ਤਹਿਸੀਲਾਂ ਵਿਚ ਰਿਸ਼ਵਤ ਬੰਦ?

ਜੀ ਹਾਂ ਬੰਦ, ਪਰ ਨਹੀਂ ਬੰਦ!
ਕਮਲਜੀਤ ਸਿੰਘ ਫਰੀਮੌਂਟ
ਇੰਟਰਨੈੱਟ ਵਾਲਾ ਇਨਕਲਾਬ ਆਉਣ ਤੋਂ ਬਾਅਦ ਬਹੁਤ ਸਾਰੇ ਕੰਮ ਸੁਖਾਲੇ ਹੋ ਗਏ ਹਨ। ਇਸ ਦੇ ਨਾਲ ਹੀ ਕੁਝ ਹੱਦ ਤੱਕ ਰਿਸ਼ਵਤ ਵਾਲਾ ਫਸਤਾ ਵੀ ਵੱਢਿਆ ਗਿਆ ਹੈ। ਅਜੇ ਵੀ ਬਹੁਤੇ ਕੰਮ ਭਾਵੇਂ ਵਿਚੋਲਿਆਂ ਰਾਹੀਂ ਆਸਾਨੀ ਨਾਲ ਕਰਵਾ ਲਏ ਜਾਂਦੇ ਹਨ। ਇਸ ਲੇਖ ਵਿਚ ਕਮਲਜੀਤ ਸਿੰਘ ਨੇ ਤਹਿਸੀਲ ਵਿਚ ਕਰਵਾਏ ਜਾਣ ਵਾਲੇ ਕੰਮ-ਧੰਦਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਹੈ ਜੋ ਆਮ ਬੰਦੇ ਲਈ ਵਾਹਵਾ ਮਦਦਗਾਰ ਸਾਬਤ ਹੋ ਸਕਦੀ ਹੈ।

ਤਹਿਸੀਲਦਾਰ ਰਿਸ਼ਵਤ ਨਹੀਂ ਮੰਗਦੇ, ਲੋਕ ਖਾਹਮਖਾਹ ਦਿੰਦੇ ਹਨ। ਜਦ ਕੋਈ ਬੰਦਾ 40-50 ਲੱਖ ਰੁਪਏ ਦੀ ਰਜਿਸਟਰੀ ਕਰਵਾਉਂਦਾ ਹੈ ਤਾਂ ਉਸ ਝਿਜਕ ਨਹੀਂ ਮਹਿਸੂਸ ਹੁੰਦੀ ਕਿਉਂਕਿ ਉਹ ਸਮਝਦਾ ਹੈ ਕਿ ਰਜਿਸਟਰੀ ਕਰਵਾਉਣੀ ਬਹੁਤ ਗੁੰਝਲਦਾਰ ਕੰਮ ਹੈ ਤੇ ਉਸ ਦੀ ਸਮਝ ਤੋਂ ਪਰੇ ਹੈ। ਉਹ ਸਮਝਦਾ ਹੈ ਕਿ ਰਜਿਸਟਰੀ ਜਾਂ ਫਰਦ ਜਾਂ ਹੋਰ ਕਾਗਜ਼ਾਂ ਵਿਚ ਲਿਖੇ ਫਾਰਸੀ ਦੇ ਲਫ਼ਜ਼ ਦਾ ਤਰਜਮਾ ਸਿਰਫ਼ ਤੇ ਸਿਰਫ਼ ਪਟਵਾਰੀ ਜਾਂ ਤਹਿਸੀਲਦਾਰ ਹੀ ਕਰ ਸਕਦਾ ਹੈ, ਤੇਜਾਂ ਫਿਰ ਬਾਹਰ ਬੈਠੇ ਵਸੀਕਾਨਵੀਸ। ਆਮ ਆਦਮੀ ਖਾਸ ਕਰਕੇ ਪੰਜਾਬੀਆਂ ਨੂੰ ਆਪਣੇ ਕੰਮ ਦੀ ਕਾਹਲੀ ਬਹੁਤ ਹੁੰਦੀ ਹੈ ਤੇ ਉਹ ਇਸ ਦੀ ਕੀਮਤ ਲੱਖਾਂ ਰੁਪਏ ਦੇ ਕੇ ਘਰ ਪਰਤਦੇ ਹਨ।
