ਲੋਕ ਸਭਾ ਚੋਣਾਂ: ਵੱਡੇ ਸਿਆਸੀ ਆਗੂਆਂ ਨੇ ਚੋਣ ਪ੍ਰਚਾਰ ਤੋਂ ਬਣਾਈ ਦੂਰੀ

ਚੰਡੀਗੜ੍ਹ: ਇਸ ਵਾਰ ਲੋਕ ਸਭਾ ਚੋਣਾਂ ਵਿਚ ਮਾਲਵੇ ਦੇ ਵੱਡੇ ਸਿਆਸੀ ਆਗੂ ਚੋਣ ਪ੍ਰਚਾਰ ਤੋਂ ਦੂਰ ਹਨ ਅਤੇ ਉਹ ਚੋਣਾਂ ਵੀ ਨਹੀਂ ਲੜ ਰਹੇ ਹਨ। ਪੰਜਾਬ ਦੀ ਸਿਆਸਤ ਵਿਚ ਛਾਏ ਰਹਿਣ ਵਾਲੇ ਜਗਮੀਤ ਸਿੰਘ ਬਰਾੜ ਹੁਣ ਤੱਕ ਦੀਆਂ ਚੋਣ ਸਰਗਰਮੀਆਂ ਵਿਚ ਕਿਧਰੇ ਨਜ਼ਰ ਨਹੀਂ ਆਏ। ਇਸੇ ਤਰ੍ਹਾਂ ਉਨ੍ਹਾਂ ਦਾ ਭਰਾ ਰਿਪਜੀਤ ਸਿੰਘ ਬਰਾੜ ਚੋਣ ਸਰਗਰਮੀਆਂ ਤੋਂ ਪਾਸੇ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਪਰਿਵਾਰਕ ਮੈਂਬਰ ਵੀ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਕਿਧਰੇ ਨਜ਼ਰ ਨਹੀਂ ਆ ਰਹੇ।

ਮਨਪ੍ਰੀਤ ਸਿੰਘ ਬਾਦਲ ਨੂੰ ਇਸ ਵਾਰ ਭਾਜਪਾ ਨੇ ਆਪਣਾ ਉਮੀਦਵਾਰ ਨਹੀਂ ਬਣਾਇਆ ਅਤੇ ਉਹ ਬਠਿੰਡਾ ਛੱਡ ਕੇ ਆਪਣੇ ਜੱਦੀ ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿਚ ਵਾਪਸ ਚਲੇ ਗਏ ਹਨ ਪਰ ਕਿਸੇ ਧਿਰ ਲਈ ਚੋਣ ਪ੍ਰਚਾਰ ਨਹੀਂ ਕਰ ਰਹੇ। ਮਾਲਵੇ ਵਿਚ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਸਟਾਰ ਪ੍ਰਚਾਰਕ ਵਜੋਂ ਵੱਡੀ ਮੰਗ ਰਹੀ ਹੈ ਪਰ ਮਾਲਵੇ ਦੇ ਕਿਸੇ ਵੀ ਭਾਜਪਾ ਉਮੀਦਵਾਰ ਨੇ ਅਜੇ ਤੱਕ ਅਮਰਿੰਦਰ ਸਿੰਘ ਨੂੰ ਚੋਣ ਪ੍ਰਚਾਰ ਲਈ ਸੱਦਾ ਨਹੀਂ ਦਿੱਤਾ। ਨਵਜੋਤ ਸਿੰਘ ਸਿੱਧੂ ਵੀ ਮਾਲਵੇ ਵਿਚ ਸਟਾਰ ਪ੍ਰਚਾਰਕ ਵਜੋਂ ਵਿਚਰਦੇ ਰਹੇ ਹਨ ਪਰ ਉਨ੍ਹਾਂ ਨੇ ਇਨ੍ਹਾਂ ਚੋਣਾਂ ਦੌਰਾਨ ਮਾਲਵੇ ਜਾਂ ਪੰਜਾਬ ਵਿਚ ਇਕ ਵੀ ਚੋਣ ਰੈਲੀ ਨਹੀਂ ਕੀਤੀ। ਸੂਤਰਾਂ ਅਨੁਸਾਰ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਅਤੇ ਅਕਾਲੀ ਦਲ ਨੇ ਅਜੇ ਤੱਕ ਆਪਣੇ ਸਟਾਰ ਪ੍ਰਚਾਰਕਾਂ ਦੀ ਕੋਈ ਸੂਚੀ ਵੀ ਜਾਰੀ ਨਹੀਂ ਕੀਤੀ ਜਦੋਂ ਕਿ ਹਰ ਚੋਣਾਂ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਅਜਿਹਾ ਕਰਦੀਆਂ ਰਹੀਆਂ ਹਨ। ਦਲ ਬਦਲੀ ਦੀ ਮੁਹਿੰਮ ਕਾਰਨ ਸਾਰੀਆਂ ਪਾਰਟੀਆਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰਨ ਤੋਂ ਟਾਲਾ ਵੱਟ ਰਹੀਆਂ ਹਨ। ਮੁਹੰਮਦ ਸਦੀਕ ਵੀ ਕਾਂਗਰਸੀ ਉਮੀਦਵਾਰਾਂ ਲਈ ਕਿਸੇ ਵੀ ਹਲਕੇ ਵਿਚ ਚੋਣ ਪ੍ਰਚਾਰ ਨਹੀਂ ਕਰ ਰਹੇ। ਜੈਤੋ ਦੇ ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ ਤਖਾਣਬੱਧ ਚੋਣ ਬੁਖਾਰ ਸਿਖਰ ‘ਤੇ ਹੋਣ ਦੇ ਬਾਵਜੂਦ ਚੋਣ ਪ੍ਰਚਾਰ ਤੋਂ ਦੂਰ ਹਨ। ਮਾਲਵੇ ਦੇ ਕੁਝ ਯੂਥ ਅਕਾਲੀ ਆਗੂ ਵੀ ਚੋਣ ਪ੍ਰਚਾਰ ਤੋਂ ਦੂਰ ਹਨ। ਹਾਲਾਂਕਿ ਹਰ ਵਾਰੀ ਇਨ੍ਹਾਂ ਆਗੂਆਂ ਨੂੰ ਬਠਿੰਡਾ ਲੋਕ ਸਭਾ ਹਲਕੇ ਦੀ ਕਮਾਂਡ ਦਿੱਤੀ ਜਾਂਦੀ ਹੈ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਨਹੀਂ ਕੀਤੀ ਗਈ ਪਰ ਆਉਣ ਵਾਲੇ ਦਿਨਾਂ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਵਿਚ ਚੋਣ ਪ੍ਰਚਾਰ ਲਈ ਆ ਰਹੇ ਹਨ।
ਅਕਾਲੀ ਦਲ ਦੇ ਚੋਣ ਪ੍ਰਚਾਰ ’ਚੋਂ ਮਜੀਠੀਆ ਗਾਇਬ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਚੋਣ ਪ੍ਰਚਾਰ ਵਿਚੋਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਗ਼ਾਇਬ ਹਨ। ਉਹ ਕਰੀਬ ਇਕ ਹਫ਼ਤੇ ਤੋਂ ਜਨਤਕ ਤੌਰ ‘ਤੇ ਕਿਸੇ ਸਿਆਸੀ ਰੈਲੀ ਵਿਚ ਨਜ਼ਰ ਨਹੀਂ ਆਏ। ਉਂਜ ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਹਨ। ਮਜੀਠੀਆ ਨੇ ਹਲਕਾ ਹੁਸ਼ਿਆਰਪੁਰ ਦੇ ਸ਼ਾਮ ਚੁਰਾਸੀ ਵਿਚ ਆਖ਼ਰੀ ਰੈਲੀ 24 ਅਪਰੈਲ ਨੂੰ ਕੀਤੀ ਸੀ। ਉਸ ਮਗਰੋਂ ਉਨ੍ਹਾਂ ਨੇ ਨਾ ਕੋਈ ਜਨਤਕ ਤੌਰ ‘ਤੇ ਸਿਆਸੀ ਰੈਲੀ ਵਿਚ ਸ਼ਮੂਲੀਅਤ ਕੀਤੀ ਅਤੇ ਨਾ ਹੀ ਉਨ੍ਹਾਂ ਦੀ ਚੋਣਾਂ ਵਾਲੇ ਲਹਿਜੇ ਵਾਲੀ ਕੋਈ ਬਿਆਨਬਾਜ਼ੀ ਸਾਹਮਣੇ ਆਈ ਹੈ। ਅਕਾਲੀ ਦਲ ਵਿਚ ਬਿਕਰਮ ਸਿੰਘ ਮਜੀਠੀਆ ਨੂੰ ਮਾਝੇ ਦੇ ਜਰਨੈਲ ਵਜੋਂ ਜਾਣਿਆ ਜਾਂਦਾ ਹੈ। ਚੋਣਾਂ ਮੌਕੇ ਉਹ ਮਾਝੇ ਵਿਚ ਸਰਗਰਮ ਰਹਿੰਦੇ ਸਨ।
ਨਵਜੋਤ ਸਿੱਧੂ ਪੰਜਾਬ ਵਿਚ ਕਰਨਗੇ ਚੋਣ ਪ੍ਰਚਾਰ
ਪਟਿਆਲਾ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਲੋਕ ਸਭਾ ਹਲਕਾ ਪਟਿਆਲਾ ਤੋਂ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਚੋਣ ਪ੍ਰਚਾਰ ਵਿਚ ਹਿੱਸਾ ਲੈਣ ਲਈ ਪੰਜਾਬ ਆ ਰਹੇ ਹਨ। ਉਹ ਡਾ. ਗਾਂਧੀ ਤੋਂ ਇਲਾਵਾ ਪੰਜਾਬ ਦੇ ਹੋਰ ਕਈ ਕਾਂਗਰਸੀ ਉਮੀਦਵਾਰਾਂ ਦਾ ਪ੍ਰਚਾਰ ਵੀ ਕਰਨਗੇ। ਡਾ. ਧਰਮਵੀਰ ਗਾਂਧੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਮਾਲਵਿੰਦਰ ਸਿੰਘ ਮਾਲੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਡਾ. ਗਾਂਧੀ ਨੇ ਕਿਹਾ ਕਿ ਨਵਜੋਤ ਸਿੱਧੂ ਦੀ ਉਨ੍ਹਾਂ ਨਾਲ ਗੱਲ ਹੋ ਚੁੱਕੀ ਹੈ ਤੇ ਆਉਂਦੇ ਦਿਨਾਂ ਵਿਚ ਉਹ ਪੰਜਾਬ ਦੀਆਂ ਸਿਆਸੀ ਸਟੇਜਾਂ ‘ਤੇ ਨਜ਼ਰ ਆਉਣਗੇ।