ਨਿੱਝਰ ਹੱਤਿਆ ਮਾਮਲਾ ਮੁੜ ਭਖਿਆ

ਚੰਡੀਗੜ੍ਹ: ਖਾਲਿਸਤਾਨ ਪੱਖੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿਚ ਕੈਨੇਡਾ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਦੀ ਗ੍ਰਿਫ਼ਤਾਰੀ ਪਿੱਛੋਂ ਇਹ ਮਾਮਲਾ ਮੁੜ ਭਖ ਗਿਆ ਹੈ। ਇਹ ਤਿੰਨੇ ਨੌਜਵਾਨ ਪੰਜਾਬੀ ਹਨ ਜਿਨ੍ਹਾਂ ਦੀ ਪਛਾਣ ਕਰਨਪ੍ਰੀਤ ਸਿੰਘ (28), ਕਰਨ ਬਰਾੜ (22) ਅਤੇ ਕਮਲਪ੍ਰੀਤ ਸਿੰਘ (22) ਵਜੋਂ ਹੋਈ ਹੈ।

ਉਧਰ, ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਨੌਜਵਾਨਾਂ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ ਹਾਲਾਂਕਿ ਕੁਝ ਰਿਪੋਰਟਾਂ ਮੁਤਾਬਿਕ ਇਨ੍ਹਾਂ ਨੌਜਵਾਨਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਸੰਪਰਕ ਵਿਚ ਦੱਸਿਆ ਜਾ ਰਿਹਾ ਹੈ ਜਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ। ਕੈਨੇਡਾ ਪੁਲਿਸ ਨੇ ਭਾਰਤੀ ਖੁਫੀਆ ਏਜੰਸੀਆਂ ਦੇ ਕੰਟਰੋਲ ਹੇਠਲੇ ਸਮੂਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ।
ਪੰਜਾਬ ਪੁਲਿਸ ਮੁਤਾਬਿਕ, ਕਰਨਪ੍ਰੀਤ ਬਟਾਲਾ ਵਿਚ ਘਣੀਏ ਕੇ ਬਾਂਗਰ ਥਾਣੇ ਅਧੀਨ ਪੈਂਦੇ ਸੁੰਦਰ ਪਿੰਡ ਨਾਲ ਸਬੰਧਿਤ ਹੈ। ਉਸ ਦੇ ਪਿਤਾ ਸੁਖਦੇਵ ਸਿੰਘ ਪਿੰਡ ਦੇ ਹੀ ਗੁਰਦੁਆਰੇ ‘ਚ ਗ੍ਰੰਥੀ ਹਨ ਅਤੇ ਕਿਸਾਨ ਜਥੇਬੰਦੀ ਦੇ ਮੈਂਬਰ ਹਨ ਜਿਸ ਦੇ ਆਗੂਆਂ ਖ਼ਿਲਾਫ਼ 26 ਜਨਵਰੀ 2021 ਨੂੰ ਲਾਲ ਕਿਲ੍ਹੇ ‘ਤੇ ਹਿੰਸਾ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਤਿੰਨ ਸਾਲ ਪਹਿਲਾਂ ਕਰਨਪ੍ਰੀਤ ਦੇ ਕੈਨੇਡਾ ਜਾਣ ਤੋਂ ਪਹਿਲਾਂ ਦੋਵੇਂ ਪਿਉ-ਪੁੱਤ ਦੁਬਈ ‘ਚ ਡਰਾਇਵਰੀ ਕਰਦੇ ਸਨ। ਸੁਖਦੇਵ ਸਿੰਘ ਬਾਅਦ ਵਿਚ ਭਾਰਤ ਪਰਤ ਆਇਆ ਸੀ। ਕਰਨਪ੍ਰੀਤ ਦੀਆਂ ਦੋ ਵੱਡੀਆਂ ਭੈਣਾਂ ਹਨ, ਦੋਵੇਂ ਵਿਆਹੀਆਂ ਹੋਈਆਂ ਹਨ।
ਕਿਰਨਜੀਤ ਸਿੰਘ ਉਰਫ਼ ਕਰਨ ਬਰਾੜ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਹੈ ਕਿ ਕਰਨ ਬਰਾੜ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਵਿਚ ਸ਼ਾਮਲ ਨਹੀਂ ਸੀ। ਉਸ ਨੂੰ ਕਿਸੇ ਸਾਜ਼ਿਸ਼ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਕਰਨ ਬਰਾੜ 12ਵੀਂ ਪਾਸ ਕਰਨ ਤੋਂ ਬਾਅਦ ਫਰਵਰੀ 2020 ਵਿਚ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ ਅਤੇ ਇਸ ਵੇਲੇ ਉੱਥੇ ਵਰਕ ਪਰਮਿਟ ‘ਤੇ ਕੰਮ ਕਰ ਰਿਹਾ ਹੈ। ਕਰਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ। ਉਸ ਦੇ ਪਿਤਾ ਮਨਦੀਪ ਸਿੰਘ ਬਰਾੜ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ।
ਕਮਲਪ੍ਰੀਤ ਸਿੰਘ (23) ਨਕੋਦਰ ਨੇੜਲੇ ਪਿੰਡ ਚੱਕ ਕਲਾਂ ਦਾ ਰਹਿਣ ਵਾਲਾ ਹੈ। ਕਮਲਪ੍ਰੀਤ ਸਿੰਘ ਦੇ ਪਿਤਾ ਸਤਨਾਮ ਸਿੰਘ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਉਨ੍ਹਾਂ ਦੇ ਪੁੱਤਰ ਨੂੰ ਇਸ ਕੇਸ ਵਿਚ ਫੜਿਆ ਗਿਆ ਹੈ। ਉਨ੍ਹਾਂ ਦਾ ਪੁੱਤਰ ਕਮਲਪ੍ਰੀਤ ਸਿੰਘ 2019 ਵਿਚ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ।
ਕੈਨੇਡਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਵਿਅਕਤੀ ਕਥਿਤ ਸਮੂਹ ਦੇ ਮੈਂਬਰ ਹਨ ਜਿਸ ਨੂੰ ਭਾਰਤ ਸਰਕਾਰ ਨੇ ਪਿਛਲੇ ਸਾਲ ਨਿੱਝਰ ਦੀ ਹੱਤਿਆ ਦਾ ਕੰਮ ਸੌਂਪਿਆ ਸੀ। ਨਿੱਝਰ (45) ਦੀ ਹੱਤਿਆ 18 ਜੂਨ 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਚ ਗੁਰਦੁਆਰੇ ਦੇ ਬਾਹਰ ਕਰ ਦਿੱਤੀ ਗਈ ਸੀ। ਉਧਰ, ਕੈਨੇਡਾ ਦੇ ਸਿੱਖ ਨੇਤਾ ਜਗਮੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਹਰਦੀਪ ਸਿੰਘ ਨਿੱਝਰ ਦਾ ਕਤਲ ਭਾਰਤ ਨੇ ਕਰਵਾਇਆ ਹੈ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਪੋਸਟ ਵਿਚ ਜਗਮੀਤ ਸਿੰਘ ਨੇ ਲਿਖਿਆ ਹੈ, “ਭਾਰਤ ਸਰਕਾਰ ਨੇ ਕਾਤਲਾਂ ਦੀ ਮਦਦ ਨਾਲ ਕੈਨੇਡੀਅਨ ਨਾਗਰਿਕ ਦਾ ਕੈਨੇਡਾ ਦੀ ਧਰਤੀ ਉਤੇ ਕਤਲ ਕਰਵਾ ਦਿੱਤਾ, ਉਹ ਵੀ ਧਾਰਮਿਕ ਸਥਾਨ ‘ਤੇ। ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੇ ਕੋਈ ਭਾਰਤੀ ਏਜੰਟ ਜਾਂ ਭਾਰਤ ਸਰਕਾਰ ਦਾ ਵਿਅਕਤੀ ਇਸ ਮਾਮਲੇ ਵਿਚ ਸ਼ਾਮਲ ਹੋਇਆ ਤਾਂ ਉਸ ਵਿਰੁੱਧ ਕੈਨੇਡਾ ਦੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ।”
