ਪਟਿਆਲਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰੰਘ ਦੇ ਕਤਲ ਦੇ ਮਾਮਲੇ ਵਿਚ ਬੁੜੈਲ ਜੇਲ੍ਹ ਚੰਡੀਗੜ੍ਹ ਵਿਚ ਬੰਦ ਜਗਤਾਰ ਸਿੰਘ ਤਾਰਾ ਨੂੰ ‘ਰਾਸ਼ਟਰੀ ਸਿੱਖ ਸੰਗਤ` ਪੰਜਾਬ ਦੇ ਪ੍ਰਧਾਨ ਰਹੇ ਰੁਲਦਾ ਸਿੰਘ ਖਰੌੜ ਦੇ ਕਤਲ ਮਾਮਲੇ ਵਿਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠਾਂ ਚੰਡੀਗੜ੍ਹ ਪੁਲਿਸ ਪਟਿਆਲਾ ਲੈ ਕੇ ਆਈ। ਇਸ ਦੌਰਾਨ ਜ਼ਿਲ੍ਹਾ ਕਚਹਿਰੀਆਂ ਪੁਲਿਸ ਛਾਉਣੀ ਬਣੀਆਂ ਰਹੀਆਂ।
ਸਥਾਨਕ ਅਦਾਲਤ ਵਿਚ ਤਾਰਾ ਦੇ ਬਿਆਨ ਦਰਜ ਕਰਨ ਦੀ ਕਾਰਵਾਈ ਸ਼ੁਰੂ ਹੋ ਗਈ। ਤਾਰਾ ਦੇ ਵਕੀਲ ਬਰਜਿੰਦਰ ਸੋਢੀ ਦਾ ਕਹਿਣਾ ਹੈ ਕਿ ਇਸ ਮਾਮਲੇ `ਚ ਅਦਾਲਤ ਨੇ ਅਗਲੀ ਸੁਣਵਾਈ 6 ਜੂਨ `ਤੇ ਪਾਈ ਹੈ। ਇਸ ਮੌਕੇ ਤਾਰਾ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਸ ਦੇ ਬਿਆਨਾਂ ਸਬੰਧੀ ਅਗਲੀਆਂ ਪੇਸ਼ੀਆਂ `ਤੇ ਵੀ ਉਸ ਨੂੰ ਵੀਡੀਓ ਕਾਨਫ਼ਰੰਸਿੰਗ ਦੀ ਥਾਂ ਨਿੱਜੀ ਤੌਰ `ਤੇ ਪੇਸ਼ ਕਰਨਾ ਯਕੀਨੀ ਬਣਾਇਆ ਜਾਵੇ। ਬਸੀ ਪਠਾਣਾਂ ਦੇ ਵਸਨੀਕ ਰਮਨਦੀਪ ਗੋਲਡੀ ਨੇ ਵੀ ਇਹ ਪੇਸ਼ੀ ਭੁਗਤੀ।
ਜ਼ਿਕਰਯੋਗ ਹੈ ਕਿ ਰੁਲਦਾ ਸਿੰਘ ਦੀ 28-29 ਜੁਲਾਈ 2009 ਦੀ ਰਾਤ ਨੂੰ ਸਥਾਨਕ ਅਨਾਜ ਮੰਡੀ ‘ਚ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਸਬੰਧੀ ਥਾਣਾ ਤ੍ਰਿਪੜੀ ਵਿਚ ਕੇਸ ਦਰਜ ਕੀਤਾ ਗਿਆ ਸੀ। ਮਗਰੋਂ ਕੀਤੀ ਗਈ ਤਫ਼ਤੀਸ਼ ਦੌਰਾਨ ਇਹ ਕਤਲ ਵਿਦੇਸ਼ੋਂ ਆਏ ਗਰਮਖਿਆਲੀ ਨੌਜਵਾਨਾਂ ਵੱਲੋਂ ਕੀਤਾ ਪਾਇਆ ਗਿਆ। ਇਨ੍ਹਾਂ ਦੇ ਹਮਾਇਤੀਆਂ ਵਜੋਂ ਗ੍ਰਿਫ਼ਤਾਰ ਕੀਤੇ ਗਏ ਪੰਜ ਜਣੇ ਪੁਲਿਸ ਨੇ ਡਿਸਚਾਰਜ ਕਰ ਦਿੱਤੇ ਸਨ। ਫਿਰ ਪੰਜ ਹੋਰ ਨੌਜਵਾਨ ਗ੍ਰਿਫ਼ਤਾਰ ਕੀਤੇ ਗਏ। ਇਸ ਕੇਸ ‘ਚ ਇੰਗਲੈਂਡ ਰਹਿੰਦੇ ਮੁਹਾਲੀ ਵਾਸੀ ਪਰਮਜੀਤ ਪੰਮਾ ਦਾ ਨਾਮ ਵੀ ਬੋਲਦਾ ਹੈ, ਇਸ ਕਰਕੇ ਇੰਗਲੈਂਡ ਤੋਂ ਆਈ ਅੱਠ ਮੈਂਬਰੀ ਪੁਲਿਸ ਪਾਰਟੀ ਨੇ ਸਬੰਧਤ ਮੁਲਜ਼ਮਾਂ ਤੋਂ ਜੇਲ੍ਹ ‘ਚ ਜਾ ਕੇ ਪੁੱਛਗਿਛ ਵੀ ਕੀਤੀ ਸੀ। ਇਸ ਮਗਰੋਂ ਇੰਗਲੈਂਡ ਪੁਲਿਸ ਨੇ ਪੰਮਾ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਫਿਰ ਕੇਸ ਟਰਾਇਲ ਦੌਰਾਨ ਐਡਵੋਕੇਟ ਬਰਜਿੰਦਰ ਸੋਢੀ ਤੇ ਹੋਰ ਵਕੀਲਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਇਨ੍ਹਾਂ ਪੰਜਾਂ ਨੂੰ ਵੀ ਬਰੀ ਕਰ ਦਿੱਤਾ ਸੀ। ਇਨ੍ਹਾਂ ਵਿਚ ਜਸਵਿੰਦਰ ਰਾਜਪੁਰਾ ਵੀ ਸ਼ਾਮਲ ਰਿਹਾ। ਇਸੇ ਕੇਸ ‘ਚ 2004 ਵਿਚ ਬੁੜੈਲ ਜੇਲ੍ਹ ਤੋੜ ਕੇ ਭੱਜਿਆ ਜਗਤਾਰ ਸਿੰਘ ਤਾਰਾ ਭਾਵੇਂ ਕਿ ਪਾਕਿਸਤਾਨ ਚਲਾ ਗਿਆ ਸੀ। ਰਮਨਦੀਪ ਗੋਲਡੀ ਵੀ ਪਾਕਿਸਤਾਨ ਰਹਿੰਦਾ ਰਿਹਾ ਹੈ। ਇਨ੍ਹਾਂ ਦੋਹਾਂ ਨੂੰ ਵੀ ਇਸ ਕੇਸ ‘ਚ ਸ਼ਾਜਿਸ਼ਘਾੜਿਆਂ ਵਜੋਂ ਸ਼ਾਮਲ ਕੀਤਾ ਹੋਇਆ ਹੈ।