ਅਦਾਕਾਰਾ ਲਾਰਾ ਦੱਤਾ ਨੇ ਦਿੱਤਾ ਬਰਾਬਰੀ ਦਾ ਹੋਕਾ

ਆਮਨਾ ਕੌਰ
ਅਦਾਕਾਰਾ ਲਾਰਾ ਦੱਤਾ ਅੱਜ ਕੱਲ੍ਹ ਵੈੱਬ ਸੀਰੀਜ਼ ‘ਰਣਨੀਤੀ: ਬਾਲਾਕੋਟ ਐਂਡ ਵਿਯੌਂਡ’ ਵਿਚ ਨਜ਼ਰ ਆ ਰਹੀ ਹੈ।

ਇਸ ਵੈੱਬ ਸੀਰੀਜ਼ ਵਿਚ ਉਸ ਦੀ ਅਦਾਕਾਰੀ ਦੀ ਖੂਬ ਤਾਰੀਫ ਹੋ ਰਹੀ ਹੈ। ਹਾਲ ਹੀ ਵਿਚ ਉਸ ਨੇ ਹਿੰਦੀ ਫਿਲਮ ਜਗਤ ਵਿਚ ਔਰਤ ਅਦਾਕਾਰਾਵਾਂ ਨੂੰ ਮਿਲ ਰਹੇ ਮਿਹਨਤਾਨੇ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ। ਉਹ ਸਪਸ਼ਟ ਆਖਦੀ ਹੈ, “ਜੇ ਮੈਂ ਆਪਣੀ ਪੀੜ੍ਹੀ ਦੀਆਂ ਅਦਾਕਾਰਾਵਾਂ ਦੀ ਗੱਲ ਕਰਾਂ ਤਾਂ ਸਭ ਤੋਂ ਵੱਡਾ ਮਸਲਾ ਮਿਹਨਤਾਨੇ ਵਿਚ ਨਾ-ਬਰਾਬਰੀ ਦਾ ਸੀ ਅਤੇ ਇਹ ਲੜਾਈ ਸਾਨੂੰ ਅੱਜ ਤੱਕ ਲੜਨੀ ਪੈ ਰਹੀ ਹੈ। ਹਿੰਦੀ ਫਿਲਮ ਜਗਤ ਵਿਚ ਔਰਤਾਂ ਨੂੰ ਪੁਰਸ਼ਾਂ ਦੇ ਮਕਾਬਲੇ ਬਹੁਤ ਘੱਟ ਫੀਸ ਮਿਲਦੀ ਹੈ ਹਾਲਾਂਕਿ ਔਰਤਾਂ ਨੂੰ ਪੁਰਸ਼ਾਂ ਨਾਲੋਂ ਵੱਧ ਮਿਹਨਤ ਕਰਨੀ ਪੈਂਦੀ ਹੈ। ਅੱਜ ਹਾਲਾਤ ਇਹ ਹਨ ਕਿ ਅਦਾਕਾਰਾਵਾਂ ਨੂੰ ਪੁਰਸ਼ ਕਲਾਕਾਰ ਦੇ ਮੁਕਾਬਲੇ ਸਿਰਫ 10ਵਾਂ ਹਿੱਸਾ ਮਿਹਨਤਾਨਾ ਹੀ ਮਿਲਦਾ ਹੈ।”
ਉਸ ਦਾ ਕਹਿਣਾ ਹੈ ਕਿ ਇਹ ਸਭ ਮਰਦ ਪ੍ਰਧਾਨ ਫਿਲਮਾਂ ਕਾਰਨ ਹੋਇਆ। ਇਕ ਵਕਤ ਤਾਂ ਅਜਿਹਾ ਵੀ ਆਇਆ ਸੀ ਕਿ ਮਰਦ ਅਦਾਕਾਰਾਂ ਨੂੰ ਹੀ ਫਿਲਮ ਦੀ ਜਿੰਦ-ਜਾਨ ਮੰਨਿਆ ਜਾਂਦਾ ਸੀ, ਅਦਾਕਾਰਾਵਾਂ ਨੂੰ ਤਾਂ ਸਿਰਫ ਸਰੀਰਕ ਦਿਖਾਵੇ ਵਜੋਂ ਹੀ ਫਿਲਮ ਵਿਚ ਲਿਆ ਜਾਂਦਾ ਸੀ ਪਰ ਹੁਣ ਬਹੁਤ ਕੁਝ ਬਦਲ ਗਿਆ ਹੈ। ਬਹੁਤ ਸਾਰੀਆਂ ਅਜਿਹੀਆਂ ਫਿਲਮਾਂ ਆਈਆਂ ਹਨ ਕਿ ਜਿਨ੍ਹਾਂ ਵਿਚ ਮੁੱਖ ਕਿਰਦਾਰ ਅਦਾਕਾਰਾਵਾਂ ਨੇ ਨਿਭਾਇਆ ਅਤੇ ਫਿਲਮਾਂ ਹਿੱਟ ਵੀ ਹੋਈਆਂ।
ਲਾਰਾ ਦੱਤਾ ਨੇ ਇਸ ਪੱਖੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਹੁਣ ਫਿਲਮ ਜਗਤ ਵਿਚ ਅਦਾਕਾਰਾਵਾਂ ਦੀ ਉਮਰ ਦੇ ਮਾਮਲੇ ਵਿਚ ਵੱਡੀ ਤਬਦੀਲੀ ਆਈ ਹੈ। ਵੱਡੀ ਉਮਰ ਦੀਆਂ ਅਦਾਰਕਾਰਾਵਾਂ ਨੂੰ ਵਧੀਆ ਰੋਲ ਮਿਲ ਰਹੇ ਹਨ। ਪਹਿਲਾਂ ਤਾਂ ਵਿਆਹ ਅਤੇ ਬੱਚਿਆਂ ਤੋਂ ਬਾਅਦ ਅਦਾਕਾਰਾਵਾਂ ਦਾ ਕਰੀਅਰ ਹੀ ਚੌਪਟ ਹੋ ਜਾਂਦਾ ਸੀ।