ਕੋਲੰਬੀਆ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਹਿੰਦ ਰਜਬ ਦਾ ਆਖਰੀ ਫੋਨ

ਡਾ. ਕੁਲਦੀਪ ਕੌਰ
ਫੋਨ: +91-98554-04330
ਸਾਢੇ ਪੰਜ ਦਹਾਕਿਆਂ ਬਾਅਦ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਵਿਚ ਇਤਿਹਾਸਕ ਵਰਤਾਰਾ ਦੁਹਰਾਇਆ ਜਾ ਰਿਹਾ ਹੈ।…

ਸਾਢੇ ਪੰਜ ਦਹਾਕਿਆਂ ਬਾਅਦ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਵਿਚ ਇਤਿਹਾਸਕ ਵਰਤਾਰਾ ਦੁਹਰਾਇਆ ਜਾ ਰਿਹਾ ਹੈ। 1968 ਵਿਚ ਜਦੋਂ ਅਮਰੀਕਾ ਵੀਅਤਨਾਮ ਨੂੰ ਨੇਸਤੋ-ਨਾਬੂਦ ਕਰਨ ’ਤੇ ਉਤਾਰੂ ਸੀ ਤਾਂ ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਹੈਮਿਲਟਨ ਹਾਲ ’ਤੇ ਕਬਜ਼ਾ ਕਰ ਕੇ ਤਮਾਮ ਦੁਨੀਆ ਨੂੰ ਵੀਅਤਨਾਮ ਵਿਚ ਹੋ ਰਹੀ ਕਤਲੋਗਾਰਤ ਬਾਰੇ ਦੱਸਣ, ਜੰਗ ਖਿਲਾਫ ਆਵਾਜ਼ ਬੁਲੰਦ ਕਰਨ ਦਾ ਇਰਾਦਾ ਧਾਰ ਲਿਆ ਅਤੇ ਆਖ਼ਿਰਕਾਰ ਅਮਰੀਕੀ ਸਰਕਾਰ ਨੂੰ ਗੋਡੇ ਟੇਕਣੇ ਪਏ। ਹੁਣ ਉਹੀ ਆਵਾਜ਼ ਗਾਜ਼ਾ ਵਿਚ ਕੀਤੇ ਜਾ ਰਹੇ ਕਤਲੇਆਮ ਅਤੇ ਫ਼ਲਸਤੀਨੀਆਂ ਉਪਰ ਇਜ਼ਰਾਈਲ ਦੇ ਅਨੈਤਿਕ ਕਬਜ਼ੇ ਤੇ ਜਬਰ ਖਿਲਾਫ ਉੱਠੀ ਹੈ ਜਿਸ ਨੂੰ ਸੰਬੋਧਨ ਹੋਣਾ ਹੁਣ ਸਾਰੇ ਮੁਲਕਾਂ ਦੀ ਅਵਾਮ ਦੀ ਸਾਂਝੀ ਨੈਤਿਕ ਤੇ ਸਿਆਸੀ ਜ਼ਿੰਮੇਵਾਰੀ ਬਣ ਚੁੱਕੀ ਹੈ।
ਕੋਲੰਬੀਆ ਯੂਨੀਵਰਸਿਟੀ ਤੋਂ ਉੱਠੀ ਹੱਕ-ਸੱਚ ਦੀ ਇਹ ਆਵਾਜ਼ ਨਿਕਟ ਭਵਿੱਖ ਵਿਚ ਇਸ ਕੈਂਪਸ ਤੱਕ ਹੀ ਸੀਮਿਤ ਹੁੰਦੀ ਦਿਖਾਈ ਨਹੀਂ ਦੇ ਰਹੀ। ਇਸ ਜ਼ਰੂਰੀ ਅੰਦੋਲਨ ਦਾ ਰੰਜ਼ ਤੇ ਰੋਸ ਹਾਰਵਰਡ ਯੂਨੀਵਰਸਿਟੀ ਵਰਗੀ ਵੱਕਾਰੀ ਸੰਸਥਾ ਤੋਂ ਹੁੰਦਾ ਹੋਇਆ ਅਮਰੀਕਾ ਦੇ ਨਾਲ-ਨਾਲ ਇੰਗਲੈਂਡ, ਫਰਾਂਸ ਅਤੇ ਯੂਨਾਨ (ਗਰੀਸ) ਦੇ ਕਾਲਜਾਂ ਦੇ ਕਲਾਸ ਰੂਮਾਂ ਅਤੇ ਕੈਪਸਾਂ ਤੱਕ ਫੈਲਦਾ ਨਜ਼ਰ ਆ ਰਿਹਾ ਹੈ। ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਆਪਣੇ ਸ਼ਾਨਦਾਰ ਇਤਿਹਾਸ ’ਤੇ ਮਾਣ ਹੈ। ਜਦੋਂ 1985 ਵਿਚ ਅਮਰੀਕੀ ਕੰਪਨੀਆਂ ਨੇ ਦੱਖਣੀ ਅਮਰੀਕਾ ਨਾਲ ਨਸਲੀ ਆਧਾਰ ’ਤੇ ਵਿਤਕਰੇ ਅਤੇ ਗ਼ੁਲਾਮ ਪ੍ਰਥਾ ਦੀ ਵਾਪਸੀ ’ਤੇ ਜ਼ੋਰ-ਸ਼ੋਰ ਨਾਲ ਕੰਮ ਕਰਨਾ ਸੁਰੂ ਕੀਤਾ ਤਾਂ ਇਨ੍ਹਾਂ ਵਿਦਿਆਰਥੀਆਂ ਨੇ ਇਸ ਦਾ ਇੰਨਾ ਜ਼ਬਰਦਸਤ ਵਿਰੋਧ ਕੀਤਾ ਕਿ ਕੰਪਨੀਆਂ ਨੂੰ ਆਪਣੀਆਂ ਕਾਰੋਬਾਰੀ ਨੀਤੀਆਂ (ਬਿਜ਼ਨਸ ਪਾਲਿਸੀਜ਼) ਫਿਰ ਤੋਂ ਬਣਾਉਣੀਆਂ ਪਈਆਂ। ਇਸੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੈਂਪਸ ਵਿਚ ਕਤਲ ਕੀਤੇ ਗਏ ਅਫਰੀਕੀ ਨੇਤਾ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਮੈਲਕਮ ਐਕਸ ਦੀ ਹੱਤਿਆ ਵਾਲੇ ਹਾਲ ਨੂੰ ਬਾਇਉ-ਮੈਡੀਕਲ ਰਿਸਰਚ ਸੈਂਟਰ ਵਿਚ ਤਬਦੀਲ ਕਰਨ ਦਾ ਵਿਰੋਧ ਕੀਤਾ ਸੀ ਅਤੇ ਕਾਮਯਾਬ ਰਹੇ ਸਨ। ਇਹ ਯੂਨੀਵਰਸਿਟੀ ਅੱਜ ਫਿਰ ਤੋਂ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੇ ਖਤਰਿਆਂ ਅਤੇ ਦਿਨੋ-ਦਿਨ ਜੰਗਾਲੀ ਜਾ ਰਹੀ ਬੌਧਿਕਤਾ ਦੇ ਦੌਰ ਵਿਚ ਮਨੁੱਖੀ ਸੰਵੇਦਨਾ ਅਤੇ ਰਹਿਮਦਿਲੀ ਦੀ ਮਿਸਾਲ ਬਣ ਕੇ ਕਿਤਾਬਾਂ ਤੇ ਵਿਚਾਰਾਂ ਦੀ ਹਥਿਆਰਾਂ, ਜੰਗਾਂ ਤੇ ਜਬਰ-ਦਾਬਿਆਂ ਖਿਲਾਫ ਲਗਾਤਾਰ ਚੱਲਦੇ ਯੁੱਧ ਦਾ ਪ੍ਰਤੀਕ ਬਣ ਕੇ ਉਭਰੀ ਹੈ।
ਅੱਜ ਇਸੇ ਯੂਨੀਵਰਸਿਟੀ ਦਾ ਪ੍ਰਸ਼ਾਸਨ ਅਤੇ ਅਮਰੀਕਾ ਦਾ ਮੁੱਖ ਧਾਰਾ ਮੀਡੀਆ ਵਿਦਿਆਰਥੀਆਂ ਦੀ ਸਿਆਸਤ ’ਤੇ ਵਿਅੰਗ ਕਰਦਿਆਂ ਆਖਦਾ ਹੈ ਕਿ ਵਿਦਿਆਰਥੀ ਗਾਜ਼ਾ ਬਾਰੇ ਗ਼ਲਤਫਹਿਮੀਆਂ ਦਾ ਸ਼ਿਕਾਰ ਹਨ। ਵ੍ਹਾਈਟ ਹਾਊਸ ਦੇ ਜਾਰੀ ਖਾਸ ਬਿਆਨ ਵਿਚ ਇਹ ਕਿਹਾ ਗਿਆ ਕਿ ਇਹ ਐਂਟੀ-ਸਮਿਟਿਕ ਵਿਰੋਧ ਦੀ ਹੀ ਇੱਕ ਕਿਸਮ ਹੈ। ਵ੍ਹਾਈਟ ਹਾਊਸ ਦੇ ਬੁਲਾਰੇ ਐਂਡਰਿਊ ਬੇਟਸ ਨੇ ਇਸ ਬਾਬਤ ਕਿਹਾ, “ਹਿੰਸਾ ਅਤੇ ਸਰੀਰਕ ਹਮਲਿਆਂ ਦੀ ਧਮਕੀ, ਯਹੂਦੀ ਵਿਦਿਆਰਥੀਆਂ ਤੇ ਯਹੂਦੀ ਭਾਈਚਾਰੇ ਬਾਰੇ ਟਿੱਪਣੀਆਂ ਯਹੂਦੀ ਵਿਰੋਧ ਦਾ ਹੀ ਇੱਕ ਰੂਪ ਹੈ ਜੋ ਐਂਟੀ-ਸਮਿਟਿਕ, ਗ਼ਲਤ ਅਤੇ ਖ਼ਤਰਨਾਕ ਹੈ।” ਧਰਨੇ ’ਤੇ ਬੈਠੇ ਵਿਦਿਆਰਥੀਆਂ ਵਿਰੁੱਧ ਗੁੰਡਾ ਅਨਸਰਾਂ ਦੇ ਹਮਲਿਆਂ ਦੀਆਂ ਖ਼ਬਰਾਂ ਦੇ ਨਾਲ-ਨਾਲ ਪੁਲਿਸ ਅਤੇ ਪ੍ਰਸ਼ਾਸਨ ਇਨ੍ਹਾਂ ਵਿਰੁੱਧ ਅਫ਼ਵਾਹਾਂ ਤੇ ਝੂਠ ਦਾ ਪ੍ਰਚਾਰ-ਪ੍ਰਸਾਰ ਵੀ ਖ਼ੂਬ ਕਰ ਰਿਹਾ ਹੈ ਜਿਸ ਦਾ ਵਿਦਿਆਰਥੀ ਢੁੱਕਵਾਂ ਜੁਆਬ ਦੇਣ ਦੀ ਕੋਸ਼ਿਸ ਕਰ ਰਹੇ ਹਨ। ਸੋਸ਼ਲ ਮੀਡੀਆ ਪਲੈਟਫਾਰਮ ਇਨ੍ਹਾਂ ਧਰਨਿਆਂ ਅਤੇ ਪੁਲਿਸ ਦੀ ਮਾਰ-ਕੁੱਟ ਦੇ ਵੀਡੀਉ ਨਾਲ ਭਰੇ ਪਏ ਹਨ।
