ਵਿਸ਼ਵ ਦੇ ਮਹਾਨ ਖਿਡਾਰੀ: ਫੁੱਟਬਾਲ ਦਾ ਜਰਨੈਲ ਸੀ ਜਰਨੈਲ ਸਿੰਘ ਪਨਾਮੀਆ

ਪ੍ਰਿੰ. ਸਰਵਣ ਸਿੰਘ
ਜਰਨੈਲ ਸਿੰਘ ਸੱਚਮੁੱਚ ਫੁੱਟਬਾਲ ਦਾ ਜਰਨੈਲ ਸੀ। ਉਹ ਦੋ ਵਾਰ ਏਸ਼ੀਅਨ ਆਲ ਸਟਾਰਜ਼ ਫੁੱਟਬਾਲ ਟੀਮਾਂ ਦਾ ਕਪਤਾਨ ਰਿਹਾ। ਤਿੰਨ ਸਾਲ ਭਾਰਤੀ ਫੁੱਟਬਾਲ ਟੀਮਾਂ ਦੀ ਕਪਤਾਨੀ ਕੀਤੀ ਤੇ ਜਕਾਰਤਾ ਤੋਂ ਏਸ਼ਿਆਈ ਖੇਡਾਂ ਦਾ ਗੋਲਡ ਮੈਡਲ ਜਿੱਤਿਆ। ਉਹ ਦਸ ਸਾਲ ਭਾਰਤ ਦਾ ਸਰਬੋਤਮ ਫੁੱਟਬਾਲ ਖਿਡਾਰੀ ਮੰਨਿਆ ਜਾਂਦਾ ਰਿਹਾ। 1960 ਦੀਆਂ ਓਲੰਪਿਕ ਖੇਡਾਂ `ਚ ਉਹ ਬਿਹਤਰੀਨ ਫੁੱਲਬੈਕ ਖਿਡਾਰੀ ਸਾਬਤ ਹੋਇਆ ਤੇ ਉਸ ਨੂੰ ਵਰਲਡ ਫੁੱਟਬਾਲ ਇਲੈਵਨ ਦਾ ਸੈਂਟਰ ਫੁੱਲ ਬੈਕ ਨਾਮਜ਼ਦ ਕੀਤਾ ਗਿਆ। ਕੁਆਲਾਲੰਪੁਰ ਦੇ ਮਰਦੇਕਾ ਟੂਰਨਾਮੈਂਟ `ਚ ਫੀਫਾ ਦੇ ਪ੍ਰਧਾਨ ਸਰ ਸਟੈਨਲੇ ਰਾਊਜ਼ ਨੇ ਏਸ਼ੀਆ ਦੇ ਫੁੱਟਬਾਲ ਅਧਿਕਾਰੀਆਂ ਨੂੰ ਕਿਹਾ ਸੀ, “ਤੁਹਾਡੇ ਪਾਸ ਜਰਨੈਲ ਸਿੰਘ ਐਸਾ ਖਿਡਾਰੀ ਹੈ ਜਿਹੜਾ ਦੁਨੀਆ ਦੀ ਕਿਸੇ ਵੀ ਟੀਮ ਵਿਚ ਚੁਣੇ ਜਾਣ ਦੇ ਯੋਗ ਹੈ।”

ਉਹ ਅਫ਼ਰੀਕਾ `ਚ ਖੇਡਿਆ ਤਾਂ ਅਫ਼ਰੀਕਨਾਂ ਨੇ ਉਸ ਨੂੰ ‘ਸਿੰਘਾ ਸ਼ੀਬਾ’ ਯਾਨੀ ਸਿੰਘ ਸ਼ੇਰ ਕਹਿ ਕੇ ਵਡਿਆਇਆ। ਜਿੰਨੇ ਸਾਲ ਉਹ ਕਲਕੱਤੇ ਦੀ ਮੋਹਨ ਬਾਗਾਨ ਕਲੱਬ ਵਿਚ ਖੇਡਿਆ ਉਸ ਨੂੰ ਪੈਸੇ ਵੀ ਸਭ ਤੋਂ ਵੱਧ ਮਿਲੇ ਤੇ ਪ੍ਰਸ਼ੰਸਾ ਵੀ ਸਭ ਤੋਂ ਵੱਧ। ਸ਼ਾਇਦ ਹੀ ਕੋਈ ਬੰਗਾਲੀ ਹੋਵੇ ਜਿਹੜਾ ਜਰਨੈਲ ਸਿੰਘ ਦੇ ਨਾਂ ਤੋਂ ਵਾਕਫ਼ ਨਾ ਹੋਵੇ। ਉਸ ਦੀ ਬੇਵਕਤ ਮੌਤ ਉਤੇ ਸਭ ਤੋਂ ਵੱਧ ਹੰਝੂ ਬੰਗਾਲੀਆਂ ਨੇ ਵਹਾਏ।
