‘ਫਿਰਿ ਬਾਬਾ ਆਇਆ ਕਰਤਾਰ ਪੁਰਿ’

ਵਰਿਆਮ ਸਿੰਘ ਸੰਧੂ
ਫੋਨ: 647-535-1539
ਮੇਰੀ ਮਾਲਕਣ ਬੀਬੀ ਰਜਵੰਤ ਕੌਰ ਸੰਧੂ ਨੂੰ ਮੇਰੇ ‘ਤੇ ਜੀਵਨ ਭਰ ਗਿਲਾ ਰਿਹਾ ਹੈ ਕਿ ਮੈਂ ਉਹਨੂੰ ਕਦੀ ਵੀ ‘ਘੁਮਾਉਣ-ਫਿਰਾਉਣ’ ਲੈ ਕੇ ਕਿਤੇ ਨਹੀਂ ਗਿਆ। ਪਿਛਲੇ ਸਾਲ ਪੰਜਾਬ ਗਏ ਤਾਂ ਕਹਿੰਦੀ, “ਐਤਕੀਂ ਕਰਤਾਰਪੁਰ ਈ ਵਿਖਾ ਦਿਉ। ਨਾਲੇ ਜੀਤੀ ਤੇ ਮਨਦੀਪ ਹੁਰਾਂ ਨੂੰ ਵੀ ਮਿਲ ਲਵਾਂਗੇ।”

ਡੇਰਾ ਬਾਬਾ ਨਾਨਕ ਦੇ ਅਸਲੋਂ ਨਜ਼ਦੀਕ ਪੈਂਦੇ ਪਿੰਡ ‘ਠੇਠਰ ਕੇ’ ਵਿਚ ਉਹਦੀ ਸਵਰਗੀ ਭੈਣ ਮਲਕੀਤ ਕੌਰ ਦੇ ਸਹੁਰੇ ਹਨ ਅਤੇ ਨੇੜਲੇ ਪਿੰਡ ‘ਡਾਲੇ’ ਵਿਚ ਉਹਦੀ ਛੋਟੀ ਭੈਣ ਜਗਜੀਤ ਵਿਆਹੀ ਹੋਈ ਹੈ।
ਮੈਂ ਸੋਚਿਆ ਚਲੋ ਠੀਕ ਹੈ। ਨਾਲੇ ਪੁੰਨ ਨਾਲੇ ਫ਼ਲੀਆਂ! ਨਾਲੇ ਗੁਰੂ ਸਾਹਿਬ ਨੂੰ ਮਿਲ ਲਵਾਂਗੇ ਨਾਲੇ ਰਿਸ਼ਤੇਦਾਰੀ ਨਿਭਾਅ ਆਵਾਂਗੇ। ਵੀਜ਼ੇ ਲਈ ਔਨ-ਲਾਈਨ ਅਪਲਾਈ ਕੀਤਾ। ਮੇਰਾ ਵੀਜ਼ਾ ਲੱਗ ਗਿਆ ਤੇ ਜਿਹਦੀ ਜਾਣ ਦੀ ਇੱਛਾ ਸੀ, ਉਹਦਾ ਰਹਿ ਗਿਆ। ਦੋਬਾਰਾ ਅਪਲਾਈ ਕੀਤਾ ਤਾਂ ਦੋਵਾਂ ਦਾ ਵੀਜ਼ਾ ਮਨਜ਼ੂਰ ਹੋ ਗਿਆ। ਇਹਦੀ ਮੁਹਰ ਪਾਸਪੋਰਟ ‘ਤੇ ਨਹੀਂ, ਅਲੱਗ ਕਾਗ਼ਜ਼ ‘ਤੇ ਲੱਗਦੀ ਹੈ ਤੇ ਸਰਹੱਦ ਦੇ ਉਰਾਰ-ਪਾਰ ਪਾਸਪੋਰਟ ਦੇ ਨਾਲ ਇਹ ਕਾਗ਼ਜ਼ ਵੀ ਵਿਖਾਉਣਾ ਪੈਂਦਾ ਹੈ।
ਅਸੀਂ ਪਹਿਲੀ ਅਪ੍ਰੈਲ ਨੂੰ ਜਾਣ ਦਾ ਪ੍ਰੋਗਰਾਮ ਬਣਾ ਲਿਆ। ‘ਠੇਠਰ ਕੇ’ ਵਾਲੀ ਭੈਣ ਮਲਕੀਤ ਕੌਰ ਦੇ ਬੇਟੇ ਮਨਦੀਪ ਨੂੰ ਦੱਸਿਆ ਕਿ ਜਾਣ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਦੇ ਹਸਪਤਾਲ ਤੋਂ ‘ਕੋਵਿਡ’ ਦਾ ਟੈਸਟ ਕਰਵਾ ਕੇ, ਰਿਪੋਰਟ ਨਾਲ ਲੈ ਕੇ ਜਾਣੀ ਹੈ। ਉਹ ਕਹਿੰਦਾ, “ਤੁਸੀਂ ਆਪਣੇ ਆਧਾਰ ਕਾਰਡ ਭੇਜ ਦਿਉ, ਮੈਂ ਸਰਟੀਫ਼ਿਕੇਟ ਬਣਾ ਛੱਡਾਂਗਾ। ਉਸ ਦਿਨ ਟਾਈਮ ਬਚ ਜਾਊ।”
ਉਹ ਸਿਹਤ ਵਿਭਾਗ ਵਿਚ ਹੀ ਨੌਕਰੀ ਕਰਦਾ ਹੈ।
ਮੈਂ ਕਿਹਾ, “ਸਾਡਾ ਟੈਸਟ ਕਰਨ ਤੋਂ ਬਿਨਾਂ ਰਿਪੋਰਟ ਕਿਵੇਂ ਮਿਲ ਜੂ?”
“ਤੁਸੀਂ ਫ਼ਿਕਰ ਨਾ ਕਰੋ! ਸਭ ਕੁੱਝ ਹੋ ਜਾਂਦਾ।”
ਸ਼ਾਮ ਤੱਕ ਅਸੀਂ ‘ਠੇਠਰ ਕੇ’ ਪਹੁੰਚ ਗਏ। ਚਾਹ-ਪਾਣੀ ਪੀ ਕੇ ਰਜਵੰਤ ਕੌਰ ਕਹਿੰਦੀ, “ਮਨਦੀਪ! ਚੱਲ ਜੀਤੀ ਨੂੰ ਮਿਲ ਆਈਏ।”
ਮਨਦੀਪ ਨੇ ਕਾਰ ਕੱਢੀ ਤੇ ਅਸੀਂ ਵੀਹ ਕੁ ਮਿੰਟ ਵਿਚ ਜਗਜੀਤ ਦੇ ਪਿੰਡ ਡਾਲੇ ਪਹੁੰਚ ਗਏ। ਉਹਨੇ ਰਾਤ ਦਾ ਖਾਣਾ ਬਣਾਇਆ ਹੋਇਆ ਸੀ। ਅਸੀਂ ਖਾਣਾ ਖਾਧਾ। ਰਾਤ ਪੈ ਚੁੱਕੀ ਸੀ। ਜਗਜੀਤ ਤੇ ਉਹਦਾ ਪਤੀ ਨਰਿੰਦਰ ਕਹਿੰਦੇ, “ਹੁਣ ਐਥੇ ਸੌਂ ਜੋ। ਸਵੇਰੇ ਨਹਾ ਧੋ ਕੇ ਏਥੋਂ ਹੀ ਕਰਤਾਰਪੁਰ ਚਲੇ ਜਾਇਉ।”
ਫ਼ੈਸਲਾ ਹੋਇਆ ਕਿ ਅਸੀਂ ਰਾਤ ਓਥੇ ਹੀ ਟਿਕ ਜਾਂਦੇ ਹਾਂ ਤੇ ਸਵੇਰੇ ਵੇਲੇ ਸਿਰ ਆ ਕੇ ਮਨਦੀਪ ਸਾਨੂੰ ਕਰਤਾਰਪੁਰ ਲੈ ਜਾਵੇਗਾ।
ਅਸੀਂ ਨਹਾ ਧੋ ਕੇ ਸਵੇਰੇ ਨਾਸ਼ਤਾ ਕਰਨ ਲੱਗੇ ਸਾਂ ਕਿ ਮਨਦੀਪ ਵੀ ਪਹੁੰਚ ਗਿਆ। ਉਹਨੇ ਸਾਨੂੰ ਕਾਰ ਵਿਚ ਬਿਠਾਇਆ ਤੇ ਕਾਰ ਡੇਰਾ ਬਾਬਾ ਨਾਨਕ ਵੱਲ ਤੋਰ ਲਈ। ‘ਠੇਠਰ ਕੇ’ ਤੇ ‘ਡਾਲੇ’ ਨੂੰ ਰਾਹ ਡੇਰਾ ਬਾਬਾ ਨਾਨਕ ਵਿਚੋਂ ਲੰਘਦਾ ਹੋਣ ਕਰਕੇ ਮੈਂ ਅਨੇਕਾਂ ਵਾਰ ਡੇਰਾ ਬਾਬਾ ਨਾਨਕ ਵਿਚ ਦੀ ਲੰਘਿਆ ਹਾਂ। ਅੱਜ ਜਦੋਂ ਇਸ ਕਸਬੇ ਵਿਚੋਂ ਕਰਤਾਰਪੁਰ ਵੱਲ ਜਾ ਰਹੇ ਸਾਂ ਤਾਂ ਮੈਨੂੰ ਪਹਿਲੀ ਵਾਰ ਡੇਰਾ ਬਾਬਾ ਨਾਨਕ ਦੀ ਕੀਤੀ ‘ਯਾਤਰਾ’ ਯਾਦ ਆਈ।
ਮੈਂ, ਰਜਵੰਤ ਤੇ ਮਨਦੀਪ ਨਾਲ ਉਸ ਯਾਤਰਾ ਦਾ ਵੇਰਵਾ ਸਾਂਝਾ ਕਰਨ ਲੱਗਾ।
1969 ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਗੁਰੂ ਨਾਨਕ ਪਾਤਸ਼ਾਹ ਦਾ ਪੰਜ ਸੌਵਾਂ ਜਨਮ ਦਿਹਾੜਾ ਸਰਕਾਰੀ ਤੌਰ ‘ਤੇ ਡੇਰਾ ਬਾਬਾ ਨਾਨਕ ਵਿਖੇ ਮਨਾਇਆ ਗਿਆ ਸੀ। ਉਦੋਂ ਤੱਕ ਭਾਸ਼ਾ ਵਿਭਾਗ ਮੈਨੂੰ ‘ਲੇਖਕ’ ਮੰਨ ਚੁੱਕਾ ਸੀ ਕਿਉਂਕਿ ਉਸ ਵੇਲੇ ਤੱਕ ਮੇਰੀਆਂ ਰਚਨਾਵਾਂ ‘ਪ੍ਰੀਤ ਲੜੀ’, ‘ਆਰਸੀ’, ‘ਕਵਿਤਾ’, ‘ਕਹਾਣੀ’, ‘ਫਤਹਿ’, ‘ਪ੍ਰੀਤਮ’, ‘ਹੇਮ ਜਯੋਤੀ’ ਤੇ ਹੋਰ ਪਰਚਿਆਂ ਵਿਚ ਛਪ ਚੁੱਕੀਆਂ ਸਨ। ਮੇਰੀਆਂ ਕੁੱਝ ਰਚਨਾਵਾਂ ਭਾਸ਼ਾ ਵਿਭਾਗ ਦੇ ਪਰਚੇ ‘ਜਨ ਸਾਹਿਤ’ ਵਿਚ ਵੀ ਛਪ ਚੁੱਕੀਆਂ ਸਨ। ਭਾਸ਼ਾ ਵਿਭਾਗ ਦਾ ‘ਮਾਨਤਾ-ਪ੍ਰਾਪਤ ਲੇਖਕ’ ਹੋਣ ਕਰਕੇ ਵਿਭਾਗ ਵੱਲੋਂ ਮੈਨੂੰ ਵੀ ਇਸ ਸਮਾਗਮ ਵਿਚ ਹਾਜ਼ਰ ਹੋਣ ਲਈ ਸੱਦਾ ਪੱਤਰ ਮਿਲਿਆ ਸੀ ਤੇ ਇਹ ਵੀ ਕਿਹਾ ਗਿਆ ਸੀ ਕਿ ਆਉਣ-ਜਾਣ ਦੇ ਕਿਰਾਏ ਵਜੋਂ ਮਾਣ-ਭੇਟਾ ਵੀ ਦਿੱਤੀ ਜਾਵੇਗੀ। ਮਾਣ-ਭੇਟਾ ਉਦੋਂ ਸ਼ਾਇਦ ਵੀਹ ਕੁ ਰੁਪਏ ਲਿਖੀ ਸੀ ਤੇ 1969 ਵਿਚ ਏਨੀ ਕੁ ਮਾਇਆ ਨਾਲ ਮੇਰੇ ਪਿੰਡ ਸੁਰ ਸਿੰਘ ਤੋਂ ਡੇਰੇ ਬਾਬੇ ਨਾਨਕ ਸੌਖੇ ਹੀ ਆਇਆ-ਜਾਇਆ ਜਾ ਸਕਦਾ ਸੀ। ਸਮਾਗਮ ਤੋਂ ਪਹਿਲੀ ਰਾਤ ਮੈਂ ਅੰਬਰਸਰ ਪਹੁੰਚ ਗਿਆ। ਡੇਰੇ ਨੂੰ ਗੱਡੀ ਅੱਧੀ ਰਾਤ ਤੋਂ ਬਾਅਦ ਚੱਲਦੀ ਸੀ। ਮੈਂ ਸਮਾਂ ਬਿਤਾਉਣ ਲਈ ਰੇਲਵੇ ਸਟੇਸ਼ਨ ਦੇ ਸਾਹਮਣੇ ਬਣੇ ‘ਪਰਕਾਸ਼’ ਸਿਨੇਮੇ ਵਿਚ ‘ਮੇਰਾ ਨਾਮ ਜੌਕਰ’ ਫ਼ਿਲਮ ਵੇਖਣ ਚਲਾ ਗਿਆ। ਫ਼ਿਲਮ ਵੇਖਣ ਤੋਂ ਬਾਅਦ ਸਟੇਸ਼ਨ ‘ਤੇ ਆ ਕੇ ਟਿਕਟ ਲਈ ਤੇ ਟਰੇਨ ਉਡੀਕਣ ਲੱਗਾ। ਸੂਰਜ ਦੇ ਚੜ੍ਹਾਅ ਨਾਲ ਮੈਂ ਡੇਰੇ ਪਹੁੰਚ ਗਿਆ।
