ਮਮਤਾ, ਮੋਹ ਅਤੇ ਮੁਹੱਬਤ

ਡਾ ਗੁਰਬਖ਼ਸ਼ ਸਿੰਘ ਭੰਡਾਲ
ਮਮਤਾ, ਮੋਹ ਅਤੇ ਮੁਹੱਬਤ ਸਮ-ਅਰਥੀ। ਪਰ ਇਹ ਤਿੰਨੋਂ ਹੀ ਵੱਖ-ਵੱਖ ਮਾਨਸਿਕ ਅਵਸਥਾਵਾਂ ਅਤੇ ਅਹਿਸਾਸਾਂ ਵਿਚੋਂ ਪਨਪਦੇ। ਇਨ੍ਹਾਂ ਦੀ ਮੂਲ-ਭਾਵਨਾ ਤਾਂ ਇਕਸਾਰ ਪਰ ਅਰਥਾਂ ਵਿਚੋਂ ਪੈਦਾ ਹੁੰਦੀਆਂ ਡੂੰਘੀਆਂ ਰਮਜ਼ਾਂ। ਮਨੁੱਖੀ ਮਨ ਦੀ ਝੀਤ ਵਿਚੋਂ ਪ੍ਰਗਟ ਹੁੰਦੀ ਸੋਚ ਅਤੇ ਇਸ ਰਾਹੀਂ ਆਲੇ-ਦੁਆਲੇ ਨੂੰ ਸਮਝਣਾ ਅਤੇ ਅਪਨਾਉਣਾ ਸ਼ਾਮਲ।

ਮਮਤਾ, ਮੋਹ ਅਤੇ ਮੁਹੱਬਤ ਰੂਹ ਦੀ ਭਾਵਨਾ ਦੇ ਤਿੰਨ ਵੱਖੋ-ਵੱਖਰੇ ਪੜਾਅ। ਇਨ੍ਹਾਂ ਵਿਚੀਂ ਸਫ਼ਰ ਕਰਦਿਆਂ, ਬੰਦਾ ਮੁਹੱਬਤ ਤੋਂ ਇਸ਼ਕ ਹਕੀਕੀ ਦਾ ਸਫ਼ਰ ਤੈਅ ਕਰਦਾ।
ਮਮਤਾ, ਮੋਹ ਅਤੇ ਮੁਹੱਬਤ ਨੂੰ ਕਦੇ ਵੀ ਰਲਗੱਡ ਨਾ ਕਰੋ ਅਤੇ ਨਾ ਹੀ ਇਨ੍ਹਾਂ ਦੀਆਂ ਸੀਮਾਵਾਂ ਨੂੰ ਉਲੰਘੋ। ਹਰੇਕ ਭਾਵ ਦਾ ਆਪਣਾ ਦਾਇਰਾ ਅਤੇ ਆਪਣਾ ਅੰਬਰ। ਤੁਸੀਂ ਕਿਸ ਅੰਬਰ ਨੂੰ ਆਪਣੇ ਮਸਤਕ ਵਿਚ ਕਿਆਸਦੇ, ਇਹ ਹੀ ਅਸਲ ਵਿਚ ਮਮਤਾ, ਮੋਹ ਅਤੇ ਮੁਹੱਬਤ ਨੂੰ ਪਰਿਭਾਸ਼ਤ ਕਰਨ ਵਿਚ ਸਹਾਈ।
ਮਮਤਾ ਆਪਣੀ ਕੁੱਖ ਵਿਚ ਪਲਦੇ ਬੱਚੇ ਨਾਲ ਮਾਂ ਦੀਆਂ ਕੀਤੀਆਂ ਗੱਲਾਂ। ਚਾਅ ਵਿਚ ਧਰਤੀ `ਤੇ ਪੱਬ ਨਾ ਲੱਗਣੇ। ਉਸ ਦੀ ਆਮਦ ਲਈ ਬੁਣੇ ਸੁਪਨੇ ਅਤੇ ਇਨ੍ਹਾਂ ਸੁਪਨਿਆਂ ਰਾਹੀਂ ਜ਼ਿੰਦਗੀ ਦੇ ਭਵਿੱਖ ਵਿਚ ਅਨੂਠੇ ਰੰਗ ਭਰਨ ਦਾ ਚਾਅ। ਕਦੇ ਕਿਸੇ ਗਰਭਵਤੀ ਔਰਤ ਨੂੰ ਆਪਣੇ ਧਿਆਨ ਵਿਚ ਮਮਤਾਈ ਲੋਰ ਵਿਚ ਬੱਚੇ ਨਾਲ ਕਰ ਰਹੀ ਨਿੱਕੀਆਂ ਗੱਲਾਂ ਵਿਚੋਂ ਚਿਹਰੇ `ਤੇ ਖੁਸ਼ੀ ਅਤੇ ਖੇੜੇ ਦਾ ਜਲੌਅ ਦੇਖਣਾ, ਤੁਹਾਨੂੰ ਪਤਾ ਲੱਗੇਗਾ ਕਿ ਮਾਂ ਬਣ ਕੇ ਮਮਤਾ ਨੂੰ ਮਾਨਣਾ ਕਿਸੇ ਔਰਤ ਦਾ ਕਿੰਨਾ ਵੱਡਾ ਸੁਭਾਗ ਹੁੰਦਾ।
ਜਦ ਕੋਈ ਮਾਂ ਆਪਣੇ ਬੱਚੇ ਦੀ ਪਹਿਲੀ ਕਿਲਕਾਰੀ ਸੁਣਦੀ, ਬਾਪ ਆਪਣੇ ਪਲੇਠੇ ਬੱਚੇ ਨੂੰ ਗੋਦ ਵਿਚ ਲੈ ਕੇ ਨੈਣ ਨਕਸ਼ਾਂ ਨੂੰ ਨਿਹਾਰਦਿਆਂ, ਬੱਚੇ ਵਿਚੋਂ ਆਪਣਾ ਬਿੰਬ ਦੇਖਦਾ ਤਾਂ ਉਸ ਮਮਤਾ ਨੂੰ ਸੀਮਤ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਕਿਸੇ ਗਾਂ-ਮੱਝ ਨੂੰ ਆਪਣੇ ਵਛੇਰੂ ਨੂੰ ਚੱਟਦਿਆਂ ਦੇਖ ਕੇ ਇਹ ਅਹਿਸਾਸ ਪੈਦਾ ਹੁੰਦਾ ਕਿ ਮਾਵਾਂ ਦੀ ਮਮਤਾ ਇਕਸਾਰ। ਜਦ ਕੋਈ ਬੋਟ ਉਡਣ ਦੀ ਕੋਸ਼ਿਸ਼ ਵਿਚ ਧਰਤੀ `ਤੇ ਡਿੱਗ ਪਵੇ ਤਾਂ ਕਦੇ ਵਿਲਕਦੇ ਪੰਛੀ ਨੂੰ ਸੁਣਨਾ, ਤੁਹਾਡੀ ਰੂਹ ਮਮਤਾਈ ਦਰਦ ਨਾਲ ਝੰਭੀ ਕੁਰਲਾ ਉਠੇਗੀ। ਤੁਸੀਂ ਉਸ ਬੋਟ ਨੂੰ ਕਿਸੇ ਉਚੀ ਥਾਂ `ਤੇ ਸੁਰੱਖਿਅਤ ਧਰਨ ਲਈ ਕੋਈ ਉਦਮ ਜ਼ਰੂਰ ਕਰੋਗੇ ਜੇਕਰ ਤੁਹਾਡੇ ਅੰਦਰ ਮਮਤਾ ਵੱਸਦੀ ਹੋਵੇਗੀ।
ਕਦੇ ਸਫ਼ਰ ਕਰਦਿਆਂ ਨਾਲ ਦੀ ਸੀਟ `ਤੇ ਅਵਾਜ਼ਾਰ ਅਤੇ ਬੇਚੈਨ ਹੋਏ ਬੱਚੇ ਨੂੰ ਸੰਭਾਲਦੀ ਮਾਂ ਨੂੰ ਦੇਖ ਕੇ ਹੀ ਸਮਝ ਆਉਂਦੀ ਕਿ ਮਾਂਵਾਂ ਦੀ ਮਮਤਾਈ ਕਿੰਨੀ ਵਡੇਰੀ। ਉਹ ਆਪਣੀਆਂ ਪਰੇਸ਼ਾਨੀਆਂ ਤੇ ਬੇਅਰਾਮੀ ਨੂੰ ਭੁੱਲ ਕੇ ਸਿਰਫ਼ ਆਪਣੇ ਬੱਚੇ ਨੂੰ ਵਰਾਉਣ, ਅਤੇ ਹਸਾਉਣ ਵਿਚ ਖੁਦ ਨੂੰ ਉਲਝਾਈ ਰੱਖਦੀ। ਬੱਚਾ ਸਿਰਫ਼ ਮਾਂ ਸਾਹਵੇਂ ਹੀ ਰਿਆੜ ਕਰ ਸਕਦਾ ਕਿਉਂਕਿ ਉਸਨੂੰ ਪਤਾ ਹੁੰਦਾ ਕਿ ਮਾਂ ਹੀ ਹੁੰਦੀ ਜਿਸਨੇ ਬੱਚੇ ਦੀ ਹਰ ਜਿੱLਦ ਨੂੰ ਪੂਰਾ ਕਰਨਾ ਹੁੰਦਾ। ਮਾਂ ਹੀ ਮਮਤਾ ਦੀ ਮੂਰਤ ਅਤੇ ਬੱਚੇ ਲਈ ਮਾਂ ਹੀ ਖੁLਦਾ, ਗੁਰੂ ਅਤੇ ਰਾਮ। ਮਾਂ ਉਸ ਲਈ ਸਭ ਤੋਂ ਵੱਡੀ ਦਾਤੀ। ਉਸਦੀਆਂ ਸੋਚਾਂ ਦਾ ਅਸਮਾਨ ਅਤੇ ਉਸਦੇ ਸੰਸਾਰ ਦਾ ਦਾਇਰਾ।
ਪਸ਼ੂ-ਪੰਛੀ ਸਮੇਤ ਹਰ ਮਾਂ ਆਪਣੇ ਬੱਚੇ ਨੂੰ ਬਚਾਉਂਦੀ ਸਿਰ ਧੜ ਦੀ ਬਾਜ਼ੀ ਲਾ ਸਕਦੀ ਪਰ ਬੱਚੇ ਨੂੰ ਤੱਤੀ `ਵਾ ਨਹੀਂ ਲੱਗਣ ਦਿੰਦੀ। ਕਿਸੇ ਦਰਿੰਦੇ ਦੀ ਕੀ ਮਜ਼ਾਲ ਕਿ ਉਹ ਮਾਂ ਸਾਹਵੇਂ ਉਸਦੇ ਬੱਚੇ ਵੱਲ ਮਾੜੀ ਅੱਖ ਨਾਲ ਦੇਖ ਸਕੇ।
ਇਹ ਮਮਤਾ ਹੀ ਹੁੰਦੀ ਜੋ ਹੌਲੀ-ਹੌਲੀ ਮੋਹ ਵਿਚ ਤਬਦੀਲ ਹੁੰਦੀ। ਅਤੇ ਮੋਹ ਕਾਰਨ ਹੀ ਮਾਂ ਆਪਣੇ ਬੱਚੇ ਦੀ ਤਾਮੀਰਦਾਰੀ ਵਿਚੋਂ ਸੁਖਨ ਭਾਲਦੀ। ਉਸਨੂੰ ਤਾਲੀਮ-ਯਾਫ਼ਤਾ ਕਰਨ ਲਈ ਅਨਪੜ੍ਹ ਮਾਂ ਹਰ ਤਰਦੱਦ ਕਰਦੀ। ਉਹ ਆਪਣੇ ਬੱਚੇ ਦੇ ਮਨ ਵਿਚ ਉਹ ਸੁਪਨੇ ਧਰਦੀ ਜਿਹੜੇ ਸੁਪਨੇ ਉਸਨੇ ਲਏ ਤਾਂ ਸਨ ਪਰ ਅਧੂਰੇ ਹੀ ਰਹਿ ਗਏ। ਆਰਥਿਕ ਪੱਖੋਂ ਥੁੜ੍ਹੇ ਹੋਏ ਮਾਪੇ ਵੀ ਬੱਚਿਆਂ ਦੀਆਂ ਲੋੜਾਂ ਦੀ ਪੂਰਤੀ ਲਈ, ਆਪਣੇ ਹਿੱਸੇ ਦੀਆਂ ਖੁਸ਼ੀਆਂ ਅਤੇ ਚਾਵਾਂ ਨੂੰ ਨਿਸ਼ਾਵਰ ਕਰ ਦਿੰਦੇ। ਆਪਣੀਆਂ ਨਿੱਜੀ ਲੋੜਾਂ ਨੂੰ ਸੀਮਤ ਕਰ ਕੇ ਬੱਚਿਆਂ ਦੀਆਂ ਅਸੀਮਤ ਜ਼ਰੂਰਤਾਂ ਪੂਰੀਆਂ ਕਰਨ ਦਾ ਕੀਤਾ ਅਹਿਦ ਹੀ ਮਾਪਿਆਂ ਦੇ ਮੋਹ ਦਾ ਸਭ ਤੋਂ ਖੂਬਸੂਰਤ ਪ੍ਰਮਾਣ।
ਮੋਹ ਨੂੰ ਸ਼ਾਖਸ਼ਾਤ ਦੇਖਣਾ ਹੋਵੇ ਤਾਂ ਕਿਸੇ ਪ੍ਰਾਇਮਰੀ ਕਲਾਸ ਵਿਚ ਵੱਖ-ਵੱਖ ਕੌਮੀਅਤਾਂ ਦੇ ਬੱਚਿਆਂ ਦੇ ਆਪਸੀ ਸਬੰਧਾਂ ਵਿਚਲੀ ਪਾਕੀਜ਼ਗੀ ਅਤੇ ਨਿਰਛਲਤਾ ਨੂੰ ਵਾਚਣਾ। ਇਹ ਬੱਚੇ ਕਿੰਨੀ ਅਪਣੱਤ ਨਾਲ ਇਕ ਦੂਜੇ ਨੂੰ ਮੋਹ ਕਰਦੇ, ਕਦੇ ਟਾਫ਼ੀਆਂ ਵੰਡਦੇ, ਕਦੇ ਖਿਡੌਣਿਆਂ ਦੀ ਵੰਡ-ਵੰਡਾਈ। ਕਦੇ ਗੁੱਸੇ ਹੋ ਜਾਣਾ ਅਤੇ ਪਲ ਕੁ ਬਾਅਦ ਹੀ ਫਿਰ ਉਹੀ ਮੋਹ ਦਾ ਪ੍ਰਗਟਾਵਾ।
ਇਹ ਮੋਹ ਹੀ ਹੁੰਦਾ ਜੋ ਅਸੀਂ ਆਪਣੀਆਂ ਕਿਤਾਬਾਂ ਅਤੇ ਸੌLਂਕਾਂ ਨਾਲ ਪਾਲਦੇ। ਜਦ ਨਿੱਕੇ ਬੱਚੇ ਆਪਣੇ ਮਾਪਿਆਂ ਜਾਂ ਬਜ਼ੁਰਗਾਂ ਦੀ ਗੋਦ ਵਿਚ ਤੋਤਲੀਆਂ ਗੱਲਾਂ ਨਾਲ ਜੀਅ ਪ੍ਰਚਾਉਂਦੇ ਅਤੇ ਨਿੱਕੀਆਂ ਗੱਲਾਂ ਵਿਚੋਂ ਵੱਡੇ ਅਰਥਾਂ ਬਾਰੇ ਸੁਭਾਵਕ ਹੀ ਕੁਝ ਕਹਿ ਜਾਂਦੇ ਤਾਂ ਮੋਹ ਦਾ ਆਪ-ਮੁਹਾਰਾ ਪ੍ਰਗਟਾਅ ਵਡੇਰਿਆਂ ਨੂੰ ਸੋਚਣ ਲਈ ਮਜਬੂਰ ਕਰਦਾ ਕਿ ਮੋਹ ਇੰਝ ਵੀ ਪਾਲਿਆ ਜਾ ਸਕਦਾ। ਬੱਚੇ ਦਾ ਆਪਣੇ ਨਾਨੀ/ਨਾਨਾ ਜਾਂ ਦਾਦਾ/ਦਾਦੀ ਨਾਲ ਲਿਪਟ ਜਾਣਾ ਅਤੇ ਉਨ੍ਹਾਂ ਦੀ ਆਗੋਸ਼ ਦਾ ਨਿੱਘ ਮਾਣਦਿਆਂ, ਪਲੋਸਦਿਆਂ-ਪਲੋਸਦਿਆਂ ਸੌਂ ਜਾਣਾ, ਮੋਹ ਦਾ ਸਭ ਤੋਂ ਉਤਮ ਰੂਪ। ਕਦੇ ਗੋਦ ਵਿਚ ਸੁੱਤੇ ਹੋਏ ਬੱਚੇ ਦੇ ਮੁੱਖੜੇ `ਤੇ ਉਗੀ ਹੋਈ ਮੁਸਕਾਨ ਵਿਚੋਂ ਮੋਹ ਦੇ ਅਮੁੱਲ ਅਰਥਾਂ ਨੂੰ ਪੜ੍ਹਨਾ, ਤੁਹਾਨੂੰ ਬੱਚਿਆਂ ਨਾਲ ਦਿਲੀ ਮੋਹ ਦਾ ਇਵਜ਼ਾਨਾ ਖੁਦ-ਬ-ਖੁਦ ਮਿਲੇਗਾ।
ਮੋਹ ਸੁਆਰਥ, ਮੁਫ਼ਾਦ ਅਤੇ ਨਿੱਜੀ ਲਾਭ ਤੋਂ ਰਹਿਤ। ਮੋਹ ਸਿਰਫ਼ ਪਾਕੀਜ਼ ਅਤੇ ਪਵਿੱਤਰ ਅਹਿਸਾਸ। ਮੰਦ-ਭਾਵਨਾ ਤੋਂ ਕੋਰਾ। ਮੋਹ ਬਦਲੇ ਮੋਹ ਦੀ ਆਸ ਰੱਖਣ ਵਾਲੇ ਮੋਹ ਦੇ ਵਣਜਾਰੇ। ਇਸ ਵਣਜ ਵਿਚ ਉਹ ਕਿਸੇ ਨਫ਼ੇ/ਨੁਕਸਾਨ ਦਾ ਕਿਆਸ ਨਹੀਂ ਕਰਦੇ।
ਮੋਹ ਹੀ ਹੁੰਦਾ
