ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਪਹਿਲੀ ਝਾਕੀ ਵਿਦੇਸ਼ ਵਿਚ ਵਸਦੇ ਪਰਵਾਸੀ ਪੰਜਾਬੀ ਦੇ ਇਕ ਦਫ਼ਤਰ ਦੀ ਹੈ ਜਿਥੇ ਉਹ ਅਜਿਹਾ ਕਾਰੋਬਾਰ ਚਲਾ ਰਿਹਾ ਹੈ ਜੋ ਹੈ ਤਾਂ ਭਾਵੇਂ ਕਾਨੂੰਨੀ, ਪਰ ਇਹ ਬਿਜਨੈਸ ਹੇਰਾਫੇਰੀ ਨਾਲ ‘ਉਪਰਲੀ ਕਮਾਈ’ ਮੋਟੀ ਹੋਣ ਲਈ ਕਾਫ਼ੀ ਬਦਨਾਮ ਹੈ। ਮੇਰੇ ਇਕ ਜਾਣੂ ਨੂੰ ਇਸ ਬਿਜਨੈਸਮੈਨ ਨਾਲ ਕੋਈ ਕੰਮ ਸੀ, ਤੇ ਉਹ ਮੈਨੂੰ ਵੀ ਨਾਲ ਲੈ ਗਿਆ। ਦਫ਼ਤਰ ਦੇ ਅੰਦਰ ਵੜਦਿਆਂ ਹੀ ਸਾਹਮਣੇ ਹਲਕੇ ਕਰੀਮ ਰੰਗ ਦੀ ਕੰਧ ਉਪਰ ਗੂੜ੍ਹੇ ਨੀਲੇ ਅੱਖਰਾਂ ਵਿਚ ਲਿਖੀ ਹੋਈ ਗੁਰਬਾਣੀ ਦੀ ਤੁਕ ਨਜ਼ਰੀਂ ਪਈ, ‘ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ॥’ ਜਿਥੇ ਲੋਹੇ ਨੂੰ ਪਿੱਤਲ ਅਤੇ ਪਿੱਤਲ ਨੂੰ ਸੋਨਾ ਬਣਾਉਣ ਦੀਆਂ ਉਕਤੀਆਂ-ਜੁਗਤੀਆਂ ਚਲਦੀਆਂ ਹੋਣ, ਉਥੇ ਪਰਾਇਆ ਹੱਕ ਖਾਣ ਨੂੰ ਹਰਾਮ ਦੱਸਣ ਵਾਲੀ ਗੁਰਬਾਣੀ ਦੀ ਪੰਕਤੀ ਲਿਖੀ ਦੇਖ ਕੇ ਇਕੱਲਾ ਮੈਂ ਹੀ ਨਹੀਂ ਹੱਸਿਆ ਸਗੋਂ ਮੇਰਾ ਜਾਣੂ ਵੀ ਇਸੇ ਤੁਕ ਵੱਲ ਦੇਖ ਕੇ ਮੁਸਕਰਾ ਪਿਆ, “ਆਹ ਤਾਂ ਯਾਰ ਐਉਂ ਲਗਦੈ ਜਿਵੇਂ ਪੰਜਾਬ ਦੇ ਕਿਸੇ ਠਾਣੇ ਦੀਆਂ ਕੰਧਾਂ ਉਪਰ ‘ਸਚੈ ਮਾਰਗਿ ਚਲਦਿਆਂæææ’ ਜਾਂ ‘ਜੀਅ ਦਇਆ ਪਰਵਾਨ’ ਜੈਸੀਆਂ ਪੰਕਤੀਆਂ ਲਿਖੀਆਂ ਹੋਈਆਂ ਹੋਣ।”
ਅੰਦਰ ਵੜਦਿਆਂ ਨੂੰ ਸਾਹਮਣੇ ਵੱਡੇ ਸਾਰੇ ਟੇਬਲ ਅਤੇ ਖੁੱਲ੍ਹੀ ਜਿਹੀ ਕੁਰਸੀ ਉਪਰ ‘ਬੌਸ’ ਵਜੋਂ ਸਜੇ ਬੈਠੇ ਸਰਦਾਰ ਜੀ ਦੇ ਦਰਸ਼ਨ ਹੋਏ। ਦੁਆ-ਸਲਾਮ ਤੋਂ ਬਾਅਦ ਨਿੱਕੀਆਂ-ਨਿੱਕੀਆਂ ਗੱਲਾਂ ਚੱਲ ਪਈਆਂ। ਪਤਾ ਨਹੀਂ ਮੇਰੇ ਜਾਣੂ ਦੇ ਇਸ ਬਿਜਨੈਸਮੈਨ ਨਾਲ ਕਿਹੋ ਜਿਹੇ ਸਬੰਧ ਹੋਣਗੇ ਕਿ ਉਸ ਨੇ ਆਪਣੇ ਕੰਮ ਦੇ ਨਾਲ-ਨਾਲ ਉਸ ਨੂੰ ਹਾਸੇ ਹਾਸੇ ਵਿਚ ਇਹ ਗੱਲ ਵੀ ਸੁਣਾ ਦਿੱਤੀ ਕਿ ਤੁਹਾਡੇ ਦਫ਼ਤਰ ਵਿਚ ਬਾਬੇ ਦੀ ‘ਹੱਕ ਪਰਾਏ ਵਾਲ਼ੀ’ ਹਦਾਇਤ ਦਾ ਕੀ ਕੰਮ? ਇੱਥੇ ਤਾਂ ਸਾਰਾ ਦਿਨæææ।
ਇਹ ਟੇਢੀ ਜਿਹੀ ਗੱਲ ਸੁਣ ਕੇ ਪਹਿਲਾਂ ਤਾਂ ਉਸ ਦੇ ਚਿਹਰੇ ਉਪਰ ਦੁੱਖ-ਪ੍ਰੇਸ਼ਾਨੀ ਦੇ ਰਲ਼ਵੇਂ ਮਿਲ਼ਵੇਂ ਚਿਹਨ ਉਭਰੇ। ਦੋ ਕੁ ਪਲ ਬਾਅਦ ਮੁਸਕਰਾਉਂਦਿਆਂ ਹੋਇਆਂ ਉਹ ਸਾਨੂੰ ਕੈਬਿਨ ਵਿਚ ਲੈ ਗਿਆ। ਉਥੇ ਠੰਢੇ ਤੋਂ ਬਾਅਦ ਕੌਫੀ ਦੀਆਂ ਚੁਸਕੀਆਂ ਭਰਦਿਆਂ ਉਸ ਨੇ ਆਪਣੀ ‘ਈਮਾਨਦਾਰੀ’ ਪ੍ਰਗਟਾਉਂਦੀ ਜੋ ਹੱਡਬੀਤੀ ਸੁਣਾਈ, ਉਸ ਨੂੰ ਸੁਣ ਕੇ ਸਾਡੇ ਦੋਹਾਂ ਜਣਿਆਂ ਦੇ ਹੀ ਮੂੰਹ ਅੱਡੇ ਰਹਿ ਗਏ!
ਇਸ ਦਫ਼ਤਰ ਵਿਚ ਦੋ ਕੁ ਹਫ਼ਤੇ ਪਹਿਲਾਂ ਦਰਸ਼ਨੀ ਚਿਹਰੇ ਮੋਹਰੇ ਵਾਲਾ ਕੋਈ ਗੁਰਸਿੱਖ ਸੱਜਣ ਆਪਣਾ ਕੰਮ ਕਰਾਉਣ ਲਈ ਪਧਾਰਿਆ। ਆਉਂਦਿਆਂ ਹੀ ‘ਵੈਹਗੁਰੂ ਜੀ ਕੀ ਫਤਹਿ’ ਬੁਲਾਉਣ ਤੋਂ ਬਾਅਦ ਉਹ ਬਿਜਨੈਸਮੈਨ ਦੇ ਚਿਹਰੇ ਉਤੇ ਚੁਭਵੀਆਂ ਜਿਹੀਆਂ ਨਜ਼ਰਾਂ ਮਾਰ ਕੇ ਕਹਿਣ ਲੱਗਾ, “ਢੰਡ ਸਾਹਿਬ, ਤੁਸੀਂ ਗੁਰਮੁਖ ਪਿਆਰੇ ਹੋ, ਆਪਣੀ ਦਾੜ੍ਹੀ ਬੰਨ੍ਹ ਕੇ ਕਿਉਂ ਰੱਖਦੇ ਹੋ? ਇਹ ਤਾਂ ਪ੍ਰਕਾਸ਼ ਕੀਤੀ ਹੀ ਸੋਭਦੀ ਹੈ।”
“ਭਾਈ ਸਾ’ਬ, ਪਹਿਲੋਂ ਪਹਿਲ ਮੈਂ ਖੁੱਲ੍ਹੀ ਹੀ ਛੱਡਦਾ ਹੁੰਦਾ ਸਾਂ ਪਰ ਕੁਝ ਸੱਜਣ-ਮਿੱਤਰ ਕਹਿਣ ਲੱਗੇ ਕਿ ਦਫ਼ਤਰ ਵਿਚ ਗੋਰਿਆਂ ਅਤੇ ਦੂਜੇ ਗਾਹਕਾਂ ਦਾ ਵੀ ਆਉਣ-ਜਾਣ ਹੋਣਾ ਹੈ; ਇਸ ਕਰਕੇ ਦਾੜ੍ਹੀ ਬੰਨ੍ਹ ਹੀ ਲਿਆ ਕਰੋ। ਸੋ, ਮੈਂ ਬੰਨ੍ਹਣੀ ਸ਼ੁਰੂ ਕਰ’ਤੀ।æææ ਹੁਕਮ ਕਰੋ ਹੁਣ?” ਢੰਡ ਨੇ ਆਪਣੇ ਬਿਜਨੈਸ ਦੇ ਨੁਕਤੇ ਉਤੇ ਲਿਆ ਗੱਲ ਮੁਕਾਈ।
