ਅਮਰੀਕੀ ’ਵਰਸਿਟੀਆਂ ਜੰਗ ਵਿਰੋਧੀ ਅਖਾੜੇ ਬਣੀਆਂ

ਬੂਟਾ ਸਿੰਘ ਮਹਿਮੂਦਪੁਰ
ਫੋਨ: +91-94634-74342
ਵਿਦਿਆਰਥੀ ਕਿਸੇ ਵੀ ਸਮਾਜ ਦਾ ਬੇਹੱਦ ਮਹੱਤਵਪੂਰਨ ਹਿੱਸਾ ਹੁੰਦੇ ਹਨ। ਵਿਦਿਆਰਥੀਆਂ ਦੀ ਚੇਤਨਾ, ਖ਼ਾਸ ਕਰ ਕੇ ਯੂਨੀਵਰਸਿਟੀ ਪੱਧਰ ਦੇ ਵਿਦਿਆਰਥੀਆਂ ਦੇ ਬਹਿਸ-ਮੁਬਾਹਸੇ ਪੂਰੇ ਸਮਾਜ ਅੰਦਰ ਹਕੂਮਤੀ ਨੀਤੀਆਂ ਉੱਪਰ ਬਹਿਸ ਅਤੇ ਸੋਚ-ਵਿਚਾਰ ਦੀ ਉਥਲ-ਪੁਥਲ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ। ਕੈਂਪਸਾਂ `ਚ ਅਜਿਹੀ ਲਾਮਬੰਦੀ ਅਤੇ ਵਿਦਿਆਰਥੀਆਂ ਵੱਲੋਂ ਅਮਰੀਕਾ ਦੀ ਇਜ਼ਰਾਈਲ ਨੀਤੀ, ਖ਼ਾਸ ਕਰ ਕੇ ਗਾਜ਼ਾ ਕਤਲੇਆਮ ਵਿਚ ਮਿਲੀਭੁਗਤ ਉੱਪਰ ਉਠਾਏ ਜਾ ਰਹੇ ਗੰਭੀਰ ਸਵਾਲ ਇਸ ਨੀਤੀ ਵਿਰੁੱਧ ਲੋਕ ਰਾਇ ਬਣਾਉਣ `ਚ ਵੱਡੀ ਭੂਮਿਕਾ ਨਿਭਾ ਸਕਦੇ ਹਨ।

ਅਮਰੀਕਾ ਅਤੇ ‘ਨਾਟੋ’ ਦੀ ਸ਼ਹਿ ਅਤੇ ਬੇਥਾਹ ਮਦਦ ਨਾਲ ਇਜ਼ਰਾਈਲ ਬੇਖ਼ੌਫ਼ ਹੋ ਕੇ ਫ਼ਲਸਤੀਨੀਆਂ ਦੀ ਨਸਲਕੁਸ਼ੀ ਕਰ ਰਿਹਾ ਹੈ। ਜਿਵੇਂ ਗਾਜ਼ਾ ਅਤੇ ਹੋਰ ਫ਼ਲਸਤੀਨੀਂ ਇਲਾਕਿਆਂ ਵਿਚ ਸਭ ਹੱਦਾਂ ਟੱਪ ਕੇ ਕਤਲੇਆਮ ਅਤੇ ਤਬਾਹੀ ਕੀਤੀ ਜਾ ਰਹੀ ਹੈ, ਉਸ ਵਿਰੁੱਧ ਦੁਨੀਆ `ਚ ਵਿਆਪਕ ਰੋਹ ਹੈ। ਅਮਰੀਕਾ ਨੇ 7 ਅਕਤੂਬਰ 2023 ਤੋਂ ਇਜ਼ਰਾਈਲ ਨੂੰ ਹਥਿਆਰਾਂ ਦੀਆਂ 100 ਤੋਂ ਵੱਧ ਖੇਪਾਂ ਭੇਜੀਆਂ ਅਤੇ ਅਰਬਾਂ ਡਾਲਰ ਮਾਲੀ ਮਦਦ ਦਿੱਤੀ ਗਈ ਹੈ। ਹੁਣ ਤੱਕ ਗਾਜ਼ਾ ਵਿਚ ਘੱਟੋ-ਘੱਟ 15000 ਬੱਚਿਆਂ ਸਮੇਤ 34000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ; 77000 ਤੋਂ ਵੱਧ ਜ਼ਖ਼ਮੀ ਹੋਏ ਹਨ। ਇਸ ਨੇ ਅਮਰੀਕਾ ਦੇ ਦਹਿ-ਹਜ਼ਾਰਾਂ ਵਿਦਿਆਰਥੀਆਂ ਦੀ ਜ਼ਮੀਰ ਨੂੰ ਝੰਜੋੜਿਆ ਅਤੇ ਜਾਗਦੀ ਜ਼ਮੀਰ ਵਾਲੇ ਇਹ ਵਿਦਿਆਰਥੀ ਤੇ ਫੈਕਲਟੀ ਮੈਂਬਰ ਹਜ਼ਾਰਾਂ ਦੀ ਗਿਣਤੀ `ਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਅਮਰੀਕਾ ਦੀਆਂ 60 ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਕੈਂਪਸਾਂ `ਚ ਪੱਕੇ ਟੈਂਟ ਲਗਾ ਕੇ ਕਤਲੇਆਮ ਵਿਰੁੱਧ ਜ਼ੋਰਦਾਰ ਆਵਾਜ਼ ਉੱਠੀ ਹੈ। ਇਕ ਹੋਰ ਰਿਪੋਰਟ ਅਨੁਸਾਰ ਫ਼ਲਸਤੀਨੀਆਂ ਨਾਲ ਇਕਮੁੱਠਤਾ ਅੰਦੋਲਨ ਪਿਛਲੇ ਦੋ ਹਫ਼ਤਿਆਂ `ਚ ਅਮਰੀਕਾ ਦੇ ਘੱਟੋ-ਘੱਟ 154 ਕਾਲਜ ਕੈਂਪਸਾਂ ਤੱਕ ਫੈਲ ਗਿਆ ਹੈ। ਇਸ ਦਾ ਪ੍ਰਭਾਵ ਹੋਰ ਮੁਲਕਾਂ `ਚ ਵੀ ਦੇਖਿਆ ਜਾ ਰਿਹਾ ਹੈ।
