ਚੰਡੀਗੜ੍ਹ: ਲੋਕ ਸਭਾ ਚੋਣਾਂ ਲਈ ਸਿਆਸੀ ਮੈਦਾਨ ਭਖਿਆ ਹੋਇਆ ਹੈ। ‘ਇਸ ਵਾਰ 400 ਪਾਰ` ਦੇ ਦਾਅਵੇ ਨਾਲ ਮੈਦਾਨ ਵਿਚ ਉੱਤਰੀ ਭਾਰਤੀ ਜਨਤਾ ਪਾਰਟੀ ਦੇ ਪਿਛਲੇ ਕੁਝ ਦਿਨਾਂ ਤੋਂ ਬਦਲੇ ਤੇਵਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਲੋਕ ਮਸਲੇ ਅਤੇ ਮੋਦੀ ਸਰਕਾਰ ਵੱਲੋਂ ਪਿਛਲੇ 10 ਸਾਲਾਂ ਵਿਚ ਕੀਤੇ ਕੰਮਾਂ ਉਤੇ ਵੋਟਾਂ ਮੰਗਣ ਦੀ ਥਾਂ ਭਗਵਾ ਧਿਰ ਵੱਲੋਂ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ) ਨੂੰ ਭਾਰਤ ਵਿਚ ਰਲਾਉਣ, ਪਾਕਿਸਤਾਨ ਨੂੰ ਚੂੜੀਆਂ ਪਵਾਉਣ ਅਤੇ ਮੁਸਲਿਮ ਆਬਾਦੀ ਦੇ ਮੁੱਦਿਆਂ ਨੂੰ ਜ਼ੋਰ-ਸ਼ੋਰ ਨਾਲ ਉਭਾਰਿਆ ਜਾ ਰਿਹਾ ਹੈ। ਚੋਣ ਰੈਲੀਆਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਇਨ੍ਹਾਂ ਮੁੱਦਿਆਂ ਦੁਆਲੇ ਹੀ ਘੁੰਮ ਰਿਹਾ ਹੈ।
ਦੱਸ ਦਈਏ ਕਿ ਇਕ ਰਿਪੋਰਟ ਵਿਚ ਦੇਸ਼ ‘ਚ ਸਾਲ 1950 ਤੋਂ 2015 ਵਿਚਕਾਰ ਮੁਸਲਮਾਨਾਂ ਦੀ ਆਬਾਦੀ 43.15 ਫ਼ੀਸਦ ਵਧਣ ਦਾ ਦਾਅਵਾ ਕੀਤਾ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਦੌਰਾਨ ਹਿੰਦੂਆਂ ਦੀ ਆਬਾਦੀ ਦਾ ਹਿੱਸਾ 7.82 ਫ਼ੀਸਦ ਘਟਿਆ ਹੈ। ਇਹ ਖ਼ੁਲਾਸਾ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਵੱਲੋਂ ਹੁਣੇ ਜਿਹੇ ਜਾਰੀ ਅੰਕੜਿਆਂ ਵਿਚ ਕੀਤਾ ਗਿਆ ਹੈ। ਲੋਕ ਸਭਾ ਚੋਣਾਂ ਦੇ ਚੌਥੇ ਗੇੜ ਦੀਆਂ ਚੋਣਾਂ ਤੋਂ ਪਹਿਲਾਂ ਆਏ ਇਨ੍ਹਾਂ ਅੰਕੜਿਆਂ ਨਾਲ ਸਿਆਸਤ ਭਖ਼ੀ ਹੋਈ ਹੈ। ਪੱਤਰ ਮੁਤਾਬਕ ਹਿੰਦੂਆਂ ਦੀ ਆਬਾਦੀ 84.68 ਫ਼ੀਸਦ ਤੋਂ ਘਟ ਕੇ 78.06 ਫ਼ੀਸਦ ਰਹਿ ਗਈ ਹੈ। ਮੁਸਲਮਾਨਾਂ ਦੀ ਆਬਾਦੀ ਦਾ ਹਿੱਸਾ 1950 ‘ਚ 9.84 ਫ਼ੀਸਦ ਸੀ ਜੋ 2015 ‘ਚ ਵਧ ਕੇ 14.09 ਫ਼ੀਸਦ ਹੋ ਗਈ ਅਤੇ ਇਹ ਵਾਧਾ 43.15 ਫ਼ੀਸਦ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਮੁਸਲਿਮ ਆਬਾਦੀ ਦੇ ਵਾਧੇ ਨੂੰ ‘ਹਿੰਦੂਆਂ ਨੂੰ ਖਤਰੇ‘ ਨਾਲ ਜੋੜ ਕੇ ਪ੍ਰਚਾਰਿਆ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੀਆਂ ਪ੍ਰਚਾਰ ਰੈਲੀਆਂ ਵਿਚ ਇਕਦਮ ਇਨ੍ਹਾਂ ‘ਮੁੱਦਿਆਂ‘ ਉਤੇ ਜ਼ੋਰ ਤੋਂ ਸਿਆਸੀ ਮਾਹਿਰ ਵੀ ਹੈਰਾਨ ਹਨ।
ਸਿਆਸੀ ਮਾਹਰਾਂ ਦੇ ਇਕ ਗਰੁੱਪ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਜਪਾ ਨੂੰ ਆਪਣੀ ਹੋਣੀ ਨਜ਼ਰ ਆਉਣ ਲੱਗੀ ਹੈ। ਇਸ ਵਾਰ ਸਿਰਫ ਰਾਮ ਮੰਦਰ ਬਣਵਾਉਣ ਨੂੰ ਹੀ ਆਪਣੀ ਪ੍ਰਾਪਤੀ ਦੱਸਣ ਦੀ ਰਣਨੀਤੀ ਭਗਵਾ ਧਿਰ ਦੇ ਕੰਮ ਨਹੀਂ ਆ ਰਹੀ ਹੈ। ਉਤਰੀ ਭਾਰਤ ਵਿਚ ਭਾਰਤੀ ਜਨਤਾ ਪਾਰਟੀ ਨੂੰ ਇਸ ਵਾਰ ਵੱਡੀ ਸੱਟ ਵੱਜਣ ਦੀਆਂ ਆ ਰਹੀਆਂ ਰਿਪੋਰਟਾਂ ਪਿੱਛੋਂ ਭਗਵਾ ਧਿਰ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ। ਕੁਝ ਰਿਪੋਰਟਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ, ਹਰਿਆਣਾ, ਦਿੱਲੀ ਅਤੇ ਹਿਮਾਚਲ ਵਿਚ ਭਾਰਤੀ ਜਨਤਾ ਪਾਰਟੀ ਦਾ ਸਫਾਇਆ ਹੋ ਸਕਦਾ ਹੈ। ਪਿਛਲੀ ਵਾਰ ਹਰਿਆਣਾ (10) ਅਤੇ ਦਿੱਲੀ (7) ਦੀਆਂ ਸਾਰੀਆਂ ਸੀਟਾਂ ਭਾਰਤੀ ਜਨਤਾ ਪਾਰਟੀ ਕੋਲ ਸਨ; ਇਥੋਂ ਤੱਕ ਕਿ ਉਤਰ ਪ੍ਰਦੇਸ਼ ਵਿਚ ਵੀ ਭਗਵਾ ਧਿਰ ਨੂੰ ਵੱਡੀ ਟੱਕਰ ਮਿਲ ਰਹੀ ਹੈ। ਸਿਆਸੀ ਮਾਹਿਰਾਂ ਦਾ ਦਾਅਵਾ ਹੈ ਕਿ ਦੱਖਣ ਵਿਚ ਪੈਰ ਧਰਾਵੇ ਦੀਆਂ ਕੋਸ਼ਿਸ਼ਾਂ ਕਰ ਰਹੀ ਭਾਰਤੀ ਜਨਤਾ ਪਾਰਟੀ ਹੱਥੋਂ ਉਤਰੀ ਭਾਰਤ ਦਾ ਵੱਡਾ ਹਿੱਸਾ ਖਿਸਕ ਰਿਹਾ ਹੈ।
