ਮੁੱਦਾਹੀਣ ਚੋਣਾਂ, ਰਾਜਨੀਤਕ ਖਲਾਅ ਅਤੇ ਪੰਜਾਬ ਦੇ ਪ੍ਰਵਚਨ ਦਾ ‘ਮਾਲੀ’

ਹਜਾਰਾ ਸਿੰਘ ਮਿਸੀਸਾਗਾ
ਫੋਨ: 647-685-5999
ਭਾਰਤ ਵਿਚ ਚੋਣਾਂ ਹੋ ਰਹੀਆਂ ਹਨ। ਸੱਤਾਧਾਰੀ ਧਿਰ ਇਹ ਚੋਣਾਂ ਗੈਰ ਸਿਆਸੀ ਮੁੱਦਿਆਂ ਤੇ ਕੇਂਦਰਿਤ ਹੋ ਕੇ ਲੜ ਰਹੀ ਹੈ। ਸਿਆਸੀ ਮੁੱਦਿਆਂ ਨੂੰ ਸਿਆਸਤ ਦੇ ਘੜਮੱਸ ਵਿਚ ਰੋਲਣ ਦੇ ਯਤਨ ਹੋ ਰਹੇ ਹਨ। ਕਾਂਗਰਸ ਪਾਰਟੀ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਕੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਦੇਸ਼ ਨੂੰ ਦਰਪੇਸ਼ ਅਹਿਮ ਮੁੱਦਿਆਂ ਨੂੰ ਚੋਣ ਸਿਆਸਤ ਦੇ ਕੇਂਦਰ ਵਿਚ ਲਿਆਉਣ ਦਾ ਯਤਨ ਕੀਤਾ ਹੈ।

ਪਰ ਸੱਤਾਧਾਰੀ ਪਾਰਟੀ ਮੁੱਦਿਆਂ ‘ਤੇ ਬਹਿਸ ਤੋਂ ਇੰਜ ਭੱਜ ਰਹੀ ਹੈ ਜਿਵੇਂ ਧੁਣਖੀਓਂ ਕਾਂ। ਬੀਜੇਪੀ ਇਨ੍ਹਾਂ ਚੋਣਾਂ ਵਿਚ ਠੋਸ ਸਿਆਸੀ ਬਿਰਤਾਂਤ ਘੜ੍ਹੇ ਬਗੈਰ ਹੀ ਉੱਤਰੀ ਜਾਪਦੀ ਹੈ। ਮੋਦੀ ਦੀ ਨਫਰਤੀ ਅਤੇ ਫਿਰਕੂ ਭਾਵਨਾਵਾਂ ਭੜਕਾਉਣ ਵਾਲੀ ਤਕਰੀਰਬਾਜ਼ੀ ਤੋਂ ਜਾਹਿਰ ਹੁੰਦਾ ਹੈ ਕਿ ਬੇਜੀਪੀ ਨੇ 2024 ਦੀਆਂ ਚੋਣਾਂ ‘ਘੁਸਕੇ ਮਾਰੇਂਗੇ’ ਦੇ ਨਾਹਰੇ ਤੇ ਲੜਨੀਆਂ ਸਨ। ਹੁਣ ਤੱਕ ਬਾਹਰ ਆਈ ਜਾਣਕਾਰੀ ਅਨੁਸਾਰ ਇਹ ‘ ਘੁਸਕੇ ਮਾਰੇਂਗੇ’ ਵਾਲੀ ਨੀਤੀ ਨੂੰ ਪਾਕਿਸਤਾਨ, ਕੈਨੇਡਾ ਅਤੇ ਅਮਰੀਕਾ ਤੱਕ ਫੈਲਾਉਣ ਦੀ ਯੋਜਨਾ ਸੀ। ਪਰ ਕੱਚੇ ਖਿਡਾਰੀ ਸਾਬਿਤ ਹੋਏ ਅਤੇ ਅਮਰੀਕਾ ਦੀਆਂ ਏਜੰਸੀਆਂ ਦੇ ਜਾਲ ਵਿਚ ਉਲਝ ਗਏ। ‘ਘੁਸ ਕੇ ਮਾਰੇਂਗੇ’ ਵਾਲੀ ਸਕੀਮ ਧਰੀ ਧਰਾਈ ਰਹਿ ਗਈ ਅਤੇ ਹਾਲਤ ਚੋਰ ਦੇ ਸੰਨ੍ਹ ‘ਤੇ ਫੜੇ ਜਾਣ ਵਾਲੀ ਹੋ ਗਈ। ਚੋਣਾਂ ਜਿੱਤਣ ਲਈ ਬਣਾਈ ਸਕੀਮ ਸਿਰੇ ਨਾਂ ਚੜ੍ਹੀ ਅਤੇ ਨਵੀਂ ਘੜਨ ਦਾ ਨਾਂ ਹੌਸਲਾ ਰਿਹਾ ਨਾਂ ਸਮਾਂ। ਗੱਲ,
‘ਘਰੋਂ ਗਏ ਫਿਰੰਗੀ ਦੇ ਮਾਰਨੇ ਨੂੰ , ਬੇੜੇ ਤੋਪਾਂ ਦੇ ਸਭ ਖੁਹਾ ਆਏ।
ਛੇੜ ਆਫਤਾਂ ਨੂੰ ਮਗਰ ਲਾਇਆ ਈ, ਸਗੋਂ ਕੁੰਜੀਆਂ ਹੱਥ ਫੜਾ ਆਇ ।’ ਵਾਲੀ ਹੋ ਗਈ।
