਡੂ ਸਿਨੇਮਾ` ਦਾ ਕੌਮਾਂਤਰੀ ਪੱਧਰ ’ਤੇ ਚਰਚਿਤ ਆਲੋਚਕ ਸੀ। ਉਸ ਦੀ ਸਿਆਸੀ ਆਲੋਚਨਾ ਤੋਂ ਖਿਝੇ ਕਈ ਫਿਲਮਸਾਜ਼ ਉਸ ਨੂੰ ਕਈ ਵਾਰ ਪੁੱਛਦੇ ਸਨ ਕਿ ਜੇ ਫਿਲਮ ਹਾਲੀਵੁੱਡ ਨਹੀਂ ਹੈ ਤਾਂ ਕੀ ਹੈ? ਇਸ ਫਿਲਮ ਨੇ ਉਨ੍ਹਾਂ ਦੀਆਂ ਸਿਨੇਮਾ ਬਾਰੇ ਬਣੀਆਂ ਪੂਰਵ ਧਾਰਨਾਵਾਂ ਤਾਂ ਰੱਦ ਕੀਤੀਆਂ ਹੀ, ਸਿਨੇਮਾ ਦੇਖਣ ਦੇ ਨਵੇਂ ਜ਼ਾਵੀਏ ਵੀ ਘੜੇ।
ਫਿਲਮ ‘ਦਿ ਬਰੈੱਥਲੈੱਸ` ਦੇ ਕਿਰਦਾਰ ਬੇਹੱਦ ਸਟਾਈਲਿਸ਼ ਹਨ। ਉਨ੍ਹਾਂ ਦੇ ਗੱਲਬਾਤ ਦੇ ਤਰੀਕਿਆਂ, ਤੁਰਨ ਢੰਗਾਂ, ਖਾਣ-ਪੀਣ ਦੇ ਅੰਦਾਜ਼ ਵਿਚ ਖਾਸ ਕਿਸਮ ਦੀ ਨਫਾਸਤ ਹੈ ਜਿਹੜੀ ਮੁੱਖ ਕਿਰਦਾਰ ਦੇ ਹਾਲਾਤ ਨਾਲੋਂ ਬਿਲਕੁੱਲ ਉਲਟ ਹੈ। ਉਹ ਕਤਲ ਕਰ ਕੇ ਦੌੜਿਆ ਹੋਇਆ ਹੈ ਤੇ ਪੁਲਿਸ ਉਸ ਨੂੰ ਹਰ ਜਗ੍ਹਾ ਤਲਾਸ਼ ਰਹੀ ਹੈ। ਇੰਨੇ ਮਾੜੇ ਦੌਰ ਵਿਚ ਵੀ ਉਹ ਅਤੇ ਉਸ ਦੀ ਪ੍ਰੇਮਿਕਾ ਲਗਾਤਾਰ ਨਾ ਸਿਰਫ ਇੱਕ-ਦੂਜੇ ਵਿਚ ਗੁੰਮੇ ਰਹਿੰਦੇ ਹਨ ਸਗੋਂ ਉਹ ਦਾਰਸ਼ਨਿਕ ਵਿਆਖਿਆਵਾਂ ਵਿਚ ਵੀ ਉਲਝੇ ਰਹਿੰਦੇ ਹਨ। ਫਿਲਮ ਦੇ ਕੁਝ ਅਹਿਮ ਸੰਵਾਦ ਦੇਖੋ:
ਪੈਟਰੀਸ਼ੀਆ ਫ੍ਰੈਂਚਿਨੀ: ਜਦੋਂ ਫਰਾਂਸੀਸੀ ਇੱਕ ਸਕਿੰਟ ਕਹਿੰਦੇ ਹਨ ਤਾਂ ਉਨ੍ਹਾਂ ਦਾ ਮਤਲਬ ਪੰਜ ਮਿੰਟ ਹੁੰਦਾ ਹੈ।…
… ਸੁਣੋ, ਇਸ ਦਾ ਆਖਰੀ ਵਾਕ ਸੁੰਦਰ ਹੈ- ‘ਬਿਰਹਾ’ ਜਾਂ ‘ਕੁਝ ਵੀ ਨਹੀਂ’, ਮੈਂ ਬਿਰਹਾ ਦੀ ਚੋਣ ਕਰਾਂਗੀ ਤੇ ਤੁਸੀਂ… ਤੁਸੀਂ ਕੀ ਚੁਣੋਗੇ?