ਵਸੀਕਾਨਵੀਸ ਚਾਹੇ ਤਹਿਸੀਲ ਦੇ ਬਾਹਰ ਬੈਠਦਾ ਹੈ ਪਰ ਆਸ ਵਿਚ ਤਹਿਸੀਲ ਦੇ ਅੰਦਰ ਉਸ ਦੀ ਪਹੁੰਚ ਤੇ ਪੁਛਗਿੱਛ ਬਹੁਤ ਹੁੰਦੀ ਹੈ ਕਿਉਂਕਿ ਉਹੀ ਸਹੀ ਕੰਮ ਦੇ ਪੈਸੇ ਅੰਦਰ ਪਹੁੰਚਾਉਂਦਾ ਹੈ ਤੇ ਨਾਲ ਆਪਣਾ ਹਿੱਸਾ ਵੀ ਲੈ ਲੈਂਦਾ ਹੈ। ਇਸ ਕਾਰਜ ਵਿਚ ਉਹ ਨੰਬਰਦਾਰ (ਲੰਬੜਦਾਰ), ਸੁਵਿਧਾ ਸੈਂਟਰ, ਰਜਿਸਟਰੀ ਕਲਰਕ, ਰਜਿਸਟਰੀ ਜਾਂ ਪੇਸਟਰ, ਡਾਇਰੀਵਾਲਾ, ਫ਼ੀਸ ਕਲਰਕ ਤੇ ਤਹਿਸੀਲਦਾਰ ਦਾ ਸਾਰਾ ਹਿਸਾਬ ਕਿਤਾਬ ਸ਼ਾਮੀਂ ਜਾ ਕੇ ਦੇ ਆਉਂਦਾ ਹੈ। ਉਸ ਦਾ ਤਰੀਕਾ ਇਹ ਹੈ ਕਿ ਜਿਸ ਕੰਮ ਦੇ ਉਸ ਨੇ ਪੈਸੇ ਲਏ ਹੋਏ ਹਨ, ਉਹ ਉਸ ਬੰਦੇ ਦੇ ਕਾਗਜ਼ ਪੱਤਰ ਬਣਾ ਕੇ ਖ਼ੁਦ ਤਹਿਸੀਲਦਾਰ ਪਾਸ ਜਾਂਦਾ ਹੈ ਤੇ ਉਸ ਨਾਲ ਅੱਖ ਮਿਲਾਉਂਦਾ ਹੈ (ਇਹ ਸਭ ਮੈਨੂੰ ਇਕ ਵਸੀਕਾਨਵੀਸ ਨੇ ਦੱਸਿਆ)। ਤਹਿਸੀਲਦਾਰ ਨੀਵੀਂ ਜਿਹੀ ਅੱਖ ਨਾਲ ਇਸ਼ਾਰਾ ਸਮਝ ਲੈਂਦਾ ਹੈ ਤੇ ਉਸ ਵਸੀਕਾਨਵੀਸ ਦੇ ਦਿਤੇ ਕਾਗਜ਼ ਇਕ ਪਾਸੇ ਰੱਖ ਲੈਂਦਾ ਹੈ ਤੇ ਹੋਰ ਸਭ ਆਮ ਲੋਕ ਜੇ ਕੋਈ ਵਸੀਕਾਨਵੀਸ ਤੋਂ ਬਗੈਰ ਤਹਿਸੀਲਦਾਰ ਪਾਸ ਆਪਣੇ ਕਾਗਜ਼ ਲੈ ਕੇ ਜਾਂਦਾ ਹੈ, ਇਨ੍ਹਾਂ ਕਾਗਜ਼ਾਂ ਨੂੰ ਇਕ ਹੋਰ ਪਾਸੇ ਅਲੱਗ ਰੱਖੀ ਜਾਂਦਾ ਹੈ। ਇਉਂ ਤਹਿਸੀਲਦਾਰ ਕੋਲ ਦੋ ਢੇਰੀਆਂ ਬਣੀਆਂ ਜਾਂਦੀਆਂ ਹਨ। ‘ਸੁੱਕੇ` ਕਾਗਜ਼ਾਂ ’ਤੇ ਜਾਂ ਤਾਂ ਕੋਈ ਇਤਰਾਜ਼ ਬੋਲ ਦਿੱਤਾ ਜਾਂਦਾ ਹੈ, ਤੇ ਜਾਂ ਸ਼ਾਮ ਤੱਕ ਲਟਕਾਈ ਰੱਖਦਾ ਹੈ। ਤਹਿਸੀਲਦਾਰ ਲਿਖਤੀ ਰੂਪ ਵਿਚ ਕੋਈ ਇਤਰਾਜ਼ ਨਹੀਂ ਦਿੰਦਾ ਅਤੇ ‘ਸੁੱਕੇ` ਕਾਗਜ਼ ਜੋ ਰਿਸ਼ਵਤ ਤੋਂ ਬਗੈਰ ਹਨ, ਉਨ੍ਹਾਂ ਦੀ ਵਾਰੀ ਵੇਲੇ ਕਿਸੇ ਬਹਾਨੇ ਉਠ ਕੇ ਚਲਾ ਜਾਂਦਾ ਹੈ ਤੇ ਉਸ ਦੇ ਕਲਰਕ ਕਹਿ ਦਿੰਦੇ ਹਨ ਕਿ ਤਹਿਸੀਲਦਾਰ ਨੂੰ ਡੀ.ਸੀ. ਨੇ ਬੁਲਾ ਲਿਆ ਹੈ ਜਾਂ ਮੰਤਰੀ ਆ ਰਿਹਾ ਹੈ, ਉਸ ਦੇ ਇੰਤਜ਼ਾਮ ਵਾਸਤੇ ਚਲਾ ਗਿਆ ਹੈ ਆਦਿ।
ਹੁਣ ਉਹ ਬੰਦਾ ਜਿਸ ਨੇ ਸਿਰਫ਼ ਮੁਖਤਾਰਨਾਮਾ ਬਣਵਾਉਣਾ ਸੀ ਜਾਂ ਕੈਂਸਲ ਕਰਨਾ ਸੀ, ਉਸ ਨੂੰ ਹੱਥਾਂ ਪੈਰਾਂ ਦੀਆਂ ਪੈ ਜਾਂਦੀਆਂ ਹਨ ਕਿ ਖ਼ਬਰੇ ਤਹਿਸੀਲਦਾਰ ਨੇ ਕੀ ਢੁਚਰ ਡਾਹ ਦੇਣੀ ਹੈ ਤੇ ਜੇ ਦਿਨ ਸ਼ੁਕਰਵਾਰ ਦਾ ਹੋਵੇ ਤੇ ਸੋਮਵਾਰ ਦੀ ਛੁੱਟੀ ਆ ਰਹੀ ਹੋਵੇ ਤਾਂ ਉਹ ਫਿਰ ਵਸੀਕਾਨਵੀਸ ਪਾਸ ਜਾ ਕੇ ਕਹਿ ਦਿੰਦਾ ਹੈ ਕਿ ਯਾਰ, ਤੂੰ ਹੀ ਮੇਰਾ ਕੰਮ ਕਰਾਦੇ। ਇਸ ਤਰ੍ਹਾਂ ਇਹ ਚੱਕਰ ਚਲਦਾ ਰਹਿੰਦਾ ਹੈ।
ਹੁਣ ਜਿਸ ਬੰਦੇ ਦਾ ਕੰਮ ਲਟਕ ਗਿਆ ਹੈ ਤੇ ਹੁਣ ਤੇਜ਼ੀ ਵਾਲੀ ਟਿਕਟ ਲੈਣ ਵਾਸਤੇ ਤਿਆਰ ਹੋ ਗਿਆ, ਭਾਵ, ਰਿਸ਼ਵਤ ਦੇਣ ਲਈ ਤਿਆਰ ਹੋ ਗਿਆ, ਇਸ ਵਿਚ ਤਹਿਸੀਲਦਾਰ ਜਾਂ ਵਸੀਕਾਨਵੀਸ ਨਾਲੋਂ ਉਸ ਬੰਦੇ ਦਾ ਕਸੂਰ ਵੱਧ ਹੈ। ਉਸ ਦਾ ਕਸੂਰ ਇਹ ਹੈ ਕਿ ਉਸ ਨੇ ਸਭ ਤੋਂ ਪਹਿਲਾਂ ਆਪਣੀ ਅਣਖ ਨੂੰ ਭੁੰਝੇ ਸੁੱਟ ਦਿਤਾ; ਦੂਜਾ, ਆਪਣੇ ਸਵੈ-ਵਿਸ਼ਵਾਸ ਵਿਚ ਉਸ ਨੂੰ ਯਕੀਨ ਨਹੀਂ ਕਿ ਉਸ ਦਾ ਕੰਮ ਜਾਇਜ਼ ਹੈ ਜਾਂ ਨਾਜਾਇਜ਼। ਉਹ ਸਮਝਦਾ ਹੈ ਕਿ ਤਹਿਸੀਲਦਾਰ ਉਸ ਦੇ ਕਾਗਜ਼ਾਂ ’ਤੇ ਦਸਤਖ਼ਤ ਕਰ ਕੇ ਉਸ ’ਤੇ ਮਿਹਰਬਾਨੀ ਕਰ ਰਿਹਾ ਹੈ; ਹਾਲਾਂਕਿ ਉਸ ਨੂੰ ਤਨਖ਼ਾਹ ਹੀ ਇਸ ਕੰਮ ਦੀ ਮਿਲਦੀ ਹੈ।