ਉਸ ਸਮਾਗਮ ਵਿਚ ਪੰਜਾਬ ਭਰ ਤੋਂ ਵੱਡੇ-ਛੋਟੇ ਲੇਖਕ ਇਕੱਠੇ ਹੋਏ ਸਨ। ਉਨ੍ਹਾਂ ਨੂੰ ਮਿਲਣਾ, ਵੇਖਣਾ ਚੰਗਾ ਲੱਗ ਰਿਹਾ ਸੀ। ਸਾਡੀ ਜ਼ਬਾਨ ਦੇ ਸਭ ਤੋਂ ਵੱਡੇ ਲੇਖਕ ਬਾਬਾ ਨਾਨਕ ਨੇ ਆਪਣੇ ਬੱਚਿਆਂ ਨੂੰ ਆਪਸ ਵਿਚ ਮਿਲਣ ਦਾ ਸੋਹਣਾ ਸਬੱਬ ਬਣਾ ਦਿੱਤਾ ਸੀ। ਹੁਣ ਸਿਰਫ਼ ਏਨਾ ਕੁ ਯਾਦ ਹੈ ਕਿ ਦੋ ਬੁਲਾਰਿਆਂ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਸੀ। ਇੱਕ ਤਾਂ ਸੀ ਪ੍ਰਸਿੱਧ ਵਿਦਵਾਨ ਡਾ. ਤਾਰਨ ਸਿੰਘ ਤੇ ਦੂਜਾ ਸੀ ਉਸ ਵੇਲੇ ਦਾ ਭਾਸ਼ਾ ਤੇ ਸਿੱਖਿਆ-ਮੰਤਰੀ ਸੁਰਜੀਤ ਸਿੰਘ ਬਰਨਾਲਾ।
…ਗੱਲਾਂ ਅਜੇ ਮੁੱਕੀਆਂ ਨਹੀਂ ਸਨ ਕਿ ਅਸੀਂ ਕਰਤਾਰਪੁਰ ਕਾਰੀਡੋਰ ਦੇ ਸਾਹਮਣੇ ਪਹੁੰਚ ਗਏ। ਮਨਦੀਪ ਨੇ ਆਪਣੀ ਕਾਰ ਪਾਰਕ ਕੀਤੀ। ਅਸੀਂ ਕਾਰੀਡੋਰ ਅੱਗੇ ਕੁੱਝ ਤਸਵੀਰਾਂ ਖਿੱਚੀਆਂ। ਮਨਦੀਪ ਨਾਲ ਗੱਲ ਤੈਅ ਹੋ ਗਈ ਕਿ ਉਹ ਸਾਡੀ ਵਾਪਸੀ ‘ਤੇ ਸਾਨੂੰ ਏਸੇ ਥਾਂ ਤੋਂ ਆ ਕੇ ਲੈ ਜਾਵੇਗਾ।
ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਵਿਚ ਤਿੰਨਾਂ ਨਗਰਾਂ ਦਾ ਬਹੁਤ ਮਹੱਤਵਪੂਰਨ ਸਥਾਨ ਹੈ। ਪਹਿਲਾ ਤਲਵੰਡੀ ਰਾਇ ਭੋਇੰ ਦੀ, ਜਿੱਥੇ ਉਨ੍ਹਾਂ ਨੇ ਜਨਮ ਲਿਆ, ਬਚਪਨ ਗੁਜ਼ਾਰਿਆ ਤੇ ਜਵਾਨੀ ਚੜ੍ਹੇ। ਦੂਜਾ ਨਗਰ ਹੈ ਸੁਲਤਾਨਪੁਰ ਲੋਧੀ, ਜਿੱਥੇ ਉਨ੍ਹਾਂ ਨੇ ‘ਸੱਚ ਦਾ ਵਪਾਰ’ ਕੀਤਾ; ਗ੍ਰਹਿਸਥ ਧਾਰਨ ਕੀਤਾ; ਸੱਚ ਦਾ ਮਾਰਗ ਲੱਭਿਆ ਅਤੇ ਮਰਦਾਨੇ ਦੇ ਸੰਗ-ਸਾਥ ਵਿਚ ਦੁਨੀਆਂ ਨੂੰ ਉਸ ਮਾਰਗ ਦੀ ਸੋਝੀ ਦੇਣ ਲਈ ਜਗਤ-ਉਦਾਸੀਆਂ ਲਈ ਨਿਕਲੇ। ਤੀਜਾ ਨਗਰ ਕਰਤਾਰਪੁਰ, ਜਿੱਥੇ ਗੁਰੂ ਸਾਹਿਬ ਨੇ ਆਪਣੇ ਜੀਵਨ-ਸਿਧਾਂਤ ਤੇ ਜੀਵਨ-ਵਿਹਾਰ ਨੂੰ ਇੱਕ-ਮਿੱਕ ਕਰ ਕੇ ਵਿਖਾਇਆ।
ਸਾਡੇ ਅੰਦਰਲੇ ਚਾਅ ਵਿਚ ਉਮਲ-ਉੱਛਲ ਰਿਹਾ ਸੀ। ਅਸੀਂ ਆਪਣੇ ਸਤਿਗੁਰੂ ਦੀ ਉਸ ਧਰਤੀ ਨੂੰ ਪਰਸਣ ਜਾ ਰਹੇ ਸਾਂ, ਜਿਸ ਧਰਤੀ ਨੂੰ ਉਨ੍ਹਾਂ ਨੇ ਆਪਣੇ ਜੀਵਨ ਦੇ ਆਖ਼ਰੀ ਵਡਮੁੱਲੇ ਸਾਲਾਂ ਵਿਚ ਆਪਣੇ ਜੀਵਨ-ਸਿਧਾਂਤ ਦਾ ਪਰਚਾਰ ਕਰਨ ਲਈ ਆਦਰਸ਼ਕ ਜੀਵਨ ਦਾ ਨਮੂਨਾ ਪੇਸ਼ ਕੀਤਾ; ਜਿੱਥੇ ਉਨ੍ਹਾਂ ਨੇ ਸਮੂਹ ਪਰਿਵਾਰ (ਮਾਤਾ-ਪਿਤਾ, ਪਤਨੀ ਤੇ ਪੁੱਤਰਾਂ ਸਮੇਤ) ਸਹਿਤ ਰਿਹਾਇਸ਼ ਕੀਤੀ ਤੇ ਹੱਥੀਂ ਖੇਤੀ ਕਰ ਕੇ ਦਸਾਂ ਨਹੁੰਆਂ ਦੀ ਕਿਰਤ ਕਰਨ ਦਾ ਮਾਰਗ ਦ੍ਰਿੜ੍ਹ ਕਰਵਾਇਆ। ਇਸ ਥਾਂ ਨੂੰ ਉਨ੍ਹਾਂ ਨੇ 17 ਸਾਲ, 5 ਮਹੀਨੇ ਅਤੇ 9 ਦਿਨ ਰੰਗ-ਭਾਗ ਲਾਏ। ਕਰਤਾਰਪੁਰ ਦੀ ਰਮਣੀਕ ਧਰਤੀ ‘ਤੇ ਹੀ ਉਨ੍ਹਾਂ ਨੇ ਆਸਾ ਦੀ ਵਾਰ, ਜਪੁ ਜੀ, ਤੁਖਾਰੀ ਰਾਗ ਦਾ ਬਾਰਹ ਮਾਹ, ਸਿਧ ਗੋਸਟਿ ਵਰਗੀਆਂ ਮਹੱਤਵਪੂਰਨ ਬਾਣੀਆਂ ਦੀ ਸਿਰਜਣਾ ਕੀਤੀ। ਏਥੇ ਹੀ ਭਾਈ ਲਹਿਣੇ ਨੂੰ ਮੱਥਾ ਟੇਕ ਕੇ ਗੁਰਗੱਦੀ ਬਖ਼ਸ਼ੀ ਤੇ ਜੋਤੀ ਜੋਤ ਵੀ ਏਥੇ ਹੀ ਸਮਾਏ।
ਡੁੱਲ੍ਹ-ਡੁੱਲ੍ਹ ਪੈਂਦੀ ਖ਼ੁਸ਼ੀ ਨਾਲ ਅਸੀਂ ਸਭ ਤੋਂ ਪਹਿਲਾਂ ਭਾਰਤੀ ਕਸਟਮ-ਅਧਿਕਾਰੀਆਂ ਅੱਗੇ ਪਾਸਪੋਰਟਾਂ ਸਮੇਤ ਲੋੜੀਂਦੇ ਕਾਗ਼ਜ਼ ਪੱਤਰ ਪੇਸ਼ ਕੀਤੇ। ਕੁਰਸੀ ‘ਤੇ ਬੈਠੇ ਸੱਜਣ ਨੇ ਸਾਡੇ ਸਾਹਮਣੇ ਇੱਕ ਫ਼ਾਰਮ ਕੀਤਾ ਜਿਸ ਵਿਚ ਹੋਰ ਵੇਰਵਿਆਂ ਤੋਂ ਇਲਾਵਾ ਇਹ ਵੀ ਦਰਜ ਕਰਨਾ ਪੈਣਾ ਸੀ ਕਿ ਅਸੀਂ ਆਪਣੇ ਨਾਲ ਕਿੰਨੇ ਪੈਸੇ ਲੈ ਕੇ ਜਾ ਰਹੇ ਹਾਂ। ਫ਼ੀਸ ਵਜੋਂ, ਵੀਹ ਯੂ ਐੱਸ ਡਾਲਰ ਪ੍ਰਤੀ ਜੀਅ ਨਾਲ ਲੈ ਕੇ ਜਾਣ ਦੀ ਆਗਿਆ ਤਾਂ ਸੀ ਹੀ। ਘਰੋਂ ਮੈਨੂੰ ਆਪਣੇ ਪੁੱਤਰ ਸੁਪਨਦੀਪ ਸੰਧੂ ਦੇ ਕਮਰੇ ਵਿਚੋਂ ਅੱਠ ਹਜ਼ਾਰ ਰੁਪਏ ਦੀ ਪਾਕਿਸਤਾਨੀ ਕਰੰਸੀ ਮਿਲੀ ਸੀ। ਉਹ ਕੁੱਝ ਸਾਲ ਪਹਿਲਾਂ ਪ੍ਰਾਈਮ ਏਸ਼ੀਆ ਟੀ ਵੀ ਵੱਲੋਂ ਨਨਕਾਣਾ ਸਾਹਿਬ ਵਿਚ ਗੁਰਪੁਰਬ ਦੇ ਜਸ਼ਨਾਂ ਨੂੰ ਟੀ ਵੀ ‘ਤੇ ਨਾਲ ਦੇ ਨਾਲ ਵਿਖਾਉਣ ਲਈ ਪਾਕਿਸਤਾਨ ਗਿਆ ਸੀ। ਇਹ ਬਚੇ ਹੋਏ ਪੈਸੇ ਉਹ ਵਾਪਸ ਮੁੜਦਿਆਂ ਨਾਲ ਲੈ ਆਇਆ ਸੀ।
ਜਦੋਂ ਮੈਂ ਦੱਸਿਆ ਕਿ ਸਾਡੇ ਕੋਲ ਅੱਠ ਹਜ਼ਾਰ ਪਾਕਿਸਤਾਨੀ ਰੁਪਏ ਵੀ ਹਨ ਤਾਂ ਉਹ ‘ਸੱਜਣ’ ਕਹਿੰਦਾ, “ਉਹੋ ਜੀ! ਇਹ ਤਾਂ ਗ਼ਲਤ ਗੱਲ ਹੋ ‘ਗੀ। ਜੇ ਇਹ ਪੈਸੇ ਓਧਰ ਫੜੇ ਗਏ ਤਾਂ ਉਹ ਅੰਦਰ ਵੀ ਕਰ ਸਕਦੇ ਨੇ। ਅੱਗੇ ਇੱਕ ਬੰਦਾ ਏਸੇ ਜੁਰਮ ਵਿਚ ਛੇ ਸਾਲਾਂ ਤੋਂ ਓਧਰ ਜੇਲ੍ਹ ਵਿਚ ਬੈਠਾ।”
ਛੇ ਸਾਲ ਤਾਂ ਅਜੇ ਲਾਂਘਾ ਖੁੱਲ੍ਹੇ ਨੂੰ ਨਹੀਂ ਸੀ ਹੋਏ!
