ਲੈਫ. ਜਨਰਲ ਰਜਿੰਦਰ ਸਿੰਘ ਸੁਜਲਾਨਾ
ਭਾਰਤ ਦੀ ਆਜ਼ਾਦੀ ਤੋਂ ਬਾਅਦ ਕਸ਼ਮੀਰ ਵਿਚ ਹੋਈ ਉਥਲ-ਪੁਥਲ ਉਤੇ ਕਾਬੂ ਪਾਉਣ ਵਿਚ ਸਿੱਖ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਦਾ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ। ਲੈਫਟੀਨੈਂਟ ਜਨਰਲ ਆਰ.ਐੱਸ. ਸੁਜਲਾਨਾ ਦੇ ਇਸ ਲੇਖ ਜੋ ਸਾਨੂੰ ਮੇਜਰ ਗੁਰਚਰਨ ਸਿੰਘ ਝੱਜ ਦੀ ਬਦੌਲਤ ਪ੍ਰਾਪਤ ਹੋਇਆ ਹੈ, ਵਿਚ ਇਸ ਬਟਾਲੀਅਨ ਦੀ ਦਲੇਰੀ ਦੇ ਕਿੱਸੇ ਬਿਆਨ ਕੀਤੇ ਗਏ ਹਨ। ਇਸ ਵਿਚ ਲੈਫਟੀਨੈਂਟ ਕਰਨਲ ਦੀਵਾਨ ਰਣਜੀਤ ਰਾਏ ਦੀ ਕਮਾਂਡ ਬਾਰੇ ਭਰਪੂਰ ਚਰਚਾ ਕੀਤੀ ਗਈ ਹੈ।
ਅਗਸਤ 1947 ਦੇ ਸ਼ੁਰੂ ਵਿਚ ਫਸਟ ਸਿੱਖ ਰੈਜੀਮੈਂਟ ਦੇਹਰਾਦੂਨ ਵਿਚ ਤਾਇਨਾਤ ਸੀ ਜਿਸ ਨੂੰ ਦਿੱਲੀ ਵਿਚ ਹੋਣ ਵਾਲੇ ਭਾਰਤ ਦੀ ਆਜ਼ਾਦੀ ਦੇ ਇਤਿਹਾਸਕ ਸਮਾਗਮਾਂ ਲਈ ਵਿਸ਼ੇਸ਼ ਤੌਰ `ਤੇ ਚੁਣਿਆ ਗਿਆ ਸੀ। ਰਾਇਲ ਇੰਡੀਅਨ ਏਅਰ ਫੋਰਸ ਅਤੇ ਰਾਇਲ ਇੰਡੀਅਨ ਨੇਵੀ ਦੀਆਂ ਟੁਕੜੀਆਂ ਸਮੇਤ ਫਸਟ ਸਿੱਖ ਬਟਾਲੀਅਨ ਦੀ ਟੁਕੜੀ ਨੇ ਹਥਿਆਰ ਪੇਸ਼ ਕੀਤੇ ਅਤੇ ਫਸਟ ਸਿੱਖ ਦੇ ਜਵਾਨਾਂ ਨੂੰ 15 ਅਗਸਤ 1947 ਨੂੰ ਸ਼ਾਮੀਂ ਛੇ ਵਜੇ ਇੰਡੀਆ ਗੇਟ `ਤੇ ਅਤੇ 16 ਅਗਸਤ ਨੂੰ ਸਵੇਰੇ 8 ਵਜੇ ਇਤਿਹਾਸਕ ਲਾਲ ਕਿਲੇ `ਤੇ ਆਜ਼ਾਦ ਭਾਰਤ ਦਾ ਤਿਰੰਗਾ ਝੰਡਾ ਫਹਿਰਾਉਣ ਦਾ ਮਾਣ ਹਾਸਲ ਹੋਇਆ। ਜਦੋਂ ਇਹ ਸਮਾਗਮ ਅਜੇ ਚੱਲ ਰਹੇ ਸਨ ਤਾਂ ਬਾਕੀ ਦੀ ਬਟਾਲੀਅਨ ਨੂੰ ਲੈਫਟੀਨੈਂਟ ਕਰਨਲ ਦੀਵਾਨ ਰਣਜੀਤ ਰਾਏ ਦੀ ਕਮਾਂਡ ਹੇਠ ਗੁੜਗਾਓਂ, ਪਲਵਲ ਅਤੇ ਰਿਵਾੜੀ ਕੂਚ ਕਰਨ ਦਾ ਹੁਕਮ ਦਿੱਤਾ ਗਿਆ ਜਿੱਥੇ ਵੱਡੇ ਪੱਧਰ `ਤੇ ਫਿਰਕੂ ਖਿਚਾਅ ਅਤੇ ਦੰਗਿਆਂ ਨੂੰ ਕਾਬੂ ਕਰ ਕੇ ਅੰਦਰੂਨੀ ਸੁਰੱਖਿਆ ਕਾਇਮ ਕਰਨ ਦਾ ਜ਼ਿੰਮਾ ਸੌਂਪਿਆ ਗਿਆ। ਬਟਾਲੀਅਨ ਨੇ ਸ਼ਾਨਦਾਰ ਢੰਗ ਨਾਲ ਆਪਣਾ ਕਾਰਜ ਨੇਪਰੇ ਚਾੜ੍ਹਿਆ। ਕਮਾਂਡਿੰਗ ਅਫਸਰ ਦੇ ਆਚਰਨ ਬਾਰੇ ਰਿਪੋਰਟ ਵਿਚ ਜ਼ਿਕਰ ਕੀਤਾ ਗਿਆ ਕਿ ਉਨ੍ਹਾਂ ਦੀ ਭੂਮਿਕਾ ਕਾਰਗਰ ਸਾਬਿਤ ਹੋਈ ਅਤੇ ਅਤੇ ਉਨ੍ਹਾਂ ਦਾ ਆਚਰਨ ਬਹੁਤ ਹੀ ਮਾਣਮੱਤਾ ਰਿਹਾ। ਬਟਾਲੀਅਨ ਨੇ ਆਪਣੇ ਕਮਾਂਡਰ ਦੀ ਸ਼ਖ਼ਸੀਅਤ ਦੀ ਮਿਸਾਲ ਪੇਸ਼ ਕੀਤੀ। ਅਗਲਾ ਸੰਕਟ ਪੇਸ਼ ਆਉਣ ਸਮੇਂ ਇਹ ਗੱਲ ਕਿੰਨੀ ਸੱਚ ਸਾਬਿਤ ਹੋਈ ਕਿ ਚੁਣੌਤੀ ਨਾਲ ਸਿੱਝਣ ਦਾ ਜ਼ਿੰਮਾ ਇਕ ਵਾਰ ਫਿਰ ਫਸਟ ਸਿੱਖ ਦੇ ਮੋਢਿਆਂ `ਤੇ ਆਣ ਪਿਆ।
ਹੋਣੀ ਦਾ ਸਾਹਮਣਾ
ਜੰਮੂ ਕਸ਼ਮੀਰ ਰਿਆਸਤ ਨੇ ਭਾਰਤ ਨਾਲ ਰਲੇਵਾਂ ਕਰ ਲਿਆ ਪਰ ਪਾਕਿਸਤਾਨ ਨੇ ਇਸ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਫਿਰ ਆਪ ਹੀ ਹਮਲਾ ਕਰ ਕੇ ਰਿਆਸਤ `ਤੇ ਜਬਰੀ ਕਬਜ਼ਾ ਕਰ ਲਿਆ। ਸਿੱਧੇ ਤੌਰ `ਤੇ ਦੋਸ਼ ਤੋਂ ਬਚਣ ਲਈ ਉਨ੍ਹਾਂ ਨੇ ਤਥਾਕਥਿਤ ਧਾੜਵੀਆਂ (ਕਬਾਇਲੀਆਂ ਜਿਨ੍ਹਾਂ ਵਿਚ ਬਹੁਤੇ ਪਠਾਣ, ਚਿਤਰਾਲੀ ਸ਼ਾਮਲ ਸਨ) ਦੇ ਮੁਕਾਮੀ ਵਿਦਰੋਹ ਦਾ ਨਾਂ ਦੇ ਦਿੱਤਾ ਗਿਆ। ਕਰਨਲ ਰਾਏ ਨੂੰ ਦੋਹਰੀ ਭੂਮਿਕਾ ਨਿਭਾਉਣੀ ਪੈ ਰਹੀ ਸੀ। ਉਹ ਤੁਰੰਤ ਸ੍ਰੀਨਗਰ ਵਾਪਸ ਪਹੁੰਚੇ ਤਾਂ ਕਿ ਵਧੀਕ ਦਸਤਿਆਂ ਨੂੰ ਆਪਣੇ ਟਿਕਾਣਿਆਂ `ਤੇ ਤਾਇਨਾਤ ਕੀਤਾ ਜਾ ਸਕੇ ਜਦਕਿ ਉਨ੍ਹਾਂ ਦਾ ਧਿਆਨ ਆਪਣੀ ਬਟਾਲੀਅਨ ਅਤੇ ਸਿਰ `ਤੇ ਪਈ ਲੜਾਈ `ਤੇ ਕੇਂਦਰਤ ਸੀ। ਦੁਸ਼ਮਣ ਨੇ ਤੇਜ਼ੀ ਨਾਲ ਲਾਮਬੰਦੀ ਕਰ ਕੇ ਆਪਣੇ ਹਮਲਿਆਂ ਵਿਚ ਤੇਜ਼ੀ ਲੈ ਆਂਦੀ, 32 ਮੀਲ ਪਹਾੜੀ `ਤੇ ਕਾਬਜ਼ ਹੋਣ ਦੇ ਆਸਾਰ ਦੂਰ ਨਜ਼ਰ ਆ ਰਹੇ ਸਨ ਜਿਸ ਕਰ ਕੇ ਕਰਨਲ ਡੀ.ਆਰ. ਰਾਏ ਨੇ ਬਦਲਵੀਂ ਪੁਜੀਸ਼ਨ `ਤੇ ਕਾਬਜ਼ ਹੋਣ ਦਾ ਫ਼ੈਸਲਾ ਕੀਤਾ ਜੋ ਪਿਛਲੇ ਪਾਸਿਓਂ ਥੋੜ੍ਹੀ ਜ਼ਿਆਦਾ ਦੂਰ ਪੈਂਦੀ ਸੀ। ਜਦੋਂ ਇਹ ਹੋ ਰਿਹਾ ਸੀ ਤਾਂ ਉਹ ਖੁਦ ਆਪਣੇ ਜਵਾਨਾਂ ਸਹਿਤ ਘਿਰ ਗਏ ਅਤੇ ਲੜਾਈ ਦੌਰਾਨ ਉਨ੍ਹਾਂ ਦਾ ਅੰਤਮ ਪਲ ਆ ਗਿਆ। ਇੰਝ ਭਾਰਤ ਦਾ ਬਹਾਦਰ ਸਪੂਤ ਆਜ਼ਾਦੀ ਅਤੇ ਕਮਜ਼ੋਰਾਂ ਦੀ ਰਾਖੀ ਕਰਦਿਆਂ ਸ਼ਹੀਦ ਹੋ ਗਿਆ ਪਰ ਉੁਹ ਇਹ ਸੁਨਿਸ਼ਚਤ ਕਰ ਗਏ ਕਿ ਦੁਸ਼ਮਣ ਸ੍ਰੀਨਗਰ ਵੱਲ ਅਗਾਂਹ ਨਾ ਵਧ ਸਕੇ। ਇਹ ਬਹੁਤ ਵੱਡਾ ਘਾਟਾ ਸੀ ਪਰ ਲੜਾਈ ਜਾਰੀ ਰਹੀ। ਮੇਜਰ ਸੰਪੂਰਨ ਬਚਨ ਸਿੰਘ ਨੂੰ ਨਵਾਂ ਕਮਾਂਡਰ ਬਣਾਇਆ ਗਿਆ। ਕਰਨਲ ਦੀਵਾਨ ਰਣਜੀਤ ਰਾਏ ਦੇ ਕਾਰਨਾਮੇ ਦਾ ਇਕ ਪਾਕਿਸਤਾਨੀ ਫ਼ੌਜੀ ਇਤਿਹਾਸਕਾਰ ਨੇ ਵਖਿਆਨ ਕਰਦਿਆਂ ਆਖਿਆ,“ਕੋਈ ਰਿਜ਼ਰਵ ਦਸਤੇ ਜਾਂ ਅਸਲਾ ਨਾ ਹੋਣ ਦੇ ਬਾਵਜੂਦ ਰਾਏ ਨੇ ਹਮਲਾਵਰ ਦਸਤੇ ਉਪਰ ਇਸ ਤਰ੍ਹਾਂ ਧਾਵਾ ਬੋਲਿਆ ਜਿਵੇਂ ਉਨ੍ਹਾਂ ਦੀ ਪਿੱਠ `ਤੇ ਪੂਰੀ ਡਿਵੀਜ਼ਨ ਖੜ੍ਹੀ ਹੋਵੇ।” ਕਰਨਲ ਰਾਏ ਦੀ ਸ਼ਹਾਦਤ ਅਤੇ ਬਹਾਦਰੀ ਬਦਲੇ ਉਨ੍ਹਾਂ ਨੂੰ ਆਜ਼ਾਦ ਭਾਰਤ ਦੇ ਪਹਿਲੇ ਮਹਾਵੀਰ ਚੱਕਰ (ਮਰਨ ਉਪਰੰਤ) ਨਾਲ ਨਿਵਾਜਿਆ ਗਿਆ।
ਪਾਕਿਸਤਾਨੀ ਰੈਗੂਲਰ ਦਸਤੇ ਖੁੱਲ੍ਹ ਕੇ ਹਮਲੇ ਵਿਚ ਸ਼ਾਮਲ ਹੋ ਗਏ; ਉਸ ਤੋਂ ਬਾਅਦ ਉਨ੍ਹਾਂ ਕਈ ਲੜਾਈਆਂ ਲੜੀਆਂ ਤੇ ਕਈ ਜਿੱਤਾਂ ਦਰਜ ਕੀਤੀਆਂ ਜਿਨ੍ਹਾਂ `ਚੋਂ ਇਕ ਅਹਿਮ ਜਿੱਤ ਸ਼ਾਲਾਤੈਂਗ ਵਿਚ ਮਿਲੀ ਜਿਸ ਨੇ ਹਮਲਾਵਰਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਅਤੇ ਬਾਰਾਮੁੱਲਾ `ਤੇ ਭਾਰਤੀ ਫ਼ੌਜ ਦਾ ਕਬਜ਼ਾ ਹੋ ਗਿਆ। ਇਸ ਤੋਂ ਬਾਅਦ ਪਹਿਲਾ ਕੰਮ ਕਰਨਲ ਡੀ.