ਮੁਹੱਬਤ ਦੇ ਰੰਗਾਂ ਵਿਚ ਜੀਵੀ ਆਰਜਾ- ਇਮਰੋਜ਼

ਰਵਿੰਦਰ ਸਿੰਘ ਘੁੰਮਣ
ਯੂਨੀਵਰਸਿਟੀ ਕਾਲਜ ਘਨੌਰ
ਇਮਰੋਜ਼ ਇਕ ਅਜਿਹਾ ਪੰਜਾਬੀ ਹੈ, ਜਿਸ ਨੂੰ ਆਉਣ ਵਾਲਾ ਸਮਾਂ ਹੋਰ ਯਾਦ ਕਰੇਗਾ। ਉਹ ਬਿਹਤਰੀਨ ਚਿੱਤਰਕਾਰ ਹੈ, ਸੂਖਮ ਕਵੀ ਹੈ, ਇਸ ਤੋਂ ਵੀ ਜ਼ਿਆਦਾ ਉਸ ਦੀ ਪਛਾਣ ਇਹ ਹੈ ਕਿ ਉਹ ਇਕ ਇਸ਼ਕ ਵਿਚ ਰੰਗਿਆ ਕੋਮਲ ਜੀਵਨ ਹੈ। ਪੰਜਾਬ ਆਸ਼ਕਾਂ ਦੀ ਧਰਤੀ ਹੈ, ਪਰ ਇਨ੍ਹਾਂ ਆਸ਼ਕਾਂ ਨੂੰ ਉਨ੍ਹਾਂ ਦੇ ਸਮੇਂ ਵਿਚ ਕਿਸੇ ਨੇ ਪਸੰਦ ਨਹੀਂ ਕੀਤਾ।

ਇਨ੍ਹਾਂ ਦੀ ਮੁਹੱਬਤ ਨੂੰ ਪ੍ਰਵਾਨ ਹੋਣ ਲਈ ਅਗਲੀਆਂ ਪੀੜ੍ਹੀਆਂ ਦੀ ਉਡੀਕ ਕਰਨੀ ਪਈ। ਇਮਰੋਜ਼ ਦਾ ਜੀਵਨ ਵੀਹਵੀਂ ਸਦੀ ਦੇ ਇਸ਼ਕ ਦਾ ਕਿੱਸਾ ਹੈ। ਉਸਦੇ ਸਮੇਂ ਦੇ ਬਹੁਤੇ ਲੋਕਾਂ ਉਹਦੀ ਕਦਰ ਨਹੀਂ ਪਾਈ ਅਤੇ ਅੱਜ ਵੀ ਉਨ੍ਹਾਂ ਬਾਰੇ ਵਕਤੀ ਟਿੱਪਣੀਆਂ ਅਕਸਰ ਸੋਸ਼ਲ ਮੀਡੀਆ ‘ਤੇ ਮਿਲ ਜਾਂਦੀਆਂ ਹਨ। ਅੰਮ੍ਰਿਤਾ ਪ੍ਰੀਤਮ ਨਾਲ ਮੁਹੱਬਤ ਵਿਚ ਗੁਜ਼ਾਰੀ ਉਸਦੀ ਜ਼ਿੰਦਗੀ ਵਿਚ ਇਸ਼ਕ ਮਜਾਜੀ ਵੀ ਹੈ ਤੇ ਹਕੀਕੀ ਵੀ। ਇਮਰੋਜ਼ ਦੀ ਕਦਰ ਵੀ ਆਉਣ ਵਾਲੇ ਸਮੇਂ ਵਿਚ ਮੁਹੱਬਤ ਕਰਨ ਵਾਲੇ ਲੋਕ ਵਧੇਰੇ ਪਾਉਣਗੇ।
ਇਮਰੋਜ਼ ਬਾਰੇ ਕਿੰਨਾ ਕੁਝ ਸੋਚਿਆ ਜਾ ਸਕਦਾ ਹੈ। ਪਿਛਲੇ ਦਿਨੀਂ ਅੰਤਰ-ਰਾਸ਼ਟਰੀ ਫਿਲਮ ਫੈਸਟੀਵਲ (ਸਿਨੇ ਵੈਸਚਰ) ਚੰਡੀਗੜ੍ਹ ਵਿਚ ਪੰਜਾਬੀ ਫਿਲਮਸਾਜ਼ ਹਰਜੀਤ ਸਿੰਘ ਦੀ ਬਣਾਈ ਡਾਕੂਮੈਂਟਰੀ ‘ਇਮਰੋਜ਼’ ਦੇਖਣ ਦਾ ਮੌਕਾ ਮਿਲਿਆ। ਇਮਰੋਜ਼ ਦੀ ਜ਼ਿੰਦਗੀ ਦੇ ਕਿੰਨੇ ਹੀ ਆਯਾਮ ਹਨ। ਉਨ੍ਹਾਂ ਸਾਰਿਆਂ ਨੂੰ ਅਦਬ ਨਾਲ ਸਮਝ ਸਕਣ ਲਈ ਆਜ਼ਾਦ ਅਸਤਿੱਤਵੀ ਕਲਪਨਾ ਅਤੇ ਸੰਵੇਦਨਾ ਦੀ ਲੋੜ ਹੈ। ਹਰਜੀਤ ਸਿੰਘ ਇਸ ਬਹੁਰੰਗੇ ਜੀਵਨ ਨੂੰ ਪਰਦੇ `ਤੇ ਉਤਾਰਨ ਲਈ ਕਿੰਨੇ ਸਾਧਨਾਂ ਦੀ ਸਿਰਜਣਾਤਮਕ ਵਰਤੋਂ ਕਰਦਾ ਹੈ-ਕੈਮਰਾ, ਕਵਿਤਾ, ਸੰਗੀਤ ਤੇ ਬਿਆਨ। ਇਸ ਸ਼ਾਹਕਾਰ ਜੀਵਨ ਦੀਆਂ ਸਿਖਰਾਂ ਨੂੰ ਮਹਿਸੂਸ ਕਰਵਾਉਣ ਲਈ ਉਹ ਬੁੱਲੇ ਅਤੇ ਸ਼ਾਹ ਹੁਸੈਨ ਦੀਆਂ ਕਾਫੀਆਂ ਨੂੰ ਗਵਾਹ ਬਣਾ ਲੈਂਦਾ ਹੈ। ਫਿਲਮ ਦੇ ਪਹਿਲੇ ਦ੍ਰਿਸ਼ ਵਿਚ ਕਿੰਨੇ ਹੀ ਰੰਗ ਆਪਸ ਵਿਚ ਘੁਲਦੇ ਦਿਖਾਈ ਦਿੰਦੇ ਹਨ। ਫਿਲਮ ਇੰਦਰਜੀਤ ਸਿੰਘ ਦੇ ਬਚਪਨ ਤੋਂ ਸ਼ੁਰੂ ਹੋ ਕੇ ਇਮਰੋਜ਼ ਹੋ ਜਾਣ ਅਤੇ ਅੰਮ੍ਰਿਤਾ ਪ੍ਰੀਤਮ ਦੇ ਕਾਵਿਕ ਵਾਅਦੇ ‘ਮੈਂ ਤੈਨੂੰ ਫੇਰ ਮਿਲਾਂਗੀ’ ਵਿਚ ਸਮਾ ਜਾਣ ਤੱਕ ਦੀ ਯਾਤਰਾ ਹੈ।
ਪ੍ਰਤਿਭਾਸ਼ਾਲੀ ਨੌਜਵਾਨ ਗੁਰਮੋਹ ਦੇ ਸੰਗੀਤ ਵਿਚ ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ, ਅੰਮ੍ਰਿਤਾ ਪ੍ਰੀਤਮ ਅਤੇ ਇਮਰੋਜ਼ ਦੀਆਂ ਕਵਿਤਾਵਾਂ ਇਮਰੋਜ਼-ਅੰਮ੍ਰਿਤਾ ਨਾਲ ਇਕ-ਮਿਕ ਹੋ ਜਾਂਦੀਆਂ ਹਨ। 42 ਮਿੰਟਾਂ ਦੀ ਇਸ ਦਸਤਾਵੇਜ਼ੀ ਵਿਚ ਇਮਰੋਜ਼ ਦੀ ਚਿੱਤਰਕਾਰੀ ਦਾ ਕਲਾਤਮਕ ਰੁਤਬਾ ਸਪੱਸ਼ਟ ਹੁੰਦਾ ਹੈ। ਇਮਰੋਜ਼ ਲੰਮਾ ਸਮਾਂ ਦਿੱਲੀ ਤੋਂ ਛਪਦੇ ਪ੍ਰਸਿੱਧ ਉਰਦੂ ਮੈਗਜ਼ੀਨ ‘ਸ਼ਮਾਂ’ ਲਈ ਚਿੱਤਰਕਾਰੀ ਕਰਦਾ ਰਿਹਾ। ਸ਼ਮਾਂ ਦੀਆਂ ਕਹਾਣੀਆਂ ਅਤੇ ਕਵਿਤਾਵਾਂ ਦੇ ਭਾਵਾਂ ਨੂੰ ਆਪਣੇ ਚਿੱਤਰਾਂ ਵਿਚ ਉਤਾਰ ਕੇ ਉਸ ਨੇ ਇਸ ਮੈਗਜ਼ੀਨ ਨੂੰ ਨਵਾਂ ਹੀ ਰੂਪ ਦੇ ਦਿੱਤਾ। ਸ਼ਮਾਂ ਦੇ ਚਿੱਤਰਾਂ ਤੋਂ ਉਸ ਵੇਲੇ ਦਾ ਪ੍ਰਸਿੱਧ ਫਿਲਮਸਾਜ਼ ਗੁਰੂਦੱਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਆਪਣੀ ਬਣ ਰਹੀ ਫਿਲਮ ਪਿਆਸਾ ਦੇ ਪੋਸਟਰ ਡਿਜ਼ਾਇਨ ਕਰਨ ਲਈ ਕਿਹਾ। ਉਸ ਦੇ ਇਸ ਕੰਮ ਤੋਂ ਗੁਰੂਦੱਤ ਇੰਨਾ ਪ੍ਰਭਾਵਿਤ ਹੋਏ ਕਿ ਉਸਨੂੰ ਤੁਰੰਤ ਬੰਬਈ ਆ ਜਾਣ ਦਾ ਸੱਦਾ ਦਿੱਤਾ। ਇਮਰੋਜ਼ ਜਾਣ ਲਈ ਅੰਮ੍ਰਿਤਾ ਨੂੰ ਅਲਵਿਦਾ ਕਹਿਣ ਗਿਆ ਪਰ ਉਥੋਂ ਬੰਬਈ ਨਾ ਜਾ ਸਕਿਆ ਅਤੇ ਤਾਉਮਰ ਲਈ ਅੰਮ੍ਰਿਤਾ ਦਾ ਹੋ ਗਿਆ। ਡਾਕੂਮੈਂਟਰੀ ਵਿਚ ਇਮਰੋਜ਼ ਦੱਸਦਾ ਹੈ ਕਿ ਅੰਮ੍ਰਿਤਾ ਨੇ ਉਸਨੂੰ ਕਿਹਾ ਕਿ ਤੂੰ ਪਹਿਲਾਂ ਦੁਨੀਆਂ ਦੇਖ ਆ, ਜੇ ਫੇਰ ਵੀ ਮੈਂ ਤੈਨੂੰ ਚਾਹੀਦੀ ਹੋਈ ਤਾਂ ਆ ਜਾਵੀਂ। ਤਾਂ ਇਮਰੋਜ਼ ਨੇ ਅੰਮ੍ਰਿਤਾ ਦੇ ਕਮਰੇ ਵਿਚ ਕੁਝ ਪੰਜ-ਛੇ ਚੱਕਰ ਲਾਏ ਤੇ ਕਿਹਾ ਕਿ ਮੈਂ ਦੁਨੀਆਂ ਦੇਖ ਆਇਆਂ…। ਫਿਰ ਇਮਰੋਜ਼ ਤੇ ਅੰਮ੍ਰਿਤਾ ਇਸ ਤਰ੍ਹਾਂ ਇਕਮਿਕ ਹੋਏ ਕਿ ਇਮਰੋਜ਼ ਦੇ ਚਿੱਤਰਾਂ ਵਿਚ ਅੰਮ੍ਰਿਤਾ ਰਹੀ ਅਤੇ ਅੰਮ੍ਰਿਤਾ ਦੇ ਨਾਵਲਾਂ, ਕਹਾਣੀਆਂ ਦੇ ਪਾਤਰਾਂ ਵਿਚੋਂ ਇਮਰੋਜ਼ ਦਿਸਦਾ ਰਿਹਾ। ਅੰਮ੍ਰਿਤਾ ਦਾ ਕਹਿਣਾ ਸੀ ਕਿ ਉਸ ਨੇ ਲੰਮਾ ਸਮਾਂ ਆਪਣੀਆਂ ਲਿਖਤਾਂ ਵਿਚ ਇਮਰੋਜ਼ ਨੂੰ ਲਿਖਿਆ ਹੈ। ਇਸੇ ਲਈ ਇਸ ਦਸਤਾਵੇਜ਼ੀ ਦੇ ਬਿਰਤਾਂਤਕਾਰ ਇੰਦਰਜੀਤ ਸਿੰਘ ਪੇਂਟਲ ਦਾ ਕਹਿਣਾ ਹੈ ਕਿ ਅੰਮ੍ਰਿਤਾ ਦੀਆਂ ਲਿਖਤਾਂ ਇਮਰੋਜ਼ ਨਾਂ ਦੀ ਬੁਝਾਰਤ ਦਾ ਦਰਵਾਜ਼ਾ ਹਨ, ਇਸ ਦਰਵਾਜ਼ੇ ਨੂੰ ਖੋਲ੍ਹਣ ਲਈ ਲਗਾਤਾਰ ਵਹਿ ਰਹੇ ਉਨ੍ਹਾਂ ਰੰਗਾਂ ਦੀ ਤਰਲ ਚਾਬੀ ਦੀ ਲੋੜ ਹੈ, ਜਿਸ ਵਿਚ ਅੰਮ੍ਰਿਤਾ ਨੇ ਕਿੰਨੇ ਹੀ ਪਾਤਰ ਸਿਰਜੇ ਹਨ।
