ਡਾ. ਸੁਰਜੀਤ ਸਿੰਘ
ਫੋਨ: +91-93564-62593
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ. ਸੁਰਜੀਤ ਸਿੰਘ ਨੇ ਚਿੰਤਕ ਸ਼ਾਇਰ ਸੁਰਜੀਤ ਪਾਤਰ ਦੇ ਕਾਵਿ ਸਫਰ ਬਾਰੇ ਚਰਚਾ ਇਸ ਲੇਖ ਵਿਚ ਕੀਤੀ ਹੈ। ਲੇਖਕ ਨੇ ਦਰਸਾਇਆ ਹੈ ਕਿ ਪੰਜਾਬ ਦੇ ਭਵਿੱਖ ਲਈ ਸੁਰਜੀਤ ਪਾਤਰ ਵਰਗੇ ਸ਼ਾਇਰ ਦੀ ਸ਼ਾਇਰੀ ਦਾ ਕੀ ਮਹੱਤਵ ਹੈ। ਇਸ ਲੰਮੇ ਲੇਖ ਨੂੰ ਥੋੜ੍ਹਾ ਸੰਖੇਪ ਕਰ ਕੇ ਆਪਣੇ ਪਾਠਕਾਂ ਦੇ ਸਨਮੁਖ ਕਰ ਰਹੇ ਹਾਂ।
ਆਧੁਨਿਕ ਪੰਜਾਬੀ ਕਾਵਿ ਪਰੰਪਰਾ ਵਿਚ ਸੁਰਜੀਤ ਪਾਤਰ ਵਿਲੱਖਣ ਕਾਵਿ-ਵਰਤਾਰੇ ਦਾ ਨਾਮ ਹੈ। ਉਹ ਜਿੱਥੇ ਆਪਣੇ ਪਾਠਕਾਂ ਵਿਚ ਮਕਬੂਲ ਹੈ, ਉੱਥੇ ਆਲੋਚਕ ਵੀ ਉਸ ਦੀ ਕਾਵਿ ਸਮਰੱਥਾ ਦੇ ਕਾਇਲ ਹਨ। ਸ਼ਿਵ ਕੁਮਾਰ ਤੋਂ ਬਾਅਦ ਸੁਰਜੀਤ ਪਾਤਰ ਨੇ ਪੰਜਾਬੀ ਕਵਿਤਾ ਦੇ ਪਾਠਕਾਂ ਦੀ ਸੁਹਜ ਸੰਵੇਦਨਾ ਨੂੰ ਟੁੰਬਿਆ ਅਤੇ ਉਨ੍ਹਾਂ ਦੀ ਕਲਪਨਾ ਨੂੰ ਆਪਣੀ ਮਨਮੋਹਣੀ ਸ਼ੈਲੀ ਨਾਲ ਗ਼ਿ੍ਰਫ਼ਤ ਵਿਚ ਲਿਆ। ਇਕ-ਅੱਧ ਆਲੋਚਕ ਨੂੰ ਛੱਡ ਕੇ ਸਭ ਨੇ ਪਾਤਰ ਦੀ ਕਾਵਿ-ਸਮਰੱਥਾ ਕਬੂਲੀ ਹੈ ਅਤੇ ਉਸ ਨੂੰ ਪੰਜਾਬੀ ਕਾਵਿ-ਪਰੰਪਰਾ ਵਿਚ ਨਵੇਂ ਦਿਸਹੱਦੇ ਛੂਹਣ ਵਾਲੇ ਕਵੀ ਵਜੋਂ ਸਵੀਕਾਰ ਕੀਤਾ ਹੈ।
ਪਾਠਕਾਂ ਵਿਚ ਮਕਬੂਲ ਹੋਣਾ ਅਤੇ ਉਚੇਰੇ ਸਾਹਿਤਕ ਮਿਆਰਾਂ ਨੂੰ ਨਾ ਕੇਵਲ ਛੁਹਣਾ ਸਗੋਂ ਸਥਾਪਿਤ ਕਰਨਾ ਆਪਣੇ ਆਪ ਵਿਚ ਜੇ ਅਸੰਭਵ ਨਹੀਂ ਤਾਂ ਅਤਿ ਮੁਸ਼ਕਿਲ ਕਾਰਜ ਹੈ। ਪੰਜਾਬੀ ਵਿਚ ਮਕਬੂਲ ਕਵਿਤਾ ਅਤੇ ਸਾਹਿਤਕ ਨੁਕਤਾ ਨਿਗਾਹ ਤੋਂ ਸਮਰੱਥ ਕਵਿਤਾ ਵਿਚ ਖੱਪਾ ਦੇਖਣ ਨੂੰ ਮਿਲਦਾ ਹੈ। ਪਾਤਰ ਤੋਂ ਪਹਿਲਾਂ ਇਸ ਖੱਪੇ ਨੂੰ ਸ਼ਿਵ ਬਟਾਲਵੀ ਨੇ ਪੂਰਿਆ। ਸ਼ਿਵ ਕੁਮਾਰ ਨੇ ਇਹ ਮੁਸ਼ਕਿਲ ਕੰਮ ਲੋਕ ਜੀਵਨ ਵਿਚੋਂ ਪੈਦਾ ਹੁੰਦੀ ਬਿੰਬਾਵਲੀ ਅਤੇ ਆਤਮ-ਪੀੜਾ ਦੇ ਜਸ ਗਾਇਨ ਦੇ ਬਲਬੂਤੇ ਕੀਤਾ। ਸਵਾਲ ਹੈ: ਪਾਤਰ ਦੀ ਕਵਿਤਾ ਵਿਚ ਉਹ ਕਿਹੜੀ ਚੀਜ਼ ਹੈ ਜਿਸ ਕਰ ਕੇ ਉਹ ਇਹ ਮੁਕਾਮ ਹਾਸਿਲ ਕਰ ਸਕਿਆ?
—
ਸੁਰਜੀਤ ਪਾਤਰ ਦਾ ਜਨਮ ਮਾਘੀ (14 ਜਨਵਰੀ) 1945 ਨੂੰ ਪਿੰਡ ਪੱਤੜਾਂ ਵਿਚ ਗੁਰਬਖ਼ਸ਼ ਕੌਰ ਅਤੇ ਹਰਭਜਨ ਸਿੰਘ ਦੇ ਘਰ ਹੋਇਆ। ਪਾਤਰ ਦੇ ਪਿਤਾ ਰੋਜ਼ੀ-ਰੋਟੀ ਲਈ ਅਫਰੀਕੀ ਦੇਸ਼ ਨੈਰੋਬੀ ਰਹਿੰਦੇ ਸਨ ਅਤੇ ਪੰਜ ਸਾਲ ਬਾਅਦ ਘਰ ਪਰਤਦੇ ਸਨ ਜਿਸ ਨਾਲ ਘਰ ਵਿਚ ਮਾਂ ਤੇ ਭੈਣਾਂ-ਭਰਾਵਾਂ ਦੀਆਂ ਅੱਖਾਂ ਵਿਚ ਇੰਤਜ਼ਾਰ ਅਤੇ ਉਦਾਸੀ ਲਟਕਦੀ ਰਹਿੰਦੀ ਸੀ। ਉਨ੍ਹਾਂ ਦੇ ਪਿਤਾ ਦੇਰ ਤਕ ਪਰਦੇਸ ਵਿਚ ਰਹੇ ਜਿਸ ਨਾਲ ਬਾਲ ਮਨ ਵਿਚ ਪਿਤਾ-ਬਿੰਬ ਤੋਂ ਮਿਲਣ ਵਾਲੀ ਸੁਰੱਖਿਆ ਦੀ ਅਣਹੋਂਦ ਨੇ ਅਬੋਲ ਹੂਕ ਦਾ ਰੂਪ ਧਾਰ ਲਿਆ ਜੋ ਉਨ੍ਹਾਂ ਦੀ ਸ਼ਾਇਰੀ ਵਿਚ ਗੂੰਜਦੀ ਹੈ। ਨਾਲ ਹੀ ਆਪਣੀ ਮਾਂ ਅਤੇ ਭੈਣਾਂ ਦੀ ਸੰਗਤ ਵਿਚ ਰਹਿਣ ਕਾਰਨ ਉਨ੍ਹਾਂ ਦੀ ਸੰਵੇਦਨਾ ਵਿਚ ਨਾਰਿਤਾ ਦੇ ਬੀਜ ਬੀਜੇ ਗਏ ਜੋ ਮਰਦਾਵੀਂ ਪਰ-ਪੀੜਨ ਬਿਰਤੀ ਦੀ ਥਾਂ ਸਵੈ-ਪੀੜਾ ਦੀ ਨਾਰੀ ਬਿਰਤੀ ਦੀ ਪ੍ਰਬਲਤਾ ਦਾ ਕਾਰਨ ਬਣੇ ਹੋਣਗੇ। ਸਿਰਜਣਾਤਮਕ ਆਪੇ ਦੇ ਵਿਕਾਸ ਲਈ ਇਸ ਕਿਸਮ ਦੀ ਸਥਿਤੀ ਸਹਾਇਕ ਹੁੰਦੀ ਹੈ। ਪਾਤਰ ਦੇ ਪਿਤਾ ‘ਵਿਲੱਖਣ ਜਿਹੇ ਕੀਰਤਨੀਏਂ` ਸਨ। ਘਰ ਵਿਚ ਸੰਗੀਤ ਨੂੰ ਮੁਹੱਬਤ ਕਰਨ ਵਾਲਿਆਂ ਦੀ ਹੋਂਦ ਸਦਕਾ ਉਨ੍ਹਾਂ ਦੇ ਮਨ ਅੰਦਰ ਗਾਇਕ ਸੰਗੀਤਕਾਰ ਬਣਨ ਦਾ ਸੁਫਨਾ ਪੁੰਗਰਿਆ। ਪਾਤਰ ਦੀ ਸ਼ਾਇਰੀ ਵਿਚ ਸੰਗੀਤ, ਅਸਤਿਤਵ ਮੂਲਕ ਹੁੰਗਾਰੇ, ਦਰਦ ਭਰੀ ਹੂਕ ਅਤੇ ਪ੍ਰਗੀਤਾਤਮਕਤਾ ਦੇ ਪਿਛੋਕੜ ਵਿਚ ਉਨ੍ਹਾਂ ਦੇ ਬਚਪਨ ਦੇ ਇਨ੍ਹਾਂ ਅਨੁਭਵਾਂ ਦਾ ਜ਼ਰੂਰ ਵਿਸ਼ੇਸ਼ ਰੋਲ ਹੋਵੇਗਾ।
