ਬਦੀ ਦਾ ਤੰਦੂਆ ਜਾਲ਼ ਅਤੇ ਪੱਤਰਕਾਰ ਰਜਿੰਦਰ ਸਿੰਘ ਤੱਗੜ!

ਹਰਚਰਨ ਸਿੰਘ ਪਰਹਾਰ
ਫੋਨ: 403-681-8689
‘ਪਿਛਲੇ ਕੁਝ ਦਹਾਕਿਆਂ ਤੋਂ ਨਵੀਂਆਂ ਆਰਥਿਕ ਨੀਤੀਆਂ ਅਤੇ ਖੁੱਲ੍ਹੀ ਮੰਡੀ ਦੇ ਮੌਜੂਦਾ ਦੌਰ ਵਿਚ ਭਾਰਤੀ ਮੀਡੀਆ (ਵੈਸੇ ਇਹ ਰੁਝਾਨ ਸਾਰੀ ਦੁਨੀਆਂ ਵਿਚ ਹੀ ਚੱਲ ਰਿਹਾ ਹੈ) ਸਿਰਫ ਮੁਨਾਫੇ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਬਹੁ-ਗਿਣਤੀ ਮੀਡੀਆ ਅਤੇ ਖਾਸਕਰ ਕਾਰਪੋਰੇਟ ਮੀਡੀਆ ਨੇ ਲੋਕਤੰਤਰ ਦੇ ਚੌਥੇ ਥੰਮ੍ਹ ਦੇ ਰੂਪ ਵਿਚ ਆਪਣੀ ਭੂਮਿਕਾ ਤਿਆਗ ਕੇ ਸਰਮਾਏਦਾਰੀ ਦੀ ਰਖੇਲ ਦਾ ਰੋਲ ਹੀ ਅਪਨਾ ਲਿਆ ਹੈ।

ਅਜਿਹੇ ਹਾਲਾਤ ਵਿਚ ਤਾਰੀਫ ਤਾਂ ਦੂਰ ਦੀ ਗੱਲ ਹੈ, ਸਗੋਂ ਚੰਗੀ ਰਿਪੋਰਟਿੰਗ ਨੂੰ ਸੈਂਸਰ ਕਰ ਦਿੱਤਾ ਜਾਂਦਾ ਹੈ। ਕਾਰੋਬਾਰੀ ਲਿਬਾਸ ਬਣਾਈ ਰੱਖਦੇ ਸੰਪਾਦਕ ਵੱਖ-ਵੱਖ ਹਿੱਤਾਂ ਨੂੰ ਸੰਤੁਲਤ ਕਰਨ ਦੇ ਦਲਾਲਾਂ ਦਾ ਕੰਮ ਕਰਦੇ ਹਨ ਅਤੇ ਮੀਡੀਆ ਅਦਾਰਿਆਂ ਦੇ ਧਨਾਢ ਮਾਲਕ; ਰਾਜਨੀਤਕ ਤੇ ਕਾਰੋਬਾਰੀ ਮਹਿਰਮਾਂ ਲਈ ਆਪਣੇ ਬ੍ਰੈਂਡਾਂ ਦਾ ਇਸਤੇਮਾਲ ਪਿਆਦਿਆਂ ਦੇ ਤੌਰ ‘ਤੇ ਕਰਦੇ ਹਨ। ਸਭ ਤੋਂ ਤੇਜ਼ ਤਰੱਕੀ ਅਤੇ ਸਭ ਤੋਂ ਮੋਟੀ ਤਨਖਾਹ ਜਾਂ ਪੈਕੇਜ ਜ਼ਿਆਦਾਤਰ ਅਜਿਹੇ ਦਲਾਲ ਪੱਤਰਕਾਰਾਂ ਲਈ ਰਾਖਵੇਂ ਹਨ। ਕਾਰਪੋਰੇਟ ਪੱਤਰਕਾਰ, ਆਪਣੀ ਪੱਤਰਕਾਰੀ ਤੇ ਲੋਕਾਂ ਨਾਲ਼ ‘ਮਸਖਰੀ’ ਹੀ ਕਰ ਰਹੇ ਹਨ। ਇਹ ਹੀ ਮੁੱਖ ਰੂਪ ਵਿਚ ਬਲੈਕਮੇਲਿੰਗ ਲਈ ਸੌਦੇ ਤੈਅ ਕਰਦੇ ਹਨ। ਜਿਨ੍ਹਾਂ ਵਿਚ ਨੇਤਾ, ਟੈਕਸ ਅਧਿਕਾਰੀ, ਪੁਲਿਸ ਵਗੈਰਾ ਸਭ ਸ਼ਾਮਿਲ ਹਨ।’ ਇਹ ਕੁਝ ਲਾਈਨਾਂ ਖੋਜੀ ਪੱਤਰਕਾਰ ਅਤੇ ਉਘੇ ਲੇਖਕ ਜੋਸੀ ਜੋਸਫ ਦੇ ਇੱਕ ਅੰਗਰੇਜ਼ੀ ਲੇਖ ‘ਭਾਰਤੀ ਮੀਡੀਆ ਵਿਚ ਖੋਜੀ ਪੱਤਰਕਾਰੀ ਦਾ ਦੁਖਾਂਤ’ ਵਿਚੋਂ ਹਨ।
2016 ‘ਚ ਖੋਜੀ ਪੱਤਰਕਾਰ ਅਤੇ ਲੇਖਕ ਜੋਸੀ ਜੋਸਫ ਦੀ ‘ਏ ਫੀਸਟ ਆਫ ਵਲਚਰਜ਼: ਦੀ ਹਿਡਨ ਬਿਜ਼ਨੈਸ ਆਫ ਡੈਮੋਕਰੇਸੀ ਇਨ ਇੰਡੀਆ’ ਨਾਮ ਦੀ ਬਹੁਤ ਹੀ ਚਰਚਿਤ ਕਿਤਾਬ, ਜਦੋਂ ਪ੍ਰਕਾਸ਼ਤ ਹੋਈ ਤਾਂ ਸੱਤਾ ‘ਤੇ ਕਾਬਜ਼ ਧਿਰਾਂ ਦੇ ਮਾਨੋ ਇੱਕ ਵਾਰ ਤਾਂ ਥੰਮ੍ਹ ਹਿੱਲ ਗਏ ਸਨ। ਖੋਜੀ ਪੱਤਰਕਾਰੀ ਦੀ ਕਲਾਸਿਕ ਮੰਨੀ ਗਈ, ਇਸ ਪੁਸਤਕ ਵਿਚ ਅਨੇਕਾਂ ਹੋਰ ਖੁਲਾਸਿਆਂ ਦੇ ਨਾਲ਼-ਨਾਲ਼ ਖੋਜੀ ਪੱਤਰਕਾਰ ਨੇ ਜੈੱਟ ਏਅਰਲਾਈਨਜ਼ ਦੇ ਬਾਨੀ ਨਰੇਸ਼ ਗੋਇਲ ਦੇ ਬਦਨਾਮ ਬਦਮਾਸ਼, ਡਰੱਗ ਸਮੱਗਲਰ, ਅੱਤਵਾਦੀ ਦਾਊਦ ਇਬਰਾਹਿਮ ਨਾਲ਼ ਪੀਚਵੇਂ ਦੋਸਤਾਨਾ ਸਬੰਧਾਂ ਦਾ ਬੜੀ ਬੇਬਾਕੀ ਨਾਲ਼ ਪਰਦਾਫਾਸ਼ ਕੀਤਾ ਸੀ। ਇਸਦੇ ਨਾਲ਼ ਹੀ ਉਸਨੇ 2010 ਦਾ ਕਾਮਨਵੈਲਥ ਖੇਡ ਘੁਟਾਲ਼ਾ, ਮੁੰਬਈ ਦਾ ਬਦਨਾਮ ਆਦਰਸ਼ ਹਾਊਸਿੰਗ ਸੁਸਾਇਟੀ ਸਕੈਮ ਅਤੇ ਕਿਤਨੇ ਹੀ ਹੋਰ ਕੇਸ ਬੇਪਰਦ ਕਰ ਦਿੱਤੇ ਸਨ। ਦਾਊਦ ਨਾਲ਼ ਸਬੰਧਾਂ ਵਾਲਾ ਸਕੈਂਡਲ ਨੰਗਾ ਕੀਤੇ ਜਾਣ ਤੋਂ ਚਿੜ੍ਹ ਕੇ ਸੱਤਾ ਦੇ ਖਿਡਾਰੀਆਂ ਨੇ ਜੋਸਫ ਨੂੰ ਸਬਕ ਸਿਖਾਉਣ ਲਈ ਉਸਦੇ ਖ਼ਿਲਾਫ 2-4 ਕਰੋੜ ਨਹੀਂ ਬਲਕਿ 3 ਹਜ਼ਾਰ ਕਰੋੜ ਦੇ ਇਵਜਾਨੇ ਕੇਸ ਦਰਜ ਕਰਵਾ ਦਿੱਤਾ ਸੀ। ਇਸ ਪੱਤਰਕਾਰ ਦੀ ਨਿਡਰ ਪ੍ਰਤੀਬੱਧਤਾ ਦਾ ਜਲਵਾ, ਜੇਕਰ ਕਿਸੇ ਨੇ ਦੇਖਣਾ ਹੈ ਤਾਂ ਉਹ ਅੱਜ ਵੀ ‘ਨਿਊਜ਼ ਲਾਂਡਰੀ’ (ਂੲੱਸ ਲਅੁਨਦਰੇ) ਨਾਮ ਦੇ ਵਕਾਰੀ ਯੂ ਟਿਊਬ ਚੈਨਲ ‘ਤੇ 26 ਦਸੰਬਰ, 2016 ਦੀ ਉਸਦੀ ਲੰਬੀ ਇੰਟਰਵਿਊ ਵਿਚ ਦੇਖਿਆ ਜਾ ਸਕਦਾ ਹੈ। ਉਸਨੇ ਇਸ ਵਿਚ ਵਿਸਤਾਰ ਨਾਲ਼ ਦੱਸਿਆ ਸੀ ਕਿ ਕਿਵੇਂ ਨਵੀਆਂ ਆਰਥਿਕ ਨੀਤੀਆਂ (ਨਵ-ਉਦਾਰਵਾਦੀ) ਨੇ ਸੱਤਾ ‘ਤੇ ਕਾਬਜ਼ ਧਿਰਾਂ, ਅਫਸਰਸ਼ਾਹੀ, ਪੁਲਿਸ, ਕਰੋਨੀ ਕੈਪਟੀਲਿਸਟਾਂ ਨੇ ਪੈਸੇ ਦੀ ਅੰਨ੍ਹੀ ਅੱਗ ਭੜਕਾਈ ਜਿਸ ਅੰਦਰ ਸਾਰਾ ਸਮਾਜ ਹੀ ਧਸਿਆ ਗਿਆ ਹੈ, ਅਜੇ ਵੀ ਇਸ ਵਰਤਾਰੇ ਨੂੰ ਠੱਲ੍ਹ ਪੈਂਦੀ ਦਿਖਾਈ ਨਹੀਂ ਦੇ ਰਹੀ। ਜੋਸੀ ਜੋਸਫ ਤੋਂ ਵੀ ਪਹਿਲਾਂ ਸਾਡੇ ਪਾਠਕਾਂ ਨੂੰ ਯਾਦ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਦੀ 2002-07 ਸਰਕਾਰ ਦੇ ਸ਼ੁਰੂਆਤੀ ਮਹੀਨਿਆਂ ਦੌਰਾਨ ਸੁਮੇਧ ਸੈਣੀ ਅਤੇ ਉਸਦੀ ਟੀਮ ਨੇ ਪਬਲਿਕ ਸਰਵਿਸ ਕਮਿਸ਼ਨ ਦੇ ਰਵੀ ਸਿੱਧੂ ਦੇ ਬੈਂਕ ਲਾਕਰਾਂ ਵਿਚੋਂ ਕਰੋੜਾਂ ਰੁਪਇਆਂ ਦੀਆਂ ਥੱਬੀਆਂ ਫੜ ਕੇ ਸਨਸਨੀ ਫੈਲਾ ਦਿੱਤੀ ਸੀ। ਉਸ ਬਦਨਾਮ ਸਕੈਂਡਲ ਬਾਰੇ ਸਾਡੇ ਆਪਣੇ ਪੰਜਾਬ ਦੇ ‘ਜੋਸੀ ਜੋਸਫ’, ਰਿਤੇਸ਼ ਲੱਖੀ ਨੇ ਅਜੇ ਦੋ ਕੁ ਸਾਲ ਪਹਿਲਾਂ ਹੀ ਵਿਸਤਾਰਤ ਵੀਡੀਓ ਬਣਾਈ ਹੈ, ਜੋ ਕਿ ਉਸਦੇ ਯੂ ਟਿਊਬ ‘ਰਿਤੇਸ਼ ਲੱਖੀ: ਅੱਨਪਲੱਗ’ 16 ਨਵੰਬਰ, 2021 ‘ਤੇ ਸੁਣਨਯੋਗ ਹੈ। ਪ੍ਰੱੈਸ ਦੀ ਸੁਤੰਤਰਤਾ ਅਤੇ ਖੋਜੀ ਪੱਤਰਕਾਰਾਂ ਦੀ ਹਾਜ਼ਰੀ, ਕਿਸੇ ਵੀ ਜਿਉਂਦੇ ਜਾਗਦੇ ਸਮਾਜ ਦੀ ਜਿੰਦ-ਜਾਨ ਹੁੰਦੀ ਹੈ। ਇਸ ਖੋਜੀ ਪੱਤਰਕਾਰੀ ਦਾ ਹੀ ਪ੍ਰਤਾਪ ਸੀ ਕਿ ਅੱਜ ਤੋਂ 40-50 ਸਾਲ ਪਹਿਲਾਂ ‘ਵਾਟਰਗੇਟ ਸਕੈਂਡਲ’ ਨੰਗਾ ਕਰ ਕੇ ਵੀਹਵੀਂ ਸਦੀ ਦੇ ਸਭ ਚੁਸਤ ਰਾਸ਼ਟਰੀ ਰਿਚਰਡ ਨੈਕਸਨ ਨੂੰ ਅਗਲਿਆਂ ਨੇ ਘਰੇ ਤੋਰ ਦਿੱਤਾ ਸੀ।
ਬੜੇ ਹੀ ਅਫ਼ਸੋਸ ਦੀ ਗੱਲ ਹੈ ਕਿ ਸਾਰੀ ਦੁਨੀਆਂ ਵਿਚ ਮੀਡੀਆ ਹੁਣ ਆਪਣਾ ਲੋਕ-ਪੱਖੀ ਰੋਲ ਅਦਾ ਕਰਨ ਤੋਂ ਕਿਨਾਰਾ ਕਰਦਾ ਜਾ ਰਿਹਾ ਹੈ। ਖੋਜੀ ਪੱਤਰਕਾਰਤਾ ਅਲੋਪ ਹੁੰਦੀ ਜਾ ਰਹੀ ਹੈ। ਮੀਡੀਆ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਜਾਣ ਨਾਲ਼ ਮਹਿਜ਼ ਇੱਕ ਬਿਜ਼ਨੈਸ ਬਣ ਚੁੱਕਾ ਹੈ। ਜੋ ਕਿ ਵੱਡੀਆਂ ਰਾਜਸੀ ਪਾਰਟੀਆਂ ਅਤੇ ਕਾਰਪੋਰੇਟਾਂ ਦੇ ਹਿੱਤ ਹੀ ਪੂਰਦਾ ਹੈ। ਫਿਰ ਵੀ ਅਜਿਹੇ ਘੁੱਪ ਹਨ੍ਹੇਰੇ ਵਿਚ ਕਿਤੇ-ਕਿਤੇ ਚਾਨਣ ਦੀ ਲੋਅ ਦਿਸਦੀ ਹੈ। ਕੁਝ ਗਿਣੇ-ਚੁਣੇ ਜਨੂੰਨੀ ਕਿਸਮ ਦੇ ਪੱਤਰਕਾਰ ਕੁਝ ਨਾ ਕੁਝ ਕਰਨ ਦਾ ਯਤਨ ਕਰਦੇ ਰਹਿੰਦੇ ਹਨ। ਐਮਨੈਸਟੀ ਇੰਟਨੈਸ਼ਨਲ ਅਤੇ ਯੂਨਾਈਟਿਡ ਨੇਸ਼ਨ ਦੀਆਂ ਰਿਪੋਰਟਾਂ ਅਨੁਸਾਰ ਪਿਛਲੇ 20 ਸਾਲਾਂ ਵਿਚ 2 ਹਜ਼ਾਰ ਤੋਂ ਵੱਧ ਅਜਿਹੇ ਖੋਜੀ ਪੱਤਰਕਾਰ ਮਾਰੇ ਜਾ ਚੁੱਕੇ ਹਨ। ਇਨ੍ਹਾਂ ਹੀ ਸੰਸਥਾਵਾਂ ਦੀ ਇੱਕ ਹੋਰ ਰਿਪੋਰਟ ਅਨੁਸਾਰ ਪਿਛਲੇ ਇੱਕ ਦਹਾਕੇ ਵਿਚ 1500 ਤੋਂ ਵੱਧ ਪੱਤਰਕਾਰ ਝੂਠੇ ਕੇਸਾਂ ਵਿਚ ਗ੍ਰਿਫਤਾਰ ਕੀਤੇ ਗਏ ਅਤੇ 1000 ਤੋਂ ਵੱਧ ਅਗਵਾ ਕੀਤੇ ਗਏ। ਇਸ ਤੋਂ ਇਲਾਵਾ ਦੁਨੀਆਂ ਭਰ ਵਿਚ ਇਨਵੈਸਟੀਗੇਟਿਵ ਪੱਤਰਕਾਰਾਂ ਨੂੰ ਧਮਕੀਆਂ ਵੱਖਰੀਆਂ ਆਉਂਦੀਆਂ ਹਨ, ਜੋ ਅਕਸਰ ਕਿਸੇ ਰਿਕਾਰਡ ਵਿਚ ਦਰਜ ਹੀ ਨਹੀਂ ਹੁੰਦੀਆਂ ਅਤੇ ਉਹ ਹਮੇਸ਼ਾਂ ਭੈਅ ਦੇ ਸਾਏ ਹੇਠ ਜੀਉਂਦੇ ਹਨ।
ਕਿਸੇ ਵੀ ਕਿਸਮ ਦੀ ਸਮਾਜਿਕ ਜ਼ਿੰਮੇਵਾਰੀ ਤੋਂ ਮੁਕਤ ਸਾਡੇ ਸਰਾਪੇ ਸਮਿਆਂ ਵਿਚ ਨਵ-ਉਦਾਰਵਾਦ ਅਤੇ ਕਥਿਤ ਖੁੱਲ੍ਹੇ ਬਾਜ਼ਾਰ ਦੀਆਂ ਨੀਤੀਆਂ ਦਾ ਨਿਜ਼ਾਮ ਹੀ ਹੈ, ਜਿਸਨੇ ਜੀਵਨ ਦੇ ਹਰ ਖੇਤਰ ਅੰਦਰ ਮਨੁੱਖ ਜਾਤੀ ਅੰਦਰ ਇੱਕ ਦੂਜੇ ਨੂੰ ਮਿੱਧ ਕੇ ਰਾਤੋ-ਰਾਤ ਕਰੋੜਪਤੀ ਬਣਨ ਦੀ ਹਾਬੜ ਮਚਾਈ ਹੋਈ ਹੈ। ਅਜਿਹੀ ਨਿਰਾਸ਼ਾਜਨਕ ਸਥਿਤੀ ਵਿਚ ਨਿਰਪੱਖ ਖੋਜੀ ਪੱਤਰਕਾਰਤਾ ਦੀ ਜਿਤਨੀ ਲੋੜ ਪੰਜਾਬ (ਦੁਨੀਆਂ) ਨੂੰ ਅੱਜ ਹੈ, ਉਹ ਸ਼ਾਇਦ ਪਹਿਲਾਂ ਕਦੇ ਵੀ ਨਹੀਂ ਸੀ। ‘ਪੰਜਾਬ ਅਗੇਂਸਟ ਕੁਰੱਪਸ਼ਨ’ ਗਰੁੱਪ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਵਰਗੇ ‘ਜ਼ਿੰਦਾ ਸ਼ਹੀਦ’ ਹੀ ਹਨ, ਜਿਨ੍ਹਾਂ ਨੇ ਮੋਹਾਲ਼ੀ ਉਦਯੋਗ ਪਲਾਟ ਘੁਟਾਲ਼ਾ, ਅਮਰੂਦ ਬਾਗ ਘੋਟਾਲ਼ਾ, ਬਿਲਡਰਜ਼ ਘੋਟਾਲ਼ਾ, ਲੈਂਡ ਮਾਫੀਆ ਘੁਟਾਲ਼ਾ, ਗਊਸ਼ਾਲਾ ਘੁਟਾਲ਼ਾ ਵਰਗੇ ਅਨੇਕਾਂ ਸਕੈਂਡਲਾਂ ਦਾ ਪਰਦਾਫਾਸ਼ ਕਰਨ ਦੀ ਜੁਰਅਤ ਕੀਤੀ। ਸਤਨਾਮ ਦਾਊਂ ਦੇ ਫੇਸਬੁੱਕ ਪੇਜ ਉਪਰ ਅਮਰੂਦ ਬਾਗ ਘੋਟਾਲੇ ਸਬੰਧੀ ਪੰਜਾਬ ਦੀ ਅਫ਼ਸਰਸ਼ਾਹੀ ਦੀਆਂ ਪਤਨੀਆਂ ਦੀ ਲਾਲਸੀ ਹਾਬੜ ਦੇ ਵੇਰਵੇ ਸੁਣ ਕੇ ਸੁਣਨ ਵਾਲੇ ਦੀ ਰੂਹ ਕੰਬ ਕੇ ਰਹਿ ਜਾਂਦੀ ਹੈ। ਇਸੇ ਤਰ੍ਹਾਂ ਗਊਸ਼ਾਲਾ ਘੁਟਾਲ਼ੇ ਦੇ ਵੇਰਵੇ ਵੀ ਉਤਨੇ ਹੀ ਸਨਸਨੀਖੇਜ਼ ਹਨ। ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਰਗੇ ਧਾਕੜ ਅਤੇ ਰਸੂਖਵਾਨ ਰਾਜਨੀਤਕ ਕੋਲੋਂ ਜ਼ਮੀਨ ਖਾਲੀ ਕਰਵਾਉਣੀ ਬੱਬਰ ਸ਼ੇਰ ਦੀਆਂ ਜਾੜਾਂ ਵਿਚੋਂ ਮਾਸ ਕੱਢਣ ਵਾਲੀ ਗੱਲ ਸੀ, ਜਿਹੜੀ ਉਨ੍ਹਾਂ ਕੀਤੀ। ਪੰਜਾਬ ਵਿਚ ਵਾਪਰੇ ‘ਉਦਯੋਗ ਪਲਾਟ ਘੁਟਾਲ਼ੇ’ ਬਾਰੇ ਅਜਿਹੇ ਲੋਕਾਂ ਦੀ ਮੁਹਿੰਮ ਹੀ ਸੀ ਜਿਸਦੇ ਸਿੱਟੇ ਵਜੋਂ ਮਹਾਰਾਜਾ ਅਮਰਿੰਦਰ ਸਿੰਘ ਦੇ ‘ਸਨਅਤ ਅਤੇ ਕਾਮਰਸ’ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਉਨ੍ਹਾਂ ਦੇ ਸਹਿਯੋਗੀ ਅਫਸਰਾਂ-ਖਾਸਕਰ ‘ਪੰਜਾਬ ਸਟੇਟ ਇੰਡਸਟਰੀਅਲ਼ ਕਾਰਪੋਰੇਸ਼ਨ’ ਦੀ ਮੈਨੇਜਿੰਗ ਡਾਇਰੈਕਟਰ ਨੀਲਮਾ ਸਮੇਤ ਦਰਜਨਾਂ ਆਈ ਏ ਐੱਸ ਅਧਿਕਾਰੀਆਂ ਨੂੰ ਭਾਜੜਾਂ ਪਈਆਂ ਸਨ। ਸ਼ਾਮ ਸੁੰਦਰ ਅਰੋੜਾ ਤਾਂ ਇਤਨਾ ਘਬਰਾਇਆ ਕਿ 50 ਲੱਖ ਰੁਪਈਏ ਦੀਆਂ ਗੁੱਥੀਆਂ ਦਾ ਅਟੈਚੀ ਭਰ ਕੇ ਮੁਹਾਲੀ ਵਿਜੀਲੈਂਸ ਵਾiਲ਼ਆਂ ਨੂੰ ਨਜ਼ਰਾਨਾ ਦੇਣ ਚਲਾ ਗਿਆ, ਜੋ ਕਿ ਵਿਜੀਲੈਂਸ ਅਧਿਕਾਰੀ ਮਨੋਹਰ ਲਾਲ਼ ਦੀ ਇਮਾਨਦਾਰੀ ਸਦਕਾ, ਉਸਨੂੰ ਪੁੱਠਾ ਪੈ ਗਿਆ। ਜਿਸ ਤੋਂ ਬਾਅਦ ਵਿਜੀਲੈਂਸ ਨੇ ਜਾਂਚ ਸੀ ਬੀ ਆਈ ਦੇ ਹਵਾਲੇ ਕਰ ਦਿੱਤੀ ਸੀ। ਸੀ ਬੀ ਆਈ ਵਾiਲ਼ਆਂ ਨੇ ਮੁੱਢਲੀ ਜਾਂਚ-ਪੜਤਾਲ ਕਰ ਕੇ ਬੀਬੀ ਨੀਲਮਾ ਅਤੇ ਵਿਭਾਗ ਦੇ ਜੀ ਐਮ ਦਵਿੰਦਰਪਾਲ ਸਿੰਘ ਅਤੇ ਚੀਫ ਜਨਰਲ ਮੈਨੇਜਰ ਪਲੈਨਿੰਗ ਜੇ ਐਸ ਭਾਟੀਆ, ਸਮੇਤ 17 ਅਫਸਰਾਂ ਵਿਰੁੱਧ ਕੇਸ ਦਰਜ ਕਰ ਕੇ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰਨ ਦੀ ਸਿਫਾਰਸ਼ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਕੀਤੀ ਸੀ। ਇਸ ਘੁਟਾਲ਼ੇ ਦੇ ਸਾਹਮਣੇ ਆਉਣ ਨਾਲ਼ ਪੰਜਾਬ ਦੀ ਅਫਸਰਸ਼ਾਹੀ ਵਿਚ ਹਫੜਾ-ਦਫੜੀ ਮਚ ਗਈ ਸੀ, ਉਨ੍ਹਾਂ ਨੇ ਸਰਕਾਰ ਨੂੰ ਹੜਤਾਲ਼ `ਤੇ ਚਲੇ ਜਾਣ ਦੀ ਧਮਕੀ ਦੇ ਮਾਰੀ। ਉਸ ਵਕਤ ਚਰਚਾ ਸੀ ਕਿ 70 ਦੇ ਕਰੀਬ ਸੀਨੀਅਰ ਆਈ ਏ ਐਸ ਅਧਿਕਾਰੀ ਮੁੱਖ ਮਤਰੀ ਦੇ ਪੇਸ਼ ਹੋਏ ਤੇ ਇਹ ਢੁੱਚਰ ਖੜੀ ਕੀਤੀ ਕਿ ਕਿਸੇ ਉਚ ਅਧਿਕਾਰੀ ਨੂੰ ਅਗਾਊਂ ਮਨਜੂLਰੀ ਤੋਂ ਬਿਨਾਂ ਹਿਰਾਸਤ ਵਿਚ ਨਹੀਂ ਲਿਆ ਜਾ ਸਕਦਾ ਹੈ। ਹਾਲਾਂਕਿ ਵਿਜੀਲੈਂਸ ਵਾiਲ਼ਆਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਭ੍ਰਿਸ਼ਾਟਚਾਰ ਰੋਕੂ ਕਾਨੂੰਨ ਦੀ ਧਾਰਾ 17ਏ ਤਹਿਤ ਅਜਿਹੀ ਕੋਈ ਰੁਕਾਵਟ ਨਹੀਂ ਸੀ। ਹਾਈਕੋਰਟ ਨੇ ਵੀ ਵਿਜੀਲੈਂਸ ਨਾਲ਼ ਸਹਿਮਤ ਹੁੰਦਿਆਂ, ਉਚ ਅਧਿਕਾਰੀਆਂ ਨੂੰ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿਤੀ ਸੀ, ਪ੍ਰੰਤੂ ਇਹ ਅਫਸਰ ਲੋਕ ਕਰੋੜਾਂ ਰੁਪਇਆਂ ਦੀ ਫੀਸ ਦੇ ਕੇ ਸ਼ਾਤਰ ਵਕੀਲਾਂ ਵਲੋਂ ਪੇਸ਼ ਕੀਤੀਆਂ ਕਾਨੂੰਨੀ ਘੁੰਡੀਆਂ ਨਾਲ਼ 8 ਅਪਰੈਲ, 2023 ਵਿਚ ਅਗਾਊਂ ਜ਼ਮਾਨਤਾਂ ਲੈਣ ਵਿਚ ਸਫਲ ਹੋ ਗਏ ਸਨ।
ਅਜੋਕੇ ਸਮੇਂ ਵਿਚ ਜਦੋਂ ਹਰ ਕੋਈ ‘ਦੜ ਵੱਟ ਜ਼ਮਾਨਾ ਕੱਟ’ ਦੀ ਨੀਤੀ ਤਹਿਤ ਦਿਨ ਕਟੀ ਕਰ ਰਿਹਾ ਹੈ; ਨਿੱਕੇ ਵੱਡੇ ਸਭ ਅਖ਼ਬਾਰਾਂ ਤੇ ਕੌਮੀ ਮੀਡੀਆ ਨੂੰ ਰਾਜਸੀ ਪਾਰਟੀਆਂ ਅਤੇ ਕਾਰਪੋਰੇਟਾਂ ਨੇ ਲੱਖਾਂ ਕਰੋੜਾਂ ਦੇ ਲਾਲਚ ਦੇ ਕੇ ਜਾਂ ਈ ਡੀ ਰਾਹੀਂ ਬਲੈਕਮੇਲ ਕਰ ਕੇ ਲੰਮਿਆਂ ਪਾਇਆ ਹੋਇਆ ਹੈ ਤਾਂ ਅਜਿਹੇ ਦੌਰ ਵਿਚ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਖੋਜੀ ਪੱਤਰਕਾਰੀ ਦੀ ਕਿਤਨੀ ਲੋੜ ਹੈ ਅਤੇ ਇਹ ਕਿਤਨਾ ਜ਼ੋਖਮ ਭਰਿਆ ਕੰਮ ਹੈ। ਜੋ ਕਿ ਰਿਤੇਸ਼ ਲੱਖੀ, ਰਜਿੰਦਰ ਤੱਗੜ, ਸਤਨਾਮ ਸਿੰਘ ਦਾਊਂ, ਬਲਵਿੰਦਰ ਸਿੰਘ ਸੇਖੋਂ, ਮਲਵਿੰਦਰ ਸਿੰਘ ਸਿੱਧੂ ਵਰਗੇ ਚੰਦ ਕੁ ਉਂਗਲ਼ਾਂ `ਤੇ ਗਿਣੇ ਜਾਣ ਵਾਲ਼ੇ ਹਿੰਮਤੀ ਲੋਕ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਅਤੇ ਆਪਣਾ ਸਭ ਕੁਝ ਦਾਅ ‘ਤੇ ਲਗਾ ਕੇ ਜਨਤਾ ਨੂੰ ਜਾਗਰੂਕ ਕਰਨ ਲਈ, ਜੇ ਮਾੜਾ ਮੋਟਾ ਓੜ ਪੋੜ ਕਰ ਰਹੇ ਹਨ ਤਾਂ ਉਨ੍ਹਾਂ ਨਾਲ਼ ਖੜਨ ਦੀ ਸਖ਼ਤ ਲੋੜ ਹੈ। ਨਹੀਂ ਤਾਂ ਪੰਜਾਬੀ ਸਮਾਜ ਅੰਦਰ ਜਗਦੀ ਜ਼ਮੀਰ ਵਾਲ਼ੇ ਥੋੜੇ ਜਿਹੇ ਲੋਕਾਂ ਨੇ ਵੀ ਬਿੱਲੀ ਨੂੰ ਦੇਖ ਕੇ ਕਬੂਤਰ ਵਾਲ਼ੀ ਨੀਤੀ ਅਪਨਾਈ ਰੱਖੀ ਤਾਂ ਜਰਮਨੀ ਵਿਚ ਨਾਜ਼ੀਆਂ ਵਿਰੁੱਧ ਖੜੇ ਹੋਣ ਵਾਲ਼ੇ ਪਾਦਰੀ ਨਿਲੋਫਰ ਦੀ ਚਰਚਿਤ ਕਵਿਤਾ
ਪਹਿਲਾਂ ਉਹ ਯਹੂਦੀਆਂ ਲਈ ਆਏ,
ਮੈਂ ਸਮਝਿਆ, ਮੈਨੂੰ ਕੀ, ਮੈਂ ਕਿਹੜਾ ਯਹੂਦੀ ਹਾਂ।
ਫਿਰ ਉਹ ਕਾਮਰੇਡ ਲਈ ਆਏ,
ਮੈਂ ਸਮਝਿਆ, ਮੈਨੂੰ ਕੀ, ਮੈਂ ਕਿਹੜਾ ਕਾਮਰੇਡ ਹਾਂ। …
ਫਿਰ ਉਨ੍ਹਾਂ ਸਭ ਨੂੰ ਹੀ ਦਰੜ ਦਿੱਤਾ…
ਵਾਲ਼ੀ ਕਹਾਣੀ ਨਾ ਹੋ ਜਾਵੇ।
ਅਜਿਹੇ ਖੋਜੀ ਪੱਤਰਕਾਰਾਂ ਵਿਚੋਂ ਇੱਕ ‘ਇੰਡੀਅਨ ਐਕਸਪ੍ਰੈਸ’ ਵਿਚ ਲੰਬਾ ਸਮਾਂ ਕੰਮ ਕਰਦੇ ਰਹੇ ਪੱਤਰਕਾਰ ਰਜਿੰਦਰ ਸਿੰਘ ਤੱਗੜ ਹਨ, ਜੋ ਕਿ ਹੁਣ ਦੋ ਕੁ ਸਾਲਾਂ ਤੋਂ ‘ਪੰਜਾਬ ਦਸਤਾਵੇਜ’ ਨਾਮ ਦਾ ਯੂ ਟਿਊਬ ਚੈਨਲ ਚਲਾ ਰਹੇ ਹਨ। ਜਿੱਥੇ ਉਹ ਆਪਣੇ ਵਿੱਤ ਅਨੁਸਾਰ ਵੱਖ-ਵੱਖ ਮੁੱਦੇ ਉਭਾਰਦੇ ਰਹਿੰਦੇ ਹਨ। ਉਹ ਭ੍ਰਿਸ਼ਾਟਾਚਾਰ ਦੇ ਮੁੱਦੇ ‘ਤੇ ਅਕਸਰ ਆਪਣੇ ਸ਼ੋਅ ਪੇਸ਼ ਕਰਦੇ ਰਹੇ ਹਨ। ਇੰਡੀਆ ਵਿਚ ਸਰਕਾਰਾਂ, ਰਾਜਸੀ ਨੇਤਾਵਾਂ, ਪੁਲਿਸ, ਅਫਸਰਸ਼ਾਹੀ ਦਾ ਇੱਕ ਨਾਪਾਕ ਗੱਠਜੋੜ ਵੱਖ-ਵੱਖ ਪੱਧਰ `ਤੇ ਚੱਲਦਾ ਰਹਿੰਦਾ ਹੈ। ਮੀਡੀਆ ਦੇ ਅਜਿਹੇ ਖੋਜੀ ਪੱਤਰਕਾਰ ਅਕਸਰ ਅਜਿਹੇ ਗੱਠਜੋੜਾਂ ਲਈ ਖਤਰਾ ਬਣਦੇ ਰਹਿੰਦੇ ਹਨ। ਇੰਡੀਆ ਦੇ ਸੂਬੇ ਮੱਧ ਪ੍ਰਦੇਸ਼ ਵਿਚ ਕੁਝ ਸਾਲ ਪਹਿਲਾਂ ਹੋਏ ‘ਵਿਆਪਮ’ ਘੁਟਾਲ਼ੇ ਬਾਰੇ ਤਾਂ ਸਭ ਨੂੰ ਪਤਾ ਹੀ ਹੈ ਕਿ ਕਿਵੇਂ ਵੱਡੀਆਂ ਨੌਕਰੀਆਂ ਲਈ ਇਮਤਿਹਾਨਾਂ ਵਿਚ ਹੋ ਰਹੇ ਘੁਟਾਲ਼ੇ ਦੇ ਮੀਡੀਆ ਵਿਚ ਆਉਣ ਨਾਲ਼ 30-40 ਪੱਤਰਕਾਰਾਂ, ਪ੍ਰੋਫੈਸਰਾਂ, ਵਿਦਿਆਰਥੀਆਂ, ਨੇਤਾਵਾਂ ਆਦਿ ਦੀਆਂ ਭੇਦ ਭਰੇ ਢੰਗ ਨਾਲ਼ ਮੌਤਾਂ ਹੋਈਆਂ ਸਨ। ਅਜਿਹੇ ਘੁਟਾiਲ਼ਆਂ ਬਾਰੇ ‘ਪੰਜਾਬ ਅਗੇਂਸਟ ਕੁਰੱਪਸ਼ਨ’ ਦੇ ਸੋਸ਼ਲ ਐਕਟੀਵਿਸਟ ਸਤਨਾਮ ਸਿੰਘ ਦਾਊਂ ਨਾਲ਼ ਮਿਲ ਕੇ ਰਜਿੰਦਰ ਤੱਗੜ ਕਈ ਘੁਟਾiਲ਼ਆਂ ਦਾ ਪਰਦਾਫਾਸ਼ ਕਰ ਚੁੱਕੇ ਹਨ। ਜਿਸ ਕਾਰਨ ਉਹ ਪੁਲਿਸ, ਅਫ਼ਸਰਸ਼ਾਹੀ ਤੇ ਰਾਜਸੀ ਨੇਤਾਵਾਂ ਦੀਆਂ ਨਿਗਾਹਾਂ ਵਿਚ ਰੜਕ ਰਹੇ ਸਨ।