17 ਅਪਰੈਲ ਨੂੰ ਜਦੋਂ ਨਿਊਯਾਰਕ `ਚ ਕੋਲੰਬੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਨੇ ਫ਼ਲਸਤੀਨੀਆਂ ਨਾਲ ਇਕਜੁੱਟਤਾ ਦਿਖਾਉਂਦਿਆਂ ਕੈਂਪਸ ਦੇ ਵਿਚਕਾਰ ਪੱਕਾ ਕੈਂਪ ਲਗਾ ਦਿੱਤਾ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਅਗਲੇ ਦਿਨ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਸਥਾਨਕ ਸਟੇਟ ਅਥਾਰਟੀਜ਼ ਨੇ ਤਾਕਤ ਵਰਤ ਕੇ ਵਿਦਿਆਰਥੀਆਂ ਨੂੰ ਖਦੇੜਨਾ ਚਾਹਿਆ। ਪੁਲਿਸ ਨੇ ਹਾਲ ਅੰਦਰ ਰਾਈਫ਼ਲ ਨਾਲ ਗੋਲੀ ਵੀ ਚਲਾਈ। 100 ਤੋਂ ਵੱਧ ਵਿਦਿਆਰਥੀ ਗ੍ਰਿਫ਼ਤਾਰ ਕਰ ਲਏ ਪਰ ਵਿਦਿਆਰਥੀਆਂ ਨੇ ਖਿੰਡਣ ਦੀ ਬਜਾਇ ਨਵਾਂ ਕੈਂਪ ਸਥਾਪਤ ਕਰ ਲਿਆ। ਜਦੋਂ ਯੂਨੀਵਰਸਿਟੀ ਦੀ ਪ੍ਰਧਾਨ ਸ਼ਫ਼ੀਕ ਨੇ ਫ਼ਲਸਤੀਨ ਨਾਲ ਇਕਜੁੱਟਤਾ ਨੂੰ ਯਹੂਦੀ ਵਿਰੋਧੀ ਕਰਾਰ ਦੇ ਕੇ ਬਦਨਾਮ ਕਰਨ ਦੀ ਗੱਲ ਕੀਤੀ ਤਾਂ ਵਿਦਿਆਰਥੀਆਂ ਦਾ ਗੁੱਸਾ ਭੜਕ ਉੱਠਿਆ। ਲਾਮਬੰਦੀ ਤੋੜਨ ਲਈ ਪੁਲਿਸ ਤਾਕਤ ਦੀ ਵਰਤੋਂ ਅਤੇ ਅਜਿਹੀ ਚਿੱਕੜ ਉਛਾਲੀ ਐਸੀ ਚਿੰਗਾੜੀ ਬਣ ਗਈ ਜਿਸ ਨੇ ਅੰਦੋਲਨ ਦੀ ਅੱਗ ਪੂਰੇ ਅਮਰੀਕਾ `ਚ ਫੈਲਾ ਦਿੱਤੀ। ਅਮਰੀਕਾ ਦੀ ਤੀਜੀ ਸਭ ਤੋਂ ਵੱਡੀ ਓਹਾਇਓ ਸਟੇਟ ਯੂਨੀਵਰਸਿਟੀ ਵਿਚ ਵੀ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਨੇ ਪੱਕੇ ਮੋਰਚੇ ਲਗਾ ਲਏ। ਯੇਲ ਕੈਂਪਸ ਤੋਂ ਸ਼ੁਰੂ ਹੋ ਕੇ ਕੈਂਪਸ-ਦਰ-ਕੈਂਪਸ ਵੱਡੀਆਂ-ਵੱਡੀਆਂ ਲਾਮਬੰਦੀਆਂ ਹੋ ਰਹੀਆਂ ਹਨ। ਪੋਰਟਲੈਂਡ `ਚ ਯੂਨੀਵਰਸਿਟੀ ਆਫ ਸਾਊਦਰਨ ਮੇਨ, ਫਲੋਰਿਡਾ ਯੂਨੀਵਰਸਿਟੀ, ਐਰੀਜ਼ੋਨਾ ਯੂਨੀਵਰਸਿਟੀ ਟਕਸਨ `ਚ ਵਿਦਿਆਰਥੀਆਂ ਨੇ ਕੈਂਪ ਲਗਾ ਗਏ।
ਇਸ ਤੋਂ ਉਤਸ਼ਾਹਤ ਹੋ ਕੇ ਹੋਰ ਮੁਲਕਾਂ `ਚ ਵੀ ਇਸੇ ਤਰਜ਼ ਦਾ ਵਿਰੋਧ ਉੱਠਣਾ ਸ਼ੁਰੂ ਹੋ ਗਿਆ। ਫਰਾਂਸ, ਯੂਨਾਨ (ਗਰੀਸ), ਬਰਤਾਨੀਆ ਅਤੇ ਆਸਟਰੇਲੀਆ ਵਿਚ ਵੀ ਕੈਂਪਸਾਂ `ਚ ਪੱਕੇ ਮੋਰਚੇ ਮੱਲਣ ਦੇ ਯਤਨ ਸ਼ੁਰੂ ਹੋ ਗਏ। ਬਾਇਡਨ ਸਰਕਾਰ ਅਤੇ ਉਸ ਦੇ ਨਾਟੋ ਜੋਟੀਦਾਰਾਂ ਨੂੰ ਡਰ ਸਤਾਉਣ ਲੱਗਾ ਕਿ ਇਹ ਮੁਜ਼ਾਹਰੇ ਕਿਤੇ 1960ਵਿਆਂ ਦੇ ਵੀਅਤਨਾਮ ਯੁੱਧ ਵਿਰੋਧੀ ਮੁਜ਼ਾਹਰਿਆਂ ਜਾਂ 1980ਵਿਆਂ ਦੇ ਦੱਖਣੀ ਅਫ਼ਰੀਕੀ ਨਸਲਵਾਦ ਵਿਰੁੱਧ ਵਿਸ਼ਾਲ ਮੁਜ਼ਾਹਰਿਆਂ ਵਰਗੀ ਵਿਸ਼ਾਲ ਲਹਿਰ ਨਾ ਬਣ ਜਾਣ। ਇਰਾਕ ਯੁੱਧ, ‘ਆਕੂਪਾਈ ਵਾਲ ਸਟ੍ਰੀਟ` ਲਹਿਰ ਅਤੇ ਜਾਰਜ ਫਲੋਇਡ ਦੇ ਨਸਲਵਾਦੀ ਕਤਲ ਵਿਰੁੱਧ ਵੀ ਅਮਰੀਕਾ ਵਿਚ ਵਿਸ਼ਾਲ ਮੁਜ਼ਾਹਰੇ ਹੋਏ ਸਨ ਪਰ ਉਹ ਕੈਂਪਸਾਂ ਤੋਂ ਬਾਹਰ ਹੁੰਦੇ ਰਹੇ। ਅਮਰੀਕੀ ਵਿਦਿਆਰਥੀ ਲਹਿਰਾਂ ਦਾ ਅਧਿਐਨ ਕਰਨ ਵਾਲੇ ਪ੍ਰਮੁੱਖ ਅਮਰੀਕਨ ਵਿਦਵਾਨਾਂ ਦਾ ਮੰਨਣਾ ਹੈ ਕਿ ਕੈਂਪਸਾਂ ਵਿਚ ਇਹ 21ਵੀਂ ਸਦੀ ਦਾ ‘ਹੁਣ ਤੱਕ ਦਾ ਸਭ ਤੋਂ ਵੱਡਾ ਵਿਦਿਆਰਥੀ ਅੰਦੋਲਨ’ ਹੈ।
ਬਾਇਡਨ ਸਰਕਾਰ ਇਸ ਹਕੀਕਤ ਤੋਂ ਭਲੀਭਾਂਤ ਵਾਕਫ਼ ਹੈ। ਇਸੇ ਕਰ ਕੇ ਅੰਦੋਲਨਕਾਰੀਆਂ ਦੀ ਦ੍ਰਿੜਤਾ ਅਤੇ ਇਕਜੁੱਟਤਾ ਤੋਂ ਬੁਖਲਾਈ ਸਰਕਾਰ ਲਾਮਬੰਦੀ ਤੋੜਨ ਲਈ ਆਪਣੀ ਮੈਕਾਰਥੀਵਾਦ ਦੀ ਜਾਬਰ ਵਿਰਾਸਤ ਅਨੁਸਾਰ ਸ਼ਰੇਆਮ ਫਾਸ਼ੀਵਾਦੀ ਹਮਲੇ ਦੇ ਰਾਹ ਪੈ ਗਈ ਹੈ; ਝੂਠੇ ਬਿਰਤਾਂਤ ਰਾਹੀਂ ਹਮਲੇ ਨੂੰ ਜਾਇਜ਼ ਠਹਿਰਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਇਡਨ ਨੇ ਮੁਜ਼ਾਹਰਾਕਾਰੀਆਂ ਨੂੰ ਨਫ਼ਰਤੀ ਗਰੁੱਪ ਕਹਿ ਕੇ ਭਮਡਿਆ ਹੈ। ਹਾਊਸ ਦੇ 22 ਡੈਮਕਰੇਟਿਕ ਮੈਂਬਰਾਂ ਨੇ ਮੁਜ਼ਾਹਰਾਕਾਰੀਆਂ ਨੂੰ ਕੋਲੰਬੀਆ ਕੈਂਪਸ ਤੋਂ ਖਦੇੜਨ ਦੀ ਮੰਗ ਕੀਤੀ। ਸੈਨੇਟ `ਚ ਸੀਨੀਅਰ ਮੈਂਬਰ ਚਕ ਸ਼ੀਮਰ ਨੇ ਹਿੰਡ ਹਾਲ ਉੱਪਰ ਮੁਜ਼ਾਹਰਾਕਾਰੀਆਂ ਦੇ ਕਬਜ਼ੇ ਨੂੰ ਦਹਿਸ਼ਤਵਾਦੀ ਕਾਰਵਾਈ ਕਿਹਾ ਜਦਕਿ ਆਰਮਡ ਕਨਫਲਿਕਟ ਲੋਕੇਸ਼ਨ ਅਤੇ ਈਵੈਂਟ ਡੇਟਾ ਪ੍ਰੋਜੈਕਟ (ਏ.ਸੀ.ਐੱਲ.ਈ.ਡੀ.) ਰਿਪੋਰਟ ਕਹਿੰਦੀ ਹੈ ਕਿ ਕੈਂਪਸ ਵਿਚ 99% ਮੁਜ਼ਾਹਰਾਕਾਰੀ ਸ਼ਾਂਤਮਈ ਸਨ।
ਜਾਬਰ ਹਕੂਮਤਾਂ ਅਕਸਰ ਆਪਣੀਆਂ ਜਾਬਰ ਨੀਤੀਆਂ ਵਿਰੁੱਧ ਲੋਕ ਰਾਇ ਤੋੜਨ ਲਈ ‘ਅਮਨ-ਕਾਨੂੰਨ ਬਣਾਈ ਰੱਖਣ` ਦੇ ਬਹਾਨੇ ਹਮਲੇ ਕਰਦੀਆਂ ਹਨ। ਹਰ ਜਾਬਰ ਵਾਂਗ ਬਾਇਡਨ ਸਰਕਾਰ ਨੂੰ ਵੀ ਭਰਮ ਸੀ ਕਿ ਉਹ ਬੇਕਿਰਕ ਤਾਕਤ ਵਰਤ ਕੇ ਸ਼ੁਰੂ `ਚ ਹੀ ਵਿਦਿਆਰਥੀ ਉਭਾਰ ਨੂੰ ਦਬਾ ਦੇਣਗੇ। ਯੂਨੀਵਰਸਿਟੀਆਂ ਦੇ ਵਿਰੋਧ ਪ੍ਰਦਰਸ਼ਨ ਦਬਾਉਣ ਲਈ ਵਿੱਢੇ ਹਮਲੇ `ਚ ਪੂਰੇ ਅਮਰੀਕਾ `ਚ 1000 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ (‘ਅਪੀਲ` ਦੇ ਅੰਕੜਿਆਂ ਅਨੁਸਾਰ ਇਸ ਮਹੀਨੇ 72 ਕੈਂਪਸ ਵਿਰੋਧ ਪ੍ਰਦਰਸ਼ਨਾਂ ਤੋਂ 2000 ਦੇ ਕਰੀਬ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਹੁਤ ਸਾਰੇ ਵਿਦਿਆਰਥੀਆਂ ਉੱਪਰ ‘ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਵਿਰੁੱਧ ਹੇਟ ਕ੍ਰਾਈਮ` ਦੇ ਸੰਗੀਨ ਇਲਜ਼ਾਮ ਲਗਾਏ ਗਏ ਹਨ ਜੋ ਉਨ੍ਹਾਂ ਦਾ ਭਵਿੱਖ ਤਬਾਹ ਕਰ ਸਕਦੇ ਹਨ)। ਨਿਊਯਾਰਕ ਯੂਨੀਵਰਸਿਟੀ `ਚ ਦਰਜਨਾਂ ਵਿਦਿਆਰਥੀ ਗ੍ਰਿਫ਼ਤਾਰ ਕਰ ਲਏ ਗਏ। ਜਦੋਂ ਫੈਕਲਟੀ ਨੇ ਆਪਣੇ ਵਿਦਿਆਰਥੀਆਂ ਨੂੰ ਪ੍ਰਸ਼ਾਸਨ ਦੀ ਹਿੰਸਾ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ 20 ਫੈਕਲਟੀ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਯੇਲ ਯੂਨੀਵਰਸਿਟੀ `ਚ ਵੀ 47 ਵਿਦਿਆਰਥੀਆਂ ਸਮੇਤ 60 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਯੂਨੀਵਰਸਿਟੀ ਆਫ ਸਾਊਦਰਨ ਕੈਲੀਫੋਰਨੀਆ, ਲਾਸ ਏਂਜਲਸ ਵਿਚ ਵਿਦਿਆਰਥੀਆਂ ਨੇ ਅਲੂਮਨੀ ਪਾਰਕ ਉੱਪਰ ਕਾਬਜ਼ ਹੋ ਕੇ ਇਜ਼ਰਾਈਲ ਵਿਚ ਯੂਨੀਵਰਸਿਟੀ ਦਾ ਨਿਵੇਸ਼ ਖ਼ਤਮ ਕਰਨ ਦੀ ਮੰਗ ਕੀਤੀ। ਪੁਲਿਸ ਨੇ ਹਮਲਾ ਕਰ ਕੇ 93 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਯੂਨੀਵਰਸਿਟੀ ਨੂੰ ਡਿਗਰੀਆਂ ਦੇਣ ਦਾ ਪ੍ਰੋਗਰਾਮ ਰੱਦ ਕਰਨਾ ਪੈ ਗਿਆ। ਕੈਂਪਸ ਪ੍ਰਸ਼ਾਸਨ ਅਤੇ ਪੁਲਿਸ ਦੇ ਜਬਰ ਦੇ ਬਾਵਜੂਦ ਵਿਰੋਧ ਜਾਰੀ ਹੈ।
ਆਸਟਿਨ ਵਿਖੇ ਯੂਨੀਵਰਸਿਟੀ ਆਫ ਟੈਕਸਸ ਵਿਚ ਵੀ ਕਲਾਸਾਂ ਛੱਡ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉੱਪਰ ਜਬਰ ਕੀਤਾ ਗਿਆ ਅਤੇ 57 ਪ੍ਰਦਰਸ਼ਕਾਰੀ ਗ੍ਰਿਫ਼ਤਾਰ ਕਰ ਲਏ। ਇਮੋਰੀ ਯੂਨੀਵਰਸਿਟੀ ਵਿਚ 28 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਵਾਸ਼ਿੰਗਟਨ ਯੂਨੀਵਰਸਿਟੀ, ਇੰਡੀਆਨਾ ਯੂਨੀਵਰਸਿਟੀ ਆਦਿ ਵਿਚ ਵੀ 200 ਤੋਂ ਵੱਧ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਰਿਪੋਰਟਾਂ ਹਨ। ਮਿਸੌਰੀ ਵਿਚ ਵਾਸ਼ਿੰਗਟਨ ਯੂਨੀਵਰਸਿਟੀ ਦੇ ਛੇ ਫੈਕਲਟੀ ਮੈਂਬਰਾਂ ਜਿਨ੍ਹਾਂ ਵਿਚੋਂ ਚਾਰ ਨੂੰ ਵਿਰੋਧ ਪ੍ਰਦਰਸ਼ਨ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਨਾ ਸਿਰਫ਼ ਕੈਂਪਸ ਵਿਚ ਆਉਣ `ਤੇ ਪਾਬੰਦੀ ਲਾ ਦਿੱਤੀ ਗਈ ਹੈ ਸਗੋਂ ਕੈਂਪਸ ਦੇ ਬਾਹਰ ਵੀ ਯੂਨੀਵਰਸਿਟੀ ਸਟਾਫ਼ ਅਤੇ ਵਿਦਿਆਰਥੀਆਂ ਨਾਲ ਗੱਲ ਕਰਨ ਦੀ ਮਨਾਹੀ ਕਰ ਦਿੱਤੀ ਗਈ ਹੈ। ਸ਼ਾਂਤਮਈ ਅੰਦੋਲਨ ਦੇ ਰੂਪ `ਚ ਵਿਰੋਧ ਕਰਨ ਦਾ ਜਮਹੂਰੀ ਹੱਕ ਵਰਤਣ ਵਾਲਿਆਂ ਵਿਰੁੱਧ ਪੁਲਿਸ ਅਤੇ ਬਕਤਰਬੰਦ ਫ਼ੌਜੀ ਦਸਤਿਆਂ ਵੱਲੋਂ ਲਾਠੀਆਂ, ਅੱਥਰੂ ਗੈਸ ਅਤੇ ਘੋੜ-ਸਵਾਰ ਪੁਲਿਸ ਦੀ ਦਹਿਸ਼ਤ ਦੀ ਵਰਤੋਂ ਕੀਤੀ ਗਈ ਹੈ। ਅੰਦੋਲਨਕਾਰੀਆਂ ਨੂੰ ਵਹਿਸ਼ੀਆਨਾ ਕੁੱਟਮਾਰ, ਬਦਤਮੀਜ਼ੀ ਅਤੇ ਗ੍ਰਿਫ਼ਤਾਰੀਆਂ ਦਾ ਸਾਹਮਣਾ ਕਰਨਾ ਪਿਆ ਹੈ। ਅਮਰੀਕਨ ਕਾਂਗਰਸ ਦੇ ਮਾਈਕ ਜੌਹਨਸਨ ਵਰਗੇ ਚੋਟੀ ਦੇ ਅਧਿਕਾਰੀ ਤਾਂ ਵਿਦਿਆਰਥੀਆਂ ਨੂੰ ਕੁਚਲਣ ਲਈ ਰਿਜ਼ਰਵ ਮਿਲਟਰੀ ਤਾਕਤ, ਨੈਸ਼ਨਲ ਗਾਰਡਾਂ ਦੀ ਮਦਦ ਲੈਣ ਦੀ ਵਕਾਲਤ ਕਰ ਰਹੇ ਹਨ।
ਜਬਰ ਸਿਰਫ਼ ਲਾਠੀਚਾਰਜ, ਅੱਥਰੂ ਗੈਸ ਦੇ ਗੋਲਿਆਂ ਅਤੇ ਗ੍ਰਿਫ਼ਤਾਰੀਆਂ ਤੱਕ ਸੀਮਤ ਨਹੀਂ; ਬਹੁਤ ਸਾਰੇ ਕੈਂਪਸਾਂ ਵਿਚ ਪੁਲਿਸ ਨਫ਼ਰੀ ਪੱਕੇ ਤੌਰ `ਤੇ ਬੈਠੀ ਹੈ ਤਾਂ ਜੋ ਵਿਦਿਆਰਥੀ ਦੁਬਾਰਾ ਵਿਰੋਧ ਪ੍ਰਦਰਸ਼ਨ ਨਾ ਕਰ ਸਕਣ। ਇਹ ‘ਕੈਂਪਸ ਦੀ ਜ਼ਿੰਦਗੀ `ਚ ਖ਼ਲਲ ਪੈਣ ਤੋਂ ਰੋਕਣ` ਦੇ ਨਾਂ ਹੇਠ ਕੀਤਾ ਗਿਆ ਹੈ। ਸਰਗਰਮ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਉੱਪਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਨੂੰ ਮੁਅੱਤਲੀਆਂ, ਬਰਤਰਫ਼ੀਆਂ ਅਤੇ ਨੌਕਰੀਆਂ ਤੋਂ ਜਵਾਬ ਦੇਣ ਵਰਗੇ ਬਾਂਹ ਮਰੋੜ ਹੱਥਕੰਡਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣ-ਬੁੱਝ ਕੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਅੰਦੋਲਨ ਯਹੂਦੀ ਵਿਰੋਧੀ ਹੈ। ਯਹੂਦੀ ਵਿਦਿਆਰਥੀਆਂ ਦੇ ਜਨੂਨੀ ਹਿੱਸਿਆਂ ਨੂੰ ਭੜਕਾ ਕੇ ਅੰਦੋਲਨਕਾਰੀਆਂ ਨਾਲ ਲੜਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਕੈਲੀਫੋਰਨੀਆ ਯੂਨੀਵਰਸਿਟੀ ਵਿਚ ਇਜ਼ਰਾਈਲ ਪੱਖੀ 200 ਹਿੰਸਕ ਵਿਦਿਆਰਥੀਆਂ ਨੇ ਕੈਂਪਸ ਉੱਪਰ ਹਮਲਾ ਕੀਤਾ ਅਤੇ ਪਟਾਕੇ ਚਲਾਏ। ਹੁਕਮਰਾਨ ਅਜਿਹੇ ਟਕਰਾਅ ਨੂੰ ਅੰਦੋਲਨ ਨੂੰ ਬਦਨਾਮ ਕਰਨ ਅਤੇ ਜਬਰ ਢਾਹੁਣ ਦੀ ਵਾਜਬੀਅਤ ਲਈ ਵਰਤਣ ਦੀ ਚਾਲ ਖੇਡ ਰਹੇ ਹਨ।