ਪਾਣੀ ਦਾ ਪਿਆਸ ਨਾਲ
ਪ੍ਰਾਪਤੀ ਦਾ ਆਸ ਨਾਲ
ਖੇੜੇ ਦਾ ਹੁਲਾਸ ਨਾਲ
ਉਦਾਸੀ ਦਾ ਧਰਵਾਸ ਨਾਲ
ਰੋਟੀ ਦਾ ਪਰਵਾਸ ਨਾਲ
ਆਟੇ ਦਾ ਖਰਾਸ ਨਾਲ
ਤੇ ਜੀਣ ਦਾ ਸਵਾਸ ਨਾਲ।
ਮੋਹ ਹੀ ਹੁੰਦਾ ਖ਼ੁਦ ਦਾ ਖ਼ੁਦ ਨਾਲ। ਆਪਣੇ ਆਪ ਨੂੰ ਮਿਲਣ ਦੀ ਚਾਹਨਾ। ਆਪਣੀ ਬੇਖ਼ੁਦੀ ਨੂੰ ਖ਼ੁਦਾ ਦੇ ਦਰ ਵੰਨੀਂ ਮੋੜਨਾ। ਆਪੇ ਨੂੰ ਸਾਧ ਕੇ ਚੰਗਾ ਮਨੁੱਖ ਬਣਨ ਦੀ ਪ੍ਰੇਰਨਾ, ਬੰਦੇ ਤੋਂ ਇਨਸਾਨ ਬਣਨ ਦੀ ਯਾਤਰਾ। ਨੈਣਾਂ ਵਿਚ ਸੁਪਨੇ ਧਰਨਾ ਅਤੇ ਇਨ੍ਹਾਂ ਸੁਪਨਿਆਂ ਦੇ ਸੱਚ ਨੂੰ ਆਪਣੇ ਦੀਦਿਆਂ ਥੀਂ ਨਿਹਾਰਨਾ।
ਮੋਹ ਬਹੁਤ ਹੀ ਵਸੀਹ ਅਤੇ ਅਜ਼ੀਮ। ਰੂਹਾਂ ਵਾਲੇ ਹੀ ਮੋਹ `ਚ ਪਸੀਜਦੇ ਅਤੇ ਤਰਲ ਤਰਲ ਹੋ ਜਾਂਦੇ। ਜਦ ਕੋਈ ਵਿਅਕਤੀ ਕਿਸੇ ਬੱਚੇ ਜਾਂ ਮਨੁੱਖ ਦੀ ਤਰਾਸਦੀ ਵਿਚੋਂ ਆਪਣੇ ਆਪ ਨੂੰ ਦੇਖ, ਆਪਣੇ ਪਿੰਡੇ `ਤੇ ਮਹਿਸੂਸ ਕਰ, ਮੁੱਖ `ਤੇ ਘਰਾਲਾਂ ਉਗਾ ਲਵੇ ਤਾਂ ਸਮਝੋ ਕਿ ਮੋਹ ਨੂੰ ਬੰਧਨਾਂ ਵਿਚ ਨਹੀਂ ਬੰਨਿ੍ਹਆ ਜਾ ਸਕਦਾ। ਇਹ ਸਰਬ-ਵਿਆਪੀ ਅਤੇ ਹਰੇਕ ਨੂੰ ਪ੍ਰਭਾਵਿਤ ਕਰਦਾ ਬਸ਼ਰਤੇ ਕਿ ਬੰਦਾ ਅੰਦਰੋਂ ਜਿਉਂਦਾ ਹੋਵੇ।
ਜੀਵਨ ਦਾ ਅਗਲਾ ਪੜਾਅ ਹੈ ਮੁਹੱਬਤ। ਮੁਹੱਬਤ ਦੇ ਕਈ ਰੂਪ। ਤੁਹਾਡੀਆਂ ਭਾਵਨਾਵਾਂ ਅੰਗੜਾਈ ਭਰਦੀਆਂ। ਇਨ੍ਹਾਂ ਭਾਵਨਾਵਾਂ ਦੇ ਭਿਆਲ ਵਿਚੋਂ ਮੁਹੱਬਤ ਨੂੰ ਭਾਲਦੇ। ਭੈਣਾਂ-ਭਰਾਵਾਂ ਵਿਚਲੀ ਮੁਹੱਬਤ, ਪਰਿਵਾਰਕ ਸੰਬੰਧਾਂ ਦੀ ਪਕਿਆਈ ਅਤੇ ਪਾਕ-ਰੰਗ ਨੂੰ ਉਘਾੜਨ ਵਿਚ ਸਹਾਈ। ਬੱਚਿਆਂ ਦੀ ਮਾਪਿਆਂ ਨਾਲ ਮੁਹੱਬਤ, ਅਦਬ ਅਤੇ ਆਦਰ ਦਾ ਸਿਰਨਾਵਾਂ ਜਦ ਕਿ ਮਾਪਿਆਂ ਦੀ ਬੱਚਿਆਂ ਨਾਲ ਮੁਹੱਬਤ ਵਿਚੋਂ ਹੀ ਉਨ੍ਹਾਂ ਨੂੰ ਸੇਧ, ਸੁਪਨਾ, ਸਦ-ਵਿਚਾਰ, ਸਹਿਜ ਅਤੇ ਸੁਖਨ ਦਾ ਪਹਿਲਾ ਪਾਠ ਪੜ੍ਹਾਇਆ ਜਾਂਦਾ। ਇਸ ਪਾਠ ਨੂੰ ਕੋਈ ਕਿੰਨੀ ਨੀਝ ਅਤੇ ਰੀਝ ਨਾਲ ਪੜ੍ਹਦਾ ਤੇ ਸਮਝਦਾ, ਇਸਨੇ ਹੀ ਉਸਦੇ ਵਿਅਕਤੀਤਵ ਨੂੰ ਨਿਖਾਰਨਾ ਅਤੇ ਉਸਾਰਨਾ ਹੁੰਦਾ ਅਤੇ ਪਰਿਵਾਰ ਨੂੰ ਚੰਗੇਰੀ ਦਿਸ਼ਾ ਵੱਲ ਤੋਰਨਾ ਹੁੰਦਾ।