ਹਰਜੀਤ ਸਿੰਘ ਅਤੇ ਉਨ੍ਹਾਂ ਦੀ ਜੀਵਨ ਸਾਥਣ ਤੇਜਿੰਦਰ-ਹਰਜੀਤ ਹੁਰਾਂ ਦੇ ਪਿਆਰ-ਵਿਆਹ ਦੀ ਗਵਾਹੀ ਕਦੇ ਅੰਮ੍ਰਿਤਾ-ਇਮਰੋਜ਼ ਨੇ ਭਰੀ ਸੀ ਤੇ ਹੁਣ ਇਸ ਡਾਕੂਮੈਂਟਰੀ ਨਾਲ ਇਨ੍ਹਾਂ ਦੋਹਾਂ ਨੇ ਇਮਰੋਜ਼ ਦੀ ਖੂਬਸੂਰਤ ਤੇ ਵਿਲੱਖਣ ਜ਼ਿੰਦਗੀ ਨੂੰ ਪਰਦੇ ‘ਤੇ ਸੰਭਾਲ ਲਿਆ ਹੈ। ਸਾਡੇ ਪਾਪੂਲਰ ਗੀਤਾਂ ਤੇ ਫਿਲਮਾਂ ਨੇ ਪਿਆਰ ਦੇ ਸੰਕਲਪ ਨੂੰ ਦੂਸ਼ਿਤ ਕੀਤਾ ਹੈ ਤਾਂ ਇਸ ਦਰਮਿਆਨ ਹਰਜੀਤ ਸਿੰਘ ਨੇ ਮੁਹੱਬਤ ਦੀ ਇਹ ਕਹਾਣੀ ਕਹਿ ਕੇ ਸਾਡੇ ਲਈ ਪਿਆਰ ਦਾ ਇਕ ਉੱਚਾ-ਸੁੱਚਾ ਆਦਰਸ਼ ਜੀਉਂਦਾ ਕੀਤਾ ਹੈ। ਪਿਆਰ ਦੇ ਇਸ ਸੰਕਲਪ ਵਿਚ ਮਰਦ ਹਉਮੈ ਨੂੰ ਤੱਜ ਕੇ ‘ਤੂੰ ਹੀ ਤੂੰ’ ਦੀ ਹਕੀਕੀ ਉਡਾਰੀ ਹੈ। ਇਹ ਉਡਾਰੀ ਸਿਰਫ ਵਕਤੀ ਨਹੀਂ ਸਗੋਂ ਇਸ ਆਲਮ ਵਿਚ ਉਨ੍ਹਾਂ ਪੂਰੀ ਜ਼ਿੰਦਗੀ ਇਕ ਦੂਜੇ ਦੇ ਪਿਆਰੇ ਸਾਥ ਵਿਚ ਜੀਵੀ ਹੈ। ਸਾਡੀਆਂ ਫਿਲਮਾਂ ਅਤੇ ਗੀਤਾਂ ਦੇ ਉਪਭੋਗੀ ਨੌਜਵਾਨਾਂ ਲਈ ਇਹ ਇਕ ਨਵਾਂ ਸੰਸਾਰ ਹੋਵੇਗਾ। ਇੰਦਰਜੀਤ ਸਿੰਘ ਪੇਂਟਲ ਦੇ ਬਿਆਨ ਦੀ ਕਾਵਿਕਤਾ, ਅੰਮ੍ਰਿਤਾ-ਇਮਰੋਜ਼ ਤੇ ਉਨ੍ਹਾਂ ਦੀਆਂ ਸਿਰਜਣਾਵਾਂ ਵਿਚ ਵਹਿੰਦੇ ਜ਼ਾਹਰ-ਬਾਤਨ ਰੰਗਾਂ ਨੂੰ ਫੜਨ ਦਾ ਪਿਆਰਾ ਢੰਗ ਹੈ। ਫਿਲਮ ਦਾ ਬਿਰਤਾਂਤ ਅੰਗਰੇਜ਼ੀ ਭਾਸ਼ਾ ਵਿਚ ਹੈ, ਜੇਕਰ ਪੰਜਾਬੀ ਵਿਚ ਹੋ ਜਾਵੇ ਤਾਂ ਆਮ ਪੰਜਾਬੀ ਦਰਸ਼ਕਾਂ ਤੱਕ ਪਿਆਰ ਦਾ ਇਹ ਸੁਪਨਾ ਪਹੁੰਚ ਸਕੇਗਾ।