ਪਿੰਡ ਪੱਤੜ ਕਲਾਂ ਦਾ ਪਾਤਰ ਤੇ ਉਸਦੇ ਪਾਤਰ

ਗੁਲਜ਼ਾਰ ਸਿੰਘ ਸੰਧੂ
ਮਾਰਚ 2010 ਵਿਚ ਛਪੀ ਇੰਡੀਅਨ ਸਟੈਸਟੀਕਲ ਲਾਇਬਰੇਰੀ ਦੀ ਦਿਹਾਤੀ ਡਾਇਰੈਕਟਰੀ ਅਨੁਸਾਰ 2880 ਬੰਦਿਆਂ ਦੀ ਵਸੋਂ ਤੇ 570 ਹੈਕਟੇਅਰ ਰਕਬੇ ਵਾਲੇ ਪਿੰਡ ਪੱਤੜ ਕਲਾਂ ਵਿਚ 13 ਜਨਵਰੀ, 1945 ਵਾਲੇ ਦਿਨ ਇੱਕ ਚਮਤਕਾਰੀ ਘਟਨਾ ਵਾਪਰੀ| ਕਰਤਾਰਪੁਰ-ਕਪੂਰਥਲਾ ਮਾਰਗ ਤੋਂ ਹਟਵੇਂ ਇਸ ਪਿੰਡ ਦੀ ਬੀਬੀ ਗੁਰਬਖਸ਼ ਕੌਰ (ਸੁਪਤਨੀ ਹਰਭਜਨ ਸਿੰਘ) ਨੇ ਇਕ ਅਜਿਹੇ ਜੀਵ ਨੂੰ ਜਨਮ ਦਿੱਤਾ ਜਿਸਨੇ ਇਸ ਪਿੰਡ ਦਾ ਨਾਂ ਚੜ੍ਹਦੇ ਤੇ ਲਹਿੰਦੇ ਪੰਜਾਬ ਵਿਚ ਹੀ ਨਹੀਂ ਪੰਜਾਬੀ ਜਾਣਦੀ ਤੇ ਬੋਲਦੀ ਕੁੱਲ ਦੁਨੀਆਂ ਵਿਚ ਰੌਸ਼ਨ ਕਰ ਦਿੱਤਾ| ਸੁਰਜੀਤ ਪਾਤਰ ਨਾਮੀ ਇਹ ਜੀਉੜਾ ਮਈ ਮਹੀਨੇ ਦੀ 11 ਤਰੀਕ ਨੂੰ ਅਲਵਿਦਾ ਕਹਿ ਗਿਆ ਹੈ|

ਗੁਰਮਤ ਕਾਲਜ, ਪਟਿਆਲਾ ਦੀ ਪ੍ਰਿੰਸੀਪਲ ਜਸਬੀਰ ਕੌਰ ਨੇ ਮੈਨੂੰ ਸੁੱਤੇ ਪਏ ਨੂੰ ਜਗਾ ਕੇ ਇਹ ਖਬਰ ਦਿੱਤੀ ਤਾਂ ਯੂਟਿਊਬ `ਤੇ ਪਾਏ ਉਸਦੇ ਆਪਣੇ ਪਿੰਡ ਦੀ ਫੇਰੀ ਵਾਲੇ ਬੋਲ ਮਨ ਨੂੰ ਧਰਵਾਸ ਦੇ ਰਹੇ ਸਨ|
ਖੁਸ਼ਦਿਲ ਸੁਹਣੀਓ ਰੂਹੋ, ਮੇਰੇ ਪਿੰਡ ਦੀਓ ਜੂਹੋ
ਤੁਸੀਂ ਹਰਗਿਜ਼ ਨਾ ਕਮਲਾਇਓ
ਮੈਂ ਇੱਕ ਦਿਨ ਫੇਰ ਆਉਣਾ ਹੈ
ਨੀ ਕਿੱਕਰੋ, ਟਾਹਲੀਓ, ਡੇਕੋ
ਤੇ ਮੇਰੇ ਬਾਬਿਓ ਪਿਪਲੋ
ਮੈਂ ਛਾਵੇਂ ਬਹਿਣ ਆਉਣਾ ਹੈ
ਜੇ ਚੱਕ ਘੁੰਮੇ ਘੁਮਾਰਾਂ ਦਾ
ਲੋਹਾ ਤਪਦਾ ਲੁਹਾਰਾਂ ਦਾ
ਉਨ੍ਹਾਂ ਸਭਨਾਂ ਨੂੰ ਦੱਸ ਦੇਵੋ
ਮੈਂ ਇੱਕ ਦਿਨ ਫੇਰ ਆਉਣਾ ਹੈ।