ਮੈਨੂੰ ਲੱਗਦਾ ਸੀ ਕਿ ਇਹ ਪੈਸੇ ਨਾਲ ਲੈ ਕੇ ਜਾਣ ਵਿਚ ਅਜਿਹੀ ਕੋਈ ਮਨਾਹੀ ਨਹੀਂ ਸੀ ਹੋਣੀ ਚਾਹੀਦੀ, ਕਿਉਂਕਿ ਜਦੋਂ ਅਸੀਂ 2001 ਵਿਚ ਲਾਹੌਰ ਵਿਚ ਹੋਣ ਵਾਲੀ ਆਲਮੀ ਪੰਜਾਬੀ ਕਾਨਫ਼ਰੰਸ ਵਿਚ ਸ਼ਾਮਲ ਹੋਣ ਗਏ ਸਾਂ ਤਾਂ ਅਸੀਂ ਅਟਾਰੀ ਸਟੇਸ਼ਨ ਦੇ ਬਾਹਰੋਂ ਹੀ ਭਾਰਤੀ ਕਰੰਸੀ ਨਾਲ ਪਾਕਿਸਤਾਨੀ ਕਰੰਸੀ ਵਟਾ ਲਈ ਸੀ।
“ਹੁਣ ਫਿਰ?”
“ਹੁਣ ਇੰਞ ਕਰੋ ਕਿ ਜਿਹੜਾ ਬੰਦਾ ਤੁਹਾਨੂੰ ਛੱਡਣ ਆਇਆ ਸੀ, ਉਹਨੂੰ ਬਾਹਰ ਜਾ ਕੇ ਪੈਸੇ ਫੜਾ ਆਓ।”
ਮਨਦੀਪ ਤਾਂ ਉਦੋਂ ਹੀ ਵਾਪਸ ਤੁਰ ਗਿਆ ਸੀ।
ਫਿਰ ਉਹਨੇ ਨਾਲ ਦਿਆਂ ਗੱਲ ਕੀਤੀ। ਦੋ ਤਿੰਨ ਜਣੇ ਇਕੱਠੇ ਹੋ ਗਏ। ਉਹ ਮੇਰੇ ਨਾਲ ‘ਹਮਦਰਦੀ’ ਕਰ ਰਹੇ ਸਨ। ਪੰਜ-ਸੱਤ ਮਿੰਟ ਉਨ੍ਹਾਂ ਸਾਰਾ ਕੰਮ ਰੋਕ ਕੇ ‘ਸਲਾਹ-ਮਸ਼ਵਰਾ’ ਕਰਨ `ਤੇ ਲਾ ਦਿੱਤੇ ਕਿ ਇਨ੍ਹਾਂ ਪੈਸਿਆਂ ਦਾ ਹੁਣ ਕੀ ਕੀਤਾ ਜਾਵੇ!
ਆਪਸੀ ਸਲਾਹ-ਮਸ਼ਵਰੇ ਤੋਂ ਬਾਅਦ ਮੇਰੇ ਹੱਕ ਵਿਚ ਫ਼ੈਸਲਾ ਸੁਣਾਇਆ, “ਇਹ ਪੈਸੇ ਤਾਂ ਹੁਣ ਡਿਸਟਰਾਇ ਕਰਨੇ ਪੈਣਗੇ।”
ਸਾਡਾ ਪਰੇਸ਼ਾਨ ਹੋਣਾ ਲਾਜ਼ਮੀ ਸੀ ਪਰ ਨਾਲ ਹੀ ਸਾਡੇ ਮਨ ਵਿਚ ਸੀ ਕਿ ਇਹ ਕਿਹੜੀ ਏਡੀ ‘ਰਕਮ’ ਹੈ, ਜਿਸ ਕਰਕੇ ਸਮਾਂ ਬਰਬਾਦ ਕਰ ਰਹੇ ਹਾਂ। ਜਿਵੇਂ ਇਹ ਕਹਿੰਦੇ ਨੇ ਉਂਞ ਹੀ ਕਰ ਲੈਂਦੇ ਹਾਂ।
“ਤੁਸੀਂ ਇੰਞ ਕਰੋ ਔਹ ਵਾਸ਼ ਰੂਮ ਵਿਚ ਚਲੇ ਜਾਓ ਤੇ ਇਹ ਬੰਦਾ ਉਥੋਂ ਤੁਹਾਡੇ ਕੋਲੋਂ ਪੈਸੇ ਫੜ ਲਵੇਗਾ ਤੇ ਉਨ੍ਹਾਂ ਨੂੰ ਆਪੇ ਡਿਸਟਰਾਇ ਕਰ ਦਊਗਾ।”
ਉਨ੍ਹਾਂ ਨੇ ਕੋਲ ਖਲੋਤੇ ਦਰਜਾ ਚਾਰ ਮੁਲਾਜ਼ਮ ਵੱਲ ਇਸ਼ਾਰਾ ਕੀਤਾ।
ਸਾਨੂੰ ਲੱਗਦਾ ਸੀ ਕਿ ਇਸ ਖ਼ਲਜਗਣ ਵਿਚ ਸਾਡਾ ਸਮਾਂ ਗਵਾਚਦਾ ਜਾਂਦਾ ਹੈ। ਉਧਰੋਂ ਚਾਰ ਵਜੇ ਵਾਪਸ ਪਰਤਣਾ ਵੀ ਲਾਜ਼ਮੀ ਸੀ। ਮੈਂ ਦੱਸੇ ਅਨੁਸਾਰ ਵਾਸ਼ਰੂਮ ਵਿਚ ਗਿਆ। ਕੁੱਝ ਚਿਰ ਬਾਅਦ ਉਹ ਮੁਲਾਜ਼ਮ ਵੀ ਆ ਗਿਆ। ਮੈਂ ਪੈਸੇ ਉਹਦੀ ਮੁੱਠ ਵਿਚ ਦੇ ਕੇ ਭਾਰ-ਮੁਕਤ ਹੋ ਗਿਆ।
ਇਹ ਤਾਂ ਮੈਂ ਜਾਣ ਚੁੱਕਾ ਸਾਂ ਕਿ ‘ਪੈਸੇ ਕਿਵੇਂ ਡਿਸਟਰਾਇ ਹੋਣੇ ਨੇ!’
ਖ਼ੈਰ, ਇਸ ਬੇਸੁਆਦੀ ਤੋਂ ਬਾਅਦ ਅਸੀਂ ਫਿਰ ਧਿਆਨ ਗੁਰਾਂ ਨਾਲ ਜੋੜਨ ਦਾ ਯਤਨ ਕੀਤਾ ਤੇ ਸਾਰੀ ਲੋੜੀਂਦੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਬਾਹਰ ਨਿਕਲੇ।
ਅੱਗੇ ਭਾਰਤ ਸਰਕਾਰ ਵੱਲੋਂ ਛੇ-ਪਹੀਆ ਵਾਹਨ ਤਿਆਰ ਸੀ, ਜਿਸ ਨੇ ਸਾਨੂੰ ਪਾਕਿਸਤਾਨ ਦੇ ਬਾਰਡਰ ਤੱਕ ਲੈ ਕੇ ਜਾਣਾ ਸੀ। ਇੱਥੋਂ ਅਸੀਂ ਪੈਦਲ ਸਰਹੱਦ ਪਾਰ ਕਰ ਕੇ ਪਾਕਿਸਤਾਨ ਦੀ ਇਮੀਗ੍ਰੇਸ਼ਨ ਕਰਵਾਈ। ਵੀਹ ਡਾਲਰ ਪ੍ਰਤੀ ਜੀਅ ਫ਼ੀਸ ਜਮ੍ਹਾਂ ਕਰਵਾ ਕੇ ਸਾਹਮਣੇ ਉਡੀਕ ਰਹੀ ਬੱਸ ਵਿਚ ਦੂਜੇ ਯਾਤਰੂਆਂ ਨਾਲ ਸਵਾਰ ਹੋ ਗਏ। ਇਸ ਬੱਸ ਨੇ ਸਾਨੂੰ ਗੁਰਦੁਆਰਾ ਸਾਹਿਬ ਤੱਕ ਲੈ ਕੇ ਜਾਣਾ ਸੀ। ਇਸਤੋਂ ਬਾਅਦ ਸਾਨੂੰ ਕੋਈ ਕਾਗ਼ਜ਼-ਪੱਤਰ ਵਿਖਾਉਣ ਦੀ ਲੋੜ ਨਹੀਂ ਸੀ। ਕੇਵਲ ਸਾਨੂੰ ਇੱਕ ਪੀਲੇ ਰੰਗ ਦਾ ਯਾਤਰੀ ਪਛਾਣ-ਕਾਰਡ ਹੀ ਆਪਣੇ ਗਲ ਵਿਚ ਪਾਉਣਾ ਪੈਣਾ ਸੀ।
ਬੱਸ ਰਾਵੀ ਦਰਿਆ ਦੇ ਪੁਲ ਉਤੋਂ ਲੰਘ ਰਹੀ ਸੀ। ਮੈਂ ਆਸੇ ਪਾਸੇ ਵੇਖ ਰਿਹਾ ਸਾਂ। ਰਜਵੰਤ ਕੌਰ ਨੇ ਹੱਥ ਜੋੜੇ ਹੋਏ ਸਨ ਤੇ ਦੂਰ ਨਜ਼ਰ ਆ ਰਹੇ ਗੁਰਦੁਆਰੇ ਵੱਲ ਭਿੱਜੀਆਂ ਅੱਖਾਂ ਨਾਲ ਵੇਖ ਰਹੀ ਸੀ। ਬੱਸ ਨੇ ਅਜੇ ਪੁਲ਼ ਪਾਰ ਨਹੀਂ ਸੀ ਕੀਤਾ ਕਿ ਯਾਦਾਂ ਦੀ ਤੇਜ਼ ਹਨੇਰੀ ਨੇ ਮੈਨੂੰ ਪੂਰੇ ਜ਼ੋਰ ਨਾਲ ਪੁਲ਼ ਤੋਂ ਪਿੱਛੇ ਵੱਲ ਧੱਕਣਾ ਸ਼ੁਰੂ ਕਰ ਦਿੱਤਾ। ਪੁਲ ਉੱਤੋਂ ਡਰੇ-ਸਹਿਮੇ, ਭੁੱਖੇ ਭਾਣੇ, ਥੱਕੇ-ਟੁੱਟੇ ਲੋਕਾਂ ਦੇ ਕਾਫ਼ਿਲੇ ਨੇ ਮੈਨੂੰ ਆਪਣੇ ਨਾਲ ਪਿਛਾਂਹ ਤੋਰ ਲਿਆ। ਇਹ ਉਹੀ ਲੋਕ ਸਨ ਜੋ ਆਪਣੀ ਉਸ ਜਨਮ-ਭੋਇੰ, ਜਿੱਥੇ ਉਨ੍ਹਾਂ ਦੇ ਵੱਡ-ਵਡੇਰੇ ਸਦੀਆਂ ਤੋਂ ਵੱਸਦੇ ਆ ਰਹੇ ਸਨ, ਉਜਾੜ ਦਿੱਤੇ ਗਏ ਸਨ ਤੇ ਉਹ ਜਾਨਾਂ ਬਚਾ ਕੇ ਏਧਰ ਨੂੰ ਭੱਜ ਨਿਕਲੇ ਸਨ, ਪਰਵਾਸੀ ਬਣ ਕੇ। …
ਆਪਣੀਆਂ ਜੀਵਨ ਲੋੜਾਂ ਦੀ ਪੂਰਤੀ ਲਈ ਇੱਕ ਥਾਂ ਤੋਂ ਦੂਜੀ ਥਾਂ ਪਰਵਾਸ ਕਰਨਾ ਮਨੁੱਖੀ ਸੁਭਾ ਦਾ ਹਿੱਸਾ ਰਿਹਾ ਹੈ ਪਰ ਜਦੋਂ ਕਿਸੇ ਨੂੰ ਉਸ ਦੀ ਇੱਛਾ ਦੇ ਵਿਰੁੱਧ ਘਰ–ਘਾਟ ਛੱਡ ਕੇ ਉਜੜ ਜਾਣ ਲਈ ਮਜਬੂਰ ਕੀਤਾ ਜਾਵੇ, ਸਦੀਆਂ ਤੋਂ ਆਪਣੀ ਜ਼ਮੀਨ ਨਾਲ ਜੁੜੀਆਂ ਉਸਦੀਆਂ ਜੜ੍ਹਾਂ ਇੱਕੋ ਟੱਕ ਨਾਲ ਵੱਢ ਦਿੱਤੀਆਂ ਜਾਣ ਅਤੇ ਉਸਨੂੰ ਧੱਕ ਕੇ ਬਿਲਕੁਲ ਬੇ-ਸਰੋ –ਸਾਮਾਨੀ ਦੀ ਹਾਲਤ ਵਿਚ ਅਸਲੋਂ ਪਰਾਈ ਧਰਤੀ ਉਤੇ ਰੁਲਣ ਅਤੇ ਨਵੇਂ ਸਿਰੇ ਤੋਂ ਮੁੜ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਸੁੱਟ ਦਿੱਤਾ ਜਾਵੇ ਤਾਂ ਉਸ ਦੇ ਜ਼ਖ਼ਮੀ ਹਿਰਦੇ, ਟੁੱਟੀਆਂ ਆਸਾਂ ਅਤੇ ਡੂੰਘੀਆਂ ਪੀੜਾਂ ਦਾ ਦਰਦ ਪੀੜ੍ਹੀਆਂ ਤੱਕ ਉਸ ਦੇ ਨਾਲ ਤੁਰਦਾ ਹੈ। 1947 ਵਿਚ ਸਿਆਸਤਦਾਨਾਂ ਦੇ ਡੰਗ ਦਾ ਡੰਗਿਆ ਪੰਜਾਬ ਇਹ ਦਰਦ ਕਿਸੇ ਨਾ ਕਿਸੇ ਰੂਪ ਵਿਚ ਅਜੇ ਵੀ ਹੰਢਾ ਰਿਹਾ ਹੈ। ਅਜੇ ਵੀ ਦੋਹਾਂ ਮੁਲਕਾਂ ਦੇ ਪੁਰਾਣੇ ਵਸਨੀਕ ਆਪੋ-ਆਪਣੀ ਜਨਮ-ਭੋਇੰ ਵੇਖਣ ਲਈ ਤੜਪ ਅਤੇ ਸਹਿਕ ਰਹੇ ਹਨ ਅਤੇ ਜੇ ਮੌਕਾ ਮਿਲ ਜਾਵੇ ਤਾਂ ਆਪਣੇ ਦਰਾਂ-ਘਰਾਂ ਦੇ ਗਲ ਲੱਗ ਕੇ ਧਾਹਾਂ ਮਾਰ ਕੇ ਰੋਂਦੇ ਹਨ। ਪਿਛਲੇ ਸਾਲਾਂ ਵਿਚ ਦੋਹਾਂ ਮੁਲਕਾਂ ਵਿਚ ਆਉਣ ਜਾਣ ਦੀ ਥੋੜ੍ਹੀ ਜਿਹੀ ਖੁੱਲ੍ਹ ਮਿਲਣ ਨਾਲ ਕੁੱਝ ਇੱਕ ਨੂੰ ਆਪਣੀ ਜਨਮ-ਭੋਂ ਦੀ ਮਿੱਟੀ ਨੂੰ ਕਲੇਜੇ ਨਾਲ ਲਾਉਣ ਦਾ ਮੌਕਾ ਮਿਲਿਆ ਹੈ। ਕੋਈ ਆਪਣੇ ਵਿਹੜੇ ਵਿਚੋਂ ਮਿੱਟੀ ਦੀ ਮੁੱਠ ਲੈ ਕੇ, ਕੋਈ ਆਪਣੀ ਹਵੇਲੀ ਦੀ ਉਖੜੀ ਇੱਟ ਲੈ ਕੇ, ਉਸ ਨੂੰ ਹਿੱਕ ਨਾਲ ਲਾ ਕੇ ਅੱਥਰੂ ਕੇਰਦਾ ਵਾਪਸ ਪਰਤਦਾ ਹੈ ਤਾਂ ਵੇਖਣ ਵਾਲਿਆਂ ਦੇ ਆਪਣੇ ਕਾਲਜੇ ਵਿਚ ਹੌਲ ਪੈਂਦੇ ਹਨ। ਸੋਸ਼ਲ ਮੀਡੀਏ ‘ਤੇ ਕੰਮ ਕਰਨ ਵਾਲਿਆਂ ਨੇ ਪਿਛਲੇ ਸਾਲਾਂ ਵਿਚ ਅਨੇਕਾਂ ਵਿਛੜੇ ਪਰਿਵਾਰਾਂ ਨੂੰ ਮਿਲਾਉਣ ਵਿਚ ਵੱਡਾ ਯੋਗਦਾਨ ਪਾਇਆ ਹੈ। ਕਰਤਾਰਪੁਰ ਦਾ ਲਾਘਾਂ ਖੁੱਲ੍ਹਣ ਨਾਲ, ਸੱਤਰ ਸਾਲਾਂ ਬਾਅਦ, ਬਾਬਾ ਜੀ ਦੀ ਵਰੋਸਾਈ ਧਰਤੀ ਕਈ ਅਜਿਹੇ ਵਿਛੜੇ ਪਰਿਵਾਰਾਂ ਦੇ ਜੀਆਂ ਨੂੰ ਮਿਲਾਉਣ ਦਾ ਮਾਧਿਅਮ ਹੋ ਨਿੱਬੜੀ ਹੈ। ਅਜਿਹੇ ਅਨੂਠੇ ਮਿਲਾਪ ਦੀਆਂ ਵੀਡੀਓ ਅਸੀਂ ਅਕਸਰ ਵੇਖਦੇ ਰਹਿੰਦੇ ਹਾਂ। ਉਨ੍ਹਾਂ ਭਿਆਨਕ ਦਿਨਾਂ ਨੂੰ ਚਿਤਵ ਕੇ ਕੰਬ ਜਾਂਦੇ ਹਾਂ ਜਦੋਂ ਅਸਲੋਂ ਹੀ ਅਣਮਨੁੱਖੀ, ਇਸ ਦੇਸ-ਵੰਡ ਸਮੇਂ ਲੱਖਾਂ ਲੋਕ ਮਾਰੇ ਗਏ। ਧੀਆਂ ਭੈਣਾਂ ਦੀ ਆਬਰੂ ਲੁੱਟੀ ਗਈ। ਇਨਸਾਨ ਵਹਿਸ਼ੀ ਹੋ ਗਿਆ। ਪੰਜਾਬ ਦੀ ਧਰਤੀ, ਜੋ ਮੁਹੱਬਤ ਦੀ ਧਰਤੀ ਕਰਕੇ ਜਾਣੀ ਜਾਂਦੀ ਸੀ, ਨਫ਼ਰਤ ਦੀ ਹਵਾੜ੍ਹ ਨਾਲ ਭਰ ਗਈ। ਆਪਣਿਆਂ ਨੇ ਆਪਣਿਆਂ ਦੀਆਂ ਧੌਣਾਂ ਉੱਤੇ ਛੁਰੀਆਂ ਰੱਖੀਆਂ। ਬੰਦੇ ਕਸਾਈ ਬਣ ਗਏ। ਇਹਦੇ ਨਾਲ ਰਲਦੇ ਮਿਲਦੇ ਦਰਦ ਨੂੰ, ਚੜ੍ਹਦੇ ਪੰਜਾਬ ਦੇ ਪੰਜਾਬੀਆਂ ਨੂੰ, ਇੱਕ ਵਾਰ ਫੇਰ 1984 ਵਿਚ ਹੰਢਾਉਣਾ ਪਿਆ।
ਸਾਡੇ ਅੰਦਰ ਵਾਰ-ਵਾਰ ਇਹ ਵਹਿਸ਼ੀ ਦੈਂਤ ਕਿਉਂ ਜਾਗ ਪੈਂਦਾ ਹੈ ਜਾਂ ਕੁੱਝ ਸਵਾਰਥੀ ਤਾਕਤਾਂ ਵੱਲੋਂ ਕਿਉਂ ਜਗਾ ਦਿੱਤਾ ਜਾਂਦਾ ਹੈ? ਕਿਉਂ ਅਸੀਂ ਆਪਣੇ ਵਡੇਰਿਆਂ ਦੇ, ‘ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ’ ਦੇ ਉਪਦੇਸ਼ ਨੂੰ ਵਿਸਰ ਜਾਂਦੇ ਹਾਂ। ਅਸੀਂ ਪਹਿਲਾਂ ਇੱਕ ਦੂਜੇ ਨੂੰ ਵੱਢਦੇ ਹਾਂ, ਫਿਰ ਉਸ ਦੇ ਸਿਰਹਾਣੇ ਬੈਠ ਕੇ ਰੋਂਦੇ ਹਾਂ। ਪਹਿਲਾਂ ਬਾਹਵਾਂ ਭੰਨਦੇ ਹਾਂ, ਫਿਰ ਇੱਕ ਦੂਜੇ ਦੇ ਗਲ ਬਾਹਵਾਂ ਪਾਉਣ ਲਈ ਵਿਲਕਦੇ ਹਾਂ।
ਅਸੀਂ ਇਹੋ ਜਿਹੀ ਗ਼ਲਤੀ ਵਾਰ ਵਾਰ ਨਾ ਦੁਹਰਾਈਏ; ਗ਼ਲਤੀ ਕਰਵਾਉਣ ਵਾਲਿਆਂ ਦੇ ਸਵਾਰਥੀ ਚਿਹਰੇ ਪਛਾਣਦੇ ਰਹੀਏ; ਆਪਣੇ ਕੀਤੇ ‘ਤੇ ਸ਼ਰਮਸਾਰ ਹੁੰਦੇ ਰਹੀਏ; ਆਪਣੇ ਅੰਦਰਲੇ ਇਨਸਾਨ ਨੂੰ ਮਰਨ ਨਾ ਦਈਏ; ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੀਆਂ ‘ਕਰਤੂਤਾਂ’ ਨੂੰ ਲਗਾਤਾਰ ‘ਸ਼ੀਸ਼ੇ’ ਵਿਚ ਵੇਖਦੇ ਰਹੀਏ।
