ਚੋਣਾਂ ਅਤੇ ਸੁਸ਼ੀਲ ਲੇਖਕ

ਹਰੀ ਸ਼ੰਕਰ ਪਰਸਾਈ
ਅਨੁਵਾਦ: ਨਿਰਮਲਜੀਤ
ਭਾਰਤ ਵਿਚ ਲੋਕ ਸਭਾ ਚੋਣਾਂ ਦਾ ਪਿੜ ਖੂਬ ਭਖਿਆ ਹੋਇਆ ਹੈ। ਪੰਜਾਬ ਵਿਚ ਵੋਟਾਂ ਆਖਰੀ ਗੇੜ ਤਹਿਤ ਪਹਿਲੀ ਜੂਨ ਨੂੰ ਪੈਣੀਆਂ ਹਨ। ਐਤਕੀਂ ਪੰਜਾਬ ਅੰਦਰ ਬਹੁਕੋਣੀ ਮੁਕਾਬਲੇ ਹੋ ਰਹੇ ਹਨ। ਇਸ ਵਾਰ ਚੋਣਾਂ ਦੇ ਮੌਸਮ ਦੌਰਾਨ ਪੰਜਾਬ ਵਿਚ ਦਲ ਬਦਲੀਆਂ ਵੀ ਬਹੁਤ ਹੋਈਆਂ ਹਨ; ਇਥੋਂ ਤੱਕ ਕਿ ਉਨ੍ਹਾਂ ਆਗੂਆਂ ਨੇ ਵੀ ਪਾਲੇ ਬਦਲ ਲਏ ਜਿਨ੍ਹਾਂ ਨੂੰ ਉਨ੍ਹਾਂ ਦੀ ਪਾਰਟੀ ਟਿਕਟ ਦੇਣ ਦਾ ਐਲਾਨ ਕਰ ਚੁੱਕੀ ਸੀ।

ਪਹਿਲਾਂ ਚੋਣਾਂ ਮੌਕੇ ਜ਼ਿਆਦਾ ਦਲ ਬਦਲੀਆਂ ਟਿਕਟ ਨਾ ਮਿਲਣ ਕਰ ਕੇ ਹੁੰਦੀਆਂ ਸਨ। ਇਉਂ ਸਿਆਸਤ ਦੇ ਪਿੜ ਵਿਚ ਨਿਘਾਰ ਸਾਫ ਦਿਸ ਰਿਹਾ ਹੈ। ਮਰਹੂਮ ਲਿਖਾਰੀ ਹਰੀ ਸ਼ੰਕਰ ਪਰਸਾਈ ਆਪਣੇ ਇਸ ਲੇਖ ਵਿਚ ਚੋਣਾਂ ਦੇ ਪ੍ਰਸੰਗ ਵਿਚ ਬੜਾ ਦਿਲਚਸਪ ਵਿਅੰਗ ਸਿਰਜਿਆ ਹੈ।
ਲੋਕ ਚੋਣਾਂ `ਚ ਖੜ੍ਹੇ ਹੋਣ ਦੇ ਬਹਾਨੇ ਲੱਭਦੇ ਹਨ। ਕੋਈ ਕਹਿੰਦਾ ਹੈ, ਮਿੱਤਰਾਂ ਦੇ ਕਹਿਣ `ਤੇ ਖੜ੍ਹੇ ਹੋਣਾ ਪਿਆ। ਕਿਸੇ ਨੂੰ ਲੋਕ ਮਜਬੂਰ ਕਰਦੇ ਹਨ। ਇਹ ਅਕਸਰ ਝੂਠ ਹੁੰਦਾ ਹੈ। ਮਿੱਤਰ ਕਿਸੇ ਨੂੰ ਚੋਣਾਂ ਲੜਨ ਦੀ ਸਲਾਹ ਦੇ ਕੇ ਝੰਜਟ ਮੁੱਲ ਕਿਉਂ ਲੈਣਗੇ? ਪਿਆਰ ਵਾਂਗ ਚੋਣਾਂ ਲੜਨ ਦੀ ਭਾਵਨਾ ਮਨ `ਚ ਆਪਣੇ-ਆਪ ਪੈਦਾ ਹੋ ਜਾਂਦੀ ਹੈ ਅਤੇ ਫਿਰ ਜਿਵੇਂ ਪ੍ਰੇਮੀ ਨੂੰ ਸਮਝਾਉਣਾ ਅਸੰਭਵ ਹੈ, ਉਵੇਂ ਹੀ ਉਮੀਦਵਾਰ ਨੂੰ। ਦੋਵੇਂ ਖੱਫਣ ਦਾ ਅਗਾਊਂ ਪ੍ਰਬੰਧ ਕਰ ਲੈਂਦੇ ਹਨ।
ਚੋਣ ਲੜਨ ਦਾ ਸਭ ਤੋਂ ਵਜ਼ਨਦਾਰ ਕਾਰਨ ਮੇਰੇ ਕੋਲ ਹੈ। ਮੈਨੂੰ ਖੁਫੀਆ ਵਿਭਾਗ ਦੇ ਲੋਕਾਂ ਨੇ ਸਲਾਹ ਦਿੱਤੀ ਹੈ। ਇਹ ਮਾਣ ਇਸ ਮਹਾਨ ਦੇਸ਼ `ਚ ਸਿਰਫ਼ ਮੈਨੂੰ ਪ੍ਰਾਪਤ ਹੋਇਆ ਹੈ। ਪੰਡਿਤ ਨਹਿਰੂ ਹੋਣਗੇ ‘ਹਿਰਦੇ ਸਮਰਾਟ’ ਪਰ ਖੁਫ਼ੀਆ ਵਿਭਾਗ ਨੇ ਉਹਨਾਂ ਨੂੰ ਵੀ ਚੋਣ ਲੜਨ ਦੀ ਸਲਾਹ ਨਹੀਂ ਦਿੱਤੀ ਹੋਵੇਗੀ। ਖੁਫ਼ੀਆ ‘ਹਿਰਦੇ ਸਮਰਾਟ` ਤਾਂ ਮੈਂ ਹੀ ਹੋਇਆ। ਕੱਲ੍ਹ ਸਵੇਰ ਦੀ ਗੱਲ ਹੈ। ਘਰ ਦੇ ਕੋਲ ਚੌਰਾਹੇ `ਤੇ ਖੁਫ਼ੀਆ ਵਿਭਾਗ ਦੇ ਦੋ ਅਧਿਕਾਰੀ ਮਿਲ ਗਏ। ਪਾਨ ਤਮਾਖੂ ਹੋਇਆ। ਸ਼ਹਿਰ ਦੇ ਹਾਲਾਤ `ਤੇ ਚਰਚਾ ਹੋਈ। ਇਸੇ ਸਿਲਸਿਲੇ `ਚ ਇਕ ਨੇ ਕਿਹਾ- ਇਸ ਵਾਰੀ ਤਾਂ ਤੁਸੀਂ ਵੀ ਚੋਣ ਲੜੋਗੇ। ਦੂਸਰੇ ਨੇ ਕਿਹਾ- ਲੜ ਲਓ। ਤੁਹਾਡੇ ਚਾਂਸ ਚੰਗੇ ਹਨ। ਮੇਰੇ ਬੁੱਲ੍ਹਾਂ ਤੱਕ ਸਵਾਲ ਆ ਗਿਆ ਸੀ- ਤੁਹਾਨੂੰ ਕਿਵੇਂ ਪਤਾ ਲੱਗਾ? ਮੈਂ ਉਸ ਨੂੰ ਅੰਦਰੇ-ਅੰਦਰ ਹੀ ਪੀ ਗਿਆ। ਮੈਨੂੰ ਯਾਦ ਆ ਗਈ ਇਕ ਮਿੱਤਰ ਦੇ ਉਸ ਦਿਲਚਸਪ ਸਾਲੇ ਦੀ ਜੋ ਹਰ ਗੱਲ `ਤੇ ਪੁੱਛਦਾ ਸੀ- ਤੁਹਾਨੂੰ ਕਿਵੇਂ ਪਤਾ ਲੱਗਾ? ਇਕ ਦਿਨ ਮੈਂ ਕਿਹਾ- ਅੱਜ ਤਾਂ ਤੁਸੀਂ ਬੜੇ ਸੋਹਣੇ ਲੱਗ ਰਹੇ ਹੋ। ਉਸ ਨੇ ਤੁਰੰਤ ਪੁੱਛਿਆ- ਤੁਹਾਨੂੰ ਕਿਵੇਂ ਪਤਾ ਲੱਗਾ? ਜੇ ਕੋਈ ਕਹੇ ਕਿ ਸੂਰਜ ਚਮਕ ਰਿਹਾ ਹੈ ਤਾਂ ਉਹ ਪੁੱਛੇਗਾ- ਤੁਹਾਨੂੰ ਕਿਵੇਂ ਪਤਾ ਲੱਗਾ?
ਪੁੱਛਿਆ ਨਹੀਂ ਪਰ ਮਨ `ਚ ਸਵਾਲ ਆਉਂਦਾ ਰਿਹਾ ਕਿ ਇਹਨਾਂ ਲੋਕਾਂ ਨੂੰ ਕਿਵੇਂ ਪਤਾ ਕਿ ਚਾਂਸ ਚੰਗੇ ਹਨ। ਸੋਚਿਆ, ਇਹ ਲੋਕ ਜਨਤਾ ਨਾਲ ਸੰਪਰਕ ਰੱਖਦੇ ਹਨ। ਪਤਾ ਲਗਾਉਂਦੇ ਰਹਿੰਦੇ ਹਨ। ਇਹਨਾਂ ਨੂੰ ਇਸ ਹਲਕੇ ਦੇ ਨਾਗਰਿਕਾਂ ਨੇ ਕਿਹਾ ਹੋਵੇਗਾ ਕਿ ਜੇ ਇਸੇ ਹਲਕੇ ਤੋਂ ਪਰਸਾਈ ਜੀ ਇਸ ਵਾਰ ਖੜ੍ਹੇ ਨਾ ਹੋਏ ਤਾਂ ਅਸੀਂ ਲੋਕ ਕਿਤੇ ਹੋਰ ਜਾ ਵਸਾਂਗੇ। ਸਾਰੀਆਂ ਥਾਵਾਂ ਤੋਂ ਅਜਿਹੇ ਲੋਕ ਖੜ੍ਹੇ ਹੁੰਦੇ ਹਨ ਜਿਨ੍ਹਾਂ ਦੇ ਉਮੀਦਵਾਰ ਹੁੰਦੇ ਹੀ ਲੋਕ ਇਲਾਕਾ ਛੱਡਣ ਦਾ ਸੋਚਦੇ ਹਨ। ਇਸ ਵਾਰੀ ਪਰਸਾਈ ਜੀ ਨੂੰ ਕਿਤਿਓਂ ਦਾ ‘ਮੈਂਬਰ` ਬਣ ਜਾਣਾ ਚਾਹੀਦਾ ਹੈ। ਮੈਂ ਸੋਚਿਆ, ਘੱਟੋ-ਘੱਟ ਲੋਕਾਂ ਨੂੰ ਉਜੜਨ ਤੋਂ ਬਚਾਉਣ ਲਈ ਮੈਨੂੰ ਚੋਣ ਲੜ ਲੈਣੀ ਚਾਹੀਦੀ ਹੈ। ‘ਮੈਂਬਰ` ਬਹੁਤ ਆਕਰਸ਼ਿਤ ਸ਼ਬਦ ਹੈ। ਇਕ ਸਾਹਿਬ ਨਗਰਪਾਲਿਕਾ ਦਾ ਮੈਂਬਰ ਬਣ ਗਿਆ ਸੀ। ਉਹ ਅਗਰਵਾਲ ਸਨ ਪਰ ਅੱਗੇ ਉਹਨਾਂ ਦਾ ਉਪਨਾਮ ‘ਮੈਂਬਰ’ ਹੋ ਗਿਆ- ਰਾਮਕਿਸ਼ਨ ਅਗਰਵਾਲ ਤੋਂ ਰਾਮਕਿਸ਼ਨ ਮੈਂਬਰ ਹੋ ਗਿਆ। ਅੱਗੇ ਵੀ ਇਹੋ ਉਪਨਾਮ ਚੱਲ ਰਿਹਾ ਹੈ। ਦੋ ਪੁੱਤਰ ਹਨ- ਸ਼ਿਵ ਪ੍ਰਸਾਦ ਮੈਂਬਰ ਅਤੇ ਰਾਮ ਪ੍ਰਸਾਦਿ ਮੈਂਬਰ। ਇਕ ਮੈਂਬਰ ਸਾਰੀ ਕੁੱਲ ਨੂੰ ਮੈਂਬਰ ਬਣਾ ਦਿੰਦਾ ਹੈ।
ਮੇਰੇ ਮਨ `ਚ ਮੋਹ ਪੈਦਾ ਹੋ ਗਿਆ। ਮੈਂ ਕੋਈ ਤਪੱਸਵੀ ਨਹੀਂ ਹਾਂ ਪਰ ਰਾਜਨੀਤਕ ਸੁਪਨਾ ਜ਼ਰੂਰ ਮੇਨਕਾ ਹੈ। ਪਹਿਲਾਂ ਵਿਸ਼ਵਾਮਿੱਤਰ ਵਰਗੇ ਤਪੱਸਵੀ ਨੂੰ ਮੋਹ `ਚ ਫਸਾਉਂਦੀਆਂ ਸਨ, ਹੁਣ ਮੇਰੇ ਵਰਗੇ ਮਾਮੂਲੀ ਹਿੰਦੀ ਲੇਖਕ `ਤੇ ਆਪਣਾ ਰੂਪ ਅਤੇ ਕੌਸ਼ਲ ਖ਼ਰਚ ਕਰਦੀਆਂ ਹਨ। ਮੈਂ ਹੱਥ ਜੋੜ ਕੇ ਆਖਦਾ ਹਾਂ- ਸਿਸਟਰ, ਵੱਡੇ-ਵੱਡੇ ਪ੍ਰਸਿੱਧ, ਪੂਜਣਯੋਗ, ਇਨਾਮ ਜੇਤੂ ਅਤੇ ਸਨਮਾਨਿਤ ਲੇਖਕਾਂ ਕੋਲ ਜਾਹ। ਸਾਹਿਤ ਦੇ ਤਪੋਵਨ ਦੇ ਰਿਸ਼ੀਆਂ ਨੂੰ ਕੀ ਤੂੰ ਨਹੀਂ ਪਛਾਣਦੀ? ਮੈਂ ਤਾਂ ਇਸ ਆਸ਼ਰਮ ਦਾ ‘ਚੇਲਾ` ਹਾਂ। ਉਸ ਨੇ ਕਿਹਾ- ਪਛਾਣਦੀ ਹਾਂ ਅਤੇ ਜਾਣਦੀ ਵੀ ਹਾਂ। ਜੋ ਜਿੰਨਾ ਵੱਡਾ ਰਿਸ਼ੀ ਹੁੰਦਾ ਹੈ, ਉਹ ਓਨੀ ਹੀ ਛੇਤੀ ਤਿਲਕਦਾ ਹੈ। ਉਹ ਤਾਂ ਬੈਠਾ-ਬੈਠਾ ਅਪਸਰਾਂ ਦੀਆਂ ਰਾਹ ਹੀ ਦੇਖਦਾ ਰਹਿੰਦਾ ਹੈ। ਉਸ ਨਾਲ ਤਾਂ ਸਾਡੀ ਦਾਸੀ ਹੀ ਨਜਿੱਠ ਲੈਂਦੀ ਹੈ। ‘ਚੇਲਾ` ਜ਼ਰਾ ਔਖਾ ਹੁੰਦਾ ਹੈ। ਅੱਜ ਕੱਲ੍ਹ ਅਸੀਂ ਉਸੇ `ਤੇ ਧਿਆਨ ਦੇ ਰਹੀਆਂ ਹਾਂ।
ਬੜੀ ਉਲਝਣ `ਚ ਪੈ ਗਿਆ ਹਾਂ। ਸੁਪਨੇ ਦੇਖਣ ਲੱਗਾ ਹਾਂ। ਆਖ਼ਰ ਇਹ ਗੱਲ ਚੱਲੀ ਕਿਵੇਂ ਕਿ ਮੈਂ ਚੋਣ ਲੜਾਂਗਾ। ਸ਼ਾਇਦ ਲੋਕ ਆਖਦੇ ਹੋਣਗੇ- ਇਹ ਆਦਮੀ ਨੌਕਰੀ ਨਹੀਂ ਕਰਦਾ, ਰਾਜਨੀਤੀ ਵਾਲਿਆਂ ਨਾਲ ਦੇਖਿਆ ਜਾਂਦਾ ਹੈ, ਭਾਸ਼ਣ ਜ਼ਿਆਦਾ ਦਿੰਦਾ ਹੈ, ਲੋਕਾਂ ਨਾਲ ਵੀ ਜ਼ਿਆਦਾ ਮਿਲਦਾ-ਜੁਲਦਾ ਹੈ, ਕੁੜਤਾ, ਪਜਾਮਾ, ਜੈਕਟ, ਸ਼ੇਰਵਾਨੀ ਪਾਉਂਦਾ ਹੈ- ਆਖਰ ਇਹ ਚੋਣ ਕਿਉਂ ਨਹੀਂ ਲੜਦਾ। ਓਏ ਜਾਂ ਤਾਂ ਨੌਕਰੀ ਕਰ ਜਾਂ ਚੋਣ ਲੜ! ਕੁਝ ਹੋਰ ਲੋਕ ਕਹਿੰਦੇ ਹੋਣਗੇ- ਇਹ ਭਾਵੇਂ ਕਿੰਨਾ ਹੀ ਨਿਰਲੇਪੀ ਬਣੇ, ਦੇਖ ਲਿਓ ਇਕ ਨਾ ਇਕ ਦਿਨ ਜ਼ਰੂਰ ਚੋਣ ਲੜੇਗਾ। ਇਸ ਦਾ ਸਾਰਾ ਰੰਗ-ਢੰਗ ਹੀ ਚੋਣਾਂ ਲੜਨ ਵਾਲਾ ਹੈ। ਸਾਹਿਤ ਦੇ ਆਦਮੀ ਦਾ ਆਖ਼ਰੀ ਝੁਕਾਅ ਸਾਹਿਤ ਤੋਂ ਵੱਖਰੇ ਕਿਸੇ ਖੇਤਰ ਵਿਚ ਹੁੰਦਾ ਹੈ। ਜੋ ਕਵੀ ਅਖਵਾਉਂਦਾ ਰਿਹਾ, ਉਸ ਦੀ ਮੌਤ `ਤੇ ਸਿਰਫ਼ ਕਾਂਗਰਸ ਕਮੇਟੀ ਦੀ ਸੋਗ ਸਭਾ ਹੁੰਦੀ ਹੈ। ਕਿਸੇ ਸਾਹਿਤਕਾਰ ਦੀ ਅੰਤਿਮ ਯਾਤਰਾ `ਚ ਕਰਿਆਨਾ ਵਪਾਰੀ ਜ਼ਿਆਦਾ ਸਨ। ਕਿਸੇ ਬਹੁਤ ਬਜ਼ੁਰਗ ਲੇਖਕ ਦੀ ਵਰ੍ਹੇਗੰਢ ਸਰਵੋਦਿਆ ਵਾਲੇ ਹੀ ਮਨਾਉਂਦੇ ਹਨ। ਇਕ ‘ਸਟੇਜ` ਦੇ ਬਾਅਦ ਲੇਖਕ ਸਾਹਿਤ ਦੀ ਜ਼ਮੀਨ ਤੋਂ ਉਠ ਕੇ ਰਾਜਨੀਤੀ, ਵਪਾਰ ਜਾਂ ਨੌਕਰੀ ਦੇ ਰੁੱਖ `ਤੇ ਬੈਠ ਜਾਂਦਾ ਹੈ। ਲੋਕ ਸੋਚਦੇ ਹੋਣਗੇ ਕਿ ਇਹ ਵੀ ਬਸ ਉਡਿਆ, ਹੁਣੇ ਉਡਿਆ ਪਰ ਹਰ ਉਠਣ ਵਾਲੇ ਮੌਸਮ ਪਿਛੋਂ ਮੈਂ ਫਿਰ ਇਹਨਾਂ ਸੜਕਾਂ `ਤੇ ਹੀ ਦਿਸ ਜਾਂਦਾ ਹਾਂ। ਉਹ ਕਹਿੰਦੇ ਹੋਣਗੇ- ਇਸ ਕਮਬਖ਼ਤ ਦੇ ਖੰਭ ਹੀ ਨਹੀਂ ਹਨ। ਇੰਨੇ ਰੁੱਖ ਖੜ੍ਹੇ ਹਨ, ਜ਼ਰਾ ਜਿਹੇ ਖੰਭ ਫੜਫੜਾਏ ਤਾਂ ਰੁੱਖ `ਤੇ ਪਹੁੰਚ ਜਾਵੇਗਾ ਪਰ ਇਸ ਨੂੰ ਤਾਂ ਜ਼ਮੀਨ ਨੇ ਬੰਨ੍ਹ ਰੱਖਿਆ ਹੈ। ਤਦ ਕੁਝ ਸਿਆਣੇ ਕਹਿੰਦੇ ਹੋਣਗੇ- ਇਸ ਨੂੰ ਸਿੱਧਾ ਨਾ ਸਮਝੋ, ਚਲਾਕ ਹੈ। ਸਾਧੂ ਬਣ ਕੇ ਮੌਕੇ ਦੀ ਭਾਲ `ਚ ਹੈ। ਕਿਸੇ ਦਿਨ ਇਹ ਜ਼ਰੂਰ ਚੋਣ ਲੜੇਗਾ।
ਨੌਕਰੀ ਜਾਂ ਚੋਣ, ਇਹ ਦੋ ਬਦਲ ਮੈਨੂੰ ਕਈ ਸਾਲਾਂ ਤੋਂ ਦਿੱਤੇ ਗਏ ਹਨ। ਕੁਝ ਲੋਕ ਅਜਿਹੇ ਵੀ ਹਨ ਜੋ ਮੇਰੇ ਲਈ ਸਿਰਫ਼ ਕਰੁਣਾ ਭਾਵ ਰੱਖਦੇ ਹਨ। ਉਹ ਇਹ ਨਹੀਂ ਮੰਨਦੇ ਕਿ ਮੇਰੇ ਅੰਦਰ ਵੀ ਵੱਡਾ ਬੰਦਾ ਬਣਨ ਵਾਲੇ ਗੁਣ ਹਨ। ਉਹਨਾਂ ਦਾ ਖਿਆਲ ਹੈ ਕਿ ਇਸ ਵਿਚਾਰੇ ਨੂੰ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਨੌਕਰੀ ਨਹੀਂ ਮਿਲਦੀ। ਬਹੁਤ ਖ਼ਰਾਬ ਜ਼ਮਾਨਾ ਆ ਗਿਆ ਹੈ। ਇੱਕ ਬਜ਼ੁਰਗ ਅਧਿਆਪਕ ਸਹਿਜ ਦਯਾ ਨਾਲ ਕਹਿੰਦੇ ਹਨ- ਵਿਚਾਰਾ ਚੰਗਾ-ਖ਼ਾਸਾ ਪੜ੍ਹਿਆ-ਲਿਖਿਆ ਹੈ। ਹਿੰਦੀ ਚੰਗੀ ਲਿਖ ਲੈਂਦਾ ਹੈ ਪਰ ਇਸ ਨੂੰ ਨੌਕਰੀ ਨਹੀਂ ਮਿਲਦੀ। ਇੱਧਰ ਰੇਡੀਓ ਦੀ ਬ੍ਰਾਂਚ ਖੁੱਲ੍ਹੀ ਤਾਂ ਉਹਨਾਂ ਨੇ ਲੋਕਾਂ ਨੂੰ ਕਿਹਾ- ਹੁਣ ਇਹਦੀ ਨੌਕਰੀ ਲੱਗ ਜਾਵੇਗੀ। ਕੁਝ ਮਹੀਨਿਆਂ ਬਾਅਦ ਮੈਨੂੰ ਪੁੱਛਿਆ- ਕਿਉਂ, ਨੌਕਰੀ ਮਿਲੀ?
ਮੈਂ ਕਿਹਾ- ਨਹੀਂ। ਉਹਨਾਂ ਨੇ ਕਿਹਾ- ਤੂੰ ਕੋਸ਼ਿਸ਼ ਹੀ ਨਹੀਂ ਕੀਤੀ ਹੋਣੀ। ਇਕ ਆਦਮੀ ਜੋ ਆਪ ਚੋਰ-ਉਚੱਕਾ ਹੈ, ਜਦੋਂ ਵੀ ਮੈਨੂੰ ਮਿਲਦਾ ਹੈ, ਆਖਦਾ ਹੈ- ਕਿਤੇ ਚਿਪਕ ਜਾ। ਇੰਝ ਕਦੋਂ ਤੱਕ ਬੇਕਾਰ ਘੁੰਮਦਾ ਰਹੇਂਗਾ?
ਮੈਂ ਸ਼ਾਇਦ ਕੁਝ ‘ਹੋ ਜਾਣ` ਦਾ ਮਹੱਤਵ ਸਮਝਦਾ ਨਹੀਂ ਹਾਂ। ਸਾਹਿਤ ਦਾ ਅਦਨੇ ਤੋਂ ਅਦਨਾ ਸੇਵਕ ਵੀ ਇਹ ਸਮਝਦਾ ਹੈ। ਇਹ ਸਾਹਿਤਕਾਰ ਮਿੱਤਰ ਮੈਨੂੰ ਹਰ ਕਿਤੇ ਮਿਲ ਜਾਂਦੇ ਹਨ। ਪੰਜ-ਦਸ ਮਿੰਟ ਸਾਹਿਤਕ ਚਰਚਾ ਕਰਦੇ ਹਨ। ਉਹ ਇਸ ਤਰ੍ਹਾਂ ਹੁੰਦੀ ਹੈ-
ਉਹ -ਮਾਚਵੀ ਜੀ ਹਿੰਦੀ ਸਲਾਹਕਾਰ ਬਣ ਗਏ।
ਮੈਂ -ਹਾਂ।
-ਅਗੇਯ ‘ਦਿਨਮਾਨ` ਦੇ ਸੰਪਾਦਕ ਬਣ ਗਏ।
-ਹਾਂ।
-ਭਾਰਤੀ ਤਾਂ ਪਹਿਲਾਂ ਹੀ ਭਰਤੀ ਹੋ ਗਏ ਸਨ।
-ਹਾਂ
-ਸੁਰੇਸ਼ ਅਵਸਥੀ ਅਕਾਦਮੀ ਦੇ ਮੰਤਰੀ ਬਣ ਗਏ।
-ਹਾਂ।
-ਕਮਲੇਸ਼ਵਰ ਵੀ ਬੰਬਈ ਜਾ ਰਹੇ ਹਨ।
-ਹਾਂ, ਸੁਣਿਆ ਹੈ।
-ਬੱਚਨ ਰਾਜ ਸਭਾ ਦੇ ਮੈਂਬਰ ਬਣ ਗਏ।
-ਹਾਂ।
-ਰਾਕੇਸ਼ ਬਾਰੇ ਹਾਲੇ ਕੁਝ ਨਹੀਂ ਸੁਣਿਆ।
-ਹਾਲੇ ਤੱਕ ਤਾਂ ਨਹੀਂ।
-ਦਿਨਕਰ ਜੀ ਨੇ ਚੰਗਾ ਹੱਥ ਮਾਰਿਆ।
-(ਚੁੱਪ)
-ਹੋਰ ਕੀ ਚੱਲ ਰਿਹਾ ਹੈ।
-ਸਭ ਠੀਕ ਹੈ।
-ਚੰਗਾ ਚੱਲਾਂ।
-ਚੰਗਾ।
ਲਗਭਗ ਅਜਿਹੀ ਗੱਲਬਾਤ ਹਰ ਮਿਲਣੀ ਵੇਲੇ ਹੁੰਦੀ ਹੈ। ਜੋ ‘ਬਣ ਜਾਂਦੇ ਹਨ’, ਉਹਨਾਂ ਨਾਲ ਉਹਨਾਂ ਦੀ ਦੂਰ ਦੀ ਵੀ ਜਾਣ-ਪਛਾਣ ਨਹੀਂ ਹੈ ਪਰ ਹਿੰਦੀ ਦੇ ਸੇਵਕ ਹੋਣ ਕਰ ਕੇ ਉਹ ਇਹ ਜਾਣਕਾਰੀ ਰੱਖਣਾ ਅਤੇ ਦੇਣਾ ਆਪਣਾ ਕਰਤੱਵ ਸਮਝਦੇ ਹਨ ਕਿ ਕਿਹੜਾ ਲੇਖਕ ਨੌਕਰੀ `ਤੇ ਹੈ। ਕੀ ਲਿਖਿਆ ਜਾ ਰਿਹਾ ਹੈ, ਇਸ `ਚ ਹਿੰਦੀ ਸੇਵਕ ਨੂੰ ਕੋਈ ਦਿਲਚਸਪੀ ਨਹੀਂ।
