ਪੰਜਾਬ ਦੀ ਕਹਾਣੀ ਕਰਦਾ ਨੌਜਵਾਨ ਹਾਰੂਨ ਖਾਲਿਦ

ਨਵੀਂ ਪੋਥੀ: ਵਾਰਿਸ ਤੋਂ ਹੀਰ ਤੱਕ
ਸਹਿਜਪ੍ਰੀਤ ਕੌਰ
ਹਾਰੂਨ ਖਾਲਿਦ ਲਹਿੰਦੇ ਪੰਜਾਬ ਦਾ ਮਾਨਵ ਵਿਗਿਆਨੀ ਹੈ ਜਿਹੜਾ ਅੱਜ ਕੱਲ੍ਹ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਰਹਿ ਰਿਹਾ ਹੈ। ਉਸ ਨੇ ਆਪਣੀਆਂ ਕਿਤਾਬਾਂ ਨਾਲ ਸਭ ਦਾ, ਖਾਸ ਕਰ ਕੇ ਪੰਜਾਬੀਆਂ ਦਾ, ਧਿਆਨ ਖਿੱਚਿਆ ਹੈ। ਹਾਲ ਹੀ ਵਿਚ ਉਸ ਦੀ ਨਵੀਂ ਕਿਤਾਬ ਨਾਵਲ ਦੇ ਰੂਪ ਵਿਚ ਆਈ ਹੈ: ‘ਫਰੌਮ ਵਾਰਿਸ ਟੂ ਹੀਰ’ (ਵਾਰਿਸ ਤੋਂ ਹੀਰ ਤੱਕ)। ਹਾਰੂਨ ਖਾਲਿਦ ਨੇ ਇਸ ਨਾਵਲ ਵਿਚ ਵਾਰਿਸ ਅਤੇ ਹੀਰ ਦੀ ਕਹਾਣੀ ਇਸ ਢੰਗ ਨਾਲ ਸੁਣਾਈ ਹੈ ਕਿ ਇਹ ਸਮੁੱਚੇ ਪੰਜਾਬ ਦੀ ਕਹਾਣੀ ਹੋ ਨਿੱਬੜੀ ਹੈ।

ਅਸਲ ਵਿਚ ਹਾਰੂਨ ਖਾਲਿਦ ਦੀਆਂ ਰਚਨਾਵਾਂ ਦੀ ਖਸੂਸੀਅਤ ਹੀ ਇਹ ਹੈ ਕਿ ਇਹ ਬਹੁ-ਪਰਤੀ ਹੁੰਦੀਆਂ ਹਨ। ਉਹ ਭੂਤਕਾਲ ਅਤੇ ਵਰਤਮਾਨ ਦੀਆਂ ਪਰਤਾਂ ਇਸ ਢੰਗ ਨਾਲ ਫਰੋਲਦਾ ਹੈ ਕਿ ਪਾਠਕ ਉਸ ਦੇ ਨਾਲ-ਨਾਲ ਤੁਰਦਾ ਮਹਿਸੂਸ ਕਰਦਾ ਹੈ। ਇਹ ਸ਼ੈਲੀ ਉਸ ਨੇ ਆਪਣੇ ਫੇਰੇ-ਤੋਰੇ ਵਾਲੇ ਸੁਭਾਅ ਜ਼ਰੀਏ ਹਾਸਿਲ ਕੀਤੀ ਹੈ। ਦੇਖਿਆ ਜਾਵੇ ਤਾਂ ਉਹ ਮੁੱਖ ਰੂਪ ਵਿਚ ਯਾਤਰੂ ਹੈ, ਲੇਖ ਅਤੇ ਖੋਜੀ ਉਹ ਬਾਅਦ ਵਿਚ ਬਣਦਾ ਹੈ। ਉਹ ਪੰਜਾਬ ਅਤੇ ਹੋਰ ਥਾਈਂ ਲਗਾਤਾਰ ਸਫਰ ਵਿਚ ਰਹਿੰਦਾ ਹੈ, ਸਬੰਧਿਤ ਥਾਂ ‘ਤੇ ਜਾ ਕੇ ਇਤਿਹਾਸ ਫਰੋਲਦਾ ਹੈ ਅਤੇ ਫਿਰ ਇਸ ਸਮੱਗਰੀ ਉਤੇ ਆਪਣਾ ਰੰਗ ਚਾੜ੍ਹ ਕੇ ਇਸ ਨੂੰ ਕਾਗਜ਼ ‘ਤੇ ਉਤਾਰ ਦਿੰਦਾ ਹੈ। ਉਸ ਦੀਆਂ ਸਾਰੀਆਂ ਕਿਤਾਬਾਂ ਅਜਿਹੇ ਸਫਰ ਦੀਆਂ ਹੀ ਕਹਾਣੀਆਂ ਹਨ। ਉਹ ਮੁੱਖ ਰੂਪ ਵਿਚ ਕਿਉਂਕਿ ਮਾਨਵ ਵਿਗਿਆਨੀ ਹੈ, ਉਹ ਆਪਣੇ ਆਲੇ-ਦੁਆਲੇ ਨੂੰ ਇਸੇ ਅੱਖ ਨਾਲ ਦੇਖਦਾ ਹੈ ਬਲਕਿ ਕਹਿਣਾ ਚਾਹੀਦਾ ਹੈ ਕਿ ਉਸ ਦੀਆਂ ਕਹਾਣੀ ਉਸ ਦੇ ਵਰਤਮਾਨ ਅਤੇ ਇਤਿਹਾਸ ਦੇ ਸਫਰ ‘ਤੇ ਇਕੱਠੀਆਂ ਹੀ ਨਿੱਕਲਦੀਆਂ ਹਨ ਅਤੇ ਪਾਠਕ ਨੂੰ ਵਿਲੱਖਣ ਦੁਨੀਆ ਅੰਦਰ ਲੈ ਜਾਂਦੀਆਂ ਹਨ।
‘ਫਰੌਮ ਵਾਰਿਸ ਟੂ ਹੀਰ’ ਨੂੰ ਹੀ ਲੈ ਲਓ। ਹਾਰੂਨ ਖਾਲਿਦ ਇਹ ਕਹਾਣੀ ਹੀਰ ਰਾਂਝੇ ਦੀ ਕਹਾਣੀ ਦੇ ਜ਼ਰੀਏ ਸੁਣਾਉਂਦਾ ਹੈ। ਹੀਰ ਰਾਂਝੇ ਦੀ ਕਹਾਣੀ ਆਪਣੇ ਕਿੱਸੇ ਵਿਚ ਵਾਰਿਸ ਸ਼ਾਹ ਪਹਿਲਾਂ ਹੀ ਬਹੁਤ ਮੁਹੱਬਤ ਅਤੇ ਖੁਬਸੂਰਤੀ ਨਾਲ ਸੁਣਾ ਚੁੱਕਾ ਹੈ। ਹਾਰੂਨ ਖਾਲਿਦ ਲਈ ਇਹੀ ਵੱਡੀ ਚੁਣੌਤੀ ਹੈ ਕਿ ਉਹ ਪਹਿਲਾਂ ਹੀ ਸੁਣਾਈ ਜਾ ਚੁੱਕੀ ਕਹਾਣੀ ਸੁਣਾਉਣ ਲੱਗਾ ਹੈ। ਉਂਝ, ਉਹ ਕਹਾਣੀ ਦੀ ਲੜੀ ਇਥੋਂ ਹੀ ਫੜਦਾ ਹੈ, ਇਤਿਹਾਸ ਵਿਚ ਚੁੱਭੀ ਮਾਰਦਾ ਹੈ, ਫਿਰ ਪੰਜਾਬੀ ਕਿੱਸਾ ਕਾਵਿ ਵੱਲ ਮੁੜਦਾ ਹੈ। ਕਿੱਸਾ ਪੰਜਾਬੀ ਸਾਹਿਤ ਦੀ ਅਜਿਹੀ ਵੰਨਗੀ ਹੈ ਜਿਹੜੀ ਪੜ੍ਹਨ ਤੋਂ ਇਲਾਵਾ ਸੁਣਨ ਸੁਣਾਉਣ ਦੇ ਮਾਮਲੇ ਵਿਚ ਵੀ ਸਗੋਂ ਵਧੇਰੇ ਮਸ਼ਹੂਰ ਹੈ। ਉਸ ਵਕਤ ਅਨਪੜ੍ਹ ਲੋਕਾਂ ਅੰਦਰ ਧਾਰਮਿਕ, ਸਮਾਜਿਕ ਅਤੇ ਜ਼ਿੰਦਗੀ ਦੇ ਹੋਰ ਜ਼ਾਵੀਏ ਇਵੇਂ ਹੀ ਪ੍ਰਗਟ ਹੁੰਦੇ ਸਨ। ਵਾਰਿਸ ਸ਼ਾਹ ਨੇ ਜਦੋਂ ਇਹ ਕਿੱਸਾ ਲਿਖਿਆ ਹੋਵੇਗਾ ਤਾਂ ਪੜ੍ਹਨ ਨਾਲੋਂ ਸੁਣਨ ਸੁਣਾਉਣ ਵਾਲੀ ਗੱਲ ਤੋਂ ਉਹ ਪੂਰੀ ਤਰ੍ਹਾਂ ਵਾਕਿਫ ਹੋਵੇਗਾ। ਇਸ ਕਿੱਸੇ ਦਾ ਰੰਗ ਦੱਸਦਾ ਹੈ ਕਿ ਇਸ ਪੱਖ ਤੋਂ ਵਾਰਿਸ ਸ਼ਾਹ ਨੇ ਕਿੰਨੀ ਕਮਾਲ ਦੀ ਪੇਸ਼ਕਾਰੀ ਦਿੱਤੀ ਹੈ।
ਵਾਰਿਸ ਸ਼ਾਹ ਦੇ ਇਸ ਕਿੱਸੇ ਤੋਂ ਢਾਈ ਸਦੀਆਂ ਬਾਅਦ ਹਾਰੂਨ ਖਾਲਿਦ ਹੀਰ ਰਾਂਝੇ ਦਾ ਇਹ ਕਿੱਸਾ ਲੈ ਕੇ ਆਇਆ ਹੈ। ਇਹ ਅਸਲ ਵਿਚ ਹੀਰ ਰਾਂਝੇ ਦੀ ਪਿਆਰ ਕਹਾਣੀ ਹੀ ਨਹੀਂ, ਇਹ ਵਾਰਿਸ ਸ਼ਾਹ ਦੀ ਕਹਾਣੀ ਵੀ ਹੈ ਸਗੋਂ ਇਸ ਕਹਾਣੀ ਵਿਚ ਤਾਂ ਬਾਬਾ ਬੁੱਲ੍ਹੇ ਸ਼ਾਹ ਦੀ ਧਮਾਲ ਵੀ ਪੈਂਦੀ ਸੁਣਦੀ ਹੈ, ਇਸ ਵਿਚ ਸਿੱਖ ਮਿਸਲਾਂ ਦੀ ਚੜ੍ਹਤ ਵਾਲੇ ਢੋਲ ਦੀਆਂ ਗੂੰਜਾਰਾਂ ਪੈਂਦੀਆਂ ਹੈ ਅਤੇ ਢਹਿ-ਢੇਰੀ ਹੋ ਰਹੇ ਮੁਗਲ ਸਾਮਰਾਜ ਦਾ ਤੁਣਕਾ ਵੀ ਵੱਜਦਾ ਹੈ। ਇਉਂ ਇਹ ਦੋਵੇਂ ਕਹਾਣੀਆਂ ਨਾਲੋ-ਨਾਲ ਚੱਲਦੀਆਂ ਹਨ ਅਤੇ ਇਨ੍ਹਾਂ ਦੇ ਐਨ ਵਿਚਕਾਰ ਹਾਰੂਨ ਖਾਲਿਦ ਆਪਣੀ ਕਹਾਣੀ ਛੇੜਦਾ ਹੈ। ਇਕ ਪਾਸੇ ਨੌਜਵਾਨ ਵਾਰਿਸ ਸ਼ਾਹ ਹੈ ਜੋ ਘਰੋਂ ਉਜੜ ਗਿਆ ਹੈ ਅਤੇ ਕਸੂਰ, ਪਾਕਪਟਨ ਤੇ ਮਲਕਾ ਹਾਂਸ ਵੱਲ ਧਾਹ ਰਿਹਾ ਹੈ; ਮਲਕਾ ਹਾਂਸ ਉਹ ਥਾਂ ਹੈ ਜਿਥੇ ਉਹ ਹੀਰ ਰਚਦਾ ਹੈ। ਇਸੇ ਬਿਰਤਾਂਤ ਵਿਚੋਂ 18ਵੀਂ ਸਦੀ ਦਾ ਪੰਜਾਬ ਮੌਲਦਾ ਦਿਸਦਾ ਹੈ। ਹਾਰੂਨ ਖਾਲਿਦ ਇਵੇਂ ਹੀ ਇਸ ਕਿੱਸੇ ਨਾਲ ਆਪਣੀਆ ਲੜੀਆਂ ਜੋੜਦਾ ਜਾਂਦਾ ਹੈ। ਸ਼ਾਇਦ ਇਸੇ ਕਰ ਕੇ ਇਹ ਰਚਨਾ ਹਾਰੂਨ ਖਾਲਿਦ ਦੀ ਕਲਾਕਾਰੀ ਦਾ ਸਿਖਰ ਹੋ ਨਿੱਬੜੀ ਹੈ।
