ਪੰਜਾਬ ‘ਚ ਆਬਾਦੀ ਨਾਲੋਂ ਵੋਟਰ ਜ਼ਿਆਦਾ!

ਚੰਡੀਗੜ੍ਹ: ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਵੋਟਰਾਂ ਬਾਰੇ ਜਾਰੀ ਅੰਕੜਿਆਂ ਵਿਚ 30 ਤੋਂ 69 ਸਾਲ ਦੀ ਉਮਰ ਗਰੁੱਪ ਦੇ ਵਿਅਕਤੀਆਂ ਦੀਆਂ ਵੋਟਾਂ ਇਸ ਉਮਰ ਗਰੁੱਪ ਦੀ ਆਬਾਦੀ ਨਾਲੋਂ 12 ਲੱਖ ਵੱਧ ਦਿਖਾਈਆਂ ਜਾ ਰਹੀਆਂ ਹਨ। ਪੰਜਾਬ ਵਿਚ ਇਸ ਸਮੇਂ ਇਕ ਕਰੋੜ 85 ਲੱਖ  92 ਹਜ਼ਾਰ 870 ਵੋਟਰ ਹਨ ਤੇ ਮਰਦਮਸ਼ੁਮਾਰੀ ਮੁਤਾਬਕ ਇਕ ਕਰੋੜ 92 ਲੱਖ 34 ਹਜ਼ਾਰ 68 ਵਿਅਕਤੀ ਵੋਟਾਂ ਦੇ ਯੋਗ ਮੰਨੇ ਜਾ ਰਹੇ ਹਨ।
ਇਸ ਤਰ੍ਹਾਂ ਨਾਲ ਸੂਬੇ ਵਿਚ ਸੱਤ ਲੱਖ ਤੋਂ ਵੱਧ ਵਿਅਕਤੀਆਂ ਦੀਆਂ ਹੀ ਵੋਟਾਂ ਨਹੀਂ ਬਣੀਆਂ ਜਦੋਂਕਿ ਕਮਿਸ਼ਨ ਨੌਂ ਲੱਖ ਤਾਂ ਅਜਿਹੇ ਨੌਜਵਾਨਾਂ ਨੂੰ ਵੋਟਾਂ ਬਣਾਉਣ ਲਈ ਤਲਾਸ਼ ਰਿਹਾ ਹੈ ਜਿਨ੍ਹਾਂ ਦੀ ਉਮਰ 18 ਤੋਂ 19 ਸਾਲ ਦੇ ਦਰਮਿਆਨ ਹੈ। ਇਸ ਤਰ੍ਹਾਂ ਨਾਲ ਕੁੱਲ ਵੋਟਾਂ ਦੇ ਤੱਥਾਂ ਵਿਚ ਵੀ ਭੁਲੇਖਾ ਪਾਊ ਹਾਲਤ ਹੈ। ਕਮਿਸ਼ਨ ਦੇ ਨੁਮਾਇੰਦਿਆਂ ਕੋਲ ਇਨ੍ਹਾਂ ਤੱਥਾਂ ਦਾ ਕੋਈ ਜਵਾਬ ਨਹੀਂ ਹੈ। ਕਮਿਸ਼ਨ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਇਹ ਤੱਥ ਸੁਧਾਰਨ ਦੀਆਂ ਹਦਾਇਤਾਂ ਦਿੱਤੀਆਂ ਹੋਈਆਂ ਹਨ।
ਚੋਣ ਕਮਿਸ਼ਨ ਦੀ ਤਾਜ਼ਾ ਮੁਹਿੰਮ ਤਹਿਤ ਪਹਿਲੀ ਜਨਵਰੀ 2014 ਤੱਕ 18 ਸਾਲ ਦੀ ਉਮਰ ਦੇ ਹੋਣ ਵਾਲੇ ਨੌਜਵਾਨ ਵੋਟਾਂ ਦੇ ਯੋਗ ਹਨ। ਪੰਜਾਬ ਵਿਚ ਅਜਿਹੇ ਨੌਜਵਾਨਾਂ ਨੂੰ ਵੋਟਾਂ ਬਣਾਉਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ ਤਾਂ ਜੋ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਵਧਾਇਆ ਜਾ ਸਕੇ। ਕਮਿਸ਼ਨ ਨੇ ਕਾਲਜਾਂ ਤੱਕ ਮੁਹਿੰਮ ਚਲਾਈ ਹੈ। ਇਸ ਸਮੇਂ 18 ਤੋਂ 19 ਸਾਲ ਦੇ ਵੋਟਰਾਂ ਦੀ ਗਿਣਤੀ 11 ਲੱਖ 91 ਹਜ਼ਾਰ 122 ਹੈ ਤੇ ਯੋਗ ਵੋਟਰਾਂ ਦੀ ਗਿਣਤੀ 23 ਲੱਖ ਤੋਂ ਵੀ ਜ਼ਿਆਦਾ ਮੰਨੀ ਜਾਂਦੀ ਹੈ।