ਮੋਹਾਲੀ ਪੁਲਿਸ ਖ਼ਿਲਾਫ ਲਗਾਤਾਰ ਆਪਣੇ ਚੈਨਲ ‘ਪੰਜਾਬ ਦਸਤਾਵੇਜ’ ‘ਤੇ ਸਟੋਰੀ ਕਰਨ ਕਾਰਨ ਅਤੇ ਜਾਅਲੀ ਦਲਿਤ ਸਰਟੀਫਿਕੇਟਾਂ ਦੇ ਆਧਾਰ `ਤੇ ਨੌਕਰੀਆਂ ਲੈਣ ਵਾਲਿਆਂ ਖ਼ਿਲਾਫ ਮਾਮਲੇ ਉਜਾਗਰ ਕਰਨ ਕਾਰਨ ਪੰਜਾਬ ਪੁਲੀਸ ਦੇ ਏ.ਆਈ.ਜੀ. ਮਲਵਿੰਦਰ ਸਿੰਘ ਸਿੱਧੂ, ਜਿਸਨੂੰ ਪੱਤਰਕਾਰ ਰਜਿੰਦਰ ਸਿੰਘ ਤੱਗੜ ਮੁਤਾਬਿਕ ਗਲਤ ਤਰੀਕੇ ਨਾਲ ਫਸਾਇਆ ਗਿਆ ਹੈ। ਜਿਸ ਅਧੂਰੀ ਅਤੇ ਅਧੂਰਾ ਸੱਚ ਪੇਸ਼ ਕਰਦੀ ਆਡੀਓ ਦੇ ਆਧਾਰ ‘ਤੇ ਏ. ਆਈ. ਜੀ. ਨੂੰ ਫਸਾਇਆ ਗਿਆ, ਉਸੇ ਆਡੀਓ ਦੇ ਆਧਾਰ ‘ਤੇ ਹੁਣ ਵਿਜੀਲੈਂਸ ਬਿਊਰੋ ਦੇ ਕੁਝ ਅਫਸਰ ਅਤੇ ਮੋਹਾਲੀ ਪੁਲਿਸ ਮਿਲ ਕੇ ਪੱਤਰਕਾਰ ਰਜਿੰਦਰ ਤੱਗੜ ਨੂੰ ਫਸਾਉਣਾ ਚਾਹੁੰਦੇ ਸਨ। ਜਿਸਦੀ ਉਹ ਕਈ ਦਿਨਾਂ ਤੋਂ ਆਪਣੇ ਚੈਨਲ ‘ਤੇ ਸ਼ੰਕਾ ਪ੍ਰਗਟ ਕਰ ਰਹੇ ਸਨ ਅਤੇ ਕੁਝ ਦਿਨ ਪਹਿਲਾਂ ਉਹ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਕਰਨ ਤੋਂ ਬਾਅਦ ਮੁੱਖ ਮੰਤਰੀ ਰਿਹਾਇਸ਼ ‘ਤੇ ਜਾ ਕੇ ਉਨ੍ਹਾਂ ਦੇ ਪੀਏ ਨੂੰ ਮੰਗ ਪੱਤਰ ਵੀ ਦੇ ਕੇ ਆਏ ਸਨ, ਜਿਸਨੇ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਉਣ ਦਾ ਵਾਅਦਾ ਵੀ ਕੀਤਾ ਸੀ। ਇਸ ਤੋਂ ਇਲਾਵਾ ਅਦਾਲਤ ਨੇ ਪੁਲਿਸ ਨੂੰ ਹੁਕਮ ਕੀਤੇ ਹੋਏ ਸਨ ਕਿ ਜੇਕਰ ਪੁਲਿਸ ਨੂੰ ਗ੍ਰਿਫਤਾਰੀ ਲੋੜੀਂਦੀ ਲੱਗੇ ਤਾਂ ਇੱਕ ਹਫਤੇ ਦਾ ਨੋਟਿਸ ਦੇਣਾ ਪਏਗਾ ਤਾਂ ਕਿ ਪੱਤਰਕਾਰ ਆਪਣੇ ਬਚਾਓ ਲਈ ਕਾਨੂੰਨੀ ਚਾਰਾਜੋਈ ਕਰ ਸਕੇ। ਇਸਦੇ ਬਾਵਜੂਦ ਪੁਲਿਸ ਵੱਲੋਂ ਕੋਰਟ ਦੇ ਹੁਕਮਾਂ ਦੀ ਪ੍ਰਵਾਹ ਕੀਤੇ ਬਿਨਾਂ ਰਜਿੰਦਰ ਸਿੰਘ ਤੱਗੜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਸਭ ਤੋਂ ਵੱਧ ਹੈਰਾਨੀ ਇਸ ਗੱਲ ਦੀ ਹੈ ਕਿ ਪੰਜਾਬ ਦੇ ਕਿਸੇ ਮੀਡੀਆ ਵਿਚ ਤੱਗੜ ਦੀ ਗ੍ਰਿਫ਼ਤਾਰੀ ਦੀ ਉਸ ਤਰ੍ਹਾਂ ਚਰਚਾ ਨਹੀਂ ਹੋਈ, ਜਿਵੇਂ ਹੋਣੀ ਚਾਹੀਦੀ ਸੀ। ਜਿਵੇਂ ਪੰਜਾਬੀ ਮੀਡੀਆ ਨੇ ਇਸ ਗ੍ਰਿਫ਼ਤਾਰੀ ਨੂੰ ਨਜ਼ਰ-ਅੰਦਾਜ਼ ਕੀਤਾ ਹੈ, ਉਹ ਬੇਹੱਦ ਅਫਸੋਸਨਾਕ ਹੈ। ਹੋ ਸਕਦਾ ਹੈ ਕਿ ਜਜ਼ਬਾਤੀ ਰੌਂਅ ਵਿਚ ਤੱਗੜ ਨੇ ਕੁਝ ਗਲਤੀਆਂ ਕੀਤੀਆਂ ਹੋਣ, ਪੁਲਿਸ ਕੋਲ਼ ਉਸਨੂੰ ਗ੍ਰਿਫਤਾਰ ਕਰਨ ਦੇ ਟੈਕਨੀਕਲ ਕਾਰਨ ਹੋਣ, ਪਰ ਇਸ ਗੱਲ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਜੋ ਮੁੱਦੇ ਸ. ਤੱਗੜ ਜਾਂ ਉਨ੍ਹਾਂ ਦੇ ਸਾਥੀ ਜਾਂ ਹੋਰ ਖੋਜੀ ਪੱਤਰਕਾਰ ਉਭਾਰ ਰਹੇ ਸਨ, ਆਪਣੀ ਜਾਨ ਅਤੇ ਪੇਸ਼ਾ ਜ਼ੋਖਮ ਵਿਚ ਪਾ ਕੇ ਪਬਲਿਕ ਸਾਹਮਣੇ ਪੇਸ਼ ਕਰ ਰਹੇ ਸਨ, ਉਨ੍ਹਾਂ ‘ਤੇ ਜ਼ਰੂਰ ਚਰਚਾ ਹੋਣੀ ਬਣਦੀ ਸੀ। ਹੋ ਸਕਦਾ ਰਜਿੰਦਰ ਤੱਗੜ ਜਾਂ ਮਲਵਿੰਦਰ ਸਿੱਧੂ ਜਾਂ ਅਜਿਹੇ ਬਿਸਲ ਬਲੋਅਰਾਂ ਦੇ ਕੰਮ ਕਰਨ ਦਾ ਤਰੀਕਾ ਠੀਕ ਨਾ ਹੋਵੇ, ਪਰ ਕੀ ਸਰਕਾਰਾਂ, ਪ੍ਰਸ਼ਾਸਨ ਜਾਂ ਪੁਲਿਸ ਦਾ ਇਹ ਫਰਜ਼ ਨਹੀਂ ਬਣਦਾ ਕਿ ਉਹ ਉਭਾਰੇ ਜਾ ਰਹੇ ਮੁੱਦਿਆਂ `ਤੇ ਗੰਭੀਰਤਾ ਨਾਲ਼ ਵਿਚਾਰ ਕਰ ਕੇ ਕੋਈ ਐਕਸ਼ਨ ਲੈਣ? ਕੀ ਇਸਦਾ ਮਤਲਬ ਇਹ ਸਮਝਿਆ ਜਾਵੇ ਕਿ ਇਸ ਹਮਾਮ ਵਿਚ ਸਭ ਨੰਗੇ ਹਨ? ਜੇ ਸਰਕਾਰਾਂ ਜਾਂ ਪ੍ਰਸ਼ਾਸਨ ਆਪਣੇ ਨਿੱਜੀ ਤੇ ਸਵਾਰਥੀ ਹਿੱਤਾਂ ਲਈ ਭ੍ਰਿਸ਼ਟਾਚਾਰ ਵਰਗੇ ਮੁੱਦਿਆਂ ਪ੍ਰਤੀ ਸੰਜੀਦਾ ਨਹੀਂ, ਫਿਰ ਲੋਕ ਕਿੱਧਰ ਜਾਣ? ਜੇ ਸਰਕਾਰਾਂ ਦਾ ਇਹੀ ਰਵੱਈਆ ਹੋਵੇਗਾ ਤਾਂ ਕੌਣ ਸਮਾਜ ਦੇ ਸਰੋਕਾਰਾਂ ਹਿੱਤ ਕੰਮ ਕਰਨ ਲਈ ਅੱਗੇ ਆਵੇਗਾ? ਜੇ ਤੱਗੜ ਜਾਂ ਉਨ੍ਹਾਂ ਦੇ ਸਹਿਯੋਗੀਆਂ ਕੋਲ਼ੋਂ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿਚ ਕੋਈ ਕਾਨੂੰਨੀ ਕੁਤਾਹੀਆਂ ਹੋਈਆਂ ਹਨ ਤਾਂ ਉਨ੍ਹਾਂ `ਤੇ ਐਕਸ਼ਨ ਲੈਣ ਤੋਂ ਪਹਿਲਾਂ ਵੱਖ-ਵੱਖ ਖੇਤਰਾਂ ਵਿਚ ਫੈਲੇ ਭ੍ਰਿਸ਼ਟਾਚਾਰ `ਤੇ ਕਾਰਵਾਈ ਕਰਨ ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਕੁਰੱਪਸ਼ਨ ਦੇ ਮੁੱਦੇ ਨੂੰ ਲੈ ਕੇ ਬਣੀ ‘ਆਪ’ ਦੀ ਸਰਕਾਰ ਆਪਣੇ ਵਾਅਦਿਆਂ ਪ੍ਰਤੀ ਗੰਭੀਰ ਹੈ?
ਮਲਵਿੰਦਰ ਸਿੰਘ ਸਿੱਧੂ ਐਡੀਸ਼ਨਲ ਇੰਸਪੈਕਟਰ ਜਨਰਲ ਪੁਲਿਸ ਮਾਨਵੀ ਅਧਿਕਾਰ ਦੇ ਅਸਿਸਟੈਂਟ ਬਾਰੇ ਇਹ ਗੱਲ ਸ਼ਰੇ੍ਹਆਮ ਜਨਤਾ ਦੀ ਕਚਹਿਰੀ ਵਿਚ ਹੈ ਕਿ ਉਸਦੀ ਧੀ ਕਿਸੇ ਹਰਪ੍ਰੀਤ ਸਿੰਘ ਨਾਮ ਦੇ ਆਈ ਏ ਐਸ ਅਧਿਕਾਰੀ ਨਾਲ਼ ਵਿਆਹੀ ਹੋਈ ਸੀ, ਉਸਦਾ ਝਗੜਾ ਚੱਲ ਰਿਹਾ ਸੀ ਤੇ ਮਾਮਲਾ ਤਲਾਕ ਤੱਕ ਚਲਾ ਗਿਆ। ਲੜਕੀ ਨੂੰ ਆਪਣੇ ਸਾਬਕਾ ਪਤੀ ਦੇ ਸ਼ਡੂਲ ਕਾਸਟ ਦਾ ਜਾਅਲੀ ਸਰਟੀਫਿਕੇਟ ਲਗਾ ਕੇ ਨੌਕਰੀ ਲੈਣ ਦਾ ਪਤਾ ਸੀ, ਮਲਵਿੰਦਰ ਸਿੰਘ ਨੇ ਆਪਣੇ ਸਾਬਕਾ ਜਵਾਈ ਵਿਰੁੱਧ ਕੇਸ ਤਾਂ ਕੀਤਾ ਹੀ, ਸਗੋਂ ਉਸਨੇ ਦਲਿਤ ਹੋਣ ਦੇ ਫਰਜ਼ੀ ਸਰਟੀਫਿਕੇਟ ਲਗਾ ਕੇ ਹੋਰ ਅਨੇਕਾਂ ਉਚੇ ਅਹੁਦੇ ਲੈ ਕੇ ਬੈਠੇ ਅਫਸਰਾਂ ਨਾਲ਼ ਜੁੜੇ ਸਕੈਂਡਲ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਮੁਹਿੰਮ ਵੀ ਵਿੱਢ ਦਿੱਤੀ। ਇਸ ਦੌਰਾਨ ਉਸ ਕੋਲੋਂ ਕਥਿਤ ਤੌਰ `ਤੇ ਸਭ ਤੋਂ ਵੱਡੀ ‘ਕੁਤਾਹੀ’, ਇਹ ਹੋ ਗਈ ਕਿ ਸ਼ਡਿਓੂਲ ਕਾਸਟ ਸਰਟੀਫਿਕੇਟਾਂ ਬਾਰੇ ਸਕੈਂਡਲ ਦੀ ਜਾਣਕਾਰੀ ਇਕੱਠੀ ਕਰਨ ਦੇ ਆਪਣੇ ਮਿਸ਼ਨ ਦੌਰਾਨ ਉਹ ਆਪਣੇ ਆਪ ਨੂੰ ਐਡੀਸ਼ਨਲ ਇੰਸਪੈਕਟਰ ਜਨਰਲ ਪੁਲਿਸ ਮਾਨਵੀ ਅਧਿਕਾਰ ਦੱਸਣ ਦੀ ਬਜਾਇ ਕਿਤੇ ਕਿਤੇ ਵਿਜੀਲੈਂਸ ਅਧਿਕਾਰੀ ਦੱਸ ਬੈਠਾ। ਉਹ ਅਜਿਹੀ ਜਾਣਕਾਰੀ ਇਕੱਤਰ ਕਰਨ ਦੌਰਾਨ ਆਪਣੀ ਅੰਡਰਵੀਅਰ ਵਿਚ ਡਿਕਟਾ ਵੁਆਇਸ ਰਿਕਾਰਡਰ ਰੱਖ ਲੈਂਦਾ ਸੀ ਤਾਂ ਕਿ ਜਾਣਕਾਰੀ ਰਿਕਾਰਡ ਕਰ ਸਕੇ। ਉਹ ਰਿਕਾਰਡਰ ਪੁਲਿਸ ਛਾਪੇ ਦੌਰਾਨ ਅਧਿਕਾਰੀਆਂ ਦੇ ਹੱਥ ਆ ਗਿਆ, ਜਿਸ ਨਾਲ਼ ਪੁਲਿਸ ਅਧਿਕਾਰੀਆਂ ਨੂੰ ਕਾਰਵਾਈ ਕਰਨ ਦਾ ਮੌਕਾ ਮਿਲ ਗਿਆ। ਵਿਚਾਰੇ ਮਲਵਿੰਦਰ ਸਿੰਘ ਸਿੱਧੂ ਨੂੰ ਰਤਾ ਖਬਰ ਨਹੀਂ ਸੀ ਕਿ ਉਸ ਦੇ ਪਿੱਛੇ ਕਿਸ ਕਿਸਮ ਦੇ ‘ਖੁੰਖਾਰ ਕੁੱਤੇ’ ਲੱਗੇ ਹੋਏ ਸਨ। ਰਜਿੰਦਰ ਤੱਗੜ ਤੇ ਮਲਵਿੰਦਰ ਸਿੱਧੂ ਦੀ ਬਦਨਸੀਬੀ ਦੇ ਇਨ੍ਹਾਂ ਕੇਸਾਂ ਬਾਰੇ ਪੱਤਰਕਾਰ ਰਿਤੇਸ਼ ਲੱਖੀ ਨੇ ਆਪਣੇ ਯੂ ਟਿਊਬ ਚੈਨਲ ‘ਰਿਤੇਸ਼ ਲੱਖੀ: ਅਨਪਲੱਗ’ ‘ਤੇ 28 ਅਤੇ 30 ਅਪਰੈਲ, 2024 ਦੀਆਂ ਵੀਡੀਓਜ਼ ਵਿਚ ਵਿਸਤਾਰਤ ਚਰਚਾ ਕੀਤੀ ਹੈ। ਜੋ ਕਿ ਪਾਠਕ ਨਾਲ਼ ਦਿੱਤੇ ਜਾ ਰਹੇਲਿੰਕ `ਤੇ ਕਲਿਕ ਕਰ ਕੇ ਦੇਖ ਸਕਦੇ ਹਨ।
ਰਿਤੇਸ਼ ਲੱਖੀ ਦੀਆਂ ਦਲੀਲਾਂ ਨਾਲ਼ ਪੂਰਨ ਵਿਚ ਸਹਿਮਤ ਹੁੰਦਿਆਂ, ਸਾਡੀ ਸਮੇਂ ਦੇ ਹਾਕਮਾਂ ਅੱਗੇ ਸਿਰਫ ਇਤਨੀ ਕੁ ਦਲੀਲ ਹੈ ਕਿ ਤੱਗੜ, ਮਾਲਵਿੰਦਰ ਸਿੱਧੂ, ਜਾਂ ਸਤਨਾਮ ਦਾਊਂ ਵਰਗੇ ਲੋਕ ਜੇਕਰ ਕਾਨੂੰਨ ਦੀਆਂ ਨਜ਼ਰਾਂ ਵਿਚ ਸਚੀਂ-ਮੁੱਚੀਂ ਕਿਸੇ ਵੱਡੇ ਗੁਨਾਹ ਦੇ ਭਾਗੀ ਹਨ ਤਾਂ ਉਨ੍ਹਾਂ ਨੂੰ ਬੇਸ਼ੱਕ ਸੂਲ਼ੀ ‘ਤੇ ਟੰਗ ਦਿਓ, ਪਰ ਬਰਾਏ ਮਿਹਰਬਾਨੀ ਉਨ੍ਹਾਂ ਦੇ ਨਾਲ਼ ਹੀ, ਉਨ੍ਹਾਂ ਵਲੋਂ ਭ੍ਰਿਸ਼ਟਾਚਾਰ ਸਬੰਧੀ ਉਭਾਰੇ ਜਾ ਰਹੇ ਅਤੀ ਗੰਭੀਰ ਮੁੱਦਿਆਂ ਨੂੰ ਵੀ ਨਾਲ਼ ਹੀ ਫਾਹੇ ਨਾ ਟੰਗੋ? ਉਨ੍ਹਾਂ ‘ਤੇ ਕਾਨੂੰਨੀ ਕਾਰਵਾਈ ਕਰ ਕੇ ਲੋਕਾਂ ਨੂੰ ਇਨਸਾਫ ਦਿਓ ਅਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਹੋਣ ਦਾ ਸਬੂਤ ਪੇਸ਼ ਕਰੋ।
ਹੇਠਾਂ ‘ਪੰਜਾਬ ਅਗੇਂਸਟ ਕੁਰੱਪਸ਼ਨ’ ਦੇ ਮੁੱਖ ਕਾਰਕੁਨ ਸਤਨਾਮ ਦਾਊਂ ਦੀ ਸੋਸ਼ਲ ਮੀਡੀਆ ਪੋਸਟ ਹੂ-ਬ-ਹੂ ਸਾਂਝੀ ਕਰ ਰਹੇ ਹਾਂ ਤਾਂ ਕਿ ਉਨ੍ਹਾਂ ਦਾ ਪੱਖ ਵੀ ਪਾਠਕ ਜਾਣ ਲੈਣ ਕਿ ਸਮਾਜ ਦੇ ਬਿਸਲ ਬਲੋਅਰਾਂ ਨਾਲ਼ ਸਰਕਾਰ, ਪ੍ਰਸ਼ਾਸਨ ਅਤੇ ਪੁਲਿਸ ਧੱਕੇਸ਼ਾਹੀ ਕਿਉਂ ਕਰ ਰਹੀ ਹੈ?
ਅਸੀਂ ਕਿਹੜੇ ਲੋਕਾਂ ਨੂੰ ਬਲੈਕਮੇਲਰ ਲੱਗਦੇ ਹਾਂ ਅਤੇ ਕਿਉਂ ਲੱਗਦੇ ਹਾਂ?