ਮਿਸ਼ੇਲ ਪਾਇਕਾਡ: ਬਿਰਹਾ… ਨਿਰੀ ਮੂਰਖਤਾ, ਮੈਂ ‘ਕੁਝ ਵੀ ਨਹੀਂ` ਚੁਣਾਂਗਾ। ਇਹ ਬਿਹਤਰ ਤਾਂ ਨਹੀਂ ਪਰ ਬਿਰਹਾ ਤਾਂ ਸਮਝੌਤਾ ਹੈ। ਮੈਨੂੰ ਜਾਂ ਤਾਂ ‘ਸਾਰਾ ਕੁਝ` ਚਾਹੀਦਾ ਜਾਂ ‘ਕੁਝ ਵੀ ਨਹੀ`।
ਪੈਟਰੀਸ਼ੀਆ ਫ੍ਰੈਂਚਿਨੀ: ਤੂੰ ਬਜ਼ੁਰਗੀ ਤੋਂ ਡਰਦਾਂ? ਮੈਂ ਤਾਂ ਬਹੁਤ ਡਰਦੀ ਹਾਂ।…
… ਮੈਂ ਚਾਹੁੰਦੀ ਹਾਂ ਕਿ ਅਸੀਂ ਰੋਮੀਓ ਅਤੇ ਜੂਲੀਅਟ ਵਰਗੇ ਬਣੀਏ।
ਮਿਸ਼ੇਲ ਪਾਇਕਾਡ: ਇਹ ਜਮਾਂ ਤੀਵੀਆਂ ਆਲੀ ਗੱਲ ਆ!
ਪੈਟਰੀਸ਼ੀਆ ਫ੍ਰੈਂਚਿਨੀ: ਦੇਖੋ, ਤੁਸੀਂ ਪਿਛਲੀ ਰਾਤ ਕਿਹਾ ਸੀ ਕਿ ਤੁਸੀਂ ਮੇਰੇ ਬਿਨਾ ਨਹੀਂ ਰਹਿ ਸਕਦੇ ਪਰ ਤੁਸੀਂ ਚੰਗੇ-ਭਲੇ ਜੀ ਤਾਂ ਰਹੇ ਹੋ? ਰੋਮੀਓ ਜੂਲੀਅਟ ਤੋਂ ਬਿਨਾ ਨਹੀਂ ਰਹਿ ਸਕਦਾ ਸੀ ਪਰ ਤੁਸੀਂ ਤਾਂ ਬਹੁਤ ਅਰਾਮ ’ਚ ਹੋ।
ਮਿਸ਼ੇਲ ਪਾਇਕਾਡ: ਨਹੀਂ, ਮੈਂ ਤੇਰੇ ਬਿਨਾ ਨਹੀਂ ਜੀਅ ਸਕਦਾ।
ਪੈਟਰੀਸ਼ੀਆ ਫ੍ਰੈਂਚਿਨੀ: ਇਹ ਹੋਈ ਮਰਦ ਵਾਲੀ ਗੱਲ।
ਉਪਰੋਕਤ ਸੰਵਾਦ ਦੋਵਾਂ ਕਿਰਦਾਰਾਂ ਵਿਚ ਗਹਿਰੇ ਰਿਸ਼ਤੇ ਦੀ ਤਰਜਮਾਨੀ ਕਰਦੇ ਹਨ ਪਰ ਕਿਉਂਕਿ ਇਹ ਦੋਵੇਂ ਗੋਦਾਦ ਦੀ ਫਿਲਮ ਦੇ ਕਿਰਦਾਰ ਹਨ, ਅੰਤ ਵਿਚ ਇਸ ਫਿਲਮ ਦੇ ਬਿਰਤਾਂਤ ਮੁਤਾਬਿਕ ਪੈਟਰੀਸ਼ੀਆ ਫ੍ਰੈਂਚਿਨੀ ਨਾਮ ਦੀ ਇਹ ਕੁੜੀ ਆਪਣੇ ਪ੍ਰੇਮੀ ਮਿਸ਼ੇਲ ਪਾਇਕਾਡ ਬਾਰੇ ਪੁਲਿਸ ਕੋਲ ਮੁਖਬਰੀ ਕਰਦੀ ਹੈ ਤੇ ਉਹ ਸੜਕ ’ਤੇ ਭੰਗ ਦੇ ਭਾਣੇ ਮਾਰਿਆ ਜਾਂਦਾ ਹੈ।