ਮਿਲਖਾ ਸਿੰਘ ਨਿੱਝਰ
ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਬਬਰ ਅਕਾਲੀ ਲਹਿਰ ਦਾ ਨਿਆਰਾ ਅਤੇ ਨਿਵੇਕਲਾ ਸਥਾਨ ਹੈ। ਬਬਰਾਂ ਬਾਰੇ ਕਿਤਾਬ ‘ਬਬਰ ਅਕਾਲੀ ਲਹਿਰ ਦਾ ਇਤਿਹਾਸ’ ਲਿਖਣ ਵਾਲੇ ਮਿਲਖਾ ਸਿੰਘ ਨਿੱਝਰ ਦੇ ਇਸ ਲੇਖ ਵਿਚ ਬਬਰਾਂ ਦੀਆਂ ਮੁਢਲੀਆਂ ਸਰਗਰਮੀਆਂ ਬਾਰੇ ਪਤਾ ਲੱਗਦਾ ਹੈ।
1920 ਵਿਚ ਭਾਈ ਕਿਸ਼ਨ ਸਿੰਘ, ਅਮਰ ਸਿੰਘ ਕੋਟ ਬਾੜੇ ਖਾਂ, ਨਰੈਣ ਸਿੰਘ ਚਾਟੀਵਿੰਡ, ਗੰਡਾ ਸਿੰਘ ਅਤੇ ਬੇਲਾ ਸਿੰਘ ਇਕੱਠੇ 35/2 ਸਿੱਖ ਪਲਟਨ ਅੰਬਾਲਾ ਛਾਉਣੀ ਵਿਚ ਸਨ। ਇਹਨਾਂ ਦਿਨਾਂ ਵਿਚ ਹੀ ਗੁਰਦੁਆਰਾ ਸੁਧਾਰ ਲਹਿਰ ਜ਼ੋਰ ਫੜ ਰਹੀ ਸੀ ਜੀਹਦਾ ਅਸਰ ਸਿੱਖ ਫ਼ੌਜੀਆਂ ਉੱਤੇ ਪੈਣਾ ਲਾਜ਼ਮੀ ਸੀ। ਦੂਜੇ ਬੰਨੇ ਮੁਲਕ ਵਿਚ ਰੌਲਟ ਐਕਟ 1918 ਜਾਰੀ ਹੋ ਗਿਆ ਸੀ। ਜਲਿ੍ਹਆਂਵਾਲੇ ਬਾਗ ਦਾ ਘੱਲੂਘਾਰਾ ਬੇਸ਼ੱਕ ਹੋਇਆ ਤਾਂ ਪੰਜਾਬ ਵਿਚ ਹੀ ਸੀ, ਇਹਦਾ ਅਸਰ ਸਾਰੇ ਮੁਲਕ ਵਿਚ ਬਹੁਤ ਬੁਰੀ ਤਰ੍ਹਾਂ ਹੋਇਆ। ਇਹਦੇ ਸਿੱਟੇ ਵਜੋਂ ਕਾਂਗਰਸ ਤਹਿਰੀਕ ਨੇ ਸਾਰੇ ਦੇਸ ਵਿਚ ਮਹਾਤਮਾ ਗਾਂਧੀ ਜੀ ਦੀ ਅਗਵਾਈ ਹੇਠ ਜ਼ੋਰ ਫੜ ਲਿਆ। ਉਧਰ ਫ਼ੌਜਾਂ ਦੀ ਛਾਂਟੀ ਨੇ ਵੀ ਆਮ ਫ਼ੌਜੀਆਂ ਵਿਚ ਰੋਸ ਜਗਾ ਛਡਿਆ ਸੀ ਜਿਸ ਕਰ ਕੇ ਜੁਸ਼ੀਲੇ ਫ਼ੌਜੀਆਂ ਵਿਚ ਅੰਗਰੇਜ਼ਾਂ ਵਿਰੁੱਧ ਨਫ਼ਰਤ ਵਧਣੀ ਸ਼ੁਰੂ ਹੋ ਗਈ। ਖੁਫ਼ੀਆ ਮੀਟਿੰਗਾਂ ਸ਼ੁਰੂ ਹੋ ਗਈਆਂ।
ਇਹਨਾਂ ਹੀ ਦਿਨਾਂ ਵਿਚ ਭਾਈ ਕਿਸ਼ਨ ਸਿੰਘ ਜੀ ਫ਼ੌਜ ਵਿਚ ਹੌਲਦਾਰ-ਮੇਜਰ ਸਨ। ਜੁਸ਼ੀਲੀ ਤਬੀਅਤ ਕਰ ਕੇ ਉਹਨਾਂ ਨੇ ਆਮ ਫ਼ੌਜੀਆਂ ਵਿਚ ਅੰਗਰੇਜ਼ਾਂ ਵਿਰੁੱਧ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਫੇਰ ਹਰ ਐਤਵਾਰ ਗੁਰਦੁਆਰੇ ਦੇ ਇਕੱਠ ਵਿਚ ਸੁਚੱਜੇ ਢੰਗ ਨਾਲ ਪਰਚਾਰ ਸ਼ੁਰੂ ਕਰ ਦਿੱਤਾ। ਤਦੋਂ ਹੀ ਨਨਕਾਣੇ ਸਾਹਿਬ ਦਾ ਖੂਨੀ ਸਾਕਾ ਵਾਪਰ ਗਿਆ ਅਤੇ ਦੇਖਦਿਆਂ-ਦੇਖਦਿਆਂ ਫ਼ੌਜੀਆਂ ਵਿਚ ਰੋਹ ਚੜ੍ਹਨਾ ਸ਼ੁਰੂ ਹੋ ਗਿਆ। ਭਾਈ ਕਿਸ਼ਨ ਸਿੰਘ ਜੀ ਨੇ ਗੁਰਦੁਆਰੇ ਦੇ ਜੋੜ ਮੇਲੇ ਵਿਚ ਖੁੱਲ੍ਹੀ ਬਗ਼ਾਵਤੀ ਤਕਰੀਰ ਕਰ ਕੇ ਫ਼ੌਜੀਆਂ ਨੂੰ ਲਲਕਾਰਿਆ। ਪਤਾ ਲਗਦਿਆਂ ਹੀ ਭਾਈ ਸਾਹਿਬ ਦਾ ਕੋਰਟ ਮਾਰਸ਼ਲ ਕਰ ਕੇ 28 ਦਿਨਾਂ ਦੀ ਕੁਆਰਟਰ-ਗਾਰਦ ਦੀ ਸਜ਼ਾ ਸੁਣਾ ਦਿਤੀ ਗਈ। ਸਜ਼ਾ ਮੁਕਦਿਆਂ ਹੀ ਉਹਨਾਂ ਨੂੰ ਹੌਲਦਾਰ-ਮੇਜਰ ਦੀ ਪੈਨਸ਼ਨ ਦੇ ਕੇ ਫ਼ੌਜ ਦੀ ਨੌਕਰੀ ਤੋਂ ਛੁੱਟੀ ਕਰ ਦਿੱਤੀ ਗਈ। ਅੰਗਰੇਜ਼ਾਂ ਦੇ ਭਰਤੀ ਕੀਤੇ ਗਰੰਥੀ ਤਾਂ ਹਮੇਸ਼ਾ ਸਰਕਾਰ ਦੀ ਤਾਬਿਆਦਾਰੀ ਲਈ ਪ੍ਰੇਰਿਆ ਕਰਦੇ ਸਨ ਅਤੇ ਬੜੇ ਅਜੀਬ-ਅਜੀਬ ਮਨਘੜਤ ਕਿੱਸੇ ਜੋੜ-ਜੋੜ ਫ਼ੌਜੀਆਂ ਨੂੰ ਸਮਝਾਇਆ ਕਰਦੇ ਸਨ। ਉਹ ਆਖਦੇ ਸਨ ਕਿ ਅੰਗਰੇਜ਼ ਗੁਰੂ ਜੀ ਦੇ ਟੋਪੀ ਵਾਲੇ ਸਿੱਖ ਹਨ। ਅਜਿਹੀ ਕਥਾ ਮੈਂ ਵੀ ਨਿਆਣੇ ਹੁੰਦਿਆਂ ਠੱਟੇ ਟਿੱਬੇ ਵਾਲੇ ਉਸ ਵੇਲੇ ਦੇ ਪ੍ਰਸਿੱਧ ਰਾਗੀ ਭਾਈ ਜਵਾਲਾ ਸਿੰਘ ਜੀ ਤੋਂ ਸੁਣੀ ਸੀ। ਇਹ ਗਰੰਥੀ ਲੋਕ ਫ਼ੌਜੀਆਂ ਨੂੰ ਅਜਿਹੀਆ ਗੱਲਾਂ ਸੁਣਾ ਕੇ ਅੰਗਰੇਜ਼ ਭਗਤੀ ਸਿਖਾਇਆ ਕਰਦੇ ਸਨ। ਇਹ ਕਥਾ ਇਉਂ ਸੀ:
“ਜਿਸ ਵੇਲੇ ਗੁਰੂ ਤੇਗ ਬਹਾਦਰ ਜੀ ਔਰੰਗਜ਼ੇਬ ਦੀ ਕੈਦ ਵਿਚ ਚਾਂਦਨੀ ਚੌਕ ਦੀ ਹਵਾਲਾਤ ਵਿਖੇ ਬੰਦ ਸਨ ਤਾਂ ਇਕ ਦਿਨ ਉਹ ਕੇਸੀ ਅਸ਼ਨਾਨ ਕਰ ਕੇ ਕੋਤਵਾਲੀ ਉਤੇ ਖੜ੍ਹੇ ਕੇਸ ਸੁਕਾ ਰਹੇ ਸਨ। ਤਰਕਾਲਾਂ ਵੇਲੇ ਉਹ ਅੱਖਾਂ ਉਤੇ ਹੱਥ ਰੱਖ ਕੇ ਲਹਿੰਦੇ ਪਾਸੇ ਬੜੇ ਗਹੁ ਨਾਲ ਦੇਖੀ ਜਾ ਰਹੇ ਸਨ। ਇਕ ਸੇਵਕ ਨੇ ਪੁੱਛਿਆ, ‘ਮਹਾਰਾਜ, ਕੀ ਦੇਖੀ ਜਾ ਰਹੇ ਹੋ?` ਤਾਂ ਗੁਰੂ ਜੀ ਨੇ ਫਰਮਾਇਆ, ‘ਸਿੱਖਾ, ਮੈਂ ਆਪਣੇ ਟੋਪੀ ਵਾਲੇ ਸਿੱਖਾਂ ਨੂੰ ਦੇਖ ਰਿਹਾ ਹਾਂ ਕਿ ਉਹ ਹਾਲੇ ਕਿੰਨੀ ਕੁ ਦੂਰ ਹਨ ਜਿਹੜੇ ਇਸ ਜ਼ਾਲਮ ਰਾਜ ਨੂੰ ਖ਼ਤਮ ਕਰਨ ਲਈ ਆ ਰਹੇ ਹਨ।” ਇਸ ਪਰਕਾਰ ਚਲਾਕ ਅੰਗਰੇਜ਼ ਨੇ ਸਾਡੇ ਧਾਰਮਿਕ ਆਗੂ ਜਿਨ੍ਹਾਂ ਉਤੇ ਅਸੀਂ ਪੂਰੀ-ਪੂਰੀ ਸ਼ਰਧਾ ਰਖਦੇ ਸੀ, ਕਿਹੋ ਜਿਹੇ ਹੱਥ-ਠੋਕੇ ਬਣਾਏ ਹੋਏ ਸਨ। ਉਹ ਆਖਦੇ ਸਨ ਕਿ ਅੰਗਰੇਜ਼ਾਂ ਦਾ ਰਾਜ ਸਾਡੇ ਗੁਰੂ ਮਹਾਰਾਜ ਜੀ ਦੇ ਅਸ਼ੀਰਵਾਦ ਜਾਂ ਹੁਕਮ ਸਦਕਾ ਹੀ ਕਾਇਮ ਹੋਇਆ ਹੈ।
ਸੋ ਭਾਈ ਕਿਸ਼ਨ ਸਿੰਘ ਜੀ ਆਉਂਦਿਆਂ ਹੀ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਥਾਪੇ ਗਏ। ਕੁਦਰਤ ਨੇ ਉਹਨਾਂ ਦੀ ਜ਼ਬਾਨ ਵਿਚ ਰਸ ਘੋਲ ਛੱਡਿਆ ਸੀ। ਜਿਹੜਾ ਇਕ ਵਾਰ ਉਹਨਾਂ ਦੀ ਤਕਰੀਰ ਸੁਣ ਲੈਂਦਾ, ਬੱਸ ਉਹਨਾਂ ਦਾ ਹੀ ਹੋ ਜਾਂਦਾ। ਇਹੋ ਕਾਰਨ ਸੀ ਕਿ ਸਾਡੇ ਵਰਗੇ ਨੌਵੀਂ ਵਿਚ ਪੜ੍ਹਦੇ ਛੋਕਰੇ ਉਹਨਾਂ ਦੇ ਹਰ ਹੁਕਮ ਦੀ ਤਾਮੀਲ ਲਈ ਤਤਪਰ ਰਹਿੰਦੇ ਸਨ।
ਭਾਈ ਕਿਸ਼ਨ ਸਿੰਘ ਜੀ ਪੈਨਸ਼ਨ ਆਉਣ ਤੋਂ ਪਹਿਲਾਂ ਬਗਾਵਤ ਦੀ ਜਿਹੜੀ ਚੰਗਿਆੜੀ ਆਪਣੀ ਪਲਟਨ ਵਿਚ ਸੁੱਟ ਆਏ ਸਨ, ਉਹ ਹੁਣ ਆਪਣਾ ਚਮਤਕਾਰ ਦਿਖਾਉਣ ਲਗ ਪਈ। ਇਸੇ ਪਲਟਨ ਦੇ ਫ਼ੌਜੀਆਂ ਦੀ ਡਿਉਟੀ ਹਵਾਈ ਅੱਡੇ ਦੇ ਮੈਗਜ਼ੀਨ ਉਤੇ ਪਹਿਰਾ ਦੇਣ ਲਈ ਲੱਗਿਆ ਕਰਦੀ ਸੀ। ਇਕ ਦਿਨ ਭਾਈ ਸਾਹਿਬ ਦੇ ਹਮ-ਖ਼ਿਆਲ ਸਾਥੀਆਂ ਗੰਡਾ ਸਿੰਘ, ਬੇਲਾ ਸਿੰਘ ਅਤੇ ਬੂੜ ਸਿੰਘ ਦੀ ਡਿਉਟੀ ਲੱਗ ਗਈ। ਇਹਨਾਂ ਤਿੰਨਾਂ ਨੇ ਹੀ ਮੈਗਜ਼ੀਨ ਵਿਚੋਂ ਹਥਿਆਰ ਅਤੇ ਗੋਲੀ-ਸਿੱਕਾ ਚੁਰਾਉਣ ਦੀ ਪੱਕੀ ਸਲਾਹ ਬਣਾ ਲਈ। ਸੋ ਬੇਲਾ ਸਿੰਘ ਬੈਰਕ ਦੇ ਪਿਛਲੇ ਪਾਸੇ ਚਲਿਆ ਗਿਆ। ਉਹਨੇ ਬੜੀ ਚੌਕਸੀ ਨਾਲ ਤਾਕੀ ਦਾ ਸ਼ੀਸ਼ਾ ਤੋੜ ਲਿਆ ਅਤੇ ਤਾਕੀ ਦੀ ਚਿਟਕਣੀ ਖੋਲ੍ਹ ਕੇ ਅੰਦਰ ਜਾ ਵੜਿਆ। ਤਿੰਨ ਪੱਕੀਆਂ ਰਾਈਫ਼ਲਾਂ, ਸੱਤ ਰੀਵਾਲਵਰ ਅਤੇ ਢੇਰ ਸਾਰੀਆਂ ਇਹਨਾਂ ਦੀਆਂ ਗੋਲੀਆਂ ਸਹਿਜੇ-ਸਹਿਜੇ ਬਾਹਰ ਸੁੱਟ ਲਈਆਂ। ਫੇਰ ਬਾਹਰ ਆ ਕੇ ਆਪਣੇ ਸਾਥੀਆਂ ਨੂੰ ਨਾਲ ਲੈ ਤਿੰਨੇ ਪੱਕੀਆਂ ਰਾਈਫ਼ਲਾਂ ਅਤੇ ਤਿੰਨ ਰੀਵਾਲਵਰ ਵਿਉਂਤ ਮੁਤਾਬਿਕ ਨਾਲ ਲਿਆਂਦੇ ਕੱਪੜਿਆਂ ਵਿਚ ਚੰਗੀ ਤਰ੍ਹਾਂ ਲਪੇਟ ਕੇ ਇਕ ਥਾਂ ਝਾੜੀਆਂ ਵਿਚ ਦੱਬ ਦਿਤੇ। ਚਾਰ ਰੀਵਾਲਵਰ ਅਤੇ ਲੋੜ ਮੁਤਾਬਿਕ ਗੋਲੀਆਂ ਲੈ ਕੇ ਗੰਡਾ ਸਿੰਘ ਅਤੇ ਬੇਲਾ ਸਿੰਘ ਪਲਟਨ ਵਿਚੋਂ ਮਫ਼ਰੂਰ ਹੋ ਗਏ। ਭਗੌੜੇ ਹੋਣ ਤੋਂ ਪਹਿਲਾਂ ਉਹ ਇਸ ਦੱਬੇ ਹੋਏ ਅਸਲੇ ਦਾ ਪਤਾ ਆਪਣੇ ਸਾਥੀ ਨਰੈਣ ਸਿੰਘ ਚਾਟੀਵਿੰਡ ਜ਼ਿਲ੍ਹਾ ਅੰਮ੍ਰਿਤਸਰ ਨੂੰ ਠੀਕ-ਠੀਕ ਦਸਦੇ ਗਏ।