ਪੁਰਾਤਨ ਸਿੰਘਾਂ ਜਿਹੇ ਚਿਹਰੇ ਮੋਹਰੇ ਵਾਲੇ ਲਿਬਾਸਧਾਰੀ ਗੁਰਮੁਖ ਦਿਖਾਈ ਦੇ ਰਹੇ ਇਸ ‘ਕਸਟਮਰ’ ਦਾ ਦੇਖੋ ਕੰਮ ਕੀ ਸੀ? ਇਸ ਨੇ ਆਪਣੇ ਕਾਗਜ਼ ਪੱਤਰਾਂ ਵਿਚ ਝੂਠੇ ਸੱਚੇ ਦਾਅਵੇ ਲਿਖਵਾ ਕੇ ਸਰਕਾਰ ਵੱਲੋਂ ਦਿੱਤੀ ਜਾਂਦੀ ਮਾਇਕ ਸਹੂਲਤ ਦਾ ਲਾਭ-ਪਾਤਰ ਬਣਨਾ ਸੀ। ਸਾਰੀ ਫ਼ਰਜ਼ੀ ਕਾਗ਼ਜ਼ੀ ਕਾਰਵਾਈ ਕਰਵਾ ਕੇ ਇਸ ਨੂੰ ਚਾਲੀ ਕੁ ਹਜ਼ਾਰ ਦੀ ਵਿਦੇਸ਼ੀ ਕਰੰਸੀ ਮਿਲ ਜਾਣੀ ਸੀ ਜਿਸ ਵਿਚੋਂ ਪੰਜ ਹਜ਼ਾਰ ਦਾ ‘ਗੱਫਾ’ ਇਸ ਨੇ ਢੰਡ ਸਾਹਿਬ ਨੂੰ ਦੇਣ ਦੀ ਪੇਸ਼ਕਸ਼ ਕੀਤੀ।
ਧਾਰਮਿਕ ਉਪਦੇਸ਼ ਦੇਣ ਵਾਲੇ ਇਸ ‘ਸਿੰਘ ਦਾ ਕੰਮ’ ਸੁਣ ਕੇ ਢੰਡ ਹੱਕਾ-ਬੱਕਾ ਰਹਿ ਗਿਆ! ਉਸ ਨੇ ਕੰਧ ਉਤੇ ਲਿਖੀ ਹੋਈ ‘ਹੱਕ ਪਰਾਇਆ’ ਵਾਲੀ ਪੰਕਤੀ ਵੱਲ ਇਸ਼ਾਰਾ ਕਰਕੇ ਦੱਸਿਆ ਕਿ ਸ੍ਰੀਮਾਨ ਜੀ, ਅਸੀਂ ਇਹ ਸਹੂਲਤ ਲੈਣ ਦੇ ਹੱਕਦਾਰਾਂ ਦਾ ਕੰਮ ਪੰਜ ਹਜ਼ਾਰ ‘ਚ ਨਹੀਂ, ਸਿਰਫ਼ ਢਾਈ ਸੌ ਦੀ ਫੀਸ ਲੈ ਕੇ ਕਰਦੇ ਹਾਂ ਪਰ ਕੇਸ ਅਸਲੀ ਹੋਵੇ, ਨਕਲੀ ਨਹੀਂ। ਕਾਗ਼ਜ਼ਾਂ ਵਿਚ ਅਸੀਂ ਰਾਈ ਜਿੰਨੀ ਵੀ ਹੇਰ-ਫੇਰ ਨਹੀਂ ਕਰਦੇ। ਬਾਬੇ ਦੀ ਕਿਰਪਾ ਨਾਲ ਈਮਾਨਦਾਰੀ ਸਦਕਾ ਦਾਲ-ਫੁਲਕਾ ਵਧੀਆ ਚੱਲੀ ਜਾਂਦਾ ਐ।
“ਦੇਖ ਲਉ, ਕੰਮ ਤਾਂ ਮੈਂ ਕਿਸੇ ਹੋਰ ਤੋਂ ਵੀ ਕਰਵਾ ਲੈਣਾ ਸੀ, ਪਰ ਤੁਹਾਨੂੰ ‘ਸਿੱਖ ਭਰਾ’ ਜਾਣ ਕੇ ਤੁਹਾਡੇ ਕੋਲ ਆਇਆ ਹਾਂ।” ਸਿੰਘ ਜੀ ਨੇ ਢੰਡ ਨੂੰ ਨਵਾਂ ਚੋਗਾ ਪਾਉਣ ਦੀ ਕੋਸ਼ਿਸ਼ ਵਜੋਂ ਇਹ ਫੀਲਾ ਸੁੱਟਿਆ।
