(ਨਗਰ ਕੀਰਤਨਾਂ ਵਿਚੋਂ ਅਲੋਪ ਹੋ ਰਹੀ ਧਾਰਮਿਕਤਾ ਅਤੇ ਹਾਵੀ ਹੋ ਰਹੀ ਧੌਂਸਵਾਦੀ ਸੌੜੀ ਰਾਜਨੀਤੀ)
ਹਰਚਰਨ ਸਿੰਘ ਪ੍ਰਹਾਰ
ਸਿੱਖ ਕਮਿਊਨਿਟੀ ਵਿਚ ਚੱਲ ਰਹੀ ਚਰਚਾ ਅਨੁਸਾਰ ਕੈਲਗਰੀ ਦੇ ਵਿਸਾਖੀ ਨਗਰ ਕੀਰਤਨ ਤੋਂ 3-4 ਦਿਨ ਪਹਿਲਾਂ ਸੜਕਾਂ `ਤੇ ਵੱਡੇ-ਵੱਡੇ ਬੇਨਾਮ ਸਾਈਨ ਬੋਰਡ ਲਗਾ ਦਿੱਤੇ ਗਏ, ਜਿਨ੍ਹਾਂ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੈਨੇਡਾ ਦੀ ਆਪੋਜ਼ੀਸ਼ਨ ਪਾਰਟੀ ਕੰਜ਼ਰਵੇਟਿਵ ਦੇ ਨੈਸ਼ਨਲ ਲੀਡਰ ਪੀ.ਆਰ. ਪੌਲੀਅਰ ਦੀਆਂ ਫੋਟੋਆਂ ਲਗਾ ਕੇ ਲਿਖਿਆ ਹੋਇਆ ਸੀ ਕਿ ਇਹ ‘ਸਿੱਖ ਕੌਮ ਦੇ ਗਦਾਰ’ ਹਨ, ‘ਇਨ੍ਹਾਂ ਦਾ ਬਾਈਕਾਟ ਕਰੋ’।
ਕੁਝ ਅਜਿਹੇ ਸਾਈਨ ਬੋਰਡ ਵੀ ਸਨ, ਜਿਨ੍ਹਾਂ ਵਿਚ ਭਾਰਤੀ ਅੰਬੈਸੀ ਦੇ ਅਹੁਦੇਦਾਰਾਂ ਨੂੰ ਹਰਦੀਪ ਸਿੰਘ ਨਿੱਝਰ ਦੇ ਕਾਤਲ ਦਰਸਾਇਆ ਗਿਆ ਸੀ। ਬੇਸ਼ੱਕ ਮੀਡੀਆ ਵਿਚ ਤਾਂ ਇਸ ਬਾਰੇ ਖ਼ਬਰਾਂ ਨਹੀਂ ਆਈਆਂ, ਪਰ ਸੁਣਨ ਵਿਚ ਆਇਆ ਸੀ ਕਿ ਅਲਬਰਟਾ ਦੀ ਕੰਜ਼ਰਵੇਟਿਵ ਪਾਰਟੀ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਅਤੇ ਉਨ੍ਹਾਂ ਦੀ ਪਾਰਟੀ ਵਲੋਂ ਨਗਰ ਕੀਰਤਨ ਵਿਚ ਸ਼ਾਮਿਲ ਨਾ ਹੋਣ ਦਾ ਸੁਨੇਹਾ ਪ੍ਰਬੰਧਕਾਂ ਨੂੰ ਪਹੁੰਚਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪ੍ਰਬੰਧਕਾਂ ਨੇ ਪੁਲਿਸ ਅਤੇ ਸਿਟੀ ਆਫ ਕੈਲਗਰੀ ਦੇ ਪ੍ਰਸ਼ਾਸਨ ਦੀ ਮਦਦ ਨਾਲ਼ ਗੈਰ-ਕਾਨੂੰਨੀ ਢੰਗ ਨਾਲ਼ ਰੱਖੇ, ਉਹ ਸਾਈਨ ਬੋਰਡ ਚੁਕਾ ਦਿੱਤੇ ਸਨ। ਫਿਰ ਵੀ ਕੰਜ਼ਰਵੇਟਿਵ ਪਾਰਟੀ ਦਾ ਕੋਈ ਵੀ ਲੀਡਰ ਨਗਰ ਕੀਰਤਨ ਵਿਚ ਸ਼ਾਮਿਲ ਨਹੀਂ ਹੋਇਆ। ਵੈਸੇ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਆਪਣੀ ਕਮਿਊਨਿਟੀ ਦੇ ਕੁਝ ਰਾਜਸੀ ਲੀਡਰਾਂ ਤੋਂ ਇਲਾਵਾ ਕਿਸੇ ਵੀ ਹੋਰ ਪਾਰਟੀ ਦਾ ਕੋਈ ਗੋਰਾ ਲੀਡਰ ਨਗਰ ਕੀਰਤਨ ਵਿਚ ਦੇਖਣ ਨੂੰ ਘੱਟ ਹੀ ਮਿiਲ਼ਆ। ਇੱਕ ਸਥਾਨਕ ਰੇਡੀਓ `ਤੇ ਨਗਰ ਕੀਰਤਨ ਦੇ ਮਾਹੌਲ ਬਾਰੇ ਚੱਲੀ ਚਰਚਾ ਦੌਰਾਨ, ਤਕਰੀਬਨ ਸਾਰੇ ਸਰੋਤਿਆਂ ਨੇ ਇਸ ਵਰਤਾਰੇ ਨੂੰ ਮੰਦਭਾਗਾ ਦੱਸਿਆ। ਪਰ ਹੈਰਾਨੀ ਦੀ ਗੱਲ ਹੈ ਕਿ ਨਗਰ ਕੀਰਤਨ ਤੋਂ 2-3 ਦਿਨ ਪਹਿਲਾਂ ਵਾਪਰ ਚੁੱਕੀ ਘਟਨਾ ਦੇ ਬਾਵਜੂਦ, ਅਜਿਹੇ ਪ੍ਰਬੰਧ ਨਹੀਂ ਕੀਤੇ ਗਏ ਕਿ ਨਗਰ ਕੀਰਤਨ ਦਾ ਮਾਹੌਲ ਖਰਾਬ ਨਾ ਹੋਵੇ, ਪਰ ਜੋ ਕੁਝ ਨਗਰ ਕੀਰਤਨ ਦੌਰਾਨ ਵਾਪਰਿਆ, ਉਹ ਕਿਸੇ ਵੀ ਢੰਗ ਨਾਲ਼ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਧਾਰਮਿਕ ਨਗਰ ਕੀਰਤਨ ਵਿਚ ਨਹੀਂ ਵਾਪਰਨਾ ਚਾਹੀਦਾ ਸੀ। ਗੁਰਦੁਆਰੇ ਦੇ ਪ੍ਰਬੰਧਕਾਂ ਨੇ ਬੇਨਾਮ ਸਾਈਨ ਰੱਖਣ ਵਾiਲ਼ਆਂ ਬਾਰੇ ਵੀ ਸੰਗਤ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਨਾ ਹੀ ਅਜਿਹੇ ਸਾਈਨ ਰੱਖਣ ਵਾਲ਼ਾ ਕੋਈ ਵਿਅਕਤੀ ਜਾਂ ਸੰਸਥਾ ਹੀ ਸਾਹਮਣੇ ਆਈ, ਜੋ ਦਾਅਵਾ ਕਰਦੀ ਕਿ ਸਾਡੇ ਸਾਈਨ ਕਿਉਂ ਚੁਕਾਏ ਗਏ ਹਨ? ਫਿਰ ਇਹ ਕਿਸਦੀ ਸ਼ਰਾਰਤ ਹੋ ਸਕਦੀ ਹੈ, ਕੀ ਇਸ ਬਾਰੇ ਪ੍ਰਬੰਧਕਾਂ ਨੂੰ ਤਫਤੀਸ਼ ਨਹੀਂ ਕਰਾਉਣੀ ਚਾਹੀਦੀ ਸੀ?
ਦੁਨੀਆਂ ਭਰ ਵਿਚ ਸਿੱਖ ਕਮਿਊਨਿਟੀ ਵਲੋਂ ਗੁਰੂ ਸਾਹਿਬਾਨ ਜਾਂ ਵਿਸਾਖੀ ਨਾਲ਼ ਸਬੰਧਤ ‘ਨਗਰ ਕੀਰਤਨ’ ਕੱਢਣ ਦੀ ਪ੍ਰੰਪਰਾ ਆਮ ਹੀ ਪ੍ਰਚੱਲਤ ਹੈ। ਪਰ ਵਿਦੇਸ਼ਾਂ ਵਿਚ ਗੁਰੂ ਸਾਹਿਬਾਨ ਦੀ ਥਾਂ `ਤੇ 90-95% ਸਿਰਫ ‘ਖਾਲਸਾ ਸਾਜਨਾ ਦਿਵਸ’ (ਪੁਰਾਣਾ ਨਾਮ ਵਿਸਾਖੀ) ਨਾਲ਼ ਸਬੰਧਤ ਨਗਰ ਕੀਰਤਨ ਹੀ ਆਯੋਜਿਤ ਕੀਤੇ ਜਾਂਦੇ ਹਨ। ਤਕਰੀਬਨ 25-30 ਸਾਲ ਪਹਿਲਾਂ ਵਿਦੇਸ਼ਾਂ ਵਿਚ 2-4 ਥਾਵਾਂ `ਤੇ ਹੀ ਨਗਰ ਕੀਰਤਨ ਹੁੰਦੇ ਸਨ, ਪਰ ਹੁਣ ਦੇਖੋ-ਦੇਖੀ ਪਿਛਲੇ 10-15 ਸਾਲ ਤੋਂ ਹਰ ਵੱਡੇ-ਛੋਟੇ ਸ਼ਹਿਰ ਵਿਚ ਨਗਰ ਕੀਰਤਨ ਹੁੰਦੇ ਹਨ। ਸ਼ੁਰੂ ਵਿਚ ਲੋਕ ਬੜੀ ਸ਼ਰਧਾ ਨਾਲ਼ ਸ਼ਾਮਿਲ ਹੁੰਦੇ ਸਨ ਅਤੇ ਇਨ੍ਹਾਂ ਵਿਚ ਸ਼ਬਦ ਕੀਰਤਨ ਕਰਦੀ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਮਗਰ ਚੱਲਦੀ ਸੀ। ਹੁਣ ਨਗਰ ਕੀਰਤਨ ਸਮਾਜਿਕ, ਰਾਜਨੀਤਕ ਅਤੇ ਬਿਜ਼ਨਸ ਮੇਲਿਆਂ ਦਾ ਰੂਪ ਧਾਰਨ ਕਰ ਚੁੱਕੇ ਹਨ। ਫਿਰ ਇਨ੍ਹਾਂ ਨਗਰ ਕੀਰਤਨਾਂ ਵਿਚ ਰਾਜਸੀ ਲੀਡਰਾਂ ਨੂੰ ਸੱਦਣ ਦਾ ਰੁਝਾਨ ਸ਼ੁਰੂ ਹੋਇਆ ਅਤੇ ਹੌਲ਼ੀ-ਹੌਲ਼ੀ ਇਹ ਰੁਝਾਨ ਵਧਦਾ-ਵਧਦਾ, ਲੋਕਲ, ਸੂਬਾਈ ਅਤੇ ਫੈਡਰਲ ਲੀਡਰਾਂ ਤੱਕ ਪਹੁੰਚ ਗਿਆ। ਹੁਣ ਹਰ ਦੇਸੀ ਰਾਜਨੀਤਕ ਲੀਡਰ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੀ ਪਾਰਟੀ ਦੇ ਵੱਧ ਤੋਂ ਵੱਧ ਲੀਡਰ ਸੱਦ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰੇ। ਬੇਸ਼ੱਕ ਗੋਰਿਆਂ ਵਿਚ ਧਰਮ ਨੂੰ ਰਾਜਨੀਤੀ ਲਈ ਵਰਤਣ ਦਾ ਰੁਝਾਨ ਹੁਣ ਨਾਂ-ਮਾਤਰ ਹੀ ਹੈ, ਪਰ ਸਾਡੇ ਲੋਕਾਂ ਨੇ ਉਨ੍ਹਾਂ ਨੂੰ ਧਰਮ ਨੂੰ ਰਾਜਨੀਤੀ ਲਈ ਵਰਤਣ ਦਾ ਅਜਿਹਾ ਚਸਕਾ ਪਾਇਆ ਹੈ ਕਿ ਦੇਖੋ-ਦੇਖੀ, ਹੁਣ ਹਿੰਦੂ, ਮੁਸਲਮਾਨ ਜਾਂ ਹੋਰ ਫਿਰਕਿਆਂ ਦੇ ਲੋਕ ਵੀ ਇਸੇ ਰਾਹ ਤੁਰਨ ਲੱਗੇ ਹਨ। ਬੇਸ਼ੱਕ ਅਜੇ ਗੁਰਦੁਆਰਿਆਂ ਵਾਂਗ ਰਾਜਸੀ ਲੀਡਰਾਂ ਨੂੰ ਮੰਦਰਾਂ, ਮਸਜਿਦਾਂ, ਚਰਚਾਂ ਵਿਚ ਬੋਲਣ ਨਹੀਂ ਦਿੱਤਾ ਜਾਂਦਾ ਪਰ ਗੁਰਦੁਆਰਿਆਂ ਵਿਚ ਅਜਿਹਾ ਰੁਝਾਨ ਆਮ ਹੀ ਹੈ, ਜਿਸ ਕਾਰਨ ਗੁਰਦੁਆਰੇ ਆਪਣੀ ਮੌਲਿਕ ਧਾਰਮਿਕਤਾ ਗੁਆ ਕੇ ਰਾਜਨੀਤੀ ਦੇ ਅੱਡੇ ਬਣਦੇ ਜਾ ਰਹੇ ਹਨ। ਹੁਣ ਰਾਜਨੀਤੀ ਵਿਚ ਆਉਣ ਦੇ ਚਾਹਵਾਨ ਗੁਰਦੁਆਰਿਆਂ ਦੇ ਪਲੈਟਫਾਰਮ ਨੂੰ ਰਾਜਨੀਤੀ ਵਿਚ ਆਉਣ ਲਈ ਪੌੜੀ ਵਾਂਗ ਵਰਤਣ ਲੱਗੇ ਹਨ। 30-40 ਸਾਲ ਪਹਿਲਾਂ ਭਾਰਤ ਵਿਚ ਗੈਰ-ਅਕਾਲੀ ਪਾਰਟੀਆਂ ਨਾਲ਼ ਸਬੰਧਤ ਸਿੱਖ, ਇਹ ਇਲਜ਼ਾਮ ਅਕਾਲੀਆਂ ‘ਤੇ ਲਗਾਉਂਦੇ ਹੁੰਦੇ ਸਨ ਕਿ ਉਹ ‘ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ’, ਸਿੱਖ ਧਰਮ ਅਤੇ ਗੁਰਦੁਆਰਿਆਂ ਨੂੰ ਆਪਣੀ ਫਿਰਕੂ ਰਾਜਨੀਤੀ ਲਈ ਵਰਤਦੇ ਹਨ। ਹੁਣ ਇਹ ਰੁਝਾਨ ਵਿਦੇਸ਼ਾਂ ਵਿਚ ਆਮ ਹੀ ਚੱਲ ਪਿਆ ਹੈ। ਸਿਟੀ ਕੌਂਸਲਰਾਂ ਤੋਂ ਲੈ ਕੇ ਐਮ.ਐਲ. ਏ., ਐਮ. ਪੀ. ਬਣਨ ਵਾਲ਼ੇ ਵੱਖ-ਵੱਖ ਪਾਰਟੀਆਂ ਦੇ ਬਹੁਤੇ ਦੇਸੀ ਲੀਡਰ ਸਿੱਧੇ-ਅਸਿੱਧੇ ਢੰਗ ਨਾਲ਼ ਗੁਰਦੁਆਰਾ ਸਿਆਸਤ ਨਾਲ਼ ਸਬੰਧਤ ਹੀ ਆ ਰਹੇ ਹਨ। ਗੁਰਦੁਆਰਾ ਸਿਆਸਤ ਹੁਣ ਸਿੱਖ ਸਮਾਜ `ਤੇ ਇਤਨੀ ਹਾਵੀ ਹੋ ਚੁੱਕੀ ਹੈ ਕਿ ਇਸਨੇ ਵਿਦੇਸ਼ਾਂ ਵਿਚ ਕੋਈ ਹੋਰ ਸਿੱਖ ਸੰਸਥਾ ਉਠਣ ਨਹੀਂ ਦਿੱਤੀ ਅਤੇ ਹੁਣ ਤਾਂ ਗੁਰਦੁਆਰਾ ਲੀਡਰਸ਼ਿਪ ਦੇ ਆਸ਼ੀਰਵਾਦ ਤੋਂ ਬਿਨਾਂ ਕੋਈ ਰਾਜਨੀਤੀ ਵਿਚ ਆਉਣ ਬਾਰੇ ਸੋਚ ਵੀ ਨਹੀਂ ਸਕਦਾ। ਗੁਰਬਾਣੀ ਦੇ ਸ਼ਬਦ ‘ਸਿਧ ਛਪਿ ਬੈਠੇ ਪਰਬਤੀ, ਕਉਣੁ ਜਗਤ੍ਰਿ ਕਉ ਪਾਰਿ ਉਤਾਰਾ..’ ਵਾਂਗ ਸਿੱਖ ਸਮਾਜ ਦਾ ਪੜ੍ਹਿਆ-ਲਿਖਿਆ ਤੇ ਸੂਝਵਾਨ ਤਬਕਾ ਸਿੱਖੀ ਤੇ ਗੁਰਦੁਆਰਾ ਸਿਆਸਤ ਤੋਂ ਦਿਨੋਂ-ਦਿਨ ਦੂਰ ਹੁੰਦਾ ਜਾ ਰਿਹਾ ਹੈ। ਬਹੁ-ਗਿਣਤੀ ਵਿਦੇਸ਼ੀਂ ਜੰਮਪਲ ਬੱਚਿਆਂ ਦਾ ਵੈਸੇ ਹੀ ਧਰਮ ਵਿਚ ਕੋਈ ਵਿਸ਼ਵਾਸ ਨਹੀਂ ਰਿਹਾ। ਮੌਜੂਦਾ ਗੁਰਦੁਆਰਾ ਸਿਆਸਤ ਨੇ ਸਿੱਖੀ ਦਾ ਦਾਇਰਾ ਇਤਨਾ ਤੰਗ ਕਰ ਦਿੱਤਾ ਹੈ ਕਿ ਕਿਸੇ ਵੱਖਰੇ ਵਿਚਾਰ ਨੂੰ ਕੋਈ ਥਾਂ ਨਹੀਂ ਦਿੱਤੀ ਜਾ ਰਹੀ। ਜੇ ਕੋਈ ਸੋਸ਼ਲ ਮੀਡੀਆ ਵਰਗੇ ਆਜ਼ਾਦ ਪਲੈਟਫਾਰਮਾਂ `ਤੇ ਕੋਈ ਗੱਲ ਕਰਨੀ ਚਾਹੇ ਤਾਂ ਉਥੇ ਵੀ ਹਰ ਪੱਧਰ `ਤੇ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸਦੇ ਨਤੀਜੇ ਵਜੋਂ ਪੰਜਾਬ ਵਾਂਗ ਇੱਕ ਉਜੱਡ ਅਤੇ ਮਾਰ-ਧਾੜ ਵਾਲ਼ੀ ਸਿਆਸਤ ਵਿਦੇਸ਼ਾਂ ਵਿਚ ਹਾਵੀ ਹੋ ਗਈ ਹੈ, ਜੋ ਕਿ ਸਿੱਖ ਸਮਾਜ ਦੇ ਭਵਿੱਖ ਲਈ ਖ਼ਤਰੇ ਦੀ ਨਿਸ਼ਾਨੀ ਬਣਦੀ ਜਾ ਰਹੀ ਹੈ। ਇਸ ਵੱਲ ਅਜੇ ਬਹੁ-ਗਿਣਤੀ ਸਿੱਖ ਭਾਈਚਾਰਾ ਡਾਲਰਾਂ ਦੀ ਦੌੜ ਵਿਚ ਧਿਆਨ ਨਹੀਂ ਦੇ ਰਿਹਾ।
