ਡਾæ ਗੁਰਨਾਮ ਕੌਰ, ਕੈਨੇਡਾ
ਗੁਰੂ ਗੋਬਿੰਦ ਸਿੰਘ ਦੇ ਸਮੇਂ ਦਾ ਸਾਹਿਤ ਸੰਜੋਗ-ਵੱਸ ਅਜਿਹੇ ਸਮੇਂ ਵਿਚ ਰਚਿਆ ਗਿਆ ਜਿਸ ਵਿਚ ਇੱਕ ਪਾਸੇ ਹਥਿਆਰਾਂ ਦੇ ਖੜਕਣ ਅਤੇ ਟਕਰਾਉ ਤੋਂ ਪੈਦਾ ਹੋਈ ਖਣਕਾਹਟ, ਦੂਸਰੇ ਪਾਸੇ ਮਨੁੱਖ ਦਾ ਠਰੰਮਾ, ਇਸ ਦ੍ਰਿੜ ਵਿਸ਼ਵਾਸ ਨਾਲ ਉਤਸ਼ਾਹਿਤ ਹੈ ਕਿ ਉਹ ਉਨ੍ਹਾਂ ਵਿਅਰਥ ਕਰਮ-ਕਾਂਡ ਅਤੇ ਰੀਤੀ-ਰਿਵਾਜਾਂ ਦੀ ਹਾਨੀਕਾਰਕ ਗ਼ੁਲਾਮੀ ਤੋਂ ਛੇਤੀ ਹੀ ਛੁਟਕਾਰਾ ਪਾ ਲਵੇਗਾ ਜੋ ਕਈ ਸਦੀਆਂ ਤੋਂ ਉਸ ਦੀ ਅਧਿਆਤਮਕ ਅਤੇ ਰਾਜਨੀਤਕ ਗੁਲਾਮੀ ਦਾ ਕਾਰਨ ਬਣੇ ਹੋਏ ਸਨ। ਅੰਤ ਵਿਚ ਉਨ੍ਹਾਂ ਜੰਜ਼ੀਰਾਂ ਦੇ ਟੁੱਟਣ ਦੀ ਆਵਾਜ਼ ਸੁਣਾਈ ਦਿੰਦੀ ਹੈ ਜਿਸ ਨੂੰ ਬਾਈਬਲ ਦੇ ਮੁਹਾਵਰੇ ਵਿਚ ‘ਅਸਲੀ ਨਾਇਕ ਦੇ ਚੇਲੇ’ ਦਾ ਪਰਮਾਣ ਹੋਣਾ ਕਿਹਾ ਜਾ ਸਕਦਾ ਹੈ, ਜਿਸ ਬਾਰੇ ਗੁਰੂ ਨਾਨਕ ਸਾਹਿਬ ਨੇ ਭਵਿੱਖਵਾਣੀ ਕੀਤੀ ਸੀ, ‘ਹੋਰੁ ਭੀ ਉਠਸੀ ਮਰਦ ਕਾ ਚੇਲਾ।’ ਇਹ ਚੇਲਾ, ਜਿਹੜਾ ‘ਸਰਬ-ਮਾਨਵ’ ਦਾ ਪ੍ਰਤੀਕ ਹੈ, ਸਿੱਖ ਧਰਮ ਦੇ ਮਾਨਵਵਾਦੀ ਆਦਰਸ਼ ਦਾ ਸਿਖਰ ਹੈ।
ਗੁਰੂ ਗੋਬਿੰਦ ਸਿੰਘ ਤੋਂ ਬਾਅਦ ਦਾ ਸਮਾਂ ਰਹਿਤਨਾਮਿਆਂ ਦਾ ਸਮਾਂ ਹੈ, ਜਿਸ ਨੂੰ ਸਿੱਖ ਨੈਤਿਕ ਸ਼ਾਸਤਰ ਦੇ ਨਜ਼ਰੀਏ ਤੋਂ ਸਿੱਖ-ਰਹਿਣੀ ਸਬੰਧੀ ਸਾਹਿਤ ਦਾ ਸਮਾਂ ਕਿਹਾ ਜਾ ਸਕਦਾ ਹੈ ਜਿਸ ਦੀ ਰਚਨਾ ਤਾਂ ਭਾਵੇਂ 1699 ਈæ ਤੋਂ ਹੀ ਸ਼ੁਰੂ ਹੋ ਗਈ ਸੀ ਪਰ ਤੇਜ਼ ਗਤੀ 1708 ਈæ ਤੋਂ ਪਿੱਛੋਂ ਹੀ ਆਈ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਨਵੀਂ ਪ੍ਰਾਪਤ ਕੀਤੀ ਰਾਜਨੀਤਕ ਸ਼ਕਤੀ ਦੀ ਚੇਤੰਨਤਾ ਨੂੰ ਸੰਜਮ ਵਿਚ ਰੱਖਣ ਵਾਸਤੇ ਨੈਤਿਕ ਉਪਦੇਸ਼ਾਂ ਦੀ ਜ਼ਰੂਰਤ ਸੀ। ਰਹਿਤਨਾਮਿਆਂ ਦਾ ਉਦੇਸ਼ ਇਹੋ ਸੀ। ਇਨ੍ਹਾਂ ਦੇ ਸੰਕਲਨ ਕਰਤਾ-ਚੌਪਾ ਸਿੰਘ, ਭਾਈ ਨੰਦ ਲਾਲ ਅਤੇ ਬਾਕੀਆਂ ਨੇ ਆਪਣੇ ਰਹਿਤਨਾਮਿਆਂ ਦੀ ਪ੍ਰਮਾਣਿਕਤਾ ਨੂੰ ਮਜ਼ਬੂਤ ਬਣਾਉਣ ਲਈ ‘ਆਦਿ ਗ੍ਰੰਥ’ ਦਾ ਆਸਰਾ ਲਿਆ। ਇਨ੍ਹਾਂ ਰਹਿਤਨਾਮਿਆਂ ਦਾ ਸੰਕਲਨ ਕਰਨ ਵਾਲਿਆਂ ਨੇ ਕਈ ਮਾਮਲਿਆਂ ਵਿਚ ਇਨ੍ਹਾਂ ਨੂੰ ਦਸਮ ਪਾਤਿਸ਼ਾਹ ਨਾਲ ਵੀ ਜੋੜਿਆ ਅਤੇ ਇਸ ਨੂੰ ‘ਮੁੱਖ ਵਾਕ’ ਕਿਹਾ। ਪ੍ਰੰਤੂ ਬਹੁਤ ਸਾਰੇ ਰਹਿਤਨਾਮੇ ਜਿਸ ਰੂਪ ਵਿਚ ਉਹ ਹੁਣ ਪ੍ਰਾਪਤ ਹਨ, ਸਮੇਤ ਭਾਈ ਚੌਪਾ ਸਿੰਘ ਦੇ ਰਹਿਤਨਾਮੇ ਦੇ ਜਿਸ ਨੂੰ ਸਿੱਖ ਰੈਫਰੈਂਸ ਅਤੇ ਰਿਸਰਚ ਲਾਇਬ੍ਰੇਰੀ-ਅੰਮ੍ਰਿਤਸਰ ਵਿਚ ਸਭ ਤੋਂ ਪਹਿਲਾ ਪ੍ਰਾਪਤ ਖਰੜਾ ਮੰਨਿਆ ਜਾਂਦਾ ਹੈ, ਨੂੰ ਗੁਰੂ ਗੋਬਿੰਦ ਸਿੰਘ ਦੇ ਸਮੇਂ ਦਾ ਨਹੀਂ ਮੰਨਿਆ ਜਾ ਸਕਦਾ।
ਗੁਰੂ ਗੋਬਿੰਦ ਸਿੰਘ ਨਿਰਪੱਖਤਾ ਅਤੇ ਸਰਬ-ਵਿਆਪਕਤਾ ਲਈ ਜਾਣੇ ਜਾਂਦੇ ਹਨ। ਹਿੰਦੂ ਅਤੇ ਮੁਸਲਮਾਨ-ਦੋਵੇਂ ਹੀ ਉਨ੍ਹਾਂ ਦੇ ਪੈਰੋਕਾਰ ਸਨ ਪਰ ਬਹੁਤ ਸਾਰੇ ਰਹਿਤਨਾਮਿਆਂ ਵਿਚ ਦੂਸਰੇ ਭਾਈਚਾਰਿਆਂ ਪ੍ਰਤੀ ਵੈਰ-ਵਿਰੋਧ ਦੀ ਭਾਵਨਾ ਮਿਲਦੀ ਹੈ। ਇਨ੍ਹਾਂ ਵਿਚ ਸਿੱਖ ਭਾਈਚਾਰਕਤਾ ‘ਤੇ ਬਹੁਤ ਜ਼ੋਰ ਦਿੱਤਾ ਗਿਆ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਇਹ ਰਹਿਤਨਾਮੇ ਉਸ ਸਮੇਂ ਨਾਲ ਸਬੰਧਤ ਹਨ ਜਦੋਂ ਸਿੱਖ 1708 ਈæ ਵਿਚ ਦਸਮ ਪਾਤਿਸ਼ਾਹ ਦੇ ਜੋਤੀ ਜੋਤਿ ਸਮਾਉਣ ਕਰਕੇ ਆਗੂ-ਰਹਿਤ ਹੋ ਗਏ ਸਨ ਅਤੇ ਸੰਗਠਤ ਹੋ ਰਹੇ ਸਨ। ਅਰਨੈਸਟ ਟਰੰਪ ਨੇ ਆਪਣੇ ‘ਆਦਿ ਗ੍ਰੰਥ’ ਦੇ ਅੰਗਰੇਜ਼ੀ ਅਨੁਵਾਦ ਵਿਚ ਪ੍ਰਹਿਲਾਦ ਰਾਇ ਅਤੇ ਭਾਈ ਨੰਦ ਲਾਲ ਦੇ ਰਹਿਤਨਾਮਿਆਂ ਨੂੰ ਸ਼ਾਮਲ ਕੀਤਾ ਹੈ।
ਰਹਿਤਨਾਮਿਆਂ ਦਾ ਸਮਾਂ ਸਿੱਖ ਧਰਮ ਵਿਚ ਨੈਤਿਕ ਉਪਦੇਸ਼ਾਂ ਦੀ ਬਣਤਰ ਦੀ ਆਖਰੀ ਅਸਲੀ ਕੋਸ਼ਿਸ਼ ਦੀ ਨਿਸ਼ਾਨਦੇਹੀ ਕਰਦਾ ਹੈ। ਉਸ ਪਿੱਛੋਂ ਸਿੱਖ ਧਰਮ ਵਿਚ ਆਮ ਸਾਹਿਤ ਦਾ ਯੋਗਦਾਨ ਮਹਿਜ ਵਿਵਰਣਾਤਮਕ ਅਤੇ ਵਿਆਖਿਆਤਮਕ ਹੈ। ਇਹ ਸਮਾਂ ਪੰਜਾਬ ਵਿਚ ਅੰਗਰੇਜ਼ ਹਕੂਮਤ ਕਾਇਮ ਹੋਣ ਤੋਂ ਸ਼ੁਰੂ ਹੁੰਦਾ ਹੈ। ਸਿੱਖ ਨੈਤਿਕ ਸ਼ਾਸਤਰ ‘ਤੇ ਇਸ ਸਮੇਂ ਦਾ ਆਮ ਝੁਕਾਉ ਅਤੇ ਪ੍ਰਭਾਵ ਦੇਖਿਆ ਜਾ ਸਕਦਾ ਹੈ। ਪੰਜਾਬ ਵਿਚ ਅੰਗਰੇਜ਼ੀ ਰਾਜ ਦੀ ਸਥਾਪਤੀ ਨੇ ‘ਆਦਿ ਗ੍ਰੰਥ’ ਦੇ ਅੰਗਰੇਜ਼ੀ ਅਨੁਵਾਦ ਦਾ ਮੁੱਢ ਬੰਨ੍ਹਿਆ, ਜੋ ਕਿ 1877 ਵਿਚ ਛਪਿਆ। ਅਰਨੈਸਟ ਟਰੰਪ ਦਾ ਸਿੱਖ ਧਰਮ ਨਾਲ ਸੰਪਰਕ ਇਸ ਪੱਖੋਂ ਅਹਿਮ ਘਟਨਾ ਹੈ ਕਿ ਸਿੱਖ ਧਰਮ ਦੇ ਸਿਧਾਂਤਾਂ ਅਤੇ ਸਿੱਖਿਆਵਾਂ ਦਾ ਮੁਲੰਕਣ ਉਸ ਬੰਦੇ ਲਈ ਖੋਲਿਆ ਗਿਆ ਜਿਸ ਦੇ ਮਨ ਵਿਚ ਉਨ੍ਹਾਂ ਲਈ ਕੋਈ ਭਾਵੁਕ ਸਾਂਝ ਨਹੀਂ ਸੀ। ਉਸ ਨੇ ਆਦਿ ਗ੍ਰੰਥ ਦੇ ਅਨੁਵਾਦ ਦੀ ‘ਜਾਣ-ਪਛਾਣ’ ਵਿਚ ਕੁੱਝ ਸਿਧਾਂਤਕ ਅਤੇ ਅਮਲੀ ਪ੍ਰਸ਼ਨ ਉਠਾਏ।
ਆਮ ਤੌਰ ‘ਤੇ ਮੰਨਿਆ ਜਾਂਦਾ ਹੈ ਕਿ ਟਰੰਪ ਦੀ ਗੁਰੂਆਂ ਬਾਰੇ ਖਰਵੀ ਭਾਸ਼ਾ ਅਤੇ ਨਿਜੀ ਆਲੋਚਨਾ ਦਾ ਕਾਰਨ ਉਸ ਦੇ ਸਿੱਖ ਧਰਮ ਨਾਲ ਸੰਪਰਕ ਦੀਆਂ ਨਿੱਜੀ ਮੁਸ਼ਕਿਲਾਂ ਸਨ। ਇਹ ਕਾਫੀ ਹੱਦ ਤੱਕ ਸੱਚ ਹੋ ਸਕਦਾ ਹੈ ਕਿਉਂਕਿ ਬਹੁਤੀ ਵਾਰ ਉਸ ਦੀ ਪਹੁੰਚ ਉਸ ਦਾ ਮਖੌਲ ਉਡਾਉਣ ਅਤੇ ਬਦਲਾ ਲਊ ਭਾਵਨਾ ਵਿਚ ਰੰਗੀ ਹੋਈ ਹੈ। ਇਸ ਅਨੁਵਾਦ ਅਤੇ ‘ਜਾਣ-ਪਛਾਣ’ ਨੇ ਸਿੱਖ ਜਗਤ ਵਿਚ ਵੱਡੇ ਪੱਧਰ ਤੇ ਵਿਰੋਧ ਜਗਾਇਆ ਅਤੇ ਇਸ ਨੂੰ ਰੱਦ ਕਰਨ ਵੱਲ ਧੱਕਿਆ। ਡਾæ ਅਵਤਾਰ ਸਿੰਘ ਅਨੁਸਾਰ ਜੇ ਉਸ ਦੇ ਯੋਗਦਾਨ ਨੂੰ ਮੰਨਿਆ ਹੀ ਨਾ ਗਿਆ, ਇਹ ਵਿਦਵਤਾ ਦੀ ਸਪਿਰਿਟ ਨੂੰ ਤੋੜਨਾ-ਮਰੋੜਨਾ ਅਤੇ ਪੱਖਪਾਤ ਹੋਵੇਗਾ। ਸਿੱਖ ਧਰਮ ਦੇ ਆਲੋਚਨਾਤਮਕ ਅਧਿਐਨ ਪੱਖੋਂ ਉਸ ਦਾ ਯੋਗਦਾਨ ਅਹਿਮ ਹੈ। ਇਨ੍ਹਾਂ ਰਹਿਤਨਾਮਿਆਂ ਦੀ ਵੱਡੀ ਗਿਣਤੀ ਅਤੇ ਤਾਨਾਸ਼ਾਹੀ ਸੁਭਾ ਕਾਰਨ, ਉਸ ਵਲੋਂ ਅਲਪ ਫਰਮਾਣ ਨੂੰ ਵਿਹਾਰ ਦੇ ਨਿਯਮ ਮੰਨਣ ਦੀ ਕੀਤੀ ਤਿੱਖੀ ਅਲੋਚਨਾ ਨੇ, ਸਿੱਖਾਂ ਨੂੰ ਆਪਣੇ ਮਾਨਵਤਾਵਾਦੀ ਆਦਰਸ਼ ਦੀ ਸਪਿਰਿਟ ਨੂੰ ਦੁਬਾਰਾ ਜਕੜਨ ਦੇ ਖਿਲਾਫ ਖਬਰਦਾਰ ਕਰਨ ਦਾ ਕੰਮ ਕੀਤਾ, ਜਿਸ ਵਿਚ ਕਿ ਸਿੱਖ ਧਰਮ ਦੇ ਲਹਿ ਜਾਣ ਦਾ ਖ਼ਤਰਾ ਸੀ। ਕੋਈ ਇਹ ਵੀ ਸਮਝ ਸਕਦਾ ਹੈ ਕਿ ਕਿਸੇ ਅਦਾਰੇ ਜਾਂ ਸੰਸਥਾ ਨੂੰ ਦਰੁਸਤ ਅਤੇ ਕਾਇਮ ਰੱਖਣ ਲਈ ਕੁੱਝ ਪ੍ਰਬੰਧਕੀ ਅਸੂਲ ਜ਼ਰੂਰੀ ਹੁੰਦੇ ਹਨ। ਅਰਨੈਸਟ ਟਰੰਪ ਨੇ ਜਿਸ ਢੰਗ ਨਾਲ ਇੱਕ ਵੰਗਾਰ ਪੈਦਾ ਕੀਤੀ, ਉਸ ਪੱਖੋਂ ਵੀ ਮਹੱਤਵਪੂਰਨ ਹੈ। ਸਿੱਖਾਂ ਵਾਸਤੇ ਰਹਿਤਮਰਿਆਦਾ ਦੇ ਅਸੂਲ ਪੱਕੇ ਕਰਨ ਲਈ 1932 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕਮੇਟੀ ਕਾਇਮ ਕਰਨ ਪਿੱਛੇ, ਕੁੱਝ ਅੰਦਰੂਨੀ ਲੋੜਾਂ ਦੇ ਨਾਲ ਨਾਲ ਹੋ ਸਕਦਾ ਹੈ ਟਰੰਪ ਦੀ ਇਨ੍ਹਾਂ ਅਲਪ ਹੁਕਮਨਾਮਿਆਂ ਦੀ ਤਿੱਖੀ ਆਲੋਚਨਾ ਵੀ ਇੱਕ ਕਾਰਨ ਹੋਵੇ। ਕਮੇਟੀ ਦੀਆਂ ਸਿਫਾਰਸ਼ਾਂ, ਜਿਨ੍ਹਾਂ ਨੂੰ ਅੰਤਮ ਛੋਹਾਂ ਦੇਣ ਲਈ ਪੂਰੇ ਦਸ ਸਾਲ ਲੱਗ ਗਏ, ਹੁਣ ਸਿੱਖ ਰਹਿਤ-ਮਰਿਆਦਾ ਦੇ ਛਪੇ ਹੋਏ ਸੈਂਤੀ ਪੰਨਿਆਂ ਦੇ ਕਿਤਾਬਚੇ ਦੇ ਰੂਪ ਵਿਚ ਮਿਲਦੀਆਂ ਹਨ।
ਅਰਨੈਸਟ ਟਰੰਪ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਤਿਅਧਿਕ ਆਲੋਚਨਾਤਮਕ ਅਨੁਵਾਦ ਬੱਚੇ ਦੇ ਮੁਰਦਾ-ਜਨਮ ਵਰਗਾ ਅਤੇ ਸਿੱਖਾਂ ਵਿਚ ਰੋਹ ਦਾ ਕਾਰਨ ਬਣਿਆ। ਇੱਕ ਹੋਰ ਵਿਦਵਾਨ ਮੈਕਸ ਆਰਥਰ ਮੈਕਾਲਿਫ ਨੇ ਸਿੱਖ ਧਰਮ ਦੇ ਵਿਸਤ੍ਰਿਤ ਅਧਿਐਨ ਦਾ ਕੰਮ ਸ਼ੁਰੂ ਕੀਤਾ ਅਤੇ ਦ੍ਰਿੜ ਕੀਤਾ ਕਿ ਉਸ ਦੇ ਆਪਣੇ ਦਾਅਵੇ ਅਨੁਸਾਰ, “ਉਸ (ਟਰੰਪ) ਨੇ ਸਿੱਖ ਧਰਮ ਅਤੇ ਉਨ੍ਹਾਂ ਦੇ ਗੁਰੂਆਂ ਦੀ ਜੋ ਬੇਇਜ਼ਤੀ ਕੀਤੀ ਸੀ ਉਸ ਨੂੰ ਸੁਧਾਰਨ ਦਾ ਯਤਨ ਕੀਤਾ ਜਾਵੇ।” ਮੈਕਾਲਿਫ ਭਾਵੇਂ ਦੂਸਰੀ ਹੱਦ ਤੇ ਪਹੁੰਚ ਗਿਆ ਅਤੇ ਉਸ ਨੇ ਆਪਣੀਆਂ ਲਿਖਤਾਂ ਵਿਚ ਉਹ ਸਭ ਕੁੱਝ ਸ਼ਾਮਲ ਕਰ ਲਿਆ ਜੋ ਉਸ ਨੂੰ ਸਿੱਖ ਧਰਮ ਵਿਚ ਸ਼ਰਧਾ ਰੱਖਣ ਵਾਲੇ ਲੋਕਾਂ ਨੇ ਦੱਸਿਆ। ਇਸ ਲਈ ਸਿੱਖ ਧਰਮ ਦੇ ਉਸ ਦੇ ਅਧਿਐਨ ਵਿਚ ਕੁੱਝ ਅਜਿਹੀਆਂ ਗੱਲਾਂ ਸ਼ਾਮਲ ਹਨ, ਜਿਸ ਨੂੰ ਹੁਣ ਬੇਲੋੜੀ ਕਲਪਨਾ ਅਤੇ ਭੋਲਾਪਣ ਹੀ ਮੰਨਿਆ ਜਾ ਸਕਦਾ ਹੈ। ਉਸ ਦਾ ਕੰਮ ਜੋ ਛੇ ਭਾਗਾਂ ਵਿਚ ਹੈ, ਹੁਣ ਤੱਕ ਵੀ ਬਹੁਤ ਲੋਕ-ਪ੍ਰਿਅ ਹੈ ਅਤੇ ਵੱਡੇ ਪੱਧਰ ‘ਤੇ ਹਵਾਲੇ ਵਜੋਂ ਵਰਤਿਆ ਜਾਂਦਾ ਹੈ, ਖਾਸ ਕਰਕੇ ਪੱਛਮੀ ਵਿਦਵਾਨਾਂ ਵੱਲੋਂ। ਇਸ ਦਾ ਜ਼ਿਕਰ ਪਹਿਲਾਂ ਵੀ ਹੋ ਚੁੱਕਾ ਹੈ ਕਿ ਮੈਕਾਲਿਫ ਨੇ ਇੰਗਲੈਂਡ ਵਿਚ ਆਪਣੇ ਇੱਕ ਭਾਸ਼ਣ ਦੌਰਾਨ ਸਿੱਖ ਨੈਤਿਕਤਾ ਦੇ ਉਦਾਰ ਦਾਅਵੇ ਵੱਲ ਸੰਕੇਤ ਕੀਤਾ। ਪਰ ਉਸ ਨੇ ਵੀ ਸਿੱਖ ਨੈਤਿਕਤਾ ਦਾ ਸਿਲਸਿਲੇਵਾਰ ਅਹਿਮ ਅਧਿਐਨ ਨਹੀਂ ਕੀਤਾ, ਜੋ ਬੇਸ਼ਕ ਉਸ ਦੇ ਅਧਿਐਨ ਦਾ ਕੇਂਦਰੀ ਮਕਸਦ ਵੀ ਨਹੀਂ ਸੀ।
ਸਿੱਖਾਂ ਦੇ ਇੱਕ ਹੋਰ ਫਿਰਕੇ ਜਿਨ੍ਹਾਂ ਨੂੰ ਹੁਣ ਨਿਰਮਲੇ ਕਿਹਾ ਜਾਂਦਾ ਹੈ, ਨੇ ਸਿੱਖ ਧਰਮ ਵਿਚ ਧਰਮ-ਸ਼ਾਸਤਰੀ ਪਰੰਪਰਾ ਨੂੰ ਅੱਗੇ ਵਧਾਇਆ। ਨਿਰਮਲੇ ਆਪਣੀ ਸ਼ੁਰੂਆਤ ਗੁਰੂ ਨਾਨਕ ਦੇਵ ਦੇ ਸਮੇਂ ਤੋਂ ਮੰਨਦੇ ਹਨ, ਪਰ ਬਹੁਤ ਸਾਰੇ ਵਿਦਵਾਨਾਂ ਦਾ ਖਿਆਲ ਹੈ ਕਿ ਨਿਰਮਲਾ ਸੰਪਰਦਾ ਗੁਰੂ ਗੋਬਿੰਦ ਸਿੰਘ ਦੇ ਵੇਲੇ ਸ਼ੁਰੂ ਹੋਈ। ਗੁਰੂ ਸਾਹਿਬ ਨੇ ਕੁੱਝ ਸਿੱਖਾਂ ਨੂੰ ਟਕਸਾਲੀ ਭਾਸ਼ਾਵਾਂ ਅਤੇ ਸ਼ਾਸਤਰਾਂ ਦੀ ਵਿਦਿਆ ਪ੍ਰਾਪਤ ਕਰਨ ਲਈ ਵਾਰਾਣਸੀ ਜਾਣ ਵਾਸਤੇ ਨਿਯੁਕਤ ਕੀਤਾ, ਜੋ ਉਸ ਵੇਲੇ ਵਿਦਿਆ ਦਾ ਕੇਂਦਰ ਸੀ ਤਾਂ ਕਿ ਉਹ ਫਿਰ ਉਸ ਵਿੱਦਿਆ ਦੀ ਜਾਤ-ਪਾਤ ਦੇ ਵਿਤਕਰੇ ਤੋਂ ਉਪਰ ਉਠ ਕੇ ਹਰ ਇੱਕ ਨੂੰ ਸਿੱਖਿਆ ਦੇਣ। ਇਥੇ ਜ਼ਿਕਰਯੋਗ ਹੈ ਕਿ ਸੰਸਕ੍ਰਿਤ ਭਾਸ਼ਾ ਅਤੇ ਸ਼ਾਸਤਰਾਂ ਦੇ ਅਧਿਐਨ ਦਾ ਹੱਕ ਸਿਰਫ ਉਚੀਆਂ ਜਾਤਾਂ ਨੂੰ ਸੀ ਪਰ ਸਿੱਖ ਧਰਮ ਨੇ ਇਸ ਵੰਡ ਨੂੰ ਨਕਾਰਿਆ ਪਰ ਨਿਰਮਲਿਆਂ ਨੇ ਵਧਦੇ ਹੋਏ ਵੇਦਾਂਤਕ ਅਸਰ ਹੇਠ ਹੌਲੀ ਹੌਲੀ ਅਜਿਹੀ ਦਿਸ਼ਾ ਅਖਤਿਆਰ ਕਰ ਲਈ ਜਿਥੇ ਉਨ੍ਹਾਂ ਦਾ ਸਿੱਖਾਂ ਦੀ ਮੁੱਖ ਧਾਰਾ ਨਾਲੋਂ ਬਹੁਤ ਹੱਦ ਤੱਕ ਨਾਤਾ ਟੁੱਟ ਗਿਆ। ਨਿਰਮਲ ਪੰਥੀ ਜੀਵਨ ਦੀ ਸਾਦਗੀ ਉਤੇ ਜ਼ੋਰ ਦਿੰਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਪਤ ਨੈਤਿਕ ਉਪਦੇਸ਼ਾਂ ਦਾ ਪ੍ਰਚਾਰ ਕਰਦੇ ਹਨ।
ਸਿੱਖਾਂ ਦੀ ਇੱਕ ਹੋਰ ਲਹਿਰ ਜਿਸ ਨੂੰ ਪੰਚ ਖਾਲਸਾ ਜਾਂ ਸਿੱਖਾਂ ਦੀ ਪਾਰਲੀਮੈਂਟ ਭਦੌੜ ਕਿਹਾ ਜਾਂਦਾ ਹੈ, ਨੇ ਸਿੱਖ ਰਹਿਤ ਮਰਿਆਦਾ ‘ਬਿਬੇਕ ਰਹਿਤ’ ਸੂਤਰਵਧ ਕੀਤੀ। ਉਨ੍ਹਾਂ ਵਲੋਂ ਸੰਕਲਿਤ ਰਹਿਤ ਮੁੱਖ ਤੌਰ ‘ਤੇ ਰਹਿਤਨਾਮਿਆਂ ‘ਤੇ ਆਧਾਰਤ ਹੈ, ਭਾਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਵਿਚੋਂ ਵੀ ਆਸਰਾ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਨੂੰ ‘ਕੱਟੜਪੰਥੀ’ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਉਹ ਅਕਸਰ ਕਹਿੰਦੇ ਰਹੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਹੋਰ ਸੰਤਾਂ-ਭਗਤਾਂ ਦੀ ਬਾਣੀ ਕੱਢ ਦੇਣੀ ਚਾਹੀਦੀ ਹੈ ਅਤੇ ਸਿਰਫ ਸਿੱਖ ਗੁਰੂਆਂ ਦੀ ਬਾਣੀ ਹੀ ਰੱਖਣੀ ਚਾਹੀਦੀ ਹੈ (ਇਹ ਵਿਚਾਰ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦਾ ਕਿਉਂਕਿ ਸੰਤਾਂ, ਭਗਤਾਂ ਦੀ ਬਾਣੀ ਗੁਰੂ ਸਾਹਿਬਾਨ ਨੇ ਆਪ ਇਕੱਤਰ ਕੀਤੀ ਅਤੇ ਪੰਚਮ ਪਾਤਿਸ਼ਾਹ ਨੇ ਆਪ ਇਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤਾ)। ਹੁਣ ਇਹ ਲਹਿਰ ਲਗਭਗ ਖਤਮ ਹੋ ਗਈ ਹੈ।
ਪਿਛਲੇ ਕੁੱਝ ਦਹਾਕਿਆਂ ਵਿਚ ਭਾਈ ਕਾਹਨ ਸਿੰਘ ਨਾਭਾ ਅਤੇ ਭਾਈ ਵੀਰ ਸਿੰਘ ਅੰਮ੍ਰਿਤਸਰ ਤੋਂ ਇਲਾਵਾ ਕੁੱਝ ਅਜਿਹੇ ਵਿਦਵਾਨ ਹੋਏ ਹਨ, ਜਿਨ੍ਹਾਂ ਨੇ ਸਿੱਖ ਧਰਮ ਵਿਚ ਹੌਲੀ ਹੌਲੀ ਇੱਕ ਨਵਾਂ ਧੜਾ ਬਣਾਇਆ, ਜਿਸ ਨੂੰ ‘ਸਨਾਤਨੀ ਉਦਾਰਵਾਦ’ ਕਿਹਾ ਜਾ ਸਕਦਾ ਹੈ। ਇਨ੍ਹਾਂ ਵਿਦਵਾਨਾਂ ਨੇ ਸਿੱਖ ਧਰਮ ਦੇ ਕੇਂਦਰੀ ਸਿਧਾਂਤਾਂ ਪ੍ਰਤੀ ਵਫਾਦਾਰ ਰਹਿੰਦੇ ਹੋਏ ਵੀ ਪੁਰਾਣਿਆਂ ਵੱਲੋਂ ਸੌਂਪੇ ਗਏ ਨੂੰ ਪੂਰੇ ਦਾ ਪੂਰਾ ਪ੍ਰਵਾਨ ਨਹੀਂ ਕੀਤਾ। ਭਾਈ ਕਾਹਨ ਸਿੰਘ ਨਾਭਾ ਨੇ ਆਪਣੇ ‘ਗੁਰਮਤਿ ਸੁਧਾਕਰ’ ਵਿਚ ਕੁੱਝ ਰਹਿਤਨਾਮਿਆਂ ਦਾ ਸੰਪਾਦਨ ਕੀਤਾ ਹੈ। ਇਨ੍ਹਾਂ ਰਹਿਤਾਂ ਦੀ ਕੱਟੜਤਾ ਨੂੰ ਨਰਮ ਕਰਨ ਲਈ ਉਨ੍ਹਾਂ ਨੇ ਪੈਰ-ਟਿੱਪਣੀਆਂ ਦਿੱਤੀਆਂ ਹਨ। ਉਨ੍ਹਾਂ ਨੇ ‘ਗੁਰਸ਼ਬਦਰਤਨਾਕਰ’ ਵਿਚ ਕਿਹਾ ਹੈ ਕਿ ਰਹਿਤ ਦੇ ਕੇਂਦਰੀ ਨਿਯਮ ਆਦਿ ਗ੍ਰੰਥ ਵਿਚ ਦਰਜ ਹਨ ਅਤੇ ਕਈ ਦੂਸਰੇ ਸੰਕਲਨਾਂ ਵਿਚ ਵੀ ਮਿਲਦੇ ਹਨ।
ਬਾਬਾ ਰਾਮ ਸਿੰਘ (1824-1885) ਜੋ ਇੱਕ ਧਰਮੀ ਅਤੇ ਸ਼ਰਧਾਲੂ ਸਿੱਖ ਸੀ, ਨੇ ਇਕ ਸੰਸਥਾ ਕਾਇਮ ਕੀਤੀ, ਜਿਸ ਨੂੰ ਹੁਣ ਨਾਮਧਾਰੀ ਸੰਪਰਦਾ ਕਿਹਾ ਜਾਂਦਾ ਹੈ। ਇਨ੍ਹਾਂ ਨੂੰ ਕੂਕੇ ਸਿੱਖ ਵੀ ਕਿਹਾ ਜਾਂਦਾ ਹੈ। ਇਸ ਸੰਪਰਦਾ ਨੇ ਭਾਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਕੇਂਦਰੀ ਸਿੱਖਿਆਵਾਂ ਨੂੰ ਮੰਨਣਾ ਜਾਰੀ ਰੱਖਿਆ ਹੈ, ਪ੍ਰੰਤੂ ਅਮਲੀ ਗੱਲਾਂ ਪੱਖੋਂ ਬਹੁਤ ਸਾਰੇ ਵਖਰੇਵੇਂ ਵੀ ਅਪਨਾ ਲਏ ਹਨ। ਆਦੇਸ਼ ਅਤੇ ਰਹਿਨੁਮਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਇਨ੍ਹਾਂ ਦੇ ਗੱਦੀ ‘ਤੇ ਬਿਰਾਜਮਾਨ ਸਰੀਰਕ ਗੁਰੂ ਵੱਲੋਂ ਕੀਤੀ ਜਾਂਦੀ ਹੈ। (ਇਥੇ ਇਹ ਕਹਿਣਾ ਤਰਕ-ਸੰਗਤ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਸਮ ਪਾਤਿਸ਼ਾਹ ਨੇ ਪੂਰਨ ਗੁਰ-ਮਰਿਆਦਾ ਅਨੁਸਾਰ ਦਿੱਤੀ ਸੀ, ਫਿਰ ਕਿਸੇ ਵੀ ਸੰਪਰਦਾ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਸ਼ਬਦ-ਗੁਰੂ ਨਾ ਮੰਨ ਕੇ, ਕਿਸੇ ਦੇਹ-ਧਾਰੀ ਗੁਰੂ ਨੂੰ ਮੰਨਣਾ ਗੁਰੂਆਂ ਰਾਹੀਂ ਦਿੱਤੀ ਰਹਿਤ ਦੀ ਘੋਰ-ਉਲੰਘਣਾ ਹੈ)।
ਸਤਿਸੰਗ ਬਿਆਸ ਅਤੇ ਨਿਰੰਕਾਰੀ ਮੰਡਲ ਦਿੱਲੀ ਵੀ ਸਿੱਖੀ ਤੋਂ ਪ੍ਰਭਾਵਿਤ ਰਹੇ ਹਨ ਅਤੇ ਆਪਣੇ ਉਪਦੇਸ਼ਾਂ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਅਤੇ ਸੰਤ ਬਾਣੀ ਨੂੰ ਬਣਾਉਂਦੇ ਰਹੇ ਹਨ। ਹਿੰਦੂ ਅਤੇ ਸਿੱਖ ਦੋਵੇਂ ਹੀ ਇਨ੍ਹਾਂ ਨੂੰ ਮੰਨਣ ਵਾਲੇ ਹਨ, ਨਤੀਜੇ ਵਜੋਂ ਅਮਲ ਅਤੇ ਰਹਿਤ ਪੱਖੋਂ ਸਿੱਖ ਰਹਿਣੀ ‘ਤੇ ਜ਼ੋਰ ਨਹੀਂ ਦਿੱਤਾ ਜਾਂਦਾ। (ਕੋਈ ਵੀ ਸੰਪਰਦਾ ਜਿਸ ਨੂੰ ਦੇਹਧਾਰੀ ਗੁਰੂ ਚਲਾ ਰਹੇ ਹਨ ਭਾਵੇਂ ਉਪਦੇਸ਼ ਲੈਣ ਲਈ ਗੁਰਬਾਣੀ ਦਾ ਆਸਰਾ ਲੈਣ ਪਰ ਸਿੱਖ ਧਰਮ ਦੇ ਕੇਂਦਰੀ ਸਿਧਾਂਤਾਂ ਤੋਂ ਦੂਰ ਹੀ ਹਨ। ਇਹ ਮਿਲਗੋਭਾ ਡੇਰੇਦਾਰੀਆਂ ਹਨ ਜੋ ਸਿੱਖੀ ਸਿਧਾਂਤਾਂ ਨੂੰ ਉਸਾਰਨ ਦੀ ਥਾਂ ਉਨ੍ਹਾਂ ਵਿਚ ਮਿਲਾਵਟ ਕਰ ਰਹੀਆਂ ਹਨ। ਡੇਰਾ-ਰੂਪੀ ਸੰਸਥਾਵਾਂ ਨੇ ਸਿੱਖ ਧਰਮ ਦੇ ਕੇਂਦਰੀ ਸਿਧਾਂਤਾਂ ਦਾ ਨੁਕਸਾਨ ਹੀ ਕੀਤਾ ਹੈ)।
ਗੁਰੂ ਨਾਨਕ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਸਿੰਧੀਆਂ ਵਿਚ ਵੀ ਬਹੁਤ ਵਧੀਆਂ-ਫੁੱਲੀਆਂ ਹਨ। ਇਨ੍ਹਾਂ ਵਿਚ ਵੀ ਦੋਵੇਂ ਤਰ੍ਹਾਂ ਦੇ ਸਿੱਖ ਸ਼ਾਮਲ ਹਨ-ਇੱਕ ਉਹ ਜਿਹੜੇ ਪੰਜ ਕੱਕਾਰੀ ਹਨ ਅਤੇ ਦੂਸਰੇ ਜੋ ਕੱਕਾਰਧਾਰੀ ਨਹੀਂ ਪ੍ਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਪੂਰਨ ਸ਼ਰਧਾ ਨਾਲ ਜੁੜੇ ਹੋਏ ਹਨ। ਉਨ੍ਹਾਂ ਦੇ ਨੈਤਿਕ ਅਤੇ ਧਾਰਮਿਕ ਸਿਧਾਂਤ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਲਏ ਹੋਏ ਹਨ। ਭਾਈ ਚੇਲਾ ਰਾਮ ਨੇ ਜਪੁਜੀ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਹੈ ਅਤੇ ਸਿੱਖ ਧਰਮ ਬਾਰੇ ਵੀ ਲਿਖਿਆ ਹੈ।
ਸਿੱਖਾਂ ਦੀ ਮੁੱਖ ਧਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਨੈਤਿਕ ਅਤੇ ਅਧਿਆਤਮਕ ਸਿੱਖਿਆਵਾਂ ਨੂੰ ਹੀ ਮੰਨਦੀ ਹੈ ਅਤੇ ਸਿੱਖ ਰਹਿਤ ਮਰਿਆਦਾ ਵਿਚ ਦੱਸੀ ਰਹਿਤ ਦੇ ਨਿਯਮਾਂ ਨੂੰ ਹੀ ਮੰਨਦੀ ਹੈ। ਸਿੰਘ ਸਭਾ ਲਹਿਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨੂੰ ਲੋਕਾਂ ਵਿਚ ਮੁੜ ਪ੍ਰਚਾਰਨ ਦਾ ਕੰਮ ਕੀਤਾ ਅਤੇ ਗੁਰੂਆਂ ਦੇ ਦਿੱਤੇ ਕੇਂਦਰੀ ਸਿਧਾਂਤਾਂ ਪ੍ਰਤੀ ਚੇਤੰਨ ਕੀਤਾ। ਸਿੰਘ ਸਭਾ ਲਹਿਰ ਸਿੱਖਾਂ ਦੀ ਚੇਤਨਾ ਲਹਿਰ ਸੀ। ਸਿੰਘ ਸਭਾ ਲਹਿਰ ਦੁਆਰਾ ਰਚਿਆ ਗਿਆ ਸਾਹਿਤ ਧਾਰਮਿਕ ਪੁਨਰ-ਜਾਗ੍ਰਿਤੀ ਦੀ ਭਾਵਨਾ ਨਾਲ ਓਤ-ਪੋਤ ਹੈ ਜਿਸ ਦਾ ਵਿਸ਼ਾ ਆਮ ਤੌਰ ‘ਤੇ ਇਤਿਹਾਸਕ ਅਤੇ ਸ਼ਰਧਾ ਵਾਲਾ ਹੈ। ਕਿਤੇ ਕਿਤੇ ਪ੍ਰਬੰਧਕੀ ਫਰਜ਼ਾਂ ਅਤੇ ਅਦੇਸ਼ਾਂ ਦਾ ਭਾਵਨਾਤਮਕ ਸਮਰਥਨ ਅਤੇ ਉਚਿਤਤਾ ਦਾ ਜ਼ਿਕਰ ਮਿਲਦਾ ਹੈ। ਇਸ ਸਮੇਂ ਦੇ ਪੰਜਾਬੀ ਸਾਹਿਤ ਵਿਚ ਬਹੁਤ ਕ੍ਰਿਆਸ਼ੀਲਤਾ ਨਜ਼ਰ ਆਉਂਦੀ ਹੈ ਅਤੇ ਇਸ ਖੇਤਰ ਵਿਚ ਸਿੱਖ ਸਿਧਾਂਤਾਂ ਦੀ ਪੁਨਰ-ਸਥਾਪਤੀ ਲਈ ਸਾਂਝਾ ਉਦਮ ਹੈ। ਹੁਣ ਦਾ ਸਮਾਂ ਗੁਰੂ ਸਹਿਬਾਨ ਦੀਆਂ ਸਿੱਖਿਆਵਾਂ (ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਪਤ ਹਨ) ‘ਤੇ ਆਧਾਰਤ ਸਿੱਖ ਸਿਧਾਂਤਾਂ ਦੀ ਪੁਨਰ-ਜਾਗ੍ਰਿਤੀ ਦੀ ਸੁਰ ਅਖਤਿਆਰ ਕਰ ਰਿਹਾ ਜਾਪਦਾ ਹੈ। (ਸਿੱਖਾਂ ਦੀ ਮੁੱਖ ਧਾਰਾ ਨੂੰ, ‘ਦਸਮ ਗ੍ਰੰਥ’ ਦਾ ਕਿਹੜਾ ਹਿੱਸਾ ਦਸਮ ਪਾਤਸ਼ਾਹ ਦੀ ਰਚਨਾ ਹੈ ਤੇ ਕਿਹੜਾ ਨਹੀਂ? ਇਸ ਪ੍ਰਸ਼ਨ ਨੂੰ ਹੱਲ ਕਰ ਲੈਣਾ ਚਾਹੀਦਾ ਹੈ)।
ਨੋਟ: ਇਹ ਲੇਖ ਸਵਰਗੀ ਡਾæ ਅਵਤਾਰ ਸਿੰਘ ਦੀ ਪੁਸਤਕ ‘ਐਥਿਕਸ ਆਫ ਦ ਸਿੱਖਸ’ ਉਤੇ ਆਧਾਰਤ ਹੈ।
Leave a Reply