ਇਹ ਸੁਣ ਕੇ ਈਮਾਨਦਾਰੀ ਦਾ ਮੁਜੱਸਮਾ ਢੰਡ ਜ਼ਰਾ ਤੈਸ਼ ‘ਚ ਆ ਗਿਆ, “ਦੇਖੋ ਮਿਸਟਰ, ਮੈਂ ਤੁਹਾਡੇ ਵਰਗਾ ‘ਸਿੱਖ ਭਰਾ’ ਨਹੀਂ ਹਾਂ। ਮੈਂ ਤੁਹਾਡੇ ਨਾਲੋਂ ਗੁਰਦੁਆਰੇ ਸ਼ਾਇਦ ਘੱਟ ਹੀ ਜਾਂਦਾ ਹੋਵਾਂ, ਪਾਠ ਵੀ ਘੱਟ ਕਰਦਾ ਹੋ ਸਕਦਾਂ ਪਰ ਜਿੰਨੀ ਕੁ ਮੈਨੂੰ ਬਾਣੀ ਦੇ ਉਪਦੇਸ਼ ਦੀ ਸਮਝ ਪਈ ਏ, ਮੈਂ ਉਹਦੇ ‘ਤੇ ਅਮਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂæææ ਬਰਾਏ ਮਿਹਰਬਾਨੀ ਆਪਣੇ ਕਾਗਜ਼ਾਂ ਦਾ ਪੁਲੰਦਾ ਚੁੱਕ ਕੇæææ ਯੂ ਕੈਨ ਗੋ।”
ਦੋ ਟੁੱਕ ਜਵਾਬ ਸੁਣ ਕੇ ‘ਖਾਲਸਾ ਜੀ’ ਜਦੋਂ ਆਪਣੇ ਪੇਪਰਾਂ ਵਾਲਾ ਬੈਗ ਸਮੇਟ ਕੇ ਦਫ਼ਤਰ ਤੋਂ ਬਾਹਰ ਨਿਕਲਣ ਲੱਗੇ ਤਾਂ ਉਨ੍ਹਾਂ ਨੂੰ ਢੰਡ ਨੇ ਪਿਛਿਉਂ ‘ਵਾਜ਼ ਮਾਰੀ। ‘ਆ ਗਿਆ ਲਾਲਚ ਦੀ ਲਪੇਟ ‘ਚ ਵੱਡਾ ਈਮਾਨਦਾਰ’, ਇਹ ਸੋਚ ਕੇ ਮੁੱਛਾਂ ਨੂੰ ਵੱਟ ਚਾੜ੍ਹਦਿਆਂ ਸਿੰਘ ਜੀ ਪਿੱਛੇ ਨੂੰ ਮੁੜ ਪਏ।
“ਢੰਡ ਸਾਹਿਬ, ਮੈਨੂੰ ਸੱਦਿਆ ਐ?”
“ਜੀ।”
“ਹੁਕਮ ਕਰੋ?” ਸਿੰਘ ਜੀ ਨੇ ਬੜੀ ਤਸੱਲੀ ਨਾਲ ਆਪਣਾ ਪੇਪਰਾਂ ਵਾਲਾ ਬੁਜ਼ਕਾ ਟੇਬਲ ‘ਤੇ ਰੱਖਦਿਆਂ ਪੁੱਛਿਆ।
“ਹੁਕਮ ਨਹੀਂ ਜੀ, ਬੇਨਤੀ ਹੈ।” ਢੰਡ ਨੇ ਹਲੀਮੀ ਨਾਲ ਹੱਥ ਜੋੜਦਿਆਂ ਆਖਿਆ।
“ਕਿਸੇ ਵੀ ਮੇਰੇ ਵਰਗੇ ਸਿੱਖ ਨੂੰ ਦਾੜ੍ਹੀ ਖੁੱਲ੍ਹੀ ਰੱਖਣ ਦਾ ਉਪਦੇਸ਼ ਦਿਉ ਜਾਂ ਨਾ ਦਿਉ, ਪਰ ਤੁਹਾਨੂੰ ਗੁਰੂ ਦਾ ਵਾਸਤਾ ਹੈ, ਅਹਿ ਆਪਣੇ ਭੇਸ ਵਿਚ ਵਿਚਰਦਿਆਂ ਹੇਰਾ-ਫੇਰੀ ਅਤੇ ਬੇਈਮਾਨੀ ਕਰਨ ਤੋਂ ‘ਪਲੀਜ਼’ ਗੁਰੇਜ਼ ਕਰਿਓ। ਬੱਸ, ਇਹੀ ਅਰਜ਼ ਕਰਨੀ ਸੀ ਆਪ ਨੂੰ।”
ਇਕ ਧਰਮੀ ਪੁਰਸ਼ ਇਕ ਕਾਰੋਬਾਰੀ ਦਫ਼ਤਰ ਵਿਚੋਂ ਧਰਮ ਦਾ ਅਸਲ ਉਪਦੇਸ਼ ਲੈ ਕੇ ਖੋਟੇ ਪੈਸੇ ਵਾਂਗ ਬਾਹਰ ਆ ਗਿਆ। ਕਿਸੇ ਹੋਰ ਪਾਸੋਂ ਉਸ ਨੇ ਕੰਮ ਕਰਾਇਆ ਜਾਂ ਨਹੀਂ, ਇਹ ਤਾਂ ਰੱਬ ਜਾਣੇ ਪਰ ਮਹੀਨੇ ਕੁ ਬਾਅਦ ਹੀ ਵਿਦੇਸ਼ੀ ਮੀਡੀਏ ਵਿਚ ਉਸ ਦੀ ਨੰਗੇ ਸਿਰ ਵਾਲੀ ਫੋਟੋ ਛਪੀ ਜਿਸ ਦੇ ਥੱਲੇ ਉਸ ਦੀਆਂ ਜਾਅਲ-ਸਾਜ਼ੀਆਂ ਦਾ ਵੇਰਵਾ ਦੇ ਕੇ ਲਿਖਿਆ ਹੋਇਆ ਸੀ ਕਿ ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਖ਼ਬਰ ਦੇ ਅਖੀਰ ਵਿਚ ਉਸ ਦਾ ਆਪਣਾ ਬਿਆਨ ਵੀ ਛਪਿਆ ਹੋਇਆ ਸੀ। ਜਾਣ ਬੁੱਝ ਕੇ ‘ਧਾਰਮਿਕ ਫਰਜ਼ਾਂ’ ਨੂੰ ਪਿੱਠ ਦੇਣ ਵਾਲੇ ਇਸ ਸ੍ਰੀਮਾਨ ਨੇ ਵਿਦੇਸ਼ੀ ਪੁਲਿਸ ‘ਤੇ ‘ਦੋਸ਼’ ਲਾਇਆ ਹੋਇਆ ਸੀ, ਅਖੇæææ ਇਸ ਨੇ ਮੇਰਾ ਸਿਰ ਨੰਗਾ ਕਰਵਾ ਕੇ ਮੇਰੇ ‘ਧਾਰਮਿਕ ਅਕੀਦੇ’ ਨੂੰ ਠੇਸ ਪਹੁੰਚਾਈ ਹੈ!
ਦੂਜੀ ਝਾਕੀ ਵੀ ਵਿਦੇਸ਼ੀ ਸ਼ਹਿਰ ਦੀ ਹੈ। ਇਕੋ ਸਟਰੀਟ ਦੇ ਆਹਮੋ-ਸਾਹਮਣੇ ਦੋ ਪੰਜਾਬੀਆਂ ਦੇ ਘਰ। ਇਕ ਭਾਰਤੀ ਪੰਜਾਬ ਤੋਂ ਸਿੱਖ ਤੇ ਦੂਜਾ ਪਾਕਿਸਤਾਨੀ ਪੰਜਾਬ ਤੋਂ ਮੁਸਲਮਾਨ। ਕਈ ਦਹਾਕਿਆਂ ਤੋਂ ਵਸਦੇ-ਰਸਦੇ ਦੋਹਾਂ ਪਰਿਵਾਰਾਂ ‘ਚ ਗੂੜ੍ਹਾ ਪ੍ਰੇਮ ਪਿਆਰ। ਰੋਜ਼ ਵਾਂਗ ਭਾਰਤੀ ਪੰਜਾਬੀਆਂ ਦੇ ਘਰੋਂ ਮਾਤਾ ਜੀ ਨਿਤਨੇਮ ਦੇ ਪਾਠ ਤੋਂ ਵਿਹਲੇ ਹੁੰਦਿਆਂ ਹੀ ਡੰਗੋਰੀ ਫੜ ਕੇ ਸੈਰ ਨੂੰ ਚੱਲ ਪੈਂਦੇ ਨੇ। ਅੱਜ ਵੀ ਉਨ੍ਹਾਂ ਹਮੇਸ਼ਾ ਵਾਂਗ ਆਪਣੀ ਹਮ-ਉਮਰ ਮੁਸਲਿਮ ਬੀਬੀ ਨੂੰ ਨਾਲ ਲੈ ਲਿਆ।
“ਕੀ ਦੱਸਾਂ ਭੈਣ ਜੀæææ।” ਮੁਸਲਿਮ ਬੀਬੀ ਨੇ ਗੱਲ ਛੋਹੀ। ਉਹ ਆਪਣੇ ਗਵਾਂਢ ਵਿਚ ਹੀ ਮਹੀਨੇ ਕੁ ਭਰ ਤੋਂ ਆਣ ਵਸੇ ਇਕ ਹੋਰ ਭਾਰਤੀ ਪੰਜਾਬੀ ਪਰਿਵਾਰ ਦੀ ਖ਼ਸਲਤ ਦੱਸਣ ਲੱਗੀ, “ਅਹੀਂ ਦੋਵੇਂ ਟੱਬਰ ਵਰ੍ਹਿਆਂ ਤੋਂ ਇਕੱਠੇ ਗੁਜ਼ਰ ਕਰ ਰਹੇ ਵਾਂ। ਅਹੀਂ ਕਦੇ ਇਕ-ਦੂਜੇ ਦੇ ਘਰੀਂ ਕੋਈ ਚੀਜ਼ ਮੰਗਣ ਨਹੀਂ ਗਏ। ਆਹ ਨਿਖਸਮੇਂ ਪਤਾ ਨਹੀਂ ਕਿਹੋ ਜਿਹੇ ਪੰਜਾਬੀ ਆਏ ਨੇ, ਕਦੇ ਕਾਰ ਮੰਗਣ ਟੁਰ ਪੈਂਦੇ ਨੇ, ਕਦੇ ਕੁੱਕਰ ਮੰਗਣ। ਕਦੇ ਕੋਈ ਸ਼ੈਅ ਤੇ ਕਦੇ ਕੋਈæææ।”