ਜ਼ਰਾ ਸੋਚੋ, ਜੇਕਰ ਸੋਚੀ ਸਕੀਮ ਅਨੁਸਾਰ ਭਾਰਤੀ ਮੀਡੀਏ ਦੇ ਯਤਨਾਂ ਨਾਲ ਮਸ਼ਹੂਰ ਕੀਤੇ ਗਏ ਖਾਲਿਸਤਾਨੀਆਂ ਵਿਚੋਂ ਅੱਠ ਦਸ ਨੂੰ ਅਮਰੀਕਾ, ਕੈਨੇਡਾ ਅਤੇ ਜਰਮਨੀ ਵਿਚ ਜੁਲਾਈ, 2023 ਤੱਕ ਕਤਲ ਕਰਵਾ ਦਿੱਤਾ ਜਾਂਦਾ ਤਾਂ ਮੋਦੀ ਦੇ ‘ਘੁਸਕੇ ਮਾਰੇਂਗੇ’ ਵਾਲੇ ਨਾਹਰੇ ਦਾ ਜਲਵਾ ਕਿਹੋ ਜਿਹਾ ਹੁੰਦਾ? ਮੇਰਾ ਖਿਆਲ ਹੈ ਕਿ ਜੇਕਰ ਭਾਰਤੀ ਏਜੰਸੀਆਂ ਵਿਦੇਸ਼ਾਂ ਵਿਚਲੇ ਖਾਲਿਸਤਾਨੀਆਂ ਨੂੰ ਨਿਸ਼ਾਨਾ ਬਣਾਉਣ ਵਿਚ ਕਾਮਯਾਬ ਹੋ ਜਾਂਦੇ ਤਾਂ ਇਹ ਚੋਣਾਂ ਅਕਤੂਬਰ 2023 ਵਿਚ ਹੀ ਹੋ ਜਾਣੀਆਂ ਸਨ। ਮੋਦੀ ਨੇ ‘ਘੁਸਕੇ ਮਾਰੇਂਗੇ’ ਵਾਲੇ ਬ੍ਰਹਮ ਅਸਤਰ ਨਾਲ ਉਂਝ ਹੀ ਚੋਣਾਂ ਜਿੱਤ ਲੈਣੀਆਂ ਸਨ, ਜਿਵੇਂ 2019 ਦੀਆਂ ਚੋਣਾਂ ਉਸਨੇ ਬਾਲਾਕੋਟ ਵਾਲੇ ਜੁੰਬਲੇ ਨਾਲ ਲੁਟ ਕੇ ਛਿੱਤਰ ਨਾਲ ਸਹਿਆ ਮਾਰਨ ਵਾਲੀ ਕਹਾਣੀ ਲੁਟ ਲਈ ਸੀ। ਪਰ ਗੱਲ, ‘ਨਰ ਚਾਹਤ ਕੁਛ ਔਰ ਹੈ, ਅਉਰੇ ਕੀ ਅਉਰੇ ਭਈ ‘, ਵਾਲੀ ਹੋ ਗਈ।
ਸਿਆਸਤ ਨੂੰ ਸਿਆਸੀ ਮੁੱਦਿਆਂ ਤੋਂ ਹੀਣ ਕਰਨ ਵਾਲੀ ਵਾਲੀ ਕਵਾਇਦ ਬਾਕੀ ਮੁਲਕ ਦੇ ਨਾਲ ਨਾਲ ਪੰਜਾਬ ਵਿਚ ਵੀ ਬੜੇ ਲੰਮੇ ਸਮੇ ਤੋਂ ਚੱਲ ਰਹੀ ਹੈ। ਪੰਜਾਬ ਦੇ ਲੋਕ ਬਾਹਰੀ ਤੌਰ ‘ਤੇ ਸਿਆਸਤ ਵਿਚ ਬੜਾ ਸਰਗਰਮ ਜਾਪਦੇ ਹਨ ਪਰ ਸਿਆਸੀ ਮੁੱਦਿਆਂ ਨੂੰ ਸਿਆਸਤ ਦੇ ਕੇਂਦਰ ਵਿਚ ਰੱਖਣ ਤੋਂ ਬਹੁਤ ਪਛੜ ਗਏ ਹਨ। ਸਿਆਸੀ ਸਮਝ ਦਾ ਪੱਧਰ ਬਹੁਤ ਨੀਵਾਂ ਹੈ। ਸਿਆਸੀ ਸਮਝ ਨਾਂ ਹੋਣ ਬਰਾਬਰ ਹੈ। ਸਿਆਸੀ ਪਾਰਟੀਆਂ ਨੀਤੀ ਆਧਾਰਿਤ ਸਿਆਸਤ ਦੀ ਥਾਂ ਲੋਕ ਲਭਾਊ ਨਾਹਰਿਆਂ ਅਤੇ ਸਕੀਮਾਂ ‘ਤੇ ਆ ਗਈਆਂ ਹਨ। ਗੰਭੀਰ ਸਿਆਸੀ ਬਹਿਸ ਦੀ ਥਾਂ ਚੁਟਕਲੇ, ਹਲਕੀ ਦੂਸ਼ਣਬਾਜੀ ਜਾਂ ਮਾਅਰਕੇਬਾਜੀ ਸੁਣਨ ਨੂੰ ਮਿਲਦੀ ਹੈ। ਸਿਆਸੀ ਪਾਰਟੀਆਂ ਵਿਚਾਰਧਾਰਾਮੁਖੀ ਹੋਣ ਦੀ ਥਾਂ ਵਿਅਕਤੀ ਮੁਖੀ ਹੋ ਕੇ ਰਹਿ ਗਈਆਂ ਹਨ। ਕੁੱਲ ਮਿਲਾ ਕੇ ਸਥਿਤੀ ਇਹ ਹੈ ਕਿ ਪੰਜਾਬ ਦੇ ਸਿਆਸੀ ਘਮਸਾਣ ਵਿਚੋਂ ਮੁੱਦਿਆਂ ਤੇ ਕੀਤੀ ਜਾਣ ਵਾਲੀ ਸਿਆਸਤ ਗਾਇਬ ਹੈ। ਕਿਸੇ ਪਾਰਟੀ ਕੋਲ ਵੀ ਪੰਜਾਬ ਦਾ ਕੋਈ ਬੱਝਵਾਂ ਸਿਆਸੀ ਬਿਰਤਾਂਤ ਨਹੀਂ ਹੈ। ਖਿੰਡੇ ਹੋਏ ਸਿਆਸੀ ਬਿਰਤਾਂਤ ਦੇ ਮਾਹੌਲ ਵਿਚ ਨਾਹਰੇਬਾਜ਼ ਸਿਆਸਤ ਦੇ ਨਾਲ ਨਾਲ ਲੱਖਾ ਸਿਧਾਣਾ ਟਾਈਪ ਲਲਕਾਰੇ ਮਾਰੂ ਅਤੇ ਅਮ੍ਰਿਤਪਾਲ ਸਿੰਘ ਟਾਈਪ ਧੌਂਸਬਾਜ ਸਿਆਸਤ ਦਾ ਉਭਾਰ ਵੀ ਹੋ ਰਿਹਾ ਹੈ, ਜਿਨ੍ਹਾਂ ਦੀ ਨਾ ਕੋਈ ਜਿੰਮੇਵਾਰੀ ਹੈ ਨਾ ਜਵਾਬਦੇਹੀ। ਮੁੱਦਾਹੀਣ ਹੋ ਚੁੱਕੇ ਸਿਆਸੀ ਹਾਲਾਤਾਂ ਵਿਚ ਸੂਬਾ ਦਿਸ਼ਾਹੀਣ ਅਤੇ ਵੋਟਰ ਨਿਰਾਸ਼ ਹੋ ਰਹੇ ਹਨ। ਕੁੱਝ ਵੋਟਰ ਰੋਸ ਕਾਰਨ ਉਮੀਦਵਾਰਾਂ ਨੂੰ ਤਿੱਖੇ ਸਵਾਲ ਕਰ ਰਹੇ ਹਨ, ਕੁੱਝ ਉਦਾਸੀਨ ਹਨ ਅਤੇ ਕੁੱਝ, ‘ਅੰਧ ਰਾਜਾ ਬੇਦਾਦ ਨਗਰੀ, ਝੂਠਾ ਦੇ ਦਿਲਾਸੜਾ ਮਾਰਿਆ ਈ’, ਵਾਂਗ ਮਹਿਸੂਸ ਕਰ ਰਹੇ ਹਨ। ਚੁਫੇਰੇ ਕੂੜ ਅਮਾਵਸ ਪਸਰਣ ਵਾਲੀ ਹਾਲਤ ਬਣੀ ਹੋਈ ਹੈ। ਲਾਰੇਬਾਜ ਸਿਆਸਤ ਤੋਂ ਅੱਕੇ ਕੁੱਝ ਵੋਟਰ, ‘ਅਸੀ ਆਪਣਾ ਸਮਝ ਕੇ ਵੋਟ ਪਾਈ, ਇਨ੍ਹਾਂ ਵੋਟ ਦਾ ਸਿਲ੍ਹਾ ਵੀ ਤਾਰਿਆ ਨਾਂ ‘ ਦੀ ਭਾਵਨਾ ਅਨੁਸਾਰ ਵੋਟ ਪਾਉਣ ਵਿਚ ਕੋਈ ਦਿਲਚਸਪੀ ਨਹੀ ਲੈ ਰਹੇ। ਚੋਣਾਂ ਦੇ ਪਹਿਲੇ ਪੜਾਵਾਂ ਵਿਚ ਪਈਆਂ ਘੱਟ ਵੋਟਾਂ ਇਸੇ ਦਾ ਹੀ ਪ੍ਰਗਟਾਵਾ ਹੈ। ਵੋਟਾਂ ਦਾ ਸਿਲ੍ਹਾ ਤਾਰਨ ਲਈ ਜੁਮਲੇਬਾਜ ਸਿਆਸਤ ਦੀ ਥਾਂ ਨੀਤੀ ਆਧਾਰਿਤ ਸਿਆਸਤ ਉਸਾਰਨ ਦੀ ਲੋੜ ਹੈ, ਜਿਸ ਵਿਚ ਨੈਤਿਕ ਜਿੰਮੇਵਾਰੀ ਅਤੇ ਜਵਾਬਦੇਹੀ ਦਾ ਅੰਸ਼ ਵੀ ਸ਼ਾਮਿਲ ਹੋਏ।
ਮੌਜੂਦਾ ਮਾਹੌਲ ਵਿਚ ਸਿਆਸੀ ਪਾਰਟੀਆਂ ਗੰਭੀਰਤਾ, ਨੈਤਿਕਤਾ, ਜਿੰਮੇਵਾਰੀ ਅਤੇ ਜਵਾਬਦੇਹੀ ਤੋਂ ਕਿਨਾਰਾ ਕਰ ਗਈਆਂ ਹਨ। ਕਾਰਨ? ਸਿਰ ‘ਤੇ ਕੋਈ ਕੁੰਡਾ ਨਹੀ ਰਿਹਾ। ਸਿਆਸੀ ਪਾਰਟੀਆਂ ਨੂੰ ਜਵਾਬਦੇਹ ਬਣਾਉਣ ਲਈ ਵਿਰੋਧੀ ਸਿਆਸੀ ਧਿਰ, ਚੇਤੰਨ ਲੋਕ, ਬੁੱਧੀਜੀਵੀ ਅਤੇ ਤੰਦਰੁਸਤ, ਨਿਰਪੱਖ ਮੀਡੀਆ ਕੁੰਡੇ ਦਾ ਕੰਮ ਕਰਦੇ ਹਨ। ਐਸਾ ਕੁੰਡਾ ਨਾਂ ਹੋਣ ਦੀ ਸੂਰਤ ਵਿਚ, ‘ਸਿਰ ਫੌਜ ਦੇ ਰਿਹਾ ਨਾਂ ਕੋਈ ਕੁੰਡਾ, ਹੋਇਆ ਸ਼ੁਤਰ ਜਿਉਂ ਬਾਝ ਮੁਹਾਰ ਮੀਆਂ ‘ ਵਾਲੀ ਗੱਲ ਹੋ ਜਾਣੀ ਸੁਭਾਵਿਕ ਹੈ। ਜਵਾਬਦੇਹੀ ਦੇ ਮਾਮਲੇ ਵਿਚ ਸਿਆਸੀ ਪਾਰਟੀਆਂ ਅਤੇ ਸਿਆਸਤ ਬੇਲਗਾਮ ਹਨ ।