ਉਸ ਦਾ ਪਿਛੋਕੜ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੁਜਾਰਾ ਡੀਂਗਰੀਆਂ ਦਾ ਸੀ। ਉਹ ਚੋਆਂ ਦਾ ਇਲਾਕਾ ਸੀ ਜਿਥੇ ਹੜ੍ਹਾਂ `ਚ ਫਸਲਾਂ ਰੁੜ੍ਹ ਜਾਂਦੀਆਂ। ਚੋਆਂ ਦੇ ਸਤਾਏ ਉਹਦੇ ਬਾਬੇ ਬਾਰ ਵਿਚ ਜਾ ਆਬਾਦ ਹੋਏ ਸਨ। ਬਾਰ ਦੀ ਬੰਜਰ ਭੋਇੰ `ਚ ਨਹਿਰੀ ਪਾਣੀ ਨੇ ਲਹਿਰਾਂ ਲਾ ਦਿੱਤੀਆਂ ਸਨ। ਨਹਿਰੀ ਮੋਘੇ ਦਾ ਨੰਬਰ ਹੀ ਚੱਕ ਦਾ ਨਾਂ ਹੁੰਦਾ ਸੀ। ਕਈਆਂ ਨੇ ਚੱਕਾਂ ਦੇ ਨੰਬਰਾਂ ਨਾਲ ਆਪਣੇ ਪਿਛਲੇ ਪਿੰਡਾਂ ਦੇ ਨਾਂ ਵੀ ਜੋੜ ਲਏ ਸਨ। ਉਹਦੇ ਵਡੇਰਿਆਂ ਦਾ ਚੱਕ ਵੀ ਮੁਜਾਰਾ ਡੀਂਗਰੀਆਂ ਵੱਜਦਾ ਸੀ। ਉਸ ਦਾ ਜਨਮ ਜ਼ਿਲ੍ਹਾ ਤੇ ਤਹਿਸੀਲ ਲਾਇਲਪੁਰ ਦੇ ਚੱਕ ਨੰਬਰ 272 ਵਿਚ ਉਜਾਗਰ ਸਿੰਘ ਢਿੱਲੋਂ ਦੇ ਘਰ ਮਾਤਾ ਗੁਰਚਰਨ ਕੌਰ ਦੀ ਕੁੱਖੋਂ 20 ਫਰਵਰੀ 1936 ਨੂੰ ਹੋਇਆ ਸੀ। ਅੰਗਰੇਜ਼ਾਂ ਦੇ ਰਾਜ ਸਮੇਂ ਬਾਰ ਦੇ ਫੌਜੀ ਆਬਾਦਕਾਰਾਂ ਵਿਚ ‘ਜਰਨੈਲ’ ਚੋਟੀ ਦਾ ਨਾਂ ਸੀ ਜੋ ਢਿੱਲੋਂ ਪਰਿਵਾਰ ਨੇ ਆਪਣੇ ਪਲੇਠੇ ਬੱਚੇ ਦਾ ਰੱਖਿਆ। ਹੋ ਸਕਦੈ ਮਾਪਿਆਂ ਨੇ ਉਸ ਨੂੰ ਫੌਜ ਦਾ ਜਰਨੈਲ ਬਣਾਉਣਾ ਚਿਤਵਿਆ ਹੋਵੇ ਪਰ ਸਮੇਂ ਨੇ ਉਸ ਨੂੰ ਫੁੱਟਬਾਲ ਦਾ ਜਰਨੈਲ ਬਣਾਇਆ।
ਮੁੱਢਲੀ ਸਿੱਖਿਆ ਉਸ ਨੇ ਆਪਣੇ ਚੱਕ ਦੇ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ। ਫਿਰ ਉਹ ਚਾਰ ਮੀਲ ਦੂਰ ਚੱਕ 48 ਦੇ ਬਾਰ ਖ਼ਾਲਸਾ ਹਾਈ ਸਕੂਲ ਵਿਚ ਪੜ੍ਹਨ ਲੱਗਾ। ਉਸ ਸਕੂਲ ਵਿਚ ਫੁੱਟਬਾਲ ਖੇਡਣ ਦਾ ਵਧੀਆ ਮਾਹੌਲ ਸੀ ਜਿਥੇ ਫੁੱਟਬਾਲ ਖੇਡਣ ਦੀ ਚੇਟਕ ਲੱਗੀ। ਉਹ ਛੇਵੀਂ `ਚ ਪੜ੍ਹਦਾ ਸੀ ਜਦੋਂ ਦੇਸ਼ ਦੀ ਵੰਡ ਹੋ ਗਈ। ਜਰਨੈਲ ਦੀ ਮਾਸੀ ਦਾ ਪੁੱਤ ਫੌਜ ਵਿਚ ਭਰਤੀ ਸੀ। ਉਸ ਨੇ ਢਿੱਲੋਂ ਪਰਿਵਾਰ ਨੂੰ ਧਾੜਵੀਆਂ ਦੀ ਮਾਰ `ਚੋਂ ਕੱਢ ਕੇ ਸ਼ਰਲੀ ਕੈਂਪ `ਚ ਲਿਆਂਦਾ। ਅੱਗੇ ਕੈਂਪ ਵਿਚ ਵੀ ਖ਼ਤਰਾ ਮੰਡਰਾਅ ਰਿਹਾ ਸੀ। ਗੋਲੀਆਂ ਦੀ ਠਾਹ ਠੂਹ ਆਮ ਹੀ ਸੁਣਦੀ। ਮਾਰੇ ਗਿਆਂ ਦੀਆਂ ਖ਼ਬਰਾਂ ਨਿੱਤ ਆਉਂਦੀਆਂ।