ਜਵਾਨ ਦਿਲਾਂ ਵਿਚ ਮੁਹੱਬਤ ਜਦ ਆਪਣੇ ਪੈਰ ਪਸਾਰਦੀ ਤਾਂ ਜੀਵਨ ਮਹਿਕਣ ਲੱਗਦਾ, ਸਾਹਾਂ ਵਿਚ ਖੁਸ਼ਬੂ ਫੈਲਦੀ। ਆਪਣਾ ਆਪ ਚੰਗਾ ਲੱਗਦਾ। ਆਪਣੇ ਆਪ ਨੂੰ ਹੋਰ ਸੁੰਦਰ ਲੱਗਣ ਲਈ ਸੰਵਰਨ ਦੀ ਸੋਝੀ ਅਤੇ ਪਿਆਰੇ ਦੇ ਨੈਣਾਂ ਵਿਚ ਹਰ ਦਮ ਤੱਕਦੇ ਰਹਿਣ ਦੀ ਤਲਬ ਮਹਿਸੂਸ ਹੁੰਦੀ। ਅਜੇਹੀ ਮੁਹੱਬਤ ਦੇ ਸੁੱਚਿਆਰੇਪਣ ਕਾਰਨ ਮੁਹੱਬਤ ਬੇਦਾਗ ਜਦ ਕਿ ਮਨ ਵਿਚ ਪੈਦਾ ਹੋਏ ਵਿਕਾਰ, ਲਾਲਸਾ ਜਾਂ ਨਿੱਜੀ ਮੁਫ਼ਾਦ ਕਾਰਨ ਮੁਹੱਬਤ ਨੂੰ ਜ਼ਲੀਲ ਹੋਣਾ ਪੈਂਦਾ।
ਗਵਾਂਢੀਆਂ ਨਾਲ ਮੁਹੱਬਤ ਦਾ ਰੂਪ ਹੀ ਕਿਸੇ ਸਮਾਜ ਨੂੰ ਟੁੱਟ-ਭੱਜ ਤੋਂ ਬਚਾਉਂਦਾ। ਪੰਜਾਬੀ ਵਿਚ ਕਹਵਾਤ ਹੈ ਕਿ ਔਖੇ ਵੇਲੇ ਗਵਾਂਢੀ ਨੇ ਹੀ ਸਭ ਤੋਂ ਪਹਿਲਾਂ ਪਹੁੰਚਣਾ ਹੁੰਦਾ, ਰਿਸ਼ਤੇਦਾਰ ਤਾਂ ਬਾਅਦ ਵਿਚ ਆਉਂਦੇ। ਸੋ ਗਵਾਂਢ ਨਾਲ ਕਦੇ ਨਾ ਵਿਗਾੜੋ ਸਗੋਂ ਉਨ੍ਹਾਂ ਨਾਲ ਮੁਹੱਬਤੀ ਤੰਦਾਂ ਤੁਹਾਡੀਆਂ ਦੁਸ਼ਵਾਰੀਆਂ ਨੂੰ ਘਟਾਉਣ ਅਤੇ ਜੀਵਨ ਨੂੰ ਸੁਹੰਢਣਾ ਬਣਾਉਣ ਵਿਚ ਅਹਿਮ।
ਬੰਦਾ ਜਦ ਕੁਦਰਤ ਨਾਲ ਮੁਹੱਬਤ ਕਰਦਾ ਤਾਂ ਉਹ ਕੁਦਰਤ ਦੀ ਪਾਕੀਜ਼ਗੀ ਵਿਚੋਂ ਆਪਣੇ ਸਾਹਾਂ ਦੀ ਖ਼ੈਰਾਤ ਮੰਗਦਾ। ਕੁਦਰਤ ਨਾਲ ਮੁਹੱਬਤ ਕਰਨ ਵਾਲੇ ਸੰਜੀਦਾ ਲੋਕ, ਸਦਾ ਹੀ ਧਰਤੀ ਦੀ ਕੁੱਖ ਨੂੰ ਜ਼ਹਿਰੀਲਾ ਹੁੰਦਿਆਂ ਦੇਖ ਫਿਕਰਮੰਦ। ਅੰਮ੍ਰਿਤ ਵਰਗੇ ਪਾਣੀਆਂ ਨੂੰ ਪਲੀਤ ਹੁੰਦਾ ਅਤੇ ਬੇਲੋੜੀ ਵਰਤੋਂ ਨੂੰ ਦੇਖ ਕੇ ਦੁੱਖ `ਚ ਪਸੀਜ ਜਾਂਦੇ। ਹਵਾ ਦੇ ਪ੍ਰਦੂਸ਼ਣ ਜਦ ਫੇਫੜਿਆਂ ਵਿਚ ਮਘੋਰੇ ਕਰਦਾ ਤਾਂ ਇਨ੍ਹਾਂ ਨੂੰ ਬਹੁਤ ਚਿੰਤਾ ਹੁੰਦੀ। ਪਰ ਅਜੇਹੇ ਸੁਚੇਤ ਲੋਕਾਂ ਦੀ ਨਸਲਕੁਸ਼ੀ ਹੋ ਰਹੀ ਅਤੇ ਸਿਰਫ਼ ਅਜੇਹੇ ਲੋਕ ਹਾਵੀ ਹੋ ਰਹੇ ਜੋ ਕੁਦਰਤ ਨਾਲ ਖਿਲਵਾੜ ਕਰ, ਆਪਣੇ ਨਿੱਜੀ ਲਾਭਾਂ ਨਾਲ ਸਲਤਨਤਾਂ ਉਸਾਰਨ ਵਿਚ ਮਸਰੂਫ਼। ਕਦੇ ਕੁਦਰਤ ਨਾਲ ਮੁਹੱਬਤ ਕਰਨਾ, ਦੇਖਣਾ ਕੁਦਰਤ ਕਿਵੇਂ ਤੁਹਾਨੂੰ ਆਪਣੀ ਗਲਵੱਕੜੀ ਵਿਚ ਲੈ ਕੇ ਤੁਹਾਡੇ ਸਾਹਾਂ ਦੀ ਖ਼ੈਰ ਮੰਗਦੀ, ਲੰਮੇਰੀ ਅਤੇ ਸਿਹਤਮੰਦ ਜ਼ਿੰਦਗੀ ਲਈ ਦੁਆ ਬਣਦੀ।
ਬੰਦੇ ਦੀ ਫੁੱਲ-ਬੂਟਿਆਂ ਨਾਲ ਮੁਹੱਬਤ ਹੀ ਹੁੰਦੀ ਕਿ ਉਹ ਬੂਟਿਆਂ ਨੂੰ ਬੱਚਿਆਂ ਵਾਂਗ ਪਾਲਦੇ, ਇਨ੍ਹਾਂ ਨਾਲ ਗੱਲਾਂ ਕਰਦੇ, ਪੱਤਿਆਂ ਅਤੇ ਫੁੱਲਾਂ ਨੂੰ ਪਲੋਸਦੇ। ਇਨ੍ਹਾਂ ਦੀ ਦੇਖਭਾਲ ਵਿਚੋਂ ਖੁLਦ ਲਈ ਸੁਖ਼ਨ ਭਾਲਦੇ। ਬੂਟੇ `ਤੇ ਲੱਗੇ ਫੁੱਲ, ਘਰ ਨੂੰ ਰੰਗ ਅਤੇ ਮਹਿਕ ਨਾਲ ਭਰ ਕੇ, ਕਮਰਿਆਂ ਅਤੇ ਦੀਵਾਰਾਂ ਨੂੰ ਘਰ ਬਣਾ ਦਿੰਦੇ। ਘਰ, ਜਿਸ ਵਿਚ ਜੀਵਨ ਧੜਕਦਾ, ਚਾਵਾਂ ਦੀਆਂ ਕਿਲਕਾਰੀਆਂ, ਹਾਸਿਆਂ ਦੀਆਂ ਫੁਹਾਰਾਂ, ਭਾਵਨਾਵਾਂ ਮੌਲਦੀਆਂ, ਅਹਿਸਾਸਾਂ ਨੂੰ ਪੁੰਗਰਨ ਅਤੇ ਵਿਗਸਣ ਦਾ ਪੂਰਾ ਮੌਕਾ ਮਿਲਦਾ। ਰਿਸ਼ਤਿਆਂ ਦਾ ਨਿੱਘ ਘਰ ਦੇ ਅੰਤਰੀਵ ਨੂੰ ਨਿੱਘਾ ਰੱਖਦਾ।
ਆਪਣੇ ਪੀਰ ਸਾਈਂ ਸ਼ਾਹ ਇਨਾਇਤ ਨਾਲ ਇਹ ਕੇਹੀ ਮੁਹੱਬਤ ਸੀ ਕਿ ਬੁੱਲੇ ਸ਼ਾਹ ਨੇ ਪੈਰੀਂ ਘੁੰਗਰੂ ਪਾ ਕੇ ਨੱਚ ਕੇ ਯਾਰ ਮਨਾਉਣ ਦਾ ਵੱਲ ਸਿਖਿਆ। ਖ਼ੁਦਾ ਦੀ ਇਬਾਦਤ ਵਿਚੋਂ ਯਾਰ ਦੇ ਦੀਦਾਰ ਕਰਨ ਦਾ ਵੱਲ ਪੀਰਾਂ-ਫਕੀਰਾਂ ਨੂੰ ਕੇਹਾ ਕਿ ਉਹ ਖੁLਦ ਨੂੰ ਭੁਲਾ, ਖ਼ੁਦਾ ਦੀ ਚੌਫੇਰੇ ਪਸਰੀ ਕਾਇਨਾਤ ਵਿਚੋਂ ਖੁLਦਾ ਦੇ ਦੀਦਾਰੇ ਪਾ, ਆਪਣੇ ਆਪ ਨੂੰ ਅਲਹਾਮੀ ਅਵਸਥਾ ਦੇ ਨਾਦ ਵਿਚ ਗਾਉਂਦੇ ਤੇ ਖ਼ੁਦ ਨੂੰ ਭੁਲਾਉਂਦੇ।
ਮੁਹੱਬਤ ਆਪੇ ਨੂੰ ਭੁੱਲ ਕੇ, ਪਿਆਰੇ ਦੀ ਯਾਦ ਵਿਚ ਵਿਸਮਾਦ ਹੋ ਜਾਣ ਦਾ ਕਰਮ, ਯਾਰ ਦੀਆਂ ਯਾਦਾਂ ਵਿਚ ਗਵਾਚਣ ਦਾ ਆਨੰਦ। ਨਿਆਮਤਾਂ ਦੇ ਸ਼ੁਕਰਾਨੇ ਲਈ ਅਕੀਦਤ ਕਰਨਾ। ਰਹਿਮਤਾਂ ਨਾਲ ਖ਼ੁਦ ਨੂੰ ਮਾਲੋ-ਮਾਲ ਦੇਖ ਕੇ, ਮੁਹੱਬਤ ਤੋਂ ਬਲਿਹਾਰੇ ਜਾਣਾ। ਦਰਅਸਲ ਇਹ ਮੁਹੱਬਤ ਤੋਂ ਅਗਲਾ ਪੜਾਅ ਜਦ ਕੋਈ ਇਸ਼ਕ ਹਕੀਕੀ ਵਾਲੀ ਮਾਨਸਿਕ ਅਵਸਥਾ ਨੂੰ ਮਾਣਦਾ। ਆਪਣੇ ਰੱਬ ਦੀ ਰਜ਼ਾ ਵਿਚ ਖੁLਦ ਨੂੰ ਭਾਗਸ਼ਾਲੀ ਸਮਝਦਾ।
ਮੁਹੱਬਤ ਕਦੇ ਵੀ ਸ਼ਬਦਾਂ ਦੀ ਮੁਥਾਜ ਨਹੀਂ। ਮੂਕ ਮੁਹੱਬਤ ਵਿਚੋਂ ਆਪਣੇ ਹਿੱਸੇ ਦੀਆਂ ਆਇਤਾਂ ਪੜ੍ਹਨ ਵਾਲੇ ਮੁਹੱਬਤ ਦਾ ਨਵਾਂ ਅੰਜਾਮ ਸਿਰਜਦੇ। ਮੁਹੱਬਤ ਅੱਖਾਂ ਵਿਚੋਂ ਝਰਦੀ ਤਾਂ ਨੈਣਾਂ ਦੀ ਲਿਸ਼ਕੋਰ ਚੌਗਿਰਦੇ ਨੂੰ ਚੁੰਧਿਆ ਜਾਂਦੀ। ਮੁਹੱਬਤ ਤੁਹਾਡੇ ਕਰਮ ਵਿਚ ਪੈਦਾ ਹੁੰਦੀ ਤਾਂ ਬੰਦਾ, ਭਗਤ ਪੂਰਨ ਸਿੰਘ ਜੀ ਬਣ ਜਾਂਦਾ। ਦੇਸ਼ ਪ੍ਰਤੀ ਪੈਦਾ ਮੁਹੱਬਤ ਕਾਰਨ ਇਕ ਨੌਜਵਾਨ, ਸ਼ਹੀਦ ਭਗਤ ਸਿੰਘ ਬਣ ਕੇ ਫਾਂਸੀ ਦਾ ਰੱਸਾ ਚੁੰਮਦਾ। ਆਪਣੀ ਪਤਨੀ ਨਾਲ ਹੁੰਦੀ ਤਾਂ ਬਿਹਾਰ ਵਾਲਾ ਮਾਂਝੀ ਬਣ ਜਾਂਦਾ। ਇਹ ਮੁਹੱਬਤ ਹੀ ਸੀ ਕਿ ਫਰਿਹਾਦ ਨੇ ਸ਼ੀਂਰੀ ਲਈ ਨਹਿਰ ਹੀ ਪੁੱਟ ਦਿਤੀ। ਸਰਵਣ ਪੁੱਤ ਬਣ ਕੇ ਮਾਪਿਆਂ ਦੀ ਵਹਿੰਗੀ ਢੋਣਾ, ਮੁਹੱਬਤ ਦਾ ਸੁੱਚਾ ਰੂਪ। ਆਜ਼ਾਦੀ ਦੀ ਲੋਚਾ ਹੀ ਕਿਸੇ ਨੂੰ ਨੈਲਸਨ ਮੰਡੇਲਾ ਬਣਾ ਦਿੰਦੀ। ਧਨ ਦੇ ਅੰਬਾਰਾਂ ਨਾਲ ਮੁਹੱਬਤ ਕਰਨ ਵਾਲੇ ਲੋਕ ਸਿਰਫ਼ ਬਿੱਲ ਗੇਟਸ, ਅਡਾਨੀ, ਅੰਬਾਨੀ ਜਾਂ ਏਲਨ ਮਾਸਕ ਬਣਦੇ।
ਮੁਹੱਬਤ ਪਿਆਰੇ ਦੇ ਵਿਛੋੜੇ ਵਿਚ ਤੜਫਦੀ ਅਤੇ ਕਰਾਹੁੰਦੀ। ਪ੍ਰੇਮੀ ਨੂੰ ਮਿਲਣ ਲਈ ਤੜਫਦੀ ਜਦ ਬਾਹਰ ਤੋਂ ਅੰਦਰ ਨੂੰ ਤੁਰਦੀ ਤਾਂ ਅਹਿਸਾਸ ਹੁੰਦਾ ਕਿ ਮੁਹੱਬਤ ਕਿੰਨੀ ਅਜ਼ੀਮ ਹੁੰਦੀ। ਇਸਦੇ ਖੁੱਸਣ `ਤੇ ਬੰਦਾ ਕਿੰਨਾ ਇਕੱਲਾ ਅਤੇ ਬੇਸਹਾਰਾ ਹੋ ਜਾਂਦਾ। ਉਹੀ ਬੰਦਾ ਆਪਣੇ ਅੰਤਰੀਵ ਵਿਚ ਉਤਰ, ਆਪਣੇ ਆਪ ਨੂੰ ਵੀ ਭੁੱਲ ਜਾਂਦਾ ਅਤੇ ਪੂਰਨ ਰੂਪ ਵਿਚ ਪਿਆਰੇ ਦਾ ਹੋ ਜਾਂਦਾ। ਇਹੀ ਮੁਹੱਬਤ ਦੀ ਸਭ ਤੋਂ ਵੱਡੀ ਪ੍ਰਾਪਤੀ ਕਿ ਉਹ ਖ਼ੁਦ ਨੂੰ ਭੁਲਾ, ਆਪਣੀਆਂ ਲੋੜਾਂ ਅਤੇ ਥੋੜਾਂ ਨੂੰ ਵਿਸਾਰ, ਪਿਆਰੇ ਦੀ ਅਰਪਿਤਾ ਵਿਚੋਂ ਸਰਬ-ਸੁਖਨ ਮਾਣਦਾ।
ਮੁਹੱਬਤ, ਮਿਲਣ ਅਤੇ ਵਿਛੜਨ ਦਾ ਦੁਹਰਾਅ। ਇਸ ਦੁਹਰਾਅ ਵਿਚ ਬੰਦਾ ਤਿੜਕਦਾ ਅਤੇ ਜੁੜਦਾ। ਇਸ ਟੁੱਟਣ/ਜੁੜਨ ਦੀ ਕਿਰਿਆ ਦੌਰਾਨ ਉਹ ਆਪਣੇ ਆਪ ਨੂੰ ਕਿੰਨਾ ਕੁ ਸੋਧਦਾ, ਆਪਣੇ ਅਕਸ ਨੂੰ ਕਿੰਨਾ ਕੁ ਸਾਫ਼ ਕਰਦਾ ਅਤੇ ਸੋਨੇ ਦੀ ਡਲੀ ਵਰਗਾ ਬਣ ਕੇ ਮੁਹੱਬਤ ਨੂੰ ਕਿਹੜੇ ਦਿਸਹੱਦਿਆਂ ਦਾ ਸਿਰਨਾਵਾਂ ਦਿੰਦਾ, ਇਹ ਵਿਅਕਤੀ ਦੇ ਅੰਦਰ ਵੱਸਦੀ ਮੁਹੱਬਤ ਦੀ ਤੀਖਣਤਾ ਅਤੇ ਖੁLਦ ਨੂੰ ਅੰਦਰੋਂ ਤਪਾਉਣ `ਤੇ ਨਿਰਭਰ ਕਰਦਾ।
ਮੁਹੱਬਤ ਦੀ ਰੱਮਕਣੀ ਨਾਲ ਸਾਹਾਂ ਵਿਚ ਸੰਗੀਤ ਪੈਦਾ ਹੁੰਦਾ, ਹੋਠਾਂ `ਤੇ ਬੋਲ ਗੁਣਗੁਣਾਉਂਦੇ ਅਤੇ ਅੱਖਾਂ ਵਿਚ ਸੰਦਲੀ ਸੁਪਨੇ ਤਾਰੀਆਂ ਲਾਉਂਦੇ। ਪੈਰਾਂ ਵਿਚ ਸਫ਼ਰ ਅਤੇ ਕਦਮਾਂ ਵਿਚ ਉਦਮ ਤੇ ਉਤਸ਼ਾਹ ਪੈਦਾ ਹੁੰਦਾ।