ਹੁਣ ਤੱਕ ਪਾਠਕ ਕਹਿਣ ਲੱਗ ਪਏ ਹੋਣਗੇ- ਬੜਾ ਪਾਖੰਡੀ ਹੈ। ਦੇਖੋ, ਇੱਦਾਂ ਗੱਲਾਂ ਕਰ ਰਿਹਾ ਹੈ ਜਿਵੇਂ ਕੋਈ ਲੋਭ ਹੀ ਨਹੀਂ ਹੈ। ਲੋਭ ਤੋਂ ਕੋਈ ਅਛੂਤਾ ਨਹੀਂ ਹੈ। ਨਕਾਰਨ ਦਾ ਮਤਲਬ ਹਮੇਸ਼ਾ ਨਿਰਲੋਭ ਹੀ ਨਹੀਂ ਹੁੰਦਾ। ਤੁਲਸੀਦਾਸ ਨੇ ਇਹ ਆਖ ਕੇ ਮਨਸਬਦਾਰੀ ਨਕਾਰ ਦਿੱਤੀ ਸੀ- ‘ਅਬ ਤੁਲਸੀ ਕਾ ਹੋਹਿੰਗੇ ਨਰ ਕੇ ਮਨਸਬਦਾਰ’ ਪਰ ਉਹਨਾਂ ਨੂੰ ਵੀ ਯਕੀਨ ਸੀ ਕਿ ਆਪਣਾ ਪੱਟਾ ਰਘੁਵੀਰ ਦੇ ਦਰਬਾਰ `ਚ ਲਿਖਿਆ ਗਿਆ ਹੈ। ਤੁਲਸੀਦਾਸ ਨੇ ਸੋਚਿਆ ਹੋਵੇਗਾ- ਮਨਸਬਦਾਰੀ `ਚ ਬਹੁਤ ਝੰਜਟ ਹਨ। ਆਪਣੀ ਚਾਦਰ ਛੱਡ ਕੇ ਪਤਾ ਨਹੀਂ ਕਿਹੋ ਜਿਹਾ ਜਾਮਾ ਅਤੇ ਚੋਗਾ ਪਾਉਣਾ ਪਵੇਗਾ। ਵਰਦੀ ਤਾਂ ਚਪੜਾਸੀ ਦੀ ਵੀ ਹੁੰਦੀ ਹੈ ਅਤੇ ਮਨਸਬਦਾਰ ਦੀ ਵੀ। ਦਰਬਾਰ `ਚ ਖਾਸ ਢੰਗ ਨਾਲ ਉਠਣਾ, ਬੈਠਣਾ ਅਤੇ ਝੁਕਣਾ ਪਵੇਗਾ। ਆਪਣੇ ਤੋਂ ਨਹੀਂ ਹੋਣਾ। ਪਰੇ ਕਰੋ ਇਸ ਝੰਜਟ ਨੂੰ। ਮਹਾਂ ਕਵੀ ਦੇ ਮਨ `ਚ ਵਰਦੀ ਅਤੇ ਚੋਗੇ ਦੇ ਡਰ ਤੋਂ ਹੀ ਸ਼ਾਇਦ ਨਿਰਲੋਭ ਪੈਦਾ ਹੋ ਗਿਆ ਹੋਵੇ; ਤੇ ਕੁੰਭਨਦਾਸ ਨੇ ਜਦੋਂ ਕਿਹਾ- ‘ਸੰਤਨ ਕਹਾ ਸੀਕਰੀ ਸੋਂ ਕਾਮ` ਤਾਂ ਉਹਨਾਂ ਦੇ ਮਨ ਦਾ ਚੋਰ ਵੀ ਅੱਗੇ ਬੋਲ ਗਿਆ- ‘ਜਿਨ ਕੇ ਦੇਖੇ ਦੁਖ ਉਪਜਤ ਹੈ, ਤਿਨਕੇ ਕਰਬੋ ਪੜੈ ਸਲਾਮ`। ਹਟਾਓ ਅਜਿਹੀ ਰਾਜ ਕ੍ਰਿਪਾ ਨੂੰ। ਦੋਵੇਂ ਵਰਦੀ ਅਤੇ ਚੋਗੇ ਦੇ ਡਰੋਂ ਸ਼ਾਇਦ ਦਰਬਾਰ ਤੋਂ ਦੂਰ ਹੀ ਰਹੇ। ਕੀ ਪਤਾ ਮੈਂ ਵੀ ਵਰਦੀ ਚੋਗੇ ਦੇ ਡਰ ਤੋਂ ਹੀ ਨਿਰਲੋਭ ਦਾ ਨਾਟਕ ਕਰ ਰਿਹਾ ਹਾਂ।
ਖੁਫ਼ੀਆ ਵਿਭਾਗ ਵਾਲਿਆਂ ਦੀਆਂ ਗੱਲਾਂ ਤੋਂ ਵੀ ਇਹੀ ਪਤਾ ਲੱਗਦਾ ਹੈ ਕਿ ਇਹ ਮੰਨ ਲਿਆ ਗਿਆ ਹੈ ਕਿ ਇਹ ਆਦਮੀ ਉਚੀ ਨੌਕਰੀ ਕਰਨ ਦੇ ਕਾਬਿਲ ਨਹੀਂ ਹੈ। ਹੁਣ ਸਿਰਫ਼ ਚੋਣਾਂ ਹੀ ਬਚੀਆਂ ਹਨ। ਇਹ ਚੋਣ ਲੜੇਗਾ। ਤਦ ਉਸ ਨੇ ਕਿਹਾ ਸੀ- ਤੁਹਾਡੇ ਚਾਂਸ ਚੰਗੇ ਹਨ। ਤਾਂ ਕਿ ਲੜ ਲਵਾਂ? ਪਰ ਚੋਣਾਂ `ਚ ਆਪਣਾ ਰਿਕਾਰਡ ਚੰਗਾ ਨਹੀਂ ਹੈ। ਦੋ ਵਾਰੀ ਚੋਣਾਂ ਲੜਵਾਈਆਂ ਹਨ ਅਤੇ ਦੋਵਾਂ `ਚ ਹਾਰ ਮਿਲੀ ਹੈ। ਇਕ ਮਿੱਤਰ ਦੀ ਚੋਣ `ਚ ਗਲੀ-ਗਲੀ, ਚੌਕ-ਚੌਕ ਇੰਨੇ ਭਾਸ਼ਣ ਦਿੱਤੇ ਸੀ ਕਿ ਗਲਾ ਖਰਾਬ ਹੋ ਗਿਆ ਸੀ ਪਰ ਉਹ ਹਾਰ ਗਿਆ। ਹਾਰ ਵਾਲੀ ਸ਼ਾਮ ਨੂੰ ਜੋ ਬੈਠਕ ਹੋਈ, ਉਸ ਵਿਚ ਕਈ ਹਜ਼ਾਰ ਆਦਮੀ ਉਹਨਾਂ ਦੀ ਹਾਰ ਤੋਂ ਦੁਖੀ ਅਤੇ ਗੁੱਸੇ `ਚ ਦੰਗੇ ਕਰਨ `ਤੇ ਉਤਾਰੂ ਸਨ। ਮੈਂ ਸੋਚਿਆ, ਇੰਨਾ ਲੋਕ ਪ੍ਰਸਿੱਧ ਆਦਮੀ ਕਿਵੇਂ ਹਾਰ ਗਿਆ? ਜਿੰਨੇ ਲੋਕ ਉਸ ਦੀ ਹਾਰ ਤੋਂ ਦੁਖੀ ਹਨ, ਉਸ ਤੋਂ ਅੱਧੇ ਵੀ ਜੇ ਉਹਨਾਂ ਨੂੰ ਵੋਟ ਦੇ ਦਿੰਦੇ ਤਾਂ ਉਹ ਜਿੱਤ ਜਾਂਦਾ। ਲੋਕਾਂ ਦਾ ਇਹ ਮਖੌਲ ਮੈਨੂੰ ਪਸੰਦ ਨਹੀਂ। ਵੋਟ ਨਹੀਂ ਪਾਉਣਗੇ ਪਰ ਹਾਰਨ `ਤੇ ਦੁਖੀ ਹੋਣਗੇ। ਜਿਨ੍ਹਾਂ ਨੇ ਵੋਟ ਨਹੀਂ ਪਾਈ ਹੁੰਦੀ, ਉਹ ਵੱਧ ਦੁਖੀ ਹੁੰਦੇ ਹਨ।
ਇਕ ਹੋਰ ਮਿੱਤਰ ਨੂੰ ਰਾਜ ਸਭਾ ਦੀ ਚੋਣ ਲੜਵਾਈ। ਵਿਧਾਇਕ ਵਿਸ਼ਰਾਮ ਘਰ ਦੇ ਕਮਰੇ `ਚ ਬੈਠ ਕੇ ਹਰ ਰੋਜ਼ ਰਾਤ ਨੂੰ ਹਿਸਾਬ ਲਗਾਉਂਦੇ ਹਨ ਕਿ ਲੋਕ ਪਾਰਟੀ ਦੇ ਫ਼ੈਸਲੇ ਨੂੰ ਭੰਗ ਕਰ ਕੇ ਸਾਡੇ ਮਿੱਤਰ ਨੂੰ ਵੋਟ ਪਾਉਣ ਲਈ ਉਤਾਵਲੇ ਹੋ ਰਹੇ ਹਨ। ਵੋਟਾਂ ਗਿਣੀਆਂ ਗਈਆਂ ਤਾਂ ਦੇਖਿਆ ਕਿ ਜਿੰਨੀਆਂ ਮਿਲੀਆਂ, ਉਸ ਤੋਂ ਦਸ ਗੁਣਾ ਲੋਕਾਂ ਨੇ ਵਾਅਦੇ ਕੀਤੇ ਸਨ। ਜਨਤਾ ਤਾਂ ਜਨਤਾ, ਵਿਧਾਇਕ ਵੀ ਮਖੌਲ ਕਰਦੇ ਹਨ। ਇਕ ਨੇਤਾ ਨੇ ਮੈਨੂੰ ਦੱਸਿਆ ਕਿ ਉਹਨਾਂ ਨਾਲ ਬੜਾ ਬੇਰਹਿਮ ਮਖੌਲ ਹੋ ਗਿਆ। ਕਹਿਣ ਲੱਗੇ- ਇਕ ਕਸਬੇ `ਚ ਅਸੀਂ ਦੋ ਘੰਟੇ ਚੋਣਾਂ ਦਾ ਭਾਸ਼ਣ ਦਿਤਾ। ਸਰੋਤੇ ਮੰਤਰ-ਮੁਗਧ ਹੋ ਗਏ ਸਨ। ਰਾਤ ਨੂੰ ਇਕ ਬਜ਼ੁਰਗ ਸੱਜਣ ਆਇਆ, ਬੋਲਿਆ- ਵਾਹ ਸਾਹਬ, ਕੀ ਤਕਰੀਰ ਕੀਤੀ ਹੈ। ਮਜ਼ਾ ਆ ਗਿਆ। ਤੁਹਾਡਾ ਮੂੰਹ ਹੈ ਕਿ ਕੋਈ ਪੋਲ ਹੈ- ਨਿਕਲਦਾ ਹੀ ਜਾਂਦਾ ਹੈ। ਮਜ਼ਾ ਆ ਗਿਆ। ਖ਼ੈਰ, ਵੋਟ ਤਾਂ ਅਸੀਂ ਤੁਹਾਡੀ ਪਾਰਟੀ ਨੂੰ ਨਹੀਂ ਪਾਵਾਂਗੇ ਪਰ ਸਵੇਰੇ ਤੁਹਾਡੀ ਇਕ ਤਕਰੀਰ ਹੋਰ ਹੋ ਜਾਵੇ। ਅਸੀਂ ਰਾਤੋ-ਰਾਤ ਹੀ ਉਸ ਪਿੰਡ `ਚੋਂ ਆਪਣਾ ਡੇਰਾ-ਡੰਡਾ ਪੁੱਟ ਲਿਆ।
ਮੈਂ ਲੋਕਾਂ ਦੇ ਅਜਿਹੇ ਮਖੌਲ ਤੋਂ ਬਹੁਤ ਘਬਰਾਉਂਦਾ ਹਾਂ ਪਰ ਜੋ ਇਸ ਤੋਂ ਘਬਰਾਉਂਦਾ ਹੈ, ਉਹ ਚੋਣਾਂ ਕਦੇ ਨਹੀਂ ਲੜ ਸਕਦਾ। ਅਜਿਹੀ ਸਥਿਤੀ ਵਿਚ ਖੁਫ਼ੀਆ ਵਿਭਾਗ ਦੀ ਸਲਾਹ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ। ਤਦ ਮੈਂ ਸਿਵਾਇ ਇਸ ਦੇ ਹੋਰ ਕੀ ਕਹਾਂ ਕਿ ਓਏ, ਇਹ ਰਾਜਨੀਤੀ ਅਪਸਰਾ ਹੈ ਜੋ ਤਪੱਸਵੀ ਸਾਹਿਤਕਾਰ ਨੂੰ ਆਪਣੇ ਰਾਹ ਤੋਂ ਭਟਕਾ ਦਿੰਦੀ ਹੈ।
ਇਸ ਨਾਲ ਪੇਸ਼ੇਵਰ ਮੰਤਰੀ ਬਹੁਤ ਖੁਸ਼ ਹੋਣਗੇ। ਕਹਿਣਗੇ- ਦੇਖੋ, ਕਿੰਨਾ ਸੁਸ਼ੀਲ ਲੇਖਕ ਹੈ। ਰਾਜਨੀਤੀ ਨੂੰ ਰਾਹ ਤੋਂ ਭਟਕਾਉਣ ਵਾਲੀ ਅਪਸਰਾ ਮੰਨਦਾ ਹੈ। ਉਹ ਘ੍ਰਿਣਤ ਹੈ। ਸਚਮੁੱਚ ਲੇਖਕਾਂ, ਕਲਾਕਾਰਾਂ, ਅਧਿਆਪਕਾਂ, ਬੁੱਧੀਜੀਵੀਆਂ ਨੂੰ ਰਾਜਨੀਤੀ ਨਾਲ ਕੀ ਮਤਲਬ? ਇਹਨਾਂ ਨੂੰ ਅਜਿਹੇ ਝੰਜਟ `ਚ ਨਹੀਂ ਪੈਣਾ ਚਾਹੀਦਾ। ਮੈਂ ਉਹਨਾਂ ਨੂੰ ਕਹਿੰਦਾ ਹਾਂ- ਜਨਾਬ! ਲੇਖਕ, ਅਧਿਆਪਕ, ਬੁੱਧੀਜੀਵੀ ਜੇ ਰਾਜਨੀਤੀ ਤੋਂ ਬਾਹਰ ਰਹੇ ਤਾਂ ਅੰਦਰ ਕੌਣ ਬਚੇ? ਤੁਹਾਡੇ ਵਰਗੇ ਅਨਪੜ੍ਹ, ਗੰਵਾਰ, ਅਸੱਭਿਅਕ, ਅਸੰਸਕ੍ਰਿਤ ਅਤੇ ਭ੍ਰਿਸ਼ਟ ਲੋਕ! ਇਹ ਦੇਸ਼ ਅਜਿਹੇ ਲੋਕਾਂ ਦੇ ਹੱਥਾਂ `ਚ ਦੇਣਾ ਹੈ ਜਾਂ ਨਹੀਂ, ਇਹ ਵੀ ਸੋਚਣਾ ਪੈਣਾ ਹੈ। ਜਦੋਂ ਵੀ ਸਾਡਾ ਵੱਸ ਚੱਲੇਗਾ, ਅਸੀਂ ਤੁਹਾਡੇ ਕੰਨ ਫੜਾਂਗੇ ਅਤੇ ਬਾਹਰ ਕੱਢ ਦੇਵਾਂਗੇ। ਸਾਨੂੰ ਇੰਨਾ ਸੁਸ਼ੀਲ ਸਮਝਣਾ ਤੁਹਾਡੇ ਲਈ ਖ਼ਤਰਨਾਕ ਹੋਵੇਗਾ।