ਫੌਜੀ ਮਸੇਰ ਦੀ ਮਦਦ ਨਾਲ ਔਰਤਾਂ ਤੇ ਬੱਚੇ ਫੌਜੀ ਦਸਤੇ ਦੀ ਰਖਵਾਲੀ ਵਿਚ ‘ਵਤਨ’ ਨੂੰ ਰਵਾਨਾ ਕਰ ਦਿੱਤੇ ਗਏ। ਰਸਤੇ `ਚ ਕਈ ਥਾਈਂ ਟਰੱਕਾਂ ਉਤੇ ਗੋਲੀਆਂ ਚੱਲੀਆਂ। ਟਾਇਰ ਪੈਂਚਰ ਹੋ ਜਾਂਦੇ, ਕਾਫ਼ਲਾ ਰੁਕ ਜਾਂਦਾ। ਜਰਨੈਲ ਤਰਪਾਲ ਦੀਆਂ ਵਿਰਲਾਂ ਵਿਚੋਂ ਬਾਹਰ ਵੇਖਣ ਲਈ ਅਹੁਲਦਾ ਤਾਂ ਜਨਾਨੀਆਂ ਉਹਨੂੰ ਬਾਹੋਂ ਫੜ ਕੇ ਭੁੰਜੇ ਬਿਠਾ ਲੈਂਦੀਆਂ। ਬਾਹਰ ਅੱਗ ਸੀ, ਲਹੂਸੀ, ਲਾਸ਼ਾਂ ਸਨ। ਗੋਲੀਆਂ ਚੱਲ ਰਹੀਆਂ ਸਨ ਤੇ ਕਹਿਰ ਵਰਤ ਰਿਹਾ ਸੀ। ਸੜਦੇ ਘਰਾਂ `ਚੋਂ ਲਾਟਾਂ ਤੇ ਧੂੰਆਂ ਉਠ ਰਿਹਾ ਸੀ। ਤੇਰਾਂ ਚੌਦਾਂ ਸਾਲ ਦੇ ਜਰਨੈਲ ਸਿੰਘ ਨੇ ਉਹ ਦਿਲ ਦਹਿਲਾਅ ਦੇਣ ਵਾਲੇ ਭਿਆਨਕ ਦ੍ਰਿਸ਼ ਆਪਣੀ ਅੱਖੀਂ ਵੇਖੇ ਜੋ ਸਾਰੀ ਉਮਰ ਨਾ ਭੁੱਲੇ। ਅਖ਼ੀਰ ਅਰਦਾਸਾਂ ਕਰਦੇ ਅੰਮ੍ਰਿਤਸਰ ਪਹੁੰਚੇ ਤੇ ਮਾਲ ਗੱਡੀ ਉਤੇ ਚੜ੍ਹ ਕੇ ਫਗਵਾੜੇ ਵੱਲ ਦੀ ਆਪਣੇ ਪੁਰਾਣੇ ਪਿੰਡ ਮਜਾਰਾ ਡੀਂਗਰੀਆਂ ਪੁੱਜੇ। ਮਾਪਿਆਂ ਦੇ ਆਉਣ ਤਕ ਜਰਨੈਲ ਸਕੇ ਸੰਬੰਧੀਆਂ ਕੋਲ ਰਿਹਾ। ਫਿਰ ਉਨ੍ਹਾਂ ਨੂੰ ਗੜ੍ਹਸ਼ੰਕਰ ਲਾਗੇ ਪਿੰਡ ਪਨਾਮ ਵਿਚ ਜ਼ਮੀਨ ਅਲਾਟ ਹੋਈ ਜਿਥੇ ਜੀਵਨ ਨਵੇਂ ਸਿਰਿਓਂ ਸ਼ੁਰੂ ਹੋਇਆ।
ਉਹ ਗੌਰਮਿੰਟ ਹਾਈ ਸਕੂਲ ਗੜ੍ਹਸ਼ੰਕਰ ਵਿਚ ਪੜ੍ਹਨ ਲੱਗਾ। ਉਥੇ ਪੜ੍ਹਦਿਆਂ ਉਸ ਨੂੰ ਫਿਰ ਫੁੱਟਬਾਲ ਖੇਡਣ ਦਾ ਮਾਹੌਲ ਮਿਲ ਗਿਆ। ਜਰਨੈਲ ਸਿੰਘ ਦਾ ਵਿਆਹ ਬੀਬੀ ਇਕਬਾਲ ਕੌਰ ਨਾਲ ਅੱਠਵੀਂ ਜਮਾਤ ਵਿਚ ਪੜ੍ਹਦੇ ਦਾ ਹੀ ਹੋ ਗਿਆ। ਨੌਵੀਂ ਦਸਵੀਂ ਜਮਾਤ ਉਸ ਨੇ ਸਰਹਾਲ ਮੁੰਡੀ ਦੇ ਸਕੂਲ ਤੋਂ ਪਾਸ ਕੀਤੀ। ਉਸ ਸਕੂਲ ਦਾ ਪੀਟੀ ਹਰਬੰਸ ਸਿੰਘ ਸ਼ਾਹੀ ਸੀ ਜਿਸ ਨੂੰ ਜਰਨੈਲ ਦਾ ਪਹਿਲਾ ਕੋਚ ਕਿਹਾ ਜਾ ਸਕਦੈ। ਉਸ ਨੇ ਜਰਨੈਲ ਸਿੰਘ ਨੂੰ ਫੁੱਟਬਾਲ ਖੇਡਣ ਦੇ ਮੁੱਢਲੇ ਗੁਰ ਸਿਖਾਏ। 