ਆਰ. ਰਾਏ ਅਤੇ ਹੋਰਨਾਂ ਬਹਾਦਰ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਦੀ ਬਰਾਮਦਗੀ ਕਰਨਾ ਸੀ ਤਾਂ ਕਿ ਉਨ੍ਹਾਂ ਦਾ ਪੂਰੇ ਫ਼ੌਜੀ ਸਨਮਾਨਾਂ ਨਾਲ ਅੰਤਮ ਸੰਸਕਾਰ ਕੀਤਾ ਜਾ ਸਕੇ। ਬਾਅਦ ਵਿਚ 22 ਮੀਲ ਦੀ ਪਹਾੜੀ `ਤੇ ਫਸਟ ਸਿੱਖ ਦੀ ਯਾਦਗਾਰ ਬਣਾਈ ਗਈ ਜੋ ਅੱਜ ਵੀ ਬਟਾਲੀਅਨ ਦੇ ਜਾਂਬਾਜ਼ਾਂ ਦੀ ਬਹਾਦਰੀ ਦੀ ਯਾਦ ਦਿਵਾਉਂਦੀ ਹੈ। ਇਸ ਤੋਂ ਬਾਅਦ ਵੀ ਬਹਾਦਰੀ ਦੇ ਕਾਰਨਾਮੇ ਜਾਰੀ ਰਹੇ; ਨਾਇਕ ਚੰਦ ਸਿੰਘ ਨੇ ਨਲਵਾਰ ਵਿਚ ਲੜਦਿਆਂ ਅਤੇ ਮਹਾਵੀਰ ਚੱਕਰ ਪ੍ਰਾਪਤ ਕੀਤਾ ਅਤੇ ਉੜੀ ਦੇ ਲਾਗੇ ਭੱਟਗਿਰਾਂ ਦੀ ਰਾਖੀ ਕਰਦਿਆਂ ਵਿਕਟੋਰੀਆ ਕ੍ਰਾਸ ਜੇਤੂ ਜਮਾਂਦਾਰ ਨੰਦ ਸਿੰਘ ਨੇ ਮਹਾਵੀਰ ਚੱਕਰ ਪ੍ਰਾਪਤ ਕੀਤਾ ਪਰ ਇਹ ਉਨ੍ਹਾਂ ਦੀ ਆਖਰੀ ਮੁਹਿੰਮ ਸਾਬਿਤ ਹੋਈ ਜਿੱਥੇ ਉਨ੍ਹਾਂ ਆਪਣੇ ਪ੍ਰਾਣ ਤਿਆਗੇ; ਇਸ ਤਰ੍ਹਾਂ ਰਾਸ਼ਟਰਮੰਡਲ ਦੇ ਸਭ ਤੋਂ ਸ਼ਾਨਾਮੱਤੇ ਫ਼ੌਜੀਆਂ `ਚ ਸ਼ੁਮਾਰ ਇਸ ਮਹਾਂ ਨਾਇਕ ਨੇ ਆਖਰੀ ਸਾਹ ਲਿਆ। ਫਰਵਰੀ 1948 ਵਿਚ ਉਨ੍ਹਾਂ ਦੁਸ਼ਮਣ ਨੂੰ ਕੁਪਵਾੜਾ ਅਤੇ ਤ੍ਰਾਹਗਾਮ `ਚੋਂ ਖਦੇੜਿਆ ਅਤੇ ਫਿਰ ਮਈ 1948 ਵਿਚ ਉਨ੍ਹਾਂ ਅਗਾਂਹ ਵਧਦਿਆਂ ਠੀਠਵਾਲ ਅਤੇ ਰਿਚਮਾਰ ਗਲੀ ਉੱਤੇ ਕਬਜ਼ਾ ਕੀਤਾ। ਅਕਤੂਬਰ 1948 ਵਿਚ ਪਾਕਿਸਤਾਨ ਦੇ ਨਿਯਮਤ ਦਸਤਿਆਂ ਨੇ ਛੋਟੀ ਮੁਹਰੈਲ ਚੌਕੀ ਉਪਰ ਜ਼ਬਰਦਸਤ ਹਮਲਾ ਕਰ ਦਿੱਤਾ ਜਿੱਥੇ ਲਾਂਸ ਨਾਇਕ ਕਰਮ ਸਿੰਘ ਦੀ ਅਗਵਾਈ ਹੇਠ ਸਿਰਫ਼ ਚਾਰ ਜਵਾਨ ਤਾਇਨਾਤ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੁਸ਼ਮਣ ਨੂੰ ਖਦੇੜ ਦਿੱਤਾ। ਬਰਮਾ ਵਿਚ ਮਿਲਟਰੀ ਮੈਡਲ ਜੇਤੂ ਲਾਂਸ ਨਾਇਕ ਕਰਮ ਸਿੰਘ ਨੂੰ ਆਪਣੀ ਬਹਾਦਰੀ ਲਈ ਪਰਮ ਵੀਰ ਚੱਕਰ ਨਾਲ ਨਿਵਾਜਿਆ ਗਿਆ। ਉਨ੍ਹਾਂ ਦੇ ਬਹਾਦਰੀ ਭਰੇ ਕਾਰਨਾਮੇ ਦਾ ਵਖਿਆਨ ਵਿਚ ਦਰਜ ਕੀਤਾ ਗਿਆ ਹੈ ਕਿ ਜਿਸ ਤਰ੍ਹਾਂ ਖ਼ੂਨ ਨਾਲ ਲਥਪਥ ਕਾਲੀ ਦਾੜ੍ਹੀ ਵਾਲੇ ਸਿੱਖ ਨੂੰ ਆਪਣੀ ਖੰਦਕ `ਚੋਂ ਸੰਗੀਨ ਤਾਣ ਕੇ ਲਲਕਾਰੇ ਮਾਰਦਿਆਂ ਅਗਾਂਹ ਵਧਦਾ ਦੇਖ ਕੇ ਦੁਸ਼ਮਣ ਦੇ ਹੌਸਲੇ ਪਸਤ ਹੋ ਗਏ… ਜੋ ਸੰਕਟ ਦੇ ਸਮੇਂ ਵਿਚ ਆਪਣੇ ਜਵਾਨਾਂ ਦੀ ਅਗਵਾਈ ਕਰ ਰਿਹਾ ਸੀ ਜਿੱਥੇ ਕੋਈ ਵੀ ਅØੜਿੱਕਾ ਜਜ਼ਬੇ ਨੂੰ ਨਹੀਂ ਡੇਗ ਸਕਦਾ।
ਆਖਰਕਾਰ 1948 ਦੀਆਂ ਸਰਦੀਆਂ `ਚ ਫਸਟ ਸਿੱਖ ਵਾਦੀ `ਚੋਂ ਵਾਪਸ ਹੋਈ ਅਤੇ ਇਸ ਨੂੰ ਸ੍ਰੀਨਗਰ (1947) ਅਤੇ ਠੀਠਵਾਲ (1948) ਲਈ ਬਹਾਦਰੀ ਦੇ ਸਨਮਾਨਾਂ ਨਾਲ ਨਿਵਾਜਿਆ ਗਿਆ ਅਤੇ 1947-48 ਵਿਚ ਜੰਮੂ ਕਸ਼ਮੀਰ ਥੀਏਟਰ ਪੁਰਸਕਾਰ ਨਾਲ ਸਨਮਾਨਿਆ ਗਿਆ। ਇਸ ਦੀ ਪ੍ਰਸ਼ੰਸਾ ਵਿਚ ਮੇਜਰ ਜਨਰਲ (ਜੋ ਬਾਅਦ ਵਿਚ ਥਲ ਸੈਨਾ ਮੁਖੀ ਬਣੇ) ਕੇ.