ਇਸ ਸਿਲਸਿਲੇ ਵਿਚ ਕੌਣ ਕੌਣ ਕੀ ਰੋਲ ਅਦਾ ਕਰਦਾ ਹੈ, ਬਾਰੇ ਮੈਨੂੰ ਨਿਜੀ ਤਜਰਬਾ ਹੋਇਆ। ਮੈਂ ਤਹਿਸੀਲ ਵਿਚ ਆਪਣੀ ਜਾਇਦਾਦ ਆਪਣੇ ਪਰਿਵਾਰ ਦੇ ਜੀਆਂ ਨੂੰ ਤਬਦੀਲ ਕਰਨ ਵਾਸਤੇ ਗਿਆ। ਮੈਨੂੰ ਪਤਾ ਸੀ ਕਿ ਪਰਿਵਾਰਕ ਮੈਂਬਰ ਨੂੰ ਜਾਇਦਾਦ ਦੇਣ ’ਤੇ ਕੋਈ ਫ਼ੀਸ, ਕੋਰਟ ਸਟੈਂਪ ਡਿਊਟੀ ਨਹੀਂ ਲਗਦੀ। ਮੈਨੂੰ ਫ਼ਰਦ ਜਾਂ ਹੋਰ ਤਹਿਸੀਲੀ ਕਾਗਜ਼ਾਂ ਵਿਚ ਵਰਤੀ ਭਾਸ਼ਾ ਦਾ ਗਿਆਨ ਨਾ ਹੋਣ ਕਰਕੇ ਮੈਂ ਵੀ ਵਸੀਕਾਨਵੀਸ ਪਾਸ ਚਲਾ ਗਿਆ ਤੇ ਆਪਣਾ ਕੰਮ ਦੱਸ ਦਿੱਤਾ। ਉਸ ਦਾ ਸਵਾਲ ਸੀ ਕਿ ਕਾਗਜ਼ ਪੱਤਰ ਭਰਨ ਤੋਂ ਬਾਅਦ ਉਹ ਤਹਿਸੀਲਦਾਰ ਪਾਸ ਜਾ ਕੇ ਰੱਖੇਗਾ ਜਾਂ ਮੈਂ ਖ਼ੁਦ ਜਾਵਾਂਗਾ। ਇਸ ਪ੍ਰਕਿਰਿਆ ਵਿਚ ਪਹਿਲਾਂ ਤੁਸੀਂ ਬੈਨਾਮਾ ਦਸਤਖ਼ਤ ਕਰਕੇ ਦੋ ਗਵਾਹਾਂ ਦਾ ਨੰਬਰ, ਖੇਵਟ ਨੰਬਰ, ਖਤੌਨੀ ਨੰਬਰ, ਹਿੱਸੇ, ਕਿਸਮ ਵਗੈਰਾ, ਹੱਦ ਬਸਤ ਨੰਬਰ ਭਰ ਕੇ ਤਹਿਸੀਲ ਕਲਰਕ ਪਾਸ ਡਾਇਰੀ ਕਰਵਾਉਂਦੇ ਹੋ ਤੇ ਫਿਰ ਇਹ ਕਾਗਜ਼ ਤਹਿਸੀਲਦਾਰ ਪਾਸ ਦੇ ਕੇ ਆਉਂਦੇ ਹੋ।
ਮੈਂ ਕਿਹਾ, ਮੈਂ ਖ਼ੁਦ ਹੀ ਇਹ ਕੰਮ ਕਰ ਲਵਾਂਗਾ। ਮੈਂ ਇਹ ਕੰਮ ਕਰਾ ਕੇ ਤਹਿਸੀਲਦਾਰ ਤੋਂ ਦਸਤਖ਼ਤ ਕਰਵਾ ਕੇ ਮੁੜ ਕਲਰਕ ਪਾਸ ਸਰਕਾਰੀ ਰਜਿਸਟਰੀ ਦੀ ਫ਼ੀਸ ਜਮ੍ਹਾਂ ਕਰਾ ਕੇ ਕਾਪੀ ਲੈ ਆਇਆ। ਵਸੀਕਾਨਵੀਸ ਨੂੰ ਮੈਂ ਉਸ ਦੀ 400-500 ਰੁਪਏ ਫ਼ੀਸ ਦੇ ਆਇਆ; ਭਾਵੇਂ ਮੇਰਾ ਕੰਮ ਤਹਿਸੀਲਦਾਰ ਨੇ ਸਭ ਤੋਂ ਬਾਅਦ ਸ਼ਾਮੀਂ 5 ਵਜੇ ਕੀਤਾ।
