ਪਦਮ ਸ੍ਰੀ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਦਾ ਦੇਹਾਂਤ

ਚੰਡੀਗੜ੍ਹ: ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਸਿਰਨਾਵੇਂ ਪਦਮਸ੍ਰੀ ਡਾ. ਸੁਰਜੀਤ ਪਾਤਰ ਦੇ ਅਕਾਲ ਚਲਾਣੇ ਨਾਲ ਇਕ ਸੁਨਹਿਰੀ ਯੁੱਗ ਦੇ ਅੰਤ ਹੋ ਗਿਆ ਹੋ ਗਿਆ ਜਿਸ ਕਾਰਨ ਸਾਹਿਤ ਜਗਤ ਤੇ ਪੰਜਾਬੀਆਂ ‘ਚ ਸੋਗ ਦੀ ਲਹਿਰ ਹੈ। ਮੁੱਖ ਮੰਤਰੀ ਭਗਵੰਤ ਮਾਨ, ਸਾਹਿਤਕ ਸੰਸਥਾਵਾਂ ਅਤੇ ਉੱਘੀਆਂ ਸ਼ਖ਼ਸੀਅਤਾਂ ਨੇ ਡਾ. ਪਾਤਰ ਦੇ ਤੁਰ ਜਾਣ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਡਾ. ਪਾਤਰ ਭਾਵੇਂ 80 ਸਾਲ ਦੀ ਉਮਰ ‘ਚ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਪਰ ਉਹ ਆਪਣੀ ਕਲਮ ਰਾਹੀਂ ਲਿਖੇ ਅੱਖਰਾਂ ਸਦਕਾ ਸਾਹਿਤ ਜਗਤ ‘ਚ ਰਹਿੰਦੀ ਦੁਨੀਆ ਤੱਕ ਜਿਉਂਦੇ ਰਹਿਣਗੇ। ਇਸ ਦੁੱਖ ਦੀ ਘੜੀ ਵਿਚ ਕਈ ਉੱਘੀਆਂ ਸ਼ਖ਼ਸੀਅਤਾਂ ਨੇ ਡਾ. ਪਾਤਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਡਾ. ਪਾਤਰ ਦੇ ਚਲੇ ਜਾਣ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਹ ਨਾ ਸਿਰਫ ਵੱਡੇ ਸਾਹਿਤਕਾਰ ਸਨ ਸਗੋਂ ਆਪਣੇ ਮਿਲਾਪੜੇ ਸੁਭਾਅ ਕਰਕੇ ਵੀ ਸਮਾਜ ਵਿਚ ਵੱਡਾ ਰੁਤਬਾ ਰੱਖਦੇ ਸਨ।
ਡਾ. ਸੁਰਜੀਤ ਪਾਤਰ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ‘ਚ ਵਧੀਆ ਕਾਰਗੁਜ਼ਾਰੀ ਲਈ ਪਦਮ ਸ੍ਰੀ, ਸਰਸਵਤੀ ਐਵਾਰਡ, ਗੰਗਾਧਰ ਰਾਸ਼ਟਰੀ ਸਨਮਾਨ, ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ ਸਮੇਤ ਕਈ ਐਵਾਰਡ ਮਿਲ ਚੁੱਕੇ ਸਨ। ਉਨ੍ਹਾਂ ਦਾ ਜਨਮ 1945 ਵਿਚ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜ ਕਲਾਂ ਵਿਚ ਹੋਇਆ ਸੀ। ਉਨ੍ਹਾਂ ਨੇ ਕਪੂਰਥਲਾ ਦੇ ਰਣਧੀਰ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਸਟਰ ਡਿਗਰੀ ਪ੍ਰਾਪਤ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀਐਚ.ਡੀ ਕੀਤੀ ਸੀ। ਉਨ੍ਹਾਂ ਨੇ ਪੀ.ਏ.ਯੂ. ਵਿਚ ਪ੍ਰੋਫੈਸਰ ਦੀਆਂ ਸੇਵਾਵਾਂ ਤੋਂ ਇਲਾਵਾ ਹੋਰ ਕਈ ਸੰਸਥਾਵਾਂ ‘ਚ ਵੱਖ-ਵੱਖ ਅਹੁਦਿਆਂ ‘ਤੇ ਕੰਮ ਕੀਤਾ ਸੀ।
ਪੀ.ਏ.ਯੂ. ਦੇ ਉਪ ਕੁਲਪਤੀ ਡਾ. ਸਤਿਬੀਰ ਸਿੰੰਘ ਗੋਸਲ ਨੇ ਕਿਹਾ ਕਿ ਡਾ. ਪਾਤਰ ਨੇ ਆਪਣੀ ਬਹੁਤੀ ਕਾਵਿ ਸਿਰਜਣਾ ਪੀ.ਏ.ਯੂ. ਵਿਚ ਰਹਿੰਦਿਆਂ ਕੀਤੀ। ਪੀ.ਏ.ਯੂ. ਦੀ ਸਾਹਿਤ ਜਗਤ ਵਿਚ ਪਛਾਣ ਗੂੜ੍ਹੀ ਕਰਨ ਵਿਚ ਉਨ੍ਹਾਂ ਦਾ ਯੋਗਦਾਨ ਅਮਿੱਟ ਹੈ। ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਆਪਣੀ ਸਾਹਿਤਕ ਦੇਣ ਸਦਕਾ ਹਮੇਸ਼ਾ ਯਾਦ ਰੱਖੇ ਜਾਣਗੇ। ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾ. ਸੁਰਜੀਤ ਪਾਤਰ 2002 ਤੋਂ 2008 ਤੱਕ ਅਕਾਦਮੀ ਦੇ ਪ੍ਰਧਾਨ ਰਹੇ। ਪੰਜਾਬੀ ਸਾਹਿਤ ਲਈ ਇਕ ਕਵੀ ਵਜੋਂ ਉਨ੍ਹਾਂ ਦੀ ਥਾਂ ਸਰਵੋਤਮ ਰਹੇਗੀ। ਉਨ੍ਹਾਂ ਦੀਆਂ ‘ਕੋਲਾਜ`, ‘ਹਵਾ ਵਿਚ ਲਿਖੇ ਹਰਫ਼`, ‘ਬਿਰਖ਼ ਅਰਜ਼ ਕਰੇ`, ‘ਹਨੇਰੇ ਵਿਚ ਸੁਲਗਦੀ ਵਰਣਮਾਲਾ`, ‘ਲਫ਼ਜ਼ਾਂ ਦੀ ਦਰਗਾਹ, ‘ਪੱਤਝੜ ਦੀ ਪਾਜ਼ੇਬ`, ‘ਸੁਰ ਜ਼ਮੀਨ`, ‘ਚੰਨ ਸੂਰਜ ਦੀ ਵਹਿੰਗੀ` ਤੋਂ ਇਲਾਵਾ ਦਰਜਨ ਦੇ ਕਰੀਬ ਪੁਸਤਕਾਂ ਦੇ ਅਨੁਵਾਦ ਛਪੇ। ਸਾਲ 1993 ਵਿਚ ਉਨ੍ਹਾਂ ਨੂੰ ‘ਹਨੇਰੇ ਵਿਚ ਸੁਲਗਦੀ ਵਰਣਮਾਲਾ` ਉਤੇ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਅਤੇ ਇਸ ਪੁਸਤਕ `ਤੇ 1997 ਵਿਚ ਸ਼੍ਰੋਮਣੀ ਕਵੀ ਪੁਰਸਕਾਰ ਮਿਲਿਆ। ਇਸ ਤੋਂ ਇਲਾਵਾ ਗਿਆਨਪੀਠ ਸਾਹਿਤ ਸਮੇਤ ਹੋਰ ਵੀ ਵੱਡੇ ਸਨਮਾਨ ਪਾਤਰ ਸਾਹਿਬ ਨੂੰ ਮਿਲੇ। 2012 ਵਿਚ ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਪਦਮਸ੍ਰੀ ਦੀ ਉਪਾਧੀ ਨਾਲ ਸਨਮਾਨਿਆ ਗਿਆ।
ਪੰਜਾਬੀ ਅਦਬੀ ਜਗਤ ਲਈ ਵੱਡਾ ਘਾਟਾ: ਡਾ. ਮਨਮੋਹਨ ਸਿੰਘ
ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਡਾ. ਸੁਰਜੀਤ ਪਾਤਰ ਦੇ ਅਕਾਲ ਚਲਾਣੇ ਨੂੰ ਪੰਜਾਬੀ ਅਦਬੀ ਜਗਤ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਕਰਾਰ ਦਿੱਤਾ ਹੈ। ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਡਾ. ਸੁਰਜੀਤ ਪਾਤਰ ਦੇ ਸਦਨ ਦੇ ਸਰਪ੍ਰਸਤ ਵਜੋਂ ਭਾਈ ਵੀਰ ਸਿੰਘ ਦੀਆਂ ਲਿਖਤਾਂ ਨੂੰ ਉਘਾੜਨ ਪ੍ਰਤੀ ਯੋਗਦਾਨ ਨੂੰ ਚੇਤੇ ਕਰਦਿਆਂ ਉਨ੍ਹਾਂ ਨੂੰ ਇਕ ਅਦੁਤੀ ਸਾਹਿਤਕਾਰ ਕਿਹਾ।
ਪੰਜਾਬ ਸਰਕਾਰ ਵੱਲੋਂ ‘ਪਾਤਰ ਐਵਾਰਡ` ਸ਼ੁਰੂ ਕਰਨ ਦਾ ਫ਼ੈਸਲਾ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਮਰਹੂਮ ਪੰਜਾਬੀ ਸ਼ਾਇਰ ਡਾ. ਸੁਰਜੀਤ ਪਾਤਰ ਦੀ ਯਾਦ ‘ਚ ਹਰ ਵਰ੍ਹੇ ‘ਪਾਤਰ ਐਵਾਰਡ‘ ਦੇਣ ਦਾ ਫ਼ੈਸਲਾ ਕੀਤਾ ਹੈ। ‘ਪਾਤਰ ਐਵਾਰਡ‘ ਹਰ ਵਰ੍ਹੇ ਉੱਭਰਦੇ ਕਵੀਆਂ ਨੂੰ ਦਿੱਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਹਰ ਸਾਲ ਜੇਤੂ ਕਵੀਆਂ ਨੂੰ ‘ਪਾਤਰ ਐਵਾਰਡ‘ ‘ਚ ਇਕ ਲੱਖ ਰੁਪਏ ਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ ਜਾਵੇਗਾ। ਭਾਸ਼ਾ ਵਿਭਾਗ ਇਸ ਐਵਾਰਡ ਲਈ ਅਗਵਾਈ ਕਰੇਗਾ।