1952 `ਚ ਉਹ ਆਰੀਆ ਕਾਲਜ ਨਵਾਂਸ਼ਹਿਰ ਦਾਖਲ ਹੋਇਆ। ਪਨਾਮ ਤੋਂ ਕਦੇ ਸਾਈਕਲ ਤੇ ਕਦੇ ਦੌੜ ਕੇ ਹੀ ਕਾਲਜ ਚਲਾ ਜਾਂਦਾ। ਕਾਲਜੋਂ ਮੁੜ ਕੇ ਪਿਤਾ ਨਾਲ ਖੇਤੀਬਾੜੀ ਦੇ ਕੰਮਾਂ `ਚ ਹੱਥ ਵਟਾਉਂਦਾ। ਉਸ ਦਾ ਪਿਤਾ ਬੇਸ਼ੱਕ ਅਨਪੜ੍ਹ ਸੀ ਪਰ ਉਸ ਦੇ ਮਨ `ਚ ਸੀ ਕਿ ਪੁੱਤ ਨੂੰ ਪੜ੍ਹਾਉਣਾ ਵੀ ਹੈ ਤੇ ਖਿਡਾਉਣਾ ਵੀ।
ਜਦੋਂ ਜਰਨੈਲ ਸਿੰਘ ਨਵਾਂਸ਼ਹਿਰ ਦੇ ਆਰੀਆ ਕਾਲਜ ਵਿਚ ਪੜ੍ਹਨ ਲੱਗਾ ਤਾਂ ਖ਼ਾਲਸਾ ਕਾਲਜ ਮਾਹਿਲਪੁਰ ਦਾ ਡੀਪੀਈ ਹਰਦਿਆਲ ਸਿੰਘ, ਜਰਨੈਲ ਸਿੰਘ ਦਾ ਪਿੱਛਾ ਕਰਨ ਲੱਗਾ। ਐੱਫਏ ਦੇ ਦੂਜੇ ਸਾਲ ਉਹ ਉਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਲੈ ਗਿਆ। ਉਥੋਂ ਦੇ ਪ੍ਰਿੰਸੀਪਲ ਹਰਭਜਨ ਸਿੰਘ ਖੇਡਾਂ ਖ਼ਾਸ ਕਰ ਫੁੱਟਬਾਲ ਦੇ ਆਸ਼ਕ ਸਨ। ਪ੍ਰਿੰਸੀਪਲ ਸਾਹਿਬ ਨੇ ਉਸ ਨੂੰ ਖੇਡਦੇ ਵੇਖਿਆ ਤਾਂ ਪ੍ਰਸੰਨ ਹੋ ਕੇ ਕਾਲਜ ਵੱਲੋਂ ਰੋਜ਼ਾਨਾ ਦੋ ਸੇਰ ਦੁੱਧ ਦੀ ਸਪੈਸ਼ਲ ਡਾਈਟ ਲਾ ਦਿੱਤੀ। ਉਸ ਨੂੰ ਕਿਤਾਬਾਂ ਲੈ ਦਿੱਤੀਆਂ ਤੇ ਫੀਸ ਮਾਫੀ ਨਾਲ ਰਿਹਾਇਸ਼ ਵੀ ਦੇ ਦਿੱਤੀ। ਗੱਲ ਕੀ ਕਾਲਜ ਦੀ ਪੜ੍ਹਾਈ ਮੁਫ਼ਤ ਕਰ ਦਿੱਤੀ।
ਕਾਲਜ ਪੜ੍ਹਦਿਆਂ ਹੀ 1958 ਦੇ ਆਰੰਭ ਵਿਚ ਉਹ ਪੰਜਾਬ ਰਾਜ ਦੀ ਟੀਮ ਵਿਚ ਚੁਣਿਆ ਗਿਆ। ਨੈਸ਼ਨਲ ਚੈਂਪੀਅਨਸ਼ਿਪ ਤ੍ਰੀਵੇਂਦਰਮ ਹੋਈ ਜਿਥੇ ਪੰਜਾਬ ਦੀ ਟੀਮ ਨੇ ਪਹਿਲੀ ਵਾਰ ਪਹਿਲਾ ਮੈਚ ਜਿੱਤਿਆ। ਉਸ ਤੋਂ ਪਹਿਲਾਂ ਪੰਜਾਬ ਦੀ ਟੀਮ ਪਹਿਲੇ ਮੈਚ ਵਿਚ ਹੀ ਹਾਰ ਜਾਂਦੀ ਸੀ। ਉਸੇ ਸਾਲ ਉਹ ਖ਼ਾਲਸਾ ਸਪੋਰਟਿੰਗ ਕਲੱਬ ਦਾ ਮੈਂਬਰ ਬਣ ਕੇ ਪਾਕਿਸਤਾਨ ਖੇਡਣ ਗਿਆ। ਲਾਹੌਰ, ਮਿੰਟਗੁਮਰੀ ਤੇ ਲਾਇਲਪੁਰ ਖੇਡਿਆ ਜੋ ਉਸ ਦੀ ਜਨਮ ਭੂਮੀ ਸੀ। ਉਸ ਦੀ ਖੇਡ ਨੂੰ ਪਾਕਿਸਤਾਨੀਆਂ ਨੇ ਸਲਾਹਿਆ ਤੇ ਉਹਦਾ ਹੌਂਸਲਾ ਵਧਾਇਆ। ਫਿਰ ਉਹ ਦਿੱਲੀ ਦਾ ਡੀਸੀਐੱਮ ਫੁੱਟਬਾਲ ਟੂਰਨਾਮੈਂਟ ਖੇਡਿਆ ਜਿਸ ਨਾਲ ਉਹਦੀ ਖੇਡ ਨੈਸ਼ਨਲ ਪੱਧਰ `ਤੇ ਪਛਾਣੀ ਜਾਣ ਲੱਗੀ। 