ਚੋਣਾਂ ਵਿਚ ਮਾਝੇ ਦੇ ਵੱਡੇ ਆਗੂਆਂ ਦਾ ਵੱਕਾਰ ਦਾਅ ਉਤੇ ਲੱਗਾ

ਅੰਮ੍ਰਿਤਸਰ: ਮਾਝੇ ਦੇ ਤਿੰਨ ਲੋਕ ਸਭਾ ਹਲਕਿਆਂ ਵਿਚ ਇਸ ਵਾਰ ਦੋ ਮੌਜੂਦਾ ਮੰਤਰੀਆਂ, ਇਕ ਸਾਬਕਾ ਉਪ ਮੁੱਖ ਮੰਤਰੀ, ਦੋ ਸਾਬਕਾ ਮੰਤਰੀਆਂ ਅਤੇ ਇਕ ਮੌਜੂਦਾ ਲੋਕ ਸਭਾ ਮੈਂਬਰ ਦਾ ਵੱਕਾਰ ਦਾਅ ‘ਤੇ ਲੱਗਿਆ ਹੋਇਆ ਹੈ। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਜੋ ਮੌਜੂਦਾ ਮੈਂਬਰ ਪਾਰਲੀਮੈਂਟ ਵੀ ਹਨ ਅਤੇ ਇਕ ਸਾਬਕਾ ਅਕਾਲੀ ਮੰਤਰੀ ਅਨਿਲ ਜੋਸ਼ੀ ਜੋ ਅਕਾਲੀ ਦਲ ਵੱਲੋਂ ਚੋਣ ਮੈਦਾਨ ਵਿਚ ਹਨ, ਦਾ ਵੱਕਾਰ ਦਾਅ ‘ਤੇ ਲੱਗਿਆ ਹੋਇਆ ਹੈ।

ਇਸੇ ਤਰ੍ਹਾਂ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਅਕਾਲੀ ਦਲ ਦੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਮੈਦਾਨ ਵਿਚ ਹਨ। ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ‘ਆਪ` ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਮੁਕਾਬਲੇ ਵਿੱਚ ਹਨ। ਮਾਝੇ ਵਿਚ ਤਿੰਨ ਲੋਕ ਸਭਾ ਹਲਕਿਆਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਖਡੂਰ ਸਾਹਿਬ ਵਿਚ ਚੌਕੋਣਾ ਮੁਕਾਬਲਾ ਨਜ਼ਰ ਆ ਰਿਹਾ ਹੈ। ਉਂਝ ਖਡੂਰ ਸਾਹਿਬ ਹਲਕੇ ਤੋਂ ਪੰਜ ਵੱਡੀਆਂ ਧਿਰਾਂ ਮੈਦਾਨ ਵਿਚ ਹਨ। ਇਸ ਹਲਕੇ ਤੋਂ ਕਾਂਗਰਸ, ਆਪ, ਅਕਾਲੀ ਦਲ ਅਤੇ ਭਾਜਪਾ ਮਗਰੋਂ ਆਜ਼ਾਦ ਰੂਪ ਵਿਚ ਮੈਦਾਨ ਵਿਚ ਉਤਰੇ ਭਾਈ ਅੰਮ੍ਰਿਤਪਾਲ ਸਿੰਘ ਨੇ ਸਥਿਤੀ ਵਿਗਾੜੀ ਹੋਈ ਹੈ।
ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਵੱਲੋਂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਵਲੋਂ ਵੀ ਕਿਸਮਤ ਅਜ਼ਮਾਈ ਕੀਤੀ ਜਾ ਰਹੀ ਹੈ। ਉਧਰ, ‘ਆਪ` ਨੂੰ ਦੂਜੀਆਂ ਪਾਰਟੀਆਂ ਛੱਡ ਕੇ ਧੜਾਧੜ ਆ ਰਹੇ ਲੀਡਰਾਂ ਦਾ ਲਾਹਾ ਤਾਂ ਮਿਲ ਸਕਦਾ ਹੈ ਪਰ ਨਾਲ ਹੀ ਕੁਝ ਹਲਕਿਆਂ ਵਿਚ ਵਿਧਾਇਕਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਲੋਕਾਂ ਵੱਲੋਂ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਭਾਜਪਾ ਪਹਿਲਾਂ ਹੀ ਪਿੰਡਾਂ ਵਿਚ ਕਿਸਾਨਾਂ ਦੇ ਵਿਰੋਧ ਦਾ ਸ਼ਿਕਾਰ ਹੋਣ ਕਰਨ ਪੇਂਡੂ ਖੇਤਰਾਂ ਵਿੱਚ ਆਪਣੀ ਚੋਣ ਮੁਹਿੰਮ ਪੂਰੀ ਤਰ੍ਹਾਂ ਨਹੀਂ ਭਖਾ ਸਕੀ।
ਗੁਰਦਾਸਪੁਰ ਹਲਕੇ ਵਿਚ ਅਕਾਲੀ ਦਲ ਵੱਲੋਂ ਡੇਰਾ ਬਾਬਾ ਨਾਨਕ ਹਲਕੇ ਤੋਂ ਰਵੀਕਰਨ ਸਿੰਘ ਕਾਹਲੋਂ ਨੂੰ ਪਾਰਟੀ ਵਿਚੋਂ ਕੱਢਣ ਕਰਕੇ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਲਈ ਹਾਲਦੀ ਘੜੀ ਮੁਸੀਬਤ ਖੜ੍ਹੀ ਹੋ ਗਈ ਹੈ। ‘ਆਪ` ਉਮੀਦਵਾਰ ਸ਼ੈਰੀ ਕਲਸੀ ਦੀ ਮੁਹਿੰਮ ਨੂੰ ਦੂਜੀਆਂ ਪਾਰਟੀਆਂ ਛੱਡ ਕੇ ਆ ਰਹੇ ਲੀਡਰ ਹਾਲਦੀ ਘੜੀ ਹੁਲਾਰਾ ਜ਼ਰੂਰ ਦੇ ਰਹੇ ਹਨ ਪਰ ਇਨ੍ਹਾਂ ਵਿਚੋਂ ਕਿੰਨੀਆਂ ਵੋਟਾਂ ਬਣਦੀਆਂ ਹਨ, ਇਹ ਸਮਾਂ ਹੀ ਦੱਸੇਗਾ।