ਅਮਰੀਕਾ ਦੇ ਪ੍ਰਮੁੱਖ ਅਖਬਾਰ ‘ਦਿ ਨਿਊ ਯਾਰਕਰ ਟਾਈਮਜ਼` ਵਿਚ ਲੱਗੀ ਖ਼ਬਰ ਅਨੁਸਾਰ 18 ਅਪਰੈਲ (2024) ਨੂੰ ਅਮਰੀਕਾ ਦੀ ਦੰਗਾ ਰੋਕੂ ਪੁਲਿਸ ਨੇ ਕੋਲੰਬੀਆ ਯੂਨੀਵਰਸਿਟੀ ਕੈਂਪਸ ਵਿਚ ਦਾਖਿਲ ਹੋ ਕੇ 108 ਵਿਦਿਆਰਥੀ ਪ੍ਰਦਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਵਿਦਿਆਰਥੀਆਂ ਦੇ ਟੈਂਟ ਉਖਾੜ ਦਿੱਤੇ। ਅਮਰੀਕਾ ਦੇ ਹੀ ਇੱਕ ਹੋਰ ਮੀਡੀਆ ਅਦਾਰੇ ਐੱਨਬੀਸੀ ਨਿਊਜ਼ ਦੀ ਖ਼ਬਰ ਅਨੁਸਾਰ ਯੂਨੀਵਰਸਿਟੀ ਦੀ ਪ੍ਰੈਂਜੀਡੈਟ ਨੇਮਤ ਮਿਨੋਚੇ ਸ਼ਫੀਕ ਨੇ ਯੂਨੀਵਰਸਿਟੀ ਕੈਂਪਸ ਵਿਚ ਪੁਲਿਸ ਬੁਲਾੳਣ ਦਾ ਫ਼ੈਸਲਾ ਵਿਦਿਆਰਥੀਆਂ ਨੂੰ ਕਈ ਵਾਰ ਸਮਝਾਉਣ ਤੋਂ ਬਾਅਦ ਕੀਤਾ; ਦੂਜੇ ਪਾਸੇ, ਪੁਲਿਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਕਾਰਵਾਈ ਖਿਲਾਫ ਵਿਦਿਆਰਥੀਆਂ ਦਾ ਕਹਿਣਾ ਸੀ, “ਸਾਡਾ ਵਿਰੋਧ ਪੂਰੀ ਤਰ੍ਹਾਂ ਨੈਤਿਕ ਅਤੇ ਜ਼ਰੂਰੀ ਹੈ।” ਇਨ੍ਹਾਂ ਅਖ਼ਬਾਰਾਂ ਸਮੇਤ ਬਹੁਤੇ ਅਖ਼ਬਾਰਾਂ ਦੇ ਮੁੱਖ ਪੰਨਿਆਂ ’ਤੇ ਵਿਦਿਆਰਥੀਆਂ ਨਾਲ ਟਕਰਾਉ ਤੋਂ ਬਾਅਦ ਖਿੜਕੀਆਂ-ਦਰਵਾਜ਼ਿਆਂ ਦੇ ਟੁੱਟੇ ਸ਼ੀਸ਼ਿਆਂ, ਟੁੱਟੀਆਂ ਕੁਰਸੀਆਂ-ਮੇਜ਼ਾਂ ਜਾਂ ਕੈਂਪਸ ਵਿਚ ਭੰਨਤੋੜ ਦੀਆਂ ਤਸਵੀਰਾਂ ਲਗਾਈਆਂ ਗਈਆਂ। ਦੂਜੇ ਪਾਸੇ, ਵਿਦਿਆਰਥੀਆਂ ਨੇ ਆਪਣਾ ਇਹ ਸੰਘਰਸ਼ ਫ਼ਲਸਤੀਨ ਵਿਚ ਮਾਰੀ ਗਈ ਛੇ ਸਾਲ ਬੱਚੀ ਹਿੰਦ ਰਜਬ ਦੇ ਨਾਮ ਕਰਦਿਆ ਕੈਂਪਸ ਦੇ ਮੁੱਖ ਹਾਲ ਹੈਮਲਿਟਨ ਨੂੰ ਉਸ ਨੂੰ ਸਮਰਪਿਤ ਕਰ ਦਿੱਤਾ। ਛੇ ਸਾਲਾਂ ਦੀ ਬੱਚੀ ਹਿੰਦ ਰਜਬ ਦੀ ਕਹਾਣੀ ਬੇਹੱਦ ਦਿਲ-ਕੰਬਾਊ ਹੈ। ਉਹ ਬੱਚੀ ਆਪਣੇ ਪਰਿਵਾਰਕ ਜੀਆਂ ਨਾਲ ਇਜ਼ਰਾਈਲੀ ਟੈਕਾਂ ਦੀ ਫਾਇਰਿੰਗ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਸੀ ਜਦ ਇਜ਼ਰਾੲਲਿੀ ਫੌਜੀਆਂ ਨੇ ਉਨ੍ਹਾਂ ਦੀ ਕਾਰ ’ਤੇ ਅੰਧਾਧੁੰਦ ਫਾਇਰਿੰਗ ਕੀਤੀ। ਇਸ ਫਾਇਰਿੰਗ ਵਿਚ ਉਸ ਦੇ ਸਾਰੇ ਪਰਿਵਾਰਕ ਜੀਅ ਮਾਰੇ ਗਏ। ਇਸ ਤੋਂ ਬਾਅਦ ਉਹ ਲਗਾਤਾਰ ਤਿੰਨ ਘੰਟੇ ਮਦਦ ਲਈ ਕਦੇ ਐਮਰਜੈਂਸੀ ਨੰਬਰਾਂ, ਕਦੇ ਹਸਪਤਾਲਾਂ, ਕਦੇ ਐਂਬੂਲੈਂਸ ਨੂੰ ਫੋਨ ਕਰਦੀ ਰਹੀ ਪਰ ਕਿਸੇ ਪਾਸਿਉਂ ਮਦਦ ਨਾ ਬਹੁੜੀ। ਬੀਬੀਸੀ ਵਿਚ ਛਪੀ ਖਾਸ ਰਿਪੋਰਟ ਅਨੁਸਾਰ, ਇਸੇ ਦੌਰਾਨ ਉਹ ਫਿਰ ਤੋਂ ਇਜ਼ਰਾਇਲੀ ਗੋਲੀਆਂ ਦਾ ਸ਼ਿਕਾਰ ਹੋ ਗਈ। ਉਸ ਦਾ ਮ੍ਰਿਤਕ ਸਰੀਰ ਤਿੰਨ ਦਿਨਾਂ ਬਾਅਦ ਮਿਲਿਆ। ਫ਼ਲਸਤੀਨ ਵਿਚ ਕੰਮ ਕਰ ਰਹੀ ਮਨੁੱਖੀ ਅਧਿਕਾਰ ਸੰਸਥਾ ‘ਫਲਸਤੀਨ ਰੈੱਡ ਕਰੈਸੈਂਟ ਸੁਸਾਇਟੀ` ਅਨੁਸਾਰ, ਉਸ ਦੀ ਮਦਦ ਲਈ ਗਏ ਦੋ ਸਿਹਤ ਕਾਮੇ ਵੀ ਉਸ ਬੱਚੀ ਦੇ ਨਾਲ ਹੀ ਕਤਲ ਕਰ ਦਿੱਤੇ ਗਏ; ਇਜ਼ਰਾਇਲੀ ਫੌਜ ਸਿਰਫ ‘ਜੰਗ` ਨਹੀਂ ਲੜ ਰਹੀ, ਉਹ ਜਾਣ-ਬੁੱਝ ਕੇ ਸਿਹਤ ਕਰਮੀਆਂ, ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਫਲਸਤੀਨੀਆਂ ਦੀ ਸਹਾਇਤਾ ਕਰਨ ਵਾਲਿਆਂ ਨੂੰ ਗੋਲੀ ਮਾਰ ਰਹੇ ਹਨ। ਹਿੰਦ ਰਜਬ ਦੀ ਮਾਂ ਨੇ ਬੱਚੀ ਦੇ ਕਤਲ ਲਈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ, ਅਮਰੀਕੀ ਰਾਸ਼ਟਰਪਤੀ ਬਾਇਡਨ ਅਤੇ ਹਰ ਉਸ ਇਨਸਾਨ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਜਿਹੜਾ ਸਭ ਕੁਝ ਜਾਣਦਿਆਂ ਵੀ ਗਾਜ਼ਾ ਦੇ ਕਤਲੇਆਮ ਬਾਰੇ ਅੱਖਾਂ, ਕੰਨ ਅਤੇ ਮੂੰਹ ਬੰਦ ਕਰੀ ਹੈ। ਕੋਲੰਬੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਨੁਸਾਰ, ਹਿੰਦ ਰਜਬ ਦਾ ਕਤਲ ਉਹ ਕੀਮਤ ਹੈ ਜਿਹੜੀ ਅਸੀਂ ਗਾਜ਼ਾ ਅਤੇ ਫਲਸਤੀਨ ਵਿਚ ਥੋਪੀ ਜੰਗ ਲਈ ਅਦਾ ਕਰ ਰਹੇ ਹਾਂ।
ਹਿੰਦ ਰਜਬ ਲਈ ਇਨਸਾਫ ਮੰਗਣ ਤੋਂ ਇਲਾਵਾ ਵਿਦਿਆਰਥੀਆਂ ਦੀਆਂ ਬਾਕੀ ਮੰਗਾਂ ਵੀ ਅੱਜ ਦੇ ਦੌਰ ਦੀ ਗਲੋਬਲੀ ਸਿਆਸਤ ’ਤੇ ਤਿੱਖੇ ਸਵਾਲ ਖੜ੍ਹੇ ਕਰਦੀਆਂ ਹਨ। ਵਿਦਿਆਰਥੀਆਂ ਦੀ ਸਭ ਤੋਂ ਅਹਿਮ ਮੰਗ ਯੂਨੀਵਰਸਿਟੀ ਵੱਲੋਂ ਉਨ੍ਹਾਂ ਕੰਪਨੀਆਂ ਨਾਲੋਂ ਨਾਤਾ ਤੋੜਨਾ ਹੈ ਜਿਹੜੀਆਂ ਕਿਸੇ ਵੀ ਪੱਧਰ ’ਤੇ ਇਜ਼ਰਾਈਲ ਨਾਲ ਸਿੱਧੇ ਜਾਂ ਅਸਿੱਧੇ ਕਾਰੋਬਾਰ ਵਿਚ ਸ਼ਾਮਿਲ ਹਨ। ਇਹ ਮਸਲਾ ਸਿੱਧੇ ਤੌਰ ’ਤੇ ਗੈਰ-ਜ਼ਰੂਰੀ ਅਤੇ ਮਾਨਵਤਾ ਵਿਰੋਧੀ ਜੰਗ ਤੋਂ ਲਾਹਾ ਖੱਟ ਰਹੀਆਂ ਬਹੁ-ਕੌਮੀ ਕੰਪਨੀਆਂ ਦੇ ਬਾਈਕਾਟ ਨਾਲ ਜਾ ਜੁੜਦਾ ਹੈ। ਦੂਜਾ ਮੁੱਦਾ ਫਲਸਤੀਨੀਆਂ ਦੇ ਸਮੂਹਿਕ ਘਾਣ ਦਾ ਹੈ ਜਿਸ ਕਾਰਨ ਸਮੁੱਚੀ ਮਨੁੱਖਤਾ ਦੇ ਮਨੁੱਖੀ ਅਧਿਕਾਰਾਂ ’ਤੇ ਵੱਡਾ ਸਵਾਲ ਖੜ੍ਹਾ ਹੋ ਚੁੱਕਿਆ ਹੈ। ਵਿਦਿਆਰਥੀਆਂ ਨੇ ਫਲਸਤੀਨੀਆਂ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆ ਜੰਗ ਦੀ ਸਿਆਸਤ ਨੂੰ ਰੱਦ ਕਰਨ ਅਤੇ ਫਲਸਤੀਨ ਨੂੰ ਇਨਸਾਫ ਦਿੱਤੇ ਜਾਣ ਦਾ ਨਾਅਰਾ ਬੁਲੰਦ ਕੀਤਾ।
