ਕੇਜਰੀਵਾਲ ’ਤੇ ਹੁਣ ਖਾਲਿਸਤਾਨੀਆਂ ਤੋਂ ਫੰਡ ਲੈਣ ਦੇ ਦੋਸ਼

ਨਵੀਂ ਦਿੱਲੀ: ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ‘ਸਿੱਖਜ਼ ਫਾਰ ਜਸਟਿਸ` ਤੋਂ ਕਥਿਤ ਤੌਰ `ਤੇ ਫੰਡ ਹਾਸਲ ਕਰਨ ਦੇ ਮਾਮਲੇ `ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਐਨ.ਆਈ.ਏ. ਜਾਂਚ ਦੀ ਸਿਫਾਰਸ਼ ਕੀਤੀ ਹੈ।

ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਇਹ ਸਿਫਾਰਸ਼ ਭਾਜਪਾ ਵੱਲੋਂ ਕੇਜਰੀਵਾਲ ਖ਼ਿਲਾਫ਼ ਇਕ ਹੋਰ ਸਾਜ਼ਿਸ਼ ਹੈ। ਕੇਂਦਰੀ ਗ੍ਰਹਿ ਸਕੱਤਰ ਨੂੰ ਲਿਖੇ ਪੱਤਰ ‘ਚ ਉੱਪ ਰਾਜਪਾਲ ਸਕੱਤਰੇਤ ਨੇ ਕਿਹਾ ਕਿ ਸਕਸੈਨਾ ਨੂੰ ਸ਼ਿਕਾਇਤ ਮਿਲੀ ਸੀ ਕਿ ਕੇਜਰੀਵਾਲ ਦੀ ਅਗਵਾਈ ਹੇਠਲੀ ‘ਆਪ‘ ਨੂੰ ਕਥਿਤ ਤੌਰ ‘ਤੇ ਦਵਿੰਦਰਪਾਲ ਭੁੱਲਰ ਦੀ ਰਿਹਾਈ ਲਈ ਕੱਟੜਪੰਥੀ ਖਾਲਿਸਤਾਨੀ ਸਮੂਹਾਂ ਤੋਂ 1.6 ਕਰੋੜ ਡਾਲਰ ਦੀ ਵਿੱਤੀ ਮਦਦ ਪ੍ਰਾਪਤ ਹੋਈ ਸੀ। ਸਕਸੈਨਾ ਨੇ ਕਿਹਾ ਕਿ ਸ਼ਿਕਾਇਤਕਰਤਾ ਵੱਲੋਂ ਦਿੱਤੇ ਗਏ ਇਲੈਕਟਰੌਨਿਕਸ ਸਬੂਤਾਂ ਦੀ ਫੋਰੈਂਸਿਕ ਪੜਤਾਲ ਸਮੇਤ ਹੋਰ ਜਾਂਚ ਦੀ ਲੋੜ ਹੈ। ਪੱਤਰ ‘ਚ ਕਿਹਾ ਗਿਆ ਹੈ ਕਿ ਸ਼ਿਕਾਇਤ ਇਕ ਮੁੱਖ ਮੰਤਰੀ ਖ਼ਿਲਾਫ਼ ਕੀਤੀ ਗਈ ਹੈ ਅਤੇ ਇਹ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਤੋਂ ਪ੍ਰਾਪਤ ਸਿਆਸੀ ਫੰਡਾਂ ਨਾਲ ਸਬੰਧਿਤ ਹੈ। ਕੇਜਰੀਵਾਲ ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ‘ਚ ਤਿਹਾੜ ਜੇਲ੍ਹ ਵਿਚ ਬੰਦ ਹਨ ਅਤੇ ਉਨ੍ਹਾਂ ਨੂੰ ਇਸ ਮਾਮਲੇ ਵਿਚ ਸੁਪਰੀਮ ਕੋਰਟ ਨੇ ਵi ਕੋਈ ਰਾਹਤ ਨਹੀਂ ਦਿੱਤੀ ਹੈ।