ਅਮਰੀਕਨ ਹੁਕਮਰਾਨ ਜਮਾਤ ਦੀ ਘਿਨਾਉਣੀ ਭੂਮਿਕਾ ਵਿਰੁੱਧ ਵਿਦਿਆਰਥੀਆਂ ਦੀ ਮੌਜੂਦਾ ਪੀੜ੍ਹੀ `ਚ ਇਹ ਉੱਭਰ ਰਹੀ ਰਾਜਨੀਤਕ ਚੇਤਨਾ ਹਕੂਮਤ ਲਈ ਖ਼ਤਰੇ ਦੀ ਘੰਟੀ ਹੈ ਜੋ ਬਾਇਡਨ ਸਰਕਾਰ ਦੀ ਇਜ਼ਰਾਇਲੀ ਨਸਲਵਾਦੀ ਯੁੱਧ ਨੂੰ ਖੁੱਲ੍ਹੀ ਹਮਾਇਤ ਦਿੱਤੇ ਜਾਣ ਨੂੰ ਹੋਰ ਸਹਿਣ ਲਈ ਤਿਆਰ ਨਹੀਂ। ਅਮਰੀਕਨ ਵਿਦਿਆਰਥੀ ਗਾਜ਼ਾ `ਚ ਨਸਲਕੁਸ਼ੀ ਨੂੰ ਰੋਕਣ ਲਈ ਕੁਝ ਵਧੇਰੇ ਠੋਸ ਕਰਨਾ ਚਾਹੁੰਦੇ ਹਨ ਕਿਉਂਕਿ ਦੁਨੀਆ ਭਰ `ਚ ਲਗਾਤਾਰ ਹੋ ਰਹੇ ਵਿਰੋਧ ਦੇ ਬਾਵਜੂਦ ਬਾਇਡਨ ਸਰਕਾਰ ਇਜ਼ਰਾਈਲ ਵੱਲੋਂ ਥੋਪੇ ਨਸਲਵਾਦੀ ਯੁੱਧ `ਚ ਫ਼ੌਜੀ ਅਤੇ ਹੋਰ ਭਾਈਵਾਲੀ ਤੋਂ ਬਾਜ ਨਹੀਂ ਆ ਰਹੀ। ਵਿਦਿਆਰਥੀਆਂ ਨੇ ਇਹ ਬਖ਼ੂਬੀ ਸਮਝ ਲਿਆ ਹੈ ਕਿ ਗਾਜ਼ਾ ਉੱਪਰ ਕਰੂਰ ਹਮਲੇ ਨੂੰ ਰੋਕਣ ਵਾਸਤੇ ਅਮਰੀਕਨ ਹਕੂਮਤ ਉੱਪਰ ਦਬਾਅ ਵਧਾਉਣ ਲਈ ਨੇਤਨਯਾਹੂ ਸਰਕਾਰ ਨੂੰ ਦਿੱਤੀ ਜਾ ਰਹੀ ਅਮਰੀਕਨ ਮਦਦ ਨੂੰ ਬੰਦ ਕਰਾਉਣਾ ਜ਼ਰੂਰੀ ਹੈ। ਇਸੇ ਲਈ ਉਹ ਮੰਗ ਕਰ ਰਹੇ ਹਨ ਕਿ ਅਮਰੀਕੀ ਯੂਨੀਵਰਸਿਟੀਆਂ ਇਜ਼ਰਾਈਲ ਨਾਲੋਂ ਅਕਾਦਮਿਕ ਤੇ ਵਿਤੀ ਸਬੰਧ ਖ਼ਤਮ ਕਰਨ ਅਤੇ ਉਨ੍ਹਾਂ ਕੰਪਨੀਆਂ ਨਾਲੋਂ ਨਾਤਾ ਤੋੜਨ ਜੋ ਗਾਜ਼ਾ ਯੁੱਧ ਤੋਂ ਮੁਨਾਫ਼ੇ ਕਮਾ ਰਹੀਆਂ ਹਨ। ਰਿਪੋਰਟਾਂ ਅਨੁਸਾਰ ਅਮਰੀਕੀ ਯੂਨੀਵਰਸਿਟੀਆਂ ਵੱਲੋਂ ਉਨ੍ਹਾਂ ਫੰਡਾਂ ਵਿਚ ਵੱਡੀ ਮਾਤਰਾ `ਚ ਆਪਣੇ ਚੰਦੇ ਨਿਵੇਸ਼ ਕੀਤੇ ਹਨ ਜਿਨ੍ਹਾਂ ਦਾ ਸਬੰਧ ਹਥਿਆਰ ਸਨਅਤ ਅਤੇ ਇਜ਼ਰਾਈਲ ਨਾਲ ਹੈ। ਅੰਦੋਲਨਕਾਰੀ ਵਿਦਿਆਰਥੀਆਂ ਦੀ ਦੋ-ਟੁੱਕ ਮੰਗ ਹੈ ਕਿ ‘ਇਜ਼ਰਾਈਲ ਦੀ ਜੰਗੀ ਮਸ਼ੀਨ ਨੂੰ ਇਕ ਵੀ ਪੈਸਾ ਅਤੇ ਇਕ ਵੀ ਗੋਲੀ ਨਾ ਦਿੱਤੀ ਜਾਵੇ`।