ਵਿਦੇਸ਼ਾਂ ਵਿਚ ਨਗਰ-ਕੀਰਤਨ ਅਕਸਰ ਅਪਰੈਲ-ਮਈ ਵਿਚ ਹੁੰਦੇ ਹਨ। ਥੋੜ੍ਹੇ-ਬਹੁਤੇ ਫਰਕ ਨਾਲ਼ ਸਾਰੇ ਸ਼ਹਿਰਾਂ ਵਿਚ ਪ੍ਰਬੰਧਕਾਂ ਅਤੇ ਸੰਗਤ ਦਾ ਇੱਕੋ ਪੈਟਰਨ ਹੈ। ਹਰ ਪਾਸੇ ਧਾਰਮਿਕਤਾ ਅਲੋਪ ਹੋ ਰਹੀ ਹੈ ਅਤੇ ਇੱਕ ਖਾਸ ਤਰ੍ਹਾਂ ਦੀ ਧਾਕੜ ਰਾਜਨੀਤੀ ਨੂੰ ਪ੍ਰਨਾਏ ਹੋਏ ਕੁਝ ਲੋਕ ਹੀ ਸਭ ਪਾਸੇ ਹਾਵੀ ਹੋ ਰਹੇ ਹਨ। ਹੁਣ ਤਾਂ ਸੰਗਤੀ ਗੁਰਦੁਆਰਿਆਂ ਦਾ ਕਾਨਸੈਪਟ ਵੀ ਖਤਮ ਕੀਤਾ ਜਾ ਰਿਹਾ ਹੈ ਅਤੇ ਗੁਰਦੁਆਰੇ ਪ੍ਰਾਈਵੇਟ ਟਰੱਸਟ ਬਣਦੇ ਜਾ ਰਹੇ ਹਨ। ਅਜਿਹੀ ਰਾਜਨੀਤੀ ਨਾਲ਼ ਸਬੰਧਤ ਲੀਡਰ ਆਪਣੇ ਆਰਥਿਕ ਤੇ ਸਿਆਸੀ ਹਿੱਤਾਂ ਅਨੁਸਾਰ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਗੁਰਦੁਆਰਾ ਸਟੇਜ ਵਰਤਣ ਲਈ ਖੁੱਲ੍ਹਾ ਸੱਦਾ ਦਿੰਦੇ ਹਨ।
ਪਿਛਲੇ ਦਿਨੀਂ ਸਾਡੇ ਸ਼ਹਿਰ ਦੇ ਸਾਲਾਨਾ ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਸੰਗਤ ਸ਼ਾਮਿਲ ਹੋਈ, ਪਰ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਮਗਰ, ਨਗਰ ਕੀਰਤਨ ਦੇ ਰੂਟ ਦੇ ਅੱਧ ਤੱਕ ਪਹੁੰਚਦੇ-ਪਹੁੰਚਦੇ ਮਸਾਂ 5-7 ਸੌ ਦੀ ਗਿਣਤੀ ਹੀ ਰਹਿ ਗਈ ਸੀ, ਜਦਕਿ ਪ੍ਰਚਾਰ ਇਹ ਹੋ ਰਿਹਾ ਸੀ ਕਿ ਡੇਢ-ਦੋ ਲੱਖ ਦਾ ਇਕੱਠ ਸੀ। ਬਹੁਤ ਸਾਰੀ ਸੰਗਤ ਫਲੋਟ ਮਗਰ ਚੱਲਣ ਦੀ ਥਾਂ ਆਸੇ-ਪਾਸੇ ਸੜਕਾਂ ਕਿਨਾਰੇ ਲੱਗੇ ਸਟਾਲਾਂ ‘ਤੇ ਖਾਣ-ਪੀਣ ਵਿਚ ਬਿਜ਼ੀ ਸੀ। 70-80% ਸੰਗਤ ਨੂੰ ਕੋਈ ਪਤਾ ਨਹੀਂ ਸੀ ਕਿ ਨਗਰ ਕੀਰਤਨ ਕਿੱਥੇ ਹੈ, ਉਹ ਪਾਰਕ ਵਿਚ ਖਾਣ-ਪੀਣ ਦੇ ਇੱਕ ਸਟਾਲ ਤੋਂ ਦੂਜੇ ਵੱਲ਼ ਭੱਜ ਰਹੀ ਸੀ। ਸੰਗਤ ਵਿਚੋਂ ਬਹੁਤ ਸਾਰੇ ਲੋਕਾਂ ਨਾਲ਼ ਹੋਈ ਗੱਲਬਾਤ ਅਨੁਸਾਰ ਹੁਣ ਇਹ ਧਾਰਮਿਕ ਨਗਰ ਕੀਰਤਨ ਨਾ ਹੋ ਕੇ ਸਮਾਜਿਕ, ਰਾਜਨੀਤਕ ਤੇ ਬਿਜ਼ਨਸ ਮੇਲਾ ਬਣ ਚੁੱਕਾ ਹੈ। ਗੁਰੂ ਗ੍ਰੰਥ ਸਾਹਿਬ ਵਾਲ਼ੇ ਫਲੋਟ `ਤੇ ਹੋ ਰਿਹਾ ਕੀਰਤਨ, ਕਿਸੇ ਨੂੰ ਸੁਣਾਈ ਨਹੀਂ ਦੇ ਰਿਹਾ ਸੀ ਕਿਉਂਕਿ ਪਿੱਛੇ ਚੱਲ ਰਹੇ ਇੱਕ ਫਲੋਟ `ਤੇ ਬਹੁਤ ਉਚੀ ਆਵਾਜ਼ ਵਿਚ ‘ਫਲਾਨਾ ਕੁੱਤਾ’, ‘ਧਮਕਾਨਾ ਕੁੱਤਾ’… ਦਾ ਰਾਗ ਉਚੀ ਸੁਰ ਵਿਚ ਅਲਾਪਿਆ ਜਾ ਰਿਹਾ ਸੀ। ਵੈਸੇ ਤਾਂ ਅਜਿਹੀ ਸ਼ਬਦਾਵਲ਼ੀ ਵਰਤਣੀ ਕਿਤੇ ਵੀ ਮਾੜੀ ਹੈ, ਪਰ ਧਾਰਮਿਕ ਸਮਾਗਮ ਵਿਚ, ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਹੋ ਰਹੇ ਨਗਰ ਕੀਰਤਨ ਵਿਚ ਵਰਤੀ ਜਾਣੀ ਕਿਤਨੀ ਕੁ ਜਾਇਜ਼ ਕਹੀ ਜਾ ਸਕਦੀ ਹੈ? ਅਜਿਹਾ ਮਾਹੌਲ ਸਿਰਜ ਕੇ ਅਸੀਂ ਸਾਬਿਤ ਕੀ ਕਰਨਾ ਚਾਹੁੰਦੇ ਹਾਂ? ਸਿੱਖ ਲੀਡਰਸ਼ਿਪ ਲਈ ਇਹ ਵੱਡਾ ਸਵਾਲ ਹੈ? ਸੰਗਤ ਵਲੋਂ ਇਹ ਸ਼ਿਕਾਇਤ ਵੀ ਕੀਤੀ ਜਾ ਰਹੀ ਸੀ ਕਿ ਨਗਰ ਕੀਰਤਨ ਦਾ ਮਾਹੌਲ ਧਾਰਮਿਕ ਬਣਾਉਣ ਲਈ ਅਗਰ ਫਲੋਟਾਂ `ਤੇ ਫੋਟੋਆਂ ਲਗਾਉਣ ਦੀ ਜ਼ਰੂਰਤ ਸੀ ਤਾਂ ਉਹ ਗੁਰੂ ਸਾਹਿਬਾਨ, ਸਿੱਖ ਇਤਿਹਾਸ ਜਾਂ ਗੁਰਬਾਣੀ ਦੇ ਸ਼ਬਦਾਂ ਨਾਲ਼ ਸਬੰਧਤ ਹੋ ਸਕਦੀਆਂ ਸਨ। ਪਰ ਇਸਦੀ ਜਗ੍ਹਾ ਸਿਰਫ ਪਿਛਲੀ ਸਦੀ ਦੇ 80ਵਿਆਂ ਵਿਚ ਚੱਲੀ ਖਾੜਕੂ ਲਹਿਰ ਨਾਲ਼ ਸਬੰਧਤ ਹੀ ਫੋਟੋਆਂ ਕਿਉਂ ਸਨ? ਕੀ ਪਿਛਲੇ 500 ਸਾਲ ਦੇ ਸਿੱਖ ਇਤਿਹਾਸ ਵਿਚ ਹੋਰ ਕਿਸੇ ਸਿੱਖ ਦਾ ਕੋਈ ਰੋਲ਼ ਨਹੀਂ? ਆਮ ਲੋਕ ਮਹਿਸੂਸ ਕਰ ਰਹੇ ਸਨ ਜਿਵੇਂ ਨਗਰ ਕੀਰਤਨ `ਤੇ ਪ੍ਰਬੰਧਕਾਂ ਦਾ ਕੋਈ ਕੰਟਰੋਲ ਨਹੀਂ ਸੀ? ਇਸੇ ਤਰ੍ਹਾਂ ਇੱਕ ਹੋਰ ਫਲੋਟ `ਤੇ ਢਾਡੀ ਸਿੰਘ ਅਜਿਹੀਆਂ ਵਾਰਾਂ ਹੀ ਵਾਰ-ਵਾਰ ਗਾ ਰਹੇ ਸਨ ਕਿ ਸਿੰਘ ਆਪਣੇ ਦੁਸ਼ਮਣਾਂ ਤੋਂ ਬਦਲਾ ਜ਼ਰੂਰ ਲੈਂਦੇ ਹਨ, ਸਿੰਘਾਂ ਨੇ ਫਲਾਣਾ ਸੋਧਤਾ, ਫਲਾਣਾ ਗੱਡੀ ਚਾੜ੍ਹਤਾ.. ਆਦਿ। ਕੀ ਅਜਿਹੇ ਪ੍ਰਚਾਰਕਾਂ ਤੋਂ ਪ੍ਰਬੰਧਕਾਂ ਨੂੰ ਸਵਾਲ ਨਹੀਂ ਪੁੱਛਣਾ ਬਣਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਕਿਹੜੇ ਸ਼ਬਦ ਅਨੁਸਾਰ ਬਦਲੇ ਲੈਣੇ, ਵੈਰ ਭਾਵ ਰੱਖਣੇ, ਸੋਧੇ ਲਾਉਣੇ ਸਿੱਖੀ ਸਿਧਾਂਤ ਹੈ? ਇਤਿਹਾਸ ਦੀ ਕਿਸੇ ਘਟਨਾ ਨੂੰ ਸਿੱਖੀ ਜਾਂ ਸਿੱਖਾਂ ਦਾ ਕੌਮੀ ਸਿਧਾਂਤ ਕਿਵੇਂ ਬਣਾਇਆ ਜਾ ਸਕਦਾ ਹੈ? ਇੱਕ ਧਾਰਮਿਕ ਸਮਾਗਮ ਵਿਚ, ਜਿੱਥੇ ਹੋਰ ਕਮਿਊਨਿਟੀਆਂ ਦੇ ਲੋਕ ਵੀ ਕਾਫੀ ਗਿਣਤੀ ਵਿਚ ਸ਼ਾਮਿਲ ਹੁੰਦੇ ਹਨ, ਉਥੇ ਅਜਿਹੇ ਹਿੰਸਾ ਉਕਸਾਊ ਪ੍ਰਚਾਰ ਨਾਲ਼ ਸਿੱਖ ਕਮਿਊਨਿਟੀ ਦਾ ਕਿਹੋ-ਜਿਹਾ ਅਕਸ ਪੇਸ਼ ਹੋ ਰਿਹਾ ਹੈ, ਕੀ ਇਸ ਬਾਰੇ ਸਾਡੀ ਲੀਡਰਸ਼ਿਪ ਕਦੇ ਗੰਭੀਰਤਾ ਨਾਲ਼ ਵਿਚਾਰ ਕਰੇਗੀ?
ਕੀ ਸਾਡੇ ਲੀਡਰਾਂ ਨੂੰ ਪਤਾ ਨਹੀਂ ਕਿ ਕਿਵੇਂ ਸਾਡੇ ਨੌਜਵਾਨ ਫੁਕਰੇਪਣ ਅਤੇ ਡਾਲਰਾਂ ਦੀ ਦੌੜ ਅਧੀਨ ਵੱਡੀ ਗਿਣਤੀ ਵਿਚ ਗੈਂਗਸਟਰ ਅਤੇ ਡਰੱਗ ਡੀਲਰ ਬਣ ਰਹੇ ਹਨ? ਅਜਿਹਾ ਕੋਈ ਹਫ਼ਤਾ ਨਹੀਂ ਲੰਘਦਾ, ਜਦੋਂ ਸਾਡੇ ਨੌਜਵਾਨ ਡਰੱਗ ਸਮੱਗਲਿੰਗ, ਡਰੱਗ ਓਵਰਡੋਜ਼, ਗੈਂਗਵਾਰ, ਚੋਰੀਆਂ, ਫਿਰੌਤੀਆਂ ਆਦਿ ਵਿਚ ਗ੍ਰਿਫ਼ਤਾਰ ਨਾ ਹੁੰਦੇ ਹੋਣ ਜਾਂ ਮਰਦੇ ਨਾ ਹੋਣ? ਬੇਸ਼ੱਕ ਸਾਡੇ ਕੋਲ਼ ਪੂਰਾ ਡੇਟਾ ਨਹੀਂ, ਪਰ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਨੌਜਵਾਨ ਜੁਰਮ ਕਰ ਕੇ ਕੈਨੇਡਾ-ਅਮਰੀਕਾ ਦੀਆਂ ਜੇਲ੍ਹਾਂ ਵਿਚ ਨਜ਼ਰਬੰਦ ਹਨ। ਕੀ ਸਾਡੇ ਲੀਡਰਾਂ ਨੇ ਇਸ ਮਸਲੇ ਨੂੰ ਕਦੇ ਗੰਭੀਰਤਾ ਨਾਲ਼ ਵਿਚਾਰਿਆ ਹੈ? ਜੇ ਗੁਰਦੁਆਰਾ ਸਟੇਜਾਂ ਨੂੰ ਰਾਜਨੀਤੀ ਲਈ ਵਰਤਿਆ ਜਾ ਸਕਦਾ ਹੈ ਤਾਂ ਕੀ ਡਰੱਗ ਸਮਗਲਿੰਗ, ਗੈਂਗਵਾਰ, ਹਿੰਸਾ ਆਦਿ ਵਰਗੇ ਗੰਭੀਰ ਮੁੱਦਿਆਂ `ਤੇ ਗੁਰਦੁਆਰਿਆਂ ਵਿਚ ਚਰਚਾ ਨਹੀਂ ਹੋਣੀ ਚਾਹੀਦੀ? ਹਿੰਸਾ ਨਾ ਕਿਸੇ ਸਮੱਸਿਆ ਦਾ ਹੱਲ ਹੈ ਅਤੇ ਨਾ ਹੀ ਮਾਡਰਨ ਵਰਲਡ ਦੇ ਲੋਕਤੰਤਰੀ ਸਿਸਟਮ ਅੰਦਰ ਹਿੰਸਾ ਨੂੰ ਕੋਈ ਪ੍ਰਵਾਨ ਕਰਦਾ ਹੈ ਅਤੇ ਨਾ ਹੀ ਹਿੰਸਾ ਸਿੱਖਾਂ ਵਰਗੀ ਸਾਰੀ ਦੁਨੀਆਂ ਵਿਚ ਵਸਦੀ ਘੱਟ ਗਿਣਤੀ ਦੇ ਹਿੱਤ ਵਿਚ ਹੈ। ਕੀ ਅਸੀਂ ਪਿਛਲੀ ਸਦੀ ਦੇ ਆਖ਼ਰੀ ਦੋ ਦਹਾਕਿਆਂ ਵਿਚ, ਸਾਡੇ ਸਿਰ ਮੜ੍ਹੀ ਗਈ ਹਿੰਸਾ ਤੋਂ ਨਿਕਲ਼ੇ ਨਤੀਜਿਆਂ ਨੂੰ ਭੁੱਲ ਗਏ ਹਾਂ? ਇਕ ਪਾਸੇ ਅਸੀਂ ਸ਼ਿਕਾਇਤ ਕਰਦੇ ਹਾਂ ਕਿ ਅਸੀਂ ਬੜੇ ਸ਼ਾਂਤੀਪਸੰਦ ਤੇ ਮਿਹਨਤੀ ਲੋਕ ਹਾਂ, ਸਾਡੇ `ਤੇ ਅੱਤਵਾਦੀ ਤੇ ਵੱਖਵਾਦੀ ਹੋਣ ਦੇ ਠੱਪੇ ਲਾਏ ਜਾਂਦੇ ਹਨ, ਪਰ ਜੋ ਕੁਝ ਹੁਣ ਹੋ ਰਿਹਾ ਹੈ, ਉਸ ਬਾਰੇ ਅਸੀਂ ਕਦੋਂ ਸੋਚਾਂਗੇ? ਸਾਡੇ ਗੁਰਦੁਆਰਿਆਂ ਵਿਚ ਗੁਰਬਾਣੀ ਨੂੰ ਛੱਡ ਕੇ 18ਵੀਂ ਸਦੀ ਦੇ ਇਤਿਹਾਸ `ਤੇ ਆਧਾਰਤ ਹਿੰਸਾ ਨੂੰ ਹੀ ਕਿਉਂ ਸਿੱਖੀ ਦਾ ਸਿਧਾਂਤ ਬਣਾਇਆ ਜਾਂਦਾ ਹੈ? ਉਹ ਵੀ ਵਿਦੇਸ਼ਾਂ ਵਿਚ, ਜਿੱਥੋਂ ਦੇ ਸਮਾਜ ਵਿਚ ਸਾਨੂੰ ਸਭ ਪਾਸੇ ਕਾਫੀ ਹੱਦ ਤੱਕ ਬਰਾਬਰ ਦੇ ਹੱਕ ਹਨ, ਲੋਕ ਸ਼ਾਂਤੀ ਤੇ ਸਹਿਹੋਂਦ ਨਾਲ ਰਹਿ ਰਹੇ ਹਨ। ਕੀ ਸਾਡੇ ਪ੍ਰਚਾਰ ਦਾ ਆਧਾਰ ਗੁਰਬਾਣੀ ਨਹੀਂ ਹੋਣਾ ਚਾਹੀਦਾ?
ਜਦੋਂ ਸਿੱਖ ਸਮਾਜ ਵਿਚ ‘ਧਰਮ ਤੇ ਰਾਜਨੀਤੀ’ ਬਾਰੇ ਕਦੇ ਕੋਈ ਚਰਚਾ ਚੱਲਦੀ ਹੈ, ਤਾਂ ਇਹ ਕਹਿ ਕੇ ਅਜਿਹੀ ਗੰਭੀਰ ਬਹਿਸ ਨੂੰ ਬੰਦ ਕਰਾ ਦਿੱਤਾ ਜਾਂਦਾ ਹੈ ਕਿ ਸਾਡੇ ਧਰਮ ਵਿਚ ‘ਧਰਮ ਤੇ ਰਾਜਨੀਤੀ’ ਇਕੱਠੇ ਹਨ। ਜਦਕਿ ਸਾਡੇ ਕੋਲ਼ ਅਜਿਹੇ ਕੋਈ ਠੋਸ ਇਤਿਹਾਸਕ ਪ੍ਰਮਾਣ ਨਹੀਂ ਹਨ, ਜਿਸ ਨਾਲ਼ ‘ਧਰਮ ਤੇ ਰਾਜਨੀਤੀ’ ਦੇ ਇਸ ਗੱਠਜੋੜ ਨੂੰ ਸਿੱਖੀ ਦਾ ਬੁਨਿਆਦੀ ਸਿਧਾਂਤ ਬਣਾਇਆ ਜਾ ਸਕੇ। ‘ਗੁਰੂ ਗ੍ਰੰਥ ਸਾਹਿਬ’, ਜੋ ਕਿ ਸਿੱਖੀ ਦਾ ਸਰਬ ਪ੍ਰਵਾਨਤ ਧੁਰਾ ਹੈ, ਅਨੁਸਾਰ ਨਾ ‘ਮਾਡਰਨ ਸਿੱਖੀ’ ਅਤੇ ਨਾ ‘ਮਾਡਰਨ ਸਿੱਖ ਰਾਜਨੀਤੀ’ ਨੂੰ ਕਿਸੇ ਵੀ ਢੰਗ ਨਾਲ ‘ਸਿੱਖ ਸਿਧਾਂਤਾਂ’ ਅਨੁਸਾਰੀ ਮੰਨਿਆ ਜਾ ਸਕਦਾ ਹੈ। ‘ਧਰਮ ਤੇ ਰਾਜਨੀਤੀ’ ਦੇ ਇਸ ਮਾਡਰਨ ਗੱਠਜੋੜ ਨਾਲ਼ ਕੁਝ ਕੁ ਸਵਾਰਥੀ ਤੇ ਮੌਕਾਪ੍ਰਸਤ ਲੀਡਰਾਂ ਨੂੰ ਤਾਂ ਦੇਸ਼-ਵਿਦੇਸ਼ ਵਿਚ ਲਾਭ ਹੋ ਰਿਹਾ ਹੈ, ਪਰ ਸਿੱਖਾਂ ਤੇ ਸਿੱਖੀ ਨੂੰ ਪਿਛਲੇ 100-150 ਸਾਲ ਤੋਂ ਲਗਾਤਾਰ ਨੁਕਸਾਨ ਹੀ ਹੋ ਰਿਹਾ ਹੈ। ‘ਧਰਮ ਤੇ ਰਾਜਨੀਤੀ’ ਦੇ ਜੋੜ ਦੀ ਅਜਿਹੀ ਚਰਚਾ ਸਿਰਫ ਸਿੱਖਾਂ ਵਿਚ ਹੀ ਨਹੀਂ, ਇਸਾਈਆਂ, ਮੁਸਲਮਾਨਾਂ ਤੇ ਹੋਰ ਧਾਰਮਿਕ ਫਿਰਕਿਆਂ ਵਿਚ ਸਦੀਆਂ ਪੁਰਾਣੀ ਹੈ। ਪਰ ਬਾਕੀ ਕੌਮਾਂ ਨੇ ਆਪਣੇ ਇਤਿਹਾਸਕ ਤਜਰਬਿਆਂ ਤੋਂ ਸਿੱਖ ਕੇ ਨਵੇਂ ਰਾਹ ਅਪਨਾ ਲਏ ਹਨ, ਸਿੱਖ ਇਸ ਬਾਰੇ ਕਦੋਂ ਸੋਚਣਗੇ?
‘ਧਰਮ ਤੇ ਰਾਜਨੀਤੀ’ ਦੇ ਸੈਂਕੜੇ ਸਾਲਾਂ ਦੇ ਸੁਮੇਲ ਦੇ ਤਜਰਬਿਆਂ ਜਾਣੀ ਕਿ 11ਵੀਂ ਸਦੀ ਤੋਂ ਲੈ ਕੇ 14ਵੀਂ ਸਦੀ ਤੱਕ ਚੱਲੇ ਨਾਮ-ਨਿਹਾਦ ਧਾਰਮਿਕ ਕਰੂਸੇਡਾਂ (ਧਰਮ ਯੁੱਧਾਂ) ਤੱਕ ਅਤੇ ਫਿਰ 1648 ਵਿਚ ਹੋਏ ਪੀਸ ਆਫ ਵੈਸਟਫੇਲੀਆ ਸਮਝੌਤੇ ਤੱਕ ਪਹੁੰਚਦੇ, ਪੱਛਮ ਵਿਚ ਧਰਮ ਨੂੰ ਰਾਜਨੀਤੀ ਤੋਂ ਵੱਖ ਕਰਨ ਦਾ ਰੁਝਾਨ ਵੱਡੀ ਪੱਧਰ `ਤੇ ਚੱਲ ਪਿਆ ਸੀ। 