ਅਗਲੇ ਦਿਨ ਅਜੀਤ ਸਮਾਚਾਰ ਸਮੂਹ ਨੇ ਉਸਨੂੰ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਕਹਿ ਕੇ ਉਸਦੇ ਚਲਾਣੇ ਨੂੰ ਇਕ ਯੁਗ ਦਾ ਅੰਤ ਕਿਹਾ ਤੇ ਟ੍ਰਿਬਿਊਨ ਟਰੱਸਟ ਦੇ ਚੇਅਰਮੈਨ ਐਨ ਐਨ ਵੋਹਰਾ ਨੇ ਉਸਦੀਆਂ ਹੇਠ ਲਿਖੀਆਂ ਲਾਈਨਾਂ ਦੁਹਰਾਈਆਂ:
ਇਹ ਜੋ ਰੰਗਾਂ ’ਚ ਚਿਤਰੇ ਨੇ ਖੁਰ ਜਾਣਗੇ
ਇਹ ਜੋ ਮਰਮਰ ’ਚ ਉੱਕਰੇ ਨੇ ਮਿਟ ਜਾਣਗੇ
ਬਲਦੇ ਹੱਥਾਂ ਨੇ ਜਿਹੜੇ ਹਵਾ ਵਿਚ ਲਿਖੇ
ਲਫਜ਼ ਉਹੀ ਹਮੇਸ਼ਾ ਲਿਖੇ ਰਹਿਣਗੇ।
ਏਸੇ ਤਰ੍ਹਾਂ ‘ਹਿੰਦੁਸਤਾਨ ਟਾਈਮਜ਼’ ਨੇ ਪਿੱਛੋਂ ਰਹਿ ਗਿਆਂ ਨੂੰ ਧੀਰਜ ਬਨ੍ਹਾਉਣ ਲਈ ਫੈਜ਼ ਅਹਿਮਦ ਫੈਜ਼ ਦੇ ਬੋਲ ਚੇਤੇ ਕਰਵਾਏ:
ਬੜਾ ਹੈ ਦਰਦ ਕਾਰਿਸਤਾ ਸ਼ੇਰ ਦਿਲ ਗਰੀਬ ਸਹੀ
ਤੁਮਹਾਰੇ ਨਾਮ ਪੇ ਆਏਂਗੇ ਸ਼ਰਮਸ਼ਾਰ ਚਲੇ|
ਪੰਜਾਬੀ ਤੇ ਹਿੰਦੀ ਦੇ ਸਾਰੇ ਅਖ਼ਬਾਰਾਂ ਨੇ ਉਸਦੀ ਦੇਣ ਤੇ ਪ੍ਰਾਪਤੀਆਂ ਦਾ ਗੁੱਡਾ ਬੰਨਿ੍ਹਆ| ਮਾਰਕਸਵਾਦੀ ਪਰਚੇ ‘ਦੇਸ਼ ਸੇਵਕ’ ਸਮੇਤ| ਪ੍ਰਕਾਸ਼ਕ ਹਰੀਸ਼ ਜੈਨ ਨੇ ਉਸਨੂੰ ‘ਹਵਾ ਵਿਚ ਤਰਦਾ ਦੀਵਾ’ ਕਹਿ ਕੇ ਉਸਦੀ ਚਾਲ ਵਿਚਲੇ ਤਰੰਨਮ ਤੇ ਚਿਹਰੇ ਦੀ ਲੈਅ ਪਹਿਚਾਣੀ ਤੇ ਇਹ ਵਾਲੇ ਬੋਲ ਵੀ ਚੇਤੇ ਕੀਤੇ|
ਤੇਰੇ ਕਲਾਮ ਨੂੰ ਜਜ਼ਬੇ ਬਹੁਤ ਮਹੀਨ ਮਿਲੇ
ਦਿਖਾਈ ਦੇਣ ਜੋ ਹੰਝੂ ਦੀ ਖੁਰਦਬੀਨ ਮਿਲੇ
ਇਨ੍ਹਾਂ ਸਤਰਾਂ ਦਾ ਲੇਖਕ ਵੀ ਉਸਦੇ ਹੀ ਸ਼ਿਅਰ ਤੇ ਬੋਲ ਦੁਹਰਾਉਂਦਾ ਹੈ:
ਮੈਂ ਰਾਹਾਂ ’ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਜੁਗਾਂ ਤੋਂ ਕਾਫ਼ਲੇ ਆਏ ਇਸ ਗੱਲ ਦੇ ਗਵਾਹ ਬਣਦੇ
ਕਦੀ ਦਰਿਆ ਇਕੱਲਾ ਤੈਅ ਨਹੀਂ ਕਰਦਾ ਦਿਸ਼ਾ ਆਪਣੀ
ਜ਼ਮੀਂ ਦੀ ਢਾਲ, ਜਲ ਦਾ ਵੇਗ ਹੀ ਰਲ ਮਿਲ ਕੇ ਰਾਹ ਬਣਦੇ
ਜਦੋਂ ਤੱਕ ਲਫਜ਼ ਜਿਉਂਦੇ ਨੇ, ਸੁਖਨਵਰ ਜਿਉਣ ਮਰ ਕੇ ਵੀ
ਉਹ ਕੇਵਲ ਜਿਸਮ ਹੁੰਦੇ ਨੇ, ਜੋ ਸਿਵਿਆਂ ਵਿਚ ਸੁਆਹ ਬਣਦੇ।
**
ਰੇਤੇ ਉੱਤੋਂ ਪੈੜ ਮਿਟਦਿਆਂ ਫਿਰ ਵੀ ਕੁਝ ਪਲ ਲੱਗਦੇ ਨੇ
ਕਿੰਨੀ ਛੇਤੀ ਭੁੱਲਗੇ ਸਾਨੂੰ ਤੇਰੇ ਉਸ ਨਗਰ ਦੇ ਲੋਕ।
**
ਇਹ ਕੀ ਘੱਟ ਹੈ ਕਿ ਇਸ ਰੁਖ ਨੂੰ ਹੈ ਮੇਰੇ ਖੂਨ ਨੇ ਸਿੰਜਿਆ
ਕੀ ਹੋਇਆ ਜੇ ਪੱਤਿਆਂ ’ਤੇ ਮੇਰਾ ਨਾਮ ਨਹੀਂ ਹੈ।

ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ
ਐਵੇਂ ਲੰਘ ਜਾਨੈਂ, ਪਾਣੀ, ਕਦੀ ਹਵਾ ਬਣ ਕੇ
ਜਦੋਂ ਮਿਲਿਆ ਸੀ, ਹਾਣਦਾ ਸੀ, ਸਾਂਵਰਾ ਜਿਹਾ
ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ।
**
ਜੋ ਬਦੇਸ਼ਾ ’ਚ ਰੁਲਦੇ ਨੇ ਰੋਜ਼ੀ ਲਈ
ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ।
ਪੰਜਾਬ ਦੇ ਕਾਲੇ ਦਿਨਾਂ ਵਿਚ ਉਸਦੀ ਰਚਨਾਕਾਰੀ ਵਿਚ ਅੰਤਾਂ ਦੀ ਸੰਵੇਦਨਾ ਸੀ| ਸੰਨ ਸੰਤਾਲੀ ਦੇ ਹਵਾਲੇ ਸਮੇਤ:
ਉਦੋਂ ਵਾਰਿਸ ਸ਼ਾਹ ਨੂੰ ਵੰਡਿਆ ਸੀ, ਹੁਣ ਸ਼ਿਵ ਕੁਮਾਰ ਦੀ ਵਾਰੀ ਹੈ
ਉਹ ਜ਼ਖ਼ਮ ਪੁਰਾਣੇ ਭੁੱਲ ਵੀ ਗਏ ਨਵਿਆਂ ਦੀ ਹੋਈ ਤਿਆਰੀ ਹੈ।
**
ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ
ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ
ਇਹ ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ
ਸਿਰ `ਤੇ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ।
ਦੇਸ਼ ਵੰਡ ਸਮੇਂ ਪੰਜਾਬ ਕਿੰਨਾ ਵੀ ਵੰਡਿਆ ਗਿਆ ਹੋਵੇ ਉਹ ਦੋਨਾਂ ਪੰਜਾਬਾਂ ਨੂੰ ਸਾਬਤ ਸਬੂਤੇ ਦੇਖਦਾ ਸੀ|
ਇਹ ਪੰਜਾਬ ਕੋਈ ਨਿਰਾ ਜੁਗਰਾਫੀਆ ਨਹੀਂ
ਇਹ ਇੱਕ ਰੀਤ, ਇਕ ਗੀਤ, ਇਤਿਹਾਸ ਵੀ ਹੈ
ਕਿੰਨੇ ਝੱਖੜ ਤੂਫ਼ਾਨਾਂ ’ਚੋਂ ਲੰਘਿਆ ਏ
ਇਹਦਾ ਮੁਖੜਾ ਕੁੱਝ ਕੁੱਝ ਉਦਾਸ ਵੀ ਹੈ
ਮੁੜ ਕੇ ਸ਼ਾਨ ਇਸਦੀ ਸੂਰਜ ਵਾਂਗ ਚਮਕੂ
ਮੇਰੀ ਆਸ ਵੀ ਹੈ, ਅਰਦਾਸ ਵੀ ਹੈ।
ਉਹ ਏਥੋਂ ਦੀ ਕਿਸਾਨੀ ਤੇ ਪਿੰਡਾਂ ਨੂੰ ਅੰਤਾਂ ਦਾ ਪਿਆਰ ਕਰਦਾ ਸੀ| ਦਿੱਲੀ ਦੀ ਸਰਹੱਦ ਦੇ ਕਿਸਾਨ ਅੰਦੋਲਨ ਬਾਰੇ ਉਸਦੇ ਬੋਲ ਅੱਜ ਵੀ ਪੌਣਾਂ ਵਿਚ ਗੂੰਜ ਰਹੇ ਹਨ|
ਇਹ ਬਾਤ ਨਿਰੀ ਏਨੀ ਹੀ ਨਹੀਂ, ਨਾ ਇਹ ਮਸਲਾ ਸਿਰਫ ਕਿਸਾਨ ਦਾ ਹੈ
ਇਹ ਪਿੰਡ ਦੇ ਵਸਦੇ ਰਹਿਣ ਦਾ ਏ, ਜੀਹਨੂੰ ਤੌਖਲਾ ਉੱਜੜ ਜਾਣ ਦਾ ਹੈ।
ਨਿਸ਼ਚੇ ਹੀ ਉਸਦੀ ਇਸ ਭਾਵਨਾ ਦੀਆਂ ਜੜ੍ਹਾਂ ਪਿੰਡ ਪੱਤੜ ਕਲਾਂ ਦੀ ਸਰਜ਼ਮੀਨ ਵਿਚ ਸਨ|
ਹੁਣ ਅੰਤ ਵਿਚ ਉਸਦੇ ਉਹ ਬੋਲ ਜਿਹੜੇ ਸਮੇਂ ਦੇ ਸੱਚ ਤੇ ਇਸਦੀ ਸਦੀਵਤਾ ਦਾ ਗੁਣ ਗਾਇਨ ਕਰਦੇ ਹਨ:
ਸੂਰਜ ਨਾ ਡੁਬਦਾ ਕਦੇ ਸਿਰਫ ਛੁਪਦਾ ਹੈ
ਮਤ ਸੋਚ ਕਿ ਮਰ ਜਾਵੇਗਾ, ਸਿਵੇ ’ਚ ਬਲ ਕੇ
ਮੈਂ ਤਾਂ ਸੜਕ ’ਤੇ ਵਿਛੀ ਬਿਰਖਾਂ ਦੀ ਛਾਂ ਹਾਂ
ਮੈਂ ਨਹੀਂ ਮਿਟਣਾ, ਸੌ ਵਾਰ ਲੰਘ ਮਸਲ ਕੇ।
**
ਬਲਦਾ ਬਿਰਖ ਹਾਂ, ਖਤਮ ਹਾਂ, ਬੱਸ ਸ਼ਾਮ ਤੀਕ ਹਾਂ
ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ
ਮੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ
ਪਾਣੀ ਨੇ ਮੇਰੇ ਗੀਤ, ਮੈਂ ਪਾਣੀ `ਤੇ ਲੀਕ ਹਾਂ।
**
ਦਿਲ ਨੂੰ ਬੋਝਲ ਜਿਹੀਆਂ ਲੱਗੀਆਂ ਤੇਰੀਆਂ ਕੋਮਲ ਯਾਦਾਂ
ਪੱਥਰਾਂ ਕੋਲੋਂ ਚੁੱਕ ਨਾ ਹੁੰਦਾ ਹੁਣ ਫੁੱਲਾਂ ਦਾ ਭਾਰ
ਮਿੱਟੀ ਉੱਤੇ, ਫੁੱਲ ਦੇ ਉੱਤੇ, ਤੇ ਸ਼ਾਇਰ ਦੇ ਦਿਲ ’ਤੇ
ਇੱਕ ਮੋਈ ਤਿਤਲੀ ਦਾ ਹੁੰਦਾ ਵੱਖੋ ਵੱਖਰਾ ਭਾਰ।
**
ਹਨੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ
ਰਾਤ ਨਾ ਸਮਝੇ ਕਿ ਸੂਰਜ ਮਰ ਗਿਆ ਹੈ
ਪੌਣ ਵਿਚ ਨਿੱਤ ਵਸ ਰਹੀ ਵਿਸ਼ ਤੋਂ ਨਾ ਡਰਦੇ
ਬਿਰਖ ਬੂਟੇ ਰੋਜ਼ ਆਪਣਾ ਕਰਮ ਕਰਦੇ।
ਸੁਰਜੀਤ ਪਾਤਰ ਦਾ ਅੰਤਮ ਸਪਤਾਹ ਬੜਾ ਰੁਝੇਵਿਆਂ ਵਾਲਾ ਸੀ| ਮੈਂ ਉਸਨੂੰ ਹਫਤਾ ਪਹਿਲਾਂ ਹੀ ਪੰਜਾਬ ਕਲਾ ਪ੍ਰੀਸ਼ਦ ਦੇ ਵਿਹੜੇ ਮਿਲਿਆ ਸਾਂ| ਨਵੇਂ ਸਥਾਪਤ ਹੋਏ ਆਡੀਓ ਵੀਡੀਓ ਸਟੂਡੀਓ ਦੇ ਉਦਘਾਟਨ ਸਮੇਂ| ਉਹ ਥੱਕਿਆ ਥੱਕਿਆ ਜਾਪਦਾ ਸੀ| ਪਰ ਅਗਲੇ ਦਿਨ ਉਸਨੇ ਬਰਨਾਲਾ ਵਾਲਿਆਂ ਨੂੰ ਵੀ ਨਾਂਹ ਨਹੀਂ ਕੀਤੀ ਫੇਰ ਉਥੋਂ ਵਾਲੇ ਫੰਕਸ਼ਨ ਵਿਚ ਸ਼ਿਰਕਤ ਕਰਦੇ ਵਾਪਸ ਆਉਂਦਿਆਂ ਕਵੀਆਂ ਦੀ ਕਿਸੇ ਮਿਲਣੀ ਵਿਚ ਭਾਗ ਲੈਣ ਲਈ ਜਗਰਾਓਂ ਵੀ ਰੁਕ ਗਿਆ| ਅਜਿਹੇ ਰੁਝੇਵਿਆਂ ਪਿਛੋਂ ਆਸ਼ਾ ਪੁਰੀ ਲੁਧਿਆਣਾ ਆਪਣੇ ਘਰ ਆ ਕੇ ਅਜਿਹਾ ਸੁੱਤਾ ਕਿ ਸੁੱਤਾ ਹੀ ਰਹਿ ਗਿਆ| ਤਿਤਲੀਆਂ ਤੋਲਣ ਵਾਲਿਆਂ ਨੂੰ ਆਹਰੇ ਲਾ ਕੇ ਤੇ ਖੁਦ ਮੁੱਖ ਮੰਤਰੀ ਪੰਜਾਬ ਦੇ ਮੋਢਿਆਂ ’ਤੇ ਸਵਾਰ ਹੋ ਕੇ ਇਸ ਫਾਨੀ ਸੰਸਾਰ ਨੂੰ ਸੁੱਚੀ ਤੇ ਸੱਚੀ ਅਲਵਿਦਾ ਕਹਿ ਗਿਆ| ਉਨ੍ਹਾਂ ਰੁੱਖਾਂ, ਬੂਟਿਆਂ, ਸੂਰਜ, ਚੰਦਰਮਾ, ਪਸ਼ੂ, ਪੰਛੀਆਂ, ਹਨੇਰ, ਚਾਨਣ ਤੇ ਤਿਤਲੀਆਂ ਤੋਂ ਬਹੁਤ ਦੂਰ ਜਿਹੜੇ ਉਸਦੇ ਤਨ-ਮਨ ਵਿਚ ਸਮਾਏ ਹੋਏ ਸਨ|
ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਜਦ ਉਸਦੀ ਹਲਕੀ-ਫੁਲਕੀ ਤੇ ਕੋਮਲ ਦੇਹ ਅਗਨੀ ਭੇਟ ਹੋ ਰਹੀ ਸੀ ਸਾਰਾ ਸੰਸਾਰ ਮਾਂ ਦਿਵਸ ਮਨਾ ਰਿਹਾ ਸੀ| ਉਹ ਵੀ ਅਰਸ਼ਾਂ ਵਿਚ ਬੈਠੀ ਆਪਣੀ ਮਾਤਾ ਦੀ ਗੋਦ ਵਿਚ ਜਾ ਬੈਠਿਆ ਸੀ| ਭੁਪਿੰਦਰ ਕੌਰ ਨੂੰ ਦਿਲਾਸਾ ਦੇਣ ਦੀ ਜ਼ਿੰਮੇਵਾਰੀ ਉਸਦੇ ਦੋਵੇਂ ਬੇਟਿਆਂ ਅੰਕੁਰ ਤੇ ਮਨਰਾਜ ਦੇ ਸਿਰ ਪਾ ਕੇ|
ਏਧਰ ਆਪਣੇ ਆਪ ਨੂੰ ਚੰਗਾ ਵਾਰਤਾਕਾਰ ਕਹਿਣ ਵਾਲੇ ਮੇਰੇ ਵਰਗੇ ਮੱਦਾਹਾਂ ਨੂੰ ਤਾਂ ਇਹ ਵੀ ਨਹੀਂ ਸੁੱਝ ਰਿਹਾ ਕਿ ਉਸ ਦੇ ਤੁਰ ਜਾਣ ਨਾਲ ਪਏ ਖਲਾਅ ਨੂੰ ਕਿਹੋ ਜਿਹੀ ਸ਼ਬਦਾਵਲੀ ਨਾਲ ਭਰਨ| ਏਥੇ ਵੀ ਮੈਨੂੰ ਉਹਦੇ ਵਲੋਂ ਸੰਤ ਸਿੰਘ ਸੇਖੋਂ ਦੇ ਅਕਾਲ ਚਲਾਣੇ ਸਮੇਂ ਵਰਤੇ ਸ਼ਬਦਾਂ ਦੀ ਸ਼ਰਨ ਲੈਣੀ ਪੈ ਰਹੀ ਹੈ: ‘ਕੱਲ੍ਹ ਤੱਕ ਲੁਦਿਹਾਣਾ ਸ਼ਹਿਰ ਦੇ ਇਸ ਪਾਸੇ ਵੀ ਇਕ ਸਤਲੁਜ ਵਗ ਰਿਹਾ ਸੀ ਜਿਹੜਾ ਅਚਾਨਕ ਰੁਕ ਗਿਆ ਹੈ| ਸਦਾ ਲਈ| ਸਦਾ ਸਦਾ ਲਈ|’
ਬਹੁਤ ਪਿਆਰੇ ਸੁਰਜੀਤ ਪਾਤਰ ਨੂੰ ਉਸਦੀ ਅਲਵਿਦਾ ਮੁਬਾਰਕ!
ਅੰਤਿਕਾ
ਅਮਾਨਤ ਅਲੀ ਮੁਸਾਫਰ, ਲਾਹੌਰ॥
ਤੇਰੀ ਸ਼ਾਇਰੀ ਛੱਲਾਂ ਮਾਰਦੀ ਜਿਵੇਂ ਪਾਣੀ ਵਿਚ ਦਰਿਆ
ਦਮ ਤੋੜ ਗਈਆਂ ਸਭ ਸੱਧਰਾਂ ਤੇ ਮੱਠੇ ਪੈ ਗਏ ਚਾਅ
ਤੇਰੇ ਉੱਤੇ ਕਰਦਾ ਮਾਣ ਸੀ ਸਾਡਾ ਸਾਰਾ ਪਾਕ ਪੰਜਾਬ
ਤੂੰ ਸ਼ਾਇਰੀ ਦੇ ਬਾਗ ਦਾ ਸੈਂ ਖਿੜਿਆ ਫੁੱਲ ਗੁਲਾਬ।