ਮੁੱਢਲੀ ਵਿੱਦਿਆ ਮਗਰੋਂ ਪਾਤਰ ਨੇ ਕਪੂਰਥਲਾ ਦੇ ਸਰਕਾਰੀ ਕਾਲਜ ਵਿਚ ਵਿਗਿਆਨ ਦੇ ਵਿਸ਼ਿਆਂ ਨਾਲ ਗਿਆਰ੍ਹਵੀਂ ਵਿਚ ਦਾਖਲਾ ਲਿਆ ਪਰ ਉਸ ਨੂੰ ਛੇਤੀ ਹੀ ਅਕੇਵਾਂ ਹੋਣ ਲੱਗਿਆ। ਉਸ ਸਾਲ ਪਾਤਰ ਨੇ ਕੋਈ ਇਮਤਿਹਾਨ ਨਹੀਂ ਦਿੱਤਾ ਅਤੇ ਅਗਲੇ ਸਾਲ ਆਰਟਸ ਦੇ ਵਿਸ਼ੇ ਲੈ ਕੇ ਬੀ.ਏ.ਸ਼ੁਰੂ ਕਰ ਦਿੱਤੀ। ਪੰਜਾਬੀ ਸਾਹਿਤ ਦਾ ਵਿਸ਼ਾ ਪੜ੍ਹਦਿਆਂ ਅਤੇ ਆਪਣੇ ਅਧਿਆਪਕ ਡਾ. ਸੁਰਜੀਤ ਸਿੰਘ ਸੇਠੀ ਦੀ ਰਹਿਨੁਮਾਈ ਵਿਚ ਚੱਲਦੀਆਂ ਸਾਹਿਤਕ ਸਰਗਰਮੀਆਂ ਵਿਚ ਹਿੱਸਾ ਲੈਂਦਿਆਂ ਪਾਤਰ ਦੀ ਸੰਵੇਦਨਾ ਨੇ ਕਵਿਤਾ ਵਿਚ ਢਲਣਾ ਸ਼ੁਰੂ ਕੀਤਾ। ਇਸ ਦੌਰਾਨ ਹੀ ਪਾਤਰ ਨੂੰ ਸ਼ਿਵ ਕੁਮਾਰ ਅਤੇ ਸ.ਸ. ਮੀਸ਼ਾ ਵਰਗੇ ਕਵੀਆਂ ਨਾਲ ਮਿਲਣ ਦਾ ਅਵਸਰ ਮਿਲਿਆ। ਕਾਲਜ ਪੜ੍ਹਦਿਆਂ ਉਸ ਨੇ ਆਪਣੇ ਨਾਮ ਨਾਲ ਆਪਣੇ ਪਿੰਡ ਦਾ ਨਾਮ ਤਖੱਲਸ ਵਜੋਂ ਲਿਖਣਾ ਸ਼ੁਰੂ ਕਰ ਦਿੱਤਾ ਸੀ ਪਰ ‘ਪ੍ਰੀਤਲੜੀ’ ਦੇ ਸੰਪਾਦਕ ਦੇ ਮਸ਼ਵਰੇ ‘ਤੇ ਪੱਤੜ ਤੋਂ ਪਾਤਰ ਹੋ ਗਿਆ। ਇੱਥੋਂ ਹੀ 1966 ਵਿਚ ਬੀ.ਏ. ਕਰ ਕੇ ਪਾਤਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿਚ ਦਾਖਲਾ ਲਿਆ ਜਿੱਥੋਂ ਉਸ ਨੇ 1968 ਵਿਚ ਐਮ.ਏ. ਦੀ ਪ੍ਰੀਖਿਆ ਯੂਨੀਵਰਸਿਟੀ ਵਿਚੋਂ ਪ੍ਰਥਮ ਸਥਾਨ ਹਾਸਿਲ ਕਰ ਕੇ ਪਾਸ ਕੀਤੀ। ਇੱਥੇ ਹੀ ਉਸ ਨੂੰ ਅਧਿਆਪਕ ਦੇ ਰੂਪ ਵਿਚ ਦਲੀਪ ਕੌਰ ਟਿਵਾਣਾ, ਸਾਹਿਤਕ ਸੰਗੀਆਂ ਦੇ ਰੂਪ ਵਿਚ ਸੁਤਿੰਦਰ ਸਿੰਘ ਨੂਰ, ਹਰਿੰਦਰ ਸਿੰਘ ਮਹਿਬੂਬ, ਹਰਦਿਲਜੀਤ ਸਿੰਘ (ਲਾਲੀ ਬਾਬਾ), ਗੁਰਭਗਤ ਸਿੰਘ, ਸੁਰਜੀਤ ਮਾਨ ਆਦਿ ਦੀ ਸੰਗਤ ਹਾਸਿਲ ਹੋਈ। ਇਹ ਯੂਨੀਵਰਸਿਟੀ ਵਿਚ ਗਿਆਨ ਸੰਵਾਦ-ਵਿਵਾਦ ਦਾ ਜ਼ਮਾਨਾ ਸੀ। ਵਿਦਿਆਰਥੀ ਮਾਰਕਸਵਾਦ ਦੇ ਨਾਲ-ਨਾਲ ਸੰਰਚਨਾਵਾਦ ਅਤੇ ਅਸਤਿਤਵਵਾਦ ਦਾ ਅਧਿਐਨ ਕਰ ਰਹੇ ਸਨ ਅਤੇ ਪੰਜਾਬੀ ਤੇ ਪੰਜਾਬੀ ਵਿਚ ਅਨੁਵਾਦਿਤ ਰੂਸੀ ਸਾਹਿਤ ਤੋਂ ਇਲਾਵਾ ਹਿੰਦੀ, ਅੰਗਰੇਜ਼ੀ ਤੇ ਅੰਗਰੇਜ਼ੀ ਵਿਚ ਅਨੁਵਾਦਿਤ ਫਰੈਂਚ ਤੇ ਹੋਰ ਭਾਸ਼ਾਵਾਂ ਦੇ ਸਾਹਿਤ ਵਿਚ ਦਿਲਚਸਪੀ ਲੈ ਰਹੇ ਸਨ। ਇਸ ਸਭ ਦੇ ਦਰਮਿਆਨ ਪਾਤਰ ਆਵਾਰਗੀ ਕਰਦਾ, ਵਿਸ਼ਵ ਸਾਹਿਤ ਅਤੇ ਚਿੰਤਨ ਦਾ ਅਧਿਐਨ ਕਰ ਰਿਹਾ ਸੀ।
ਐਮ.ਏ. ਮਗਰੋਂ ਪਾਤਰ ਉੱਥੇ ਹੀ ਰੀਸਰਚ ਸਕਾਲਰ ਲੱਗ ਗਿਆ ਅਤੇ ਡਾ.ਸੁਰਜੀਤ ਸਿੰਘ ਸੇਠੀ ਦੀ ਨਿਗਰਾਨੀ ਅਧੀਨ ਅਸਤਿਤਵਵਾਦ ਦੇ ਪ੍ਰਸੰਗ ਵਿਚ ਪੰਜਾਬੀ ਨਾਟਕ ਦੇ ਅਧਿਐਨ ਉੱਤੇ ਪੀਐਚ.ਡੀ. ਦੀ ਖੋਜ-ਯੋਜਨਾ ਬਣਾਉਣ ਲਗਿਆ ਪਰ ਇਹ ਯੋਜਨਾ ਸਿਰੇ ਨਾ ਚੜ੍ਹ ਸਕੀ। ਪਾਤਰ ਦੀ ਕਵਿਤਾ ‘ਬੁੱਢੀ ਜਾਦੂਗਰਨੀ` ਨੇ ਉਨ੍ਹਾਂ ਦਿਨਾਂ ਵਿਚ ਪੀ.ਐਸ.ਯੂ. ਦੀ ਚੱਲ ਰਹੀ ਹੜਤਾਲ ਕਾਰਨ ਬਣੇ ਯੂਨੀਵਰਸਿਟੀ ਦੇ ਤਣਾਉ ਭਰੇ ਮਹੌਲ ਵਿਚ ਜੋ ਅਸਰ ਪੈਦਾ ਕੀਤਾ, ਉਸ ਦੇ ਸਿੱਟੇ ਵਜੋਂ ਪਾਤਰ ਨੂੰ ਆਪਣੀ ਪੀਐਚ.ਡੀ. ਵਿਚੇ ਛੱਡਣ ਲਈ ਮਜਬੂਰ ਹੋਣਾ ਪਿਆ। ਇਸ ਤੋਂ ਬਾਅਦ ਦੋ ਕੁ ਵਰ੍ਹੇ ਦੀ ਬੇਰੁਜ਼ਗਾਰੀ ਭੋਗ ਕੇ ਪਾਤਰ ਆਪਣੇ ਜਮਾਤੀ ਅਤੇ ਮਿੱਤਰ ਜੋਗਿੰਦਰ ਸਿੰਘ ਕੈਰੋਂ ਦੇ ਯਤਨ ਸਦਕਾ ਜੁਲਾਈ 1971 ਵਿਚ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਵਿਚ ਪੰਜਾਬੀ ਦਾ ਲੈਕਚਰਾਰ ਲੱਗ ਗਿਆ। ਇੱਥੋਂ ਉਸ ਦਾ ਸੰਪਰਕ ਪ੍ਰੋ. ਮੋਹਨ ਸਿੰਘ ਨਾਲ ਹੁੰਦਾ ਰਹਿੰਦਾ ਸੀ ਜੋ ਉਨ੍ਹਾਂ ਦਿਨਾਂ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਵਿਚ ਪ੍ਰੋਫੈਸਰ ਐਮੇਰਿਟਸ ਸਨ। ਉਨ੍ਹਾਂ ਪਾਤਰ ਨੂੰ ਲੁਧਿਆਣੇ ਆਪਣੇ ਕੋਲ ਆਉਣ ਦਾ ਸੱਦਾ ਦੇ ਦਿੱਤਾ ਜਿਸ ਨੂੰ ਕਬੂਲ ਕਰ ਕੇ ਪਾਤਰ ਸਤੰਬਰ 1972 ਵਿਚ ਪੀ.ਏ.ਯੂ. ਲੁਧਿਆਣਾ ਦੇ ਭਾਸ਼ਾਵਾਂ, ਪੱਤਰਕਾਰੀ ਅਤੇ ਸਭਿਆਚਾਰ ਵਿਭਾਗ ਵਿਚ ਖੋਜ ਸਹਾਇਕ ਜਾ ਲੱਗਿਆ। ਇਸ ਵਿਭਾਗ ਵਿਚ ਹੀ ਉਹ 1975 ਵਿਚ ਸਹਾਇਕ ਪ੍ਰੋਫ਼ੈਸਰ ਨਿਯੁਕਤ ਹੋ ਗਿਆ। ਇਸ ਦੌਰਾਨ ਉਸ ਨੇ ‘ਗੁਰੂ ਨਾਨਕ ਬਾਣੀ ਦਾ ਲੋਕਧਾਰਾਈ ਅਧਿਐਨ` ਵਿਸ਼ੇ ‘ਤੇ ਗੁਰੂ ਨਾਨਕ ਦੇ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੀਐਚ.ਡੀ. ਦੀ ਡਿਗਰੀ ਹਾਸਿਲ ਕੀਤੀ। ਡਾ. ਸੁਰਜੀਤ ਪਾਤਰ ਕਾਗ਼ਜ਼ਾਂ ਵਿਚ ਲਿਖੇ ਜਨਮ ਸਾਲ ਅਨੁਸਾਰ 30 ਅਪਰੈਲ 2004 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਵਿਚੋਂ ਪ੍ਰੋਫੈਸਰ ਵਜੋਂ ਸੇਵਾ ਮੁਕਤ ਹੋ ਗਿਆ।
—
ਸੁਰਜੀਤ ਪਾਤਰ ਦੀਆਂ ਪਹਿਲੀਆਂ ਰਚਨਾਵਾਂ ‘ਪ੍ਰੀਤਲੜੀ’ ਵਿਚ ਛਪੀਆਂ ਜਦੋਂ ਅਜੇ ਉਹ ਸਰਕਾਰੀ ਰਣਧੀਰ ਕਾਲਜ ਕਪੂਰਥਲਾ ਵਿਚ ਪੜ੍ਹਦਾ ਸੀ। ‘ਕੋਲਾਜ’ (1973) ਨਾਮੀ ਕਿਤਾਬ ਵਿਚ ਉਸ ਦੀਆਂ ਕਵਿਤਾਵਾਂ ਪਹਿਲੀ ਵਾਰ ਕਿਤਾਬੀ ਰੂਪ ਵਿਚ ਸਾਹਮਣੇ ਆਈਆਂ ਜਿਸ ਵਿਚ ਸੁਰਜੀਤ ਪਾਤਰ ਦੀਆਂ ਨੌਂ ਕਵਿਤਾਵਾਂ ਤੋਂ ਇਲਾਵਾ ਪ੍ਰਮਿੰਦਰਜੀਤ ਦੀਆਂ ਕਵਿਤਾਵਾਂ ਅਤੇ ਜੋਗਿੰਦਰ ਕੈਰੋਂ ਦੀਆਂ ਕਹਾਣੀਆਂ ਸ਼ਾਮਿਲ ਸਨ। ਪਾਤਰ ਦੀਆਂ ਇਨ੍ਹਾਂ ਨੌਂ ਕਵਿਤਾਵਾਂ ਵਿਚੋਂ ਬਹੁਤੀਆਂ ਬਾਅਦ ਵਿਚ ਉਸ ਦੀਆਂ ਕਾਵਿ-ਪੁਸਤਕਾਂ ‘ਬਿਰਖ ਅਰਜ਼ ਕਰੇ’ (1992) ਅਤੇ ‘ਹਨੇਰੇ ਵਿਚ ਸੁਲਘਦੀ ਵਰਣਮਾਲਾ’ (1992) ਵਿਚ ਵੀ ਛਪੀਆਂ। ਇਹ ਕਵਿਤਾਵਾਂ ਰੂਪਾਕਾਰ ਪਖੋਂ ਨਜ਼ਮ ਦੇ ਵਿਧਾਨ ਦੀਆਂ ਅਨੁਸਾਰੀ ਸਨ ਅਤੇ ਇਨ੍ਹਾਂ ਵਿਚ ਸਮੇਂ ਦੇ ਯਥਾਰਥ, ਚੇਤਨਾ ਅਤੇ ਮਨੁੱਖੀ ਸਥਿਤੀ ਦਾ ਰੋਸ ਪੂਰਨ ਪਰ ਵਿਅੰਗਾਤਮਕ ਚਿੱਤਰ ਉੱਘੜਦਾ ਸੀ ਜੋ ਪਾਤਰ ਦੇ ਸਮਾਜਿਕ, ਰਾਜਸੀ ਅਤੇ ਵਿਚਾਰਧਾਰਕ ਸਰੋਕਾਰਾਂ ਉੱਤੇ ਝਾਤ ਪਵਾਉਂਦਾ ਸੀ। ਇਸ ਕਿਤਾਬ ਵਿਚਲੀਆਂ ਕਵਿਤਾਵਾਂ ਤੋਂ ਪਹਿਲਾਂ ਵੀ ਅਤੇ ਇਨ੍ਹਾਂ ਦੇ ਰਚਨਾ ਕਾਲ ਦੌਰਾਨ ਪਾਤਰ ਨਿਰੰਤਰ ਗ਼ਜ਼ਲਾਂ ਵੀ ਲਿਖ ਰਿਹਾ ਸੀ। ਗ਼ਜ਼ਲ ਰਚਨਾ ਵਲ ਪਾਤਰ ਦਾ ਰੁਝਾਨ ਲਗਾਤਾਰ ਤੀਬਰ ਹੁੰਦਾ ਗਿਆ ਅਤੇ ਨਕਸਲੀ ਲਹਿਰ ਦੇ ਪਤਨ ਤੋਂ ਬਾਅਦ ਪਾਤਰ ਨੇ ਗ਼ਜ਼ਲ ਨੂੰ ਆਪਣੇ ਰਚਨਾਤਮਕ ਕਰਮ ਦਾ ਮੁਖ ਮਾਧਿਅਮ ਬਣਾ ਲਿਆ। ਇੰਝ ਪਾਤਰ ਨੇ ਆਪਣਾ ਪਹਿਲਾ ਮੌਲਿਕ ਕਾਵਿ ਸੰਗ੍ਰਹਿ ‘ਹਵਾ ਵਿਚ ਲਿਖੇ ਹਰਫ਼` (1979) ਪ੍ਰਕਾਸ਼ਿਤ ਕਰਵਾਇਆ ਜੋ ਨਿਰੋਲ ਗ਼ਜ਼ਲਾਂ ਦਾ ਸੰਗ੍ਰਹਿ ਹੈ। ਇਸ ਗ਼ਜ਼ਲ ਸੰਗ੍ਰਹਿ ਦੇ ਛਪਦਿਆਂ ਹੀ ਪਾਤਰ ਦੀ ਗਿਣਤੀ ਪੰਜਾਬੀ ਦੇ ਪਹਿਲੀ ਕਤਾਰ ਦੇ ਕਵੀਆਂ ਵਿਚ ਹੋਣੀ ਸ਼ੁਰੂ ਹੋ ਗਈ। ਆਧੁਨਿਕ ਪੰਜਾਬੀ ਕਵਿਤਾ ਦੇ ਇਤਿਹਾਸ ਵਿਚ ਇਹ ਆਪਣੀ ਕਿਸਮ ਦੀ ਘਟਨਾ ਸੀ ਕਿ ਇਕ ਗ਼ਜ਼ਲ ਸੰਗ੍ਰਹਿ ਨੇ ਰਚੈਤਾ ਕਵੀ ਨੂੰ ਕਾਵਿ-ਖੇਤਰ ਵਿਚ ਸਥਾਪਿਤ ਕਰ ਦਿੱਤਾ। ਇਸ ਗ਼ਜ਼ਲ ਸੰਗ੍ਰਹਿ ਨਾਲ ਪੰਜਾਬੀ ਗ਼ਜ਼ਲ ਨੂੰ ਹੁਲਾਰਾ ਮਿਲਿਆ ਅਤੇ ਪ੍ਰਯੋਗਸ਼ੀਲ ਕਵਿਤਾ ਦੇ ਪ੍ਰਗੀਤ ਵਿਰੋਧੀ ਰੁਝਾਨ ਨੂੰ ਪਛਾੜ ਕੇ ਗ਼ਜ਼ਲ ਪੰਜਾਬੀ ਸਾਹਿਤਕ ਸੁਹਜ ਦਾ ਚਿਰ-ਸਥਾਈ ਅੰਗ ਬਣ ਗਈ। ਇਸ ਸੰਗ੍ਰਹਿ ਵਿਚ ਸ਼ਾਮਿਲ ਪਾਤਰ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਦੀ ਦਾਰਸ਼ਨਿਕ ਗਹਿਰਾਈ, ਖ਼ਿਆਲ ਦੀ ਨੌਈਅਤ ਅਤੇ ਬਿੰਬਗਤ ਨਵੀਨਤਾ ਨੇ ਪੰਜਾਬੀ ਆਲੋਚਕਾਂ ਨੂੰ ਗ਼ਜ਼ਲ ਦੀ ਸਮਰੱਥਾ ਬਾਰੇ ਚਕ੍ਰਿਤ ਕਰ ਦਿੱਤਾ।
ਇੰਝ ਪਾਤਰ ਨੇ ‘ਹਵਾ ਵਿਚ ਲਿਖੇ ਹਰਫ਼’ ਰਾਹੀਂ ਨਾ ਕੇਵਲ ਆਪਣੀ ਕਾਵਿ-ਸਮਰੱਥਾ ਦਾ ਪ੍ਰਮਾਣ ਦਿੱਤਾ ਸਗੋਂ ਗ਼ਜ਼ਲ ਵਰਗੇ ਕਾਵਿ-ਰੂਪ ਨੂੰ ਨਵੀਆਂ ਸੰਭਾਵਨਾਵਾਂ ਦੇ ਸਨਮੁਖ ਕੀਤਾ। ਇਸ ਕਾਵਿ ਸੰਗ੍ਰਹਿ ਦੀ ਖ਼ਾਸੀਅਤ ਇਹ ਹੈ ਕਿ ਸ਼ਾਇਰ ਨੇ ਸੰਵੇਦਨਸ਼ੀਲ ਸਵੈ ਦੇ ਅਸਤਿਤਵੀ ਮਸਲਿਆਂ ਨੂੰ ਰੋਮਾਨੀਅਤ ਤੋਂ ਮੁਕਤ ਕਰ ਕੇ ਹਕੀਕਤਾਂ ਦੇ ਸੰਸਾਰ ਨਾਲ ਜੋੜ ਕੇ ਪੇਸ਼ ਕੀਤਾ। ਇਸ ਕਾਵਿ ਸੰਗ੍ਰਹਿ ਨਾਲ ਪਾਤਰ ਉਸ ਕਾਵਿ-ਵਿਧੀ ਦੀ ਤਲਾਸ਼ ਵਲ ਅਹੁਲਦਾ ਹੈ ਜਿਸ ਰਾਹੀਂ ਉਹ ਆਤਮ ਅਤੇ ਅਨਾਤਮ ਦੇ ਦ੍ਰਿਸ਼ਟ ਨਿਖੇੜੇ ਤੋਂ ਪਾਰ ਜਾ ਕੇ ਦੋਹਾਂ ਨੂੰ ਨਿਰੰਤਰਤਾ ਅਤੇ ਸਮੁੱਚਤਾ ਵਿਚ ਗ੍ਰਹਿਣ ਕਰ ਸਕੇ। ਪਾਤਰ ਦੀ ਗ਼ਜ਼ਲ ਦੀ ਇਹੀ ਪ੍ਰਾਪਤੀ ਹੈ ਕਿ ਉਸ ਨੇ ਆਤਮ ਨੂੰ ਅਨਾਤਮ ਵਿਚੋਂ ਅਤੇ ਅਨਾਤਮ ਨੂੰ ਆਤਮ ਵਿਚੋਂ ਦਿਖਾ ਸਕਣ ਵਾਲੀ ਕਾਵਿ-ਵਿਉਂਤ ਦੀ ਸਿਰਜਣਾ ਕੀਤੀ। ਉਸ ਦੀ ਇਹੀ ਵਿਧੀ ਬਾਅਦ ਦੀਆਂ ਰਚਨਾਵਾਂ ਵਿਚ ਹੋਰ ਪਰਤਾਂ ਅਤੇ ਪਾਸਾਰਾਂ ਸਮੇਤ ਪ੍ਰਗਟ ਹੁੰਦੀ ਹੈ।