1960 `ਚ ਉਸ ਨੇ ਭਾਰਤੀ ਟੀਮ ਵੱਲੋਂ ਓਲੰਪਿਕ ਖੇਡਾਂ `ਚ ਭਾਗ ਲਿਆ ਜਿਥੇ ਉਹਦੀ ਗੁੱਡੀ ਅਸਮਾਨੇ ਚੜ੍ਹ ਗਈ ਤੇ ਜਰਨੈਲ ਜਰਨੈਲ ਹੋ ਗਈ।
1962 ਦੀਆਂ ਏਸ਼ਿਆਈ ਖੇਡਾਂ ਜਕਾਰਤਾ `ਚ ਹੋਈਆਂ। ਭਾਰਤ ਦਾ ਥਾਈਲੈਂਡ ਵਿਰੁਧ ਮੈਚ ਮੁੱਕਣ ਹੀ ਵਾਲਾ ਸੀ ਕਿ ਜਰਨੈਲ ਸਿੰਘ ਦੇ ਸਿਰ `ਤੇ ਸਖ਼ਤ ਸੱਟ ਲੱਗ ਗਈ। ਉਸ ਨੂੰ ਖੇਡ ਮੈਦਾਨ ਤੋਂ ਬਾਹਰ ਲਿਜਾਣਾ ਪਿਆ। ਬਚਦੇ ਦੋ ਤਿੰਨ ਮਿੰਟਾਂ `ਚ ਥਾਈਲੈਂਡ ਇਕ ਗੋਲ ਲਾਹੁਣ ਦੇ ਬਾਵਜੂਦ ਹਾਰ ਗਿਆ। ਜਰਨੈਲ ਸਿੰਘ ਦੇ ਸਿਰ ਦਾ ਜ਼ਖ਼ਮ ਸਿਊਣ ਲਈ ਸੱਤ ਟਾਂਕੇ ਲੱਗੇ। ਭਾਰਤੀ ਟੀਮ ਜਪਾਨ ਵਿਰੁੱਧ ਅਗਲਾ ਮੈਚ ਮਸੀਂ 1-0 ਨਾਲ ਜਿੱਤ ਸਕੀ। ਚੌਥੇ ਦਿਨ ਸੈਮੀ ਫਾਈਨਲ ਮੈਚ ਵੀਅਤਨਾਮ ਵਿਰੁੱਧ ਸੀ। ਡਾਕਟਰ ਨੇ ਜਰਨੈਲ ਸਿੰਘ ਨੂੰ ਖੇਡਣ ਤੋਂ ਮਨ੍ਹਾ ਕੀਤਾ ਸੀ। ਪਰ ਇਸ ਸਟੇਜ `ਤੇ ਭਾਰਤੀ ਟੀਮ ਹਾਰ ਜਾਂਦੀ ਤਾਂ ਉਹ ਟੂਰਨਾਮੈਂਟ ਤੋਂ ਹੀ ਬਾਹਰ ਹੋ ਜਾਣੀ ਸੀ।
ਸੈਮੀ ਫਾਈਨਲ ਮੈਚ ਦੇ ਮਹੱਤਵ ਨੂੰ ਵੇਖਦਿਆਂ ਕੋਚ ਰਹੀਮ ਚਾਹੁੰਦਾ ਸੀ ਕਿ ਜਰਨੈਲ ਸਿੰਘ ਇਸ ਮੈਚ ਵਿਚ ਜ਼ਰੂਰ ਹਾਜ਼ਰ ਹੋਵੇ। ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਜਰਨੈਲ ਜ਼ਖਮੀ ਸ਼ੇਰ ਵਾਂਗ ਮੈਦਾਨ `ਚ ਨਿਤਰਿਆ। ਫੁੱਲ ਬੈਕ ਲਈ ਸਿਰ ਨਾਲ ਖੇਡਣਾ ਜ਼ਰੂਰੀ ਹੋ ਜਾਂਦਾ ਹੈ। ਸਿਰ ਜ਼ਖ਼ਮੀ ਸੀ, ਇਸ ਲਈ ਉਹ ਸੈਂਟਰ ਫਾਰਵਰਡ ਖੇਡਿਆ। ਅੱਗੇ ਖੇਡਦਿਆਂ ਉਸ ਨੇ ਪਹਿਲਾ ਗੋਲ ਕੀਤਾ ਤੇ ਭਾਰਤੀ ਟੀਮ 3-1 ਗੋਲਾਂ ਨਾਲ ਫਾਈਨਲ ਵਿਚ ਪੁੱਜ ਗਈ। ਫਾਈਨਲ ਮੈਚ ਦੱਖਣੀ ਕੋਰੀਆ ਦੀ ਬੜੀ ਤਕੜੀ ਟੀਮ ਵਿਰੁੱਧ ਸੀ। ਜਰਨੈਲ ਸਿੰਘ ਦੇ ਜ਼ਖਮੀ ਹੋਣ ਕਾਰਨ ਕੋਰੀਆ ਸਮਝਦਾ ਸੀ ਕਿ ਉਹ ਫਾਈਨਲ ਜਿੱਤ ਲਵੇਗਾ। ਪਹਿਲੇ ਅੱਧ ਤਕ ਮੈਚ ਬਰਾਬਰ ਚੱਲਦਾ ਰਿਹਾ। ਦੂਜੇ ਅੱਧ `ਚ ਮੌਕਾ ਮਿਲਿਆ ਤਾਂ ਜਰਨੈਲ ਸਿੰਘ ਨੇ ਹੀ ਆਪਣੇ ਜ਼ਖਮੀ ਸਿਰ ਨਾਲ ਜੇਤੂ ਗੋਲ ਕੀਤਾ। ਉਂਜ ਵੀ ਉਹ ਸਿਰ ਯਾਨੀ ਦਿਮਾਗ਼ ਨਾਲ ਖੇਡਦਾ ਸੀ। ਉਹਦੇ ਇਸ ਗੋਲ ਨਾਲ ਸਾਰੇ ਏਸ਼ੀਆ ਵਿਚ ਫਿਰ ਉਹਦੀ ਧੰਨ ਧੰਨ ਹੋ ਗਈ।
ਖੇਡ ਪੱਤਰਕਾਰਾਂ ਨੇ ਉਸ ਨੂੰ ਦੇਸ਼ ਦਾ ਸਰਬੋਤਮ ਖਿਡਾਰੀ ਐਲਾਨਿਆ ਤੇ ਭਾਰਤ ਸਰਕਾਰ ਨੇ ਅਰਜਨਾ ਐਵਾਰਡ ਨਾਲ ਸਨਮਾਨਿਆ। 1965, 66 ਤੇ 67 ਵਿਚ ਉਹ ਭਾਰਤੀ ਫੁੱਟਬਾਲ ਟੀਮਾਂ ਦਾ ਕਪਤਾਨ ਬਣਦਾ ਰਿਹਾ। 1966 ਤੇ 67 ਵਿਚ ਉਸ ਨੂੰ ਏਸ਼ੀਅਨ ਆਲ ਸਟਾਰਜ਼ ਟੀਮ ਦੀ ਕਪਤਾਨੀ ਸੌਂਪੀ ਗਈ। 1970 ਵਿਚ ਪੰਜਾਬ ਨੇ ਨੈਸ਼ਨਲ ਚੈਂਪੀਅਨਸ਼ਿਪ ਦੀ ਸੰਤੋਸ਼ ਟਰਾਫੀ ਪਹਿਲੀ ਵਾਰ ਜਿੱਤੀ। ਉਦੋਂ ਜਰਨੈਲ ਸਿੰਘ ਹੀ ਪੰਜਾਬ ਦੀ ਟੀਮ ਦਾ ਕਪਤਾਨ ਸੀ। 1974 `ਚ ਪੰਜਾਬ ਨੇ ਸੰਤੋਸ਼ ਟਰਾਫੀ ਦੇ ਫਾਈਨਲ ਮੈਚ ਵਿਚ ਬੰਗਾਲ ਦੀ ਟੀਮ ਨੂੰ 6-0 ਗੋਲਾਂ ਉਤੇ ਹਰਾਇਆ। ਜਰਨੈਲ ਸਿੰਘ ਨੂੰ ਸੀਨੀਅਰ ਕੋਚ ਤੋਂ ਸੀਨੀਅਰ ਡਿਪਟੀ ਡਾਇਰੈਕਟਰ ਬਣਾ ਦਿੱਤਾ ਗਿਆ। ਫਿਰ ਉਹ ਪੰਜਾਬ ਖੇਡ ਵਿਭਾਗ ਦਾ ਐਡੀਸ਼ਨਲ ਡਾਇਰੈਕਟਰ ਬਣਿਆ। ਕੁਝ ਸਮਾਂ ਕਾਰਜਕਾਰੀ ਡਾਇਰੈਕਟਰੀ ਕੀਤੀ ਤੇ 1994 ਵਿਚ ਸੇਵਾ ਮੁਕਤ ਹੋਇਆ।
1980 ਦੇ ਆਸ-ਪਾਸ ਹੋਈ ਮੁਲਾਕਾਤ ਸਮੇਂ ਮੈਂ ਉਹਦੀਆਂ ਜੁਆਨੀ ਵੇਲੇ ਦੀਆਂ ਫੋਟੋਆਂ ਵੇਖ ਕੇ ਕਿਹਾ ਸੀ, “ਭਾਅ ਜੀ, ਤੁਹਾਡੀਆਂ ਫੋਟੋਆਂ ਤਾਂ ਸਾਹ ਲੈਂਦੀਆਂ ਲੱਗਦੀਆਂ ਨੇ।” ਜਰਨੈਲ ਸਿੰਘ ਮਿੰਨ੍ਹਾ ਜਿਹਾ ਮੁਸਕਰਾਉਂਦਿਆਂ ਉਚਰਿਆ ਸੀ, “ਹੁਣ ਦਾ ਤਾਂ ਪਤਾ ਨਹੀਂ, ਪਰ ਜਦੋਂ ਮੈਂ ਨਾ ਰਿਹਾ, ਉਦੋਂ ਜ਼ਰੂਰ ਸਾਹ ਲੈਂਦੀਆਂ ਨਜ਼ਰ ਆਉਣਗੀਆਂ!”