(1) ਅਮਰੂਦ ਬਾਗ਼ ਘਪਲ਼ੇ ਵਿਚ ਸ਼ਾਮਿਲ ਉਹ ਲੋਕ, ਜਿਨ੍ਹਾਂ ਨੇ ਸੈਂਕੜੇ ਕਰੋੜਾਂ ਦਾ ਘਪਲ਼ਾ ਕੀਤਾ ਅਤੇ 58 ਕਰੋੜ ਪੰਜਾਬ ਦੇ ਖਜ਼ਾਨੇ ਵਿਚ ਅਦਾਲਤੀ ਹੁਕਮਾਂ ਕਾਰਨ ਵਾਪਿਸ ਹੋਏ ਹਨ। ਹੁਣ ਉਹ ਗੈਂਗ ਸਾਡੇ ਖ਼ਿਲਾਫ਼ ਵਿਜੀਲੈਂਸ ਬਿਊਰੋ ਨੂੰ ਝੂਠੀ ਸ਼ਿਕਾਇਤ ਦੇ ਕੇ ਅਤੇ ਅਦਾਲਤ ਵਿਚ ਮੇਰੇ ਅਤੇ ‘ਪੰਜਾਬ ਦਸਤਾਵੇਜ਼’ ਚੈਨਲ ਦੇ ਪੱਤਰਕਾਰ ਰਜਿੰਦਰ ਸਿੰਘ ਤੱਗੜ ਖ਼ਿਲਾਫ਼ ਮਾਣਹਾਨੀ ਦਾ ਕੇਸ ਕਰਕੇ ਡਰਾਉਣਾ ਚਾਹੁੰਦੇ ਹਨ। ਅਜਿਹੇ ਠੱਗ ਲੋਕ ਸਾਡੇ ਖ਼ਿਲਾਫ਼ ਇਲਜ਼ਾਮ ਲਗਾਉਂਦੇ ਹੀ ਰਹਿਣਗੇ।
ਨੋਟ:- ਪੱਤਰਕਾਰ ਰਜਿੰਦਰ ਸਿੰਘ ਤੱਗੜ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਪੁਲਿਸ ਨੇ ਹਿਰਾਸਤ ਵਿਚ ਲਿਆ ਹੋਇਆ ਹੈ, ਸ਼ਾਇਦ ਅਗਲਾ ਨੰਬਰ ਮੇਰਾ ਹੋਵੇ।
(2) ਪੰਜਾਬ ਦੇ ਉਦਯੋਗਾਂ ਨੂੰ ਉਜਾੜਨ ਵਾਲੇ ਅਤੇ ਹਜ਼ਾਰਾਂ ਕਰੋੜਾਂ ਦੇ ਉਦਯੋਗਿਕ ਘਪਲ਼ੇ ਦੇ ਦੋਸ਼ੀ, ਸਾਡੇ ਇੱਕ ਸਹਿਯੋਗੀ ਰਹੇ ਨਿਰਦੋਸ਼ ਵਿਅਕਤੀ ਨੂੰ ਗ੍ਰਿਫ਼ਤਾਰ ਕਰਵਾਉਂਦੇ ਹਨ ਕਿ ਅਸੀਂ ਸ਼ਿਕਾਇਤ ਕਰਤਾਵਾਂ ਦਾ ਇੱਕ ਗ੍ਰੋਹ ਹਾਂ, ਜੋ ਵੱਡੇ ਵਪਾਰੀਆਂ ਖ਼ਿਲਾਫ਼ ਝੂਠੀਆ ਸ਼ਿਕਾਇਤਾਂ ਦੇ ਕੇ ਬਲੈਕਮੇਲ ਕਰਦੇ ਹਨ। ਮੈਨੂੰ ਧਮਕੀ ਮਿਲੀ ਕਿ ਚੁੱਪ ਕਰ, ਨਹੀਂ ਤਾਂ ਉਸ ਪਰਚੇ ਵਿਚ ਇੱਕ ਅਣਪਛਾਤੇ ਵਿਅਕਤੀ ਦੀ ਥਾਂ ਤੇਰਾ ਨਾਮ ਪੁਆ ਦਿੱਤਾ ਜਾਵੇਗਾ। ਅਸੀਂ ਉਦਯੋਗ ਪਲਾਟ ਘਪਲੇ ਕਰਨ ਵਾਲਿਆਂ ਲਈ ਵੀ ਬਲੈਕਮੇਲਰ ਹਾਂ। ਪਰ ਮੁੱਖ ਮੰਤਰੀ ਸਾਹਿਬ ਨੇ ਘਪਲੇਬਾਜ਼ਾਂ ਖ਼ਿਲਾਫ਼ ਦੋ ਪਰਚੇ ਦਰਜ ਕਰ ਕੇ, ਜੇਲ੍ਹ ਭਿਜਵਾ ਦਿੱਤਾ ਸੀ, ਬਾਅਦ ਵਿਚ ਘਪਲ਼ੇਬਾਜ਼ਾਂ ਵਲੋਂ ਕਿਸੇ ਸਰਕਾਰ ਨਾਲ ਕੋਈ ਸੈਟਿੰਗ ਕਰ ਲਈ ਜਾਵੇ, ਉਸਦੀ ਕੋਈ ਗਰੰਟੀ ਨਹੀਂ।
(3) ਉਨ੍ਹਾਂ ਬਿਲਡਰਾਂ ਲਈ ਵੀ ਅਸੀਂ ਬਲੈਕਮੇਲਰ ਹਾਂ, ਜਿਨ੍ਹਾਂ ਨੇ ਓਾਂਸ਼ ਕੋਟੇ ਦੇ ਹਜ਼ਾਰਾਂ ਘਰਾਂ ਦਾ ਘਪਲਾ ਕੀਤਾ, ਜਿਸਨੂੰ ਅਸੀਂ ਅਦਾਲਤਾਂ ਅਤੇ ਦੇਸ਼ ਦੀ ਪਾਰਲੀਮੈਂਟ ਤੱਕ ਲੈ ਕੇ ਗਏ, ਉਹ ਬਿਲਡਰ ਵੀ ਸਾਨੂੰ ਬਲੈਕਮੇਲਰ ਦੱਸਦੇ ਹਨ। ਭਾਵੇਂ ਕਿ ਓਾਂਸ਼ ਕੋਟੇ ਦੀ ਸੈਂਕੜੇ ਏਕੜ ਜ਼ਮੀਨ ਸਾਡੇ ਸੰਘਰਸ਼ ਕਾਰਣ ਪੰਜਾਬ ਸਰਕਾਰ ਨੂੰ ਮਿਲੀ ਹੋਈ ਹੈ ਅਤੇ ਉਸ ਜ਼ਮੀਨ ਵਿਚ ਗਰੀਬ ਲੋਕਾਂ ਨੂੰ ਸਸਤੇ ਘਰ ਵੀ ਮਿਲ ਸਕਦੇ ਹਨ, ਜਿਸ ਲਈ ਅੱਜ ਵੀ ਸੰਘਰਸ਼ ਜਾਰੀ ਹੈ।
(4) ਅਸੀਂ ਉਸ ਲੈਂਡ ਮਾਫੀਏ ਲਈ ਵੀ ਬਲੈਕਮੇਲਰ ਹਾਂ, ਜੋ ਪੁਲਿਸ ਦੀਆਂ ਕਾਲੀਆਂ ਭੇਡਾਂ ਨਾਲ ਮਿਲ ਕੇ ਲੋਕਾਂ ਦੀਆਂ ਜਾਇਦਾਦਾਂ ‘ਤੇ ਕਬਜ਼ੇ ਕਰਦੇ ਰਹੇ ਹਨ। ਜੋ ਲੈਂਡ ਮਾਫੀਏ ਮੋਹਾਲੀ ਦੇ ਪਿੰਡ ਫਤਹਿਉਲਾ ਪੁਰ ਦੇ ਗੁਰਦੀਪ ਸਿੰਘ ਦਾ ਕਤਲ ਕਰਵਾਉਂਦੇ ਰਹੇ ਹਨ ਅਤੇ ਜਿਨ੍ਹਾਂ ਨੇ ਐਲ ਆਈ ਸੀ ਏਜੰਟ ਰਾਮ ਕਿਰਪਾਲ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕੀਤਾ ਹੈ, ਖ਼ਿਲਾਫ਼ ਅਵਾਜ਼ ਬੁਲੰਦ ਕਰਨ ਅਤੇ ਉਨ੍ਹਾਂ ਖ਼ਿਲਾਫ਼ ਕੇਸ ਲੜਨ ਕਾਰਣ ਵੀ ਉਹ ਸਾਡੇ ‘ਤੇ ਬਲੈਕਮੇਲ ਹੋਣ ਦਾ ਠੱਪਾ ਲਗਾਉਂਦੇ ਰਹੇ ਹਨ।
(4) ਅਸੀਂ ਉਨ੍ਹਾਂ ਟਰੈਵਲ ਏਜੰਟਾਂ ਅਤੇ ਸਰਕਾਰੀ ਅਫ਼ਸਰਾਂ ਲਈ ਵੀ ਬਲੈਕਮੇਲਰ ਹਾਂ, ਜਿਨ੍ਹਾਂ ਦੇ ਗੱਠਜੋੜ ਖ਼ਿਲਾਫ਼ ਅਸੀਂ ਆਵਾਜ਼ ਬੁਲੰਦ ਕਰ ਕੇ ਟਰੈਵਲ ਏਜੰਟਾਂ ਦੇ ਹਜ਼ਾਰਾਂ ਪੀੜਤਾਂ ਦੇ ਕਰੋੜਾਂ ਰੁਪਏ ਵਾਪਿਸ ਕਰਵਾਏ ਅਤੇ ਦਰਜਨਾਂ ਲੋਕਾਂ ਨੂੰ ਜੇਲ੍ਹ ਭੇਜਣ ਵਿਚ ਮੱਦਦ ਕੀਤੀ ਹੈ। ਠੱਗ ਏਜੰਟਾਂ ਅਤੇ ਉਨ੍ਹਾਂ ਦੀ ਕਾਲੀ ਕਮਾਈ ਵਿਚੋਂ ਹਿੱਸੇ ਲੈਣ ਵਾਲੇ ਵੀ ਸਾਨੂੰ ਬਲੈਕਮੇਲਰ ਦੱਸਦੇ ਹਨ।