ਯਾਦ ਰਹੇ ਕਿ ਲੋਕ ਸਭਾ ਚੋਣਾਂ ਵਿਚ ਦੱਖਣ ਵਿਚ ਆਪਣੇ ਪੈਰ ਜਮਾਉਣ ਦੇ ਮਨਸ਼ੇ ਨਾਲ ਭਾਰਤੀ ਜਨਤਾ ਪਾਰਟੀ ਨੇ ਤਾਮਿਲ ਨਾਡੂ ਵਿਚ ਪੱਤਾਲੀ ਮੱਕਲ ਕਾਚੀ (ਪੀ.ਐਮ.ਕੇ) ਨਾਲ ਸੀਟਾਂ ਦੀ ਵੰਡ ਕੀਤੀ ਹੈ। ਪਿਛਲੇ ਸਾਲ ਅੰਨਾ .ਡੀ.ਐਮ.ਕੇ. ਨੇ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਤੋੜ ਲਿਆ ਸੀ ਅਤੇ ਇਹ ਚੋਣ ਸਮਝੌਤਾ ਕਰ ਕੇ ਉਸ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕੀਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲ ਨਾਡੂ ਅਤੇ ਕੇਰਲ ਦੇ ਕਈ ਦੌਰੇ ਕੀਤੇ ਹਨ; ਹਾਲਾਂਕਿ ਭਾਰਤੀ ਜਨਤਾ ਪਾਰਟੀ ਇਸ ਕੌੜੇ ਤੱਥ ਤੋਂ ਭਲੀਭਾਂਤ ਵਾਕਿਫ਼ ਹੈ ਕਿ ਅੱਜ ਦੀ ਤਰੀਕ ਵਿਚ ਇਹ ਦੱਖਣ ਦੇ ਕਿਸੇ ਵੀ ਸੂਬੇ ਦੀ ਸੱਤਾ ਵਿਚ ਨਹੀਂ ਹੈ। ਭਾਸ਼ਾ ਵੱਲ ਪਹੁੰਚ ਅਤੇ ਕਈ ਹੋਰ ਮਸਲਿਆਂ ਕਰ ਕੇ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਇਨ੍ਹਾਂ ਸੂਬਿਆਂ ਅੰਦਰ ਸੀਮਤ ਹੀ ਰਹੀ ਹੈ।
ਕੁਝ ਸਮਾਂ ਪਹਿਲਾਂ ਇਸ ਨੇ ਕਰਨਾਟਕ ਵਿਚ ਆਪਣੀ ਪੈਂਠ ਬਣਾਈ ਸੀ ਪਰ ਉਥੋਂ ਦੇ ਲੀਡਰਾਂ ਦੇ ਭ੍ਰਿਸ਼ਟਾਚਾਰ ਵਿਚ ਗਰਕ ਜਾਣ ਕਰ ਕੇ ਪਾਰਟੀ ਦਾ ਬਹੁਤ ਨੁਕਸਾਨ ਹੋਇਆ। ਹੁਣ ਇਸ ਸੂਬੇ ਵਿਚ ਕਾਂਗਰਸ ਦੀ ਸਰਕਾਰ ਹੈ। ਖੇਤਰੀ ਪਾਰਟੀਆਂ ਨਾਲ ਗੱਠਜੋੜ ਕਰਨ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਇਸ ਖਿੱਤੇ ਵਿਚ ਆਪਣੇ ਪੈਰ ਜਮਾਉਣ ਵਿਚ ਅਸਫਲ ਰਹੀ ਹੈ। ਪਾਰਟੀ ਦੀ ਧਰੁਵੀਕਰਨ ਦੀ ਸਿਆਸਤ ਵੀ ਇਹਦੇ ਲਈ ਲਾਹੇਵੰਦ ਸਾਬਤ ਨਹੀਂ ਹੋ ਸਕੀ ਹੈ। ਹੁਣ ਉਤਰ ਵੱਲੋਂ ਆ ਰਹੀਆਂ ਰਿਪੋਰਟਾਂ ਭਗਵਾ ਧਿਰ ਲਈ ਵੱਡੀ ਚੁਣੌਤੀ ਮੰਨੀਆਂ ਜਾ ਰਹੀਆਂ ਹਨ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਚੋਣ ਮੈਦਾਨ ਅੰਦਰ ਆਪਣਾ ਪਹਿਲਾਂ ਵਾਲਾ ਜਲਵਾ ਨਹੀਂ ਦਿਖਾ ਸਕੇਗੀ ਅਤੇ ਇਸ ਦੀਆਂ ਸੀਟਾਂ ਕਾਫੀ ਗਿਣਤੀ ਵਿਚ ਘਟ ਜਾਣਗੀਆਂ।