ਹਾਰੂਨ ਖਾਲਿਦ ਦੀਆਂ ਪਹਿਲੀਆਂ ਰਚਨਾਵਾਂ (ਏ ਵ੍ਹਾਈਟ ਟਰੇਲ, ਇੰਨ ਸਰਚ ਆਫ ਸ਼ਿਵਾ, ਵਾਕਿੰਗ ਵਿਦ ਨਾਨਕ, ਇਮੇਜਿੰਗ ਲਾਹੌਰ, ਬਿਯੌਂਡ ਦਿ ਅਦਰ, ਦਿ ਅਨਿਗਮਾ ਆਫ ਪਾਕਿਸਤਾਨੀ ਆਇਡੈਂਟਿਟੀ) ਵਿਚ ਵੀ ਇਹੀ ਰੰਗ ਦਿਸਦਾ ਹੈ। ਉਹ ਅਸਲ ਵਿਚ ਆਪਣੇ ਸਫਰ ਦੇ ਬਿਰਤਾਂਤ ਨੂੰ ਸਮੁੱਚਤਾ ਵਿਚ ਪੇਸ਼ ਕਰਦਾ ਹੈ। ਇਸ ਅੰਦਰ ਰਵਾਇਤਾਂ, ਧਾਰਮਿਕ ਅਕੀਦਿਆਂ ਅਤੇ ਸ਼ਨਾਖਤਾਂ ਦੇ ਭਰਪੂਰ ਵੇਰਵੇ ਮਿਲਦੇ ਹਨ। ਅਲ ਜਜ਼ੀਰਾ, ਸੀ.ਬੀ.ਸੀ., ਸਕਰੋਲ ਡਾਟ ਇੰਨ, ਵਾਇਰ ਡਾਟ ਇੰਨ, ਟੀ.ਆਰ.ਟੀ. ਵਰਲਡ, ਹਿਮਾਲ, ਦਿ ਡਾਅਨ, ਨਿਊਜ਼, ਐਕਸਪ੍ਰੈੱਸ ਟ੍ਰਿਬਿਊਨ ਵਰਗੇ ਮੰਚਾਂ ‘ਤੇ ਨਸ਼ਰ ਹੁੰਦੇ ਲੇਖਾਂ ਅੰਦਰ ਵੀ ਇਹੀ ਤਾਲ ਟੁਣਕਦੀ ਹੈ। ਹਾਰੂਨ ਖਾਲਿਦ ਨੇ ਆਪਣੀ ਕਿਤਾਬ ‘ਇਮੇਜਿੰਗ ਲਾਹੌਰ’ ਵਿਚ ਜਿਸ ਢੰਗ ਨਾਲ ਲਾਹੌਰ ਦੀ ਕਹਾਣੀ ਛੇੜੀ, ਉਹ ਆਪਣੀ ਕਹਾਣੀ ਆਪ ਹੈ। ਆਪਣੇ ਨਾਵਲ ‘ਫਰੌਮ ਵਾਰਿਸ ਟੂ ਹੀਰ’ ਨਾਲ ਉਹ ਇਕ ਪੌਡਾ ਹੋਰ ਉਤਾਂਹ ਚੜ੍ਹ ਗਿਆ ਹੈ।
ਕਹਿਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਹਾਰੂਨ ਖਾਲਿਦ ਅੱਜ ਦਾ ਵਾਰਿਸ ਹੈ ਜਿਸ ਨੇ ਅਗਲੀਆਂ ਪੀੜ੍ਹੀਆਂ ਲਈ ਹੀਰ ਰਾਂਝੇ ਦੀ ਕਹਾਣੀ ਵੱਖਰੇ ਢੰਗ ਨਾਲ ਸੁਣਾਈ ਹੈ।