ਇਸ ਤੋਂ ਇਲਾਵਾ ਵਿਦਿਆਰਥੀ ਇਜ਼ਰਾਈਲ ਦਾ ਆਰਥਿਕ-ਸਿਆਸੀ ਬਾਈਕਾਟ ਕਰਨ, ਉਸ ਨਾਲ ਕਾਰੋਬਾਰ ਬੰਦ ਕਰਨ ਅਤੇ ਉਸ ’ਤੇ ਵਪਾਰਕ ਪਾਬੰਦੀਆਂ ਲਗਾਉਣ ਦੀ ਮੰਗ ਵੀ ਕਰ ਰਹੇ ਹਨ। ਇਸ ਨਾਲ ਇਜ਼ਰਾਈਲ ਦੀ ਨਾ ਸਿਰਫ ਜੰਗ ਨੂੰ ਜਾਰੀ ਰੱਖਣ ਦੀ ਜ਼ਿੱਦ ’ਤੇ ਸਿੱਧਾ ਅਸਰ ਪਵੇਗਾ ਬਲਿਕ ਉਹ ਗਲੋਬਲ ਪੱਧਰ ’ਤੇ ਵੀ ਅਲੱਗ-ਥਲੱਗ ਪੈ ਜਾਵੇਗਾ। ਇਨ੍ਹਾਂ ਸਾਰੀਆਂ ਮੰਗਾਂ ਤੋਂ ਉਪਰ ਸਭ ਤੋਂ ਅਹਿਮ ਮੰਗ ਫਲਸਤੀਨ ਨੂੰ ਮੁਲਕ ਵਜੋਂ ਬਣਦਾ ਹੱਕ ਦੇਣ ਦੀ ਹੈ, ਫਲਸਤੀਨੀਆਂ ਦੀ ਵੱਖਰੀ ਪਛਾਣ ਅਤੇ ਹੋਂਦ ਨੂੰ ਸਵੀਕਾਰ ਕੇ ਉਨ੍ਹਾਂ ਦੀ ਪ੍ਰਭੂਸੱਤਾ, ਇਤਿਹਾਸ ਅਤੇ ਆਜ਼ਾਦੀ ਨੂੰ ਪੱਕੇ ਪੈਰੀਂ ਕਰਨ ਦੀ ਹੈ। ਇਸ ਦੇ ਨਾਲ ਹੀ ਵਿਦਿਆਰਥੀ ਫਲਸਤੀਨੀ ਬਿਰਤਾਂਤ ਨੂੰ ਯੂਨੀਵਰਸਿਟੀ ਸਿਲੇਬਸਾਂ ਦਾ ਹਿੱਸਾ ਬਣਾਉਣ ਦੀ ਮੰਗ ਵੀ ਕਰ ਰਹੇ ਹਨ।
ਅੱਜ ਗਾਜ਼ਾ ਦੁਨੀਆ ਭਰ ਦੇ ਮੁਲਕਾਂ ਦੀਆਂ ਸਰਕਾਰਾਂ, ਮਨੁੱਖੀ ਅਧਿਕਾਰ ਸੰਸਥਾਵਾਂ, ਆਜ਼ਾਦੀ ਤੇ ਸੋਚਣ, ਸਮਝਣ, ਬਿਹਤਰ ਜ਼ਿੰਦਗੀ ਜੀਣ ਦੇ ਅੰਦੋਲਨਾਂ ਵਿਚ ਸ਼ਾਮਿਲ ਹੋਣ ਵਾਲਿਆਂ ਲਈ ਲਿਟਮਸ ਟੈਸਟ ਹੈ। ਤੁਸੀਂ ਕਿਸੇ ਵੀ ਪੱਧਰ ’ਤੇ ਜਮਹੂਰੀਅਤ, ਘੱਟ-ਗਿਣਤੀਆਂ ਦੀ ਵਿਲੱਖਣਤਾ, ਔਰਤਾਂ ਤੇ ਬੱਚਿਆਂ ਦੇ ਅਧਿਕਾਰਾਂ, ਪੱਛੜੇ ਤੇ ਸ਼ੋਸ਼ਿਤ ਵਰਗਾਂ ਦੀ ਲੜਾਈ ਲੜ ਰਹੇ ਹੋਵੋ, ਤੁਸੀਂ ਕਵੀ, ਸੰਗੀਤਕਾਰ, ਲੇਖਕ, ਅਧਿਆਪਕ, ਡਾਕਟਰ ਹੋਵੋ, ਕੋਲੰਬੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਕਹਿਣ ਵਾਂਗ ਤੁਸੀਂ ‘ਨੈਤਿਕ` ਤੌਰ ’ਤੇ ਗਾਜ਼ਾ ਲਈ ਜਵਾਬਦੇਹ ਹੋ। ਦਰਅਸਲ ਹਿੰਦ ਰਜਬ ਦੀ ਉਹ ਆਖਰੀ ਫੋਨ ਕਾਲ ਤੁਹਾਡੇ ਲਈ ਵੀ ਸੀ/ਹੈ, ਹੁਣ ਫੈਸਲਾ ਤੁਸੀਂ ਕਰਨਾ ਹੈ।