ਐਸ. ਥਿਮਈਆ ਨੇ ਆਪਣੀਆਂ ਸਿਮ੍ਰਤੀਆਂ ਵਿਚ ਲਿਖਿਆ-“ਕਸ਼ਮੀਰ ਵਾਦੀ ਵਿਚ 13 ਮਹੀਨਿਆਂ ਦੇ ਇਨ੍ਹਾਂ ਅਪਰੇਸ਼ਨਾਂ ਦੌਰਾਨ ਆਜ਼ਾਦ ਭਾਰਤ ਦੀ ਰਾਖੀ ਕਰਦਿਆਂ, ਤੁਸੀਂ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਲੜਾਕੂ ਬਲ ਵਜੋਂ ਆਪਣੀਆਂ ਰਵਾਇਤਾਂ ਨੂੰ ਅਗਾਂਹ ਵਧਾਇਆ ਹੈ। ਵਾਦੀ ਹਮੇਸ਼ਾ ਤੁਹਾਡਾ ਮਹਿਮਾਗਾਨ ਕਰਦੀ ਰਹੇਗੀ ਅਤੇ ਤੁਹਾਡੇ ਕੀਤੇ ਬਹਾਦਰੀ ਦੇ ਕਾਰਨਾਮਿਆਂ ਦੀ ਗੂੰਜ ਪੈਂਦੀ ਰਹੇਗੀ। ਤੁਹਾਡੇ `ਚੋਂ ਕੁਝ ਨੇ ਪੱਛਮੀ ਪਾਕਿਸਤਾਨ ਵਿਚ ਆਪਣਾ ਸਭ ਕੁਝ ਗੁਆ ਲਿਆ ਸੀ… ਤੁਹਾਡੇ ਪਰਿਵਾਰ ਉੱਜੜ ਗਏ ਅਤੇ ਤੁਹਾਡੇ `ਚੋਂ ਕਈਆਂ ਕੋਲ ਅਜੇ ਤਾਈਂ ਕੋਈ ਘਰ ਨਹੀਂ ਹੈ। ਇਸ ਸਭ ਕਾਸੇ ਦੇ ਬਾਵਜੂਦ ਤੁਸੀਂ ਸ਼ਿੱਦਤ ਨਾਲ ਲੜਦੇ ਰਹੇ ਅਤੇ ਆਪਣਾ ਹੌਸਲਾ ਨਹੀਂ ਛੱਡਿਆ ਅਤੇ ਇੰਝ ਭਾਰਤੀ ਫ਼ੌਜ ਦਾ ਮਾਣ ਵਧਾਇਆ।”
ਸ਼ਰਨਾਰਥੀਆਂ ਦੀ ਦੇਖਭਾਲ
ਦੁਸ਼ਮਣ ਨਾਲ ਲੜਨਾ ਹੀ ਕਾਫ਼ੀ ਨਹੀਂ ਸਗੋ ਸਿੱਖ ਰੈਜੀਮੈਂਟ ਦੀਆਂ ਬਟਾਲੀਅਨਾਂ ਨੇ ਪਾਕਿਸਤਾਨੀ ਧਾੜਵੀਆਂ ਵਲੋਂ ਫੈਲਾਈ ਹਨੇਰਗਰਦੀ ਦਾ ਸੰਤਾਪ ਹੰਢਾਉਣ ਵਾਲੇ ਲੋਕਾਂ ਦੇ ਮੁੜ-ਵਸੇਬੇ ਦੇ ਬਹੁਤ ਸਾਰੇ ਕੰਮ ਅੰਜਾਮ ਦਿੱਤੇ। ਮੁੜ ਵਸੇਬੇ ਦੇ ਇਹ ਕਾਰਜ ਕੁਪਵਾੜਾ, ਉੜੀ, ਸ੍ਰੀਨਗਰ, ਪੁਣਛ ਅਤੇ ਰਾਜੌਰੀ ਤੱਕ ਫੈਲੇ ਹੋਏ ਸਨ। ਬਾਰਾਮੁੱਲਾ ਦੇ ਆਸ ਪਾਸ ਤਬਾਹ ਕੀਤੇ ਗਏ ਪਿੰਡਾਂ ਵਿਚ ਅਨਾਥ ਬੱਚਿਆਂ ਨੂੰ ਕਰੀਬ 250 ਸਿੱਖਾਂ ਨੇ ਬਚਾਇਆ ਅਤੇ ਇਨ੍ਹਾਂ ਨੂੰ ਸਿੱਖ ਰੈਜੀਮੈਂਟ ਦੇ ਬੱਚਿਆਂ ਵਜੋਂ ਅਪਣਾਇਆ ਗਿਆ। ਇਨ੍ਹਾਂ ਅਨਾਥ ਬੱਚਿਆਂ ਨੂੰ ‘ਸਿੱਖ ਬਆਇਜ਼ ਕੰਪਨੀ` ਵਿਚ ਗਠਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਦੇਖਭਾਲ ਅਤੇ ਸਿੱਖਿਆ ਲਈ ਸਬਾਤੂ ਵਿਖੇ ਹੋਸਟਲ ਬਣਾਇਆ ਗਿਆ ਅਤੇ ਬਾਅਦ ਵਿਚ ਇਨ੍ਹਾਂ ਨੂੰ ਸਿੱਖ ਰੈਜੀਮੈਂਟਲ ਸੈਂਟਰ ਵਿਚ ਤਬਦੀਲ ਕੀਤਾ ਗਿਆ। ਇਨ੍ਹਾਂ `ਚੋਂ ਬਹੁਤ ਸਾਰੇ ਲੜਕੇ ਸਿੱਖ ਰੈਜੀਮੈਂਟ ਵਿਚ ਅਤੇ ਕੁਝ ਹੋਰਨਾਂ ਪੇਸ਼ਿਆਂ ਵਿਚ ਭਰਤੀ ਹੋਏ। ਉਦੋਂ ਤੋਂ ਹੀ ਸ਼ਹੀਦਾਂ ਦੇ ਬੱਚਿਆਂ ਲਈ ਬੁਆਏਜ਼ ਹੋਸਟਲ ਦਾ ਸੰਕਲਪ ਚੱਲ ਰਿਹਾ ਹੈ ਜਿਸ ਨੂੰ ‘ਬਾਲ ਭਵਨ` ਦਾ ਨਾਂ ਦਿੱਤਾ ਗਿਆ।
ਬਿਨਾਂ ਸ਼ੱਕ, ਇਹ ਕਰਨਲ ਦੀਵਾਨ ਰਣਜੀਤ ਰਾਏ ਅਤੇ ਏਅਰ ਫੋਰਸ ਦੀ 12 ਸਕੁਐਡਰਨ ਨੇ ਸਿੱਖ ਰੈਜੀਮੈਂਟ ਦੇ ਮਾਟੋ ‘ਨਿਸ਼ਚੈ ਕਰ ਅਪਨੀ ਜੀਤ ਕਰੋਂ` ਨੂੰ ਸਾਕਾਰ ਕਰਦਿਆਂ ਕਸ਼ਮੀਰ ਵਾਦੀ ਦੀ ਹਿਫ਼ਾਜ਼ਤ ਕੀਤੀ ਅਤੇ ਇਹ ਯਕੀਨੀ ਬਣਾਇਆ ਕਿ ਇਹ ਭਾਰਤ ਦਾ ਅਟੁੱਟ ਅੰਗ ਬਣ ਸਕੇ। ਅੱਜ ਏਅਰ ਫੋਰਸ ਦੀ 12 ਸਕੁਐਡਰਨ ਸਿੱਖ ਰੈਜੀਮੈਂਟ ਨਾਲ ਜੁੜੀ ਹੋਈ ਹੈ ਅਤੇ 27 ਅਕਤੂਬਰ ਨੂੰ ਥਲ ਸੈਨਾ ਦਿਵਸ ਮਨਾਉਂਦੀ ਆ ਰਹੀ ਹੈ।