1921 ਦੇ ਇਹਨਾਂ ਦਿਨਾਂ ਵਿਚ ਹੀ ਹੁਸ਼ਿਆਰਪੁਰ ਵਿਖੇ ਬੜੀ ਭਾਰੀ ਅਕਾਲੀ ਕਾਨਫ਼ਰੰਸ ਹੋਈ ਜਿਸ ਵਿਚ ਪੰਜਾਬ ਵਿਚੋਂ ਸਾਰੇ ਅਕਾਲੀ ਆਗੂ ਸ਼ਾਮਲ ਹੋਏ। ਅੰਗਰੇਜ਼ਾਂ ਵਿਰੁੱਧ ਧੂੰਆਂ-ਧਾਰ ਤਕਰੀਰਾਂ ਹੋਈਆਂ। ਪ੍ਰਮੁੱਖ ਆਗੂਆਂ ਦੀ ਵੱਖਰੀ ਖ਼ੁਫੀਆ ਮੀਟਿੰਗ ਹੋਈ ਜਿਸ ਵਿਚ ਹੇਠ ਲਿਖੇ ਵਿਅਕਤੀਆਂ ਨੇ ਹਿੱਸਾ ਲਿਆ:
ਮਾਸਟਰ ਮੋਤਾ ਸਿੰਘ, ਭਾਈ ਕਿਸ਼ਨ ਸਿੰਘ, ਅਮਰ ਸਿੰਘ ਗਰੰਥੀ (ਬਾਅਦ ਵਿਚ ਵਾਇਦਾ-ਮੁਆਫ਼ ਬਣਿਆ) ਪਿੰਡ ਕੋਟ ਬਾੜੇ ਖਾਂ, ਚਤਰ ਸਿੰਘ, ਸ਼ੰਕਰ ਸਿੰਘ ਪੰਡੋਰੀ ਬੀਬੀ ਜ਼ਿਲ੍ਹਾ ਹੁਸ਼ਿਆਰਪੁਰ, ਅਮਰ ਸਿੰਘ ਦਿੱਲੀ, ਬਿਜਲਾ ਸਿੰਘ ਪਟਿਆਲਾ, ਗੁਰਬਚਨ ਸਿੰਘ ਪਿੰਡ ਅੰਬਾਲਾ ਜ਼ਿਲ੍ਹਾ ਹੁਸ਼ਿਆਰਪੁਰ, ਵਤਨ ਸਿੰਘ ਕਾਹਰੀ ਸਾਹਰੀ ਕੈਨੇਡੀਅਨ, ਚੈਂਚਲ ਸਿੰਘ ਜੰਡਿਆਲਾ, ਨਰੈਣ ਸਿੰਘ ਚਾਟੀਵਿੰਡ, ਤੋਤਾ ਸਿੰਘ ਪਸ਼ੌਰੀ ਅਤੇ ਦੋਨੋਂ ਭਗੌੜੇ ਗੰਡਾ ਸਿੰਘ ਅਤੇ ਬੇਲਾ ਸਿੰਘ ਜਿਨ੍ਹਾਂ ਨੇ ਰੀਵਾਲਵਰ ਚੁਰਾਏ ਸਨ।
ਉਹਨਾਂ ਦਿਨਾਂ ਵਿਚ ਅਕਾਲੀਆਂ ਨੂੰ ਪੂਰਾ ਯਕੀਨ ਹੋ ਚੁੱਕਿਆ ਸੀ ਕਿ ਨਨਕਾਣਾ ਸਾਹਿਬ ਦੇ ਕਤਲਾਂ ਵਿਚ ਸ਼ੇਖੂਪੁਰੇ ਵਾਲੇ ਡਿਪਟੀ ਕਮਿਸ਼ਨਰ ਕਿੰਗ ਅਤੇ ਪੁਲਸ ਕਪਤਾਨ ਬੌਰਿੰਗ, ਦੋਨੋਂ ਅੰਗਰੇਜ਼ ਅਫਸਰਾਂ ਦੇ ਨਾਲ-ਨਾਲ ਬੇਦੀ ਕਰਤਾਰ ਸਿੰਘ, ਮਹੰਤ ਬਸੰਤ ਦਾਸ ਮਾਣਕ, ਮਹੰਤ ਦੇਵਾ ਦਾਸ ਨਨਕਾਣਾ ਸਾਹਿਬ ਅਤੇ ਸਰਦਾਰ ਬਹਾਦਰ ਸਰਦਾਰ ਸੁੰਦਰ ਸਿੰਘ ਮਜੀਠੀਏ ਦਾ ਸਿੱਧਾ ਹੱਥ ਹੈ। ਇਹਨਾਂ ਸਾਰਿਆਂ ਦੀ ਰਜ਼ਾਮੰਦੀ ਨਾਲ ਹੀ ਮਹੰਤ ਨਰੈਣ ਦਾਸ ਨੇ ਏਡਾ ਵੱਡਾ ਖੂਨ-ਖ਼ਰਾਬਾ ਕੀਤਾ ਹੈ। ਏਨੇ ਹਥਿਆਰ ਅਤੇ ਬਦਮਾਸ਼ਾਂ ਦਾ ਇਕੱਠ ਪੁਲਸ ਦੀਆਂ ਅੱਖਾਂ ਤੋਂ ਕਿਵੇਂ ਲੁਕਿਆ ਰਹਿ ਸਕਦਾ ਸੀ ਜਦੋਂ ਕਿ ਪੁਲਸ ਦਾ ਥਾਣਾ ਬਿਲਕੁਲ ਗੁਰਦੁਆਰੇ ਦੇ ਨਾਲ ਹੀ ਸੀ। ਬਦਮਾਸ਼ ਖੁਲ੍ਹੇਆਮ ਅਸਲਾ ਚੁੱਕੀ ਫਿਰਦੇ ਸਨ। ਮਾਸ ਅਤੇ ਸ਼ਰਾਬਾਂ ਉਡ ਰਹੀਆਂ ਸਨ।
ਸੋ ਇਸੇ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਇਹਨਾਂ ਵਿਚੋਂ ਜਿੰਨਿਆਂ ਨੂੰ ਹੋ ਸਕੇ, ਕਤਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਅਗੋਂ ਲਈ ਇਹਨਾਂ ਨੂੰ ਅਤੇ ਅੰਗਰੇਜ਼ ਦੇ ਹੋਰ ਹੱਥ-ਠੋਕਿਆਂ ਨੂੰ ਕੰਨ ਹੋ ਜਾਣ ਅਤੇ ਉਹ ਗੁਰਦੁਆਰਿਆਂ ਦੇ ਸੁਧਾਰ ਵਿਚ ਰੋੜਾ ਬਨਣ ਦੀ ਹਿੰਮਤ ਨਾ ਕਰਨ।
ਉਸੇ ਵੇਲੇ ਤੋਤਾ ਸਿੰਘ ਪਸ਼ੌਰੀ ਨੂੰ ਫਰੰਟੀਅਰ ਵੱਲ ਭੇਜ ਦਿੱਤਾ ਗਿਆ ਕਿ ਉਹ ਹੋਰ ਹਥਿਆਰ ਅਤੇ ਗੋਲੀ-ਸਿੱਕਾ ਲੈ ਆਵੇ ਜਿਹੜਾ ਉਧਰ ਸੁਖਾਲਿਆਂ ਹੀ ਮਿਲ ਜਾਂਦਾ ਸੀ। ਸੋ ਤੋਤਾ ਸਿੰਘ ਜਾ ਕੇ ਕੁਝ ਰੀਵਾਲਵਰ, ਬੰਬ ਅਤੇ ਗੋਲ-ਸਿੱਕਾ ਲੈ ਆਇਆ। ਇਸ ਮੀਟਿੰਗ ਦੀ ਥਾਂ ਬਾਰੇ ਕੁਝ ਮਤਭੇਦ ਜ਼ਰੂਰ ਹਨ। ਬਾਅਦ ਵਿਚ ਜਦੋਂ ਗੰਡਾ ਸਿੰਘ, ਗਰੰਥੀ ਅਮਰ ਸਿੰਘ ਅਤੇ ਚਤਰ ਸਿੰਘ ਫੜੇ ਗਏ ਤਾਂ ਉਹਨਾਂ ਨੇ ਪੁਲਸ ਨੂੰ ਦੱਸਿਆ ਕਿ ਇਹ ਮੀਟਿੰਗ ਅੰਮ੍ਰਿਤਸਰ ਗੁਰੂ ਕੇ ਬਾਗ ਵਿਚ ਹੋਈ ਸੀ ਪਰ ਸਾਰੇ ਇਸ ਗੱਲ ਉਤੇ ਸਹਿਮਤ ਸਨ ਕਿ ਇਹ ਮੀਟਿੰਗ ਹੋਈ ਜ਼ਰੂਰ ਸੀ, ਬੰਦੇ ਵੀ ਇਹੋ ਸਨ ਅਤੇ ਫ਼ੈਸਲਾ ਵੀ ਇਹੋ ਹੀ ਹੋਇਆ ਸੀ। ਤੋਤਾ ਸਿੰਘ ਪਸ਼ੌਰੀ ਅਸਲਾ ਅਤੇ ਬੰਬ ਵੀ ਲਿਆਇਆ ਸੀ।
ਨਨਕਾਣੇ ਸਾਹਿਬ ਦੇ ਸਾਕੇ ਪਿਛੋਂ ਮਿਸਟਰ ਕਿੰਗ ਅਤੇ ਬੌਰਿੰਗ ਤਬਦੀਲ ਹੋ ਕੇ ਲਾਹੌਰ ਆ ਚੁੱਕੇ ਸਨ। ਭਗੌੜੇ ਗੰਡਾ ਸਿੰਘ ਅਤੇ ਬੇਲਾ ਸਿੰਘ ਦੀ ਡਿਉਟੀ ਮਿਸਟਰ ਬੌਰਿੰਗ ਪੁਲਸ ਕਪਤਾਨ ਲਾਹੌਰ ਨੂੰ ਕਤਲ ਕਰਨ ਦੀ ਲਾਈ ਗਈ। ਉਹਨਾਂ ਹੀ ਦਿਨਾਂ ਵਿਚ, ਭਾਵ ਮਈ 1921 ਵਿਚ ਰੋਜ਼ਾਨਾ ‘ਅਕਾਲੀ’ ਅਖ਼ਬਾਰ ਪੂਰੇ ਜ਼ੋਰ-ਸ਼ੋਰ ਨਾਲ ਲਾਹੌਰੋਂ ਨਿਕਲ ਰਿਹਾ ਸੀ ਜਿਸ ਵਿਚ ਚਤਰ ਸਿੰਘ ਜੇਠੂਵਾਲ ਅਤੇ ਸਾਧੂ ਸਿੰਘ ਕੰਮ ਕਰ ਰਹੇ ਸਨ। ਬਿਜਲਾ ਸਿੰਘ ਨੇ ਸਿਫ਼ਾਰਸ਼ੀ ਚਿੱਠੀ ਉਹਨਾਂ ਦੋਹਾਂ ਦੇ ਨਾਂ ਲਿਖ ਕੇ ਗੰਡਾ ਸਿੰਘ ਅਤੇ ਬੇਲਾ ਸਿੰਘ ਨੂੰ ਸਮਝਾਇਆ ਕਿ ਤੁਸੀਂ ਜਾ ਕੇ ਦੋਹਾਂ ਨੂੰ ਮਿਲੋ ਅਤੇ ਸਾਰੀ ਵਿਉਂਤ ਜ਼ਬਾਨੀ ਦੱਸ ਦਿਉ, ਉਹ ਤੁਹਾਡੀ ਇਸ ਕੰਮ ’ਚ ਪੂਰੀ-ਪੂਰੀ ਮਦਦ ਕਰਨਗੇ। ਇਹਨਾਂ ਦੋਹਾਂ ਕੋਲ ਅੰਬਾਲੇ ਵਾਲੇ ਰੀਵਾਲਵਰ ਤਾਂ ਪਹਿਲਾਂ ਹੀ ਸਨ ਪਰ ਗੰਡਾ ਸਿੰਘ ਕੋਲ ਛੁਰਾ ਵੀ ਸੀ।
ਗੰਡਾ ਸਿੰਘ ਅਤੇ ਬੇਲਾ ਸਿੰਘ ਸਿਫ਼ਾਰਸ਼ੀ ਚਿੱਠੀ ਲੈ ਕੇ ‘ਅਕਾਲੀ’ ਅਖ਼ਬਾਰ ਦੇ ਦਫ਼ਤਰ ਲਾਹੌਰ ਜਾ ਪੁੱਜੇ ਅਤੇ ਸਾਧੂ ਸਿੰਘ ਤੇ ਚਤਰ ਸਿੰਘ ਨੂੰ ਜਾ ਮਿਲੇ। ਜਿਸ ਮਨੋਰਥ ਲਈ ਉਹਨਾਂ ਕੋਲ ਪੁੱਜੇ ਸਨ, ਉਸੇ ਵੇਲੇ ਸਾਧੂ ਸਿੰਘ ਦੋਹਾਂ ਨੂੰ ਨਾਲ ਲੈ ਕੇ ਗੁਰਦੁਆਰਾ ਚੁਮਾਹਲਾ ਸਾਹਿਬ ਭਾਟੀ ਦਰਵਾਜ਼ੇ ਅੰਦਰ ਗਰੰਥੀ ਭਾਈ ਪ੍ਰੇਮ ਸਿੰਘ ਨੂੰ ਜਾ ਮਿਲਿਆ ਅਤੇ ਕਿਹਾ ਕਿ ਤੁਸੀਂ ਇਥੇ ਠਹਿਰੋ, ਮੈਂ ਬੌਰਿੰਗ ਦਾ ਪੂਰਾ-ਪੂਰਾ ਥਹੁ-ਪਤਾ ਲੈ ਕੇ ਪਰਸੋਂ ਤੁਹਾਨੂੰ ਨਾਲ ਲੈ ਕੇ ਸਾਹਿਬ ਦੀ ਕੋਠੀ ਪੁਚਾ ਦਿਆਂਗਾ। ਸੋ ਅਗਲੇ ਦਿਨ ਸਾਧੂ ਸਿੰਘ ਨੇ ਇਹਨਾਂ ਦੋਹਾਂ ਨੂੰ ਬੌਰਿੰਗ ਦੀ ਕੋਠੀ ਪੁਚਾਉਣ ਦਾ ਬੰਦੋਬਸਤ ਬੜੇ ਸੁਚੱਜੇ ਢੰਗ ਨਾਲ ਕਰ ਲਿਆ। ਤੀਜੇ ਦਿਨ ਸਵੇਰੇ ਮੂੰਹ-ਹਨੇਰੇ ਹੀ ਸਾਧੂ ਸਿੰਘ ਚੁਮਾਹਲਾ ਸਾਹਿਬ ਗੁਰਦੁਆਰੇ ਆ ਹਾਜ਼ਰ ਹੋਇਆ ਅਤੇ ਉਸੇ ਵੇਲੇ ਦੋਹਾਂ ਨੂੰ ਨਾਲ ਲੈ ਕੇ ਮਿਸਟਰ ਬੌਰਿੰਗ ਦੇ ਬੰਗਲੇ ਜਾ ਪੁਜਿਆ। ਬੇਲਾ ਸਿੰਘ ਨੂੰ ਬਾਹਰ ਖੜ੍ਹਾ ਕਰ ਕੇ ਸਾਧੂ ਸਿੰਘ ਗੰਡਾ ਸਿੰਘ ਨੂੰ ਨਾਲ ਲੈ ਅੰਦਰ ਚਲਿਆ ਗਿਆ। ਸਾਹਿਬ ਦੇ ਕਮਰੇ ਦੇ ਬਾਹਰ ਬਰਾਂਡੇ ਵਿਚ ਬੈਠੇ ਅਰਦਲੀ ਨੂੰ ਸਾਧੂ ਸਿੰਘ ਨੇ ਕਿਹਾ ਕਿ ਇਹਨਾਂ ਨੇ ਸਾਹਿਬ ਤੋਂ ਮਜ਼ਦੂਰੀ ਦੇ ਪੈਸੇ ਲੈਣੇ ਹਨ। ਇਹਨਾਂ ਨੇ ਸਾਹਿਬ ਦਾ ਬਿਜਲੀ ਦਾ ਕੰਮ ਕੀਤਾ ਹੈ। ਸੋ ਤੂੰ ਇਹਨਾਂ ਨੂੰ ਸਾਹਿਬ ਨਾਲ ਮਿਲਾ ਦੇ।
ਅਰਦਲੀ ਨੇ ਦੱਸਿਆ ਕਿ ਸਾਹਿਬ ਘਰ ਨਹੀਂ ਹਨ ਅਤੇ ਨਾ ਹੀ ਉਹਨਾਂ ਨੇ ਘਰ ਆਉਣਾ ਹੈ ਕਿਉਂਕਿ ਉਹ ਅੱਜ ਲੌਢੇ ਵੇਲੇ ਤਿੰਨ ਵਜੇ ਵਾਲੀ ਰੇਲ ਉਤੇ ਅੰਮ੍ਰਿਤਸਰ ਜਾ ਰਹੇ ਹਨ। ਉਧਰੋਂ ਹੀ ਉਹਨਾਂ ਨੇ ਸਿੱਧੇ ਸਟੇਸ਼ਨ ਚਲੇ ਜਾਣਾ ਹੈ।
ਸਾਧੂ ਸਿੰਘ ਬੇਲਾ ਸਿੰਘ ਨੂੰ ਨਾਲ ਲੈ ਕੇ ਰੇਲਵੇ ਸਟੇਸ਼ਨ ਲਾਗੇ ਲੰਡਾ ਬਾਜ਼ਾਰ ਵਿਚ ਭਾਈ ਤਾਰੂ ਸਿੰਘ ਜੀ ਦੇ ਗੁਰਦੁਆਰੇ ਆ ਗਿਆ। ਉਹਨੇ ਦੋਹਾਂ ਨੂੰ ਸਲਾਹ ਦਿੱਤੀ ਕਿ ਉਹ ਵੀ ਉਸੇ ਗੱਡੀ ਉਤੇ ਅੰਮ੍ਰਿਤਸਰ ਨੂੰ ਚੜ੍ਹ ਜਾਣ। ਜਦੋਂ ਸਾਹਿਬ ਬਾਹਰ ਨਿਕਲਣ ਲੱਗੇ, ਉਸੇ ਵੇਲੇ ਗੋਲੀ ਮਾਰ ਕੇ ਤਿੱਤਰ ਹੋ ਜਾਣ। ਅੰਮ੍ਰਿਤਸਰ ਪਹਿਲਾਂ ਹੀ ਅਕਾਲੀਆਂ ਦਾ ਜ਼ੋਰ ਹੈ ਜਿਸ ਕਰ ਕੇ ਸਾਹਿਬ ਨੂੰ ਕਤਲ ਕਰਨ ਪਿਛੋਂ ਬਚ ਨਿਕਲਣਾ ਵੀ ਸੁਖਾਲਾ ਰਹੇਗਾ। ਇਸੇ ਸਕੀਮ ਉਤੇ ਅਮਲ ਕਰਨ ਲਈ ਦੋਵੇਂ ਰਜ਼ਾਮੰਦ ਹੋ ਗਏ।
