ਲੋਕ ਸਭਾ ਚੋਣਾਂ ਤੇ ਵਰਤਮਾਨ ਹਾਕਮ

ਗੁਲਜ਼ਾਰ ਸਿੰਘ ਸੰਧੂ
ਫੋਨ: 91-98157-78469
ਲੋਕ ਸਭਾ ਚੋਣਾਂ ਦਾ ਬਿਗਲ ਵਜਦੇ ਹੀ ਵਰਤਮਾਨ ਕਰਤੇ ਧਰਤਿਆਂ ਦੇ ਪੈਰਾਂ ਥਲਿਓਂ ਜ਼ਮੀਨ ਖਿਸਕਣ ਲੱਗ ਪਈ ਹੈ| ਇਸਦਾ ਪ੍ਰਥਮ ਸੰਕੇਤ ਪ੍ਰਧਾਨ ਮੰਤਰੀ ਵਲੋਂ ਅੱਧੀ ਸਦੀ ਪਹਿਲਾਂ ਸ੍ਰੀਲੰਕਾ ਨੂੰ ਸੌਂਪੇ ਗਏ ਕਚਾਥੀਵੂ ਟਾਪੂ ਬਾਰੇ ਕਿੰਤੂ-ਪ੍ਰੰਤੂ ਤੋਂ ਮਿਲ ਗਿਆ ਸੀ| ਉਸ ਦੇਸ਼ ਦੀ ਨੀਅਤ ਉਤੇ ਸ਼ੱਕ ਕਰਨ ਦੇ ਰੂਪ ਵਿਚ ਜਿਸ ਨਾਲ ਆਜ਼ਾਦੀ ਤੋਂ ਪਿਛੋਂ 1983 ਦੀਆਂ ਘਟਨਾਵਾਂ ਤੋਂ ਬਿਨਾ, ਸਾਡੇ ਸਬੰਧ ਸਦਾ ਹੀ ਸੁਖਾਵੇਂ ਰਹੇ ਹਨ| ਇਸ ਤੋਂ ਪਿਛੋਂ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਉਤੇ ਮੁਸਲਿਮ ਲੀਗ ਦੀ ਛਾਪ ਗਰਦਾਨਣ ਨੇ ਉਹ ਸ਼ਬਦਾਵਲੀ ਚੇਤੇ ਕਰਾ ਦਿੱਤੀ ਜਿਸਦੀ ਵਰਤੋਂ ਉਹ ਮੁੱਖ ਮੰਤਰੀ ਗੁਜਰਾਤ ਦੇ 2002 ਦੇ ਮੁਸਲਿਮ-ਵਿਰੋਧੀ ਕਤਲੇਆਮ ਦੇ ਪ੍ਰਸੰਗ ਵਿਚ ਆਪਣੇ ਭਾਸ਼ਣਾਂ ’ਚ ਕਰਦੇ ਸਨ|

ਹੁਣ ਰਾਜਸਥਾਨ ਦੇ ਬਾਂਸਵਾੜਾ ’ਚ ਦਿੱਤਾ ਭਾਸ਼ਣ ਤਾਂ ਬੌਖਲਾਹਟ ਦੀ ਸਿਖਰ ਹੈ ਜਿੱਥੇ ਅਜੇ ਕੁੱਛ ਹੀ ਮਹੀਨੇ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਕਾਫੀ ਵੱਡੀ ਜਿੱਤ ਹਾਸਲ ਹੋਈ ਸੀ, ਪਰ 19 ਅਪਰੈਲ ਦੇ ਮਤਦਾਨ ’ਚ ਉਸਦਾ ਗ੍ਰਾਫ਼ ਕਾਫ਼ੀ ਹੇਠਾਂ ਡਿੱਗ ਗਿਆ ਲੱਗਦਾ ਹੈ| ਆਪਣੇ ਭਾਸ਼ਣ ’ਚ ਪ੍ਰਧਾਨ ਮੰਤਰੀ ਦਾ ਇਹ ਦੋਸ਼ ਲਾਉਣਾ ਕਿ ਕਾਂਗਰਸ ਤਾਂ ਮੁਸਲਮਾਨਾਂ ਨੂੰ, ਜਿਨ੍ਹਾਂ ਨੂੰ ਮੋਦੀ ਨੇ ‘ਘੁਸਪੈਠੀਏ’ ਅਤੇ ‘ਜ਼ਿਆਦਾ ਬੱਚਿਆਂ ਵਾਲੇ’ ਕਹਿ ਕੇ ਸੰਬੋਧਨ ਕੀਤਾ, ਸਰਕਾਰੀ ਸਰੋਤਾਂ ’ਤੇ ਪਹਿਲਾ ਅਧਿਕਾਰ ਦੇਣ ਲਈ ਵਚਨਬੱਧ ਹੈ| ਇਹ ਕਹਿ ਕੇ ਕਿ ਆਪਣੇ ਕਾਰਜਕਾਲ ਵਿਚ ਮਨਮੋਹਨ ਸਿੰਘ ਨੇ ਇਸ ਦਾ ਵਾਅਦਾ ਕੀਤਾ ਸੀ| ਏਥੋਂ ਤੱਕ ਕਿ ਜੇ ਕਾਂਗਰਸ ਸੱਤਾ ’ਚ ਆਉਂਦੀ ਹੈ ਤਾਂ, ਹਿੰਦੂ ਔਰਤਾਂ ਦਾ ਸੋਨਾ ਅਤੇ ਮੰਗਲ-ਸੂਤਰ ਖੋਹ ਕੇ, ਮੁਸਲਮਾਨਾਂ ’ਚ ਵੰਡ ਦੇਵੇਗੀ| ਇਸਦਾ ਮੰਤਵ ਆਪਣੀਆਂ ਨੀਤੀਆਂ ਖ਼ਿਲਾਫ਼ ਖੜ੍ਹੇ, ਦੱਬੇ-ਕੁਚਲੇ ਗਰੀਬ ਵਰਗਾਂ ਦੇ ਵੱਖ-ਵੱਖ ਭਾਈਚਾਰਿਆਂ ’ਚ ਫੁੱਟ ਪਾਉਣ ਤੋਂ ਬਿਨਾ ਹੋਰ ਕੁਝ ਨਹੀਂ| ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਆਪਣੇ ਭਾਸ਼ਣ ’ਚ ਇਹ ਕਹਿ ਕੇ ਆਉਣ ਵਾਲੇ ਦਿਨਾਂ ਦਾ ਇਸ਼ਾਰਾ ਕਰ ਚੁੱਕੇ ਹਨ ਕਿ ਕਾਂਗਰਸ, ਭਾਰਤ ’ਚ ਸ਼ਰੀਆ ਕਾਨੂੰਨ ਲਾਗੂ ਕਰਨਾ ਚਾਹੁੰਦੀ ਹੈ| ਉਨ੍ਹਾਂ ਨੂੰ ਲੱਗਦਾ ਹੈ ਕਿ ਫ਼ਿਰਕੂ ਧਰੁਵੀਕਰਨ ਵੱਲ ਪਰਤਣਾ, ਉਨ੍ਹਾਂ ਦੀ ਚੋਣ ਮੁਹਿੰਮ ਲਈ ਸਮਰਥਨ ਜੁਟਾਉਣ ਲਈ ਤਾਂ ਜ਼ਰੂਰੀ ਹੈ ਹੀ, ਇਸ ਦੇ ਨਾਲ ਹੀ ਮੋਦੀ ਰਾਜ ਦੀਆਂ ਨੀਤੀਆਂ ਦੀ ਅਸਫ਼ਲਤਾ ’ਤੇ ਲੋਕਾਂ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਵੀ ਜ਼ਰੂਰੀ ਹੈ| ਹੁਣ ਤਾਂ ਪ੍ਰਧਾਨ ਮੰਤਰੀ ਏਥੋਂ ਤੱਕ ਕਹਿ ਗਏ ਹਨ ਕਿ ਜੇ ਕਾਂਗਰਸ ਦੀ ਸਰਕਾਰ ਬਣੀ ਤਾਂ ਹਰ ਕਿਸੇ ਦੀ ਵਾਧੂ ਜਾਇਦਾਦ ‘ਘੁਸਪੈਠੀਏ ਮੁਸਲਮਾਨਾਂ’ ਨੂੰ ਵੰਡ ਦਿੱਤੀ ਜਾਵੇਗੀ| 21 ਅਪ੍ਰੈਲ ਐਤਵਾਰ ਨੂੰ ਰਾਜਸਥਾਨ ਦੇ ਬਾਂਸਵਾੜਾ ਤੋਂ ਸ਼ੁਰੂ ਹੋ ਕੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਅਲੀਗੜ੍ਹ, ਮੰਗਲਵਾਰ ਨੂੰ ਰਾਜਸਥਾਨ ਦੇ ਟੌਂਕ ਵਿਚ ਤੇ ਇਸ ਤੋਂ ਪਿਛੋਂ ਵੀ ਇਹੀਓ ਭਾਸ਼ਨ ਦੇ ਰਹੇ ਹਨ ਕਿ ਜੇਕਰ ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਵਾਲਿਆਂ ਦੀ ਸਰਕਾਰ ਬਣ ਗਈ ਤਾਂ ਇਹ ਤੁਹਾਡੀਆਂ ਜ਼ਮੀਨਾਂ, ਜਾਇਦਾਦਾਂ, ਘਰ, ਧਨ-ਦੌਲਤ, ਸੋਨਾ ਆਦਿ ਸਭ ਕੁੱਝ ਖੋਹ ਲੈਣਗੇ ਅਤੇ ਇਹ ਜ਼ਿਆਦਾ ਬੱਚੇ ਪੈਦਾ ਕਰਨ ਵਾਲੇ ‘ਘੁਸਪੈਠੀਏ ਮੁਸਲਮਾਨਾਂ’ ਵਿਚ ਵੰਡ ਦੇਣਗੇ| ਹਿੰਦੂ ਔਰਤਾਂ ਨੂੰ ਵਿਸ਼ੇਸ਼ ਤੌਰ ’ਤੇ ਡਰਾਉਣ ਅਤੇ ਜਜ਼ਬਾਤੀ ਤੌਰ ’ਤੇ ਭੜਕਾਉਣ ਲਈ ਮੋਦੀ ਜੀ ਕਹਿ ਰਹੇ ਹਨ ਕਿ ਬੀਬੀਓ, ਭੈਣੋ ਇਨ੍ਹਾਂ ਕਾਂਗਰਸੀਆਂ ਅਤੇ ‘ਇੰਡੀਆ’ ਗੱਠਜੋੜ ਵਾਲਿਆਂ ਦੀ ਨਜ਼ਰ ਤੁਹਾਡੇ ਮੰਗਲ ਸੂਤਰ `ਤੇ ਹੀ ਨਹੀਂ ਤੁਹਾਡੀਆਂ ਅਲਮਾਰੀਆਂ, ਪੇਟੀਆਂ ਆਦਿ ਸਭ ਕੁੱਝ ਉੱਤੇ ਹੈ ਤੇ ਇਹ ਤੁਹਾਡੇ ਗਹਿਣੇ, ਪੈਸੇ ਤੇ ਮਾਇਆ ਸਭ ਕੁੱਝ ਲੈ ਜਾਣਗੇ| ਹੁਣ ਤਾਂ ਉਨ੍ਹਾਂ ਨੇ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਇੰਡੀਆ ਗੱਠਜੋੜ ਵਾਲੇ ਤੁਹਾਡਾ ਰਾਖਵਾਂਕਰਨ (ਰਿਜ਼ਰਵੇਸ਼ਨ) ਵੀ ਖੋਹ ਕੇ ਮੁਸਲਮਾਨਾਂ ਨੂੰ ਦੇ ਦੇਣਗੇ| ਆਪਣੇ ਮੁਖੀ ਦੇ ਇਨ੍ਹਾਂ ਭਾਸ਼ਣਾਂ ਦੀ ਰੀਸੇ ਅਮਿਤ ਸ਼ਾਹ ਤੇ ਨੱਢਾ ਆਦਿ ਭਾਜਪਾ ਨੇਤਾ ਵੀ ਏਸੇ ਤਰ੍ਹਾਂ ਦੀ ਸ਼ਬਦਾਵਲੀ ’ਤੇ ਉਤਰ ਆਏ ਹਨ|
ਅਮਿਤ ਸ਼ਾਹ ਤਾਂ ਇਥੋਂ ਤੱਕ ਪੁੱਜ ਗਿਆ ਕਿ ਹਿੰਦੂ ਮੰਦਰਾਂ ਵਿਚ ਕਈ ਅਰਬਾਂ-ਖਰਬਾਂ ਦੀ ਦੌਲਤ ਇਨ੍ਹਾਂ ਤੋਂ ਸੁਰੱਖਿਅਤ ਨਹੀਂ ਹੈ| ਇਨ੍ਹਾਂ ਦੇ ਸਿਰ-ਪੈਰ ਬਿਆਨਬਾਜ਼ੀਆਂ ਦਾ ਉਦੇਸ਼ ਹਿੰਦੂ ਵਿਚਾਰਧਾਰਾ ਵਾਲੀ ਵਸੋਂ ਵਿਚ ਮੁਸਲਮਾਨ ਵਸੋਂ ਪ੍ਰਤੀ ਗੁੱਸਾ ਅਤੇ ਨਫ਼ਰਤ ਹੋਰ ਤਿੱਖੀ ਕਰਨਾ ਹੈ, ਭਾਵੇਂ ਫਿਰਕੂ ਫਸਾਦ ਵੀ ਹੋ ਜਾਣ ਪਰ ਅਜਿਹੀਆਂ ਪ੍ਰਸਥਿਤੀਆਂ ਵਿਚ ਆਮ ਵੋਟਰ ਉਨ੍ਹਾਂ ਵਲ ਝੁਕ ਜਾਵੇ| ਇੱਕ ਪ੍ਰਧਾਨ ਮੰਤਰੀ ਆਪਣੇ ਦੇਸ਼ ਦੀ 20 ਕਰੋੜ ਵਸੋਂ ਦੇ ਖ਼ਿਲਾਫ ਸਾਰੀ ਵਸੋਂ ਨੂੰ ਉਲਝਾ ਰਿਹਾ ਹੋਵੇ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ| ਏਸ ਤਰ੍ਹਾਂ ਦੀ ਫਿਰਕੂ ਧਰੁਵੀਕਰਨ ਵਾਲੀ ਬਿਆਨਬਾਜ਼ੀ ਕਰਕੇ ਮੋਦੀ ਅਤੇ ਉਸਦੇ ਚੱਟੇ-ਵੱਟੇ ਆਪਣੇ ਚਿੱਤੇਂ ਤਾਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਸੀਂ ਤਾਂ ਪੂਰੇ ਜੋਸ਼ ਉਤਸ਼ਾਹ ਅਤੇ ਹੌਸਲੇ ਵਿਚ ਹਾਂ, ਪਰ ਲੋਕਾਂ ‘ਤੇ ਇਹ ਪ੍ਰਭਾਵ ਨਹੀਂ ਪੈ ਰਿਹਾ| ਲੋਕ ਸਿਆਣੇ ਹਨ| ਉਹ ਸਮਝਦੇ ਹਨ ਕਿ ਪ੍ਰਧਾਨ ਮੰਤਰੀ ਬੁਰੀ ਤਰ੍ਹਾਂ ਹਤਾਸ਼, ਨਿਰਾਸ਼ ਅਤੇ ਭੈਅਭੀਤ ਹੋ ਚੁੱਕੇ ਹਨ| ਏਥੋਂ ਤੱਕ ਕਿ ਦੇਸ਼ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਅਤੇ ਵੱਖ-ਵੱਖ ਸਿਵਲ ਸੰਸਥਾਵਾਂ ਨਾਲ ਜੁੜੇ ਹਜ਼ਾਰਾਂ ਬੁੱਧੀਜੀਵੀਆਂ ਨੇ ਚੋਣ ਕਮਿਸ਼ਨ ਕੋਲ ਮੋਦੀ ਵਿਰੁੱਧ ਦਰਜਨਾਂ ਸ਼ਿਕਾਇਤਾਂ ਦਰਜ ਕਰਵਾ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ| ਹਫਤਾ ਭਰ ਤਾਂ ਚੋਣ ਕਮਿਸ਼ਨ ਨੇ ਸਾਜ਼ਿਸ਼ੀ ਚੁੱਪ ਧਾਰੀ ਰੱਖੀ| ਬਹੁਤ ਜ਼ਿਆਦਾ ਰੌਲਾ ਪੈਣ ਤੋਂ ਬਾਅਦ ਚੋਣ ਕਮਿਸ਼ਨ ਨੇ ਕਾਂਗਰਸ ਪ੍ਰਧਾਨ ਖੜਗੇ ਅਤੇ ਬੀ ਜੇ ਪੀ ਪ੍ਰਧਾਨ ਨੱਢਾ ਨੂੰ ਨੋਟਿਸ ਭੇਜ ਕੇ ਗੱਲ ਨੂੰ ਟਾਲ ਦਿੱਤਾ ਹੈ ਤਾਂ ਕਿ ਇਸ ਤਰ੍ਹਾਂ ਸਮਾਂ ਲੰਘ ਜਾਏ| ਅਜਿਹਾ ਕਰਕੇ ਚੋਣ ਕਮਿਸ਼ਨ ਵੀ ਬਾਕੀ ਸੰਵਿਧਾਨਕ ਸੰਸਥਾਵਾਂ ਵਾਂਗ ਹੀ ਮੋਦੀ ਸਰਕਾਰ ਦੀ ਕੱਠਪੁਤਲੀ ਹੋਣਾ ਸਾਬਤ ਕਰ ਰਿਹਾ ਹੈ| ਇਹ ਧਾਰਨਾ ਦੇਸ਼ ਨੂੰ ਕਿੱਥੇ ਲੈ ਜਾਵੇਗੀ ਸਮੇਂ ਦੱਸੇਗਾ| ਇਸ ਵਿਚ ਦੇਸ਼ ਦਾ ਵੋਟਰ ਕੋਈ ਛੋਟਾ ਖਿਡਾਰੀ ਨਹੀਂ| ਇਸ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ| ਅੱਜ ਉਸਦੀ ਸ਼ਕਤੀ ਉੱਤਮ ਹੈ|
ਖਾਲਸਾ ਸਾਜਨਾ ਦਿਵਸ ਦਾ ਪਸਾਰਾ
2024 ਦੀਆਂ ਵਿਦੇਸ਼ੀ ਗਤੀਵਿਧੀਆਂ ਤੋਂ ਜਾਪਦਾ ਹੈ ਕਿ ਖਾਲਸਾ ਸਾਜਨਾ ਦਿਵਸ ਹੁਣ ਵਸਾਖ ਮਹੀਨੇ ਦੀ ਪਹਿਲੀ ਮਿਤੀ ਤੱਕ ਸੀਮਤ ਨਹੀਂ| ਪਾਕਿਸਤਾਨੀ ਪੰਜਾਬ ਵਿਚ ਇਹ ਦਿਹਾੜਾ ਇਕ ਸਪਤਾਹ ਪਹਿਲਾਂ ਕਰਤਾਰਪੁਰ ਸਾਹਿਬ ਵਿਖੇ ਮਨਾਇਆ ਗਿਆ| ਏਥੇ ਉਧਰਲੇ ਪੰਜਾਬ ਦੀ ਮੁਖ ਮੰਤਰੀ ਮਰੀਅਮ ਨਵਾਜ਼ ਨੇ ਸ਼ਿਰਕਤ ਕੀਤੀ ਤੇ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਵਿਚ ਹੁੱਬ ਕੇ ਕਿਹਾ ਕਿ ਅਸੀਂ ਸਭ ਪੰਜਾਬੀ ਹਾਂ| ਪੰਜਾਬ ਸਾਡਾ ਹੈ ਤੇ ਅਸੀਂ ਪੰਜਾਬ ਦੇ ਹਾਂ|
ਕੈਨੇਡਾ ਵਾਲਿਆਂ ਨੇ ਇਹ ਦਿਵਸ ਲੰਘੇ ਐਤਵਾਰ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਖੇ ਮਨਾਇਆ ਜਿਸ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਸ਼ਿਰਕਤ ਕੀਤੀ| ਜਸਟਿਨ ਟਰੂਡੇ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਨਾਲ ਕੀਤੀ| ਉਨ੍ਹਾਂ ਨੇ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਦਾ ਵਾਅਦਾ ਕੀਤਾ| ਦੱਸਣਾ ਬਣਦਾ ਹੈ ਕਿ ਪੀ ਐਮ ਟਰੂਡੋ ਦੇ ਨਾਲ ਵਿਰੋਧੀ ਧਿਰ ਦੇ ਨੇਤਾ ਪਿਏਰੇ ਪੋਇਲੀਵਰੇ ਵੀ ਮੌਜੂਦ ਸਨ| ਇਸ ਸਮਾਗਮ ਵਿਚ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਸੁਣੇ ਗਏ, ਜਿਸ ਵਿਚ ਐਨਡੀਪੀ ਆਗੂ ਜਗਮੀਤ ਸਿੰਘ ਅਤੇ ਟੋਰਾਂਟੋ ਦੀ ਮੇਅਰ ਓਲੀਵੀਆ ਚੋਅ ਵੀ ਮੌਜੂਦ ਸਨ| ਪਰ ਮੰਚ ਤੋਂ ਬੋਲਣ ਵਾਲੇ ਕਿਸੇ ਵੀ ਸਪੀਕਰ ਨੇ ਇਨ੍ਹਾਂ ਨਾਅਰਿਆਂ ਦਾ ਸਮਰਥਨ ਨਹੀਂ ਕੀਤਾ| ਇਹ ਗੱਲ ਵਖਰੀ ਹੈ ਕਿ ਪਿਛਲੇ ਸਾਲ ਕੈਨੇਡਾ ਅਤੇ ਭਾਰਤ ਦੇ ਸਬੰਧਾਂ ਵਿਚ ਤਣਾਅ ਰਿਹਾ ਹੈ| ਓਦੋਂ ਟਰੂਡੋ ਨੇ ਭਾਰਤ ’ਤੇ ਕੈਨੇਡਾ ’ਚ ਹਰਦੀਪ ਸਿੰਘ ਨਿੱਝਰ ਨੂੰ ਮਾਰਨ ਦਾ ਦੋਸ਼ ਲਗਾਇਆ ਸੀ| ਆਪਣੇ ਹੁਣ ਵਾਲੇ ਭਾਸ਼ਨ ਵਿਚ ਜਸਟਿਨ ਟਰੂਡੋ ਨੇ ਕਿਹਾ, ‘ਜਦੋਂ ਅਸੀਂ ਮਤਭੇਦਾਂ ਨੂੰ ਦੇਖਦੇ ਹਾਂ, ਤਾਂ ਸਾਨੂੰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਸਿੱਖ ਕਦਰਾਂ-ਕੀਮਤਾਂ ਕੈਨੇਡੀਅਨ ਕਦਰਾਂ-ਕੀਮਤਾਂ ਹਨ| ਸੱਚ, ਨਿਆਂ, ਖੁੱਲ੍ਹਾਪਣ, ਦਇਆ, ਸੇਵਾ, ਮਨੁੱਖੀ ਅਧਿਕਾਰ ਸਿੱਖੀ ਦੀਆਂ ਕਦਰਾਂ-ਕੀਮਤਾਂ ਹਨ| ਇਹ ਕੈਨੇਡੀਅਨ ਭਾਈਚਾਰਿਆਂ ਦੇ ਦਿਲ ਦੀਆਂ ਕਦਰਾਂ-ਕੀਮਤਾਂ ਹਨ| ਉਨ੍ਹਾਂ ਕਿਹਾ, ‘‘ਇੱਥੇ ਲਗਭਗ 8 ਲੱਖ ਕੈਨੇਡੀਅਨ ਸਿੱਖ ਵਿਰਸੇ ਦੇ ਵਸਨੀਕ ਹਨ| ਅਸੀਂ ਇਨ੍ਹਾਂ ਅਧਿਕਾਰਾਂ ਦੀ ਰੱਖਿਆ ਲਈ ਹਮੇਸ਼ਾ ਮੌਜੂਦ ਰਹਾਂਗੇ| ਇਸ ਲਈ ਅਸੀਂ ਸੁਰੱਖਿਆ, ਬੁਨਿਆਦੀ ਢਾਂਚੇ ਦੇ ਪ੍ਰੋਗਰਾਮ ਨੂੰ ਵਧਾ ਰਹੇ ਹਾਂ, ਸਾਰੇ ਗੁਰਦੁਆਰਿਆਂ ਸਮੇਤ ਕਮਿਊਨਿਟੀ ਸੈਂਟਰਾਂ ਅਤੇ ਧਾਰਮਿਕ ਸਥਾਨਾਂ ’ਤੇ ਸੁਰੱਖਿਆ ਵਧਾ ਰਹੇ ਹਾਂ’’|
ਟਰੂਡੋ ਨੇ ਅੰਮ੍ਰਿਤਸਰ ਸਮੇਤ ਭਾਰਤ ਲਈ ਹੋਰ ਉਡਾਣਾਂ ’ਤੇ ਜ਼ੋਰ ਦਿੱਤਾ| ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਡਰ ਦੇ ਆਪਣੇ ਧਰਮ ਦੀ ਪਾਲਣਾ ਕਰਨ ਦਾ ਅਧਿਕਾਰ ਮੂਲ ਅਧਿਕਾਰ ਦੇ ਬਰਾਬਰ ਹੈ, ਜਿਸ ਦੀ ਗਾਰੰਟੀ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫ਼ਰੀਡਮਜ਼ ਵਿਚ ਦਿੱਤੀ ਗਈ ਹੈ| ਓਂਟਾਰੀਓ ਸਿੱਖ ਅਤੇ ਗੁਰਦੁਆਰਾ ਕੌਂਸਲ ਹਰ ਸਾਲ ਪਰੇਡ ਦਾ ਆਯੋਜਨ ਕਰਦੀ ਹੈ, ਜਿਸ ਵਿਚ ਦੂਰੋਂ-ਦੂਰੋਂ ਹਜ਼ਾਰਾਂ ਲੋਕ ਸ਼ਾਮਲ ਹੁੰਦੇ ਹਨ| ਇਸ ਦੌਰਾਨ ਲੋਕਾਂ ਨੂੰ ਮੁਫ਼ਤ ਭੋਜਨ ਦਿੱਤਾ ਜਾਂਦਾ ਹੈ| ਇਸ ਸਭ ਕਾਸੇ ਦੀ ਪਾਲਣਾ, ਅਰਦਾਸ ਸਮੇਤ, ਪਹਿਲਾਂ ਵਾਂਗ ਹੀ ਕੀਤੀ ਗਈ| ਇਸਨੂੰ ਵਿਦੇਸ਼ੀ ਵਿਦਿਆਰਥੀਆਂ ਦੇ ਕੰਮ ਕਰਨ ਦੇ ਘੰਟਿਆਂ ਤੋਂ ਮੁਕਤ ਸਮਝਣਾ ਚਾਹੀਦਾ ਹੈ| ਜਸਟਿਨ ਟਰੂਡੋ ਦਾ ਭਾਵ ਵੀ ਇਹੀਓ ਸੀ|
ਅੰਤਿਕਾ
ਮਿਰਜ਼ਾ ਗਾਲਿਬ॥
ਮੰਜ਼ਰ ਏਕ ਬੁਲੰਦੀ ਪਰ, ਔਰ ਹਮ ਬਨਾ ਸਕਤੇ
ਅਰਸ਼ ਸੇ ਇਧਰ ਹੋਤਾ, ਕਾਸ਼ ਕੇ ਮਕਾਂ ਅਪਨਾ
ਹਮ ਕਹਾਂ ਕੇ ਦਾਨਾ ਥੇ, ਕਿਸ ਹੁਨਰ ਮੇਂ ਯਕਤਾ ਥੇ
ਬੇ ਸਬਬ ਹੂਆ ਗ਼ਾਲਿਬ, ਦੁਸ਼ਮਨ ਆਸਮਾਂ ਅਪਨਾ।