ਪੰਜਾਬ ਦੀ ਉੱਖੜੀ ਸਿਆਸਤ ਨੂੰ ਸਿਆਸੀ ਅਤੇ ਸਿਧਾਂਤਕ ਗੁਣੀਏ ਵਿਚ ਰੱਖਣ ਲਈ ਭਾਵੇਂ ਵਿਰੋਧੀ ਧਿਰ, ਮੀਡੀਆ ਅਤੇ ਬੁੱਧੀਜੀਵੀ ਆਪਣਾ ਪ੍ਰਭਾਵ ਨਹੀਂ ਪਾ ਰਹੇ ਪਰ ਸਾਡੀ ਸੀਮਤ ਰਾਜਸੀ ਸੋਝੀ ਮੁਤਾਬਕ ‘ਕੋਈ ਹਰਿ“ ਬੂਟ ਰਹਿ“ ਰੀ’ ਅਨੁਸਾਰ ਕਦੀ ਕਦੀ ਬੇਲੋੜੀ, ਉਚੀ ਲੱਠਮਾਰ ਸੁਰ ਵਰਗੀਆਂ ਚੰਦ ਖਾਮੀਆਂ ਦੇ ਬਾਵਜੂਦ ਪੰਜਾਬ ਵਿਚ ਇੱਕ ਚੇਤੰਨ ਇਨਸਾਨ ਜ਼ਰੂਰ ਮੌਜੂਦ ਹੈ ਜੋ ਪੰਜਾਬੀਆਂ ਨੂੰ ਗਲਤ ਅਤੇ ਸਹੀ, ਸਿਧਾਂਤਕ ਅਤੇ ਗੈਰ ਸਿਧਾਂਤਕ ਸਿਆਸੀ ਘਟਨਾਕਰਮ ਦੇ ਫਰਕ ਬਾਰੇ ਲਗਾਤਾਰ ਦੱਸਦਾ ਆ ਰਿਹਾ ਹੈ। ਉਹ ਇਨਸਾਨ ਹੈ ‘ਜਥੇਦਾਰ’ ਮਾਲਵਿੰਦਰ ਸਿੰਘ ਮਾਲੀ। ਮਾਲੀ ਪਾਰਟੀਆਂ ਦੀ ਸਿਆਸਤ ਨੂੰ ਵਿਅਕਤੀਆਂ ਦੁਆਲੇ ਸੀਮਿਤ ਕਰਨ ਦੇ ਗੈਰਸਿਧਾਂਤਕ ਵਰਤਾਰੇ ਬਾਰੇ ਲਗਾਤਾਰ ਚੋਟ ਕਰਦਾ ਆ ਰਿਹਾ ਹੈ ਅਤੇ ਇਸ ਨਾਲ ਸੂਬੇ ਦੀ ਸਿਆਸਤ ਵਿਚ ਆ ਰਹੇ ਵਿਗਾੜਾਂ ਬਾਰੇ ਵੀ ਜਾਗਰੂਕ ਵੀ ਕਰਦਾ ਆ ਰਿਹਾ ਹੈ। ਮੁੱਦਿਆਂ ਤੋਂ ਉੱਖੜੀ ਸਿਆਸਤ ਨੂੰ ਮੁੱਦੇ ਆਧਾਰਿਤ ਲੀਹ ਤੇ ਪਾਉਣ ਲਈ ਉਹ ਸਿਆਸੀ ਬਹਿਸ ਦੀ ਵਿਸਾਰ ਦਿੱਤੀ ਗਈ ਪਿਰਤ ਨੂੰ ਮੁੜ ਬਹਾਲ ਕਰਨ ‘ਤੇ ਜੋLਰ ਦਿੰਦਾ ਹੈ। ਵਿਚਾਰ ਵਟਾਂਦਰੇ ਰਾਹੀਂ ਮਸਲਿਆਂ ਨੂੰ ਸਮਝਣ ਅਤੇ ਨਿਖਾਰਨ ਤੋਂ ਆਕੀ ਹੋ ਚੁੱਕੇ ਪੰਜਾਬੀਆਂ ਨੂੰ ਜਦ ਮਾਲੀ ਇਹ ਕਹਿੰਦਾ ਹੈ ਕਿ ਮੁੱਦੇ ‘ਤੇ ਬੋਲੋ, ਭਾਵੇਂ ਹੱਕ ਵਿਚ ਭਾਵੇਂ ਵਿਰੋਧ ਵਿਚ, ਤਾਂ ਸੰਕੇਤ ਮਿਲਦਾ ਹੈ ਪੰਜਾਬੀ ਲੋਕ ਬੌਧਿਕ ਤੌਰ ‘ਤੇ ਕਿੰਨੇ ਪਛੜ ਗਏ ਹਨ। ਸਿਆਸੀ ਪਾਰਟੀਆਂ ਤੋਂ ਬਿਨਾਂ ਲੱਖਾ ਸਿਧਾਣਾ ਅਤੇ ਅਮ੍ਰਿਤਪਾਲ ਸਟਾਈਲ ਆਪਹੁਦਰੀ ਸਿਆਸਤ ਦੇ ਅਲੰਬਰਦਾਰਾਂ ਦੀ ਮਾਅਰਕੇਬਾਜੀ ਦਾ ਪੋਲ ਖੋਲਣ ਲਈ ਸਿਧਾਂਤਕ ਸੂਝ-ਬੂਝ ਤੋਂ ਬਿਨਾਂ ਹੌਸਲਾ ਅਤੇ ਦਲੇਰੀ ਵੀ ਚਾਹੀਦੀ ਹੈ। ਇਨ੍ਹਾਂ ਦੋਨਾਂ ਵਿਅਕਤੀਆਂ ਦੀ ਸਿਆਸਤ ਵਿਚਲੀ ਸਿਧਾਂਤਕ ਕਾਣ ‘ਤੇ ਉਂਗਲ ਧਰਨ ਲਈ ਮੌਕੇ ਸਿਰ ਮਾਲੀ ਦਾ ਪਾਇਆ ਯੋਗਦਾਨ ਉਪਯੋਗੀ ਹੈ। ਪੰਜਾਬੀਆਂ ਵੱਲੋਂ ਸਿਆਸੀ ਮੁੱਦਿਆਂ ਨੂੰ ਭੁੱਲ ਕੇ ਵਿਅਕਤੀਆਂ ਦੁਆਲੇ ਝੁਰਮਟ ਪਾਉਣ ਦੀ ਬਿਰਤੀ ਚੰਗੀ ਨਹੀ, ਮਾਲੀ ਪੰਜਾਬੀਆਂ ਨੂੰ ਇਸਤੋਂ ਖਹਿੜਾ ਛੁਡਾਉਣ ਲਈ ਅਣਥੱਕ ਮਿਸ਼ਨਰੀ ਵਾਂਗ ਲਗਾਤਾਰ ਅਪੀਲਾਂ ਕਰਦਾ ਆ ਰਿਹਾ ਹੈ।
ਕਈ ਵਰਤਾਰਿਆਂ ਨੂੰ ਸੌਖੇ ਸਮਝਣ ਲਈ ਯੋਗ ਸ਼ਬਦਾਂ ਦੀ ਵੀ ਬੜੀ ਅਹਿਮੀਅਤ ਹੁੰਦੀ ਹੈ। ਮਾਲੀ ਨੇ ਇਸ ਖੇਤਰ ਵਿਚ ਯੋਗ ਸ਼ਬਦ ਘੜਨ ਵਿਚ ਵੀ ਸਰਾਹਨਾ ਯੋਗ ਹਿੱਸਾ ਪਾਇਆ ਹੈ। ਮਾਲੀ ਨੇ ਕਿਸਾਨ ਸੰਘਰਸ਼ ਵਿਚ ਖਲਲ ਪਾਉਣ ਵਾਲੇ ਲੋਕਾਂ ਲਈ, ਖੌਰੂਪਾਊ ਅਤੇ ਭੜਕਾਊ ਯੰਤਰ, ਐਲਾਨ ਤੇ ਐਲਾਨ ਕਰਨ ਵਾਲੇ ਭਗਵੰਤ ਮਾਨ ਲਈ ਐਲਾਨਵੰਤ ਅਤੇ ਕੇਜਰੀਵਾਲ ਦੇ ਵੱਡੇ ਸਿਆਸੀ ਦਾਅਵਿਆਂ, ਹਮਨੇ ਯੇਹ ਭੀ ਕਰ ਦੀਆ, ਯੇਹ ਭੀ ਕਰ ਦੀਆ, ਜੋ ਅਸਲ ਵਿਚ ਕਦੇ ਪੂਰੇ ਨਹੀ ਹੋਏ, ਲਈ ਛਲੇਡਾ ਸਿਆਸਤ ਵਰਗੇ ਸ਼ਬਦ ਘੜ ਕੇ ਇਨ੍ਹਾਂ ਵਰਤਾਰਿਆਂ ਨੂੰ ਸ਼ਬਦਾਂ ਵਿਚ ਉਤਾਰਨ ਲਈ ਸੌਖ ਪੈਦਾ ਕਰ ਦਿੱਤੀ ਹੈ।
ਪੰਜਾਬ ਦੀ ਸਿਆਸਤ ਵਿਚ ਜਜ਼ਬਾਤ ਨੂੰ ਹਵਾ ਦੇਣ ਵਾਲੇ ਮਾਹਰ ਵੀ ਕਈ ਗੱਲਾਂ ਸਪੱਸ਼ਟ ਨਹੀ ਹੋਣ ਦਿੰਦੇ। ਉਹ ਮੌਕੇ ਅਨੁਸਾਰ ਜਿਹੋ ਜਿਹੀ ਹਵਾ ਹੋਏ, ਉਥੇ ਹੀ ਪੱਖਾ ਲੈ ਕੇ ਬੈਠ ਜਾਂਦੇ ਹਨ। ਪੰਜਾਬ ਦੇ ਸੰਦਰਭ ਵਿਚ ਸ. ਅਜਮੇਰ ਸਿੰਘ ਅਤੇ ਸ. ਕਰਮਜੀਤ ਸਿੰਘ ਪੱਤਰਕਾਰ ਐਸੇ ਕੰਮ ਵਿਚ ਨਿਪੁੰਨ ਹਨ। ਇਸ ਪ੍ਰਥਾਇ ਪੱਤਰਕਾਰ ਕਰਮਜੀਤ ਸਿੰਘ ਦਾ ‘ਪੰਜਾਬ ਟਾਈਮਜ’L ਦੇ 4 ਮਈ ਵਾਲੇ ਅੰਕ ਵਿਚ ‘ਹਨੇਰੀ ਵਗਣ ਹੀ ਵਾਲੀ ਹੈ’ ਵਾਲਾ ‘ਹੋਕਰਾ’ ਵੇਖਿਆ ਜਾ ਸਕਦਾ ਹੈ। ਪੱਤਰਕਾਰ ਦਾ ਖਿਆਲ ਹੈ, ਕਿ ਜੇਕਰ ਭਾਈ ਸਾਹਿਬ ਦੇ ਨਾਲ-ਨਾਲ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਅਤੇ ਬਠਿੰਡਾ ਤੋਂ ਲੱਖਾ ਸਿਧਾਣਾ ਦੇ ਹੱਕ ਵਿਚ ਜੋਰਦਾਰ ਹਨੇਰੀ ਲਿਆਂਦੀ ਜਾਵੇ ਤਾਂ ਪੰਜਾਬ ਅੰਦਰ ਇਕ ਨਵਾਂ-ਨਕੋਰ ਰਾਜਸੀ ਪੈਟਰਨ, ਨਵਾਂ ਨਕਸ਼ਾ, ਨਵੀਂ ਨੁਹਾਰ ਤੇ ਇਕ ਨਵਾਂ ਹੀ ਜਲਵਾ ਉਭਰ ਕੇ ਸਾਹਮਣੇ ਆ ਸਕਦਾ ਹੈ।’ ਇਸੇ ਤਰ੍ਹਾਂ ਸਿੱਖ ਚਿੰਤਕ ਅਜਮੇਰ ਸਿੰਘ ਨੇ ਵੀ ਅੰਮ੍ਰਿਤਪਾਲ ਸਿੰਘ ਵਲੋਂ ਚੋਣ ਲੜਨ ਬਾਰੇ ‘ਸਿਧਾਤਕ ਨਜ਼ਰੀਆ’ ਤੇ ‘ਪੰਜਾਬ ਦਾ ਚੋਣ ਦੰਗਲ: ਸਾਰੀਆਂ ਨਿਗਾਹਾਂ ਖਡੂਰ ਸਾਹਿਬ ਤੇ ਸੰਗਰੂਰ ਵਲ’ ਸਿਰਲੇਖਾਂ ਹੇਠ ਕਈ ਬੜੇ ਹੀ ਦਿਲਚਸਪ ਪ੍ਰਵਚਨ ਯੂ-ਟਿਯੂਬ ਉਪਰ ਪਾਏ ਹਨ। ਉਸਨੇ ਕਰਮਜੀਤ ਸਿੰਘ ਤੋਂ ਜਰਾ ਕੁ ਹਟਵਾਂ ਆਪਣਾ ਉਹੋ ਪੁਰਾਣਾ ਘਸਿਆ-ਪਿਟਿਆ ਘਰਾਟ ਰਾਗ ਅਲਾਪਿਆ ਹੋਇਆ ਹੈ ਤੇ ਚੋਣਾਂ ਨਾਲ ਕੁਝ ਵੀ ਸੰਵਰਨ ਵਾਲਾ ਨਹੀਂ ਹੈ। ਦੀਪ ਸਿੱਧੂ ਦੀ ਸਿਆਸਤ ਬਾਰੇ ਦਰਜਨਾਂ ਪ੍ਰਵਚਨਾਂ ‘ਤੇ ‘ਕੀ ਹੈ ਚਮਕੀਲੇ ਦੇ ਕਤਲ ਦੀ ਅਸਲ ਕਹਾਣੀ’ ਸਿਰਲੇਖ ਹੇਠਲੀਆਂ ਵੀਡੀਓਜ਼ ਵਿਚ ਵੀ ਅਜਮੇਰ ਸਿੰਘ ਦੀ ਇਲਹਾਮੀ ਸੁਰ ਨਮਾਇਆ ਰੂਪ ਸਪਸ਼ਟ ਨਜ਼ਰ ਆਉਂਦੀ ਹੈ। ਮਾਲੀ ਨੇ ਭੜਕਾਊ ਸਿਆਸਤ ਦੇ ਚੈਂਪੀਅਨ ਸੱਜਣਾਂ ਲਈ ਸ਼ਬਦ ‘ਵਰੋਲਾ ਸਿਆਸਤ’ ਦੇ ਨਾਲ ਚੱਲਣ ਵਾਲੇ ਵਰਤ ਕੇ ਸਾਰੀ ਵਿਆਖਿਆ ਹੀ ਸਮੇਟ ਦਿੱਤੀ ਹੋਈ ਹੈ। ਹਰ ਰੌਲੇ ਵਿਚੋਂ ਹੀ ਪੰਜਾਬ ਵਿਚ ਅਠਾਹਰਵੀਂ ਸਦੀ ਦੇ ਸਿੱਖਾਂ ਵਾਲਾ ਜਲੌਅ ਦੇਖਣ ਲਈ ਉਤਾਵਲੇ ਸ. ਕਰਮਜੀਤ ਸਿੰਘ ਅਤੇ ਸ. ਅਜਮੇਰ ਸਿੰਘ ਬਾਰੇ ਮਾਲੀ ਨੇ ਜਿਸ ਦੀਦਾ ਦਲੇਰੀ ਨਾਲ ਤਸਵੀਰ ਦਾ ਦੂਸਰਾ ਪੱਖ ਦੱਸਿਆ ਹੈ, ਉਹ ਵੀ ਸਮਕਾਲੀ ਇਤਿਹਾਸ ਦੀ ਅਮੁੱਲ ਤਵਾਰੀਖੀ ਸੇਵਾ ਹੈ।
ਪੰਜਾਬ ਵਿਚਲੀ ਅਜੋਕੀ ਵਿਚਾਰਧਾਰਕ ਸਿਆਸੀ ਗੰਧਲ ਚੌਂਧ ਨੂੰ ਸਪੱਸ਼ਟ ਕਰਨ ਦੇ ਯਤਨ ਵਜੋਂ ਮਾਲੀ ਕਈ ਨਵੇਂ ਚੈਨਲਾਂ ਵਾਸਤੇ ਕਿਹਾ ਜਾ ਸਕਦਾ ਹੈ ਕਿ ਇਹ ਇਕ ਤਰ੍ਹਾਂ ਦਾ ਰੁਜ਼ਗਾਰ ਵੀ ਹੈ। ਖੁਦ ਉਸਨੇ ਸਾਲ 1972 ਦੇ ਚਰਚਿਤ ਮੋਗਾ ਗੋਲੀ ਕਾਂਡ ਤੋਂ ਲੈ ਕੇ ਪਿਛਲੀ ਅੱਧੀ ਸਦੀ ਤੋਂ ਵੀ ਵੱਧ ਸਮੇਂ ਤਕ ਫੈਲੇ ਆਪਣੇ ਸਾਰੇ ਰਾਜਸੀ ਜੀਵਨ ਦੌਰਾਨ ਆਪਣੇ ਨਿਜੀ ਲਾਭ ਲਈ ਕਿਸੇ ਤੋਂ ਕਾਣੀ ਕੌਢੀ ਦਾ ਵੀ ਦਵਾਲ ਨਹੀਂ ਹੈ। ਅਜੇ ਮਹੀਨਾ-ਡੇਢ ਮਹੀਨਾ ਪਹਿਲਾਂ ਹੀ ਆਪਣੀ ਫੈਸਬੁਕ ਪੋਸਟ ਉਪਰ ਉਸ ਵਲੋਂ ਪਾਇਆ ਉਸਦਾ ਬੇਬਾਕ ‘ਕਬੂਲਨਾਮਾ’ ਵਿਸ਼ੇਸ਼ ਤੌਰ ‘ਤੇ ਪੜ੍ਹਨਯੋਗ ਹੈ: ਉਸਨੇ ਚੜ੍ਹਦੀ ਉਮਰੇ ਇਨਕਲਾਬੀ ਉਮਾਹ ਦੇ ਵਰਿ੍ਹਆਂ ਦੌਰ੍ਹਾਨ 5-7 ਥਾਵਾਂ ;ਤੇ ਦਲੇਰਾਨਾ ‘ਕਬੱਡੀਆਂ’ ਵੀ ਪਾਈਆਂ ਅਤੇ ‘ਇਨਾਮ’ ਵਜੋਂ ਤਿਲ-ਫੁਲ ਜੋ ਹੱਥ ਲਗਿਆ, ਆਪਣੇ ਉਸ ਸਮੇਂ ਦੇ ਰਾਜਨੀਤਕ ਰਹਿਬਰ ਅਜਮੇਰ ਸਿੰਘ ਦੇ ਚਰਨਾਂ ਅੰਦਰ ਜਾ ਧਰਿਆ। ਮਾਲੀ ਦਾ ਕਿਸਮਤ ਨਾਲ ਹੀ ਬਚਾਅ ਹੋ ਜਾਂਦਾ ਰਿਹਾ। ਵੇਲੇ ਸਿਰ ਹੀ ਉਸ ਇਸ ਰਾਹ ਤੋਂ ਕਿਨਾਰਾ ਕਰ ਲਿਆ ਅਤੇ ਪੰਜਾਬੀਆਂ ਵਾਸਤੇ ਚੰਗੀ ਗੱਲ ਹੈ ਕਿ ਸਿੱਟੇ ਵਜੋਂ ਅੱਜ ਉਨ੍ਹਾਂ ਨੂੰ ਮਾਲੀ ਦੇ ਰੂਪ ਵਿਚ ਪੁਰਾਣੀਆਂ ਲਹਿਰਾਂ, ਘਟਨਾਵਾਂ ਅਤੇ ਵਰਤਾਰਿਆਂ ਦੀ ਜਾਣਕਾਰੀ ਦੇਣ ਵਾਲਾ ਬੇਬਾਕ ਅਤੇ ਨਿਰਸਵਾਰਥ ਵਿਅਕਤੀ ਮਿਲਿਆ ਹੋਇਆ ਹੈ। ਮਾਲੀ ਦੇ ਵਿਸ਼ਲੇਸ਼ਣਾਂ, ਟਿੱਪਣੀਆਂ ਅਤੇ ਵਾਰਤਾਲਾਪਾਂ ਦੀ ਵਿਸੇਸ਼ ਗੱਲ ਇਹ ਹੈ ਉਹ ਵਿਅਕਤੀ ਨਾਲੋਂ ਮੁੱਦੇ ਨੂੰ ਅਹਿਮੀਅਤ ਦੇਣ ਦੀ ਗੱਲ ਕਰਦਾ ਹੈ, ਵਿਰੋਧੀ ਵਿਚਾਰਾਂ ਵਾਲਿਆਂ ਦੇ ਹੱਕ ਕੁਚਲੇ ਜਾਣ ਦਾ ਸਿਧਾਂਤਕ ਵਿਰੋਧ ਕਰਦਾ ਹੈ ਅਤੇ ਕਿਸੇ ‘ਤੇ ਵੀ ਹੋਣ ਵਾਲੇ ਸਰਕਾਰੀ ਜ਼ਬਰ ਦੀ ਨਾਂ ਖੁਸ਼ੀ ਮਨਾਉਂਦਾ ਹੈ ਅਤੇ ਨਾਂ ਹਮਾਇਤ ਕਰਦਾ ਹੈ। ਵਾਰਿਸ ਸ਼ਾਹ ਨੇ ਸਾਇਦ ਮਾਲੀ ਵਰਗੇ ਹੀ ਕਿਸੇ ਬੰਦੇ ਬਾਰੇ ਲਿਖਿਆ ਹੋਵੇਗਾ, ‘ਵਾਰਿਸ ਵਿਚ ਪਰ੍ਹੇ ਦੇ ਖਰੀ ਗੱਲ ਕਰਦਾ, ਲਾਈ ਖੋਜੀ ਅਤੇ ਨਿਆਉਂ ਵਕੀਲ ਹੈ ਜੀ ।’ ਇੰਜ ਜਾਪਦਾ ਹੈ ਕਿ ਜਿਵੇਂ ਮਾਲੀ ਨੇ ਵਿਚਾਰ ਦੇ ਤਲ ਤੇ ਪੰਜਾਬੀਆਂ ਦੇ ਮੋਰਚੇ ਦਾ ਇੱਕ ਪਾਸਾ ਸਾਂਭਿਆ ਹੋਇਆ ਹੋਵੇ। ਜਿਵੇਂ ਦਿੱਲੀ ਦੀਆਂ ਬਰੂਹਾਂ ‘ਤੇ ਚੱਲੇ ਇਤਿਹਾਸਕ ਕਿਸਾਨ ਅੰਦੋਲਨ ਦੇ ਸਾਰੇ ਸਮੇਂ ਦੌਰਾਨ ਉਸ ਨੇ ਨੰਗੇ ਧੜ ਇਸ ਸਾਰੀ ਮੁਹਿੰਮ ਦੇ ਵਿਚਾਰਧਾਰਕ ਬਿਰਤਾਂਤੀ ਬਾਗ ਦੇ ਮਾਲੀ ਦਾ ਰੋਲ ਸਾਂਭੀ ਰਖਿਆ ਹੈ। ਕਿਸਾਨ ਅੰਦੋਲਨ ਦੇ ਸਮੇਂ ਵਾਂਗ ਹੀ ਸਿਆਸਤ ਵਿਚਲੀ ਸਿਧਾਂਤਕ ਕਾਣ ਕੱਢਣ ਲਈ ਪੰਜਾਬ ਨੂੰ ਸ. ਮਲਵਿੰਦਰ ਸਿੰਘ ਵਰਗੇ ਕਈ ਮਾਲੀਆਂ ਦੀ ਲੋੜ ਹੈ।
ਮੌਜੂਦਾ ਚੋਣਾਂ ਦੌਰਾਨ ਡਾ. ਧਰਮਵੀਰ ਗਾਂਧੀ ਦਾ ਕਾਂਗਰਸ ਵੱਲੋਂ ਚੋਣ ਲੜਨਾ ਬਿਲਕੁਲ ਠੀਕ ਜਾਪਦਾ ਹੈ। ਫਾਸੀਵਾਦ ਦੇ ਉਭਾਰ ਨੂੰ ਰੋਕਣ ਅਤੇ ਸਿਆਸੀ ਮੁੱਦਿਆਂ ਨੂੰ ਸਿਆਸਤ ਦੇ ਕੇਂਦਰ ਵਿਚ ਲਿਆਉਣ ਲਈ ਕਾਂਗਰਸ ਪਾਰਟੀ ਦੇ ਯਤਨ ਠੀਕ ਦਿਸ਼ਾ ਵਿਚ ਪੁੱਟੇ ਚੰਗੇ ਕਦਮ ਹਨ। ਬਲਵਿੰਦਰ ਸਿੰਘ ਸੇਖੋਂ ਅਤੇ ਅਮ੍ਰਿਤਪਾਲ ਜੇਕਰ ਚੋਣਾਂ ਵਿਚ ਤਿਆਰੀ ਦੀ ਕੋਈ ਅਹਿਮੀਅਤ ਸਮਝਦੇ ਹੁੰਦੇ ਤਾਂ ਲੋਕ ਸਭਾ ਦੀਆਂ ਚੋਣਾਂ ਵਿਚ ਕੁੱਦਣ ਦੀ ਬਜਾਇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਕਰਦੇ ਤਾਂ ਬਿਹਤਰ ਹੋਣਾ ਸੀ। ਅਮ੍ਰਿਤਪਾਲ ਦੇ ਹਮਾਇਤੀਆਂ ਦਾ ਚੋਣ ਜਿਤਾ ਕੇ ਜੇਲੋਂ ਬੰਦਾ ਛੁਡਾਉਣ ਦਾ ਫੁਰਨਾ ਕਿੰਨਾ ਗੈਰ ਸਿਆਸੀ ਅਤੇ ਕਿੰਨਾ ਗੈਰ ਸਿਧਾਂਤਕ ਹੈ, ਇਹ ਵਿਚਾਰਨ ਦਾ ਵਕਤ ਕਿਸ ਕੋਲ ਹੈ? ਜਿਨ੍ਹਾਂ ਦੇ ਹਾਲਾਤ ਸਦਾ ਹੀ, ‘ਸ਼ਾਹ ਮੁਹੰਮਦਾ ਵਰਜ ਨਾਂ ਜਾਂਦਿਆਂ ਨੂੰ, ਜੁੱਟੇ ਸੂਰਮੇ ਆਖ ਤੂੰ ਕਦੋਂ ਮੁੜਦੇ’ ਵਾਲੇ ਰਹੇ ਹਨ।
ਅਫਸੋਸ ਇਸ ਗੱਲ ਦਾ ਹੈ ਕਿ ਮਾਲੀ ਦੀਆਂ ਸਭ ਕੋਸ਼ਿਸ਼ਾਂ ਦੇ ਬਾਵਜੂਦ ਇਨ੍ਹਾਂ ਚੋਣਾਂ ਵਿਚ ਪੰਜਾਬ ਕੇਂਦਰਿਤ ਸਿਆਸੀ ਬਿਰਤਾਂਤ ਬੱਝਦਾ ਨਜ਼ਰ ਨਹੀ ਆਉਂਦਾ। ਸਿਮਰਨਜੀਤ ਦੇ ਖਾਲਿਸਤਾਨੀ ਡੰਡੇ ਅਤੇ ਬਾਦਲਾਂ ਦੀ ਨਿੱਜ ਪ੍ਰਸਤੀ ਪਰਿਵਾਰਵਾਦੀ ਸਿਆਸਤ ਨੇ ਪੰਥਕ ਸਿਆਸਤ ਦਾ ਪਿੜ ਖਾਲੀ ਕੀਤਾ ਹੋਇਆ ਹੈ। ਦੇਸ਼ ਦੇ ਹਾਲਾਤਾਂ ਅਨੁਸਾਰ ਫਿਰਕੂ, ਨਫਰਤੀ ਅਤੇ ਫਾਸੀਵਾਦੀ ਸਿਆਸਤ ਹਾਰਨੀ ਚਾਹੀਦੀ ਹੈ। ਇਹ ਹੁਣ ਸਭ ਵੋਟਰਾਂ ਦੇ ਹੱਥ ਹੈ।