ਉਸ ਵੇਲੇ ਸਾਧੂ ਸਿੰਘ ਨੂੰ ਪਤਾ ਸੀ ਕਿ ਦੋਹਾਂ ਕੋਲ ਭਰੇ ਹੋਏ ਰੀਵਾਲਵਰ ਹਨ ਅਤੇ ਗੰਡਾ ਸਿੰਘ ਕੋਲ ਛੁਰਾ ਵੀ ਹੈ। ਸੋ ਤਿੰਨੇ ਸਾਥੀ ਗੁਰਦੁਆਰੇ ਵਿਚ ਚਲੇ ਗਏ।
ਸਾਧੂ ਸਿੰਘ ਉਹਨਾਂ ਨੂੰ ਅੰਦਰ ਬਿਠਾ ਕੇ ਚਲਿਆ ਗਿਆ ਅਤੇ ਆਖ ਗਿਆ ਕਿ ਮੈਂ ਵੇਲੇ ਸਿਰ ਮੁੜ ਆਵਾਂਗਾ ਅਤੇ ਤੁਹਾਨੂੰ ਰੇਲ ਚੜ੍ਹਾ ਦਿਆਂਗਾ। ਉਹਨਾਂ ਨੇ ਗੁਰਦੁਆਰੇ ਵਿਚੋਂ ਹੀ ਲੰਗਰ ਛਕਿਆ ਅਤੇ ਸਾਧੂ ਸਿੰਘ ਦੀ ਉਡੀਕ ਕਰਨ ਲੱਗ ਪਏ। ਸਾਧੂ ਸਿੰਘ ਗੁਰਦੁਆਰਿਉਂ ਦੋਹਾਂ ਨੂੰ ਨਾਲ ਲੈ ਕੇ ਸਟੇਸ਼ਨ ਉਤੇ ਆ ਗਿਆ। ਦੋਹਾਂ ਨੂੰ ਪਹਿਲਾਂ ਗੇਟ ਤੋਂ ਅੰਦਰ ਲੰਘਾ ਕੇ ਕਿਹਾ ਕਿ ਤੁਸੀਂ ਉਹਨਾਂ ਦੋਹਾਂ ਰੇਲ ਡੱਬਿਆਂ ਦੇ ਸਾਹਮਣੇ ਜਾ ਕੇ ਬੈਂਚ ਉਤੇ ਬੈਠੋ, ਮੈਂ ਤੁਹਾਡੇ ਲਈ ਅੰਮ੍ਰਿਤਸਰ ਦੇ ਦੋ ਟਿਕਟ ਲੈ ਆਵਾਂ ਕਿਉਂਕਿ ਬਾਕੀ ਰੇਲ ਵੀ ਇਹਨਾਂ ਡੱਬਿਆਂ ਦੇ ਨਾਲ ਹੀ ਆ ਜੁੜਨੀ ਹੈ। ਇਹ ਦੋਨੋਂ ਬੈਂਚ ਉਤੇ ਜਾ ਬੈਠੇ।
ਕੁਝ ਚਿਰ ਮਗਰੋਂ ਸਾਧੂ ਸਿੰਘ ਟਿਕਟ ਲੈ ਕੇ ਪੁੱਜ ਗਿਆ। ਅੰਮ੍ਰਿਤਸਰ ਦੇ ਟਿਕਟਾਂ ਦੀ ਥਾਂ ਦੋ ਪਲੈਟਫਾਰਮ ਟਿਕਟ ਉਹਨਾਂ ਨੂੰ ਦੇ ਕੇ ਆਖਿਆ, “ਆਉ, ਤੁਸੀਂ ਇਸ ਖ਼ਾਲੀ ਡੱਬੇ ਵਿਚ ਬੈਠ ਜਾਉ, ਬਾਕੀ ਡੱਬੇ ਲੱਗਣ ਹੀ ਵਾਲੇ ਹਨ। ਅੰਮ੍ਰਿਤਸਰ ਪੁੱਜ ਕੇ ਕੰਮ ਸਿਰੇ ਚੜ੍ਹਾ ਲੈਣਾ। ਗੋਰਾ ਅੰਗਰੇਜ਼ ਪਛਾਨਣਾ ਕਿਹੜਾ ਔਖਾ ਹੈ। ਨਾਲੇ ਮੋਢਿਆਂ ਉਤੇ ਸਟਾਰਾਂ ਵਾਲੀ ਵਰਦੀ ਤਾਂ ਦੂਰੋਂ ਪਛਾਣੀ ਜਾਂਦੀ ਹੈ ਕਿ ਇਹੋ ਪੁਲਸ ਕਪਤਾਨ ਹੈ। ਬਾਕੀ ਅਮਲਾ-ਫੈਲਾ ਤਾਂ ਦੋ ਕਦਮ ਪਿੱਛੇ ਹੀ ਹੁੰਦਾ ਹੈ।” ਫਤਿਹ ਬੁਲਾ ਕੇ ਸਾਧੂ ਸਿੰਘ ਜੀ ਖਿਸਕਦੇ ਹੋਏ।
ਬੈਂਚ ਉਤੇ ਬੈਠਿਆਂ ਨੂੰ ਜਦੋਂ ਸਾਧੂ ਸਿੰਘ ਨੇ ਲਾਲ ਲਕੀਰਾਂ ਵਾਲੇ ਪਲੈਟਫਾਰਮ ਟਿਕਟ ਫੜਾਏ ਸਨ ਤਾਂ ਸਫ਼ੈਦ ਕੱਪੜਿਆਂ ਵਿਚ ਪੁਲਸ ਦੀ ਧਾੜ ਖੜ੍ਹੀ ਸਭ ਤਮਾਸ਼ਾ ਥੋੜ੍ਹੇ ਫ਼ਾਸਲੇ ਤੋਂ ਹੀ ਦੇਖ ਰਹੀ ਸੀ। ਜਦੋਂ ਸਿੰਘ ਸੂਰਮੇ ਡੱਬੇ ਅੰਦਰ ਬੈਠ ਗਏ ਤਾਂ ਇਕ ਪੁਲਸ ਇੰਸਪੈਕਟਰ ਕੁਝ ਹੱਟੇ-ਕੱਟੇ ਸਿਪਾਹੀਆਂ ਨੂੰ ਨਾਲ ਲੈ ਕੇ ਉਹਨਾਂ ਦੇ ਡੱਬੇ ਵਿਚ ਆ ਚੜ੍ਹਿਆ। ਬੜੇ ਸਤਿਕਾਰ ਨਾਲ ਉਹਨੇ ਦੱਸਿਆ, “ਸਰਦਾਰ ਜੀ, ਇਹ ਡੱਬਾ ਤਾਂ ਪੁਲਸ ਲਈ ਰੀਜ਼ਰਵ ਹੈ। ਤੁਸੀਂ ਨਾਲ ਦੇ ਡੱਬੇ ਵਿਚ ਤਸ਼ਰੀਫ਼ ਲੈ ਜਾਉ।” ਦੋਵੇਂ ਉੱਠ ਖੜੋਤੇ। ਜਦੋਂ ਬੇਲਾ ਸਿੰਘ ਥੱਲੇ ਉਤਰਿਆ ਅਤੇ ਗੰਡਾ ਸਿੰਘ ਉੱਤਰ ਹੀ ਰਿਹਾ ਸੀ, ਪਲੈਟਫਾਰਮ ਉਤੇ ਖੜ੍ਹੇ ਪੁਲਸੀਆਂ ਨੇ ਬੇਲਾ ਸਿੰਘ ਨੂੰ ਅਤੇ ਅੰਦਰਲਿਆਂ ਨੇ ਗੰਡਾ ਸਿੰਘ ਨੂੰ ਜੱਫਿਆਂ ਵਿਚ ਜਕੜ ਲਿਆ। ਉਸੇ ਵੇਲੇ ਹੱਥਕੜੀਆਂ ਲਾਈਆਂ ਗਈਆਂ। ਭਰੇ-ਭਰਾਏ ਰੀਵਾਲਵਰ ਅਤੇ ਛੁਰਾ ਕਬਜ਼ੇ ਵਿਚ ਕਰ ਲਏ ਗਏ। ਦੋਨੋਂ ਪਲੈਟਫਾਰਮ ਟਿਕਟ ਵੀ ਲੈ ਲਏ ਗਏ। ਫ਼ਰਦ ਤਿਆਰ ਕਰ ਲਈ ਗਈ। ਸਭ ਚੀਜ਼ਾਂ ਮੁਕੱਦਮੇ ਦੌਰਾਨ ਅਦਾਲਤ ਵਿਚ ਪੇਸ਼ ਹੋਈਆਂ ਸਨ। ਦੋਹਾਂ ਨੂੰ ਉਸੇ ਵੇਲੇ ਵੱਖਰੀਆਂ-ਵੱਖਰੀਆਂ ਹਵਾਲਾਤਾਂ ਵਿਚ ਡੱਕਿਆ ਗਿਆ। ਸੋ ਇਹ ਪਹਿਲਾ ਕੌਨਸਪੀਰੇਸੀ ਕੇਸ ਟਰਾਇਲ ਨੰ: 1-1922 ਦੇ ਸਿਰਲੇਖ ਹੇਠ ਦਰਜ ਕਰ ਲਿਆ ਗਿਆ।