1644 ਈਸਵੀ ਵਿਚ ਅਮਰੀਕਨ ਬੈਪਟਿਸਟ ਚਰਚ ਦੇ ਮਨਿਸਟਰ ਰੌਜਰ ਵਿਲੀਅਮ ਨੇ ਇਹ ਸਿਧਾਂਤ ਪੇਸ਼ ਕੀਤਾ ਕਿ ‘ਧਰਮ ਤੇ ਸਿਆਸਤ’ ਵਿਚ ਦੀਵਾਰ ਹੋਣੀ ਚਾਹੀਦੀ ਹੈ, ਜੋ ਇਨ੍ਹਾਂ ਨੂੰ ਵੱਖ ਕਰ ਸਕੇ। ਜਿਸ `ਤੇ ਵੱਖ-ਵੱਖ ਢੰਗਾਂ ਨਾਲ਼ ਸੈਂਕੜੇ ਸਾਲ ਵਿਚਾਰ ਚੱਲਦੀ ਰਹੀ ਤਾਂ 1801 ਵਿਚ ਫਰਾਂਸ ਦੇ ਬਾਦਸ਼ਾਹ ਨੇਪੋਲੀਅਨ ਬੋਨਾਪਰਟ ਅਤੇ ਪੋਪ ਪੀਅਸ ਸੱਤਵੇਂ ਵਿਚ ਧਰਮ ਨੂੰ ਰਾਜ ਤੋਂ ਵੱਖ ਕਰਨ ਦਾ ਪੈਰਿਸ ਵਿਚ ਸਮਝੌਤਾ ਹੋਇਆ। ਇਸ ਤੋਂ ਇੱਕ ਸਾਲ ਬਾਅਦ ਤੀਜੇ ਅਮਰੀਕਨ ਰਾਸ਼ਟਰਪਤੀ ਥੌਮਸ ਜੈਫਰਸਨ ਨੇ 1802 ਵਿਚ ਅਮਰੀਕਨ ਪਾਰਲੀਮੈਂਟ ਵਿਚ ‘ਚਰਚ ਤੇ ਸਟੇਟ’ ਨੂੰ ਵੱਖ ਕਰਨ ਦਾ ਬਿੱਲ ਪਾਸ ਕੀਤਾ। ਫਿਰ 20ਵੀਂ ਸਦੀ ਦੇ ਸ਼ੁਰੂ ਵਿਚ ਸੈਕੂਲਰ ਸਟੇਟ (ਧਰਮ ਨਿਰਪੱਖ ਰਾਜ) ਦਾ ਸਿਧਾਂਤ ਪ੍ਰਚੱਲਤ ਹੋਇਆ ਤਾਂ 1905 ਵਿਚ ‘ਸਟੇਟ ਤੇ ਚਰਚ’ ਨੂੰ ਪੂਰੀ ਤਰ੍ਹਾਂ ਵੱਖ ਕਰ ਦਿੱਤਾ ਗਿਆ। ਜਿਸਨੂੰ ਪਿਛਲੀ ਸਦੀ ਵਿਚ ਤਕਰੀਬਨ ਸਾਰੇ ਪੱਛਮੀ ਦੇਸ਼ਾਂ ਨੇ ਸਵੀਕਾਰ ਲਿਆ, ਬੇਸ਼ੱਕ ਅਜੇ ਵੀ ਦੁਨੀਆਂ ਵਿਚ ਮੁਸਲਮਾਨਾਂ ਦੀਆਂ ਇਸਲਾਮਿਕ ਸਟੇਟਸ ਹਨ, ਜਿਨ੍ਹਾਂ ਨੂੰ ਉਥੇ ਰਹਿਣ ਵਾਲ਼ੇ ਲੋਕਾਂ ਸਮੇਤ ਕੋਈ ਵੀ ਪਸੰਦ ਨਹੀਂ ਕਰਦਾ। ‘ਧਰਮ ਤੇ ਰਾਜਨੀਤੀ’ ਦੇ ਗੱਠਜੋੜ ਨਾਲ਼ ਮਨੁੱਖਤਾ ਦੀ ਹੋਈ ਤਬਾਹੀ ਤੋਂ ਸਬਕ ਲੈਂਦਿਆਂ, ਦੁਨੀਆਂ ਵਿਚ ਅੱਜ ਧਰਮ ਨਿਰਪੱਖ, ਲੋਕਤੰਤਰੀ ਰਾਜ ਸਰਬ-ਪ੍ਰਵਾਨਤ ਹਨ। ਪਰ ਸਾਡੀ ਦੇਸ਼-ਵਿਦੇਸ਼ ਵਿਚਲੀ ਸਿੱਖ ਲੀਡਰਸ਼ਿਪ ਆਪ ਤਾਂ ਕੋਈ ਫੈਸਲਾ ਕਰਨ ਦੇ ਸਮਰੱਥ ਨਹੀਂ, ਪਰ ਦੁਨੀਆਂ ਦੇ ਤਜਰਬੇ ਤੋਂ ਲਾਭ ਉਠਾ ਕੇ ਧਰਮ ਅਤੇ ਰਾਜਨੀਤੀ ਨੂੰ ਵੱਖ ਕਰਨ ਦੀ ਥਾਂ ‘ਰਾਜਨੀਤੀ’ ਨੂੰ ‘ਧਰਮ’ ਵਿਚ ਬੜੇ ਜ਼ੋਰ-ਸ਼ੋਰ ਨਾਲ਼ ਵਾੜ ਰਹੀ ਹੈ। ਬੇਸ਼ੱਕ ਸਿੱਖ ਸਮਾਜ ਵਿਚ ਵੀ ਪਿਛਲੇ 100 ਸਾਲ ਦੇ ਧਰਮ ਤੇ ਰਾਜਨੀਤੀ ਦੇ ਸੁਮੇਲ ਨਾਲ਼ ਨਤੀਜੇ ਸਭ ਦੇ ਸਾਹਮਣੇ ਹਨ, ਪਰ ਫਿਰ ਵੀ ਸਾਡੀ ਦੇਸ਼-ਵਿਦੇਸ਼ ਦੀ ਧਾਰਮਿਕ ਤੇ ਸਿਆਸੀ ਲੀਡਰਸ਼ਿਪ ਆਪਣੇ ਸੌੜੇ ਹਿੱਤਾਂ ਲਈ ਧਰਮ ਦੀ, ਰਾਜਨੀਤੀ ਲਈ ਦੁਰਵਰਤੋਂ ਨੂੰ ਜਾਇਜ਼ ਦੱਸ ਰਹੀ ਹੈ।
‘‘ਸਿੱਖ ਸਮਾਜ ਵਿਚ ਪ੍ਰਚੱਲਤ ਵਿਚਾਰ ਅਨੁਸਾਰ ਸਿੱਖ ਧਰਮ ਵਿਚ ‘ਧਰਮ ਤੇ ਰਾਜਨੀਤੀ’ ਦਾ ਗੱਠਜੋੜ ਹੈ, ਜਿਸ ਅਨੁਸਾਰ ਰਾਜਨੀਤੀ, ਧਰਮ ਦੇ ਕੁੰਡੇ ਹੇਠ ਚੱਲਦੀ ਹੈ। ਪਰ ਹਕੀਕਤ ਵਿਚ ‘ਸ਼੍ਰੋਮਣੀ ਅਕਾਲ ਦਲ’ ਅਤੇ ‘ਸ਼੍ਰੋਮਣੀ ਕਮੇਟੀ’ ਦੀ ਲੀਡਰਸ਼ਿਪ ਨੇ ਪੰਜਾਬ ਵਿਚ ਮਿਲੀ ਸੱਤਾ ਦੌਰਾਨ ਇਹ ਸਿਧਾਂਤ ਉਲਟਾ ਕੇ ਧਾਰਮਿਕ ਸਿੱਖ ਸੰਸਥਾਵਾਂ ਵਿਚ ਬਹੁਤ ਬੁਰ੍ਹੀ ਤਰ੍ਹਾਂ ਦੀ ਕੁਰੱਪਟ ਸਿਆਸਤ ਵਾੜ ਦਿੱਤੀ ਹੈ। ਅਕਾਲੀ ਲੀਡਰਸ਼ਿਪ ਦੀ ਸੌੜੀ ਸਿਆਸਤ ਨੇ ਸਿਰਫ਼ ਸਿੱਖ ਸੰਸਥਾਵਾਂ ਹੀ ਨਹੀਂ, ਸਗੋਂ ਸਿੱਖ ਧਰਮ `ਤੇ ਵੀ ਸਵਾਲੀਆ ਚਿੰਨ੍ਹ ਲਗਾ ਦਿੱਤੇ ਹਨ।’’ (ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਵਾਈਸ ਚਾਂਸਲਰ ਤੇ ਅਰਥ ਸ਼ਾਸਤਰੀ, ਸਰਦਾਰਾ ਸਿੰਘ ਜੌਹਲ਼ ਦੇ 1999 ਵਿਚ ਖਾਲਸਾ ਸਾਜਨਾ ਦਿਵਸ ਦੀ 300ਵੀਂ ਸ਼ਤਾਬਦੀ ਮੌਕੇ ਬਾਦਲ-ਟੌਹੜਾ ਦੀ ਰਾਜਸੀ ਸਰਦਾਰੀ ਲਈ ਚੱਲਦੀ ਕਾਟੋ-ਕਲੇਸ਼ ਦੌਰਾਨ ਇੱਕ ਲੇਖ ‘ਸਿੱਖ ਧਰਮ, ਸਿਆਸਤ ਅਤੇ ਅਕਾਲ ਤਖਤ’ ਵਿਚੋਂ ਕੁਝ ਲਾਈਨਾਂ)। ਯਾਦ ਰਹੇ ਕਿ ਉਸ ਵਕਤ ਜਥੇਦਰ ਟੌਹੜਾ ਨੇ ਬਾਦਲ ਨੂੰ ਢਾਹੁਣ ਲਈ ਅਕਾਲ ਤਖ਼ਤ ਦੇ ਜਥੇਦਾਰਾਂ ਪ੍ਰੋ. ਮਨਜੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਰਾਹੀਂ ਅਕਾਲ ਤਖ਼ਤ ਦੀ ਭਰਪੂਰ ਦੁਰਵਰਤੋਂ ਕੀਤੀ ਸੀ। ਪਰ ਉਹ ਕਾਮਯਾਬ ਨਹੀਂ ਹੋ ਸਕਿਆ ਸੀ। ਇਸ ਤੋਂ ਬਾਅਦ ਬਾਦਲ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ `ਤੇ ਅਜਿਹਾ ਕਬਜ਼ਾ ਕੀਤਾ ਕਿ ਅੱਜ ਤੱਕ ਕੋਈ ਛੁਡਵਾ ਨਹੀਂ ਸਕਿਆ।
‘‘ਇਸ ਬਾਰੇ ਸਭ ਤੋਂ ਪਹਿਲਾਂ (ਸਿੱਖੀ ਦੇ ਆਗਮਨ ਤੋਂ ਹਜ਼ਾਰ ਸਾਲ ਪਹਿਲਾਂ) ਪੋਪ ਗੇਲਾਸੀਅਸ ਪਹਿਲੇ (ਘੲਲਅਸiੁਸ 1) ਨੇ 494 ਈਸਵੀ ਵਿਚ ਬਾਦਸ਼ਾਹ ਐਨਸਤੇਸੀਅਸ (ਖਨਿਗ ਅਨਅਸਟੲਸiੁਸ) ਨੂੰ ਲਿਖੇ ਇੱਕ ਪੱਤਰ ਵਿਚ ‘ਧਰਮ ਤੇ ਰਾਜਨੀਤੀ’ ਬਾਰੇ ਸਿਧਾਂਤਕ ਵਿਚਾਰ ਪੇਸ਼ ਕੀਤਾ ਸੀ। ਗੇਲਾਸੀਅਸ ਲਿਖਦਾ ਹੈ, ‘ਦੋ ਸ਼ਕਤੀਆਂ ਹਨ, ਜੋ ਵਿਸ਼ਵ ‘ਤੇ ਰਾਜ ਕਰਦੀਆਂ ਹਨ: ਪੁਜਾਰੀਆਂ (ਫਰੲਸਿਟਸ) ਦੀ ਪਵਿੱਤਰ ਪ੍ਰਭੂ ਸੱਤਾ ਅਤੇ ਰਾਜ ਕੁਮਾਰਾਂ ਦੀ ਪ੍ਰਬੰਧਕੀ ਰਾਜ ਸ਼ਕਤੀ। ਇਹ ਦੋਨੋਂ ਹੀ, ਪ੍ਰਭੂ ਵਲੋਂ ਦੋਨਾਂ (ਬਾਦਸ਼ਾਹ ਤੇ ਪੁਜਾਰੀ) ਨੂੰ ਬਖਸ਼ੀਆਂ ਹੋਈਆਂ ਹਨ।’’ ਇਸਨੂੰ ਪੋਪ ਗੇਲਾਸੀਅਸ ਦਾ ਸਿਧਾਂਤ ਵੀ ਕਿਹਾ ਜਾਂਦਾ ਹੈ। ਜਿਸਨੂੰ 1302 ਈਸਵੀ ਵਿਚ ਪੋਪ ਬੋਨੀਫੇਸ ਅੱਠਵੇਂ ਨੇ ‘ਦੋ ਤਲਵਾਰਾਂ’ ਦੇ ਸਿਧਾਂਤ ਦੇ ਰੂਪ ਵਿਚ ਪੇਸ਼ ਕੀਤਾ ਸੀ, ਜਿਸ ਅਨੁਸਾਰ ਸੰਸਾਰ ਵਿਚ ਦੋ ਮੁੱਖ ਸ਼ਕਤੀਆਂ ਹਨ, ‘ਇੱਕ ਚਰਚ’ (ਧਰਮ ਦੀ ਤਲਵਾਰ) ਅਤੇ ‘ਦੂਜੀ ਸਟੇਟ’ (ਰਾਜਨੀਤੀ ਦੀ ਤਲਵਾਰ), ਦੋਨੋਂ ਰਲ਼ ਕੇ ਚੱਲਦੀਆਂ ਹਨ, ਪਰ ‘ਧਰਮ ਦੀ ਤਲਵਾਰ’, ‘ਰਾਜ ਦੀ ਤਲਵਾਰ’ ਤੋਂ ਉਪਰ ਹੈ। (ਸਾਡੇ ਵਿਚ ਵੀ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਦੀ ਗੱਲ ਚੱਲਦੀ ਹੈ, ਭਾਵ ਇੱਕ ਰਾਜਨੀਤੀ ਤੇ ਧਰਮ ਦੀ ਤਲਵਾਰ)। ਪਰ ਇਸਾਈਅਤ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ‘ਪੁਜਾਰੀ’ (ਧਰਮ) ਹਮੇਸ਼ਾਂ ‘ਬਾਦਸ਼ਾਹ’ ਦੇ ਅਧੀਨ ਹੀ ਰਿਹਾ ਹੈ। ਜਿਸ ਅਧੀਨ ਇਸਾਈਅਤ ਦੇ ਨਾਮ ‘ਤੇ ਬਾਦਸ਼ਾਹਾਂ ਨੇ ਸਾਰੀ ਦੁਨੀਆਂ ਵਿਚ ਆਪਣੇ ਨਿੱਜੀ ਰਾਜ ਸਥਾਪਿਤ ਕੀਤੇ।’’ (ਕੈਨੇਡਾ ਰਹਿੰਦੇ ਲੇਖਕ ਸ. ਹਾਕਮ ਸਿੰਘ ਨੇ ਸਰਦਾਰਾ ਸਿੰਘ ਜੌਹਲ਼ ਦੇ ਉਪਰਲੇ ਲੇਖ ਦੇ ਜਵਾਬ ਵਿਚ ‘ਪੰਜਾਬ ਟਾਈਮਜ਼’ ਅਖ਼ਬਾਰ ਦੇ ਫਰਵਰੀ 23, 2019 ਨੂੰ ਛਪੇ ਇੱਕ ਲੇਖ ‘ਸਿੱਖ ਧਰਮ ਅਤੇ ਸਿਅਸਾਤ’ ਰਾਹੀਂ ਜਵਾਬ ਦਿੱਤਾ ਸੀ, ਜਿਸ ਵਿਚੋਂ ਇਹ ਕੁਝ ਲਾਈਨਾਂ ਹਨ)।
”ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚ ਭ੍ਰਿਸ਼ਟਾਚਾਰ ਦਾ ਪਹਿਲਾ ਮੁੱਖ ਕਾਰਨ ਗੁਰਦੁਆਰਾ ਐਕਟ ਵਿਚ ਗੁਰਦੁਆਰੇ ਨੂੰ ਜਾਇਦਾਦ ਬਣਾਉਣ ਕਰਕੇ ਹੈ। ਦੂਜਾ ਸ਼੍ਰੋਮਣੀ ਕਮੇਟੀ ਦਾ ਅਕਾਲੀ ਦਲ ਵਲੋਂ ਸਿਆਸੀਕਰਨ ਕਰਨਾ, ਭਾਵ ਸਿੱਖਾਂ ਦੀ ਸੰਗਠਿਤ ਸ਼ਕਤੀ ਨੂੰ ਅਕਾਲੀ ਦਲ ਵਲੋਂ ਆਪਣੇ ਰਾਜਨੀਤਕ ਹਿੱਤਾਂ ਲਈ ਵਰਤਣਾ। ਤੀਜਾ ਇਸਦੇ ਮਾਇਕ ਵਸੀਲਿਆਂ ਸਮੇਤ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ, ਮੁਲਾਜ਼ਮਾਂ, ਜਥੇਦਾਰਾਂ ਆਦਿ ਨੂੰ ਆਪਣੀ ਵੋਟ ਸਿਆਸਤ ਲਈ ਵਰਤਣਾ। ਚੌਥਾ ਗੁਰਦੁਆਰਾ ਸਟੇਜਾਂ ਨੂੰ ਪੰਥਕ ਕਾਨਫਰੰਸਾਂ ਦਾ ਨਾਮ ਦੇ ਕੇ ਸਿਆਸੀ ਲਾਹੇ ਲੈਣ ਲਈ ਵਰਤਣਾ। ਪੰਜਵਾਂ ਅਕਾਲੀ ਦਲ ਵਲੋਂ ਸ਼੍ਰੋਮਣੀ ਕਮੇਟੀ ਦੇ ਫੰਡ ਵਰਤ ਕੇ ਆਪਣੇ ਸਿਆਸੀ ਲਾਭਾਂ ਲਈ ਖਾਲਸਾ ਮਾਰਚਾਂ, ਸ਼ਤਾਬਦੀਆਂ, ਨਗਰ ਕੀਰਤਨਾਂ ਨੂੰ ਵਰਤਣਾ।” (ਸਿੱਖ ਵਿਵਾਨ ਤੇ ਲੇਖਕ ਡਾ. ਜਸਬੀਰ ਸਿੰਘ ਆਹਲੂਵਾਲੀਆ ਨੇ ਇੱਕ ਲੇਖ: ‘ਦੂਸਰੀ ਸਿੱਖ ਜਾਗ੍ਰਿਤੀ ਲਹਿਰ ਦੀ ਲੋੜ’ ਵੀ 1999 ਦੀ ਖਾਲਸਾ ਸ਼ਤਾਬਦੀ ਮੌਕੇ ਹੀ ਲਿਖਿਆ ਸੀ, ਜਿਸ ਵਿਚੋਂ ਉਪਰਲੀਆਂ ਕੁਝ ਲਾਈਨਾਂ ਲਈਆਂ ਗਈਆਂ ਹਨ।)
ਮਾਡਰਨ ਵਰਲਡ ਦੇ ਲੋਕਤੰਤਰੀ ਸਿਸਟਮ ਵਿਚ ਹਰੇਕ ਵਿਅਕਤੀ, ਸੰਸਥਾ ਜਾਂ ਕਮਿਊਨਿਟੀ ਨੂੰ ਆਪਣੀ ਗੱਲ ਆਪਣੇ ਢੰਗ ਨਾਲ਼ ਕਰਨ ਦਾ ਕਾਨੂੰਨੀ ਤੌਰ `ਤੇ ਪੂਰਨ ਅਧਿਕਾਰ ਹੈ। ਪਰ ਕੀ ਅਸੀਂ ਅਜਿਹੀਆਂ ਘਟਨਾਵਾਂ ਮੌਕੇ ਚੁੱਪ ਰਹਿ ਕੇ, ਆਪਣੀ ਮਨਮਾਨੀ ਕਰਨ ਦੇ ਸਾਰੇ ਅਧਿਕਾਰ ਕੁਝ ਲੋਕਾਂ ਨੂੰ ਹੀ ਨਹੀਂ ਦੇ ਰਹੇ? ਕੀ ਸਾਡਾ ਸਮਾਜ ਭੀੜਤੰਤਰ ਵੱਲ ਨਹੀਂ ਵਧ ਰਿਹਾ, ਜਿੱਥੇ ਸੋਚ-ਵਿਚਾਰ, ਸੰਵਾਦ ਨੂੰ ਕੋਈ ਥਾਂ ਨਹੀਂ ਹੋਵੇਗੀ? ਅੱਜ ਸਿੱਖ ਸਮਾਜ ਵੱਡੇ ਪੱਧਰ `ਤੇ ਬੌਧਿਕ ਕੰਗਾਲੀ ਹੰਢਾਅ ਰਿਹਾ ਹੈ? ਆਮ ਲੋਕਾਂ ਦੀ ਗੱਲ ਤਾਂ ਹੁਣ ਬਹੁਤ ਦੂਰ ਲੰਘ ਚੁੱਕੀ ਹੈ, ਚੰਗੇ ਸੂਝਵਾਨ, ਪੜ੍ਹੇ-ਲਿਖੇ, ਸੰਜੀਦਾ ਅਤੇ ਲੋਕ ਸਰੋਕਾਰਾਂ ਨੂੰ ਸਮਰਪਿਤ ਵਿਅਕਤੀ ਵੀ ਆਪਣੇ ਦਿਲ ਦੀ ਗੱਲ ਪਬਲੀਕਲੀ ਕਰਨ ਤੋਂ ਡਰਦੇ ਹਨ ਜਾਂ ਕੰਨੀ ਕਤਰਾਉਂਦੇ ਹਨ?
ਸਿੱਖ ਪੰਥ ਲਈ ਦੇਸ਼-ਵਿਦੇਸ਼ ਵਿਚ ਇਹ ਮਸਲਾ, ਵਿਰਾਟ ਰੂਪ ਧਾਰ ਚੁੱਕਾ ਹੈ ਕਿ ਧਰਮ ਨੂੰ ਰਾਜਨੀਤੀ ਲਈ ਵਰਤਣਾ ਕਿਤਨਾ ਕੁ ਜਾਇਜ਼ ਮੰਨਿਆ ਜਾ ਸਕਦਾ ਹੈ? ਕੀ 17ਵੀਂ-18ਵੀਂ ਸਦੀ ਦੇ ਇਤਿਹਾਸਕ ਫੈਸਲਿਆਂ ਨੂੰ 21ਵੀਂ ਸਦੀ ਵਿਚ ਉਵੇਂ ਹੀ ਲਾਗੂ ਕੀਤਾ ਜਾ ਸਕਦਾ ਹੈ ਜਾਂ ਕੀਤਾ ਜਾਣਾ ਚਾਹੀਦਾ ਹੈ? ਕੀ ਗੁਰਦੁਆਰੇ ਦੇ ਸਰਬ ਸਾਂਝੇ ਧਾਰਮਿਕ ਪਲੈਟਫਾਰਮ ਨੂੰ ਵੋਟ ਰਾਜਨੀਤੀ ਲਈ ਵਰਤਣਾ ਸਿੱਖ ਪੰਥ ਦੇ ਵਡੇਰੇ ਹਿੱਤਾਂ ਵਿਚ ਹੋ ਸਕਦਾ ਹੈ? ਇਸ `ਤੇ ਪੰਥ ਵਿਚ ਸੰਜੀਦਾ ਵਿਚਾਰ ਕਦੋਂ ਸ਼ੁਰੂ ਹੋਵੇਗੀ? ਆਮ ਸੰਗਤ ਨਗਰ ਕੀਰਤਨ ਨੂੰ ਧਾਰਮਿਕ ਘੱਟ ਤੇ ਮੇਲੇ ਵਾਂਗ ਵੱਧ ਲੈਂਦੀ ਹੈ, ਉਨ੍ਹਾਂ ਦਾ ਧਿਆਨ ਖਾਣ-ਪੀਣ, ਆਪਣੇ ਜਾਣਕਾਰਾਂ ਨੂੰ ਮਿਲਣ-ਗਿਲਣ ਵੱਲ ਵੱਧ ਹੁੰਦਾ ਹੈ। ਆਮ ਬਿਜ਼ਨਸਮੈਨਾਂ ਅਤੇ ਸਿਆਸੀ ਲੀਡਰਾਂ ਨੂੰ ਵੀ ਇਸ ਵੱਡੇ ਇਕੱਠ ਵਿਚ ਆਪਣੀ ਪ੍ਰਮੋਸ਼ਨ ਕਰਨ ਦਾ ਮੌਕਾ ਮਿਲਦਾ ਹੈ। ਫਿਰ ਕਿਉਂ ਨਾ ਸੜਕਾਂ ਰੋਕ ਕੇ, ਵੱਡੀ ਗਿਣਤੀ ਵਿਚ ਪੁਲਿਸ ਪ੍ਰਸ਼ਾਸਨ ਨੂੰ ਸਕਿਉਰਿਟੀ ਅਤੇ ਟਰੈਫਿਕ ਕੰਟਰੋਲ ਲਈ ਲੱਖਾਂ ਡਾਲਰ ਦੇਣ ਨਾਲ਼ੋਂ ਲੋਕਾਂ ਦੀ ਮਾਨਸਿਕਤਾ ਅਨੁਸਾਰ ਇਸਨੂੰ ਕਿਸੇ ਪਾਰਕ ਜਾਂ ਗਰਾਊਂਡ ਵਿਚ ਮੇਲੇ ਦਾ ਰੂਪ ਦੇ ਦਿੱਤਾ ਜਾਵੇ? ਜਿੱਥੇ ਲੋਕ ਖਾਣ-ਪੀਣ, ਬਿਜ਼ਨਸ ਵਾਲ਼ੇ ਆਪਣੀ ਪ੍ਰਮੋਸ਼ਨ ਕਰਨ, ਦੋ ਵੱਖਰੀਆਂ ਧਾਰਮਿਕ ਤੇ ਰਾਜਸੀ ਸਟੇਜਾਂ ਲਗਾ ਦਿੱਤੀਆਂ ਜਾਣ। ਜਿੱਥੇ ਲੋਕ ਆਪਣੀ ਸੋਚ ਅਨੁਸਾਰ ਮੇਲੇ ਦਾ ਆਨੰਦ ਮਾਨਣ। ਜਿਸ ਤਰ੍ਹਾਂ ਪੰਜਾਬ ਵਿਚ ਵਿਸਾਖੀ ਮੇਲਿਆਂ ‘ਤੇ ਧਾਰਮਿਕ, ਸਮਾਜਿਕ, ਰਾਜਸੀ ਅਤੇ ਸਭਿਆਚਾਰਕ ਸਟੇਜਾਂ ਹੁੰਦੀਆਂ ਹਨ, ਇੱਥੇ ਵੀ ਇਵੇਂ ਹੀ ਕੀਤਾ ਜਾ ਸਕਦਾ ਹੈ। ਜਿਸ ਨਾਲ਼ ਆਮ ਲੋਕਾਂ ਦੀ ਸੜਕਾਂ ਰੋਕਣ ਨਾਲ਼ ਹੁੰਦੀ ਪ੍ਰੇਸ਼ਾਨੀ ਤੋਂ ਵੀ ਬਚਿਆ ਜਾ ਸਕਦਾ ਹੈ ਅਤੇ ਖਰਚਾ ਵੀ ਕਾਫੀ ਘਟ ਸਕਦਾ ਹੈ। ਪਰ ਹੋਵੇਗਾ ਤਾਂ ਹੀ ਜੇ ਗੁਰਦੁਆਰਿਆਂ ਦੇ ਪ੍ਰਬੰਧਕ ਲੋਕ-ਹਿੱਤ ਵਿਚ ਸੋਚਣ ਅਤੇ ਦ੍ਰਿੜ੍ਹਤਾ ਨਾਲ਼ ਫੈਸਲੇ ਲੈਣ ਦੇ ਸਮਰੱਥ ਹੋਣ। ਪਰ ਊਠ ਦੇ ਗਲ਼ ਟੱਲੀ ਬੰਨ੍ਹਣ ਤੋਂ ਹਰ ਕੋਈ ਡਰਦਾ ਹੈ, ਜਦਕਿ ਤਬਦੀਲੀ ਹਰ ਕੋਈ ਚਾਹੁੰਦਾ ਹੈ। ਮੇਰੀ ਬਜ਼ੁਰਗਾਂ ਦੀਆਂ ਸੁਸਾਇਟੀਆਂ ਦੇ ਕਈ ਮੈਂਬਰਾਂ ਨਾਲ਼ ਗੱਲ ਹੋਈ, ਸਭ ਦੀ ਅਜਿਹੀ ਹੀ ਰਾਏ ਹੈ। ਮੇਰੀ ਸਮਝ ਅਨੁਸਾਰ ਸਭ ਜਗ੍ਹਾ ਸੰਗਤ ਨੇ ਆਪਣਾ ਫੈਸਲਾ ਸਪੱਸ਼ਟ ਰੂਪ ਵਿਚ ਦੇ ਦਿੱਤਾ ਹੈ ਕਿ ਬਹੁ-ਗਿਣਤੀ ਸੰਗਤ ਨੂੰ ਸੜਕਾਂ `ਤੇ ਤੁਰਨ ਵਿਚ ਕੋਈ ਦਿਲਚਸਪੀ ਨਹੀਂ, ਸਭ ਨੂੰ ਸਿੱਧਾ ਪਾਰਕ ਵਿਚ ਜਾਣਾ ਹੀ ਠੀਕ ਲੱਗ ਰਿਹਾ ਹੈ। ਕੀ ਪ੍ਰਬੰਧਕ ਸੰਗਤ ਦੀ ਇੱਛਾ ਅਨੁਸਾਰ ਫੈਸਲਾ ਕਰ ਸਕਣਗੇ ਜਾਂ ਕੁਝ ਲੋਕਾਂ ਦੇ ਰਾਜਸੀ ਹਿੱਤਾਂ ਦੀ ਹੀ ਪੂਰਤੀ ਕਰਦੇ ਰਹਿਣਗੇ?
‘‘ਸਿੱਖ ਫਲਸਫੇ ਵਿਚੋਂ ਪੈਦਾ ਹੋ ਰਹੇ ਨਿਆਂਇਕ ਅਤੇ ਸਰਬੱਤ ਦੇ ਭਲੇ ਦੇ ਸਿਧਾਂਤ ਆਧਾਰਿਤ, ਜਿਸ ਸਿੱਖ ਰਾਜਨੀਤੀ ਦੀ ਮਾਸਟਰ ਤਾਰਾ ਸਿੰਘ ਸਮੇਤ ਸਿੱਖ ਲੀਡਰਸ਼ਿਪ ਕਲਪਨਾ ਕਰਦੀ ਹੈ, ਅਜਿਹੀ ਰਾਜਨੀਤੀ ਇਤਿਹਾਸ ਵਿਚ ਨਾ ਕਦੇ ਸੀ ਤੇ ਨਾ ਹੀ ਹੋਵੇਗੀ। ਅਜਿਹੀ ਰਾਜਨੀਤੀ ਕਿਸੇ ਸਮੇਂ ਦੇ ਹਾਲਾਤਾਂ ਅਨੁਸਾਰ ਹੁੰਦੀ ਹੈ ਅਤੇ ਸਮਾਂ ਪਾ ਕੇ ਖਤਮ ਹੋ ਜਾਂਦੀ ਹੈ। ਇਸਦਾ ਧਰਮ ਦੇ ਕਿਸੇ ਬੁਨਿਆਦੀ ਸਦੀਵਕਾਲੀ ਸਿਧਾਂਤ ਨਾਲ਼ ਕੋਈ ਸਬੰਧ ਨਹੀਂ, ਜਿਸ ਤਰ੍ਹਾਂ ਸਿੱਖ ਲੀਡਰਸ਼ਿਪ ਸੋਚਦੀ ਹੈ…। ‘ਸਰਬੱਤ ਦਾ ਭਲਾ’ ਰਾਜਸੀ ਤਾਕਤ ਨਾਲ਼ ਨਹੀਂ ਹੁੰਦਾ, ਉਦੋਂ ਹੁੰਦਾ ਹੈ, ਜਦੋਂ ਸਮਾਜਵਾਦੀ ਨਿਜ਼ਾਮ ਨਾਲ਼, ਸਮਾਜ, ਵਰਗ ਰਹਿਤ ਹੋ ਜਾਂਦਾ ਹੈ…। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ, ਸਿੱਖਾਂ ਦੀ ਮੱਧ ਵਰਗ ਸ਼੍ਰੇਣੀ ਦੀ ਗੁਰਦੁਆਰਾ ਸੁਧਾਰ ਮੂਵਮੈਂਟ ਨਾਲ਼ ਬਣੇ ਸਨ। ਜਲਦੀ ਹੀ ਇਸ ਉਪਰ ਜਗੀਰਦਾਰੀ ਵਰਗ ਕਾਬਿਜ ਹੋ ਗਿਆ। ਹੁਣ ਇਸਦੇ ਸੰਘਰਸ਼, ਹਾਰੀ ਟੁੱਟੀ ਜਗੀਰਦਾਰੀ ਦੀ ਸਿਆਸਤ ਹੈ। ਹੁਣ ਇਸਨੂੰ ਜੋ ਮਰਜੀ ਨਾਮ (ਸਿੱਖ ਪੰਥ, ਸਿੱਖ ਕੌਮ, ਸਰਬੱਤ ਦਾ ਭਲਾ ਆਦਿ) ਦੇ ਲਉ, ਇਸਦੀ ਸਿਅਸਾਤ ਉਨ੍ਹਾਂ ਦੀ ਹੋਵੇਗੀ, ਜਿਨ੍ਹਾਂ ਦਾ ਇਨ੍ਹਾਂ ਸੰਸਥਾਵਾਂ ‘ਤੇ ਕਬਜਾ ਹੋਵੇਗਾ। ਸਮੇ-ਸਮੇਂ ਇਸਦੇ ਆਦਰਸ਼ ਇਹ ਰਹੇ ਹਨ: ਗੁਰਦੁਆਰਿਆਂ ਦੀ ਅਜ਼ਾਦੀ, ਸਿੱਖ ਹੱਕਾਂ ਦੀ ਰਾਖੀ, ਆਜ਼ਾਦ ਪੰਜਾਬ, ਸਿੱਖ ਸਟੇਟ, ਸਿੱਖਾਂ ਲਈ ਵੱਖਰਾ ਖਿੱਤਾ, ਖਾਲਿਸਤਾਨ, ਸਿੱਖ ਸੂਬਾ, ਅਜ਼ਾਦ ਸਿੱਖ ਰਾਜ, ਮੁਕੰਮਲ ਅਜ਼ਾਦੀ, ਪੰਜਾਬੀ ਸੂਬਾ ਆਦਿ। ਹੁਣ ਜੇ ਸਰਬੱਤ ਦੇ ਭਲੇ ਦਾ ਆਦਰਸ਼ ਰੱਖ ਕੇ ਵੀ ਪੰਥ ਨੂੰ ਕੋਈ ਪ੍ਰੋਗਰਾਮ ਦੇ ਲਿਆ ਜਾਵੇ, ਇਸਦਾ ਖਾਸਾ ਨਹੀਂ ਬਦਲੇਗਾ ਕਿਉਂਕਿ ਇਸਨੂੰ ਚਲਾਉਣ ਵਾਲ਼ੀ ਸ਼ਕਤੀ ਜਗੀਰਦਾਰੀ (ਸਰਮਾਏਦਾਰੀ) ਹੈ। ਇਸਦਾ ਮੁੱਖ ਕੰਮ ਸਿੱਖਾਂ ਵਿਚਲੀ ਹੇਠਲੀ ਮਿਹਨਤਕਸ਼ ਅਤੇ ਮੱਧ ਵਰਗੀ ਜਮਾਤ ਨੂੰ ਸਿੱਖੀ ਜਾਂ ਪੰਥ ਦੇ ਨਾਮ ‘ਤੇ ਗੁੰਮਰਾਹ ਕਰਕੇ ਜਮਾਤੀ ਜਥੇਬੰਦੀਆਂ ਅਤੇ ਜਨਤਕ ਘੋਲ਼ਾਂ ਤੋਂ ਦੂਰ ਰੱਖਣਾ ਹੈ। ਜੇ ਤੁਸੀਂ ਸਿੱਖਾਂ ਜਾਂ ਸਿੱਖੀ ਦੇ ਹਿੱਤ ਵਿਚ ਹੋ ਤਾਂ ਇਹ ਭੁਲੇਖਾ ਕੱਢ ਦੇਵੋ ਕਿ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ, ਸਿੱਖਾਂ ਦਾ ਕਦੇ ਕੋਈ ਭਲਾ ਕਰੇਗੀ। ਇਸਦੇ ਸਾਰੇ ਨਾਅਰੇ, ਮੋਰਚੇ, ਪ੍ਰੋਗਰਾਮ, ਉਨ੍ਹਾਂ ਲਈ ਹੀ ਹੁੰਦੇ ਹਨ, ਜਿਨ੍ਹਾਂ ਜਗੀਰੂ ਤਾਕਤਾਂ ਦੀ ਇਹ ਨੁਮਾਇੰਦਗੀ ਕਰਦੇ ਹਨ। ’’ (ਉਘੇ ਸਿੱਖ ਵਿਦਵਾਨ ਗਿਆਨੀ ਹੀਰਾ ਸਿੰਘ ਦਰਦ ਦੀ 1949 ਵਿਚ ਛਪੀ ਕਿਤਾਬ ‘ਪੰਥ, ਧਰਮ ਤੇ ਰਾਜਨੀਤੀ’ ਦੇ ਲੇਖ ‘ਜੇ ਸ਼੍ਰੋਮਣੀ ਅਕਾਲੀ ਦਲ ਆਪਣਾ ਪ੍ਰੋਗਰਾਮ ਸਮਾਜਵਾਦੀ ਵੀ ਬਣਾ ਲਵੇ?’ ਵਿਚੋਂ ਕੁਝ ਲਾਈਨਾਂ)