ਮੈਂ ਆਖ਼ਰੀ ਗੱਲ ਪੁੱਛੀ ਸੀ, “ਨਵੀਂ ਪੀੜ੍ਹੀ ਨੂੰ ਕੋਈ ਸੁਖ ਸੁਨੇਹਾ, ਕੋਈ ਸੰਦੇਸ਼?”
ਉਸ ਨੇ ਗੰਭੀਰ ਹੁੰਦਿਆਂ ਕਿਹਾ ਸੀ, “ਮੇਰੇ ਵੱਲੋਂ ਮਿਹਨਤ ਦਾ ਸੰਦੇਸ਼ ਦੇਣਾ। ਚੋਟੀ ਦੇ ਖਿਡਾਰੀ ਬਣਨ ਲਈ ਮਿਹਨਤ ਤੋਂ ਬਿਨਾਂ ਕੋਈ ਸ਼ਾਰਟ ਕੱਟ ਰਸਤਾ ਨਹੀਂ। ਨਵੇਂ ਮੁੰਡਿਆਂ ਨੂੰ ਮਿਹਨਤ ਕਰਨੀ ਚਾਹੀਦੀ ਹੈ, ਅਦਬ ਸਿੱਖਣਾ ਚਾਹੀਦੈ। ਜ਼ਬਤ, ਨਿਮਰਤਾ ਤੇ ਵਕਤ ਦੀ ਪਾਬੰਦੀ, ਸਾਰੇ ਗੁਣ ਗ੍ਰਹਿਣ ਕਰਨੇ ਚਾਹੀਦੇ ਆ। ਜਿਹੜਾ ਕੋਈ ਕਸਰਤ ਤੇ ਖੇਡ ਅਭਿਆਸ ਕਰਦਿਆਂ ਦੁੱਖ-ਦਰਦ ਨਾਲ ਘੁਲਦਾ ਉਹਨੂੰ ਫਤਿਹ ਜ਼ਰੂਰ ਨਸੀਬ ਹੁੰਦੀ ਆ। ਖਿਡਾਰੀ ਦਾ ਮਨ ਨੀਵਾਂ ਹੋਣਾ ਚਾਹੀਦੈ। ਖ਼ਾਲੀ ਭਾਂਡੇ `ਚ ਤਾਂ ਕੁਛ ਪੈ-ਜੂ, ਭਰੇ ਨੂੰ ਕੋਈ ਕੀ ਭਰੂ? ਏਥੇ ਟੇਲੈਂਟ ਦੀ ਕੋਈ ਘਾਟ ਨਹੀਂ। ਪਰ ਟੇਲੈਂਟ ਨੂੰ ਸਾਣ ਚਾੜ੍ਹਨ ਦੀ ਲੋੜ ਐ। ਨਵੀਂ ਪੀੜ੍ਹੀ ਲਈ ਮੈਦਾਨ ਖੁੱਲ੍ਹਾ ਪਿਐ। ਉਹ ਸਮਾਂ ਸੰਭਾਲੇ, ਸਮਾਂ ਅਜਾਈਂ ਨਾ ਗੁਆਵੇ ਕਿਉਂਕਿ ਸਮਾਂ ਕਿਸੇ ਨੂੰ ਨਹੀਂ ਬਖਸ਼ਦਾ। ਖਿਡਾਰੀ ਚੰਗਿਆਂ ਦੀ ਸੰਗਤ ਕਰਨ। ਦੋਸਤੀ ਉਨ੍ਹਾਂ ਨਾਲ ਪਾਉਣ ਜੋ ਉਨ੍ਹਾਂ ਦੇ ਮਿਸ਼ਨ ਨੂੰ ਕਾਮਯਾਬ ਕਰਨ। ਮਨ ਨੂੰ ਬੁਰਾਈਆਂ ਤੋਂ ਬਚਾ ਕੇ ਰੱਖਣ, ਪ੍ਰਮਾਤਮਾ ਤੋਂ ਨਿਉਂ ਕੇ ਬਲ ਮੰਗਣ, ਉਹਦੇ ਕੋਲ ਕਿਸੇ ਚੀਜ਼ ਦਾ ਘਾਟਾ ਨਹੀਂ। ਇਉਂ ਹਰ ਮੈਦਾਨ ਫਤਿਹ ਮਿਲ ਸਕਦੀ ਐ।”
ਜਰਨੈਲ ਸਿੰਘ `ਤੇ ਦੁੱਖ ਦੇ ਪਹਾੜ ਵੀ ਟੁੱਟੇ। ਉਸ ਦਾ ਜੁਆਈ ਤੇ ਵੱਡਾ ਪੁੱਤਰ ਜੁਆਨੀ `ਚ ਚੱਲ ਵਸੇ। ਉਸ ਦੀ ਜੀਵਨ ਸਾਥਣ ਵੀ ਸਮੇਂ ਤੋਂ ਪਹਿਲਾਂ ਗੁਜ਼ਰ ਗਈ। ਉਤੋੜੁਤੀ ਹੋਈਆਂ ਮੌਤਾਂ ਨੇ ਤਕੜੇ ਦਿਲ ਗੁਰਦੇ ਵਾਲੇ ਜੋਧੇ ਖਿਡਾਰੀ ਨੂੰ ਧੁਰ ਅੰਦਰ ਤਕ ਹਿਲਾ ਦਿੱਤਾ ਜਿਸ ਨਾਲ ਉਹਦਾ ਜਿਊਂਦਿਆਂ ਮਰਨ ਹੋ ਗਿਆ। ਜੁਆਨ ਪੁੱਤਰ, ਜੁਆਈ ਤੇ ਪਤਨੀ ਦੇ ਗੁਜ਼ਰ ਜਾਣ ਪਿੱਛੋਂ ਉਸ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਤਾਂ ਬਥੇਰੀ ਕੀਤੀ ਪਰ ਕਾਮਯਾਬ ਨਾ ਹੋ ਸਕਿਆ। ਮਰਨ ਤੋਂ ਕੁਝ ਮਹੀਨੇ ਪਹਿਲਾਂ ਉਹ ਆਪਣੇ ਕੈਨੇਡਾ ਰਹਿੰਦੇ ਇਕਲੌਤੇ ਪੁੱਤਰ ਹਰਸ਼ਮੋਹਣ ਪਾਸ ਚਲਾ ਗਿਆ। ਉਥੇ ਉਹ ਪੋਤੇ ਪੋਤੀ ਨਾਲ ਖੇਡਦਾ ਤੇ ਉਨ੍ਹਾਂ ਨਾਲ ਦਿਲ ਲਾਉਣ ਦਾ ਯਤਨ ਕਰਦਾ। ਪਰ ਦਮੇ ਦਾ ਮਰੀਜ਼ ਹੋਣ ਕਰਕੇ ਸਾਹ ਪੱਟਿਆ ਜਾਂਦਾ ਤੇ ਉਹ ਹੱਥਾਂ ਪੈਰਾਂ `ਚ ਆ ਜਾਂਦਾ। ਪਨਾਮ ਲਈ ਉਹ ਫਿਰ ਵੈਰਾਗ ਜਾਂਦਾ। ਉਹਦੇ ਕੈਨੇਡਾ ਤੋਂ ਪਨਾਮ ਪਰਤਣ ਲਈ 4 ਨਵੰਬਰ 2000 ਦੀ ਹਵਾਈ ਜਹਾਜ਼ ਚੜ੍ਹਨ ਦੀ ਟਿਕਟ ਬੁੱਕ ਕਰਵਾਈ ਗਈ। ਪਰ 13 ਅਕਤੂਬਰ 2000 ਨੂੰ ਅਜਿਹਾ ਦੌਰਾ ਪਿਆ ਕਿ ਪ੍ਰਾਣ-ਪੰਖੇਰੂ ਨਾਲ ਹੀ ਉਡਾ ਕੇ ਲੈ ਗਿਆ।
‘ਏਸ਼ੀਆ ਦਾ ਜਰਨੈਲ’ ਜਿੱਤਾਂ ਜਿੱਤਦਾ ਆਖ਼ਰ ਮੌਤ ਹੱਥੋਂ ਹਾਰ ਹੀ ਗਿਆ। ਉਹਦੀ ਅੰਤਮ ਇੱਛਾ ਅਨੁਸਾਰ ਮ੍ਰਿਤਕ ਦੇਹ ਪਿੰਡ ਪਨਾਮ ਲਿਆਂਦੀ ਗਈ। ਹਰਸ਼ਮੋਹਨ ਦੇਹ ਲੈ ਕੇ ਦਿੱਲੀ ਦੇ ਹਵਾਈ ਅੱਡੇ `ਤੇ ਉਤਰਿਆ ਤਾਂ ਭਾਰਤ ਦੇ ਉੱਚ ਖੇਡ ਅਧਿਕਾਰੀ ਤੇ ਖੇਡ ਪ੍ਰੇਮੀ ਵੱਡੀ ਗਿਣਤੀ ਵਿਚ ਮੌਜੂਦ ਸਨ। ਫਿਰ ਸੋਗਵਾਰ ਲੋਕ ਮਾਹਿਲਪੁਰ ਆਏ। ਖ਼ਾਲਸਾ ਕਾਲਜ ਮਾਹਿਲਪੁਰ ਦੇ ਜਿਸ ਮੈਦਾਨ ਨੂੰ ਉਸ ਨੇ ਮੁੜ੍ਹਕੇ ਨਾਲ ਸਿੰਜਿਆ ਸੀ ਉਥੇ ਉਸ ਦੀ ਦੇਹ ਦੇ ਅੰਤਮ ਦਰਸ਼ਨ ਕਰਵਾਏ ਗਏ। ਪਨਾਮ ਦੇ ਸਿਵਿਆਂ ਵਿਚ ਦਾਹ ਸੰਸਕਾਰ ਕੀਤਾ ਗਿਆ ਤੇ ਉਹਦੇ ਖੇਤ ਵਿਚ ਵੱਡਾ ਪੰਡਾਲ ਲਾ ਕੇਖੇਡ ਪ੍ਰੇਮੀਆਂ ਵੱਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਫਿਰ ਉਹਦੀ ਯਾਦ ਵਿਚ ਗੜ੍ਹਸ਼ੰਕਰ ਵਿਖੇ ਓਲੰਪੀਅਨ ਜਰਨੈਲ ਸਿੰਘ ਸਟੇਡੀਅਮ ਬਣਾਇਆ ਗਿਆ ਜਿਥੇ ਹਰ ਸਾਲ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਹੁੰਦੈ। ਉਥੇ ਹਰ ਸਾਲ ਮਹਿਸੂਸ ਹੁੰਦੈ ਜਿਵੇਂ ਏਸ਼ੀਆ ਦਾ ਜਰਨੈਲ ਅਜੇ ਵੀ ਖੇਡ ਰਿਹਾ ਹੋਵੇ!