ਮੁਹੱਬਤ ਦਾ ਆਲਾਮ ਕਈ ਵਾਰ ਇੰਜ ਵੀ ਹੁੰਦਾ ਕਿ ਦੁਨੀਆਂ ਲਈ ਤੁਸੀਂ ਇਕ ਵਿਅਕਤੀ ਹੁੰਦੇ ਪਰ ਕਿਸੇ ਲਈ ਤੁਸੀਂ ਸਾਰੀਆਂ ਦੁਨੀਆਂ ਹੀ ਹੋ ਜਾਂਦੇ।
ਜਦ ਬੰਦਾ ਬੇਚੈਨ ਹੁੰਦਾ ਤਾਂ ਉਸਨੂੰ ਮੁਹੱਬਤ ਰਾਹਤ ਲੱਗਦੀ ਹੈ। ਜਦ ਉਹ ਰਾਤ ਨੂੰ ਸੁਪਨਿਆਂ ਵਿਚ ਗਵਾਚਦਾ ਤਾਂ ਮੁਹੱਬਤ ਇਕ ਜੋਤ ਵਾਂਗ ਜਗਦੀ ਅਤੇ ਜਦ ਉਹ ਭਟਕ ਜਾਂਦਾ ਤਾਂ ਮੁਹੱਬਤ ਉਸਦੀ ਉਂਗਲ ਫੜ ਕੇ ਰਾਹਾਂ ਦੀ ਦੱਸ ਪਾਉਂਦੀ।
ਯਾਦ ਰਹੇ ਕਿ ਜਦ ਕਿਸੇ ਖਾਸ ਪ੍ਰਾਪਤੀ ਮੌਕੇ ਕੋਈ ਸ਼ਖ਼ਸ ਤੁਹਾਨੂੰ ਯਾਦ ਆਵੇ ਤਾਂ ਤੁਸੀਂ ਉਸਨੂੰ ਦਿਲੋਂ ਮੁਹੱਬਤ ਕਰਦੇ ਹੋ। ਪਰ ਜਦ ਪੀੜਾ ਵਿਚ ਤੁਹਾਨੂੰ ਕੋਈ ਯਾਦ ਆਵੇ ਤਾਂ ਸਮਝ ਲੈਣਾ ਕਿ ਉਹ ਵਿਅਕਤੀ ਤੁਹਾਨੂੰ ਰੂਹ ਤੋਂ ਮੁਹੱਬਤ ਕਰਦਾ। ਤਾਂ ਹੀ ਕਿਸੇ ਦੁੱਖ-ਦਰਦ ਵਿਚ ਅਸੀਂ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਹੀ ਹਾਕ ਮਾਰਦੇ।
ਖ਼ੁਦਾ ਦੀ ਮੁਹੱਬਤ ਨਾਲ ਹੀ ਬੰਦੇ ਨੂੰ ਇਖ਼ਲਾਕ, ਇੱਜ਼ਤ, ਸ਼ੁਹਰਤ, ਰੂਹ ਦੀ ਰਾਜ਼ਦਾਰੀ ਅਤੇ ਆਤਮਿਕ ਸ਼ਾਂਤੀ ਮਿਲਦੀ।
ਮਮਤਾ, ਮੋਹ ਅਤੇ ਮੁਹੱਬਤ ਦੇ ਸੰਗਮ ਵਿਚੋਂ ਆਪਣੀ ਸ਼ਖਸੀਅਤ ਨੂੰ ਨਵੇਂ ਦਿਸਹੱਦਿਆਂ ਦਾ ਹਾਣੀ ਬਣਾਉਣ ਅਤੇ ਨਵੀਆਂ ਧਾਰਨਾਵਾਂ ਤੇ ਸੋਚਾਂ ਦੀ ਫੁਲਕਾਰੀ ਨੂੰ ਮਸਤਕ `ਤੇ ਸਜਾਉਣ ਵਾਲੇ ਦਰਅਸਲ ਮਨੁੱਖਤਾ ਦੇ ਅਲੰਬਰਦਾਰ। ਇਨ੍ਹਾਂ ਕਰਕੇ ਹੀ ਦੁਨੀਆਂ ਦੇ ਰੰਗ ਸੁਹਾਵਣੇ ਲੱਗਦੇ। ਇਨ੍ਹਾਂ ਦੀ ਸੰਗਤ ਵਿਚ ਮਾਹੌਲ ਮਹਿਕਦਾ ਅਤੇ ਇਨ੍ਹਾਂ ਦੀਆਂ ਅਲਹਾਮੀ ਰਮਜ਼ਾਂ ਸਰੋਤਿਆਂ ਨੂੰ ਕੀਲ ਲੈਂਦੀਆਂ। ਕਦੇ ਅਜੇਹੀਆਂ ਮਾਨਸਿਕ ਅਵਸਥਾਵਾਂ ਨਾਲ ਜੀਣ ਅਤੇ ਥੀਣ ਦੀ ਕੋਸ਼ਿਸ਼ ਕਰਨਾ, ਤੁਹਾਨੂੰ ਆਪਣੇ ਹਿੱਸੇ ਦੇ ਅੰਬਰ ਦਾ ਸਿਰਨਾਵਾਂ ਵੀ ਮਿਲੇਗਾ, ਅੰਬਰ ਵੀ ਮਿਲੇਗਾ ਅਤੇ ਤੁਸੀਂ ਉਸ ਅੰਬਰ ਹੇਠ ਆਪਣੇ ਚੰਨ ਦਾ ਸਾਥ ਵੀ ਮਾਣੋਗੇ। ਸੂਰਜ ਦਾ ਨਿੱਘ ਵੀ ਮਿਲੇਗਾ। ਤਾਰਿਆਂ ਭਰਿਆ ਅੰਬਰ ਮੱਸਿਆ ਦੀ ਰਾਤ ਨੂੰ ਟਿਮਟਿਮਾਉਂਦੇ ਜੁਗਨੂੰਆਂ ਨਾਲ ਵਰਸੋਵੋਗੇ।