ਉਂਝ, ਛੇ ਮਹੀਨੇ ਬਾਅਦ ਮੈਨੂੰ ਪਤਾ ਲੱਗਾ ਕਿ ਵਸੀਕਾਨਵੀਸ ਨੇ ਮੇਰੇ ਇਕ ਖਸਰਾ ਨੰਬਰ ਦਾ ਵੇਰਵਾ ਹੀ ਨਹੀਂ ਪਾਇਆ ਸੀ ਤੇ ਮੈਨੂੰ ਸਾਰੀ ਕਾਰਵਾਈ ਮੁੜ ਸ਼ੁਰੂ ਕਰਨੀ ਪਈ। ਇਹ ਉਸ ਨੇ ਜਾਣ ਬੁਝ ਕੇ ਕੀਤਾ ਜਿਸ ਬਾਰੇ ਮੈਨੂੰ ਪ੍ਰਾਪਰਟੀ ਏਜੰਟ ਨੇ ਦੱਸਿਆ ਕਿ ਇਨ੍ਹਾਂ ਦਾ ਇਹੀ ਤਰੀਕਾ ਹੈ, ਜੋ ਲੋਕ ਰਿਸ਼ਵਤ ਨਹੀਂ ਦੇਣਾ ਚਾਹੁੰਦੇ।
ਮੈਨੂੰ ਮਹਿਸੂਸ ਹੋਇਆ ਕਿ ਇਹ ਵਸੀਕਾਨਵੀਸ ਜਾਂ ਤਹਿਸੀਲਦਾਰ ਦਾ ਕਸੂਰ ਨਹੀਂ ਬਲਕਿ ਮੇਰੀ ਆਪਣੀ ਨਾਲਾਇਕੀ ਸੀ ਕਿਉਂਕਿ ਮੈਂ ਫਰਦ ’ਤੇ ਖਸਰਾ ਜਾਂ ਖਤੌਨੀ ਜਾਂ ਖੇਵਟ ਨੂੰ ਨਹੀਂ ਸੀ ਸਮਝਦਾ।
ਇਸ ਤਜਰਬੇ ਤੋਂ ਬਾਅਦ ਮੈਂ ਸੋਚਿਆ ਕਿ ਦੇਖਿਆ ਜਾਵੇ ਕਿ ਜੋ ਸਰਕਾਰ ਦਿਨ ਰਾਤ ਰੌਲਾ ਪਾ ਰਹੀ ਹੈ ਕਿ 100-150 ਲੋਕਾਂ ਦੇ ਸਰਕਾਰੀ ਕੰਮ ਆਨਲਾਈਨ ਹੋ ਸਕਦੇ ਹਨ ਜਾਂ ਘਰ ਭੇਜੇ ਜਾਂਦੇ ਹਨ ਤਾਂ ਕਿਉਂ ਨਾ ਇਸ ਬਾਰੇ ਡੂੰਘਾਈ ਵਿਚ ਜਾਇਆ ਜਾਵੇ। ਜਦ ਮੈਂ ਸਰਕਾਰੀ ਵੈੱਬਸਾਈਟਾਂ ਰੲਵੲਨੁੲ।ਪੁਨਜਅਬ।ਗੋਵ।ਨਿ, ਰਚਮਸ।ਪੁਨਜਅਬ।ਗੋਵ।ਨਿ, ਚੋਨਨੲਚਟ।ਪੁਨਜਅਬ।ਨਿ, ਗਿਰਪੁਨਜਅਬ।ਨਿ ਖੋਲ੍ਹ ਕੇ ਦੇਖਿਆ ਤਾਂ ਮੈਂ ਹੈਰਾਨ ਵੀ ਹੋਇਆ ਤੇ ਖ਼ੁਸ਼ ਵੀ ਕਿ ਸਰਕਾਰ ਬਿਲਕੁੱਲ ਸੱਚੀ ਹੈ। ਕਸੂਰ ਹੈ ਸਾਡੀ ਹੀਣ ਭਾਵਨਾ, ਸਵੈ-ਮਾਨ ਦੀ ਕਮੀ, ਕਾਹਲੀ ਅਤੇ ਨਾਜਾਇਜ਼ ਕੰਮ ਕਰਵਾਉਣ ਦੀ ਬਿਰਤੀ ਅਤੇ ਪੜ੍ਹ-ਲਿਖ ਕੇ ਵੀ ਅਨਪੜ੍ਹ ਹੋਣ ਦਾ। ਜੇ ਅਸੀਂ ਸਰਕਾਰੀ ਵੈੱਬਸਾਈਟਾਂ ’ਤੇ ਦੇਖੀਏ ਤਾਂ ਸਰਕਾਰ ਨੇ ਬਹੁਤ ਕੁਝ ਸੁਖਾਲਾ ਤੇ ਸਿੱਧਾ ਕਰ ਦਿੱਤਾ ਹੈ। ਮਿਸਾਲ ਵਜੋਂ, ਫਾਰਸੀ ਉਰਦੂ ਦੇ ਬਹੁਤ ਸਾਰੇ ਲਫ਼ਜ਼ ਹਟਾ ਦਿੱਤੇ ਹਨ। ਕਾਨੂੰਨੀ ਕਾਗਜ਼ਾਂ ਦੇ ਫਾਰਮ/ਟੈਂਪਲੇਟ ਵੈੱਬਸਾਈਟ ‘ਤੇ ਪਾ ਦਿੱਤੇ ਹਨ। ਸੇਵਾ ਵਿਚ ਲੱਗਣ ਵਾਲੇ ਦਿਨਾਂ ਦਾ ਅੰਦਾਜ਼ਾ ਦੇ ਦਿਤਾ ਹੈ। ਸਰਕਾਰੀ ਫੀਸ, ਅਸ਼ਟਾਮ ਫੀਸ, ਡੀ.ਸੀ. ਰੇਟ ਜਿਸ ਮੁਤਾਬਕ ਅਸ਼ਟਾਮ ਲੱਗਦਾ ਹੈ, ਸਭ ਕੁਝ ਆਨਲਾਈਨ ਮੌਜੂਦ ਹੈ। ਆਪਣੀ ਜ਼ਮੀਨ ਦੀ ਫ਼ਰਦ ਘਰ ਬੈਠੇ ਮੰਗਵਾ ਸਕਦੇ ਹੋ, ਉਸ ਦੀ ਵੀ ਫ਼ੀਸ ਦਿੱਤੀ ਹੋਈ ਹੈ। ਆਪਣੇ ਪਲਾਟ ਜਾਂ ਖੇਤ ਦੀ ਹੱਦਬੰਦੀ ਦੀ ਦਰਖ਼ਾਸਤ ਆਨਲਾਈਨ ਦੇ ਸਕਦੇ ਹੋ। ਇੰਤਕਾਲ ਦਾ ਪਤਾ ਕਰ ਸਕਦੇ ਹੋ। ਆਪਣੀ ਹੀ ਨਹੀਂ, ਕਿਸੇ ਦੀ ਵੀ ਫ਼ਰਦ ਕੱਢ ਸਕਦੇ ਹੋ, ਵਗੈਰਾ ਵਗੈਰਾ।
ਤਹਿਸੀਲ ਜਾਂ ਜਾਇਦਾਦਾਂ ਨਾਲ ਜੁੜੇ ਇਸ ਮਾਇਆ ਜਾਲ ਵਿਚੋਂ ਸਰਕਾਰ ਨੇ ਕਿਵੇਂ ਇਸ ਦਾ ਭੇਤ ਜਾਂ ਰਹੱਸ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ, ਇਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਤਹਿਸੀਲ ਦੇ ਆਲੇ-ਦੁਆਲੇ ਬੈਠੇ ਲੋਕ ਕਿਵੇਂ ਬੁੱਕਲ ਵਿਚ ਲੱਡੂ ਭੋਰਦੇ ਹਨ, ਸਭ ਦਾ ਪਰਦਾ ਇੰਟਰਨੈੱਟ ਨੇ ਫਾਸ਼ ਕਰਕੇ ਇਸਨੂੰ ਲੋਕਾਂ ਅੱਗੇ ਲੈ ਆਂਦਾ ਹੈ। ਇਸ ਪ੍ਰਸੰਗ ਵਿਚ ਆਓ ਦੇਖੀਏ ਕਿ ਇਹ ਸਭ ਕਿਵੇਂ ਹੋ ਰਿਹਾ ਹੈ।
ਜ਼ਮੀਨ ਜਾਇਦਾਦ ਦੇ ਮਾਮਲੇ ਵਿਚ ਸਭ ਤੋਂ ਵੱਧ ਜ਼ਰੂਰੀ ਤੇ ਚਰਚਿਤ ਕਾਗਜ਼ ਫਰਦ ਜਾਂ ਜਮ੍ਹਾਂਬੰਦੀ ਹੈ। ਪਹਿਲਾਂ ਇਹ ਪਟਵਾਰੀ ਪਾਸੋਂ ਮਿਲਦੀ ਸੀ ਪਰ ਹੁਣ ਤੁਸੀਂ ਕਿਤੇ ਬੈਠੇ, ਚਾਹੇ ਅਮਰੀਕਾ ਕੈਨੇਡਾ ਵਿਚ ਬੈਠ ਕੇ ਕਿਸੇ ਵੀ ਖੇਤ ਦੀ ਮਲਕੀਅਤ ਜਾਂ ਕਿਸੇ ਮਾਲਕ ਦੀ ਜਾਇਦਾਦ ਬਾਰੇ ਪਤਾ ਕਰ ਸਕਦੇ ਹੋ।
ਇਸ ਗੋਰਖ ਧੰਦੇ ਨੂੰ ਸਮਝਣ ਵਾਸਤੇ ਕੁਝ ਨੁਕਤੇ ਹੇਠ ਦਿੱਤੇ ਜਾ ਰਹੇ ਹਨ:
(1) ਫਰਦ ਜਮ੍ਹਾਂਬੰਦੀ ਕੀ ਹੈ: ਇਹ ਸਰਕਾਰੀ ਰਿਕਾਰਡ ਹੈ ਜਿਸ ਵਿਚ ਕਿਸੇ ਵਿਅਕਤੀ ਦੀ ਜ਼ਮੀਨ ਦੀ ਮਾਲਕੀ ਦਾ ਵੇਰਵਾ ਤੇ ਉਸ ਉੱਤੇ ਕੌਣ ਖੇਤੀ ਕਰ ਰਿਹਾ ਜਾਂ ਨਹੀਂ ਕਰ ਰਿਹਾ, ਬਾਰੇ ਦਰਸਾਇਆ ਜਾਂਦਾ ਹੈ। ਇਸ ਦਾ ਨਮੂਨਾ ਹੇਠ ਦਿੱਤਾ ਜਾ ਰਿਹਾ ਹੈ-
ਇਸ ਦੇ ਪਹਿਲੇ ਖਾਨੇ ਵਿਚ ਖੇਵਟ, ਭਾਵ, ਖਾਤਾ ਨੰਬਰ; ਦੂਜੇ ਵਿਚ ਖਤੌਨੀ ਨੰਬਰ, ਭਾਵ, ਕਾਸ਼ਤਕਾਰ ਦੇ ਖਾਤੇ ਦਾ ਨੰਬਰ; ਤੀਜੇ ਖਾਨੇ ਵਿਚ ਮਾਲਕਾਂ ਦੇ ਨਾਮ ਤੇ ਹਿੱਸੇ ਅਤੇ ਖਾਨਾ ਨੰਬਰ 4 ਵਿਚ ਕਾਸ਼ਤਕਾਰਾਂ ਦੇ ਨਾਮ ਤੇ ਉਨ੍ਹਾਂ ਦੇ ਕਬਜ਼ੇ ਹੇਠ ਹਿੱਸੇ ਦਰਸਾਏ ਜਾਂਦੇ ਹਨ। ਖੇਵਟ ਨੰਬਰ ਅਤੇ ਮਾਲਕਾਂ ਦੇ ਨਾਵਾਂ ਦਾ ਸਿੱਧਾ ਸਬੰਧ ਹੈ; ਇਸੇ ਤਰ੍ਹਾਂ ਖਤੌਨੀ ਨੰਬਰ ਅਤੇ ਕਾਸ਼ਤਕਾਰ ਦਾ ਸਬੰਧ ਹੈ। ਖਾਨਾ ਨੰਬਰ 5 ਸਿੰਜਾਈ ਦਾ ਸਾਧਨ, ਖਾਨਾ ਨੰਬਰ 6 ਮੁਰੱਬਾ ਨੰਬਰ ਤੇ ਖਸਰਾ ਨੰਬਰ (ਮੁਰੱਬਾ ਨੰਬਰ // ਲਿਖਿਆ ਜਾਂਦਾ ਹੈ, ਮਿਸਾਲ ਵਜੋਂ 26//15, ਇੱਥੇ ਮੁਰੱਬਾ ਨੰਬਰ 26 ਹੈ ਤੇ ਕਿੱਲਾ ਨੰਬਰ 15)। ਖਾਨਾ ਨੰਬਰ 7 ਖੇਤਰਫਲ ਦੱਸਦਾ ਹੈ ਤੇ ਭੋਂ ਦੀ ਕਿਸਮ ਵੀ (ਖੇਤਰਫਲ ਕਨਾਲ, ਮਰਲੇ ਤੇ ਹੈਕਟੇਅਰ, ਏਅਰ, ਸਟੇਅਰ। ਹੈਕਟੇਅਰ=10000 ਵਰਗ ਮੀਟਰ, ਏਅਰ=100 ਵਰਗ ਮੀਟਰ, ਸਟੇਅਰ=10 ਵਰਗ ਮੀਟਰ)
(2) ਫਰਦ ਕਿਵੇਂ ਕੱਢੀ ਜਾਵੇ
1. ਦੇਖੋ/ਖੋਲ੍ਹੋ ਰੲਵੲਨੁੲ।ਪੁਨਜਅਬ। ਗੋਵ।ਨਿ
2. ਕਲਿਕ ਕਰੋ ੌਂLੀਂਓ Sਓ੍ਰੜੀਛਓS
3. ਕਲਿਕ ਕਰੋ ੌਂLੀਂਓ ਾਂਅਰਦ
ਆਪਣਾ ਵੇਰਵਾ ਜਾਂ ਖੇਵਟ ਨੰਬਰ (ਜੇ ਪਤਾ ਹੋਵੇ) ਭਰੋ ਤੇ ਫਰਦ ਦੇਖੋ। ਜੇ ਫਰਦ ਸਿਰਫ ਜਾਣਕਾਰੀ ਵਾਸਤੇ ਹੀ ਲੈਣੀ ਹੈ ਤਾਂ ਇਹ ਮੁਫ਼ਤ ਹੈ ਤੇ ਜੇ ਕੋਈ ਲੈਣ-ਦੇਣ ਜਾਂ ਖ਼ਰੀਦ-ਵੇਚ ਕਰਨੀ ਹੈ ਤਾਂ ਇਸ ਦੇ ਕੁਝ ਪੈਸੇ ਲੱਗਦੇ ਹਨ ਅਤੇ ਇਹ ਤੁਹਾਡੇ ਘਰ ਵੀ ਪਹੁੰਚਦੀ ਕਰਦੇ ਹਨ। ਇਸ ਉਤੇ ਤਹਿਸੀਲਦਾਰ ਦੇ ਦਸਤਖਤ ਹੋਏ ਹੁੰਦੇ ਹਨ।
ਇਹ ਮੋਟੇ ਤੌਰ ‘ਤੇ ਤਹਿਸੀਲ ਦੇ ਕੰਮ ਦੇ ਭੇਤ ਖੋਲ੍ਹਣ ਦੀ ਸਰਕਾਰ ਦੀ ਕੋਸ਼ਿਸ਼ ਦਾ ਨਮੂਨਾ ਦਿੱਤਾ ਗਿਆ ਹੈ। ਅਗਲੀ ਵਾਰ ਇਸ ਸਾਰੀ ਮਾਇਆ ਨਗਰੀ ਦੀਆਂ ਤੰਗ ਗਲੀਆਂ ਵਿਚੋਂ ਲੰਘਦੇ ਹੋਏ ਦੇਖਾਂਗੇ ਕਿ ਫਰਦ ਕਿਵੇਂ ਕੱਢਣੀ, ਬੈਨਾਮੇ, ਇਕਰਾਰਨਾਮੇ ਪੰਜਾਬੀ ਵਿਚ ਕਿਵੇਂ ਭਰਨੇ, ਸਬ-ਰਜਿਸਟਰਾਰ ਦੇ ਦਫ਼ਤਰ ਦੀ ਅਪੁਆਇੰਟਮੈਂਟ ਕਿਵੇਂ ਲੈਣੀ ਹੈ, ਆਨਲਾਈਨ ਪੇਮੈਂਟ ਕਿਵੇਂ ਭੇਜਣੀ ਹੈ, ਆਪਣੇ ਕਾਗਜ਼ਾਤ ਕਿਵੇਂ ਘਰ ਬੈਠਿਆਂ ਲੈਣੇ ਹਨ।