‘ਬਿਰਖ ਅਰਜ਼ ਕਰੇ’ (1992) ਅਤੇ ‘ਹਨੇਰੇ ਵਿਚ ਸੁਲਘਦੀ ਵਰਣਮਾਲਾ` (1992) ਥੋੜ੍ਹੇ-ਥੋੜ੍ਹੇ ਵਕਫ਼ੇ ਵਿਚ ਛਪੀਆਂ। ‘ਬਿਰਖ ਅਰਜ਼ ਕਰੇ` ਸੁਰਜੀਤ ਪਾਤਰ ਦਾ ਦੂਜਾ ਕਾਵਿ ਸੰਗ੍ਰਹਿ ਹੈ ਜਿਸ ਵਿਚ ਗ਼ਜ਼ਲਾਂ, ਗੀਤ ਅਤੇ ਨਜ਼ਮਾਂ ਸ਼ਾਮਿਲ ਹਨ। ਇਸ ਵਿਚ ਸ਼ਾਮਿਲ ਬਹੁਤੀਆਂ ਰਚਨਾਵਾਂ ਉਸ ਦੌਰ ਵਿਚ ਲਿਖੀਆਂ ਗਈਆਂ ਜਿਸ ਵਿਚ ਪੰਜਾਬ ਸੰਪਰਦਾਇਕ ਅਤੇ ਰਾਜਸੀ ਸ਼ਕਤੀਆਂ ਦੇ ਦਹਿਸ਼ਤੀ ਟਕਰਾਅ ਦਾ ਰਣ ਖੇਤਰ ਬਣਿਆ ਹੋਇਆ ਸੀ ਅਤੇ ਪੰਜਾਬੀ ਬੰਦਾ ਦੁਵੱਲੀ ਦਹਿਸ਼ਤ ਦੇ ਪਰਛਾਵੇਂ ਵਿਚ ਸਹਿਕ ਰਿਹਾ ਸੀ। ਇਸੇ ਲਈ ਇਸ ਸੰਗ੍ਰਹਿ ਦੀਆਂ ਵਧੇਰੇ ਕਵਿਤਾਵਾਂ ਪੰਜਾਬ ਦੀ ਸੰਕਟ ਸਥਿਤੀ ਨਾਲ ਸੰਵਾਦ ਰਚਾਉਂਦਿਆਂ ਇਸ ਦੇ ਰਾਜਸੀ, ਇਤਿਹਾਸਕ ਤੇ ਵਿਚਾਰਧਾਰਾਈ ਪਾਸਾਰ ਖੋਲ੍ਹਦੀਆਂ ਹਨ ਅਤੇ ਇਸ ਸਥਿਤੀ ਪ੍ਰਤੀ ਸਮਭਾਵੀ ਮਾਨਵਵਾਦੀ ਹੁੰਗਾਰਾ ਭਰਦੀਆਂ ਹਨ। ਇਸ ਦੇ ਨਾਲ ਹੀ ਸੁਰਜੀਤ ਪਾਤਰ ਨੇ ਸਥਾਪਤੀ ਦਾ ਰੂਪ ਧਾਰ ਚੁੱਕੀ ਵਿਛੁੰਨੀ ਜਾਂ ਬੇਗਾਨੀ ਮਾਨਵੀ ਸ਼ਕਤੀ ਅਤੇ ਮੂਲ ਮਨੁੱਖੀ ਤੱਤ ਦੇ ਤਣਾਉ/ਟਕਰਾਉ, ਸੁਫਨੇ ਤੇ ਹਕੀਕਤ ਦੇ ਤੱਜ਼ਾਦ, ਮਨੁੱਖੀ ਹੋਂਦ ਦੇ ਦਾਅਵੇ ਦੇ ਤੌਰ ਤੇ ਇਸ਼ਕ ਅਤੇ ਸਵੈ ਦੇ ਪਲੈਟਫਾਰਮ ਉੱਤੇ ਚੱਲ ਰਹੇ ਦਵੰਦਾਂ/ਟਕਰਾਵਾਂ ਨੂੰ ਆਪਣੇ ਕਾਵਿ ਕਰਮ ਵਿਚ ਥੀਮਕ ਪਾਸਾਰ ਬਖ਼ਸ਼ੇ ਹਨ। ਪਾਤਰ ਦੀ ਇਸ ਪੁਸਤਕ ਵਿਚ ਕੁਝ ਸਵੈ-ਚੇਤਨ ਕਵਿਤਾਵਾਂ ਵੀ ਹਨ ਜਿਨ੍ਹਾਂ ਵਿਚ ਕਵਿਤਾ ਹੀ ਮੁੱਦਾ ਬਣ ਕੇ ਹਾਜ਼ਿਰ ਹੈ। ਇਨ੍ਹਾਂ ਕਵਿਤਾਵਾਂ ਵਿਚ ਪਾਤਰ ਕਾਵਿ ਦੇ ਸਾਰ, ਸਰੂਪ ਅਤੇ ਸਾਰਥਕਤਾ ਨੂੰ ਆਪਣੀ ਕਾਵਿ-ਚਿੰਤਾ ਦਾ ਵਿਸ਼ਾ ਬਣਾਉਂਦਾ ਹੈ।
‘ਹਨੇਰੇ ਵਿਚ ਸੁਲਘਦੀ ਵਰਣਮਾਲਾ` (1992) ਸੁਰਜੀਤ ਪਾਤਰ ਦਾ ਤੀਜਾ ਕਾਵਿ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਨੂੰ ਹੀ ਭਾਰਤੀ ਸਾਹਿਤ ਅਕਾਦਮੀ ਦੇ ਸਾਲ 1993 ਦੇ ਕੌਮੀ ਪੁਰਸਕਾਰ ਨਾਲ ਸਨਮਾਨਿਆ ਗਿਆ। ਇਸ ਵਿਚ ਸ਼ਾਮਿਲ ਕਵਿਤਾ ਦਾ ਮੁਖ ਫੋਕਸ ਕਾਮਨਾ ਅਤੇ ਮਰਿਆਦਾ ਜਾਂ ਪ੍ਰਕਿਰਤੀ ਅਤੇ ਸੱਭਿਅਤਾ ਦੇ ਤਣਾਓ ਤੇ ਟਕਰਾਓ ਉੱਤੇ ਹੈ ਜਿਸ ਵਿਚ ਮਨੁੱਖੀ ਆਤਮ ਦੇ ਅੰਦਰ ਚੱਲਦੇ ਕਲੇਸ਼ ਦੇ ਬਹੁ-ਭਿੰਨ ਰੂਪਾਂ ਨੂੰ ਸਾਕਾਰ ਕੀਤਾ ਗਿਆ ਹੈ।
ਇਨ੍ਹਾਂ ਕਵਿਤਾਵਾਂ ਵਿਚ ਪ੍ਰਕਿਰਤੀ ਅਤੇ ਸੰਸਕ੍ਰਿਤੀ ਦੇ ਸਦੀਵੀਂ ਦਵੰਦ ਦੀ ਮਹਿਜ਼ ਪੇਸ਼ਕਾਰੀ ਹੀ ਨਹੀਂ ਹੋਈ ਬਲਕਿ ਮਨੁੱਖ ਦੇ ਅਸਤਿਤਵੀ ਪ੍ਰਸ਼ਨਾਂ ਦੇ ਨੁਕਤੇ ਤੋਂ ਦੋਹਾਂ ਧਿਰਾਂ ਦੇ ਸਰੂਪ ਅਤੇ ਸਾਰ ਨੂੰ ਵੀ ਨਵੇਂ ਸਿਰਿਓਂ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੰਝ ਹੀ ਅਤੀਤ ਅਤੇ ਵਰਤਮਾਨ ਵਿਚਲੇ ਰਿਸ਼ਤੇ ਵਿਚ ਅਤੀਤ ਨੂੰ ਜਾਬਰ ਧਿਰ ਦੇ ਰੂਪ ਵਿਚ ਵੀ ਸੰਕਲਪਿਆ ਹੈ ਜਿਸ ਦੇ ਬੀਤ ਜਾਣ ਦੇ ਬਾਵਜੂਦ ਵਰਤਮਾਨ ਨਸਲਾਂ ਪੂਰੀ ਤਰ੍ਹਾਂ ਉਸ ਦੀ ਗ੍ਰਿਫ਼ਤ ਤੋਂ ਮੁਕਤ ਨਹੀਂ ਹੋ ਸਕਦੀਆਂ। ਇੰਝ ਪਾਤਰ ਆਪਣੀ ਕਵਿਤਾ ਵਿਚ ਮਨੁੱਖ ਦੇ ਆਪੇ ਅਤੇ ਮਾਨਸਿਕਤਾ ਉਪਰ ਵਾਪਰ ਰਹੇ ਪ੍ਰਕਿਰਤੀ ਤੇ ਸੰਸਕ੍ਰਿਤੀ ਅਤੇ ਅਤੀਤ ਤੇ ਵਰਤਮਾਨ ਵਿਚਲੇ ਦਵੰਦ ਦੀ ਤਸਵੀਰਕਸ਼ੀ ਕਰਦਾ ਨਵੇਂ ਸਭਿਆਚਾਰ-ਵਿਧਾਨ ਦੇ ਨਕਸ਼ ਵੀ ਉਲੀਕਦਾ ਹੈ ਜਿਸ ਵਿਚ ਮਨੁੱਖ ਆਪਣੇ ਸੁਫਨਿਆਂ, ਚਾਹਤਾਂ ਅਤੇ ਸੰਭਾਵਨਾਵਾਂ ਨੂੰ ਸਾਕਾਰ ਕਰ ਸਕੇ ਪਰ ਇਸ ਸਭ ਦਰਮਿਆਨ ਸਮੇਂ ਦਾ ਜੋ ਨਕਸ਼ ਬਣਦਾ ਹੈ, ਉਹ ਕਰੂਰ ਕਿਸਮ ਦੇ ਸਮਿਆਂ ਦਾ ਹੈ ਜਿਸ ਵਿਚ ਚੇਤਨਾ ਜੰਗਾਲੀ ਗਈ ਹੈ ਅਤੇ ਸੰਵੇਦਨਾਵਾਂ ਪਥਰਾ ਰਹੀਆਂ ਹਨ। ਸੰਵੇਦਨਾ ਦੇ ਪਥਰਾ ਜਾਣ ਦੇ ਸਮਿਆਂ ਵਿਚ ਇਹ ਕਵਿਤਾ ਕਿਸੇ ਗਤੀਸ਼ੀਲ ਮੌਲਿਕਤਾ ਦੀ ਗੈਰ-ਹਾਜ਼ਰੀ ਵਿਚ ਉਦਾਸੀ ਅਤੇ ਮੌਤ ਦੀ ਚਾਹਤ ਦੀ ਕਵਿਤਾ ਬਣ ਜਾਂਦੀ ਹੈ। ਕਵੀ ਦਾ ਆਪਾ ਬਹੁ-ਵਿਧ ਦਵੰਦਾਂ-ਟਕਰਾਵਾਂ ਦੀ ਰਣਭੂਮੀ ਬਣਿਆ ਕਿਸੇ ਸਥਿਰ ਸੁਫਨੇ ਦੀ ਗ਼ੈਰ-ਹਾਜ਼ਰੀ ਵਿਚ ਮੌਤ ਅਤੇ ਉਦਾਸੀ ਨੂੰ ਧਿਆਉਂਦਾ ਜਾਪਦਾ ਹੈ। ਇਸ ਕਵਿਤਾ ਵਿਚ ਉਦਾਸੀ ਅਤੇ ਮੌਤ ਦੀ ਚਾਹਤ ਦੇ ਭਾਵ ਸਰਲ ਅਰਥਾਂ ਵਿਚ ਜੀਵਨ ਤੋਂ ਉਪਰਾਮਤਾ ਦੇ ਪ੍ਰਮਾਣ ਨਹੀਂ ਹਨ ਬਲਕਿ ਸੰਵੇਦਨਾ ਦੇ ਜ਼ਿੰਦਾ ਰਹਿਣ ਦੀ ਕਾਮਨਾ ਦਾ ਉਚਾਰ ਅਤੇ ਸੰਵੇਦਨਾ ਵਿਰੋਧੀ ਸਮਿਆਂ ਪ੍ਰਤੀ ਜ਼ਹਿਰੀਲਾ ਹੁੰਗਾਰਾ ਹਨ। ਇਸ ਕਿਤਾਬ ਵਿਚ ਉਹ ਕਵਿਤਾਵਾਂ ਵੀ ਸ਼ਾਮਿਲ ਹਨ ਜਿਨ੍ਹਾਂ ਵਿਚ ਪੰਜਾਬੀ ਲੋਕਾਈ ਦੀ ਗੌਰਵਮਈ ਇਤਿਹਾਸਕ ਵਿਰਾਸਤ ਵਲ ਇਸ਼ਾਰਾ ਕਰਨ ਦੇ ਨਾਲ-ਨਾਲ ਵਰਤਮਾਨ ਖੜੋਤ ਦਾ ਵਿਅੰਗ ਚਿੱਤਰ ਉਸਾਰਿਆ ਗਿਆ ਹੈ ਜਿਸ ਤੋਂ ਆਭਾਸ ਹੁੰਦਾ ਹੈ ਕਿ ਇਤਿਹਾਸਕ ਗਤੀ ਤੋਂ ਖੁੰਝੀ ਪੰਜਾਬੀ ਲੋਕਾਈ ਕਿੰਝ ਖੜੋਤ ਦੀ ਸ਼ਿਕਾਰ ਹੋ ਕੇ ਹੌਲ਼ੀ-ਹੌਲ਼ੀ ਖ਼ਤਮ ਹੋਣ ਵਲ ਵਧ ਰਹੀ ਹੈ। ਅਤੀਤ ਦੇ ਨਿਰਪੇਖ ਮੋਹ ਦੀ ਗ਼ਿ੍ਰਫ਼ਤ ਵਿਚ ਵਿਗਾਸ ਦੇ ਕਿਸੇ ਰਾਹ ਤੋਂ ਖੁੰਝ ਚੁੱਕੀ ਇਹ ਲੋਕਾਈ ਹਾਦਸਿਆਂ ਨਾਲ ਥੋੜ੍ਹਾ ਰਵਾਂ ਹੁੰਦੀ ਹੈ ਪਰ ਫਿਰ ਥਿਰ ਹੋ ਜਾਂਦੀ ਹੈ। ਇਸ ਕਵਿਤਾ ਦੀ ਵਿਧੀ ਕੁਝ ਇਸ ਭਾਂਤ ਦੀ ਹੈ ਕਿ ਇਸ ਵਿਚ ਕਵੀ ਮੈਂ ਅਤੇ ਮਨੁੱਖਤਾ ਇਕ ਦੂਜੇ ਵਿਚ ਇਸ ਕਦਰ ਸਮਾ ਜਾਂਦੇ ਹਨ ਕਿ ਇਕ ਵਿਚੋਂ ਦੂਜੇ ਦੇ ਸਰੋਕਾਰਾਂ ਦਾ ਬੋਧ ਹਾਸਿਲ ਹੁੰਦਾ ਹੈ।
ਇਸ ਤੋਂ ਬਾਅਦ ਸੁਰਜੀਤ ਪਾਤਰ ਦੀ ਚੌਥੀ ਕਾਵਿ ਪੁਸਤਕ ‘ਲਫ਼ਜ਼ਾਂ ਦੀ ਦਰਗਾਹ` (1999) ਛਪਦੀ ਹੈ। ਇਸ ਕਾਵਿ ਪੁਸਤਕ ਨਾਲ ਪਾਤਰ ਦੀ ਕਵਿਤਾ ਦਾ ਉਹ ਦੌਰ ਸ਼ੁਰੂ ਹੁੰਦਾ ਹੈ ਜਿਸ ਵਿਚ ਉਹ ਕਾਵਿ ਨੂੰ ਅਜਿਹੀ ਰਹੱਸਮਈ ਸਪੇਸ ਦੇ ਤੌਰ ’ਤੇ ਸਥਾਪਿਤ ਕਰਦਾ ਹੈ ਜੋ ਸੰਵੇਦਨਾ ਦੇ ਪਥਰਾ ਜਾਣ ਦੀ ਅਜੋਕੀ ਸਥਿਤੀ ਵਿਚ ਸੰਵੇਦਨਾ ਦੇ ਬਚੇ ਰਹਿਣ ਦੀ ਆਸ ਦਵਾਉਂਦੀ ਹੈ। ਇਸ ਕਿਤਾਬ ਵਿਚ ਪਾਤਰ ਆਪਣੇ ਆਪ ਨਾਲ ਹੋਰ ਵੀ ਤਿੱਖਾ ਅਤੇ ਡੂੰਘਾ ਸੰਵਾਦ ਰਚਾਉਂਦਾ ਹੋਇਆ ਪ੍ਰਕਿਰਤੀ ਨੂੰ ਅਜਿਹੇ ਵਿਧਾਨ ਦੇ ਤੌਰ ’ਤੇ ਪੇਸ਼ ਕਰਦਾ ਹੈ ਜੋ ਮਨੁੱਖੀ ਤੱਤ ਨਾਲ ਮਨੁੱਖ ਦੇ ਸਿਰਜੇ ਵਿਧਾਨ ਦੇ ਮੁਕਾਬਲੇ ਵਧੇਰੇ ਨਿਆਂ ਕਰਦੀ ਹੈ। ਅਜਿਹੀ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਸੱਤਾ ਦੀ ਪਕੜ ਵਿਕਰਾਲਤਾ ਦੀ ਹੱਦ ਤੱਕ ਭਾਰੂ ਹੋ ਜਾਂਦੀ ਹੈ ਅਤੇ ਮੁਕਤੀ ਦਾ ਸਪਸ਼ਟ ਰੂਪ ਵਿਚ ਕੋਈ ਪਰਿਭਾਸ਼ਿਤ ਮਾਡਲ ਮੌਜੂਦ ਨਹੀਂ ਹੁੰਦਾ। ਇਸ ਕਤਾਬ ਵਿਚ ਪਾਤਰ ਦੀ ਕਵਿਤਾ ‘ਆਇਆ ਨੰਦ ਕਿਸ਼ੋਰ` ਸੰਵੇਦਨਾ ਦੇ ਸਫ਼ਰ ਦਾ ਅਗਲਾ ਅਧਿਆਇ ਖੋਲ੍ਹਦੀ ਹੈ ਜਿਸ ਵਿਚ ਪਾਤਰ ਪਰਵਾਸੀ ਬਿਹਾਰੀ ਮਜ਼ਦੂਰ ਨਾਲ ਅੰਤਰੀਵੀ ਸੰਵੇਦਨਾ ਦਾ ਪ੍ਰਗਟਾ ਕਰਦਾ ਹੋਇਆ ਪੰਜਾਬ ਤੇ ਪੰਜਾਬੀ ਨਾਲ ਉਸ ਦੇ ਬਣ ਰਹੇ ਰਿਸ਼ਤੇ ਨੂੰ ਆਦਰ ਨਾਲ ਦੇਖਦਾ ਹੈ ਅਤੇ ਖ਼ੁਸ਼ਹਾਲ ਪੰਜਾਬੀ ਬੰਦੇ ਦੇ ਮਹੱਤਵਾਕਾਂਖੀ ਚਰਿੱਤਰ ਕਾਰਨ ਆਪਣੀ ਭਾਸ਼ਾ ਤੋਂ ਮੁਖ ਮੋੜ ਲੈਣ ਦੀ ਹਕੀਕਤ ਵਲ ਇਸ਼ਾਰਾ ਕਰਦਾ ਹੈ। ਪੰਜਾਬੀ ਭਾਸ਼ਾ ਜਿਸ ਸੰਕਟ ਵਿਚੋਂ ਅਜ ਕੱਲ੍ਹ ਗੁਜ਼ਰ ਰਹੀ ਹੈ, ਉਸ ਬਾਰੇ ਆਪਣੇ ਫ਼ਿਕਰ ਦਾ ਪ੍ਰਗਟਾਵਾ ਪਾਤਰ ਦੀ ਕਵਿਤਾ ‘ਮਰ ਰਹੀ ਹੈ ਮੇਰੀ ਭਾਸ਼ਾ` ਰਾਹੀਂ ਸਾਹਮਣੇ ਆਉਂਦਾ ਹੈ। ਪਾਤਰ ਭਾਸ਼ਾ ਬਾਰੇ ਲੰਮੀ ਕਵਿਤਾ ਦੀ ਸਿਰਜਣਾ ਦੀ ਪ੍ਰਕਿਰਿਆ ਵਿਚੋਂ ਗੁਜ਼ਰ ਰਿਹਾ ਹੈ। ਇਸ ਤੋਂ ਇਲਾਵਾ ਪਾਤਰ ਨੇ ‘ਹਵਾ ਵਿਚ ਲਿਖੇ ਹਰਫ਼` ਤੋਂ ਬਾਅਦ ਦੀਆਂ ਆਪਣੀਆਂ ਸਾਰੀਆਂ ਗ਼ਜ਼ਲਾਂ ‘ਪੱਤਝੜ ਦੀ ਪਾਜ਼ੇਬ` (2004) ਗ਼ਜ਼ਲ ਸੰਗ੍ਰਹਿ ਵਿਚ ਛਪਵਾਈਆਂ। ਪਿੱਛੋਂ ਗਜ਼ਲਾਂ ਤੇ ਨਜ਼ਮਾਂ ਦਾ ਸੰਗ੍ਰਹਿ ‘ਲਫਜ਼ਾਂ ਦੀ ਦਰਗਾਹ’ ਅਤੇ ਗਜ਼ਲ ਸੰਗ੍ਰਹਿ ‘ਸੁਰਜ਼ਮੀਨ’ ਛਪੇ।