ਬਬਰ ਅਕਾਲੀ ਕੌਨਸਪੀਰੇਸੀ ਕੇਸ ਟਰਾਇਲ ਨੰ: 2– 1924 ਦੇ ਸਿਰਲੇਖ ਹੇਠ ਚਲਿਆ ਸੀ ਜੋ ਦੂਜਾ ਗਿਣਿਆ ਗਿਆ।
ਪਾਠਕ ਹੁਣ ਤਕ ਸਾਰਾ ਭੇਤ ਸਮਝ ਹੀ ਗਏ ਹੋਣਗੇ ਕਿ ਇਹੋ ਸਾਧੂ ਸਿੰਘ ‘ਅਕਾਲੀ’ ਅਖ਼ਬਾਰ ਵਿਚ ਵੀ ਪੁਲਸ ਦਾ ਸੂਹੀਆ ਸੀ ਅਤੇ ਆਪਣੇ ਆਪ ਨੂੰ ਕੱਟੜ ਸਰਕਾਰ-ਵਿਰੋਧੀ ਹੋਣ ਦਾ ਸਾਂਗ ਭਰਨ ਵਿਚ ਪੂਰੀ ਤਰ੍ਹਾਂ ਸਫਲ ਹੋ ਚੁਕਿਆ ਸੀ। ਉਹ ਦੇਸਭਗਤਾਂ ਦੀ ਪਹਿਲੀ ਸਫ਼ ਵਿਚ ਆ ਖੜੋਤਾ ਸੀ। ਉਹ ਅੰਮ੍ਰਿਤਸਰ ਦੇ ਆਗੂਆਂ ਦੀ ਮੁੱਛ ਦਾ ਵਾਲ ਬਣ ਚੁਕਿਆ ਸੀ। ਇਹੋ ਕਾਰਨ ਹੈ ਕਿ ਬਿਜਲਾ ਸਿੰਘ ਜੀ ਧੋਖਾ ਖਾ ਗਏ। ਦੋਹਾਂ ਭਗੌੜਿਆਂ ਨੂੰ ਪਹਿਲਾਂ ਗੁਰਦੁਆਰਾ ਚੁਮਾਹਲਾ ਸਾਹਿਬ ਵਿਚ ਪੁਚਾਉਣਾ, ਅਗਲੇ ਦਿਨ ਸੀ ਆਈ ਡੀ ਨਾਲ ਉਪਰੋਕਤ ਪ੍ਰੋਗਰਾਮ ਬਣਾ ਕੇ ਤੀਜੇ ਦਿਨ ਸਵੇਰੇ ਹੀ ਕਿਸੇ ਬੰਗਲੇ ਵਿਚ ਲੈ ਜਾ ਕੇ ਅਰਦਲੀ ਬਣੇ ਬੈਠੇ ਸੀ ਆਈ ਡੀ ਦੇ ਆਦਮੀ ਤੋਂ ਪੁਲਸ ਕਪਤਾਨ ਦਾ ਅੰਮ੍ਰਿਤਸਰ ਨੂੰ ਜਾਣ ਦਾ ਅਡੰਬਰ ਰਚਨਾ, ਦੋਹਾਂ ਨੂੰ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਵਿਚ ਲਿਆ ਬਿਠਾਉਣਾ ਤੇ ਕਤਲ ਦਾ ਪ੍ਰੋਗਰਾਮ ਅੰਮ੍ਰਿਤਸਰ ਦਾ ਬਣਾਉਣਾ, ਉਹਨਾਂ ਨੂੰ ਰੇਲ ਦੇ ਖਾਲੀ ਡੱਬਿਆਂ ਵਿਚ ਜਾ ਬਿਠਾਉਣਾ ਤੇ ਸੁਖਾਲਿਆਂ ਹੀ ਸਾਰੇ ਪ੍ਰੋਗਰਾਮ ਨੂੰ ਆਹਲਣੇ ਦੇ ਤੀਲਿਆਂ ਵਾਂਗੂ ਖੇਰੂੰ-ਖੇਰੂੰ ਕਰ ਦੇਣਾ ਅਤੇ ਗਰਿਫ਼ਤਾਰੀ ਵੀ ਉਸ ਵੇਲੇ ਦੀ ਪੰਜਾਬ ਦੀ ਰਾਜਧਾਨੀ ਵਿਚ ਕਰਵਾਉਣੀ, ਇਹ ਇਸੇ ਸ਼ਾਤਰ ਦਾ ਚਮਤਕਾਰ ਸੀ।
ਪੁਲਸ ਦੇ ਕਾਬੂ ਆਉਂਦਿਆਂ ਹੀ ਗੰਡਾ ਸਿੰਘ ਬਕ ਉਤਰਿਆ ਅਤੇ ਸਾਜ਼ਿਸ਼ ਦਾ ਸਾਰਾ ਭੇਤ ਖੋਲ੍ਹ ਕੇ ਵਾਇਦਾ-ਮੁਆਫ਼ ਗਵਾਹ ਬਣ ਬੈਠਾ। ਉਹ ਬਾਅਦ ਵਿਚ ਸਾਡੇ ਕੇਸ ਵਿਚ ਵੀ ਗਵਾਹੀ ਦੇਣ ਆਇਆ ਸੀ ਅਤੇ ਉਹਦਾ ਬਿਆਨ ਪੇਪਰ-ਬੁੱਕ ਦੇ ਸਫ਼ਾ 860 ਉਤੇ ਗੰਡਾ ਸਿੰਘ ਵਲਦ ਹੀਰਾ ਸਿੰਘ, ਜ਼ਾਤ ਜੱਟ, ਉਮਰ 35 ਸਾਲ, ਪਿੰਡ ਸਰਹਾਲੀ ਖੁਰਦ, ਜ਼ਿਲ੍ਹਾ ਅੰਮ੍ਰਿਤਸਰ ਦੇ ਨਾਂ ਹੇਠ ਦਰਜ ਹੈ।
ਇਹ ਬਿਆਨ ਪੇਪਰ-ਬੁੱਕ ਦੇ ਚਾਰ ਸਫ਼ਿਆਂ ਉਤੇ ਹੈ ਅਤੇ ਦੱਸਦਾ ਹੈ ਕਿ ਪਹਿਲਾਂ ਉਹ ਸ. ਸੁੰਦਰ ਸਿੰਘ ਮਜੀਠੀਏ ਨੂੰ ਕਤਲ ਕਰਨ ਲਈ ਅੰਮ੍ਰਿਤਸਰ ਉਹਨਾਂ ਦੀ ਕੋਠੀ ਗਿਆ ਸੀ। ਉਹ ਮਿਲੇ ਨਹੀਂ ਸਨ। ਉਹ ਅਖੀਰ ਵਿਚ ਜਾ ਕੇ ਲਾਹੌਰ ਦੀ ਘਟਨਾ ਦਾ ਜ਼ਿਕਰ ਕਰਦਾ ਹੈ ਅਤੇ ਦੱਸਦਾ ਹੈ ਕਿ ਕਿਵੇਂ ਰੇਲ ਦੇ ਡੱਬੇ ਵਿਚੋਂ ਉਤਰਦੇ ਹੋਏ ਉਹ ਪੁਲਸ ਦੇ ਕਾਬੂ ਆ ਗਏ ਸਨ। ਪੁਲਸ ਉਹਨੂੰ ਨੌਲੱਖੇ ਥਾਣੇ ਲੈ ਗਈ ਸੀ ਅਤੇ ਉਹਨੇ ਪੁਲਸ ਨੂੰ ਸਭ ਕੁਝ ਦੱਸ ਦਿੱਤਾ ਸੀ। ਉਹਦੇ ਬਿਆਨ ਦੇ ਆਧਾਰ ਉੱਤੇ ਹੀ ਚਤਰ ਸਿੰਘ ਜੇਠੂਵਾਲ ਅਤੇ ਭਾਈ ਪ੍ਰੇਮ ਸਿੰਘ ਗਰੰਥੀ ਗੁਰਦੁਆਰਾ ਚੁਮਾਹਲਾ ਸਾਹਿਬ ਲਾਹੌਰੋਂ, ਅਮਰ ਸਿੰਘ ਕੋਟ ਬਾੜੇ ਖਾਂ, ਤੋਤਾ ਸਿੰਘ ਪਸ਼ੌਰੀ ਤੇ ਤਾਰਾ ਸਿੰਘ ਠੇਠਰ ਅੰਮ੍ਰਿਤਸਰੋਂ ਗਰਿਫ਼ਤਾਰ ਕਰ ਲਏ ਗਏ ਸਨ।