‘‘1947 ਤੋਂ ਬਾਅਦ ਸਿੱਖ ਲੀਡਰਸ਼ਿਪ ਕੋਲ਼ ਪੰਜਾਬ ਵਿਚ ਆਪਣੀ ਚੌਧਰ ਸਥਾਪਿਤ ਕਰਨ ਲਈ ਦੋ ਬਦਲ ਮੌਜੂਦ ਸਨ। ਇੱਕ ਪ੍ਰੋ ਪੂਰਨ ਸਿੰਘ ਵਲੋਂ ਸੁਝਾਇਆ, ਸਿੱਖ ਸਿਧਾਂਤਾਂ ਅਧਾਰਿਤ, ਸਿੱਖ ਸਪਿਰਟ ਵਾਲ਼ਾ ਬਹੁ-ਭਾਸ਼ਾਈ, ਬਹੁ-ਕੌਮੀ, ਬਹੁ-ਜਾਤੀ, ਬਹੁ-ਧਰਮੀ, ਬਹੁ-ਸਭਿਆਚਾਰੀ, ‘ਗੁਰਾਂ ਦੇ ਨਾਮ ‘ਤੇ ਵਸਦਾ ਪੰਜਾਬ’ ਅਤੇ ਦੂਜਾ ਸੀ, ਸਿੱਖ ਬਹੁ-ਗਿਣਤੀ ਵਾਲ਼ੇ ਖਿੱਤੇ ਦੀ ਸਥਾਪਨਾ, ਜਿੱਥੇ ਜਗੀਰੂ ਸਿੱਖ ਲੀਡਰਸ਼ਿਪ ਰਾਜ ਕਰ ਸਕਦੀ। ਸਿੱਖ ਲੀਡਰਸ਼ਿਪ ਨੇ ‘ਸਿੱਖ ਸਪਿਰਟ’ ਦੀ ਥਾਂ ‘ਸਿੱਖ ਬਹੁ-ਗਿਣਤੀ’ ਵਾਲ਼ੇ ਖਿੱਤੇ `ਤੇ ਰਾਜ ਦਾ ਰਾਹ ਚੁਣਿਆ…। ਕੀ 50-55 ਸਾਲ ਬਾਅਦ ਸਿੱਖਾਂ ਦੀ ਚੌਧਰ ਵਾਲ਼ੇ ‘ਪੰਜਾਬੀ ਸੂਬੇ’ ਨੂੰ ‘ਗੁਰਾਂ ਦੇ ਨਾਮ `ਤੇ ਵਸਦਾ ਪੰਜਾਬ’ ਕਿਹਾ ਜਾ ਸਕਦਾ ਹੈ…? ਬੇਸ਼ਕ ‘ਖਾਲਸਾ ਰਾਜ’ ਦੇ ਮੁੱਦਈ ਸਿੱਖ ਵਿਦਵਾਨ ਵੀ ਹੁਣ ਪ੍ਰੋ ਪੂਰਨ ਸਿੰਘ ਦੀਆਂ ਲਾਈਨਾਂ ‘ਪੰਜਾਬ ਵਸਦਾ ਗੁਰਾਂ ਦੇ ਨਾਮ..’ ਨੂੰ ਤਾਂ ਵਰਤ ਰਹੇ ਹਨ, ਪਰ ਕੀ ਉਨ੍ਹਾਂ ਵਲੋਂ ਸਿਰਜਿਆ ਜਾਣ ਵਾਲਾ ‘ਖਾਲਸਾ ਰਾਜ’ ਪ੍ਰੋ ਪੂਰਨ ਸਿੰਘ ਦੇ ਸੁਪਨਿਆਂ ਵਾਲ਼ੇ ਪੰਜਾਬ ਵਰਗਾ ‘ਬਹੁ-ਭਾਸ਼ਾਈ, ਬਹੁ-ਧਰਮੀ’ ਹੋਵੇਗਾ? ਅਕਾਲੀਆਂ ਤੇ ਖਾਲਿਸਤਾਨੀਆਂ ਦੇ ਸਿੱਖ ਬਹੁ-ਗਿਣਤੀ ਦੇ ਚੌਧਰ ਵਾਲ਼ਾ ਪੰਜਾਬ, ਨਾ ਪ੍ਰੋ ਪੂਰਨ ਸਿੰਘ ਦੇ ਸੁਪਨਿਆਂ ਦਾ ਅਤੇ ਨਾ ਹੀ ਗੁਰੂਆਂ ਦੇ ਆਸ਼ੇ ਵਾਲ਼ਾ ਪੰਜਾਬ ਹੋਵੇਗਾ…। ਪ੍ਰੋ ਪੂਰਨ ਸਿੰਘ ਜਾਣਦੇ ਸਨ ਕਿ ਪੰਜਾਬ ਦੇ ਨਿਰਮਤ ਹੋ ਰਹੇ ਅਧੁਨਿਕਵਾਦੀ ਸਮਾਜ ਵਿਚ ਘੱਟ-ਗਿਣਤੀ ਸਿੱਖ ਭਾਈਚਾਰੇ ਦੀ ਚੌਧਰ, ਉਦੋਂ ਤੱਕ ਸਥਾਪਿਤ ਨਹੀਂ ਹੋ ਸਕਦੀ, ਜਿਤਨੀ ਦੇਰ ਤੱਕ ਉਹ, ਬਹੁ-ਧਰਮੀ, ਬਹੁ-ਜਾਤੀ, ਬਹੁ-ਭਾਸ਼ਾਈ, ਬਹੁ-ਸਭਿਆਚਾਰੀ ਪੰਜਾਬੀਆਂ ਨੂੰ ਸਰਬੱਤ ਦੇ ਭਲੇ ਵਾਲ਼ੇ ਸਿੱਖ ਸਿਧਾਂਤਾਂ ਅਤੇ ਸਿੱਖ ਸਪਿਰਟ ਨਾਲ਼ ਜਿੱਤ ਨਹੀਂ ਲੈਂਦੇ…।’’ (ਸਿੱਖ ਚਿੰਤਕ ਤੇ ਲੇਖਕ, ਸ. ਅਮਰਜੀਤ ਸਿੰਘ ਗਰੇਵਾਲ਼ ਦੇ ਇੱਕ ਲੇਖ ‘ਪੰਜਾਬ ਜੀਂਦਾ ਗੁਰਾਂ ਦੇ ਨਾਮ `ਤੇ ਵਿਚੋਂ ਕੁਝ ਲਾਈਨਾਂ)।
ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਤੁਸੀਂ ਚਲੇ ਜਾਓ, ਹਰੇਕ ਸਮਾਜ, ਦੇਸ਼, ਕੌਮ, ਧਰਮ ਦੀਆਂ ਆਪਣੀਆਂ ਸਮੱਸਿਆਵਾਂ ਹਨ। ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਸਿੱਖਾਂ ਦੀਆਂ ਪੰਜਾਬ, ਭਾਰਤ ਜਾਂ ਵਿਦੇਸ਼ਾਂ ਵਿਚ ਬਾਕੀ ਦੁਨੀਆਂ ਵਾਂਗ ਸਮੱਸਿਆਵਾਂ ਹਨ। ਪਰ ਕੀ ਉਨ੍ਹਾਂ ਸਮੱਸਿਆਵਾਂ ਨੂੰ ਉਸ ਖਿੱਤੇ ਦੇ ਸਾਰੇ ਲੋਕਾਂ ਦੇ ਹਿੱਤਾਂ ਨੂੰ ਨਜ਼ਰ-ਅੰਦਾਜ਼ ਕਰ ਕੇ ਮੰਨਿਆ ਜਾਂ ਮਨਾਇਆ ਜਾ ਸਕਦਾ ਹੈ? ਕੀ ਉਸ ਖਿੱਤੇ ਦੇ ਬਾਕੀ ਭਾਈਚਾਰਿਆਂ ਨੂੰ ਨਾਲ਼ ਲਏ ਬਿਨਾਂ ਇਹ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ? ਕੀ ਆਪਣੇ ਹਿੱਤਾਂ ਨੂੰ ਮੁੱਖ ਰੱਖ ਕੇ ਬਾਕੀ ਪੰਜਾਬੀਆਂ ਉਪਰ ਸਿਰਫ ਸਿੱਖਾਂ ਦੀ ਚੌਧਰ ਵਾਲ਼ਾ ਰਾਜ ਥੋਪਿਆ ਜਾ ਸਕਦਾ ਹੈ? ਇਸ ਤਰ੍ਹਾਂ ਦੇ ਅਨੇਕਾਂ ਸਵਾਲ ਹਨ, ਜਿਸ ਬਾਰੇ ਸਿੱਖ ਜਗਤ ਵਿਚ ਗੰਭੀਰ ਚਿੰਤਨ ਕਰਨ ਦੀ ਦੇਸ਼-ਵਿਦੇਸ਼ ਵਿਚ ਲੋੜ ਹੈ। ਨਰਮ-ਖਿਆਲੀ ਜਾਂ ਗਰਮ-ਖਿਆਲੀ ਸਿੱਖ ਲੀਡਰਸ਼ਿਪ ਵਲੋਂ ਦੇਸ਼-ਵਿਦੇਸ਼ ਵਿਚ ਆਪਣੀਆਂ ਮੰਗਾਂ ਲਈ ਜੋ ਢੰਗ ਤਰੀਕੇ ਅਪਨਾਏ ਜਾ ਰਹੇ ਹਨ, ਕੀ ਉਸ ਨਾਲ਼ ਸਿੱਖਾਂ ਦਾ ਕੁਝ ਸੰਵਰ ਰਿਹਾ ਹੈ ਜਾਂ ਸਿੱਖ ਨਿੱਤ ਨਵੇਂ ਦਿਨ ਨਵੀਆਂ ਮੁਸੀਬਤਾਂ ਵਿਚ ਫਸਦੇ ਜਾ ਰਹੇ ਹਨ? ਜੇ ਸਿੱਖ ਪੰਜਾਬ ਛੱਡ ਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ ਤੇ ਵਿਦੇਸ਼ੀ ਸਰਕਾਰਾਂ ਸਾਨੂੰ ਖੁਸ਼ੀ-ਖੁਸ਼ੀ ਪਨਾਹ ਵੀ ਦੇ ਰਹੀਆਂ ਹਨ ਤਾਂ ਕਿਤੇ ਸਵਾਰਥੀ ਅਤੇ ਮੌਕਾਪ੍ਰਸਤ ਲੋਕਾਂ ਦੀਆਂ ਹਰਕਤਾਂ ਨਾਲ਼ ਸਭ ਲਈ ਰਾਹ ਤੇ ਬੰਦ ਨਹੀਂ ਹੋ ਜਾਣਗੇ? ਇਸ ਤੋਂ ਪਹਿਲਾਂ ਕਿ ਅਜਿਹਾ ਕੋਈ ਭਾਣਾ ਵਾਪਰੇ, ਕੀ ਕਦੇ ਸਿੱਖ ਪੰਥ ਇਸ ਪਾਸੇ ਵੀ ਗੰਭੀਰਤਾ ਨਾਲ਼ ਵਿਚਾਰ ਕਰੇਗਾ?