ਕਮਿਸ਼ਨ ਦੇ ਤੱਥਾਂ ਮੁਤਾਬਕ 30 ਤੋਂ 39 ਸਾਲ ਦੇ ਉਮਰ ਗਰੁੱਪ ਦੇ ਯੋਗ ਵੋਟਰ 41 ਲੱਖ 63 ਹਜ਼ਾਰ 600 ਹਨ ਤੇ ਇਸ ਉਮਰ ਗਰੁੱਪ ਵਿਚ ਜਿਹੜੀਆਂ ਵੋਟਾਂ ਬਣੀਆਂ ਹੋਈਆਂ ਹਨ ਉਹ 45 ਲੱਖ 53 ਹਜ਼ਾਰ 392 ਹਨ। 40 ਤੋਂ 49 ਸਾਲ ਦੇ ਉਮਰ ਗਰੁੱਪ ਦੇ ਯੋਗ ਵੋਟਰ 34 ਲੱਖ 15 ਹਜ਼ਾਰ 565 ਤੇ ਵੋਟਾਂ ਬਣੀਆਂ 36 ਲੱਖ 80 ਹਜ਼ਾਰ 634, 50 ਤੋਂ 59 ਸਾਲ ਦੇ ਉਮਰ ਗਰੁੱਪ ਵਿਚ ਵੋਟਾਂ ਲਈ ਯੋਗ ਵੋਟਰ 22 ਲੱਖ 358 ਤੇ ਜਿਨ੍ਹਾਂ ਦੀਆਂ ਵੋਟਾਂ ਬਣੀਆਂ ਹੋਈ ਹਨ, ਦੀ ਗਿਣਤੀ 27 ਲੱਖ 17 ਹਜ਼ਾਰ 500, 60 ਤੋਂ 69 ਸਾਲ ਦੇ ਉਮਰ ਗਰੁੱਪ ਵਿਚ ਯੋਗ ਵੋਟਰਾਂ ਦੀ ਗਿਣਤੀ 14 ਲੱਖ 19 ਹਜ਼ਾਰ 383 ਤੇ ਜਿਨ੍ਹਾਂ ਦੀਆਂ ਵੋਟਾਂ ਬਣ ਚੁੱਕੀਆਂ ਹਨ, ਉਹ 16 ਲੱਖ 60 ਹਜ਼ਾਰ 485 ਹਨ।
ਪੰਜਾਬ ਵਿਚ 80 ਸਾਲ ਤੋਂ ਵਡੇਰੀ ਉਮਰ ਦੇ ਵੋਟਰਾਂ ਦੀ ਗਿਣਤੀ ਵੀ ਕਾਫ਼ੀ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ 80 ਸਾਲ ਤੋਂ ਵਧ ਉਮਰ ਦੇ ਵੋਟਰਾਂ ਦੀ ਗਿਣਤੀ ਤਿੰਨ ਲੱਖ 85 ਹਜ਼ਾਰ 749 ਹੈ ਤੇ ਇਸ ਉਮਰ ਦੇ ਯੋਗ ਵੋਟਰਾਂ ਦੀ ਗਿਣਤੀ ਕਮਿਸ਼ਨ ਪੰਜ ਲੱਖ 60 ਹਜ਼ਾਰ 640 ਮੰਨਦਾ ਹੈ। ਇਨ੍ਹਾਂ ਅੰਕੜਿਆਂ ਮੁਤਾਬਕ ਤਾਂ ਇਕ ਲੱਖ 74 ਹਜ਼ਾਰ 891 ਬਜ਼ੁਰਗਾਂ ਦੀਆਂ ਵੋਟਾਂ ਹੀ ਨਹੀਂ ਬਣੀਆਂ। ਚੋਣ ਕਮਿਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਮਿਸ਼ਨ ਵੱਲੋਂ ਯੋਗ ਵੋਟਰਾਂ ਤੇ ਮੌਜੂਦਾ ਵੋਟਰਾਂ ਦੇ ਅੰਕੜੇ ਮਰਦਮਸ਼ੁਮਾਰੀ ਤੋਂ ਹੀ ਲਏ ਜਾਂਦੇ ਹਨ। ਮਰਦਮਸ਼ੁਮਾਰੀ ਵਿਭਾਗ ਨੇ ਤਾਂ ਪਿੰਡ ਪੱਧਰ ਤੱਕ ਦੀ ਜਨਗਣਨਾ ਦੇ ਅੰਕੜੇ ਕਮਿਸ਼ਨ ਨੂੰ ਭੇਜ ਦਿੱਤੇ ਹਨ। ਕਮਿਸ਼ਨ ਦੇ ਅਧਿਕਾਰੀਆਂ ਨੂੰ ਇਨ੍ਹਾਂ ਤੱਥਾਂ ਬਾਰੇ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੂੰ ਆਬਾਦੀ ਤੇ ਮੌਜੂਦਾ ਵੋਟਰਾਂ ਦੇ ਅੰਕੜਿਆਂ ਵਿਚ ਗੜਬੜੀ ਦੀ ਸਮਝ ਨਹੀਂ ਆਈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਾਂ ਤਾਂ ਕਈ ਵਿਅਕਤੀਆਂ ਦੀਆਂ ਇਕ ਤੋਂ ਵਧੀਕ ਵੋਟਾਂ ਹਨ ਜਾਂ ਫਿਰ ਕਿਤੇ ਹੋਰ ਗੜਬੜ ਹੋ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਮਿਸ਼ਨ ਦੇ ਡਾਟਾ ਬੇਸ ਤੋਂ ਇਹ ਅੰਕੜੇ ਲਏ ਗਏ ਹਨ ਤੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਗਿਆ ਹੈ ਕਿ ਤੱਥਾਂ ਨੂੰ ਮਰਦਮਸ਼ੁਮਾਰੀ ਦੇ ਤੱਥਾਂ ਨਾਲ ਮਿਲਾ ਕੇ ਸੋਧਿਆ ਜਾਵੇ।

Be the first to comment

Leave a Reply

Your email address will not be published.