(5) ਮੋਹਾਲੀ ਅਤੇ ਲੁਧਿਆਣੇ ਦੇ ਕੁਝ ਬਿਲਡਰ ਸਕਾਈ ਰੌਕ ਸਿਟੀ, ੍ਰਖੰ ਸਿਟੀ, ਸ਼ਿਵਾਲਕ ਸਿਟੀ, ਜੀ ਕੇ ਅਸਟੇਟ ਆਦਿ ਵੀ ਸਾਨੂੰ ਬਲੈਕਮੇਲਰ ਦੱਸਦੇ ਰਹੇ ਹਨ, ਜਿਨ੍ਹਾਂ ਖ਼ਿਲਾਫ਼ ਅਸੀਂ ਪਰਚੇ ਦਰਜ ਕਰਵਾਏ ਅਤੇ ਇਨ੍ਹਾਂ ਦੇ ਕੁਝ ਪੀੜਤਾਂ ਦੇ ਕਰੋੜਾਂ ਰੁਪਏ ਵਾਪਿਸ ਕਰਵਾਏ। ਸ਼ਿਵਾਲਕ ਸਿਟੀ ਮੋਹਾਲੀ ਦਾ ਕੇਸ ਤਾਂ ਸਾਨੂੰ ਆਮ ਆਦਮੀ ਪਾਰਟੀ ਮੋਹਾਲੀ ਵਲੋਂ ਲੋਕਾਂ ਦੀ ਮਦਦ ਕਰਨ ਲਈ ਦਿੱਤਾ ਗਿਆ ਸੀ। ਇਸ ਬਿਲਡਰ ਖ਼ਿਲਾਫ਼ ਦਰਜ ਇੱਕ ਪਰਚੇ ਮੁਤਾਬਿਕ, ਇਸਨੇ 1800 ਕਰੋੜ ਰੁਪਏ ਦੀ ਠੱਗੀ ਮਾਰੀ ਹੋਈ ਹੈ। ਇਹ ਬਿਲਡਰ ਵੀ ਸਾਡੀ ਟੀਮ ਦੀ ਮੱਦਦ ਨਾਲ 7-8 ਸਾਲ ਪਹਿਲਾਂ ਜੇਲ੍ਹ ਗਿਆ ਸੀ। ਜਿਸਦੀ ਅੱਜ ਤੱਕ ਜ਼ਮਾਨਤ ਨਹੀਂ ਹੋਈ। ਅਜਿਹੇ ਠੱਗ ਬਿਲਡਰ ਵੀ ਸਾਨੂੰ ਬਲੈਕਮੇਲਰ ਦੱਸਦੇ ਹਨ ਅਤੇ ਇਲਜ਼ਾਮ ਲਗਾਉਂਦੇ ਰਹਿੰਦੇ ਹਨ।
(6) ਸਾਨੂੰ ਉਹ ਲੋਕ ਵੀ ਬਲੈਕਮੇਲਰ ਦੱਸਦੇ ਹਨ, ਜਿਨ੍ਹਾਂ ਨੇ ਆਪਣਾ ਰਸੂਖ਼ ਵਰਤ ਕੇ ਮੋਹਾਲੀ ਦੇ ਪਿੰਡ ਬਲੌਂਗੀ ਅਤੇ ਫੇਜ਼ ਇੱਕ ਵਿਚ ਗਊਸ਼ਾਲਾ ਦੇ ਨਾਮ ‘ਤੇ ਅਰਬਾਂ ਰੁਪਏ ਦੀਆਂ ਜ਼ਮੀਨਾਂ ਹੜੱਪੀਆਂ ਹਨ। ਜਿਨ੍ਹਾਂ ਨੇ ਮੋਹਾਲੀ ਦੇ ਪਿੰਡ ਚੰਦਪੁਰ, ਸੁੱਘੜ, ਕੁਰੜਾ ਆਦਿ ਅਤੇ ਗੋਲਡਨ ਫੌਰੈਸਟ ਵਾਲੀ ਸੈਂਕੜੇ ਏਕੜ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਕਾਰਣ, ਉਹ ਮਾਫੀਏ ਵੀ ਸਾਡੇ ਖ਼ਿਲਾਫ਼ ਇਲਜ਼ਾਮ ਲਗਾਉਂਦੇ ਰਹਿੰਦੇ ਹਨ।
(7) ਪਿਛਲੇ 10 ਸਾਲਾਂ ਵਿਚ ਦਰਜਨਾਂ ਹੀ ਹੋਰ ਵੱਡੇ-ਛੋਟੇ ਘਪਲ਼ੇ ਹਨ, ਜਿਨ੍ਹਾਂ ਵਿਚ ਅਸੀਂ ਸੈਂਕੜੇ ਪੀੜਤਾਂ ਦੀ ਮੱਦਦ ਕੀਤੀ ਹੈ। ਜਿਸ ਕਾਰਨ ਘਪਲ਼ੇਬਾਜ਼ਾਂ ਵਲੋਂ ਸਾਡੇ ਖ਼ਿਲਾਫ਼ ਝੂਠੀਆਂ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਰਹੀਆਂ ਅਤੇ ਇਲਜ਼ਾਮ ਲਗਾਏ ਜਾਂਦੇ ਰਹੇ ਹਨ। ਉਨ੍ਹਾਂ ਲਈ ਵੀ ਅਸੀਂ ਬਲੈਕਮੇਲਰ ਹਾਂ।
(ਲੋਕਲ ਲੋਕ ਅਤੇ ਸਰਕਾਰੀ ਏਜੰਸੀਆਂ ਗਵਾਹ ਹਨ ਕਿ ਮੇਰੇ ਵਲੋ ਜਾਂ ਮੇਰੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਵਲੋਂ ਹੁਣ ਤੱਕ ਭ੍ਰਿਸ਼ਟਾਚਾਰ ਕਰ ਕੇ, ਕੋਈ ਜ਼ਮੀਨ-ਜਾਇਦਾਦ ਨਹੀਂ ਬਣਾਈ ਗਈ ਅਤੇ 20 ਸਾਲਾਂ ਤੋਂ ਇੱਕ ਹੀ ਥਾਂ ਕਿਰਾਏ ਦੇ ਘਰ ਵਿਚ ਮੇਰੀ ਰਿਹਾਇਸ਼ ਹੈ। ਹਰਾਮ ਦੀ ਕਮਾਈ ਦੀ ਸਾਨੂੰ ਕਦੇ ਲੋੜ ਨਹੀਂ ਪਈ, ਪਰ ਇੱਕ ਖ਼ੁਸ਼ੀ ਹੈ ਕਿ ਹੁਣ ਮੇਰਾ ਆਪਣਾ ਘਰ ਵੀ ਬਣ ਰਿਹਾ ਹੈ।
ਮਾਫੀਏ ਗੱਠਜੋੜ ਅਤੇ ਸਾਡੇ ਖ਼ਿਲਾਫ਼ ਬਲੈਕਮੇਲਰ ਹੋਣ ਦੇ ਇਲਜ਼ਾਮ ਲਗਾਉਣ ਵਾਲੇ ਯਾਦ ਰੱਖਣ ਕਿ ਤੁਸੀਂ ਅੱਜ ਵੀ ਮੈਨੂੰ/ਸਾਨੂੰ ਕਤਲ ਕਰਵਾਉਣ, ਝੂਠੇ ਕੇਸਾਂ ਵਿਚ ਫਸਾ ਕੇ ਜੇਲ੍ਹ ਭੇਜਣ ਅਤੇ ਝੂਠਾ ਬਦਨਾਮ ਕਰ ਕੇ ਕਿਰਦਾਰਕੁਸ਼ੀ ਕਰਨਾ ਚਾਹੁੰਦੇ ਹੋ ਅਤੇ ਅਜਿਹਾ ਕਰਨ ਦੀ ਤੁਸੀਂ ਤਾਕਤ ਵੀ ਰੱਖਦੇ ਹੋ। ਪਰ ਇਹ ਵੀ ਯਾਦ ਰੱਖੋ ਕਿ ਅਸੀਂ ਤਾਂ ਉਦੋਂ ਵੀ ਤੁਹਾਡੇ ਕੋਲੋਂ ਨਹੀਂ ਡਰੇ, ਜਦੋਂ ਅਸੀਂ ਤੁਹਾਨੂੰ ਨੰਗ ਲਗਦੇ ਸੀ ਤਾਂ ਫੇਰ ਹੁਣ ਤਾਂ ਤੁਹਾਡੇ ਕੋਲੋਂ ਡਰਨਾ ਹੀ ਕਿਉਂ ਹੈ? ਤੁਸੀਂ ਇਹ ਵੀ ਯਾਦ ਰੱਖੋ ਕਿ ਬਹੁਤ ਪੈਸੇ ਅਤੇ ਜਾਇਦਾਦਾਂ ਇਕੱਠੀਆਂ ਕਰਨੀਆਂ ਅਸੀਂ ਵੀ ਜਾਣਦੇ ਹਾਂ, ਪਰ ਅਸੀਂ ਤੁਹਾਡੇ ਕੋਲੋਂ ਹਿੱਸੇ ਲੈ ਕੇ ਅਜਿਹਾ ਨਹੀਂ ਕੀਤਾ ਅਤੇ ਤੁਹਾਡੇ ਮੁਤਾਬਿਕ ਨੰਗ ਰਹਿਣ ਦਾ ਰਸਤਾ ਵੀ ਅਸੀਂ ਪੀੜਤਾਂ ਦੀ ਮੱਦਦ ਕਰਨ ਅਤੇ ਲੋੜ ਪੈਣ ‘ਤੇ ਤੁਹਾਡੇ ਨਾਲ ਟੱਕਰ ਲੈਣ ਲਈ ਹੀ ਚੁਣਿਆ ਹੈ, ਨਹੀਂ ਤਾਂ ਅਸੀਂ ਵੀ ਤੁਹਾਡੇ ਕੋਲੋਂ ਹੀ ਕਰੋੜਾਂ ਅਰਬਾਂ ਰੁਪਏ ਦੀ ਕਮਾਈ ਕਰ ਕੇ ਸਫੈਦਪੋਸ਼ ਅਤੇ ਅਖੌਤੀ ਸਮਾਜਸੇਵੀ ਬਣੇ ਰਹਿਣਾ ਸੀ।
-ਸਤਨਾਮ ਸਿੰਘ ਦਾਊਂ
ਪੰਜਾਬ ਅਗੇਂਸਟ ਕੁਰੱਪਸ਼ਨ
ਫੋਨ: 85251-25021