—
ਪਾਤਰ ਦੇ ਰਚਨਾਤਮਕ ਕਾਰਜ ਦਾ ਰੌਚਕ ਪਾਸਾਰ ਵਿਸ਼ਵ ਪ੍ਰਸਿੱਧ ਨਾਟ ਰਚਨਾਵਾਂ ਦੇ ਪੰਜਾਬੀ ਵਿਚ ਸਿਰਜਣਾਤਮਕ ਰੂਪਾਂਤਰਣ ਵਿਚ ਉਸ ਦੀ ਡੂੰਘੀ ਦਿਲਚਸਪੀ `ਚੋਂ ਸਾਹਮਣੇ ਆਉਂਦਾ ਹੈ। ਇਸ ਸਿਲਸਿਲੇ ਵਿਚ ਉਸ ਨੇ ਕਿੰਨੇ ਹੀ ਨਾਟਕਾਂ ਦਾ ਸਿਰਜਣਾਤਮਕ ਰੂਪਾਂਤਰਣ ਕੀਤਾ ਹੈ। ਇਨ੍ਹਾਂ ਨਾਟਕਾਂ ਨੂੰ ਮੰਚ ਉੱਤੇ ਖੇਡਿਆ ਵੀ ਗਿਆ ਹੈ ਅਤੇ ਹੁਣ ਇਹ ਪ੍ਰਕਾਸ਼ਿਤ ਰੂਪ ਵਿਚ ਉਪਲਬਧ ਹਨ। ਪ੍ਰਸਿੱਧ ਰੰਗਕਰਮੀ, ਨਾਟ ਨਿਰਦੇਸ਼ਕ ਅਤੇ ਥਿਏਟਰ ਦੀ ਅਧਿਆਪਕ ਨੀਲਮ ਮਾਨ ਸਿੰਘ ਪਾਤਰ ਦੁਆਰਾ ਕੀਤੇ ਕਈ ਨਾਟ-ਰੂਪਾਂਤਰਣਾਂ ਦੀ ਪ੍ਰੇਰਕ ਵੀ ਹੈ ਅਤੇ ਪਾਤਰ ਦੇ ਇਨ੍ਹਾਂ ਰੂਪਾਂਤਰਿਤ ਨਾਟਕਾਂ ਨੂੰ ਪੇਸ਼ਕਾਰੀ ਵਿਚ ਢਾਲਣ ਵਾਲੀ ਪ੍ਰਬੀਨ ਕਲਾਕਾਰ ਵੀ। ਨਾਟਕ ਵਿਚ ਦਿਲਚਸਪੀ ਦਾ ਸਿੱਟਾ ਹੀ ਹੈ ਕਿ ਹੁਣ ਤਕ ਪਾਤਰ ਨੇ ‘ਅੱਗ ਦੇ ਕਲੀਰੇ` (ਲੋਰਕਾ ਦਾ ਨਾਟਕ ‘ਬਲੱਡ ਵੈਡਿੰਗ`), ‘ਸਈਓ ਨੀ ਮੈਂ ਅੰਤਹੀਣ ਤਰਕਾਲਾਂ` (ਲੋਰਕਾ ਦਾ ਨਾਟਕ ‘ਯਰਮਾ’), ‘ਹੁਕਮੀ ਦੀ ਹਵੇਲੀ` (ਲੋਰਕਾ ਦਾ ਨਾਟਕ ‘ਦਿ ਹਾਊਸ ਆਫ ਬਰਨਾਰਡਾ ਐਲਬਾ`), ‘ਸ਼ਹਿਰ ਮੇਰੇ ਦੀ ਪਾਗਲ ਔਰਤ` (ਯਾਂ ਜਿਰਾਦੂ ਦਾ ਨਾਟਕ ‘ਦਿ ਮੈਡ ਵਿਮੈਨ ਆਫ ਸ਼ਾਲੀਅਟ`), ‘ਇਹ ਕੋਈ ਰੀਤ ਨਹੀਂ` (ਬਰਤੋਲਤ ਬ੍ਰੈਖ਼ਤ ਦਾ ਨਾਟਕ ‘ਐਕਸੈਪਸ਼ਨ ਐਂਡ ਦਿ ਰੂਲ`), ‘ਕਿਚਨ ਕਥਾ`, ‘ਹੇਠ ਵਗੇ ਦਰਿਆ` (ਕਮਲ ਕਪੂਰ ਦਾ ਨਾਟਕ ‘ਕਲਾਈਤਮਨੈਸਤਰਾ`), ‘ਨਾਗ ਛਾਇਆ` (ਗਿਰੀਸ਼ ਕਰਨਾਡ ਦਾ ਨਾਟਕ ‘ਨਾਗ ਮੰਡਲ`), ਜੋਰਜ ਡੈਡਿਨ (ਮੋਲੀਅਰ ਦਾ ਇਸੇ ਨਾਂ ਦਾ ਨਾਟਕ), ‘ਫ਼ਿਦਾ` (ਸਰ ਰੈਸੀਨ ਦਾ ਨਾਟਕ ‘ਫ਼ੀਦਰਾ`), ‘ਸੀਬੋ ਇਨ ਸੁਪਰ ਮਾਰਕਿਟ` (ਅਫਰੀਕੀ ਕਹਾਣੀ ਉਪਰ ਆਧਾਰਿਤ ਨਾਟਕ) ਆਦਿ ਵਿਸ਼ਵ ਪ੍ਰਸਿੱਧ ਨਾਟਕ ਪੰਜਾਬੀ ਪਾਠਕਾਂ ਅਤੇ ਸਰੋਤਿਆਂ ਤਕ ਪਹੁੰਚੇ ਹਨ। ਇਨ੍ਹਾਂ ਨਾਟ-ਰੂਪਾਂਤਰਣਾਂ ਦੀ ਖ਼ਾਸੀਅਤ ਇਹ ਹੈ ਕਿ ਪਾਤਰ ਨੇ ਇਨ੍ਹਾਂ ਦੀ ਪਾਤਰਾਵਲੀ, ਭਾਸ਼ਾ, ਸਭਿਆਚਾਰਕ ਪਿੱਠਭੂਮੀ ਅਤੇ ਭਾਵ-ਜਗਤ ਨੂੰ ਇਸ ਕਦਰ ਪੰਜਾਬੀ ਰੰਗਤ ਦਿੱਤੀ ਹੈ ਕਿ ਇਹ ਪੰਜਾਬੀ ਨਾਟਕ ਹੀ ਜਾਪਦੇ ਹਨ। ਇਨ੍ਹਾਂ ਨੂੰ ਪਾਤਰ ਨੇ ਆਪਣੀ ਕਾਵਿਕਤਾ ਨਾਲ ਸਜਾਇਆ ਹੈ ਜਿਸ ਨਾਲ ਵਿਸ਼ਵ ਸਾਹਿਤ ਦੀ ਦਾਰਸ਼ਨਿਕ ਗਹਿਰਾਈ ਸਹਿਜ ਰੂਪ ਵਿਚ ਹੀ ਪੰਜਾਬੀ ਪਾਠਕ ਅਤੇ ਸਰੋਤੇ ਦੀ ਸੋਚ ਅਤੇ ਕਲਪਨਾ ਨੂੰ ਟੁੰਬਣ ਵਿਚ ਕਾਮਯਾਬ ਰਹਿੰਦੀ ਹੈ। ਇਨ੍ਹਾਂ ਤੋਂ ਇਲਾਵਾ ਪਾਤਰ ਨੇ ਟੈਲੀਵਿਜ਼ਨ ਉਤੇ ਪੰਜਾਬੀ ਸਾਹਿਤ ਪਰੰਪਰਾ ਅਤੇ ਸਭਿਆਚਾਰ ਨਾਲ ਸਬੰਧਿਤ ਕਿੰਨੇ ਹੀ ਪ੍ਰੋਗਰਾਮ ਤਿਆਰ ਅਤੇ ਪੇਸ਼ ਕੀਤੇ ਹਨ; ਕੁਝ ਫਿਲਮਾਂ ਦੀਆਂ ਪਟਕਥਾਵਾਂ ਅਤੇ ਗੀਤ ਵੀ ਲਿਖੇ। ਇੰਝ ਪਾਤਰ ਸ਼ਬਦ ਦੇ ਨਾਲ-ਨਾਲ ਦ੍ਰਿਸ਼ ਕਲਾ ਵਿਚ ਵੀ ਡੂੰਘੀ ਦਿਲਚਸਪੀ ਰੱਖਦਾ ਹੈ। ਉਸ ਦੀਆਂ ਕਵਿਤਾਵਾਂ ਵਿਚੋਂ ਵੀ ਦ੍ਰਿਸ਼ ਕਲਾ ਦੀਆਂ ਜੁਗਤਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ।
—
ਪਾਤਰ ਦੀ ਕਵਿਤਾ ਦਾ ਸਭ ਤੋਂ ਮਹੱਤਵਪੂਰਨ ਦੌਰ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਉਹ ਪੰਜਾਬ ਦੇ ਉਨ੍ਹਾਂ ਮਸਲਿਆਂ ਨੂੰ ਆਪਣੀ ਕਾਵਿ-ਚਿੰਤਾ ਦਾ ਵਿਸ਼ਾ ਬਣਾਉਂਦਾ ਹੈ ਜਿਨ੍ਹਾਂ ਦਾ ਤਾਅਲੁਕ ਪੰਜਾਬ ਦੇ ਵਰਤਮਾਨ ਅਤੇ ਭਵਿੱਖ ਨਾਲ ਬਹੁਤ ਗਹਿਰਾ ਹੈ। ਪੰਜਾਬੀ ਭਾਸ਼ਾ ਅਜੋਕੇ ਦੌਰ ਵਿਚ ਜਿਸ ਕਿਸਮ ਦੀਆਂ ਵੰਗਾਰਾਂ ਦੇ ਸਨਮੁਖ ਹਨ, ਉਸ ਕਿਸਮ ਦਾ ਪ੍ਰਤਿਰੋਧੀ ਹੁੰਗਾਰਾ ਪੰਜਾਬ ਵਿਚ ਪੈਦਾ ਨਹੀਂ ਹੋਇਆ। ਅਸੀਂ ਆਮ ਹੀ ਆਪਣੀ ਭਾਸ਼ਾ ਬਾਰੇ ਵਿਹਾਰਕ ਜਿਹੇ ਨੁਕਤੇ ਤੋਂ ਸੋਚਦੇ ਹਾਂ ਅਤੇ ਆਪ ਹੀ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਪੰਜਾਬੀ ਹੌਲ਼ੀ-ਹੌਲ਼ੀ ਆਪਣੀ ਭਾਸ਼ਾ ਤੋਂ ਮੁਖ ਮੋੜ ਰਹੇ ਹਨ। ਪਾਤਰ ਨੇ ਆਪਣੀ ਕਵਿਤਾ ‘ਆਇਆ ਨੰਦ ਕਿਸ਼ੋਰ` ਵਿਚ ਪਿੰਡ ਵਿਚ ਰਹਿਣ ਵਾਲੇ ਅੱਛਰ ਸਿੰਘ ਦਾ ਸੰਖੇਪ ਜਿਹਾ ਬਿੰਬ ਉਸਾਰਿਆ ਹੈ ਜਿਸ ਦੇ ਪੋਤੇ ਅੰਗਰੇਜ਼ੀ ਸਕੂਲ ਵਿਚ ਪੜ੍ਹਨ ਲਈ ਸ਼ਹਿਰ ਜਾਂਦੇ ਹਨ। ਉਸ ਦੀ ਤੁਲਨਾ ਵਿਚ ਬਿਹਾਰੀ ਮਜ਼ਦੂਰ ਨੰਦ ਕਿਸ਼ੋਰ ਦੀ ਧੀ ਮਾਧੁਰੀ ਪੰਜਾਬੀ ਸਿੱਖ ਰਹੀ ਹੈ। ਇਸ ਕਵਿਤਾ ਵਿਚ ਪੰਜਾਬੀਆਂ ਦੇ ਆਪਣੀ ਭਾਸ਼ਾ ਦੇ ਵਿਹਾਰ ਦੇ ਨਾਲ-ਨਾਲ ਭਾਸ਼ਾ ਅਤੇ ਰਿਜ਼ਕ ਜਾਂ ਭਾਸ਼ਾ ਤੇ ਅਕਾਂਖਿਆ ਦੇ ਰਿਸ਼ਤੇ ਦੀ ਝਲਕ ਤਾਂ ਮਿਲਦੀ ਹੈ ਪਰ ਨਾਲ ਹੀ ਭਾਸ਼ਾ ਦੀ ਰਾਜਸੀ ਆਰਥਿਕਤਾ ਬਾਰੇ ਵੀ ਸੰਕੇਤ ਪ੍ਰਾਪਤ ਹੋ ਜਾਂਦਾ ਹੈ। ਪੰਜਾਬੀ ਭਾਸ਼ਾ ਨੂੰ ਪੇਸ਼ ਸੰਕਟ ਦਾ ਵਧੇਰੇ ਭਰਵਾਂ ਦ੍ਰਿਸ਼ ਪਾਤਰ ਦੀ ਹਾਲ ਹੀ ਵਿਚ ਛਪੀ ਕਵਿਤਾ ‘ਮਰ ਰਹੀ ਹੈ ਮੇਰੀ ਭਾਸ਼ਾ` ਵਿਚੋਂ ਹਾਸਿਲ ਹੁੰਦਾ ਹੈ। ਇਹ ਕਵਿਤਾ ਪੰਜਾਬੀ ਦੇ ਭਵਿੱਖ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਨਿਖਾਰ ਦਿੰਦੀ ਹੈ। ਪਾਤਰ ਅਨੁਸਾਰ ਰਾਜ ਦਰਬਾਰ ਦੀ ਸਰਪ੍ਰਸਤੀ ਤੋਂ ਬਿਨਾ ਹੀ ਪੀਰਾਂ ਫ਼ਕੀਰਾਂ ਅਤੇ ਆਸ਼ਕਾਂ ਦੀ ਮੁੱਹਬਤ ਨਾਲ ਪੱਲਰੀ ਪੰਜਾਬੀ ਭਾਸ਼ਾਂ ਦੀ ਸੰਭਾਵਨਾ ਇਹ ਵੀ ਹੈ ਕਿ ਇਹ ਇਸ ਸੰਕਟ ਵਿਚੋਂ ਹੋਰ ਵੀ ਸ਼ਕਤੀਸ਼ਾਲੀ ਹੋ ਕੇ ਨਿਕਲੇ। ਇੰਝ ਇਹ ਕਵਿਤਾ ਪੰਜਾਬੀ ਭਾਸ਼ਾ ਬਾਰੇ ਪਾਤਰ ਦੇ ਡੂੰਘੇ ਸਰੋਕਾਰ ਨੂੰ ਪ੍ਰਗਟ ਕਰਦੀ ਹੈ ਜਿਸ ਨੂੰ ਸੰਬੋਧਿਤ ਹੋਏ ਬਿਨਾ ਪੰਜਾਬ ਦੇ ਭਵਿੱਖ ਦੇ ਨਕਸ਼ੇ ਨੂੰ ਉਲੀਕਣਾ ਅਸੰਭਵ ਹੋਵੇਗਾ।
ਸੁਰਜੀਤ ਪਾਤਰ ਆਪਣੀ ਕਵਿਤਾ ਰਾਹੀਂ ਵਿਚਾਰਧਾਰਾਵਾਂ ਨਾਲ ਸੰਵਾਦ ਰਚਾਉਂਦਾ ਜੀਵਨ ਵਿਚ ਨਿੱਤ ਦਿਨ ਉਭਰ ਰਹੇ ਨਵੇਂ ਤੋਂ ਨਵੇਂ ਮਸਲਿਆਂ ਨੂੰ ਸੰਬੋਧਿਤ ਹੁੰਦਾ ਹੈ। ਵਿਚਾਰਧਾਰਕ ਨਿਸਚਿਤਤਾਵਾਦ ਤੋਂ ਬਚਦਿਆਂ ਮਸਲੇ ਨੂੰ ਉਸ ਦੀਆਂ ਤਮਾਮ ਸੰਭਾਵਨਾਵਾਂ ਸਮੇਤ ਗ੍ਰਹਿਣ ਕਰਨ ਲਈ ਉਹ ਕਵਿਤਾ ਵਿਚ ਅਜਿਹੀ ਵਿਧੀ ਦੀ ਵਰਤੋਂ ਕਰਦਾ ਹੈ ਕਿ ਸਭ ਧਿਰਾਂ ਦੀ ਆਵਾਜ਼ ਉਸ ਵਿਚ ਸੁਣਾਈ ਦਿੰਦੀ ਹੈ। ਇਹੀ ਨਹੀਂ, ਉਹ ਆਪਣੇ ਆਪ ਦੇ ਸਮੇਤ, ਪਾਠਕ ਅਤੇ ਸੰਭਾਵੀ ਉਤਰਾਂ ਦੀ ਇਸ ਕਿਸਮ ਦੀ ਵਿਉਂਤ ਘੜਦਾ ਹੈ ਕਿ ਕਵਿਤਾ ਕਿਸੇ ਨਿਸਚੇਵਾਦੀ ਸਿੱਟੇ ਉੱਤੇ ਖ਼ਤਮ ਹੋਣ ਦੀ ਥਾਂ ਚਿੰਤਨੀ ਸਪੇਸ ਪੈਦਾ ਕਰ ਦਿੰਦੀ ਹੈ। ਇੰਝ ਸੁਰਜੀਤ ਪਾਤਰ ਕਵਿਤਾ ਨੂੰ ਸਮਾਨਾਂਤਰ ਜੀਵਨ ਦ੍ਰਿਸ਼ਟੀ, ਜੀਵਨ ਸ਼ੈਲੀ ਅਤੇ ਵਿਚਾਰਧਾਰਾ ਦੇ ਤੌਰ ’ਤੇ ਉਭਾਰਦਾ ਹੈ। ਅਜੋਕੇ ਸਮੇਂ ਵਿਚ ਪੰਜਾਬ ਵਿਚ ਚਿੰਤਨੀ ਗਤੀਸ਼ੀਲਤਾ ਦੇ ਪੈਦਾ ਹੋਣ ਦੀ ਜੇ ਕੋਈ ਸੰਭਾਵਨਾ ਹੈ ਤਾਂ ਉਹ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਵਿਚੋਂ ਝਲਕਦੀ ਹੈ। ਪੰਜਾਬ ਵਿਚ ਪਰਿਵਰਤਨ ਦੀਆਂ ਜਿੰਨੀਆਂ ਲਹਿਰਾਂ ਚੱਲੀਆਂ ਹਨ, ਉਨ੍ਹਾਂ ਦਾ ਸੁਭਾਅ ਮੁਖ ਰੂਪ ਵਿਚ ਸਰੀਰਕ-ਭੌਤਿਕ (ਫਿਜ਼ੀਕਲ) ਜਾਂ ਕਾਰਜਾਤਮਕ ਰਿਹਾ ਹੈ ਪਰ ਦਿੱਕਤ ਇਹ ਹੈ ਕਿ ਜਦੋਂ ਤਕ ਪਰਿਵਰਤਨ ਦੀ ਕਿਸੇ ਲਹਿਰ ਦੇ ਪਿੱਛੇ ਕੋਈ ਠੋਸ ਚਿੰਤਨ ਨਹੀਂ ਹੋਵੇਗਾ, ਉਹ ਲਹਿਰ ਇਤਿਹਾਸ ਉਤੇ ਕੋਈ ਗਹਿਰਾ ਅਤੇ ਠੋਸ ਪ੍ਰਭਾਵ ਛੱਡੇ ਬਿਨਾ ਹੀ ਸਮੇਂ ਦੀ ਖ਼ੁਰਾਕ ਬਣ ਜਾਵੇਗੀ। ਪਿਛਲੇ ਕੁਝ ਸਮੇਂ ਵਿਚ ਪੰਜਾਬ ਮੌਲਿਕ ਚਿੰਤਨ, ਚਿੰਤਨੀ ਗਤੀਸ਼ੀਲਤਾ ਜਾਂ ਚਿੰਤਨ ਦੀ ਗ਼ੈਰ-ਹਾਜ਼ਰੀ ਦਾ ਸ਼ਿਕਾਰ ਰਿਹਾ ਹੈ। ਇਹ ਅਜਿਹਾ ਖੱਪਾ ਹੈ ਜਿਸ ਨੂੰ ਪੂਰੇ ਬਿਨਾ ਪੰਜਾਬ ਦੇ ਲੋਕਾਂ ਦੇ ਮਸਲਿਆਂ ਦਾ ਹੱਲ ਹੋਣਾ ਤਾਂ ਦੂਰ ਰਿਹਾ, ਪੰਜਾਬ ਦੀ ਆਪਣੀ ਵੱਖਰੀ ਹੋਂਦ ਅਤੇ ਮੜਕ ਬਚਾ ਸਕਣਾ ਵੀ ਸੰਭਵ ਨਹੀਂ ਹੋਵੇਗਾ। ਪਾਤਰ ਨੇ ਆਪਣੀ ਕਵਿਤਾ ਵਿਚ ਭਾਵੇਂ ਸਮੁੱਚੀ ਮਨੁੱਖਤਾ ਦੇ ਮਸਲਿਆਂ ਅਤੇ ਸੰਕਟਾਂ ਨੂੰ ਛੋਹਿਆ ਹੈ ਪਰ ਪੰਜਾਬ ਉਸ ਦੇ ਅਨੁਭਵ ਦਾ ਸਥੂਲ ਸਰੋਤ ਹੈ ਅਤੇ ਉਸ ਦੀਆਂ ਚਿੰਤਾਵਾਂ ਤਾਂ ਇਸ ਨਾਲ ਸਬੰਧਿਤ ਹਨ ਹੀ ਸਗੋਂ ਇਨ੍ਹਾਂ ਨੂੰ ਕਲਾਤਮਕ-ਸੰਗਠਨ ਵਿਚ ਬੰਨ੍ਹਣ ਵਾਲੀ ਕਾਵਿ-ਭਾਸ਼ਾ ਵੀ ਪੰਜਾਬੀ ਸਮਾਜ, ਇਤਿਹਾਸ ਅਤੇ ਭੂਦ੍ਰਿਸ਼ ਵਿਚੋਂ ਹੀ ਰੂਪ ਧਾਰਦੀ ਰਹੀ ਹੈ। ਇਉਂ ਪਾਤਰ ਆਪਣੀ ਕਵਿਤਾ ਰਾਹੀਂ ਪੰਜਾਬੀ ਬੰਦੇ ਦੀ ਨਿੱਤ ਦਿਨ ਪਥਰਾ ਰਹੀ ਸੰਵੇਦਨਾ ਨੂੰ ਪੁਨਰ-ਜੀਵਤ ਕਰਨਾ ਚਾਹੁੰਦਾ ਹੈ; ਨਾਲ ਹੀ ਅਜਿਹਾ ਮੌਲਿਕ ਚਿੰਤਨ ਵੀ ਉਸਾਰਨਾ ਚਾਹੁੰਦਾ ਹੈ ਜਿਹੜਾ ਆਉਂਦੇ ਸਮਿਆਂ ਵਿਚ ਮਨੁੱਖ ਦੇ ਮਸਲਿਆਂ ਨੂੰ ਸਮਝਣ ਅਤੇ ਹੱਲ ਕਰਨ ਲਈ ਲੋੜੀਦੀ ਰੌਸ਼ਨੀ ਵੀ ਦੇ ਸਕੇ।
ਇਸ ਤੋਂ ਵੀ ਵਧੇਰੇ ਮਹੱਤਵਪੂਰਨ, ਇਸ ਵਿਚ ਜੀਵਨ ਦੇ ਕਿਸੇ ਗੁੱਝੇ ਰਹੱਸ ਨੂੰ ਸਟੀਕ ਸੂਤਰਕ (ਸੰਕੇਤਕ) ਸ਼ੈਲੀ ਅਤੇ ਦਾਰਸ਼ਨਿਕ ਅੰਦਾਜ਼ ਵਿਚ ਬਿਆਨ ਕਰਨ ਦੀ ਸਮਰੱਥਾ ਹੁੰਦੀ ਹੈ। ਇਸ ਪੱਖੋਂ ਗ਼ਜ਼ਲ ਵਧੇਰੇ ਮੁਸ਼ਕਿਲ ਵਿਧਾ ਹੈ। ਇਸ ਵਿਧਾ ਵਿਚ ਇਸ ਕਿਸਮ ਦੀ ਮੁਹਾਰਤ ਹਾਸਿਲ ਕਰਨੀ ਕਿ ਖ਼ਿਆਲ ਦੀ ਕੁਰਬਾਨੀ ਦਿੱਤੇ ਬਿਨਾ ਸੰਚਾਰ ਨੂੰ ਸਹਿਜ ਅਤੇ ਸਰਲ ਬਣਾਇਆ ਜਾ ਸਕਦਾ ਹੋਵੇ, ਕਾਫ਼ੀ ਕਠਿਨ ਕੰਮ ਹੈ। ਸ਼ਿਲਪ ਦੇ ਸਖ਼ਤ ਬੰਧੇਜ ਨੂੰ ਨਿਭਾਉਂਦਿਆਂ ਅਨੁਭਵ ਅਤੇ ਜੀਵਨ ਦਰਸ਼ਨ ਦੇ ਜੀਵੰਤ ਪ੍ਰਗਟਾਵੇ ਨੂੰ ਸ਼ਿਲਪ ਉਪਰ ਪ੍ਰਮੁਖਤਾ ਪ੍ਰਦਾਨ ਕਰਨ ਵਿਚ ਪਾਤਰ ਨੇ ਲਾਸਾਨੀ ਸਫ਼ਲਤਾ ਹਾਸਿਲ ਕੀਤੀ ਹੈ। ਜੇ ਸ਼ਿਵ ਕੁਮਾਰ ਨੇ ਆਪਣੇ ਗੀਤਾਂ ਵਿਚ ਭਾਵਨਾਤਮਕ ਵੇਗ ਅਤੇ ਕਲਪਨਾ ਨੂੰ ਬੁਲੰਦੀ ਪ੍ਰਦਾਨ ਕਰਨ ਵਾਲੀ ਕਾਵਿ-ਭਾਸ਼ਾ ਦਾ ਸੁਮੇਲ ਕਰ ਕੇ ਆਧੁਨਿਕ ਗੀਤ ਦਾ ਪ੍ਰਤਿਮਾਨ ਸਿਰਜਿਆ ਹੈ, ਉਵੇਂ ਹੀ ਸੁਰਜੀਤ ਪਾਤਰ ਨੇ ਗ਼ਜ਼ਲ ਨੂੰ ਕਥਨ ਜਾਂ ਬਿਆਨ ਦੀਆਂ ਸੀਮਾਵਾਂ ਤੋਂ ਬਾਹਰ ਅਤੇ ਦਾਰਸ਼ਨਿਕ ਗਹਿਰਾਈ ਵਾਲੇ ਅਨੁਭਵੀ ਜਗਤ ਦੇ ਜੀਵੰਤ ਪਰਗਟਾਵੇ ਦਾ ਰੂਪਾਕਾਰ ਬਣਾਇਆ ਹੈ। ਪਾਤਰ ਦੇ ਹੱਥਾਂ ਵਿਚ ਪੰਜਾਬੀ ਗ਼ਜ਼ਲ ਸਥਿਰ ਦ੍ਰਿਸ਼ ਦਾ ਵਰਣਨ ਕਰ ਕੇ ਭਾਵ ਦੇ ਉਛਾਲ ਨੂੰ ਪੈਦਾ ਕਰਨ ਵਾਲੇ ਬਿੰਬਾਂ ਦੇ ਪ੍ਰਗੀਤਕ ਉਚਾਰ ਦੀ ਬਜਾਇ ਜੀਵਨ ਗਤੀ ਨੂੰ ਦਰਸਾਉਣ ਵਾਲੇ ਅਜਿਹੇ ਬਿੰਬਾਂ ਦੀ ਸਿਰਜਣਾ ਦੀ ਸੰਭਾਵਨਾ ਵਾਲਾ ਰੂਪਾਕਾਰ ਬਣ ਜਾਂਦੀ ਹੈ ਜਿਹੜੀ ਆਧੁਨਿਕ ਸੁਹਜ ਸੰਵੇਦਨਾ ਅਨੁਕੂਲ ਮਨੁੱਖ ਦੇ ਅਸਤਿਤਵੀ ਮਸਲਿਆਂ ਅਤੇ ਸਮਾਜਿਕ ਸਰੋਕਾਰਾਂ ਬਾਰੇ ਚਿੰਤਨੀ ਪਹਿਲਕਦਮੀ ਨੂੰ ਪ੍ਰੇਰਦੀ ਹੈ। ਪਾਤਰ ਦੀ ਗ਼ਜ਼ਲ ਆਮ ਨਾਲੋਂ ਵਡੇਰੇ ਕਾਵਿ-ਨਾਇਕ ਦੇ ਅਹੰਮ ਦੇ ਪ੍ਰਗਟਾਵੇ ਦੀ ਥਾਂ ਸਾਧਾਰਨ ਮਨੁੱਖ ਦੇ ਮਨ ਅੰਦਰ ਚੱਲਦੇ ਦਵੰਦਾਂ ਦਾ ਇਜ਼ਹਾਰ ਬਣ ਜਾਂਦੀ ਹੈ। ਇੰਝ ਇਹ ਆਮ ਬੰਦੇ ਦੇ ਵਧੇਰੇ ਨੇੜੇ ਪਹੁੰਚਦੀ ਹੋਈ ਉਨ੍ਹਾਂ ਦੇ ਆਮ ਜਿਹੇ ਦੁਖਾਂ-ਸੁਖਾਂ, ਦਵੰਦਾਂ-ਸੰਕਟਾਂ, ਪ੍ਰਸ਼ਨਾਂ-ਮਸਲਿਆਂ, ਹਾਰਾਂ-ਸੰਘਰਸ਼ਾਂ ਅਤੇ ਸੋਚਾਂ-ਅਨੁਭਵਾਂ ਦੇ ਪ੍ਰਗਟਾਵੇ ਦੀ ਸਿਰਜਣਾਤਮਕ ਸਪੇਸ ਬਣ ਜਾਂਦੀ ਹੈ। ਇਉਂ ਪ੍ਰਗੀਤ ਜੀਵਨ ਦੀ ਸਾਧਾਰਨਤਾ ਨਾਲ ਗੁੰਦਿਆ ਜਾਂਦਾ ਹੈ ਅਤੇ ਪਾਤਰ ਇਸ ਰਚਨਾਤਮਕ ਰਸਤੇ ਤੇ ਤੁਰਦਿਆਂ ਇਕੋ ਸਮੇਂ ਕਲਾਤਮਕ ਤੌਰ ‘ਤੇ ਸਮਰੱਥ ਤੇ ਮਕਬੂਲ ਸ਼ਾਇਰ ਬਣ ਜਾਂਦਾ ਹੈ।