ਅਮਰ ਸਿੰਘ ਕੋਟ ਬਾੜੇ ਖਾਂ ਵੀ ਪੁਲਸ ਅਗੇ ਚੱਲ ਤੁਰਿਆ ਅਤੇ ਉਹਦੇ ਬਿਆਨਾਂ ਤੋਂ ਚਤਰ ਸਿੰਘ ਸ਼ੇਖੂਪੁਰਾ ਫੜਿਆ ਗਿਆ। ਉਹ ਵੀ ਯਰਕ ਕੇ ਝੱਟ ਸਰਕਾਰੀ ਗਵਾਹ ਬਣ ਗਿਆ।
ਉਹਦੇ ਬਿਆਨਾਂ ਤੋਂ ਪੁਲਸ ਨੇ ਸੁੰਦਰ ਸਿੰਘ, ਚੈਂਚਲ ਸਿੰਘ ਜੰਡਿਆਲਾ, ਠਾਕੁਰ ਸਿੰਘ ਭੋਜੋਵਾਲ ਅਤੇ ਨਰੈਣ ਸਿੰਘ ਚਾਟੀਵਿੰਡ ਨੂੰ ਗਰਿਫ਼ਤਾਰ ਕਰ ਲਿਆ। ਤੋਤਾ ਸਿੰਘ ਪਸ਼ੌਰੀ ਜਿਹੜੇ ਸੱਤ ਰੀਵਾਲਵਰ ਫਰੰਟੀਅਰ ਵੱਲੋਂ ਲਿਆਇਆ ਸੀ, ਉਹਨਾਂ ਵਿਚੋਂ ਛੇ ਤਾਂ ਪੁਲਸ ਬਰਾਮਦ ਕਰਨ ਵਿਚ ਕਾਮਯਾਬ ਹੋ ਗਈ, ਸੱਤਵਾਂ ਮਾਸਟਰ ਮੋਤਾ ਸਿੰਘ ਪਾਸ ਸੀ ਜਿਹੜਾ ਪੁਲਸ ਦੇ ਹੱਥ ਨਾ ਆ ਸਕਿਆ ਕਿਉਂਕਿ ਸਾਜ਼ਿਸ਼ ਦਾ ਭੇਤ ਖੁੱਲ੍ਹਣ ਉਤੇ ਉਹ ਅਤੇ ਭਾਈ ਕਿਸ਼ਨ ਸਿੰਘ ਜੀ ਮਫ਼ਰੂਰ ਹੋ ਗਏ ਸਨ। ਇਸੇ ਮਫ਼ਰੂਰੀ ਦੌਰਾਨ ਮਾਸਟਰ ਮੋਤਾ ਸਿੰਘ ਅਤੇ ਭਾਈ ਕਿਸ਼ਨ ਸਿੰਘ ਜੀ ਦਾ ਮਿਲਾਪ ਹੋ ਗਿਆ ਸੀ।
ਤਫ਼ਤੀਸ਼ ਮੁਕੰਮਲ ਹੋਣ ਉਤੇ ਪੁਲਸ ਨੇ ਹੇਠ ਲਿਖੇ ਮੁਲਜ਼ਮਾਂ ਦਾ ਚਲਾਨ ਅਦਾਲਤ ਵਿਚ ਪੇਸ਼ ਕਰ ਦਿਤਾ: ਤੋਤਾ ਸਿੰਘ ਪਸ਼ੌਰੀ, ਤਾਰਾ ਸਿੰਘ ਠੇਠਰ ਜ਼ਿਲ੍ਹਾ ਲਾਹੌਰ, ਭਾਈ ਚੈਂਚਲ ਸਿੰਘ, ਅਮਰ ਸਿੰਘ ਕੋਟ ਬਾੜੇ ਖਾਂ, ਨਰੈਣ ਸਿੰਘ ਚਾਟੀਵਿੰਡ, ਬੇਲਾ ਸਿੰਘ ਅਤੇ ਗਰੰਥੀ ਪ੍ਰੇਮ ਸਿੰਘ ਜੀ ਗੁਰਦੁਆਰਾ ਚੁਮਾਹਲਾ ਸਾਹਿਬ ਲਾਹੌਰ।
ਭਗੌੜੇ ਹੋ ਜਾਣ ਵਾਲੇ ਇਹ ਸਨ: ਮਾਸਟਰ ਮੋਤਾ ਸਿੰਘ ਪਤਾਰਾ, ਭਾਈ ਕਿਸ਼ਨ ਸਿੰਘ ਬਿੜੰਗ, ਬਿਜਲਾ ਸਿੰਘ, ਅਮਰ ਸਿੰਘ ਦਿੱਲੀ, ਗੁਰਬਚਨ ਸਿੰਘ ਪਿੰਡ ਅੰਬਾਲਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਵਤਨ ਸਿੰਘ ਕਾਹਰੀ ਸਾਹਰੀ ਜ਼ਿਲ੍ਹਾ ਹੁਸ਼ਿਆਰਪੁਰ। ਇਹ ਸਾਰੇ ਮਫ਼ਰੂਰ ਕਰਾਰ ਦੇ ਦਿਤੇ ਗਏ ਅਤੇ ਵਾਰੰਟ ਜਾਰੀ ਹੋ ਗਏ।
ਬਬਰ ਅਕਾਲੀ ਕੇਸ ਦੀ ਜੱਜਮੈਂਟ ਦੇ ਸਫ਼ਾ ਦੋ ਉਤੇ ਇਹ ਕੇਸ ਦਰਜ ਹੈ (ਮਿਸਟਰ ਪੀ ਜੇ ਰਸਟ, ਸਪੈਸ਼ਲ ਮੈਜਿਸਟਰੇਟ, ਦਫ਼ਾ 30 ਦੇ ਅਖ਼ਤਿਆਰਾਂ ਨਾਲ, ਲਾਹੌਰ):
ਪਹਿਲਾ ਅਕਾਲੀ ਕੌਨਸਪੀਰੇਸੀ ਕੇਸ, ਟਰਾਇਲ ਨੰ: 1- 1922 ਕਿੰਗ ਐਮਪਰਰ ਬਨਾਮ ਤੋਤਾ ਸਿੰਘ ਅਤੇ ਦੂਜੇ ਮੁਲਜ਼ਮ ਜਿਨ੍ਹਾਂ ਦਾ ਹੁਕਮ 18 ਮਈ 1922 ਨੂੰ ਸੁਣਾਇਆ ਗਿਆ।
“ਇਸ ਸਾਜ਼ਿਸ਼ ਦਾ ਪਤਾ 23 ਮਈ 1921 ਨੂੰ ਲੱਗਿਆ ਜਦੋਂ ਦੋ ਬੰਦੇ ਗੰਡਾ ਸਿੰਘ ਅਤੇ ਬੇਲਾ ਸਿੰਘ ਲਾਹੌਰ ਰੇਲਵੇ ਸਟੇਸ਼ਨ ਉਤੇ ਫੜੇ ਗਏ ਸਨ ਜਿਹੜੇ ਇਸ ਪਹਿਲੀ ਸਾਜ਼ਿਸ਼ ਵਿਚ ਸ਼ਾਮਲ ਸਨ। ਇਹ ਦੋਵੇਂ ਮਿਸਟਰ ਕਿੰਗ ਨੂੰ ਰੇਲਵੇ ਸਟੇਸ਼ਨ ਉਤੇ ਕਤਲ ਕਰਨ ਦੇ ਇਰਾਦੇ ਨਾਲ ਗਏ ਸਨ ਜਦੋਂ ਕਿ ਉਹ ਇਹਨਾਂ ਨੂੰ ਆਪਣੇ ਬੰਗਲੇ ਵਿਚ ਨਹੀਂ ਸੀ ਮਿਲ ਸਕਿਆ। ਇਸੇ ਕੇਸ ਵਿਚ ਕਿਸ਼ਨ ਸਿੰਘ ਮੁਲਜ਼ਮ ਨੰ: 1 ਅਤੇ ਮਾਸਟਰ ਮੋਤਾ ਸਿੰਘ ਵੀ ਚਾਹੀਦੇ ਸਨ ਪਰ ਦੋਵੇਂ ਮਫ਼ਰੂਰ ਹੋ ਚੁੱਕੇ ਸਨ, ਵਗ਼ੈਰਾ ਵਗੈਰਾ…।”
ਇਸ ਕੇਸ ਵਿਚ ਪਹਿਲਾ ਗਵਾਹ ਵਾਇਦਾ-ਮੁਆਫ਼ ਗੰਡਾ ਸਿੰਘ ਸੀ ਜੀਹਦਾ ਜ਼ਿਕਰ ਪਹਿਲਾਂ ਆ ਚੁੱਕਿਆ ਹੈ ਅਤੇ ਦੂਜਾ ਸੀ (ਦੇਖੋ ਪੇਪਰ-ਬੁੱਕ ਸਫ਼ਾ 858; ਗਵਾਹ ਨੰ: 475) ਸੰਤ ਸਿੰਘ ਉਰਫ਼ ਚਤਰ ਸਿੰਘ ਵਲਦ ਸਰਦਾਰ ਬਹਾਦਰ ਸਰਦਾਰ ਲਹਿਣਾ ਸਿੰਘ, ਉਮਰ 32 ਸਾਲ, ਜ਼ਾਤ ਜੱਟ, ਪਿੰਡ ਤੁੰਗ ਕਲਾਂ, ਜ਼ਿਲ੍ਹਾ ਗੁਜਰਾਂਵਾਲਾ, ਪੇਸ਼ਾ ਖੇਤੀਬਾੜੀ।