ਵਿਦਿਆਰਥੀ ਕਿਸੇ ਵੀ ਸਮਾਜ ਦਾ ਬੇਹੱਦ ਮਹੱਤਵਪੂਰਨ ਹਿੱਸਾ ਹੁੰਦੇ ਹਨ। ਵਿਦਿਆਰਥੀਆਂ ਦੀ ਚੇਤਨਾ, ਖ਼ਾਸ ਕਰ ਕੇ ਯੂਨੀਵਰਸਿਟੀ ਪੱਧਰ ਦੇ ਵਿਦਿਆਰਥੀਆਂ ਦੇ ਬਹਿਸ-ਮੁਬਾਹਸੇ ਪੂਰੇ ਸਮਾਜ ਅੰਦਰ ਹਕੂਮਤੀ ਨੀਤੀਆਂ ਉੱਪਰ ਬਹਿਸ ਅਤੇ ਸੋਚ-ਵਿਚਾਰ ਦੀ ਉਥਲ-ਪੁਥਲ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ। ਕੈਂਪਸ ਗਹਿਗੱਚ ਬਹਿਸਾਂ ਅਤੇ ਸੰਘਰਸ਼ਾਂ ਦੇ ਕੇਂਦਰ ਬਣ ਜਾਂਦੇ ਹਨ ਜਿਵੇਂ ਅਸੀਂ ਭਾਰਤ ਵਿਚ ਜੇ.ਐੱਨ.ਯੂ. ਅਤੇ ਕੇਂਦਰੀ ਯੂਨੀਵਰਸਿਟੀਆਂ `ਚ ਦੇਖਿਆ ਹੈ। ਵਿਦਿਆਰਥੀ ਸੰਘਰਸ਼ ਦਹਿ-ਲੱਖਾਂ ਹੋਰ ਲੋਕਾਂ ਨੂੰ ਝੰਜੋੜ ਕੇ ਸੰਘਰਸ਼ਾਂ ਲਈ ਪ੍ਰੇਰਤ ਕਰਨ ਦੀ ਬੌਧਿਕ ਤਾਕਤ ਰੱਖਦੇ ਹਨ।
ਕੈਂਪਸਾਂ `ਚ ਇਸ ਤਰ੍ਹਾਂ ਦੀ ਲਾਮਬੰਦੀ ਅਤੇ ਵਿਦਿਆਰਥੀਆਂ ਵੱਲੋਂ ਅਮਰੀਕਾ ਦੀ ਇਜ਼ਰਾਈਲ ਨੀਤੀ, ਖ਼ਾਸ ਕਰ ਕੇ ਗਾਜ਼ਾ ਕਤਲੇਆਮ ਵਿਚ ਮਿਲੀਭੁਗਤ ਉੱਪਰ ਉਠਾਏ ਜਾ ਰਹੇ ਗੰਭੀਰ ਸਵਾਲ ਇਸ ਨੀਤੀ ਵਿਰੁੱਧ ਲੋਕ ਰਾਇ ਬਣਾਉਣ `ਚ ਵੱਡੀ ਭੂਮਿਕਾ ਨਿਭਾ ਸਕਦੇ ਹਨ। ਚੋਟੀ ਦੀਆਂ ਯੂਨੀਵਰਸਿਟੀਆਂ ਵਿਚ ਵੱਡੀ ਗਿਣਤੀ `ਚ ਵਿਦਿਆਰਥੀਆਂ ਦਾ ਸਟੇਟ ਦੀਆਂ ਨੀਤੀਆਂ ਤੋਂ ਵਿਸ਼ਵਾਸ ਉੱਠਣਾ ਰਾਜਨੀਤਕ ਸੰਕਟ ਖੜ੍ਹਾ ਕਰਨ `ਚ ਵੱਡਾ ਫੈਕਟਰ ਬਣ ਸਕਦਾ ਹੈ।
ਅਮਰੀਕੀ ਕਾਰਪੋਰੇਟ ਸਰਮਾਏ ਅਤੇ ਸਾਮਰਾਜਵਾਦ ਦੇ ਬੁਨਿਆਦੀ ਹਿਤ ਇਜ਼ਰਾਈਲ ਨਾਲ ਡੂੰਘੇ ਰੂਪ `ਚ ਜੁੜੇ ਹੋਏ ਹਨ। ਅਮਰੀਕੀ ਸਾਮਰਾਜਵਾਦ ਦੀ ਦੁਨੀਆ ਭਰ `ਚ ਆਪਣੇ ਪ੍ਰਭਾਵ ਖੇਤਰਾਂ ਉੱਪਰ ਕਬਜ਼ਾ ਬਣਾਈ ਰੱਖਣ ਅਤੇ ਆਪਣੇ ਹੱਥੋਂ ਖਿਸਕ ਕੇ ਸ਼ਰੀਕ ਤਾਕਤਾਂ ਦੇ ਪ੍ਰਭਾਵ ਖੇਤਰ ਬਣੇ ਖੇਤਰਾਂ ਨੂੰ ਮੁੜ ਹਾਸਲ ਕਰਨ ਦੀ ਨੀਤੀ `ਚ ਇਜ਼ਰਾਈਲ ਦੀ ਰੱਖਿਆ ਪ੍ਰਮੁੱਖ ਤੱਤ ਹੈ। ਇਜ਼ਰਾਈਲ ਦੁਨੀਆ ਦੇ ਯੁੱਧਨੀਤਕ ਤੌਰ `ਤੇ ਮਹੱਤਵਪੂਰਨ ਹਿੱਸੇ, ਮੱਧ ਪੂਰਬ, ਅੰਦਰ ਅਮਰੀਕੀ ਸਾਮਰਾਜਵਾਦ ਦੇ ਭਾਰੀ ਹਥਿਆਰਬੰਦ ਗੜ੍ਹ ਵਜੋਂ ਵਿਸ਼ੇਸ਼ ਭੂਮਿਕਾ ਨਿਭਾ ਰਿਹਾ ਹੈ। ਇਜ਼ਰਾਈਲ ਦੁਨੀਆ ਦੇ ਬਹੁਤ ਸਾਰੇ ਹੋਰ ਹਿੱਸਿਆਂ `ਚ ਜ਼ੁਲਮ ਕਰਨ ਵਾਲੀ ਮਹੱਤਵਪੂਰਨ ਤਾਕਤ ਹੈ ਜੋ ਅਮਰੀਕਾ ਦੇ ਦਾਬੇ ਅਤੇ ਜਾਬਰ ਰਾਜ ਨੂੰ ਬਰਕਰਾਰ ਰੱਖਣ `ਚ ਮਦਦ ਕਰਦੀ ਹੈ। ਬਲੈਕਰੌਕ ਤੋਂ ਲੈ ਕੇ ਗੂਗਲ, ਐਮਾਜ਼ੌਨ, ਲੌਕਹੀਡ ਮਾਰਟਿਨ ਅਤੇ ਬਹੁਤ ਸਾਰੀਆਂ ਹੋਰ ਵੱਡੀਆਂ ਕਾਰਪੋਰੇਸ਼ਨਾਂ ਦੇ ਇਜ਼ਰਾਈਲ ਨਾਲ ਡੂੰਘੇ ਕਾਰੋਬਾਰੀ ਹਿਤ ਜੁੜੇ ਹੋਏ ਹਨ ਜਿਨ੍ਹਾਂ ਨੇ ਉੱਥੇ ਅਰਬਾਂ ਡਾਲਰ ਨਿਵੇਸ਼ ਕੀਤੇ ਹੋਏ ਹਨ। ਇਜ਼ਰਾਈਲ ਨੂੰ ਹਥਿਆਰਾਂ ਦੀ ਸਪਲਾਈ ਅਤੇ ਅਮਰੀਕੀ ਹੁਕਰਮਾਨ ਜਮਾਤ ਦੇ ਭੂ-ਯੂੱਧਨੀਤਕ ਹਿਤ ਦੋਹਾਂ ਦੀ ਆਪਣੀ ਭੂਮਿਕਾ ਹੈ। ਅਮਰੀਕੀ ਫ਼ੌਜ, ਪੁਲਿਸ ਅਤੇ ਰਾਜਨੀਤਕ ਪ੍ਰਸ਼ਾਸਨ ਦਾ ਪੂਰਾ ਢਾਂਚਾ ਆਪਣੇ ਕਾਰਪੋਰੇਟਾਂ ਦੇ ਕਾਰੋਬਾਰੀ ਹਿਤਾਂ ਦੀ ਪਿੱਠ `ਤੇ ਖੜ੍ਹਾ ਹੈ ਅਤੇ ਅਮਰੀਕਾ ਦੇ ਰਾਜਨੀਤਕ ਨੁਮਾਇੰਦੇ ਸ਼ਰੇਆਮ ਅਮਰੀਕਨ ਕਾਰਪੋਰੇਟ ਸਰਮਾਏਦਾਰੀ ਦੇ ਹਿਤਾਂ ਦੀ ਰੱਖਿਆ ਕਰ ਰਹੇ ਹਨ। ਕਾਰਪੋਰੇਟ ਸਰਮਾਏਦਾਰੀ ਦੇ ਹਿਤ ਇਜ਼ਰਾਈਲ ਨਾਲ ਆਰਥਿਕ ਰਿਸ਼ਤੇ ਜਾਰੀ ਰੱਖਣ `ਚ ਹਨ ਅਤੇ ਜਾਗਰੂਕ ਵਿਦਿਆਰਥੀ ਇਜ਼ਰਾਈਲ ਨਾਲੋਂ ਸਬੰਧ ਤੋੜਨ ਦਾ ਸਵਾਲ ਉਠਾ ਕੇ ਇਨ੍ਹਾਂ ਹਿਤਾਂ ਲਈ ਖ਼ਤਰਾ ਬਣ ਰਹੇ ਹਨ।
ਵਿਦਿਆਰਥੀ ਵਰਗ ਅੰਦਰ ਚੇਤਨਾ ਪੈਦਾ ਹੋਣਾ, ਉਨ੍ਹਾਂ ਦਾ ਹਕੂਮਤ ਤੇ ਸਟੇਟ ਦੀਆਂ ਨੀਤੀਆਂ ਉੱਪਰ ਸਵਾਲ ਉਠਾਉਣਾ ਅਤੇ ਵੱਡੀ ਗਿਣਤੀ `ਚ ਸੜਕਾਂ ਉੱਪਰ ਆ ਕੇ ਉਸ ਵਰਤਾਰੇ ਦਾ ਵਿਰੋਧ ਕਰਨਾ ਜਿਸ ਨੂੰ ਨਾਗਰਿਕ ਸਹਿਜ ਮੰਨ ਕੇ ਚੁੱਪ ਬੈਠੇ ਹੋਣ, ਇਹ ਹੁਕਮਰਾਨ ਜਮਾਤ ਨੂੰ ਕਿਵੇਂ ਗਵਾਰਾ ਹੋ ਸਕਦਾ ਹੈ। ਇਸੇ ਲਈ ਅਮਰੀਕਨ ਹਾਕਮ ਜਮਾਤ ਦੇ ਘੋਰ ਪਿਛਾਖੜੀ ਹਿੱਸੇ ਅਤੇ ਅਖੌਤੀ ਡੈਮੋਕਰੇਟ ਗਾਜ਼ਾ ਕਤਲੇਆਮ ਉੱਪਰ ਵਿਦਿਆਰਥੀ ਲਾਮਬੰਦੀ ਨੂੰ ਤੋੜਨ ਲਈ ਇਕਮੱਤ ਹਨ। ਹਾਂ, ਉਨ੍ਹਾਂ ਦੀ ਫਾਸ਼ੀਵਾਦੀ ਸੁਰ ਅਤੇ ਤੌਰ-ਤਰੀਕੇ ਵੱਖੋ-ਵੱਖਰੇ ਹਨ। ਡੈਮੋਕਰੇਟ ਚਾਹੇ ਉਦਾਰਤਾ ਦੇ ਜਿੰਨੀ ਮਰਜ਼ੀ ਮਖੌਟੇ ਪਾ ਲੈਣ, ਉਹ ਇਸ ਹਕੀਕਤ ਨੂੰ ਲੁਕੋ ਨਹੀਂ ਸਕਦੇ ਕਿ ਅਮਰੀਕੀ ਸਰਕਾਰ ਘਿਨਾਉਣੇ ਜੰਗੀ ਜੁਰਮਾਂ `ਚ ਸਰਗਰਮੀ ਨਾਲ ਸ਼ਾਮਲ ਹੈ, ਇਹ ਇਨ੍ਹਾਂ ਜੁਰਮਾਂ ਦੀ ਸਿਰਫ਼ ਮਾਲੀ ਮਦਦ ਹੀ ਨਹੀਂ ਕਰ ਰਹੀ ਸਗੋਂ ‘ਇਜ਼ਰਾਈਲ ਨੂੰ ਆਪਣੀ ਰੱਖਿਆ ਕਰਨ ਦਾ ਹੱਕ ਹੈ` ਦੀ ਵਜਾਹਤ ਕਰ ਕੇ ਇਨ੍ਹਾਂ ਜੁਰਮਾਂ ਨੂੰ ਨੈਤਿਕ ਵਾਜਬੀਅਤ ਵੀ ਬਖ਼ਸ਼ ਰਹੀ ਹੈ।
ਅਮਰੀਕਾ ਦੇ ਵਿਦਿਆਰਥੀਆਂ ਨੇ ਇਜ਼ਰਾਇਲੀ ਜੰਗੀ ਜੁਰਮਾਂ `ਚ ਬਰਾਬਰ ਹਿੱਸੇਦਾਰ ਆਪਣੀ ਸਰਕਾਰ ਨੂੰ ਕਟਹਿਰੇ `ਚ ਖੜ੍ਹੀ ਕਰ ਦਿੱਤਾ ਹੈ। ਜੇ ਵਿਦਿਆਰਥੀ ਅੰਦੋਲਨ ਦਾ ਵੇਗ ਬਰਕਰਾਰ ਰਹਿੰਦਾ ਹੈ ਤਾਂ ਅਮਰੀਕੀ ਹੁਕਮਰਾਨ ਨੂੰ ਇਸ ਵਿਰੋਧ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ।