ਰਾਜ ਕਪੂਰ, ‘ਮੇਰਾ ਨਾਮ ਜੋਕਰ’ ਅਤੇ ਰਿਸ਼ੀ ਕਪੂਰ

ਆਮਨਾ ਕੌਰ
ਮਸ਼ਹੂਰ ਫਿਲਮਸਾਜ਼ ਰਾਜ ਕਪੂਰ ਦੀ ਫਿਲਮ ‘ਮੇਰਾ ਨਾਮ ਜੋਕਰ’ ਦੀ ਸ਼ੂਟਿੰਗ 1964 ਵਿਚ ਆਰੰਭ ਹੋਈ ਸੀ। ਇਸ ਫਿਲਮ ਵਿਚ ਉਨ੍ਹਾਂ ਦੇ ਪੁੱਤਰ ਰਿਸ਼ੀ ਕਪੂਰ ਨੇ ਉਨ੍ਹਾਂ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ। ਇਹ ਫਿਲਮ ਪੂਰੀ ਹੋਣ ਨੂੰ ਤਕਰੀਬਨ ਛੇ ਸਾਲ ਲੱਗ ਗਏ; ਫਿਲਮ ਕਿਤੇ 1970 ਵਿਚ ਜਾ ਕੇ ਰਿਲੀਜ਼ ਹੋਈ।

ਇਸ ਫਿਲਮ ਨਾਲ ਹੀ ਰਿਸ਼ੀ ਕਪੂਰ ਦਾ ਬਤੌਰ ਬਾਲ ਕਾਲਕਾਰ ਕਰੀਅਰ ਸ਼ੁਰੂ ਹੋਇਆ ਸੀ ਪਰ ਇਸ ਫਿਲਮ ਕਾਰਨ ਰਿਸ਼ੀ ਦਾ ਨਾਂ ਸਕੂਲ ਵਿਚੋਂ ਕੱਟ ਦਿੱਤਾ ਗਿਆ ਸੀ। ਹੋਇਆ ਇਉਂ ਕਿ ਫਿਲਮ ਦੀ ਸ਼ੂਟਿੰਗ ਦੇ ਰੁਝੇਵਿਆਂ ਕਾਰਨ ਰਿਸ਼ੀ ਕਪੂਰ ਸਕੂਲ ਨਹੀਂ ਸੀ ਜਾਂਦਾ ਅਤੇ ਇਹ ਗੱਲ ਉਸ ਦੇ ਅਧਿਆਪਕਾਂ ਨੂੰ ਬਿਲਕੁਲ ਪਸੰਦ ਨਹੀਂ ਸੀ। ਕੁਝ ਸਮਾਂ ਤਾਂ ਅਧਿਆਪਕਾਂ ਨੇ ਸਬਰ ਕੀਤਾ ਪਰ ਇਕ ਦਿਨ ਸਬਰ ਦਾ ਇਹ ਪਿਆਲਾ ਭਰ ਗਿਆ ਅਤੇ ਉਸ ਦਾ ਨਾਂ ਸਕੂਲ ਵਿਚੋਂ ਕੱਟ ਦਿੱਤਾ ਗਿਆ। ਜਦੋਂ ਰਾਜ ਕਪੂਰ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਬੜਾ ਤੜਫੇ ਅਤੇ ਉਨ੍ਹਾਂ ਬਹੁਤ ਮੁਸ਼ਕਿਲ ਨਾਲ ਰਿਸ਼ੀ ਕਪੂਰ ਨੂੰ ਸਕੂਲ ਵਿਚ ਦੁਬਾਰਾ ਦਾਖਲ ਕਰਵਾਇਆ।
ਇਸ ਫਿਲਮ ਵਿਚ ਰਿਸ਼ੀ ਕਪੂਰ ਆਪਣੀ ਇਕ ਅਧਿਆਪਕਾ ਨੂੰ ਇਕਪਾਸੜ ਇਸ਼ਕ ਕਰਦਾ ਹੈ। ਇਹ ਅਸਲ ਵਿਚ ਰਾਜ ਕਪੂਰ ਦੇ ਆਪਣੇ ਜੀਵਨ ਵਿਚ ਵਾਪਰੀ ਘਟਨਾ ਹੈ। ਉਹ ਜਦੋਂ ਸਕੂਲ ਵਿਚ ਪੜ੍ਹਦੇ ਸਨ ਤਾਂ ਉਨ੍ਹਾਂ ਨੂੰ ਆਪਣੀ ਇਕ ਅਧਿਆਪਕਾ ਨਾਲ ਇਸ਼ਕ ਹੋ ਗਿਆ ਸੀ ਅਤੇ ਰਾਜ ਕਪੂਰ ਨੇ ਇਹ ਕਹਾਣੀ ਹੂਬਹੂ ਆਪਣੀ ਫਿਲਮ ‘ਮੇਰਾ ਨਾਲ ਜੋਕਰ’ ਵਿਚ ਲੈ ਆਂਦੀ। ਫਿਲਮ ਵਿਚ ਫਿੱਟ ਕੀਤੀ ਇਸ ਕਹਾਣੀ ਦੀ ਬੜੀ ਤਾਰੀਫ ਹੋਈ ਸੀ। ਇਹ ਕਿਰਦਾਰ ਨਿਭਾਉਣ ਲਈ ਰਿਸ਼ੀ ਕਪੁਰ ਨੂੰ ਬਾਲ ਕਲਾਕਾਰ ਦਾ ਕੌਮੀ ਇਨਾਮ ਵੀ ਮਿਲਿਆ ਸੀ।
ਫਿਲਮ ‘ਮੇਰਾ ਨਾਲ ਜੋਕਰ’ ਬਣਾਉਂਦਿਆਂ ਰਾਜ ਕਪੂਰ ਬਹੁਤ ਬੁਰੀ ਤਰ੍ਹਾਂ ਖੁੱਭ ਗਏ ਸਨ। ਉਨ੍ਹਾਂ ਸਿਰ ਕਰਜ਼ਾ ਵੀ ਬਹੁਤ ਚੜ੍ਹ ਗਿਆ ਪਰ ਇਹ ਫਿਲਮ ਬਹੁਤ ਬੁਰੀ ਤਰ੍ਹਾਂ ਫਲਾਪ ਹੋ ਗਈ। ਉਂਝ, ਬਾਅਦ ਵਿਚ ਇਸ ਫਿਲਮ ਨੇ ਕਲਾਸਿਕ ਫਿਲਮ ਦਾ ਰੁਤਬਾ ਹਾਸਲ ਕੀਤਾ ਅਤੇ ਇਹ ਫਿਲਮ ਅੱਜ ਵੀ ਹਿੰਦੀ ਜਗਤ ਦੀਆਂ ਸ਼ਾਹਕਾਰ ਫਿਲਮਾਂ ਵਿਚ ਗਿਣੀ ਜਾਂਦੀ ਹੈ।
ਫਿਲਮ ‘ਮੇਰਾ ਨਾਮ ਜੋਕਰ’ ਦੀ ਕਹਾਣੀ ਅਤੇ ਪਟਕਥਾ ਕੇ.ਏ. ਅੱਬਾਸ ਨੇ ਲਿਖੀ ਸੀ ਅਤੇ ਇਹ ਫਿਲਮ ਰਾਜ ਕਪੂਰ ਦੇ ਨਿਰਦੇਸ਼ਨ ਹੇਠ ਤਿਆਰ ਹੋਈ ਸੀ। ਫਿਲਮ ਵਿਚ ਰਾਜ ਕਪੂਰ ਤੋਂ ਇਲਾਵਾ ਸਿਮੀ ਗਰੇਵਾਲ, ਪਦਮਿਨੀ, ਮਨੋਜ ਕੁਮਾਰ, ਧਰਮਿੰਦਰ, ਦਾਰਾ ਸਿੰਘ, ਰਾਜਿੰਦਰ ਕੁਮਾਰ ਆਦਿ ਕਲਾਕਾਰ ਵੀ ਸਨ। ਇਸ ਫਿਲਮ ਦਾ ਸੰਗੀਤ ਸੰਕਰ ਜੈਕਿਸ਼ਨ ਦੀ ਜੋੜੀ ਨੇ ਤਿਆਰ ਕੀਤਾ ਸੀ।
ਇਸ ਫਿਲਮ ਦੀ ਲੰਬਾਈ 4 ਘੰਟੇ ਤੋਂ ਵੀ ਉਪਰ ਸੀ। ਇਹ ਹਿੰਦੀ ਫਿਲਮ ਜਗਤ ਦੀ ਸਭ ਤੋਂ ਲੰਬੀ ਫਿਲਮ ਗਿਣੀ ਜਾਂਦੀ ਹੈ। ਫਿਲਮ ਦੇ ਪਲਾਟ ਵਿਚ ਬਹੁਤ ਸਾਰੇ ਪ੍ਰਯੋਗ ਕੀਤੇ ਗਏ ਸਨ; ਫਿਲਮ ਦੇ ਦੋ ਤਾਂ ਇੰਟਰਵਲ ਸਨ। ਸਿੱਟੇ ਵਜੋਂ ਫਿਲਮ ਸੁਪਰ ਫਲਾਪ ਹੋ ਗਈ ਪਰ ਅੱਜ ਇਹ ਰਾਜ ਕਪੂਰ ਦੀਆਂ ਸਭ ਤੋਂ ਸਰਵੋਤਮ ਫਿਲਮਾਂ ਵਿਚੋਂ ਇਕ ਮੰਨੀ ਜਾਂਦੀ ਹੈ ਅਤੇ ਦਰਸ਼ਕ ਅੱਜ ਵੀ ਇਸ ਫਿਲਮ ਨੂੰ ਓਨੇ ਹੀ ਚਾਅ ਨਾਲ ਦੇਖਦੇ ਹਨ। ਇਸ ਫਿਲਮ ਦਾ ਛੋਟਾ ਰੂਪ 1980 ਵਿਚ ਰਿਲੀਜ਼ ਕੀਤਾ ਗਿਆ ਅਤੇ ਇਹ ਰੂਪ ਬਾਕਸ ਆਫਿਸ ‘ਤੇ ਬਹੁਤ ਕਮਾਯਾਬ ਰਿਹਾ। ਪਹਿਲਾਂ ਫਲਾਪ ਹੋਣ ਦੇ ਬਾਵਜੂਦ ਰਾਜ ਕਪੂਰ ਇਸ ਫਿਲਮ ਤੋਂ ਬਹੁਤ ਸੰਤੁਸ਼ਟ ਸਨ ਅਤੇ ਇਸ ਫਿਲਮ ਨੂੰ ਆਪਣੀ ਸਭ ਤੋਂ ਵੱਡੀ ਕਮਾਈ ਮੰਨਦੇ ਸਨ।
ਰਾਜ ਕਪੂਰ ਦੀਆਂ ਫਿਲਮਾਂ ਸੋਵੀਅਤ ਯੂਨੀਅਨ ਵਿਚ ਬਹੁਤ ਚੱਲਦੀਆਂ ਹੁੰਦੀਆਂ ਸਨ। ਉਥੇ ਇਹ ਫਿਲਮ ਵੀ ਚੱਲੀ। ਉਦੋਂ ਉਥੇ ਫਿਲਮ ਦੇ ਵਿਤਰਨ ਅਧਿਕਾਰ 15 ਲੱਖ ਰੁਪਏ ਵਿਚ ਵਿਕੇ ਸਨ ਜੋ ਉਸ ਵਕਤ ਸਭ ਤੋਂ ਉਚੀ ਕੀਮਤ ਸੀ। ਸੋਵੀਅਤ ਰੂਸ ਵਿਚ ਇਹ ਫਿਲਮ 1972 ਵਿਚ ਰਿਲੀਜ਼ ਹੋਈ ਸੀ ਅਤੇ ਫਿਲਮ ਰਿਲੀਜ਼ ਹੁੰਦਿਆਂ ਸਾਰ ਸੁਪਰ ਹਿੱਟ ਹੋ ਗਈ। ਉਥੇ ਇਹ ਫਿਲਮ ਤਿੰਨ ਹਿੱਸਿਆਂ ਵਿਚ ਰਿਲੀਜ਼ ਕੀਤੀ ਗਈ ਸੀ।
ਇਹ ਮਿਸਾਲੀ ਫਿਲਮ ਬਣਾਉਣ ਵਾਲੇ ਰਾਜ ਕਪੂਰ ਜਿਨ੍ਹਾਂ ਦਾ ਅਸਲ ਨਾਂ ਸ਼ਿ੍ਰਸ਼ਟੀ ਨਾਥ ਕਪੂਰ ਸੀ, ਦਾ ਜਨਮ 14 ਦਸੰਬਰ 1924 ਨੂੰ ਹੋਇਆ ਸੀ ਅਤੇ ਉਹ 63 ਸਾਲ ਦੀ ਉਮਰ ਵਿਚ 2 ਜੂਨ 1988 ਨੂੰ ਫੌਤ ਹੋ ਗਏ। ਉਨ੍ਹਾਂ ਨੂੰ ਭਾਰਤੀ ਸਿਨੇਮਾ ਦਾ ਚਾਰਲੀ ਚੈਪਲਿਨ ਕਿਹਾ ਜਾਂਦਾ ਸੀ। ਉਨ੍ਹਾਂ ਤਿੰਨ ਕੌਮੀ ਅਤੇ 11 ਫਿਲਮਫੇਅਰ ਇਨਾਮ ਜਿੱਤੇ। ਰਾਜ ਕਪੂਰ ਦੀ ਗਿਣਤੀ ਭਾਰਤ ਦੇ ਚੋਣਵੇਂ ਫਿਲਮਸਾਜ਼ਾਂ ਵਿਚ ਹੁੰਦੀ ਹੈ।