“ਮੇਰੇ ਬਾਪ ਨੂੰ ਸਾਢੇ ਅੱਠ ਮੁਰੱਬੇ ਜ਼ਿਲ੍ਹਾ ਸਰਗੋਧਾ ਵਿਚ ਮਿਲੇ ਹੋਏ ਹਨ ਅਤੇ 9 ਮੁਰੱਬੇ ਜ਼ਮੀਨ ਪਿੰਡ ਤੁੰਗ ਕਲਾਂ ਵਿਚ ਵੱਖਰੀ ਹੈ। ਮੈਂ ਅਕਾਲੀਆਂ ਅਤੇ ਪੁਜਾਰੀਆਂ ਦੇ ਝਗੜੇ ਵਿਚ ਅਕਾਲੀ ਸਜ ਗਿਆ ਸੀ ਤਾਂ ਮੇਰੀ ਜਾਣ-ਪਛਾਣ ਇਹਨਾਂ ਅਕਾਲੀਆਂ ਨਾਲ ਹੋ ਗਈ ਸੀ: ਕਿਸ਼ਨ ਸਿੰਘ ਮੁਲਜ਼ਮ ਨੰ: 1, ਅਮਰ ਸਿੰਘ ਵਾਇਦਾ-ਮੁਆਫ਼, ਬਿਜਲਾ ਸਿੰਘ, ਗੁਰਚਰਨ ਸਿੰਘ, ਅਮਰ ਸਿੰਘ ਦਿੱਲੀ ਵਾਲਾ, ਗੰਡਾ ਸਿੰਘ, ਨਰੈਣ ਸਿੰਘ, ਬੇਲਾ ਸਿੰਘ ਅਤੇ ਤੋਤਾ ਸਿੰਘ। ਅਸੀਂ ਅਕਸਰ ਅੰਮ੍ਰਿਤਸਰ ਵਿਚ ਇਕੱਠੇ ਹੋ ਕੇ ਸਰਕਾਰੀ ਅਫਸਰਾਂ ਅਤੇ ਹੋਰਨਾਂ ਦੇ ਵਿਰੁੱਧ ਸਾਜ਼ਿਸ਼ਾਂ ਘੜਿਆ ਕਰਦੇ ਸੀ ਕਿ ਉਹਨਾਂ ਨੂੰ ਕਤਲ ਕਰਨਾ ਚਾਹੀਦਾ ਹੈ। ਮੇਰੇ ਜ਼ਿੰਮੇ ਰਕਮ ਇਕੱਠੀ ਕਰਨ ਦਾ ਕੰਮ ਸੌਂਪਿਆ ਹੋਇਆ ਸੀ ਜਿਸ ਨਾਲ ਮੈਂ, ਤੋਤਾ ਸਿੰਘ ਅਤੇ ਹੋਰਨਾਂ ਨੇ ਹਥਿਆਰ ਖ਼ਰੀਦੇ ਸਨ ਜੋ ਵੱਖਰੀਆਂ-ਵੱਖਰੀਆਂ ਥਾਵਾਂ ਤੋਂ ਖ਼ਰੀਦ ਕੇ ਅੰਮ੍ਰਿਤਸਰ ਲਿਆਂਦੇ ਗਏ ਸਨ। ਮੈਂ ਇਹ ਲਿਆ ਕੇ ਦਫ਼ਤਰ ਵਿਚ ਰੱਖ ਦਿਤੇ ਸਨ ਜਿਥੇ ਮੁਲਜ਼ਮ ਕਿਸ਼ਨ ਸਿੰਘ ਅਕਾਲੀ ਦਲ ਦਾ ਸਕੱਤਰ ਰਹਿੰਦਾ ਸੀ। ਮਿਸਟਰ ਬੌਰਿੰਗ, ਸ. ਬ. ਸੁੰਦਰ ਸਿੰਘ ਮਜੀਠੀਏ, ਮਾਣਕ ਦੇ ਮਹੰਤ ਅਤੇ ਹੋਰਨਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਤਾਂ ਕੀਤੀ ਗਈ ਸੀ ਪਰ ਕਾਮਯਾਬੀ ਨਹੀਂ ਸੀ ਮਿਲੀ। ਗੰਡਾ ਸਿੰਘ ਅਤੇ ਬੇਲਾ ਸਿੰਘ ਲਾਹੌਰ ਸਟੇਸ਼ਨ ਉਤੇ ਗ੍ਰਿਫ਼ਤਾਰ ਕਰ ਲਏ ਗਏ ਸਨ, ਮੁਲਜ਼ਮ ਕਿਸ਼ਨ ਸਿੰਘ ਉਸ ਕੇਸ ਵਿਚ ਮਫ਼ਰੂਰ ਹੋ ਗਿਆ ਸੀ ਅਤੇ ਮੈਂ ਆਪ ਵਾਇਦਾ-ਮੁਆਫ਼ ਗਵਾਹ ਬਣ ਗਿਆ ਸੀ।”
18 ਮਈ 1922 ਨੂੰ ਫ਼ੈਸਲਾ ਸੁਣਾ ਦਿੱਤਾ ਗਿਆ ਜਿਸ ਵਿਚ ਤੋਤਾ ਸਿੰਘ ਪਸ਼ੌਰੀ ਅਤੇ ਤਾਰਾ ਸਿੰਘ ਠੇਠਰ ਨੂੰ ਪੰਜ-ਪੰਜ ਸਾਲ, ਬੇਲਾ ਸਿੰਘ ਨੂੰ ਚਾਰ ਸਾਲ ਅਤੇ ਚੈਂਚਲ ਸਿੰਘ ਜੰਡਿਆਲਾ ਜ਼ਿਲ੍ਹਾ ਜਲੰਧਰ ਨੂੰ ਇਕ ਸਾਲ ਕੈਦ ਹੋ ਗਈ। ਅਮਰ ਸਿੰਘ ਕੋਟ ਬਾੜੇ ਖਾਂ, ਨਰੈਣ ਸਿੰਘ ਚਾਟੀਵਿੰਡ ਅਤੇ ਭਾਈ ਪ੍ਰੇਮ ਸਿੰਘ ਜੀ ਗਰੰਥੀ ਬਰੀ ਕਰ ਦਿੱਤੇ ਗਏ ਸਨ।
ਮਾਸਟਰ ਮੋਤਾ ਸਿੰਘ, ਭਾਈ ਕਿਸ਼ਨ ਸਿੰਘ, ਗੁਰਬਚਨ ਸਿੰਘ ਅੰਬਾਲਾ, ਵਤਨ ਸਿੰਘ ਕਾਹਰੀ ਸਾਹਰੀ, ਅਮਰ ਸਿੰਘ ਦਿੱਲੀ ਅਤੇ ਬਿਜਲਾ ਸਿੰਘ ਇਸ਼ਤਿਹਾਰੀ ਮਫ਼ਰੂਰ ਕਰਾਰ ਦੇ ਕੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ। ਭਾਰੀ ਵਤਨ ਸਿੰਘ ਕਾਹਰੀ ਸਾਹਰੀ ਦਾ ਲੜਕਾ ਕਰਤਾਰ ਸਿੰਘ ਵੀ ਖ਼ਾਲਸਾ ਸਕੂਲ ਜਲੰਧਰ ਵਿਚ ਮੇਰੇ ਨਾਲ ਉਨ੍ਹਾਂ ਦਿਨਾਂ ਵਿਚ ਸੀਨੀਆਰ ਕਲਾਸ ਵਿਚ ਪੜ੍ਹਦਾ ਸੀ ਅਤੇ ਭਾਈ ਵਤਨ ਸਿੰਘ ਦੇ ਦਰਸ਼ਨ ਕਰਨ ਦਾ ਮੌਕਾ ਉਨ੍ਹਾਂ ਦਿਨਾਂ ਵਿਚ ਹੀ ਮਿਲਿਆ ਸੀ। ਉਹ ਆਪਣੇ ਲੜਕੇ ਨੂੰ ਚੋਰੀ-ਛਿਪੇ ਮਿਲਣ ਸਕੂਲੇ ਆਇਆ ਕਰਦੇ ਸਨ। ਸੋ ਇਨ੍ਹਾਂ ਮਫ਼ਰੂਰਾਂ ਬਾਬਤ ਮਾਸਟਰ ਮੋਤਾ ਸਿੰਘ ਅਤੇ ਭਾਈ ਕਿਸ਼ਨ ਸਿੰਘ ਜੀ ਤੋਂ ਬਿਨਾਂ ਮੈਨੂੰ ਕੋਈ ਪਤਾ ਨਹੀਂ ਕਿ ਕੀ ਬਣਿਆ ਅਤੇ ਨਾ ਹੀ ਸਾਡੇ ਕੇਸ ਵਿਚ ਇਨ੍ਹਾਂ ਬਾਬਤ ਕੋਈ ਸ਼ਹਾਦਤ ਹੀ ਪੇਸ਼ ਹੋਈ ਸੀ।