…ਨਵੇਂ ਬਣੇ ਪਾਕਿਸਤਾਨ ਵਿਚੋਂ ਤੁਰਿਆ ਬੇਘਰ ਕਰ ਦਿੱਤੇ ਲੋਕਾਂ ਦਾ ਕਾਫ਼ਿਲਾ ਮੈਨੂੰ ਖਿੱਚ ਕੇ ਆਪਣੇ ਨਾਲ ਪਿੱਛੇ ਨੂੰ ਲੈ ਤੁਰਿਆ, ਇਹ ਕਹਿ ਕੇ, ਕਿ ਆਪਣੇ ਬਾਬੇ ਦੇ ਦਰਸ਼ਨਾਂ ਨੂੰ ਤੁਰਿਆ ਜਾਂਦਾ ਏਂ ਪਰ ਇਹ ਨਹੀਂ ਵੇਖਣਾ ਕਿ ਉਦੋਂ ਬਾਬੇ ਦੀ ਵਰੋਸਾਈ ਏਸੇ ਧਰਤੀ ‘ਤੇ ਕੀ ਭਾਣਾ ਵਾਪਰਿਆ ਸੀ। ਮੇਰਾ ਪਿਆਰਾ ਮਿੱਤਰ ਜਗਦੀਸ਼ ਸਿੰਘ ਵਰਿਆਮ ਪਰਿਵਾਰ ਸਮੇਤ ਕਾਫ਼ਿਲੇ ਵਿਚ ਸ਼ਾਮਲ ਹੈ…
…ਮੈਂ ਉਹਦੇ ਨਾਲ ਹੌਲੀ ਹੌਲੀ ਤੁਰਦਾ ਮੁੜ ਡੇਰਾ ਬਾਬਾ ਨਾਨਕ ਪੁੱਜ ਜਾਂਦਾ ਹਾਂ। …
ਜਗਦੀਸ਼ ਸਿੰਘ ਦੱਸਦਾ ਹੈ:-
…ਡੇਰਾ ਬਾਬਾ ਨਾਨਕ ਸ਼ਹਿਰ ਲੋਕਾਂ ਦੀ ਭੀੜ ਨਾਲ ਲਬਾਲਬ ਸੀ। ਜਦੋਂ ਕੋਈ ਵਾਕਫ਼ ਮਿਲਦਾ ਤਾਂ ਸਾਕਾਂ ਸੰਬੰਧੀਆਂ ਅਤੇ ਦੋਸਤਾਂ ਬਾਰੇ ਗੱਲਾਂ ਪੁੱਛਦਾ ਹੈ, -ਕਿਤੇ ਤੁਸੀਂ ਫਲਾਣੇ ਵੇਖੇ ਹੋਣ। ਸਾਡੇ ਸਕਿਆਂ ਦਾ ਕੋਈ ਥਹੁ ਪਤਾ ਹੋਵੇ! – ਆਹੋ ਫਲਾਣਾ ਵੇਖਿਆ ਸੀ। ਅਮਕਾ ਨਹੀਂ ਲੱਭਾ। ਫਲਾਣਾ ਮਾਰਿਆ ਗਿਆ। ਭਈ ਉਨ੍ਹਾਂ ਨਾਲ ਤਾਂ ਬੁਰੀ ਹੋਈ! -ਚੱਲੋ ਇੱਜ਼ਤ ਬਚ ਗਈ, ਸਭ ਕੁੱਝ ਬਚ ਗਿਆ! ਇਹੋ ਜਿਹੀਆਂ ਹੀ ਗੱਲਾਂ ਹੋ ਰਹੀਆਂ ਸਨ। ਪਿਛਲੇ ਦਿਨਾਂ ਵਿਚ ਸਭ ਤੋਂ ਘਿਨਾਉਣੀਆਂ ਖ਼ਬਰਾਂ ਸਨ ਔਰਤਾਂ ਦੀ ਬੇਪਤੀ ਦੀਆਂ, ਨੰਗੀਆਂ ਕੁੜੀਆਂ ਦੇ ਜਲੂਸਾਂ ਦੀਆਂ ਜੋ ਕੰਨ ਸੁਣ ਨਹੀਂ ਸਕਦੇ, ਜੋ ਕਲਮਾਂ ਲਿਖ ਨਹੀਂ ਸਕਦੀਆਂ, ਉਨ੍ਹਾਂ ਗੱਲਾਂ ਦੀਆਂ ਖ਼ਬਰਾਂ ਸਨ। ਇਹੋ ਜਿਹੀ ਹਾਲਤ ਵਿਚ ਸਾਡਾ ਕਾਫ਼ਲਾ ਬਚ ਕੇ ਆ ਗਿਆ ਜਦੋਂ ਕਾਫ਼ਲਿਆਂ ਦੇ ਕਾਫ਼ਲੇ ਕਤਲ ਹੋ ਰਹੇ ਸਨ। ਅਸੀਂ ਕਿਵੇਂ ਬਚ ਕੇ ਆ ਗਏ ਬਾਬੇ ਨਾਨਕ ਦੇ ਦਰ ‘ਤੇ! ਜਦੋਂ ਕਿਹਾ ਜਾਂਦਾ ਕਿ ਇੱਜ਼ਤ ਤਾਂ ਬਚ ਗਈ ਤਾਂ ਇਹਦੇ ਅਰਥ ਬਹੁਤ ਡੂੰਘੇ ਹੁੰਦੇ। ਕਿਸੇ ਸਮੇਂ ਬਾਬੇ ਨਾਨਕ ਨੇ ਅਜਿਹੀ ਸਥਿਤੀ ਦਾ ਨਕਸ਼ਾ ਆਪਣੀ ਬਾਣੀ ਵਿਚ ਖਿੱਚਿਆ ਸੀ:
ਇਕਿ ਘਰ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ।।
ਇਕਨ੍ਹਾਂ ਏਹੋ ਲਿਖਿਆ, ਬਹਿ ਬਹਿ ਰੋਵਹਿ ਦੁਖ।।
‘ਇਕ ਬਹਿ ਬਹਿ ਰੋਵੇ ਦੁਖ’ ਦਾ ਸਿਲਸਿਲਾ ਤਾਂ ਕਈ ਸਾਲ ਬਾਅਦ ਵੀ ਚੱਲਦਾ ਰਿਹਾ। …
…ਮੈਂ ਅਜੇ ਵੀ ਜਗਦੀਸ਼ ਸਿੰਘ ਦੇ ਨਾਲ ਹਾਂ। …
…ਅਗਲੀ ਸਵੇਰ ਖ਼ਬਰ ਮਿਲੀ ਕਿ ਮਿਲਟਰੀ ਵਾਲਿਆਂ ਦੇ ਟਰੱਕ ਆ ਗਏ ਹਨ ਤੇ ਉਹ ਸਾਰਿਆਂ ਨੂੰ ਬਿਨਾਂ ਖ਼ਰਚ ਤੋਂ ਅੰਮ੍ਰਿਤਸਰ ਲੈ ਕੇ ਜਾ ਰਹੇ ਹਨ। ਜਿਹੜਾ ਵੀ ਟਰੱਕ ‘ਤੇ ਚੜ੍ਹ ਜਾਵੇ ਉਹੋ ਹੀ ਸਵਾਰੀ ਸੀ। ਅਸੀਂ ਸਾਰਿਆਂ ਆ ਕੇ ਇੱਕ ਟਰੱਕ ਮੱਲ ਲਿਆ। ਅਸੀਂ ਅੰਮ੍ਰਿਤਸਰ ਵੱਲ ਨੂੰ ਚੱਲ ਵੀ ਪਏ। ਅਸੀਂ ਟਰੱਕ ਵਿਚ ਆਰਾਮ ਨਾਲ ਬੈਠੇ ਸੀ, ਥੋੜ੍ਹੀ ਦੇਰ ਬਾਅਦ ਸਾਨੂੰ ਬੋ ਆਉਣ ਲੱਗੀ, ਫੇਰ ਇਹ ਸੜ੍ਹਾਂਦ ਜਿਹੀ ਲੱਗੀ। ਨੱਕ ‘ਤੇ ਕੱਪੜੇ ਰੱਖਣ ਲਈ ਮਜਬੂਰ ਹੋ ਗਏ। ਬਾਹਰ ਵੇਖਿਆ ਤਾਂ ਸਾਹ ਹੀ ਸੂਤੇ ਗਏ। ਸੜਕ ਦੇ ਆਲੇ ਦੁਆਲੇ ਦੂਰ ਦੂਰ ਤੱਕ ਲਾਸ਼ਾਂ ਖਿੱਲਰੀਆਂ ਪਈਆਂ ਸਨ। ਔਰਤਾਂ ਸਨ, ਮਰਦ ਸਨ, ਬੱਚੇ ਵੀ ਸਨ, ਬੁੱਢੇ ਵੀ ਸਨ। ਸਾਫ਼ ਦਿਸਦਾ ਸੀ ਕਿ ਇਹ ਸਭ ਮੁਸਲਮਾਨ ਹਨ। ਇਹ ਪਤਾ ਨਹੀਂ ਕਿੰਨੇ ਕੁ ਦਿਨਾਂ ਦੇ ਇਵੇਂ ਲਾਵਾਰਸ ਪਏ ਸਨ ਕਿਉਂਕਿ ਮੀਂਹ ਤੇ ਪਾਣੀ ਨਾਲ ਇਹ ਲੋਥਾਂ ਫੁੱਲ ਫੁੱਲ ਕੇ ਬਹੁਤ ਮੋਟੀਆਂ ਹੋ ਗਈਆਂ ਸਨ। ਜ਼ਬਰਦਸਤ ਬੋ ਦੇ ਵਿਚੋਂ ਦੀ ਟਰੱਕ ਚੱਲਦਾ ਜਾ ਰਿਹਾ ਸੀ ਅਤੇ ਲਾਸ਼ਾਂ ਮੁੱਕਣ ਵਿਚ ਨਹੀਂ ਸਨ ਆ ਰਹੀਆਂ। ਹਜ਼ਾਰਾਂ ਦੀ ਗਿਣਤੀ ਵਿਚ! ਇਹ ਜੀਅ ਭਿਆਣੇ ਲੋਕ ਸ਼ਾਇਦ ਆਪਣੇ ‘ਨਵੇਂ ਵਤਨ’ ਪਾਕਿਸਤਾਨ ਨੂੰ ਚੱਲੇ ਸਨ! ਸਾਰੇ ਦਾ ਸਾਰਾ ਕਾਫ਼ਲਾ ਵੱਢ ਧਰਿਆ ਗਿਆ। ਇਹ ਕਿਸੇ ਕੱਲ੍ਹੇ-ਕਾਰੇ ਦਾ ਕੰਮ ਤਾਂ ਨਹੀਂ ਸੀ। ਬੜੀ ਵਿਉਂਤ ਨਾਲ ਜਥੇਬੰਦ ਹੋ ਕੇ ਇਹ ਕਾਰਾ ਕੀਤਾ ਗਿਆ ਸੀ। ਇਹ ਕਿਹੜੇ ਸੂਰਮਿਆਂ ਦਾ ਕੰਮ ਸੀ ਨਿਹੱਥੇ ਲੋਕਾਂ ਨੂੰ ਮਾਰ ਮੁਕਾਉਣਾ! ਕਿਸੇ ਸਵਰਗ ਦੀ ਦਰਗਾਹ ਵਿਚ ਥਾਂ ਪਾਉਣ ਲਈ ਜਾਂ ਕਿਸੇ ਜੁਗ ਦਾ ਬਦਲਾ ਲੈਣ ਲਈ?