ਇਸੇ ਦੌਰਾਨ ਦਲ ਖ਼ਾਲਸਾ ਨੇ ਪਾਕਿਸਤਾਨ ਵਿਚ ਕਤਲ ਕੀਤੇ ਗਏ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਕਿ ਉਹ ਪਰਮਜੀਤ ਸਿੰਘ ਪੰਜਵੜ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਸਜ਼ਾ ਦੇਵੇ। ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਕੰਵਰਪਾਲ ਸਿੰਘ ਨੇ ਕਿਹਾ ਕਿ ਪੰਥ ਦੇ ਦੁਸ਼ਮਣਾਂ ਨੇ ਪਿਛਲੇ ਵਰ੍ਹੇ 6 ਮਈ ਨੂੰ ਲਾਹੌਰ ਦੇ ਪਾਰਕ ਵਿਚ ਪੰਜਵੜ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਸਰਹੱਦ ਪਾਰ ਹੋਏ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੈ।
ਉਧਰ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਲਕ ਵਿਚ ਸਿੱਖਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਸਿੱਖਾਂ ਦਾ ਕੈਨੇਡਾ ਵਿਚ ਹੋਣਾ ਦੇਸ਼ ਲਈ ਫ਼ਖ਼ਰ ਵਾਲੀ ਗੱਲ ਹੈ। ਸਰਕਾਰ ਵੱਲੋਂ ਸਿੱਖ ਆਰਟ ਗੈਲਰੀ ਉੱਤੇ ਕੀਤਾ ਜਾਣ ਵਾਲਾ ਨਿਵੇਸ਼ ਸਿੱਖਾਂ ਵੱਲੋਂ ਕੈਨੇਡਾ ਨੂੰ ਮਜ਼ਬੂਤ, ਖੁਸ਼ਹਾਲ ਤੇ ਅਨੇਕਤਾ ‘ਚ ਏਕਤਾ ਵਾਲਾ ਬਣਾਉਣ ਵਿਚ ਪਾਏ ਯੋਗਦਾਨ ਨੂੰ ਉਭਾਰਨ ਦਾ ਨਿੱਕਾ ਜਿਹਾ ਯਤਨ ਹੈ।
ਪ੍ਰਧਾਨ ਮੰਤਰੀ ਦਫਤਰ ਵੱਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਕਿ ਸਿੱਖ ਵਿਰਸੇ ਦੀ ਸੰਭਾਲ ਲਈ ਓਂਟਾਰੀਓ ਵਿਚਲੇ ਰੌਇਲ ਅਜਾਇਬ ਘਰ ਵਿਚ ਵਿਸ਼ਵ ਸਿੱਖ ਕਲਾ ਤੇ ਸਭਿਆਚਾਰ ਗੈਲਰੀ (ਗਲੋਬਲ ਸਿੱਖ ਆਰਟ ਐਂਡ ਕਲਚਰ ਗੈਲਰੀ) ਦੀ ਸਥਾਪਨਾ ਲਈ 60 ਲੱਖ ਡਾਲਰ ਦੀ ਵਿਵਸਥਾ ਕੀਤੀ ਗਈ ਹੈ ਜਿਸ ਲਈ ਸਿੱਖ ਆਰਟ ਐਂਡ ਕਲਚਰ ਫਾਊਂਡੇਸ਼ਨ ਦੀ ਅਗਵਾਈ ਤੇ ਸਹਿਯੋਗ ਲਿਆ ਜਾਵੇਗਾ। ਬ੍ਰਿਟਿਸ਼ ਕੋਲੰਬੀਆ ਦੀ ਇੰਡਸ ਮੀਡੀਆ ਫਾਊਂਡੇਸ਼ਨ ਨੂੰ 18 ਲੱਖ ਡਾਲਰ ਦੀ ਮਦਦ ਦੇ ਕੇ ਪਹਿਲੀ ਤੇ ਦੂਜੀ ਆਲਮੀ ਜੰਗ ਵਿਚ ਕੈਨੇਡੀਅਨ ਤੇ ਸਿੱਖ ਸੂਰਬੀਰ ਫੌਜੀਆਂ ਦੇ ਜਾਂਬਾਜ਼ ਕਾਰਨਾਮਿਆਂ ਤੇ ਬਹਾਦਰੀ ਨਾਲ ਜੂਝਣ ਬਾਰੇ ਫਿਲਮ ਬਣਾਈ ਜਾਏਗੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਪੁਰਖਿਆਂ ਬਾਰੇ ਜਾਨਣ ਅਤੇ ਉਨ੍ਹਾਂ ਉੱਤੇ ਫਖਰ ਮਹਿਸੂਸ ਕਰ ਸਕਣ। ਟਰੂਡੋ ਨੇ ਕਿਹਾ ਕਿ ਕੈਨੇਡੀਅਨ ਸਿੱਖਾਂ ਦੀ ਕਹਾਣੀ ਅਤੇ ਕੈਨੇਡਾ ਦੀ ਕਹਾਣੀ ਵਿਚ ਇੰਨੀ ਇਕਸਾਰਤਾ ਹੈ ਕਿ ਦੋਹਾਂ ਦਾ ਨਿਖੇੜਾ ਨਹੀਂ ਕੀਤਾ ਜਾ ਸਕਦਾ।