ਵਿਚੋਂ ਹੀ ਗੱਲ ਬੋਚਦਿਆਂ, ਸਿਮਰਨਾ ਫੇਰਦੀ ਹੋਈ ਨਾਲ-ਨਾਲ ਤੁਰੀ ਜਾ ਰਹੀ ਸਿੱਖ ਬੀਬੀ ਨੇ ਪਟਾਕ ਦੇਣੀ ‘ਸੁਝਾਅ’ ਦਿੱਤਾ, “ਤੁਸੀਂ ਮੁੱਕਰ ਜਾਇਆ ਕਰੋ ਜਾਂ ਕਹਿ ਦਿਆ ਕਰੋ ਕਿ ਸਾਡੇ ਘਰ ਹੈ ਨਈਂ ਗੀ!” ਇਹ ‘ਪੱਤੇ’ ਦੀ ਗੱਲ ਕਹਿ ਕੇ ਉਹ ਫਿਰ ਸਿਮਰਨਾ ਫੇਰਨ ਲੱਗ ਪਈ।
“ਨਾ ਭੈਣਾ ਨਾ!” ਸਿਰ ‘ਤੇ ਹਿਜਾਬ ਸਵਾਰਦਿਆਂ ਘਿਗਿਆਈ ‘ਵਾਜ਼ ਵਿਚ ਮੁਸਲਿਮ ਬੀਬੀ ਨੇ ਆਪਣਾ ਪੱਖ ਦੱਸਿਆ,”ਇਸਲਾਮ ਸਾਨੂੰ ਇਸ ਦੀ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਘਰੋਂ ਕੋਈ ਚੀਜ਼ ਮੰਗਣ ਆਏ ਹਮਸਾਏ ਨੂੰ, ਚੀਜ਼ ਹੁੰਦਿਆਂ-ਸੁੰਦਿਆਂ ਮੁੱਕਰ ਜਾਈਏ।”
ਤੀਜੀ ਝਾਕੀ ਪੰਜਾਬ ਦੇ ਪਹਾੜੀ ਖੇਤਰ ਦੇ ਇਕ ਪਿੰਡ ਦੀ ਹੈ। ਅੰਗਰੇਜ਼ਾਂ ਦੇ ਰਾਜ ਵੇਲੇ ਤੋਂ ਹੀ ਇਸ ਪਿੰਡ ਵਿਚ ਕਈ ਮੁਰੱਬਿਆਂ ਦਾ ਮਾਲਕ ਠਾਠ-ਬਾਠ ਵਾਲਾ ਪਰਿਵਾਰ ਰਹਿੰਦਾ ਸੀ। ਲੰਮੇ-ਚੌੜੇ ਵਾਗਲੇ ਵਿਚ ਇਨ੍ਹਾਂ ਦੀਆਂ ਹਵੇਲੀਆਂ ਛੱਤੀਆਂ ਹੋਈਆਂ ਸਨ। ਮੁੱਢੋਂ-ਸੁੱਢੋਂ ਹੀ ਇਨ੍ਹਾਂ ਨੇ ਇਕ ਖੁੱਲ੍ਹਾ-ਡੁੱਲ੍ਹਾ ਕਮਰਾ ਹਲਕੇ ਦੇ ਪਟਵਾਰੀ ਨੂੰ ਦਿੱਤਾ ਹੋਇਆ ਸੀ ਜਿੱਥੇ ਸ਼ਾਮ ਪੈਂਦਿਆਂ ਹੀ ਸ਼ਰਾਬ ਕਬਾਬ ਦੀਆਂ ਮਹਿਫ਼ਲਾਂ ਜੁੜਦੀਆਂ। ਕਿਤੇ ਪਹਿਲੇ ਪਟਵਾਰੀ ਦੀ ਬਦਲੀ ਹੋਣ ‘ਤੇ ਦੂਜਾ ਪਟਵਾਰੀ ਇਥੇ ਧਰਮ ਕਰਮ ਨੂੰ ਮੰਨਣ ਵਾਲਾ ਸ਼ੁੱਧ ਵੈਸ਼ਨੋ ਆ ਗਿਆ। ਪਿਆਜ਼ ਲਸਣ ਤੱਕ ਨੂੰ ਵੀ ‘ਟੱਚ’ ਨਾ ਕਰਨ ਵਾਲੇ ਸਨਾਤਨੀ ਵਿਚਾਰਾਂ ਦੇ ਧਾਰਨੀ ਪਟਵਾਰੀ ਦਾ ਇਸ ਸ਼ਾਹੀ ਹਵੇਲੀ ਵਿਚ ਕਿਵੇਂ ਜੀਅ ਲਗਦਾ?
ਉਹ ਆਪਣੇ ਲਈ ਨਵੇਂ ਟਿਕਾਣੇ ਦੀ ਭਾਲ ਵਿਚ ਉਸੇ ਪਿੰਡ ਦੇ ਬਾਹਰਵਾਰ ਬਣੇ ਮੰਦਰ ਵਿਚ ਚਲਾ ਗਿਆ। ਮੰਦਰ ਦੇ ਪ੍ਰਬੰਧਕਾਂ ਦੇ ਮੂੰਹੋਂ ਇਥੇ ਸਾਦਾ ਦਾਲ-ਫੁਲਕਾ ਹੀ ਮਿਲਣ ਦੀ ਗੱਲ ਸੁਣ ਕੇ ਪਟਵਾਰੀ ਨੇ ਖੁਸ਼ ਹੁੰਦਿਆਂ ਦੱਸਿਆ ਕਿ ਮੇਰੀ ਤਾਂ ਖੁਰਾਕ ਹੀ ਇਹੋ ਹੈ। ਇੱਧਰੋਂ ‘ਹਾਂ’ ਹੋਣ ‘ਤੇ ਮਹਿਕਮਾ ਮਾਲ ਦੇ ਸਾਰੇ ਕਾਗਜ਼ ਪੱਤਰ ਮੰਦਰ ਕੰਪਲੈਕਸ ਦੇ ਇਕ ਕਮਰੇ ‘ਚ ਰੱਖ ਦਿੱਤੇ ਗਏ। ਮੰਦਰ ਵਿਚ ਸਵੇਰੇ ਸ਼ਾਮ ਭਜਨ ਕੀਰਤਨ ਹੁੰਦਾ ਤੇ ਪਟਵਾਰੀ ਦੋਵੇਂ ਵਕਤ ਹਾਜ਼ਰੀ ਭਰਦਾ। ਖਾਸ ਕਰਕੇ ਸੰਧਿਆ ਵੇਲੇ ਹੋਣ ਵਾਲੀ ਆਰਤੀ ਤੋਂ ਉਹ ਕਦੇ ਨਾ ਖੁੰਝਦਾ। ਹੇਰਾਫੇਰੀ ਅਤੇ ਰਿਸ਼ਵਤਖੋਰੀ ਲਈ ਬਦਨਾਮ ਹੋ ਚੁੱਕੇ ਇਸ ਮਹਿਕਮੇ ਦਾ ਇਹ ਧਰਮੀ ਪਟਵਾਰੀ ਪੂਰੇ ਇਲਾਕੇ ਲਈ ਸਤਿਕਾਰ ਦਾ ਪਾਤਰ ਬਣ ਗਿਆ।
ਕੁਝ ਦਿਨਾਂ ਬਾਅਦ ਇਸ ਪਟਵਾਰੀ ਨਾਲ ਇਥੇ ਇਕ ਅਜੀਬ ਘਟਨਾ ਵਾਪਰੀ। ਨਿੱਤ-ਕਿਰਿਆ ਅਨੁਸਾਰ ਇਕ ਸ਼ਾਮ ਮੰਦਰ ਦੇ ਮੁੱਖ ਪੂਜਾ ਸਥਾਨ ਵਿਚ ਸੰਧਿਆ ਦੀ ਆਰਤੀ ਹੋ ਰਹੀ ਸੀ। ਅਗਰਬੱਤੀਆਂ ਦੀਆਂ ਸੁਗੰਧੀਆਂ ਨੇ ਚੌਗਿਰਦਾ ਮੁਅੱਤਰ ਕੀਤਾ ਹੋਇਆ ਸੀ। ਲੈਅ-ਬੱਧ ਟੱਲੀਆਂ ਖੜਕ ਰਹੀਆਂ ਸਨ। ਘੜਿਆਲ ਵੱਜ ਰਹੇ ਸਨ। ਸੰਖ ਪੂਰੇ ਜਾ ਰਹੇ ਸਨ। ਭਗਤ-ਜਨ ਸ਼ਰਧਾ ‘ਚ ਗੜੂੰਦ ਹੋ ਕੇ ਪੁਜਾਰੀਆਂ ਦੇ ਨਾਲ-ਨਾਲ ਆਰਤੀ ਉਚਾਰ ਰਹੇ ਸਨ। ਸੰਗਤ ਵਿਚ ਅੱਖਾਂ ਮੁੰਦੀ ਖੜ੍ਹੇ ਪਟਵਾਰੀ ਦੇ ਅਚਾਨਕ ਕੰਨਾਂ ਵਿਚ ਪਿਛਿਉਂ ਆਵਾਜ਼ ਪਈ, “ਪਟਵਾਰੀ ਸਾਹਬ, ਤੁਹਾਡਾ ਇੱਥੇ ਕੀ ਕੰਮ?”
ਹੈਰਾਨ ਹੋਏ ਪਟਵਾਰੀ ਨੇ ਜਦ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਹੋਰ ਭਵੰਤਰ ਗਿਆ! ਇਹ ਗੱਲ ਕਹਿਣ ਵਾਲਾ ਕੋਈ ਹੋਰ ਨਹੀਂ ਸਗੋਂ ਇਸੇ ਮੰਦਰ ਦਾ ਮੁਨੀ ਮਹਾਰਾਜ ਸੀ। ਇਸ ਤੋਂ ਪਹਿਲਾਂ ਕਿ ਪਟਵਾਰੀ ਮੂੰਹੋਂ ਕੁਝ ਬੋਲਦਾ, ਮੁਨੀ ਮਹਾਰਾਜ ਪਟਵਾਰੀ ਨੂੰ ਬਾਹੋਂ ਫੜ ਕੇ ਉਸ ਦੇ ਕਮਰੇ ਵੱਲ ਲੈ ਤੁਰਿਆ।
“ਪਟਵਾਰੀ ਜੀ, ਜਿਸ ਭਗਵਾਨ ਜੀ ਦੀ ਆਰਤੀ ਵਿਚ ਤੁਸੀਂ ਅੰਤਰ-ਧਿਆਨ ਹੋਏ ਖੜ੍ਹਦੇ ਓ, ਇਹ ਮੂਰਤੀ ਅਸੀਂ ਰਾਜਸਥਾਨ ਦੇ ਬੁੱਤ-ਘਾੜਿਆਂ ਪਾਸੋਂ ਖੁਦ ਖਰੀਦ ਕੇ ਲਿਆਏ ਹਾਂ। ਤੁਸੀਂ ਮੰਦਰ ਦੀ ਆਰਤੀ ਨਾਲੋਂ ਪਹਿਲਾਂ ਆਪਣਾ ‘ਧਰਮ’ ਨਿਭਾਉ, ਜਿਸ ਦੇ ਬਦਲੇ ਤੁਸੀਂ ਤਨਖਾਹ ਲੈਂਦੇ ਓæææਰਿਸ਼ਵਤ, ਹੇਰਾ ਫੇਰੀ ਅਤੇ ਬਗੈਰ ਸਿਫਾਰਸ਼ ਦੇ ਪਟਵਾਰਪੁਣਾ ਕਰਨਾ ਹੀ ਤੁਹਾਡਾ ਅਸਲ ਧਰਮ ਹੈæææਰਿਸ਼ਵਤਾਂ ਖਾ ਕੇ ਜਾਂ ਕਿਸੇ ਦਾ ਹੱਕ ਮਾਰ ਕੇ ਧਰਮ ਮੰਦਰਾਂ ਵਿਚ ਅੱਖਾਂ ਮੀਚ ਮੀਚ ਖਲੋਣ ਨਾਲ ਕੋਈ ਧਰਮੀ ਨਹੀਂ ਬਣ ਸਕਦਾ!”
ਅਸਲ ਧਰਮ ਦਾ ਉਪਦੇਸ਼ ਦਿੰਦਾ ਹੋਇਆ ਮੁਨੀ ਮਹਾਰਾਜ, ਪਟਵਾਰੀ ਜੀ ਨੂੰ ਉਸ ਦੇ ਕਮਰੇ ਵਿਚ ਲੈ ਗਿਆ ਜਿਥੇ ਸਾਰੇ ਦਿਨ ਦੇ ਥੱਕੇ ਹਾਰੇ ਪੇਂਂਡੂ ਕਿਰਤੀ ਕਿਸਾਨ ਆਰਤੀ ਸਮਾਪਤੀ ਦੀ ਉਡੀਕ ਵਿਚ ਬੈਠੇ ਸਨ ਕਿ ਕਦ ਪਟਵਾਰੀ ਆਵੇ, ਕਦ ਉਹ ਆਪੋ ਆਪਣੇ ਕੰਮ ਕਰਵਾ ਕੇ ਘਰਾਂ ਨੂੰ ਚਾਲੇ ਪਾਉਣ।
Leave a Reply