ਡੇਹਰਾ ਬਾਬਾ ਨਾਨਕ ਤਾਂ ਸੰਸਾਰ ‘ਤੇ ਫੁੱਲ ਵਾਂਗ ਰਹਿਣ ਅਤੇ ਮਹਿਕਣ ਦਾ ਆਦਰਸ਼ਕ ਨਮੂਨਾ ਸੀ। ਉਸ ਦੇ ਸਥਾਨ ਦੇ ਲਾਗੇ ਇਹ ਕਾਰਾ! ਡੇਹਰੇ ਤੋਂ ਜਿੰਨੀ ਦੂਰ ਕੱਲ੍ਹ ਰਾਵੀ ਦੇ ਬੇਲੇ ਵਿਚ ਤਾਜ਼ਾ ਰੋਟੀਆਂ ਦੀ ਮਹਿਕ ਆ ਰਹੀ ਸੀ ਦੂਸਰੇ ਪਾਸੇ ਓਨੀ ਹੀ ਦੂਰ ਵਿਛੀਆਂ ਲਾਸ਼ਾਂ ਦੀ ਬਦਬੋ ਆ ਰਹੀ ਸੀ।
ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲੇ ਸਮੇਂ ਜ਼ਿਕਰ ਕਰਦਿਆਂ ਭਾਈ ਲਾਲੋ ਨੂੰ ਮੁਖ਼ਾਤਬ ਹੋ ਕੇ ਇੱਕ ਸ਼ਬਦ ਵਰਤਿਆ ਸੀ, ‘ਮਾਸਪੁਰੀ’ ਅਰਥਾਤ ‘ਲੋਥਾਂ ਦੀ ਨਗਰੀ’।
ਸਾਹਿਬ ਕੇ ਗੁਣ ਨਾਨਕ ਗਾਵੈ, ਮਾਸਪੁਰੀ ਵਿਚ ਆਖ ਮਸੋਲਾ।।
ਗੁਰੂ ਜੀ ਨੇ ਤਾਂ ਉਸ ਵਕਤ ਰੱਬ ਨੂੰ ਜ਼ਬਰਦਸਤ ਤਾਹਨਾ ਵੀ ਮਾਰਿਆ ਸੀ:
ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨਾ ਆਇਆ।।
ਇਤਿਹਾਸ ਦਾ ਮਜ਼ਾਕ ਦੇਖੋ, ਰੱਬ ਨੂੰ ਤਾਹਨਾ ਮਾਰਨ ਵਾਲੇ ਸਾਂਝੇ ਗੁਰੂ-ਪੀਰ ਦੀ ਨਗਰੀ ਦੇ ਕੋਲ ਹੀ ਮਾਸਪੁਰੀ ਬਣੀ ਹੋਈ ਸੀ ਅਤੇ ਮਾਸਪੁਰੀ ਬਾਬੇ ਦੀ ਆਪਣੀ ਉਮਤ ਨੇ ਬਣਾਈ ਸੀ। ਜਿਵੇਂ ਬਾਲਿਆਂ ਨੇ ਮਰਦਾਨਿਆਂ ਨੂੰ ਮਾਰ ਦਿੱਤਾ ਹੋਵੇ! …
…ਇਹ ਇਲਾਕਾ ਤਾਂ ਬਾਬਾ ਜੀ ਦੀਆਂ ਦੋਵਾਂ ਬਾਹਵਾਂ ਦੀ ਜੱਫ਼ੀ ਵਿਚ ਘੁਟਿਆ ਹੋਇਆ ਸੀ। ਇੱਕ ਬਾਂਹ ਡੇਰਾ ਬਾਬਾ ਨਾਨਕ, ਦੂਜੀ ਬਾਂਹ ਕਰਤਾਰਪੁਰ। ਪਰ ਏਥੇ ਵੀ ਇਹ ਕਹਿਰ ਵਾਪਰ ਗਿਆ ਸੀ। ਕੀ ਗੁਰੂ ਜੀ ਨੇ ਆਪਣੀ ਜੱਫ਼ੀ ਢਿੱਲੀ ਕਰ ਦਿੱਤੀ ਸੀ ਜਾਂ ਅਸੀਂ ਹੀ ਉਹਦੀ ਜੱਫੀ ਵਿਚੋਂ ਨਿਕਲ ਗਏ ਸਾਂ?
ਅਸੀਂ ਹੀ ਬਾਬੇ ਦੀ ਜੱਫ਼ੀ ਵਿਚੋਂ ਨਿਕਲ ਗਏ ਸਾਂ ਤੇ ਕੱਟੀ ਹੋਈ ਗੁੱਡੀ ਵਾਂਙ ਏਧਰ ਓਧਰ ਭਟਕ ਰਹੇ ਸਾਂ। ਇੱਕ ਦੂਜੇ ਦੇ ਗਲ਼ੇ ਕੱਟ ਰਹੇ ਸਾਂ।
ਮੈਂ ਜਗਦੀਸ਼ ਸਿੰਘ ਹੁਰਾਂ ਦੇ ਟਰੱਕ ਵਿਚੋਂ ਉੱਤਰ ਜਾਂਦਾ ਹਾਂ। ਅਸੀਂ ਪੁਲ ਪਾਰ ਕਰ ਕੇ ਕਰਤਾਰਪੁਰ ਸਾਹਿਬ ਗੁਰਦੁਆਰੇ ਕੋਲ ਪਹੁੰਚਣ ਵਾਲੇ ਹਾਂ।
ਬੱਸ ਰੁਕਦੀ ਹੈ।
ਬੱਸ ਵਿਚੋਂ ਉੱਤਰ ਕੇ ਸੰਗਤ ਗੁਰਦੁਆਰੇ ਦੀ ਦਰਸ਼ਨੀ ਡਿਉੜ੍ਹੀ ਅੱਗੇ ਪਹੁੰਚੀ ਤਾਂ ਅੱਗੇ ਪਾਕਿ-ਪੁਲਿਸ ਦੇ ਕੁੱਝ ਮੁਲਾਜ਼ਮ ਖਲੋਤੇ ਸਨ। ਵਿਚਕਾਰ ਇੱਕ ਦਰਮਿਆਨੇ ਕੱਦ ਵਾਲਾ ਮੁਲਾਜ਼ਮ, ਜਿਸ ਦੇ ਚਿਹਰੇ ‘ਤੇ ਨਿੱਕੀ ਨਿੱਕੀ ਖੁੱਲ੍ਹੀ ਦਾੜ੍ਹੀ ਸੀ, ਸੰਗਤ ਨੂੰ ਮੁਖ਼ਾਤਬ ਹੋਇਆ। ਉਹਨੇ ਬਹੁਤ ਵਧੀਆ ਪੰਜਾਬੀ ਵਿਚ ਆਈਆਂ ਸੰਗਤਾਂ ਨੂੰ ‘ਖ਼ੁਸ਼-ਆਮਦੀਦ’ ਕਿਹਾ ਤੇ ਸਮਝਾਇਆ ਕਿ ਡਿਉਢੀ ਤੋਂ ਅੰਦਰ ਜਾ ਕੇ ਕਿਹੜੇ ਪਾਸੇ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ, ਲੰਗਰ ਤੇ ਵਾਸ਼ਰੂਮ ਕਿਧਰ ਹਨ, ਮਾਰਕੀਟ ਨੂੰ ਜਾਣ ਵਾਲਾ ਰਸਤਾ ਕਿਹੜਾ ਹੈ ਤੇ ਅਸੀਂ ਆਪਣੀ ਯਾਤਰਾ ਮੁਕੰਮਲ ਕਰ ਕੇ ਚਾਰ ਵਜੇ ਤੱਕ ਜਾਣ ਵਾਲੀ ਆਖ਼ਰੀ ਬੱਸ ਵਿਚ ਸਵਾਰ ਹੋ ਕੇ ਵਾਪਸੀ ਕਰਨੀ ਹੈ।
ਜਦੋਂ ਕੋਈ ਤੁਹਾਡੀ ਆਪਣੀ ਜ਼ਬਾਨ ਵਿਚ ਬੜੇ ਸਲੀਕੇ ਨਾਲ ਗੱਲ ਕਰਦਾ ਹੈ ਤਾਂ ਉਹਨੇ ਤੁਹਾਡਾ ‘ਆਪਣਾ’ ਤਾਂ ਲੱਗਣਾ ਹੀ ਹੋਇਆ। ਏਸੇ ਅਪਣੱਤ ਵਿਚ ਭਿੱਜ ਕੇ ਮੈਂ ਉਹਦੇ ਨਾਲ ਪੂਰੀ ਗਰਮ-ਜੋਸ਼ੀ ਨਾਲ ਹੱਥ ਮਿਲਾਇਆ ਤੇ ਉਹਦੀ ਬੋਲ-ਬਾਣੀ ਦੀ ਤਾਰੀਫ਼ ਕੀਤੀ।
ਦਰਸ਼ਨੀ ਡਿਉਢੀ ਵਿਚ ਦਾਖ਼ਲ ਹੋ ਕੇ ਚਾਰੇ ਪਾਸੇ ਅੰਦਰ ਝਾਤ ਮਾਰੀ।
ਸਾਹਮਣੇ ਬਹੁਤ ਖੁੱਲ੍ਹਾ ਸੰਗਮਰਮਰੀ ਮੈਦਾਨ ਸੀ, ਜਿਸ ਦੇ ਐਨ ਵਿਚਕਾਰ ਗੁਰਦੁਆਰੇ ਦੀ ਇਮਾਰਤ ਸੋਹ ਰਹੀ ਸੀ। ਲਾਂਘਾ ਖੁੱਲ੍ਹਣ ਤੋਂ ਪਹਿਲਾਂ ਸਰਹੱਦ ‘ਤੇ ਲੱਗੀ ਹੋਈ ਦੂਰਬੀਨ ਰਾਹੀਂ ਹੀ ਲੋਕ ਗੁਰਦੁਆਰੇ ਦੇ ਦਰਸ਼ਨ ਕਰ ਸਕਦੇ ਸਨ। ਪਰ ਇੰਝ ਮਨ ਦੀ ਭੁੱਖ ਤ੍ਰਿਪਤ ਨਹੀਂ ਸੀ ਹੋ ਸਕਦੀ। ਕਈ ਦਹਾਕਿਆਂ ਤੋਂ ਇਸ ਲਾਂਘੇ ਨੂੰ ਖੋਲ੍ਹਣ ਲਈ ਅਪੀਲਾਂ, ਅਰਦਾਸਾਂ ਹੋ ਰਹੀਆਂ ਸਨ। ਆਖ਼ਰਕਾਰ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਵੇਲੇ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਪਾਕਿ-ਫੌਜ ਦੇ ਮੁਖੀ ਜਨਰਲ ਬਾਜਵਾ ਨੇ ਭਰੋਸਾ ਦਿਵਾਇਆ ਕਿ ਉਹ ਇਸ ਲਾਂਘੇ ਨੂੰ ਜਲਦੀ ਖੋਲ੍ਹਣ ਲਈ ਤਿਆਰ ਹਨ, ਬਾਸ਼ਰਤੇ ਕਿ ਭਾਰਤ ਸਰਕਾਰ ਵੀ ਇਸ ਪ੍ਰਾਜੈਕਟ ਨੂੰ ਕਾਮਯਾਬ ਕਰਨ ਵਿਚ ਸਹਾਇਤਾ ਦੇਵੇ। ਆਖ਼ਰ ਦੋਵੇਂ ਸਰਕਾਰਾਂ ਸਹਿਮਤ ਹੋ ਗਈਆਂ ਤੇ ਲਾਂਘਾ ਖੁੱਲ੍ਹ ਗਿਆ। ਭਾਰਤ ਵਾਲੇ ਪਾਸੇ ਭਾਰਤ-ਸਰਕਾਰ ਨੇ ਡੇਰਾ ਬਾਬਾ ਨਾਨਕ ਤੋਂ ਲੈ ਕੇ ਲਾਂਘੇ ਤੱਕ ਵਧੀਆ ਸੜਕ ਹੀ ਨਹੀਂ ਬਣਵਾਈ ਸਗੋਂ ਬਹੁਤ ਵਧੀਆ ਇਮੀਗ੍ਰੇਸ਼ਨ ਇਮਾਰਤ ਤਿਆਰ ਕਰਵਾਈ ਤਾਂ ਦੂਜੇ ਪਾਸੇ ਦੀ ਜ਼ਿੰਮੇਵਾਰੀ ਪਾਕਿਸਤਾਨ ਸਰਕਾਰ ਨੇ ਸਿਰੇ ਚੜ੍ਹਾਉਣ ਵਿਚ ਤਾਂ ਕਮਾਲ ਹੀ ਕਰ ਛੱਡੀ ਹੈ। ਗੁਰਦੁਆਰ ਕੰਪਲੈਕਸ ਏਨਾ ਸ਼ਾਨਦਾਰ ਹੈ ਕਿ ਉਸ ‘ਤੇ ਪਹਿਲੀ ਨਜ਼ਰ ਪੈਂਦਿਆਂ ਹੀ ਮਨ ਨਿਹਾਲ ਹੋ ਜਾਂਦਾ ਹੈ।
ਸਪੀਕਰ ਰਾਹੀਂ ਗੁਰਬਾਣੀ ਕੀਰਤਨ ਦੀ ਮਿਠਾਸ ਚਹੁੰ ਦਿਸ਼ਾਵਾਂ ਵਿਚ ਫ਼ੈਲੀ ਹੋਈ ਸੀ। ਚਾਰੇ ਪਾਸੇ ਦਿਲ ਨੂੰ ਸਕੂਨ ਦੇਣ ਵਾਲਾ ਮਹਿਕਦਾ ਮਾਹੌਲ। ਆਪਣੇ ਗਲ਼ਾਂ ਵਿਚ ਯਾਤਰੀ-ਪਛਾਣ ਵਾਲਾ ਕਾਰਡ ਪਾਈ ਸ਼ਰਧਾਲੂ ਭੈਣ-ਭਰਾ ਏਧਰ ਓਧਰ ਤੁਰ ਫਿਰ ਰਹੇ ਸਨ। ਪਾਕਿਸਤਾਨ ਵੱਲੋਂ ਆਏ ਯਾਤਰੀਆਂ ਦਾ ਕਾਰਡ ਨੀਲੇ ਰੰਗ ਦਾ ਸੀ ਤੇ ਸਾਡੇ ਵਾਲਾ ਪੀਲੇ ਰੰਗ ਦਾ। ਸਭ ਯਾਤਰੀਆਂ ਦੇ ਚਿਹਰਿਆਂ ‘ਤੇ ਖੇੜਾ ਤੇ ਸ਼ਾਂਤੀ ਸੀ। ਅਸੀਂ ਪੌੜੀਆਂ ਉੱਤਰ ਕੇ ਖੁੱਲ੍ਹੇ ਸੰਗਮਰਮਰੀ ਮੈਦਾਨ ਵਿਚ ਪੈਰ ਧਰੇ ਤੇ ਸਹਿਜ-ਕਦਮੀ ਗੁਰਦੁਆਰੇ ਵੱਲ ਰੁਖ਼ ਕੀਤਾ। ਹੌਲੀ ਹੌਲੀ ਤੁਰਦੇ ਯਾਦ ਆਇਆ ਉਹ ਵੇਲਾ ਜਦੋਂ ਦੇਸ਼ ਦੀ ਤਕਸੀਮ ਤੋਂ ਬਾਅਦ ਇਹ ਗੁਰਦੁਆਰਾ ਵੀਰਾਨ ਹੋ ਗਿਆ ਸੀ। ਇਹਦੇ ਆਲੇ-ਦੁਆਲੇ ਕਾਹੀਆਂ, ਸਰੜਕੜਿਆਂ ਤੇ ਰੁੱਖ-ਬੂਟਿਆਂ ਦਾ ਜੰਗਲ ਉੱਗ ਆਇਆ ਸੀ। ਇਹਦੀ ਦੇਖ-ਭਾਲ ਕਰਨ ਵਾਲਾ ਕੋਈ ਵਾਲੀ-ਵਾਰਸ ਨਹੀਂ ਸੀ। ਰਾਤ-ਬਰਾਤੇ ਇਹ ਸਮਗਲਰਾਂ ਤੇ ਗ਼ੈਰ-ਸਮਾਜਿਕ ਕੰਮ ਕਰਨ ਵਾਲਿਆਂ ਦਾ ਅੱਡਾ ਬਣ ਚੁੱਕਾ ਸੀ। ਉਹੋ ਹੀ ਏਥੇ ਸੁੱਖਣਾ ਸੁੱਖਦੇ ਤੇ ਸੁੱਖਣਾ ਲਾਹੁੰਦੇ। ਅੱਜ ਓਸੇ ਜੰਗਲ ਵਿਚ ਮੰਗਲ ਲੱਗਾ ਹੋਇਆ ਸੀ।
ਗੁਰਦੁਆਰੇ ਦੇ ਕੋਲ ਪਹੁੰਚੇ ਤਾਂ ਗੁਰਦੁਆਰੇ ਦੀ ਵੱਖੀ ਨਾਲ ਲੱਗੀ ਗੁਰੂ ਪਾਤਸ਼ਾਹ ਦੀ ਮਜ਼ਾਰ ਨਜ਼ਰ ਆਈ। ਰਵਾਇਤ ਮੁਤਾਬਕ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਹਿੰਦੂ-ਸਿੱਖ ਅਤੇ ਮੁਸਲਮਾਨ ਸ਼ਰਧਾਲੂ, ਉਨ੍ਹਾਂ ਦੀਆਂ ਅੰਤਮ ਰਸਮਾਂ, ਆਪੋ ਆਪਣੇ ਧਰਮਾਂ ਅਨੁਸਾਰ ਕਰਨ ਲਈ ਬਾਜ਼ਿਦ ਸਨ। ਹਿੰਦੂ-ਸਿੱਖ ਉਨ੍ਹਾਂ ਨੂੰ ‘ਆਪਣਾ ਗੁਰੂ’ ਮੰਨਦੇ ਸਨ ਤੇ ਮੁਸਲਮਾਨ ‘ਆਪਣਾ ਪੀਰ’ ਆਖਦੇ ਸਨ। ਇਹ ਉਕਤੀ ਤਾਂ ਸਦੀਆਂ ਤੋਂ ਲੈ ਕੇ ਹੁਣ ਤੱਕ ਪ੍ਰਚੱਲਿਤ ਹੈ:-
ਨਾਨਕ ਸ਼ਾਹ ਫ਼ਕੀਰ!
ਹਿੰਦੂਆਂ ਦਾ ਗੁਰੂ ਮੁਸਲਮਾਨਾਂ ਦਾ ਪੀਰ!
ਬਹੁਤ ਸਾਰੇ ਇਤਿਹਾਸਕਾਰਾਂ ਦਾ ਮੱਤ ਹੈ ਅੰਤਮ ਸੰਸਕਾਰ ਕਰਨ ਲਈ ਸਿੱਖ, ਹਿੰਦੂ ਅਤੇ ਮੁਸਲਮਾਨਾਂ ਦਾ ਆਪਸੀ ਵਿਵਾਦ ਹੋ ਗਿਆ ਕਿਉਂਕਿ ਇਹ ਸਭ ਜਗਤ ਗੁਰੂ ਨੂੰ ਕੇਵਲ ਆਪਣਾ ਗੁਰੂ ਪੀਰ ਮੰਨਦੇ ਸਨ। ਅੰਤ ਨੂੰ ਗੁਰੂ ਸਾਹਿਬ ਦੇ ਵਸਤਰ ਲੈ ਕੇ ਮੁਸਲਮਾਨਾਂ ਨੇ ਕਬਰ ਬਣਾਈ ਅਤੇ ਸਿੱਖਾਂ ਹਿੰਦੂਆਂ ਨੇ ਸਸਕਾਰ ਕੀਤਾ। ਜ਼ਾਹਿਰ ਹੈ ਕਿ ਦੋਵਾਂ ਧਰਮਾਂ ਦੇ ਲੋਕਾਂ ਵਿਚ ਅੰਤਮ ਰਸਮਾਂ ਨਿਭਾਉਣ ਲਈ ਕੀਤੇ ਤਕਰਾਰ ਦੀ ਕਹਾਣੀ ਬਾਅਦ ਵਿਚ ਜੋੜੀ ਗਈ ਹੋਵੇਗੀ, ਜਿਸ ਰਾਹੀਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਗੁਰੂ ਜੀ ਦੀ ਲੋਕ-ਪ੍ਰਿਅਤਾ ਸਭ ਧਰਮਾਂ ਵਿਚ ਵਿਆਪਤ ਸੀ। ਮਿਥ ਕਥਾ ਤਾਂ ਇਹ ਵੀ ਹੈ ਕਿ ਦੋਵਾਂ ਧਰਮਾਂ ਦੇ ਲੋਕਾਂ ਵਿਚ ਵਿਵਾਦ ਤੋਂ ਬਾਅਦ ਜਦੋਂ ਉਨ੍ਹਾਂ ਦੀ ਦੇਹ ‘ਤੇ ਦਿੱਤੀ ਚਾਦਰ ਹਟਾਈ ਤਾਂ ਹੇਠਾਂ ਗੁਰੂ ਜੀ ਦੀ ਦੇਹ ਦੀ ਥਾਂ ਖ਼ੁਸ਼ਬੂਦਾਰ ਫੁੱਲਾਂ ਦੀ ਢੇਰੀ ਸੀ। ਇਸਦਾ ਭਾਵ ਇਹ ਲਿਆ ਗਿਆ ਕਿ ਗੁਰੂ ਸਾਹਿਬ ਸਣ-ਦੇਹੀ ਹੀ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਸਨ। ਜਦਕਿ ਗੁਰੂ ਜੀ ਦੀ ਵਿਚਾਰਧਾਰਾ ਮੁਤਾਬਕ ਪੰਜ-ਭੂਤਕ ਸਰੀਰ ਲਈ ਸਣ-ਦੇਹੀ ਸੰਸਾਰ ਤਿਆਗਣਾ ਸੰਭਵ ਹੀ ਨਹੀਂ।
ਵਿਦਵਾਨਾਂ ਦੀ ਦਲੀਲ ਹੈ ਕਿ ‘ਜਿੱਥੋਂ ਤੱਕ ਸਾਖੀਕਾਰਾਂ ਦਾ ਗੁਰੂ ਸਾਹਿਬ ਦਾ ਸਣਦੇਹੀ ਸੱਚਖੰਡ ਜਾਣ ਦੇ ਵਰਣਨ ਦਾ ਸਵਾਲ ਹੈ, ਇਸ ਸੰਬੰਧ ਵਿਚ ਇਤਨੀ ਕੁ ਹੀ ਬੇਨਤੀ ਹੈ ਕਿ ਗੁਰਮਤਿ ਦੀ ਜੀਵਨ-ਜੁਗਤ ਵਿਚ ਸੱਚਖੰਡ ਪ੍ਰਭੂ ਦਾ ਕੋਈ ਵਿਸ਼ੇਸ਼ ਸਥਾਨ ਨਹੀਂ ਸਗੋਂ ਮਾਨਸਿਕ ਅਵਸਥਾ ਹੈ। ਮੌਤ ਉਪਰੰਤ ਜਿਨ੍ਹਾਂ ਤੱਤਾਂ ਦਾ ਜੀਵ ਬਣਿਆ ਹੋਇਆ ਹੈ, ਇਹ ਤੱਤ ਆਪਣੇ ਮੂਲ ਤੱਤ ਵਿਚ ਸਮਾਅ ਜਾਂਦੇ ਹਨ। ਕਰਤੇ ਦੀ ਕੁਦਰਤ ਦਾ ਇਹ ਨਿਯਮ ਹਰੇਕ ਮਨੁੱਖ ਉੱਤੇ ਇੱਕੋ ਜਿਹਾ ਢੁੱਕਦਾ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿਚ ਇਸ ਅਟੱਲ ਨਿਯਮ ਦਾ ਹੀ ਵਰਣਨ ਕੀਤਾ ਹੋਇਆ ਹੈ:-
(ੳ) ਦੇਹੀ ਜਾਤਿ ਨ ਆਗੈ ਜਾਏ॥ (ਪੰਨਾ 111) ਅਰਥ:- ਪ੍ਰਭੂ ਦੀ ਹਜ਼ੂਰੀ ਵਿਚ (ਮਨੁੱਖ ਦਾ) ਸਰੀਰ ਨਹੀਂ ਜਾ ਸਕਦਾ, ਉੱਚੀ ਜਾਤਿ ਭੀ ਨਹੀਂ ਪਹੁੰਚ ਸਕਦੀ (ਜਿਸ ਦਾ ਮਨੁੱਖ ਇਤਨਾ ਮਾਣ ਕਰਦਾ ਹੈ)।
(ਅ) ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ॥ ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ॥ (ਪੰਨਾ 726) ਅਰਥ:-ਹੇ ਮਨ! ਹੋਸ਼ ਕਰ, ਹੋਸ਼ ਕਰ! ਤੂੰ ਕਿਉਂ (ਮਾਇਆ ਦੇ ਮੋਹ ਵਿਚ) ਬੇ-ਪਰਵਾਹ ਹੋ ਕੇ ਸੌਂ ਰਿਹਾ ਹੈਂ? (ਵੇਖ,) ਜੇਹੜਾ (ਇਹ) ਸਰੀਰ (ਮਨੁੱਖ ਦੇ) ਨਾਲ ਹੀ ਪੈਦਾ ਹੁੰਦਾ ਹੈ; ਇਹ ਭੀ (ਆਖ਼ਰ) ਨਾਲ ਨਹੀਂ ਜਾਂਦਾ।
ਵੇਰਵੇ ਤਾਂ ਇਹ ਵੀ ਮਿਲਦੇ ਸਨ ਕਿ ਗੁਰੂ ਜੀ ਦੇ ਅਕਾਲ ਚਲਾਣੇ ਵੇਲੇ ਉਨ੍ਹਾਂ ਦੇ ਪੁੱਤਰ ਜਿਊਂਦੇ ਸਨ, ਗੁਰੂ ਅੰਗਦ ਬਣੇ ਭਾਈ ਲਹਿਣਾ ਵੀ ਓਥੇ ਹੀ ਹੋਣਗੇ। ਉਨ੍ਹਾਂ ਦੇ ਹੁੰਦਿਆਂ ਉਨ੍ਹਾਂ ਦਾ ਅੰਤਮ ਸੰਸਕਾਰ ਕਰਨ ਲਈ ਹਿੰਦੂਆਂ ਸਿੱਖਾਂ ਵਿਚ ਝਗੜਾ ਹੋਣਾ ਸੰਭਵ ਹੀ ਨਹੀਂ ਹੋ ਸਕਦਾ। ਜਦੋਂ ਜੱਦੀ ਵਾਰਸ ਜਿਊਂਦੇ ਹੋਣ ਤਾਂ ਉਨ੍ਹਾਂ ਦਾ ਆਪਣੇ ਪਿਤਾ ਦੀਆਂ ਅੰਤਮ ਰਸਮਾਂ ਨਿਭਾਉਣ ਦਾ ਹੱਕ ਕੋਈ ਕਿਵੇਂ ਖੋਹ ਸਕਦਾ ਹੈ!
ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਜਿਹੜੀ ਮਾਨਵੀ-ਸਾਂਝ ਦਾ ਪ੍ਰਚਾਰ ਗੁਰੂ ਸਾਹਿਬ ਸਾਰੀ ਉਮਰ ਕਰਦੇ ਰਹੇ ਹੋਣ ਤੇ ਹੁਣ ਤਾਂ ਗੁਰੂ ਜੀ ਦੀ ਹਾਜ਼ਰੀ ਵਿਚ ਕਰਤਾਰਪੁਰ ਵਿਚ ਰੋਜ਼ ਹੀ ਅਜਿਹਾ ਵਿਚਾਰ-ਪ੍ਰਵਾਹ ਚੱਲਦਾ ਰਿਹਾ ਹੋਵੇਗਾ, ਉਦੋਂ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਹਿੰਦੂ, ਮੁਸਲਮਾਨ ਵਿਚ ਅਜਿਹਾ ਝਗੜਾ ਹੋ ਜਾਣਾ ਸੰਭਵ ਹੀ ਨਹੀਂ! ਬਾਅਦ ਵਿਚ ਅਜਿਹੀ ਕਹਾਣੀ ਜੋੜਨ ਵਾਲੇ ਸ਼ਰਧਾਲੂਆਂ ਨੂੰ ਇਹ ਖ਼ਿਆਲ ਹੀ ਨਾ ਆਇਆ ਕਿ ਗੁਰੂ ਜੀ ਦੀ ‘ਵਡਿਆਈ’ ਕਰਨ ਦੇ ਲਾਲਚ ਵਿਚ ਉਹ ਗੁਰੂ ਜੀ ਦੀ ਸਿੱਖਿਆ ਤੇ ਸਿਧਾਂਤ ਦੇ ਮੂਲੋਂ ਹੀ ਉਲਟ ਵਿਹਾਰ ਕਰ ਰਹੇ ਹਨ!
ਉਂਞ ਇਹ ਵੀ ਵੇਰਵੇ ਮਿਲਦੇ ਹਨ ਕਿ ਜਿਹੜੀ ਥਾਂ ‘ਤੇ ਗੁਰੂ ਸਾਹਿਬ ਨੇ ਧਰਮਸਾਲ ਬਣਵਾ ਕੇ ਪਰਿਵਾਰ ਸਮੇਤ ਰਹਿਣਾ ਸ਼ੁਰੂ ਕੀਤਾ ਸੀ, ਉਹ ਥਾਂ ਰਾਵੀ ਦੇ ਪਾਣੀ ਦੀ ਮਾਰ ਹੇਠਾਂ ਆ ਗਈ ਸੀ। ਹੁਣ ਓਥੇ ਕਰਤਾਰਪੁਰ ਨਾਂ ਦਾ ਕੋਈ ਨਗਰ ਵੀ ਮੌਜੂਦ ਨਹੀਂ। ਵਰਤਮਾਨ ਗੁਰਦੁਆਰਾ ਵੀ 1929 ਵਿਚ ਪਟਿਆਲੇ ਦੇ ਮਹਾਰਾਜੇ ਵੱਲੋਂ ਭੇਟ ਕੀਤੀ ਮਾਇਆ ਨਾਲ ਉਸਾਰਿਆ ਗਿਆ ਸੀ। ਉਂਝ ਪਾਕਿਸਤਾਨ ਵਿਚ ਕਰਤਾਰਪੁਰ ਨਾਂ ਦਾ ਰੇਲਵੇ-ਸਟੇਸ਼ਨ ਵੀ ਹੈ।
ਅਨੁਮਾਨ ਹੈ ਕਿ 1929 ਵਿਚ ਇਸ ਗੁਰਦੁਆਰੇ ਦੀ ਪੁਨਰ-ਉਸਾਰੀ ਤੋਂ ਪਹਿਲਾਂ ਵੀ ਓਥੇ ਕੋਈ ਯਾਦਗਾਰ ਤਾਂ ਮੌਜੂਦ ਹੀ ਸੀ। ਬਹੁਤ ਸਾਰੇ ਇਤਿਹਾਸਕਾਰ ਲਗਭਗ ਇਸ ਵਿਚਾਰ ਬਾਰੇ ਇੱਕ-ਮੱਤ ਹਨ ਕਿ ਗੁਰੂ ਜੀ ਦਾ ਵਸਾਇਆ ਨਗਰ ਕਰਤਾਰਪੁਰ ਰਾਵੀ ਦਰਿਆ ਵਿਚ ਆਏ ਹੜ੍ਹ ਕਾਰਨ ਰੁੜ੍ਹ ਗਿਆ ਸੀ। ਅਨੁਮਾਨ ਹੈ ਕਿ ਹੁਣ ਵਾਲੇ ਥਾਂ ਦੀ ਬਾਅਦ ਵਿਚ ਨਿਸ਼ਾਨਦੇਹੀ ਕਰ ਕੇ ਹੀ ਏਥੇ ਯਾਦਗਾਰ ਉਸਾਰੀ ਗਈ ਹੋਵੇਗੀ। ਪਰ ਇਸ ਯਾਦਗਾਰ ਦੀ ਪ੍ਰਮਾਣਿਕ ਹੋਂਦ ਦੀ ਇਤਿਹਾਸਕਾਰ ਹਾਮੀ ਨਹੀਂ ਭਰਦੇ। ਚਾਹੀਦਾ ਤਾਂ ਇਹ ਸੀ ਕਿ ਸਿੱਖ ਸੰਸਥਾਵਾਂ ਉਸ ਥਾਂ ਦੀ ਨਿਸ਼ਾਨਦੇਹੀ ਕਰਨ ਲਈ ਖ਼ੁਦਾਈ ਕਰਵਾਉਂਦੀਆਂ ਤੇ ਜ਼ਮੀਨ ਵਿਚੋਂ ਉਸ ਨਗਰ ਦੀ ਰਹਿੰਦ-ਖੂੰਹਦ ਦੀਆਂ ਨਿਸ਼ਾਨੀਆਂ ਲੱਭ ਕੇ ਪ੍ਰਮਾਣਿਤ ਕਰਦੀਆਂ ਕਿ ‘ਅਸਲੀ’ ਕਰਤਾਰਪੁਰ ਕਿਸ ਜਗ੍ਹਾ `ਤੇ ਸਥਿਤ ਸੀ।
ਸੰਸਾਰ-ਪੱਧਰ ‘ਤੇ ਵੀ ਅਜਿਹੇ ਕੰਮ ਹੋ ਰਹੇ ਨੇ ਕਿ ਧਰਤੀ ਹੇਠਾਂ ਗਵਾਚ ਗਈਆਂ ਪੁਰਾਣੀਆਂ ਥਾਵਾਂ ਨੂੰ ਲੱਭਣ ਲਈ ਆਰਕਿਉਜੀਕਲ ਸਰਵੇ ਕਰਵਾ ਕੇ ਥਾਵਾਂ ਦੀ ਖ਼ੁਦਾਈ ਕੀਤੀ ਜਾਂਦੀ ਹੈ। ਹੁਣ ਵੀ ਚਾਹੀਦਾ ਹੈ ਕਿ ਦੋਵਾਂ ਸਰਕਾਰਾਂ ‘ਤੇ ਅੰਤਰਰਾਸ਼ਟਰੀ ਪੱਧਰ ‘ਤੇ ਦਬਾਉ ਬਣਾ ਕੇ ਉਸ ਇਲਾਕੇ ਦਾ ਆਰਕਿਆਲੋਜੀਕਲ ਸਰਵੇ ਕਰਵਾਇਆ ਜਾਵੇ, ਲੋੜ ਪਵੇ ਤਾਂ ਰਾਵੀ ਦੇ ਪਾਣੀ ਦੇ ਵਹਾਉ ਨੂੰ ਵੀ ਮੋੜ ਕੇ ਉਹ ਥਾਂ ਨੰਗੀ ਕੀਤੀ ਜਾਵੇ, ਜਿੱਥੇ ਇਸ ਖ਼ੇਤਰ ਦੇ ਖੋਜੀਆਂ ਦਾ ਅਨੁਮਾਨ ਹੈ ਕਿ ਨਗਰ ਵੱਸਦਾ ਹੋਵੇਗਾ, ਫੇਰ ਉਸ ਥਾਂ ਦੀ ਖ਼ੁਦਾਈ ਕਰਵਾ ਕੇ ਨਗਰ ਦੀਆਂ ਨਿਸ਼ਾਨੀਆਂ ਲੱਭੀਆਂ ਜਾਣ।
ਜਗਿਆਸੂ ਮਨ ਕਹਿੰਦਾ ਸੀ ਕਿ ਇਹ ਥਾਂ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਸ਼ਾਇਦ ਅਸਲੀ ਥਾਂ ਨਹੀਂ ਹੋਵੇਗੀ, ਪਰ, ਇਸ ਵੇਲੇ ਮਨ ਅਜਿਹੀਆਂ ਤਰਕਾਂ ਦੇ ਕਾਬੂ ਨਹੀਂ ਆਉਂਦਾ।
… ਇਹ ਸਾਰੀਆਂ ਗੱਲਾਂ ਮੇਰੇ ਚੇਤੇ ਵਿਚ ਅੱਜ ਲਿਸ਼ਕੀਆਂ ਨੇ ਜਦੋਂ ਮੈਂ ਇਹ ਸਤਰਾਂ ਲਿਖ ਰਿਹਾ ਹਾਂ। ਉਸ ਵੇਲੇ ਮੇਰੇ ਮਨ ਵਿਚ ਅਜਿਹੀ ਕੋਈ ਸ਼ੰਕਾ ਨਹੀਂ ਸੀ। ਇੱਕ ਗੱਲ ਤਾਂ ਸੀ ਹੀ ਕਿ ਇਹ ਧਰਤੀ ਤਾਂ ਉਹੋ ਹੀ ਸੀ ਜਿਸ ਉੱਤੇ ਕਦੀ ਗੁਰੂ ਸਾਹਿਬ ਦੇ ਪੈਰਾਂ ਦੇ ਨਿਸ਼ਾਨ ਲੱਗੇ ਸਨ। ਇਸ ਧਰਤੀ ‘ਤੇ ਲਏ ਹੋਏ ਉਨ੍ਹਾਂ ਦੇ ਸਾਹ ਹਵਾਵਾਂ ਵਿਚ ਰਲੇ ਹੋਏ ਸਨ। (ਚੱਲਦਾ)